ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸੋਹਣ ਸਿੰਘ ਪੰਚਰਾਂ ਵਾਲਾ

ਗੁਰਦਾਸ ਪੁਰ ਸਹਿਰ ਬੜਾ ਛੋਟਾ ਜੇਹਾ ਤੇ ਸਸਤਾ ਸਹਿਰ ਹੈ । ਹਰ ਸਹਿਰ ਦੀ ਅਪਨੀ ਕੋਈ ਨਾ ਕੋਈ ਨਵੇਕਲੀ ਪਛਾਣ ਹੁੰਦੀ ਹੈ । ਇਸੇ ਤਰ੍ਹਾਂ ਹੀ ਇੱਸ ਸਹਿਰ ਦੀ ਵੀ ਅਪਨੀ ਕੋਈ ਵੱਡੀ ਛੋਟੀ ਪਛਾਣ ਹੈ । ਗੋਲ ਮੰਦਰ ਗਰਦੁਆਰਾ ਬਾਬਾ ਟਹਿਲ ਸਿੰਘ ਭਾਈ ਲਾਲੋ ਚੌਕ , ਹਨੂਮਾਨ ਚੌਕ ਸਦਰ ਬਾਜਾਰ ,ਗਾਂਧੀ ਚੌਕ ਲੁਧਰੀ ਦਾ ਤਵੇ ਦੀ ਰੋਟੀ ਵਾਲਾ ਸਸਤਾ ਹੋਟਲ ਅੰਦਰੂਨੀ ਬਾਜਾਰ ਤੇ ਕਬੂਤਰੀ ਦਰਵਾਜਾ ,ਦੇ ਨਾਲ ਹੀ ਰੂੜਾ ਬੂੜਾ ਦੋ ਬਜੁਰਗਾਂ ਦੀ ਯਾਦ ਵਿੱਚ ਬਣਿਆ ਮੰਦਰ ,ਝੂੁਲਣਾ ਮਹਿਲ ,ਰੰਗ ਮਹਿਲ ,ਅਮਾਮ ਬਾੜਾ ਚੌਕ ਗੁਰਦੁਆਰਾ ਮਈਆ ਮਿਸਤ੍ਰੀ ,ਪੁਰਾਣਾ ਅੱਡਾ ਤੇ ਨਾਲ ਹੀ ਜੀਟੀ ਰੋਡ ਅਮ੍ਰਿਤਸਰ ਪਠਾਨ ਕੋਟ ਤੇ ਪੁਰਾਣਾ ਬੱਸ ਅੱਡਾ ਸਬਜੀ ਮੰਡੀ ਤੇ ਹੋਰ ਬਹੁਤ ਕੁੱਝ ਹੈ ਜੋ ਮੇਰੀਆਂ ਅਨੇਕਾਂ ਯਾਦਾਂ ਨਾਲ ਜੁੜਿਆ ਹੋਇਆ ਹੈ । ਇੱਸ ਨਿੱਕੇ ਜੇਹੇ ਸਰਹੱਦੀ ਜਿਲੇ ਦੇ ਇੱਸ ਛੋਟੇ ਜੇਹੇ ਪਰ ਸਾਦ ਮੁਰਾਦੇ ਜੇਹੇ ਸਰਹੱਦੀ ਸਹਿਰ ਨਾਲ ਮੇਰਾ ਬੜਾ ਗੂੜ੍ਹਾ ਸੰਬੰਧ ਹੈ । ਕਿਉਂ ਕਿ ਮੈਂ ਇੱਥੇ ਹੀ ਅਪਨੀ ਪੜ੍ਹਾਈ ਦਾ ਸਮਾਂ ਪੂਰਾ ਕੀਤਾ ਤੇ ਲਗ ਪਗ ਚੌਂਤੀ ਸਾਲ ਦਾ ਲੰਮਾ ਅਰਸਾ ਬਿਤਾ ਕੇ ਸਰਕਾਰੀ ਨੌਕਰੀ ਤੋਂ ਵੀ ਇੱਥੋਂ ਹੀ ਸੇਵਾ ਮੁਕਤ ਹੋਇਆ । ਇਸ ਲਈ ਸੁਭਾਵਕ ਹੀ ਮੇਰੇ ਜੀਵਣ ਦੀਆਂ ਅਨੇਕ ਯਾਦਾਂ ਇੱਸ ਸਹਿਰ ਨਾਲ ਜੁੜੀਆਂ ਹੋਈਆਂ ਹੱਨ । ਜਿਨ੍ਹਾਂ ਦਾ ਵਰਨਣ ਕਰਨਾ ਬੜਾਂ ਲੰਮਾ ਸਮਾਂ ਮੰਗਦਾ ਹੈ । ਜਿੱਸ ਨੂੰ ਮੈਂ ਸਮੇਂ 2 ਸਿਰ ਅਪਨੇ ਪਾਠਕਾਂ ਨਾਲ ਸਾਂਝਾ ਕਰਦਾ ਰਹਾਂਗਾ ਪਰ ਹਾਲ ਦੀ ਘੜੀ ਮੈਂ ਇੱਸ ਸਹਿਰ ਦੇ ਇੱਕ ਮੌਜੀ ਸੁਭਾ ਵਲੇ ਮਲੰਗ ਕਿਸਮ ਦੇ ਪਾਤ੍ਰ ਮਿਸਤ੍ਰੀ ਸੁਹਣ ਸਿੰਘ ਪੰਚਰਾ ਵਾਲੇ ਬਾਰੇ ਹੀ ਗੱਲ ਕਰਾਂਗਾ । ਜਿੱਸ ਦੀ ਪਛਾਣ ਮਿਸਤ੍ਰੀ ਸੋਹਣ ਸਿੰਘ ਕਰਕੇ ਘੱਟ ਪਰ ਸੋਹਣ ਸਿੰਘ ਪੰਚਰਾਂ ਵਾਲਾ ਕਰਕੇ ਜਿਆਦਾ ਹੈ ।
ਜਿਵੇਂ ਉੱਪਰ ਇੱਸ ਸਹਿਰ ਦੀ ਵਾਕਫੀ ਕਰਾਂਉਦਿਆਂ ਮੈਂ ਸਬਜੀ ਮੰਡੀ ਦੇ ਨਾਲ ਪੁਰਾਣਾ ਬੱਸ ਅੱਡੇ ਦੇ ਲਾਗੇ ਆ ਕੇ ਅਪਨੀ ਗੱਲ ਰੋਕੀ ਸੀ । ਇਸੇ ਚੌਕ ਤੋਂ ਸਹਿਰ ਦੇ ਅੰਦਰ ਨੂੰ ਗਾਂਧੀ ਚੌਕ ਨੂੰ ਜਾਂਦੀ ਸੜਕ ਤੇ ਪਹਿਲੀ ਮਸਹੂਰ ਦੁਕਾਨ ਜਗਨ ਪਕੌੜਿਆਂ ਵਾਲੇ ਦੀ ਤੇ ਇਕ ਦੂਜੀ ਹੋਰ ਇੱਕ ਹਲਵਾਈ ਦੀ ਹੈ । ਤੀਜੀ ਦੁਕਾਨ ਮੱਛੀ ਵਾਲੇ ਜੀਤ ਦੀ ਹੈ । ਇਸ ਕੰਮ ਦੇ ਨਾਲ ਹੀ ਉਹ ਸੋਟਵ ਤੇ ਸਾਈਕਲਾਂ ਦੀ ਮੁਰੰਮਤ ਕਰਨ ਦਾ ਕੰਮ ਵੀ ਕਰਦਾ ਹੈ ,ਬੜਾ ਬੀਬਾ ਆਦਮੀ ਹੈ। ਮੈਂ ਜਦ ਸਕੂਲ ਪੜ੍ਹਨ ਜਾਂਦਾ ਸਾਂ ਤਾਂ ਅਪਨਾ ਸਾਈਕਲ ਉਸ ਦੀ ਦੁਕਾਨ ਤੇ ਹੀ ਛੱਡ ਜਾਇਆ ਕਰਦਾ ਸਾਂ । ਇੱਸ ਦੇ ਨਾਲ ਹੀ ਹੈ ਮੇਰੇ ਇੱਸ ਲੇਖ ਦੇ ਪਾਤ੍ਰ ਸੋਹਣ ਸਿੰਘ ਪੰਚਰਾਂ ਵਾਲੇ ਦੀ ਧੂਏਂ ਨਾਲ ਧੁਆਂਖੀ ਜੇਹੀ ਉਸ ਵਰਗੀ ਦੁਕਾਨ । ਉੱਸ ਦਾ ਹੁਲੀਆ ਉੱਸ ਦੀ ਦੁਕਾਨ ਨਾਲ ਬਹੁਤਾ ਮਿਲਦਾ ਜੁਲਦਾ ਹੈ । ਉਸ ਦੀ ਦੁਕਾਨ ਦੀ ਖਾਸ ਗੱਲ ਹੈ ਕਿ ਉਸ ਨੇ ਅਪਨੀ ਦੁਕਾਨ ਦੀ ਪਛਾਣ ਲਈ ਲਈ ਕੋਈ ਫੱਟਾ ਆਦ ਨਹੀਂ ਲਾਇਆ ਹੋਇਆ । ਫਿਰ ਵੀ ਉਹ ਆਪ ਹੀ ਅਪਨੀ ਦੁਕਾਨ ਦੀ ਪਛਾਣ ਹੈ । ਸਿਰਫ ਲੁੱਧਰੀ ਦੇ ਹੋਟਲ ਵਾਲੀ ਸੜਕ ਪੁੱਛਣ ਦੀ ਹੀ ਲੋੜ ਹੈ । ਬਾਕੀ ਪਤਾ ਆਪੇ ਹੀ ਸੌਖਾ ਹੀ ਲੱਗ ਜਾਂਦਾ ਹੈ ।
ਕਾਲੇ ਰੰਗ ਦਾ ਕੁਰਤਾ ਸਲਵਾਰ ਪੈਰੀਂ ਘਸੀ ਜਿਹੀ ਕੈਂਚੀ ਚੱਪਲ ਤੇ ਵਸਮਾ ਲਾ ਕੇ ਕਾਲੀ ਪਰ ਚਿੱਟੇ ਮੁੱਢਾਂ ਵਾਲੇ ਰੰਗ ਦੀ ਝਾੜੀ ਝੰਭੀ ਦਾਹੜੀ ,ਤੇ ਕਾਲਾ ਮਟਿਆਲਾ ਰੰਗ , ਸਿਰੋਂ ਤੇ ਉਹ ਆਮ ਨੰਗਾ ਹੀ ਰਹਿੰਦਾ ਹੈ ,ਸਿਰ ਤੇ ਐਵੇਂ ਬੂਚੜੀਆਂ ਜੇਹੇ ਵਾਲ ਜਿਨ੍ਹਾਂ ਨੂੰ ਉਹ ਐਨ ਸਿਰ ਦੇ ਵਿਚਕਾਰ ਐਵੇਂ ਨਾਂ ਦੀ ਜੂੜੀ ਜੇਹੀ ਬਨਾ ਕੇ ਖਿਲਰਣ ਤੋੰ ਬਚਾ ਕੇ ਕਾਬੂ ਕਰਨ ਦੀ ਪ੍ਰਵਾਹ ਘੱਟ ਹੀ ਕਰਦਾ ਹੈ , ਗਲ ਵਿੱਚ ਕਾਲੀ ਡੋਰੀ ਵਿੱਚ ਪਰੋਈ ਸੋਨੇ ਦੀ ਤਵੀਤੜੀ ਵੀ ਉੱਸ ਦੀ ਪੱਕੀ ਪਛਾਣ ਹੈ । ਸੁਭਾ ਦਾ ਬੜਾ ਕੌੜਾ ਬੋਲਾਂ ਦਾ ਕਾਹਲਾ ਪਰ ਕੰਮ ਦਾ ਬੜਾ ਛੁਹਲਾ ਤੇ ਸੁਚੱਜਾ ਤੇ ਵਾਅਦੇ ਦਾ ਬੜਾ ਪੱਕਾ ਹੈ । ਉੱਸ ਦੀ ਪੈਂਚਰ ਲਾਉਣ ਵਾਲੀ ਭੱਠੀ ਨਾਲ ਧੁਆਂਖੀ ਦੁਕਾਨ ਵੀ ਹਰ ਵੇਲੇ ਪੰਚਰ ਲਾਉਣ ਲਈ ਆਏ ਟਾਇਰਾਂ ਟਿਊਬਾਂ ਧੁਆਂਖੀਆਂ ਕੰਧਾ ਦੀ ਕਿੱਲੀਆ ਨਾਲ ਸਾਂਝ ਜੇਹੀ ਬਨਾਈ ਕਿਨੇ 2 ਦਿਨ ਸੱਪਾਂ ਵਾਂਗ ਲਟਕਦੇ ਰਹਿੰਦੇ ਹਨ । ਉਹ ਕਾਹਲਾ ਨਹੀਂ ਪੈਂਦਾ ਪਹਿਲਾਂ ਪਹਿਲ ਬਿਜਲੀ ਦੀ ਬਜਾਏ ਭੱਠੀ ਤੇ ਕੋਲੇ ਜਾਂ ਲੱਕੜਾਂ ਬਾਲ ਕੇ ਪੈਂਚਰ ਲਾਉਣ ਵਾਲੀ ਮਸੀਨ ਗਰਮ ਕਰਕੇ ਪੰਚਰ ਲਾਇਆ ਕਰਦਾ ਸੀ । ਫਿਰ ਬਿਜਲੀ ਦੀ ਭੱਠੀ ਲਾ ਲਈ ਪਰ ਉਸ ਦੇ ਕੰਮ ਕਰਨ ਦੇ ਢੰਗ ਅਤੇ ਹੁਲੀਏ ਵਿੱਚ ਜਰਾ ਮਾਸਾ ਵੀ ਫਰਕ ਨਹੀਂ ਪਿਆ । ਗੱਲ ਦਰ ਅਸਲ ਇਵੇਂ ਸੀ ਕਿ ਪਹਿਲਾਂ ਕਾਫੀ ਚਿਰ ਲੋਕ ਰਸਤੇ ਵਿੱਚ ਸਾਈਕਲ ਪੈਂਚਰ ਹੋਣ ਤੇ ਛੋਟੀਆਂ ਮੋਟੀਆਂ ਦੁਕਾਨਾਂ ਤੋਂ ਕੱਚੇ ਪੰਚਰ ਲਵਾ ਲੈਂਦੇ ਜੋ ਛੇਤੀ ਹੀ ਉਖੜ ਜਾਂਦੇ ਸੱਨ ਪਰ ਉੱਸ ਦਾ ਲਾਇਆ ਹੋਇਆ ਪੈਂਚਰ ਟਾਇਰ ਟਿਊਬ ਦੀ ਉਮਰ ਦੇ ਨਾਲ ਹੀ ਜਾਂਦਾ , ਪਹਿਲਾਂ ਪੱਕਾ ਪੰਚਰ ਭਾਂਵੇਂ ਕੋਈ ਕੋਈ ਲਵਾਉਂਦਾ ਸੀ ਫਿਰ ਵੀ ਇੱਸ ਕੰਮ ਦਾ ਮਾਹਿਰ ਹੋਣ ਤੇ ਉਸ ਪਾਸ ਪੱਕੇ ਪੈਂਚਰ ਲੁਆਉਣ ਵਾਲਿਆਂ ਦੀ ਭੀੜ ਹੀ ਲੱਗੀ ਰਹਿੰਦੀ ਹੈ।
ਇਹ ਵੀ ਪੱਕਾ ਪਤਾ ਨਹੀਂ ਕਿ ਉਹ ਵਿਆਹਿਆ ਹੋਇਆ ਹੈ ਜਾਂ ਨਹੀਂ ਸੀ ਜਾਂ ਛੜਾ ਹੀ ਹੈ ਕਿਉਂਕਿ ਉੱਸ ਦੀ ਦੁਕਾਨ ਤੇ ਉਸ ਨਾਲ ਇਕ ਮੋਟਾ ਜੇਹਾ ਬੇਡੌਲ ਜੇਹਾ ਉੱਸ ਤੋਂ ਅੱਧੀ ਕੁ ਉਮਰ ਦਾ ਆਦਮੀ ਵੀ ਉਸ ਨਾਲ ਕੰਮ ਕਰਦਾ ਹੈ । ਜਿੱਸ ਨੂੰ ਉਹ ਐਵੇਂ ਨਿੱਕੀ 2 ਗੱਲੇ ਗਾਲ੍ਹਾਂ ਦੀ ਮੱਠੀ 2 ਵਾਛੜ ਕਰਦਾ ਰਹਿੰਦਾ ਹੁੰਦਾ ਹੈ,ਕਦੇ ਕਦੇ ਉਹ ਕਿਸੇ ਗੱਲੋਂ ਰੁੱਸ ਕੇ ਕਿਤੇ ਚਲਾ ਜਾਂਦਾ ਹੈ ਤੇ ਫਿਰ ਕੁੱਝ ਦਿਨਾਂ ਮਗਰੋਂ ਆਪੇ ਹੀ ਆ ਵੀ ਜਾਂਦਾ ਹੈ । ਇੱਕ ਦਿਨ ਨਾਲ ਦੀ ਦੁਕਾਨ ਦੇ ਨਾਲ ਦੇ ਦੁਕਾਨ ਦਾਰ ਤੋਂ ਪੁੱਛਣ ਤੋੰ ਪਤਾ ਲੱਗਾ ਕਿ ਸੋਹਣ ਸਿੰਘ ਦੀ ਨਾਂ ਕੋਈ ਘਰ ਵਾਲੀ ਹੈ ਤੇ ਨਾ ਹੀ ਕੋਈ ਔਲਾਦ ਹੈ । ਇੱਸ ਆਦਮੀ ਨੂੰ ਉੱਸ ਨੇ ਅਪਨਾ ਪੁੱਤਰ ਬਨਾਇਆ ਹੈ ਤੇ ਕਦੇ 2 ਇਹ ਦੋਵੇਂ ਐਵੇਂ ਨਿੱਕੀ ਮੋਟੀ ਗੱਲ ਤੋਂ ਖੁੜ੍ਹਬ ਵੀ ਪੈਂਦੇ ਹੱਨ ਤਾਂ ਇਹ ਐਵੇਂ ਕੁੱਝ ਸਮੇਂ ਲਈ ਇੱਧ ਓਧਰ ਫਿਰ ਫਿਰਾ ਕੇ ਮੁੜ ਇੱਥੇ ਹੀ ਆ ਜਾਂਦਾ ਹੈ । ਜਿਸਦੀ ਸਕਲ ਵੀ ਹੁਣ ਹੌਲੀ 2 ਉਸ ਵਰਗੇ ਬਾਣੇ ਤੇ ਰੰਗ ਵਿੱਚ ਬਦਲਦੀ ਜਾ ਰਹੀ ਹੈ ।
ਸੋਹਣ ਸਿੰਘ ਕਦੇ 2 ਵੇਹਲ ਵਿਚ ਹੱਸ ਮੁਖਾ ਵੀ ਜਾਪਦਾ ਹੈ ਉੱਸ ਨੇ ਇੱਕ ਸਾਈਕਲ ਦਾ ਪਹੀਆ ਬਿਨਾ ਹੈਂਡਲ ਤੋਂ ਕਾਠੀ ਅਤੇੇ ਪੈਡਲ ਲਾ ਕੇ ਸਰਕਸ ਵਾਲਿਆ ਵਾਂਗ ਕਾਠੀ ਲਾਕੇ ਬਨਾਇਆ ਹੋਇਆ ਹੈ । ਜਿੱਸ ਨੂੰ ਉਹ ਕਦੇ ਕਦ ਮੌਜ ਵਿੱਚ ਬਾਜਾਰ ਵਿੱਚ ਚਲਾ ਕੇ ਗੇੜਾ ਕੱਢਦਾ ਹੈ । ਲੋਕੀ ਬੱਲੇ ਸੋਹਣ ਸਿਆਂ ਬੱਲੇ ਮਿਸਤ੍ਰੀ ਕਹਿੰਦੇ ਖੁਸ ਹੁੰਦੇ ਹੱਨ । ਉਹ ਗੇੜਾ ਕੱਢ ਕੇ ਫਿਰ ਆਪਣੀ ਮੌਜ ਵਿੱਚ ਅਪਨੇ ਕੰਮ ਤੇ ਡੱਟ ਜਾਂਦਾ ਹੈ। ਇਕ ਵਾਰੀ ਇਕ ਗਾਹਕ ਆਇਆ ਤੇ ਉੱਸ ਨੂੰ ਹਾਸੇ ਭਾਣੇ ਕਹਿਣ ਲੱਗਾ ਮਿਸਤ੍ਰੀ ਲਾ ਕੇ ਵਿਖਾ ਖਾਂ ਭਲਾ ਗੇੜਾ ਉਸ ਇੱਕ ਪਹੀਏ ਵਾਲੇ ਸਾਈਕਲ ਤੇ ,ਉਹ ਹਾਸੇ ਭਾਣੇ ਬੋਲਿਆ ਕੱਢ ਪੰਜ ਰੁਪੈ ਦਾ ਨੋਟ ,ਉਹ ਬੰਦਾ ਸੱਚੀਂ ਮੁਚੀਂ ਪੰਜਾਂ ਦਾ ਨੋਟ ਕੱਢ ਕੇ ਜਦ ਫੜਾਉਣ ਲੱਗਾ ਤਾਂ ਸੋਹਣ ਸਿੰਘ ਹੱਸਦਾ ਹੋਇਆ ਬੋਲਿਆ ,ਮੈਂ ਤਾਂ ਤੇਰਾ ਦਿੱਲ ਵੇਖਦਾ ਸਾਂ ਭਾਊ ਪੈਸੇ ਦੀ ਕਿਹੜੀ ਗੱਲ ਹੈ ,ਇਹ ਤਾਂ ਆਂਦੇ ਜਾਂਦੇ ਰਹਿੰਦੇ ਨੇ , ਉਸ ਨੇ ਝਟ ਉਹ ਪਹੀਆ ਜੇਹਾ ਫੜਿਆ ਤਾਂ ਗੇੜਾ ਲਾ ਕੇ ਅਪਨਾ ਕੰਮ ਕਰਨ ਲੱਗ ਪਿਆ । ਬੜਾ ਮੂਡੀ ਬੰਦਾ ਹੈ ਸੋਹਣ ਸਿੰਘ ਅਪਨੀ ਮਰਜੀ ਨਾ ਹੋਵੇ ਤਾਂ ਉਹ ਕਿਸੇ ਕੀਮਤ ਤੇ ਵੀ ਅਪਨਾ ਕੰਮ ਛੱਡ ਕੇ ਇੱਸ ਤਰ੍ਹਾਂ ਨਹੀਂ ਕਰਦਾ । ਇੱਕ ਦਿਨ ਮੈਂ ਸਕੂਟਰ ਦੀ ਟਿਓਬ ਨੂੰ ਪੈਂਚਰ ਲੁਆਉਣ ਵਾਸਤੇ ਉਸ ਕੋਲ ਬੈਠ ਗਿਆ ਮੈਂ ਵੇਖਿਆ ਉੱਸ ਦੇ ਪਿਛਲੇ ਪਾਸੇ ਧੁਆਂਖੀ ਕੰਧ ਤੇ ਇੇਕ ਫਰੇਮ ਕੀਤੀ ਕੋਈ ਸਰਟੀਫੀਕੇਟ ਵਰਗੀ ਫੋਟੋ ਜਿਹੀ ਲਟਕ ਰਹੀ ਸੀ । ਮੈਂ ਪੁੱਛਿਆ ਮਿਸਤ੍ਰੀ ਇਹ ਕੀ ਆ । ਉਹ ਬੋਲਿਆ ਇਹ ਚਿੱਠੀ ਵਾ ਮੁਖ ਮੰਤ੍ਰੀ ਗਿਆਨੀ ਜੈਲ ਸਿੰਘ ਦੀ ਮੈਂ ਹੈਰਾਨ ਹੋ ਕੇ ਤੱਸਲੀ ਕਰਨ ਲਈ ਜਰਾ ਉੱਚਾ ਹੋ ਕੇ ਪੜ੍ਹਿਆ ਤਾਂ ਉਹ ਸੱਚੀ ਮੁੱਚੀਂ ਗਿਆਨੀ ਜੈਲ ਸਿੰਘ ਦਾ ਉਸ ਨੂੰ ਲਿਖਿਆ ਧਨਵਾਦ ਪੱਤ੍ਰ ਸੀ ਮੈਂ ਇੱਸ ਬਾਰੇ ਪੁੱਿਛਅ ਤਾਂ ਕਹਿਣ ਲੱਗਾ ਕਿ ਸਰਦਾਰ ਜੀ
ਜਦੋਂ ਗਿਆਨੀ ਜੈਲ ਸਿੰਘ ਪੰਜਾਬ ਦਾ ਮੁੱਖ ਮੰਤ੍ਰੀ ਬਣਿਆ ਤਾਂ ਤੈਂ ਮੈਂ ਉੱਸ ਨੂੰ ਇੱਸੇ ਖੁਸੀ ਵਿੱਚ ਵਧਾਈ ਦੇ ਤੌਰ ਤੇ ਇਨ੍ਹਾਂ ਕਾਲੇ ਹੱਥਾਂ ਨਾਲ ਹੀ ਉਰਦੂ ਵਿਚ ਚਿੱਠੀ ਲਿਖੀ , ਜਿੱਸ ਦਾ ਉੱਤਰ ਮੈਨੂੰ ਉਨ੍ਹਾਂ ਅਪਨੇ ਉਰਦੂ ਦੇ ਹੱਸਤਾਖਰਾਂ ਵਿੱਚ ਭੇਜਿਆ ਜੋ ਮੈੰਂ ਅਪਨੀ ਜਿੰਦਗੀ ਦੀ ਅਨਮੋਲ ਯਾਦ ਸਮਝ ਕੇ ਇੱਥੇ ਲਾਇਆ ਹੋਇਆ ਹੈ । ਬੇਸਕ ਇਹ ਪੱਤ੍ਰ ਵੀ ਉੱਸ ਦੀ ਦੁਕਾਨ ਦੀਆਂ ਕੰਧਾਂ ਵਾਂਗ ਧੁਆਂਖਿਆ ਗਿਆ ਜਾਪਦਾ ਹੈ , ਜੋ ਇੱਸ ਕਦਰ ਦਾਨ ਕਾਮੇ ਲਈ ਉਹ ਇਕ ਵੱਡੇ ਸਨਮਾਨ ਦੇ ਰੂਪ ਵਿੱਚ ਸੋਹਣ ਸਿੰਘ ਪੰਚਰਾਂ ਵਾਲੇ ਦੀ ਦੁਕਾਨ ਦੀ ਸਾਨ ਤੇ ਮਾਨ ਸਤਿਕਾਰ ਬਨਿਆ ਹੋਇਆ ਹੈ ।
ਮੈਨੂੰ ਵਿਦੇਸ ਰਹਿੰਦੇ ਨੂੰ ਲਗ ਪਗ ਛੇ ਸਾਲ ਦਾ ਅਰਸਾ ਹੋਣ ਵਾਲਾ ਹੈ । ਜਦੋਂ ਕਦੇ ਪੰਜਾਬ ਜਾਂਦਾ ਹਾਂ । ਸਮੇ ਦੀ ਘਾਟ ਕਰਕੇ ਓਧਰ ਜਾਣ ਦਾ ਮੌਕਾਂ ਨਹੀਂ ਮਿਲਦਾ ਕਿਓਂ ਜੋ ਪੁਰਾਣੇ ਬੱਸ ਅੱਡੇ ਦੀ ਬਜਾਏ ਹੁਣ ਨਵਾਂ ਬੱਸ ਅੱਡਾ ਜਰਾ ਹਟਵਾਂ ਬਨ ਚੁਕਾ ਹੈ । ਪਤਾ ਨਹੀਂ ਉਹ ਮੇਹਣਤੀ ਕਾਮਾ ਹੁਣ ਇੱਸ ਸੰਸਾਰ ਵਿੱਚ ਹੈ ਵੀ ਜਾਂ ਨਹੀਂ । ਪਰ ਮੈਂ ਜਦੋਂ ਕਿਤੇ ਇਕਾਂਤ ਵਿੱਚ ਪੁਰਾਣੀਆਂ ਯਾਦਾਂ ਦਾ ਪਟਾਰਾ ਖੋਲ੍ਹ ਬਹਿੰਦਾ ਹਾਂ ਤਾਂ ਸੋਹਣ ਸਿੰਘ ਪੰਚਰਾਂ ਵਾਲੇ ਸਿਆਹ ਲਿਬਾਸ ਵਾਲੇ ਕਾਮੇ ਦਾ ਝੌਲਾ ਜੇਹਾ ਮੇਰੇ ਜਿਹਣ ਵਿਚ ਇੱਕ ਅਨੋਖੀ ਇੱਕ ਅਨੋਖੀ ਚਮਕ ਦਮਕ ਨਾਲ ਹੰਸੂ 2 ਕਰਦਾ ਚਿਹਰਾ ਬਦੋ ਬਦੀ ੳੁੱਭਰ ਆਉਂਦਾ ਹੈ ਅਤੇ ਉਸ ਬਾਰੇ ਕੁੱਝ ਨਾ ਕੁੱਝ ਲਿਖਣ ਲਈ ਮਜਬੂਰ ਕਰਦਾ ਹੈ ।
ਯਾਦਾਂ ਮੇਰੇ ਸਹਿਰ ਦੀਆਂ ,
ਮਨ ਵਿੱਚ ਆ ਕੇ ਠਹਿਰ ਦੀਆਂ ,
ਗਰਮੀ ਰੁੱਤੇ ਨਾਲ ਦੋਸਤਾਂ ,
ਟੁੱਭੀਆਂ ਲਾਉਣੀਆਂ ਨਹਿਰ ਦੀਆਂ ।
ਸੁਬ੍ਹਾ ਸਵੇਰੇ ਸਾਮਾ ਚੇਤੇ ,
ਧੁੱਪਾਂ ਯਾਦ ਦੁਪਿਹਰ ਦੀਆਂ ।
ਸਰਦੀ ਰੁੱਤੇ ਠੁਰ ਠੁਰ ਕਰਨਾ ,
ਠੰਡਾਂ ਪੈਣੀਆਂ ਕਹਿਰ ਦੀਆਂ ।
ਸੱਭ ਯਾਦਾਂ ਮੁਰਗਾਈਆਂ ਵਾਂਗਰ ,
ਮਨ ਦੇ ਸਰਵਰ ਤੈਰਦੀਆਂ ।
ਯਾਦਾਂ ਮੇਰੇ ਸਹਿਰ ਦੀਆਂ ।ਲੇਖਕ : ਰਵੇਲ ਸਿੰਘ ਇਟਲੀ ਹੋਰ ਲਿਖਤ (ਇਸ ਸਾਇਟ 'ਤੇ): 63
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1272

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ