ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਬੰਦ ਦੇ ਅਸਰ ਚ ਇੱਕ ਮਸੂਮ ਚਿਹਰੇ ਵਾਲੀ ਕੁੜੀ

ਹਰ ਰੋਜ਼ ਦੀ ਤਰ੍ਹਾਂ ਮੈਂ ਦੁਕਾਨ ਤੇ ਆਇਆ,ਦੁਕਾਨ ਦੀ ਸਾਫ ਸਫਾਈ ਕੀਤੀ। ਸਵੇਰ ਦੇ ਨੌ ਕੁ ਵੱਜੇ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਮਾਮਲੇ ਵਿੱਚ ਸਿੱਖ ਸੰਗਤਾਂ ਨੇ ਰੋਸ ਵਜੋਂ ਅਚਾਨਕ ਸੜਕਾਂ ਤੇ ਧਰਨੇ ਲਾ ਦਿੱਤੇ ਸਨ। ਮੇਰੀ ਦੁਕਾਨ ਬੱਸ ਅੱਡੇ ਦੇ ਵਿੱਚ ਹੋਣ ਕਰਕੇ ਮੈਨੂੰ ਛੇਤੀ ਹੀ ਪਤਾ ਲੱਗ ਜਾਂਦਾ ਸੀ ਕਿ ਕਿੱਧਰ ਕਿਹੜੀ ਸੜਕ ਤੇ ਧਰਨਾ ਲੱਗਿਆ ਹੈ। ਦੁਕਾਨਾਦਾਰਾਂ ਨੇ ਦੁਕਾਨਾਂ ਬੰਦ ਕਰ ਦਿੱਤੀਆਂ। ਜਦੋਂ ਮੈਂ ਦੁਕਾਨ ਤੋਂ ਬਾਹਰ ਨਿਕਲਿਆ ਤਾਂ ਵੇਖਿਆ ਕਿ ਮੋਢੇ ਚ ਬੈਗ ਪਾਈ ਇੱਕ ਮਾਸੂਮ ਜਿਹੇ ਚਿਹਰੇ ਵਾਲੀ ਕੁੜੀ ਖੜ੍ਹੀ ਸੀ। ਜਦ ਮੈਂ ਆਸੇ-ਪਾਸੇ ਮਾਰਕੀਟ ਵੱਲ ਨਿਗਾਹ ਮਾਰੀ ਤਾਂ ਸਭ ਦੁਕਾਨਾਂ ਬੰਦ ਕਰਕੇ ਜਾ ਚੁੱਕੇ ਸਨ। ਉਹ ਮਾਸੂਮ ਜਿਹੇ ਚਿਹਰੇ ਵਾਲੀ ਕੁੜੀ ਜਦ ਮੇਰੇ ਵੱਲ ਵਧੀ ਤੇ ਬੋਲੀ ਵੀਰੇ ਕੋਈ ਬੱਸ ਆਉਗੀ? ਮੈਂ ਉਸਨੂੰ ਦੱਸਿਆ ਕਿ ਹਰ ਪਾਸੇ ਸੜਕਾਂ ਤੇ ਧਰਨੇ ਲੱਗ ਗਏ ਹਨ,ਹੁਣ ਤਾਂ ਕੋਈ ਬੱਸ ਨਹੀਂ ਆਉਣੀ ਤੇ ਤੁਸੀ ਜਾਣਾ ਕਿਥੇ ਹੈ ? ਉਸ ਕੁੜੀ ਨੇ ਕਿਹਾ ਕਿ ਮੈਂ ਮੈਡੀਕਲ ਹਸਪਤਾਲ ਦੀ ਵਿਦਿਆਰਥਣ ਹਾਂ। ਰਾਤ ਦੀ ਡਿਊਟੀ ਕਰਕੇ ਮੈਂ ਆਪਣੇ ਪਿੰਡ ਬੱਸ ਤੇ ਜਾ ਰਹੀ ਸੀ ਤਾਂ ਬੱਸ ਵਾਲਿਆਂ ਵੀਰਾਂ ਨੇ ਕਿਹਾ ਕਿ ਹੁਣ ਇਸ ਤੋਂ ਅੱਗੇ ਤਾਂ ਸੜਕਾਂ ਬੰਦ ਹੋ ਗਈਆਂ ਹਨ ,ਬੱਸ ਅੱਗੇ ਨਹੀਂ ਜਾਵੇਗੀ ਤਾਂ ਮੈਂ ਇੱਥੇ ਉਤਰ ਗਈ। ਉਸ ਕੁੜੀ ਦੇ ਮਾਸੂਮ ਜਿਹੇ ਚਿਹਰੇ ਤੇ ਡਰ ਬਿਲਕੁਲ ਸਾਫ ਝਲਕ ਰਿਹਾ ਸੀ। ਉਸ ਦੀ ਮਾਸੂਮੀਅਤ ਵੇਖ ਕੇ ਮੈਨੂੰ ਮੇਰੀ ਜਮੀਰ ਨੇ ਕਿਹਾ ਕਿ ਇਸ ਕੁੜੀ ਨੂੰ ਇਸ ਤਰ੍ਹਾਂ ਇੱਕਲਿਆਂ ਬੱਸ ਅੱਡੇ ਵਿੱਚ ਛੱਡ ਕੇ ਤੁਰ ਜਾਣਾ ਠੀਕ ਨਹੀਂ ਹੈ। ਮੈਂ ਉਸ ਨੂੰ ਕਿਹਾ ਕਿ ਕੁਝ ਟਾਇਮ ਉਡੀਕ ਕਰ ਲਵੋ ,ਹੋ ਸਕਦਾ ਕੋਈ ਬੱਸ ਆ ਹੀ ਜਾਵੇ। ਇੰਨ੍ਹਾਂ ਕਹਿਕੇ ਮੈਂ ਆਪਣੀ ਦੁਕਾਨ ਦਾ ਸਟਰ ਅੱਧਾ ਚੱਕ ਦਿੱਤਾ ਤੇ ਦੁਕਾਨ ਚ ਬੈਠ ਗਿਆ। ਅੱਧਾ ਕੁ ਘੰਟਾਂ ਬੀਤ ਜਾਣ ਤੇ ਬੱਸ ਅੱਡੇ ਵਿੱਚ ਦੋ-ਚਾਰ ਜਾਣੇ ਸੀ ਉਹ ਵੀ ਸਭ ਚਲੇ ਗਏ। ਉਹ ਕੁੜੀ ਮੇਰੇ ਦੁਕਾਨ ਦੇ ਅੱਗੇ ਲੱਗੇ ਤਖਤਪੋਸ਼ ਤੇ ਬੈਠ ਗਈ। ਫਿਰ ਮੈਥੋ ਰਿਹਾ ਨਾ ਗਿਆ ਤੇ ਉਸ ਕੁੜੀ ਨੂੰ ਪੁਛਿਆ ਜਾਣਾ ਕਿਧਰ ਨੂੰ ਹੈ? ਉਸ ਨੇ ਬੜੀ ਸਹਿਮੀ ਅਤੇ ਧੀਮੀ ਅਵਾਜ਼ ਵਿੱਚ ਦੱਸਿਆ ਕਿ ਮੈਂ ਵਾਪਸ ਹੁਣ ਮੈਡੀਕਲ ਕਾਲਜ ਹੀ ਜਾਣਾ ਹੈ ਕਿਉਂਕਿ ਅੱਗੇ ਰਾਤ ਨੂੰ ਫਿਰ ਮੇਰੀ ਡਿਊਟੀ ਹੈ। ਜੇਕਰ ਮੈਂ ਪਿੰਡ ਜਾਵਾਗੀ ਤਾਂ ਸ਼ਾਮ ਨੂੰ ਬੱਸਾਂ ਬੰਦ ਹੋ ਜਾਣ ਕਾਰਨ ਕਾਲਜ ਨਹੀਂ ਜਾਇਆ ਜਾਣਾ, ਇਸ ਕਰਕੇ ਮੈਂ ਵਾਪਸ ਮੈਡੀਕਲ ਕਾਲਜ ਹੀ ਜਾਣਾ ਹੈ। ਮੈਨੂੰ ਸੜਕਾਂ ਤੇ ਲੱਗੇ ਹੋਏ ਧਰਨਿਆਂ ਬਾਰੇ ਜਾਣਕਾਰੀ ਸੀ,ਪਰ ਫਿਰ ਵੀ ਮੇਰੇ ਮਨ ਨੇ ਇਸ ਕੁੜੀ ਨੂੰ ਇਸ ਦੇ ਟਿਕਾਣੇ ਤੇ ਪਹੁੰਚਣ ਦੀ ਠਾਣ ਲਈ ਸੀ।
ਜਦ ਮੈਂ ਉਸ ਨੂੰ ਆਪਣੇ ਬਾਈਕ ਤੇ ਬੈਠਣ ਲਈ ਕਿਹਾ ਤਾਂ ਉਹ ਝੱਟ ਦੇਣੇ ਬੈਠ ਗਈ। ਸੜਕਾਂ ਤੇ ਲੱਗੇ ਧਰਨਿਆਂ ਦੇ ਬਾਵਯੂਦ ਵੀ ਮੈਂ ਇਸ ਇਲਾਕੇ ਦੇ ਪਿੰਡਾਂ ਅਤੇ ਸੜਕਾਂ ਦਾ ਭੇਤੀ ਹੋਣ ਕਰਕੇ ਆਸੇ-ਪਾਸੇ ਦੀ ਹੁੰਦੇ ਹੋਏ,ਉਸ ਮਾਸੂਮ ਜਿਹੇ ਚਿਹਰੇ ਵਾਲੇ ਕੁੜੀ ਨੂੰ ਉਸ ਦੀ ਮੰਜ਼ਿਲ ਤੇ ਜਾ ਪਹੁੰਚਾਇਆ। ਆਪਣੇ ਟਿਕਾਣੇ ਤੇ ਪਹੁੰਚ ਕੇ ਉਸ ਦੇ ਚਿਹਰੇ ਤੇ ਰੌਣਕ ਆ ਗਈ ਸੀ ਅਤੇ ਉਹ ਮੇਰੇ ਨਾਲ ਇੰਝ ਗੱਲਾਂ ਕਰ ਰਹੀ ਸੀ ਜਿਵੇਂ ਮੈਂ ਉਸਦੇ ਘਰ ਪਰਿਵਾਰ ਦਾ ਮੈਂਬਰ ਹੋਵਾਂ ਤੇ ਵਾਰ ਵਾਰ ਧੰਨਵਾਦ ਕਰਦੀ ਕਹਿ ਰਹੀ ਸੀ ਵੀਰੇ ਤੂੰ ਹੁਣ ਵਾਪਸ ਕਿਧਰ ਦੀ ਜਾਵੇਗਾ,ਤੇਰੇ ਜਾਂਦੇ ਨੂੰ ਹੁਣ ਉਨ੍ਹਾਂ ਸੜਕਾਂ ਤੇ ਵੀ ਧਰਨੇ ਲੱਗ ਗਏ ਹੋਣਗੇ,ਜਿੱਥੋ ਦੀ ਆਪਾਂ ਲੰਘ ਕੇ ਆਏ ਸੀ।

ਲੇਖਕ : ਗੁਰਜੀਵਨ ਸਿੰਘ ਸਿੱਧੂ ਹੋਰ ਲਿਖਤ (ਇਸ ਸਾਇਟ 'ਤੇ): 1
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1197
ਲੇਖਕ ਬਾਰੇ
ਗੁਰਜੀਵਨ ਸਿੰਘ ਸਿੱਧੂ ਇੱਕ ਪੰਜਾਬੀ ਲੇਖਕ ਵਜੋਂ ਤੇਜੀ ਨਾਲ ਉਭਰ ਰਿਹਾ ਇੱਕ ਨੌਜਵਾਨ ਚਿਹਰਾ ਹੈ। ਜਿਨ੍ਹਾਂ ਦੇ ਲੇਖ ਦੇਸ਼-ਵਿਦੇਸ਼ ਦੀਆਂ ਅਖਬਾਰਾਂ ਵਿੱਚ ਛਪਦੇ ਆ ਰਹੇ ਹਨ। ਆਪ ਰੋਜਾਨਾ ਪੰਜਾਬੀ ਜਾਗਰਣ ਦੇ ਪੱਤਰਕਾਰ ਵਜੋਂ ਕਾਜਰਸ਼ੀਲ ਹਨ। ਆਪ ਪੰਜਾਬੀ ਸਾਹਿਤ ਵਿੱਚ ਆਪਣੀ ਵਾਰਤਕ ਦੇ ਨਾਲ ਜਾਣੇ ਜਾਂਦੇ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ