ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਕੁੰਜੀ ਛੱਲਾ, ਵਹਿਮ ਅਤੇ ਸੋਚ

ਇਨਸਾਨ ਦੀ ਸੋਚ ’ਚ ਜੋ ਹੁੰਦਾ ਹੈ, ਉਸਨੂੰ ਉਸੇ ਤਰ੍ਹਾਂ ਦਾ ਹੀ ਸਭ ਕੁਝ ਵਾਪਰਦਾ ਲਗਦਾ ਹੈ, ਜੇ ਸੁਖੀ ਹੈ ਤਾਂ ਸਵਰਗ ਤੇ ਜੇ ਦੁਖੀ ਹੈ ਤਾਂ ਦੁੱਖਾਂ ਦਾ ਘਰ ਜਾਂ ਉਹ ਜਗ੍ਹਾ ’ਤੇ ਉਥੋਂ ਦੇ ਲੋਕ ਬੁਰੇ ਪ੍ਰਤੀਤ ਹੁੰਦੇ ਹਨ ਅਤੇ ਉਥੋਂ ਦਾ ਵਾਤਾਵਰਨ ਆਪਣੇ ਯੋਗ ਨਹੀਂ ਲਗਦਾ ਜਾਂ ਜਗ੍ਹਾ ਛੱਡ ਕੇ ਚਲੇ ਜਾਣ ਨੂੰ ਮਨ ਕਰਦਾ ਹੈ। ਪ੍ਰੰਤੂ ਕੋਈ ਵੀ ਜਗ੍ਹਾ ਜਾਂ ਮਨੁੱਖ ਦਾ ਕੋਈ ਕਸੂਰ ਨਹੀਂ ਹੁੰਦਾ, ਸਾਡੀ ਆਪਣੀ ਸੋਚ ਦਾ ਵੀ ਹੁੰਦਾ ਹੈ। ਜੇਕਰ ਤੁਸੀਂ ਆਪ ਖੁਸ਼ਮਿਜ਼ਾਜ ਹੋ ਤਾਂ ਤੁਹਾਨੂੰ ਮਾਹੌਲ ਵੀ ਆਪਣੇ ਵਰਗਾ ਖੁਸ਼ਮਿਜ਼ਾਜ ਹੀ ਲੱਗੇਗਾ, ਜਾਂ ਤੁਸੀ ਬਣਾ ਲਉਗੇ। ਜਾਂ ਜੇਕਰ ਗੱਲ ਕਰੀਏ ਸਿਹਤ ਦੀ, ਤਾਂ ਅੱਜ ਦੇ ਇਨਸਾਨ ਨੂੰ ਇਹੀ ਚਿੰਤਾ ਸਤਾਈ ਰਹਿੰਦੀ ਕਿ “ਮੈਨੁੰ ਆਹ ਬਿਮਾਰੀ ਐ, ਔਹ ਬਿਮਾਰੀ ਐ...” ਦਵਾਈਆਂ ’ਤੇ ਹੀ ਨਿਰਭਰ ਰਿਹਾ ਜਾਣ ਲਗਦਾ ਹੈ। ਜਦਕਿ ਜੇਕਰ ਖੁਸ਼ ਰਿਹਾ ਜਾਵੇ ਤੇ ਇਹ ਸੋਚਿਆ ਜਾਵੇ ਕਿ ਮੈਨੂੰ ਕੋਈ ਬਿਮਾਰੀ ਨਹੀਂ ਹੈ ਤਾਂ ਤੁਸੀਂ ਠੀਕ ਹੀ ਰਵੋਗੇ, ਆਪਣੇ ਆਪ ਨੂੰ ਹਮੇਸ਼ਾ ਦਵਾਈਆਂ ’ਤੇ ਨਿਰਭਰ ਨਾ ਰੱਖੋ। ਹੱਸਣ ਨੂੰ ਇੱਕ ਕਸਰਤ ਵਿੱਚ ਵੀ ਲਿਆ ਜਾਂਦਾ ਹੈ, ਸੋ ਜੇਕਰ ਇਹ ਕਸਰਤ ਵੀ ਅਪਣਾਈ ਜਾਵੇ ਤਾਂ ਕਈ ਬਿਮਾਰੀਆਂ ਦੂਰ ਰਹਿੰਦੀਆਂ ਹਨ।
ਇਸੇ ਤਰ੍ਹਾਂ ਹੀ ਜੇਕਰ ਅਸੀਂ ਵਹਿਮਾਂ-ਭਰਮਾਂ ਦੀ ਗੱਲ ਕਰੀਏ ਤਾਂ ਉਹ ਵੀ ਮਨੁੱਖੀ ਮਨਾਂ ਦੁਆਰਾ ਸਿਰਜੇ ਗਏ ਖਿਆਲ ਹੀ ਹੁੰਦੇ ਹਨ, ਜਿਨ੍ਹਾਂ ਨੂੰ ਨਿਯਮਾਂ ਨੂੰ ਬਣਾਉਣ ਲਈ ਘੜਿਆ ਹੁੰਦਾ ਹੈ ਜਾਂ ਰੀਤੀ-ਰਿਵਾਜਾਂ ਲਈ। ਪ੍ਰੰਤੂ ਕੁਝ ਵਹਿਮ ਡਰ ਪੈਦਾ ਕਰਦੇ ਹਨ ਜਿਵੇਂ ਭੂਤ-ਪ੍ਰੇਤਾਂ ਨਾਲ ਸੰਬੰਧਿਤ। ਬਚਪਨ ਵਿੱਚ ਜਦ ਕੋਈ ਭੂਤ-ਪ੍ਰੇਤ ਦੀ ਗੱਲ ਸੁਣਦੇ ਸੀ ਤਾਂ ਡਰ ਵੀ ਲਗਦਾ ਸੀ, ਪ੍ਰੰਤੂ ਸਾਡੇ ਘਰ ਵਿਚੋਂ ਕੋਈ ਧਾਗੇ-ਤਵੀਤ ਕਰਾਉਣ ਨਹੀਂ ਸੀ ਜਾਂਦਾ, ਸਗੋਂ ਗੁਰਬਾਣੀ ਦਾ ਪਾਠ ਕਰਦੇ ਰਹਿਣ ਦੀ ਗੱਲ ਹੀ ਕੀਤੀ ਜਾਂਦੀ।
ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥
ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥
ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥
ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥

      ਇਸੇ ਤਰ੍ਹਾਂ ਹੀ ਇੱਕ ਵਾਰ ਪਿੰਡ ਵਿੱਚ ਭੂਤਾਂ ਦਾ ਰੌਲਾ ਪਿਆ। ਅਸੀਂ ਰੋਜਾਨਾਂ ਦੀ ਤਰ੍ਹਾਂ ਬੱਸ ਲੈਣ ਲਈ ਆਪਣੇ ਪਿੰਡ ਦੇ ਬੱਸ ਸਟਾਪ ’ਤੇ ਖੜ੍ਹੇ ਸੀ ਤਾਂ ਇੱਕ ਕੁੰਜੀ ਛੱਲਾ ਉਥੇ ਪਿਆ ਹੋਇਆ ਮੇਰੇ ਪੈਰ ਹੇਠ ਆਉਣ ਕਰਕੇ ਮੈਨੂੰ ਦਿਖਿਆ, ਜੋ ਕਾਫੀ ਅਲੱਗ ਜਿਹਾ ਸੀ। ਮੈਂ ਉਸਨੂੰ ਚੁੱਕ ਲਿਆ, ਕਿ ਸ਼ਾਇਦ ਸਾਡੇ ਵਿੱਚੋਂ ਹੀ ਕਿਸੇ ਦੇ ਬੈਗ ਨਾਲੋਂ ਨਾ ਡਿੱਗ ਗਿਆ ਹੋਵੇ। ਆਪਣੇ ਨਾਲ ਵਾਲੇ ਇੱਕ ਦੀਦੀ ਨੂੰ ਦਿਖਾਇਆ ਤਾਂ ਉਹ ਕਹਿਣ ਲੱਗੇ, “ਲੋਹੇ ਦੀ ਚੀਜ਼ ਨਈਂ ਚੁੱਕੀਦੀ, ਵੀਰਵਾਰ ਐ।” ਮੈ ਸੁਣਦੇ ਸਾਰ ਹੀ ਕੁੰਜੀ ਛੱਲਾ ਉਥੇ ਹੀ ਸੁੱਟ ਦਿੱਤਾ। ਸੋਚ ਸੋਚ ਕੇ ਕਿ ਹੁਣ ਪਤਾ ਨਈਂ ਕੀ ਹੋਵੇਗਾ, ਬੁਖਾਰ ਚੜ੍ਹ ਗਿਆ। ਸ਼ਾਮ ਨੂੰ ਖੇਤ ਪੱਠੇ ਲੈਣ ਜਾਣਾ ਪੈ ਗਿਆ। ਜਾਂਦੇ ਹੋਏ ਡਾਕਟਰ ਤੋਂ ਦਵਾਈ ਵੀ ਲਈ। ਰਸਤੇ ਵਿੱਚ ਜਾਂਦੇ ਹੋਏ ਅਸੀਂ ਫਿਰ ਪਿੰਡ ’ਚ ਚਲਦੇ ਭੂਤਾਂ-ਪ੍ਰੇਤਾਂ ਦੇ ਚਰਚੇ ਦੀ ਗੱਲ ਕਰਦੀਆਂ ਦੋਵੇਂ ਭੈਣਾਂ (ਮੈਂ ਤੇ ਮੇਰੇ ਤੋਂ ਵੱਡੀ ਮੇਰੀ ਭੈਣ) ਵਿੱਚ ਫਿਰ ਉਸੇ ਛੱਲੇ ਵਾਲੀ ਗੱਲ ਦਾ ਜ਼ਿਕਰ ਹੋਇਆ।
ਮੇਰੀ ਭੈਣ ਮੇਰੇ ਤੋਂ ਪੁੱਛ ਰਹੀ ਸੀ, “ਤੂੰ ਕੋਈ ਛੱਲਾ ਵੀ ਦੇਖਿਆ ਸੀ, ਆਪਣੇ ਪਿੰਡ ਵਾਲੇ ਫਾਟਕ ’ਤੇ?”
      ਮੈਂ ਕਿਹਾ, “ਹਾਂ, ਸੀ।” ਅਤੇ ਮੇਰੀ ਸੋਚ ’ਚ ਸੀ ਕਿ ਹੁਣ ਇਹਨੇ ਉਸੇ ਨਾਲ ਸੰਬੰਧਿਤ ਕੋਈ ਭੂਤਾਂ ਦੀ ਗੱਲ ਸੁਣਾਉਣੀ ਹੈ ਤੇ ਪਤਾ ਨਈਂ ਹੁਣ ਮੇਰੇ ਨਾਲ ਅਗਾਂਹ ਕੀ ਵਾਪਰਨਾ। ਜਿਵੇਂ ਕਿ ਕਿਹਾ ਜਾਂਦਾ ਹੈ ਕਿ ਪੈਂਚਕਾਂ ’ਚ ਜੇਕਰ ਕੋਈ ਮਰਦਾ ਤਾਂ ਆਪਣੇ ਨਾਲ 5 ਜਾਂ 7 ਬੰਦੇ ਹੋਰ ਲੈ ਕੇ ਜਾਂਦਾ। ਪ੍ਰੰਤੂ ਮੇਰੀ ਦੀਦੀ ਨੇ ਫਿਰ ਪੁੱਛਿਆ, “ਕਿਸੇ ਨੇ ਚੁੱਕ ਤਾਂ ਨਈਂ ਲਿਆ ਸੀ?” ਮੈਂ ਉਹਨੂੰ ਉੱਤਰ ’ਚ ਕਿਹਾ, “ਮੈਂ ਈ ਚੁੱਕ ਲਿਆ ਸੀ।” ਉਹਨੇ ਕਿਹਾ, “ਫਿਰ ਦੱਸਿਆ ਨਈਂ?”
      ਮੇਰਾ ’ਤੇ ਡਰ ਨਾਲ ਬੁਰਾ ਹਾਲ ਸੀ, ਦੱਸਣਾ ਵੀ ਕੀ ਸੀ। ਲੋਹੇ ਦੀ ਚੀਜ਼, ਵੀਰਵਾਰ ਦਾ ਦਿਨ। ਪਤਾ ਨਈਂ ਕਿਹੜੇ ਹੌਂਸਲੇ ਨਾਲ ਹੁਣ ਤੱਕ ਕੰਮ ਕਰੀ ਜਾ ਰਹੀ ਸੀ। ਫਿਰ ਮੈਂ ਕਿਹਾ, “ਪਹਿਲਾਂ ਦੱਸ ਹੋਇਆ ਕੀ?” “ਕੀ ਹੋਣਾ ਸੀ ਉਸ ਛੱਲੇ ਨੂੰ ਚੁੱਕਣ ਨਾਲ?” ਉਹਨੇ ਕਿਹਾ, “ਛੱਡ ਗੱਲਾਂ, ਹੋਣਾਂ ਕੁਝ ਨਈਂ ਸੀ, ਮੈਂ ਕੱਲ੍ਹ ਸਾਇੰਸ ਸਿਟੀ ਤੋਂ ਆਂਉਂਦੀ ਹੋਈ ਉਹ ਛੱਲਾ ਲੈ ਕੇ ਆਈ ਸੀ, ਰਾਤੀਂ ਜਦੋਂ ਸਾਡੀ ਗੱਡੀ ਪਿੰਡ ਦੇ ਫਾਟਕ ’ਤੇ ਉਤਾਰ ਕੇ ਗਈ ਤਾਂ ਮੇਰੇ ਕੋਲੋਂ ਉਹ ਛੱਲਾ ਇੱਥੇ ਹੀ ਡਿੱਗ ਗਿਆ ਸੀ, ਖੜਾਕ ਤਾਂ ਮੈਂ ਸੁਣਿਆ ਸੀ ਪਰ ਪਤਾ ਨਈਂ ਲੱਗਾ ਕਿੱਥੇ ਡਿਗ ਗਿਆ ਸੀ। ਸੋਚਿਆ ਸਵੇਰੇ ਬੱਸ ਲੈਣ ਲੱਗਿਆਂ ਦੇਖ ਲਵਾਂਗੀ।”
      ਫਿਰ ਮੈਂ ਉਹਨੂੰ ਉੱਤਰ ਵਿੱਚ ਕਿਹਾ, “ਮਾਫ ਕਰੀਂ, ਪਰ ਉਹ ਛੱਲਾ ਈ ਤਾਂ ਮੇਰੇ ਤੋਂ ਚੁੱਕ ਹੋ ਗਿਆ ਸੀ ਤੇ ਫਿਰ ਇੱਕ ਦੀਦੀ ਦੇ ਕਹਿਣ ‘ਤੇ ਮੈਂ ਉਹਨੂੰ ਬੱਸ ਵਿੱਚ ਹੀ ਸੁੱਟ ਦਿੱਤਾ ਸੀ, ਤੇ ਹੁਣ ਮੈਨੂੰ ਬੁਖਾਰ ਚੜ੍ਹ ਗਿਆ ਸੀ।”
      ਹੁਣ ਸਾਡਾ ਹੱਸ-ਹੱਸ ਕੇ ਬੁਰਾ ਹਾਲ ਹੋ ਰਿਹਾ ਸੀ, ਤੇ ਹੁਣ ਬੁਖਾਰ ਵੀ ਕੁਝ ਠੀਕ ਹੋ ਗਿਆ ਸੀ, ਪਤਾ ਨਈਂ ਦਵਾਈ ਕਰਕੇ ਜਾਂ ਮਨ ਦਾ ਬੋਝ ਹਲਕਾ ਹੋਣ ਕਰਕੇ , ਜਾਂ ਫਿਰ ਭੂਤ ਉੱਤਰ ਗਏ ਸੀ ਸਾਰੇ, ਬਿਨਾਂ ਕਿਸੇ ਧਾਗੇ-ਤਵੀਤਾਂ ਦੇ...।
      ਉਸਤੋਂ ਵੀ ਰੌਚਕ ਗੱਲ ਇਹ ਹੋਈ ਕਿ ਅਗਲੇ ਦਿਨ ਉਸੇ ਬੱਸ ਦੇ ਕੰਡਕਟਰ ਨੇ ਉਹੀ ਕੁੰਜੀ ਛੱਲੇ ’ਚ ਆਪਣੀ ਬਿਸਲ ਪਾਈ ਹੋਈ ਸੀ, ਤੇ ਉਹਦੇ ਹੱਥ ਵਿੱਚ ਕੁੰਜੀ ਛੱਲਾ ਦੇਖ ਕੇ ਦੀਦੀ ਨੇ ਮੈਨੂੰ ਕਿਹਾ, “ ਤੇਰੇ ਕਰਕੇ, ਮੇਰਾ ਖ੍ਰੀਦਿਆ ਛੱਲਾ…., ਹੁਣ ਅਸੀਂ ਵਾਪਿਸ ਵੀ ਨਈਂ ਲੈ ਸਕਦੇ।”

ਲੇਖਕ : ਗੁਰਪ੍ਰੀਤ ਕੌਰ ਹੋਰ ਲਿਖਤ (ਇਸ ਸਾਇਟ 'ਤੇ): 1
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1560

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ