ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਇਮਾਨਦਾਰੀ ਦਾ ਸਬਕ

ਸੰਨ 1970 ਦੀ ਗੱਲ ਹੈ, ਸਾਡੇ ਘਰ (ਕੋਟ ਬਾਬਾ ਦੀਪ ਸਿੰਘ, ਮਕਾਨ ਨµ : 4234, ਗਲੀ ਨµ : 6, ਅਮ੍ਰਿਤਸਰ) ਦੇ ਨਜ਼ਦੀਕ ਭਲੇ ਪੁਰਸ਼ ਇੰਦਰ ਸਿੰਘ, ਮੁਹੰਮਦ, ਮਸੀਹ (ਰਿਸ਼ਵਤ ਤੋੜ) ਰਹਿੰਦੇ ਸਨ। ਇਹ ਨੇਕ ਆਤਮਾ ਪਾਕਿਸਤਾਨ ਮਿੰਟ ਗੁੰਮਰੀ ਤੋਂ ਆਏ ਸਨ ਅਤੇ ਮਹਾਤਮਾ ਗਾਂਧੀ ਜੀ ਦੇ ਸਮਕਾਲੀ ਸਨ। ਇਨ੍ਹਾਂ ਦਾ ਮਿਸ਼ਨ ਸੀ ਰਿਸ਼ਵਤ ਖੋਰੀ ਖਿਲਾਫ਼ ਪ੍ਰਚਾਰ ਕਰਨਾ। ਕਹਿੰਦੇ ਸਨ ਕਿ ਸਾਰੇ ਜ਼ੁਰਮਾਂ ਦੀ ਮਾਂ ਰਿਸ਼ਵਤ ਖੋਰੀ ਹੈ ਅਗਰ ਇਹੋ ਹੀ ਖ਼ਤਮ ਹੋ ਜਾਵੇ ਤਾਂ ਸਾਰੇ ਜ਼ੁਰਮ ਆਪਣੇ ਆਪ ਖ਼ਤਮ ਹੋ ਜਾਣਗੇ। ਹਿੰਦੂ, ਮੁਸਲਿਮ, ਸਿੱਖ, ਇਸਾਈ ਸਭ ਦੇ ਸਾਂਝੇ ਹੋਣ ਕਰਕੇ ਹੀ ਆਪਣਾ ਨਾਮ ਇੰਦਰ ਸਿੰਘ ਮੁਹੰਮਦ, ਮਸੀਹ ਰੱਖਿਆ ਹੋਇਆ ਸੀ। ਇਨ੍ਹਾਂ ਦਾ ਮਿਸ਼ਨ ਸੱਚਾਈ ’ਤੇ ਹੋਣ ਕਰਕੇ ਕਿਸੇ ਵੀ ਇਨ੍ਹਾਂ ਨੂੰ ਮਾਣ ਸਤਿਕਾਰ ਨਾ ਦਿਤਾ, ਸਾਰੀ ਉਮਰ ਇਕੱਲੇ ਰਹੇ ਔਰ ਜ਼ਹਾਲਤ ਭਰੀ ਜ਼ਿੰਦਗੀ ਗੁਜ਼ਾਰੀ। ਸੰਨ 1944 ਵਿਚ ਇਨ੍ਹਾਂ ਇਹ ਪ੍ਰਚਾਰ ਆਰਭਿਆ ਔਰ ਸਾਰਾ ਜੀਵਨ ਇਸੇ ਮਿਸ਼ਨ ਦਾ ਪ੍ਰਚਾਰ ਕੀਤਾ। ਮੈਂ ਬਚਪਨ ਵਿਚ ਖੇਡਦੇ ਹੋਏ ਇਨ੍ਹਾਂ ਪਾਸ ਚਲੇ ਜਾਣਾ, ਇਹ ਆਪਣੇ ਮਕਾਨ ਦੇ ਬਾਹਰਵਾਰ ਅਰਾਮ ਕੁਰਸੀ ’ਤੇ ਬੈਠੇ ਹੁੰਦੇ ਸਨ। ਇਨ੍ਹਾਂ ਮੈਨੂੰ ਬੜਾ ਪਿਆਰ ਦਿਤਾ ਔਰ ਬਚਪਨ ਵਿਚ ਹੀ ਮੈਨੂੰ ਇਮਾਨਦਾਰੀ ਦਾ ਸਬਕ ਦ੍ਰਿੜ੍ਹ ਕਰਵਾਇਆ। ਇਕ ਛੋਟੀ ਜਿਹੀ ਘਟਨਾ ਵਾਪਰੀ ਜਿਸਨੇ ਮੇਰੇ ਸਾਰੇ ਅਸਤਿਤਵ ਨੂੰ ਅਸਰ ਅੰਦਾਜ਼ ਕੀਤਾ। ਮੇਰੀ ਮਾਤਾ ਜੀ ਨੇ ਮੈਨੂੰ 20 ਪੈਸੇ ਦਿਤੇ ਕੌਲੀ ਵਿਚ ਰੱਖ ਕੇ ਕਿ ਬਜ਼ਾਰੋਂ ਦਹੀਂ ਲੈ ਆ। ਮੈਂ ਹਲਵਾਈ ਪਾਸ ਗਿਆ ਉਸ ਨੂੰ ਪੈਸਿਆਂ ਸਮੇਤ ਕੌਲੀ ਫੜਾ ਦਿਤੀ ਕਿ 20 ਪੈਸੇ ਦੀ ਦਹੀ ਦੇ ਦੇਵੇ, ਪਰ ਉਸ ਨੇ ਬੇਧਿਆਨੇ ਪੈਸੇ ਕੱਢੇ ਨਾ ਤੇ ਉੱਪਰ ਦਹੀਂ ਪਾ ਦਿਤੀ। ਮੈਨੂੰ ਪਤਾ ਸੀ ਕਿ ਪੈਸੇ ਵਿਚੇ ਹੀ ਹਨ, ਮੈਂ ਬੜਾ ਖੁਸ਼ ਕਿ ਅੱਜ 20 ਪੈਸੇ ਮੁਫ਼ਤ ਮਿਲ ਗਏ। ਮੈਂ ਉਹ ਪੈਸੇ ਕੱਢ ਕੇ ਆਪਣੇ ਪਾਸ ਰੱਖ ਲਏ। ਦਹੀਂ ਦੀ ਕੌਲੀ ਘਰ ਦੇ ਦਿਤੀ। ਸ਼ਾਮ ਵਕਤ ਮੈਂ ਰਿਸ਼ਵਤ ਤੋੜ ਜੀ ਪਾਸ ਗਿਆ ਤਾਂ ਇਸ ਘਟਨਾ ਦਾ ਜ਼ਿਕਰ ਕੀਤਾ, ਸੁਣ ਕੇ ਉਹ ਬੜੇ ਨਰਾਜ਼ ਹੋਏ ਮੈਨੂੰ ਕਹਿਣ ਲਗੇ ਮੈਂ ਤੈਨੂੰ ਰੋਜ਼ ਇਮਾਨਦਾਰੀ ਦਾ ਸਬਕ ਦਿੰਦਾ ਹਾਂ, ਤੂੰ ਇਸ ’ਤੇ ਕੋਈ ਅਮਲ ਨਹੀਂ ਕੀਤਾ। ਮੈਨੂੰ ਕਹਿਣ ਲਗੇ ਅਗਰ ਮੇਰੇ ਕੋਲ ਆਉਣਾ ਹੈ ਤਾਂ ਹੁਣੇ ਮੇਰੇ ਸਾਹਮਣੇ ਪ੍ਰਣ ਕਰ ਕਿ ਮੈਂ ਸਾਰੀ ਉਮਰ ਇਮਾਨਦਾਰੀ ਨਾਲ ਗੁਜ਼ਾਰਾਂਗਾ, ਨਾਲੇ ਇਹ 20 ਪੈਸੇ ਹੁਣੇ ਵਾਪਸ ਕਰਕੇ ਆ। ਮੈਂ ਕੰਨਾਂ ਨੂੰ ਹੱਥ ਲਾ ਕੇ ਤੌਬਾ ਕੀਤੀ ਤੇ ਪ੍ਰਣ ਕੀਤਾ ਕਿ ਮੈਂ ਇਮਾਨਦਾਰੀ ਨਾਲ ਜੀਵਨ ਗੁਜ਼ਾਰਾਂਗਾ। ਉਸੇ ਵਕਤ ਮੈਂ ਹਲਵਾਈ ਦੀ ਦੁਕਾਨ ’ਤੇ ਗਿਆ ਉਸ ਨੂੰ ਸਾਰੀ ਵਾਰਤਾਲਾਪ ਦੱਸੀ ਤੇ 20 ਪੈਸੇ ਵਾਪਸ ਕੀਤੇ। ਮੇਰੀ ਇਮਾਨਦਾਰੀ ਵੇਖ ਕੇ ਕਹਿਣ ਲੱਗਾ ਮੈਨੂੰ ਤਾਂ ਪਤਾ ਵੀ ਨਹੀਂ ਕਿ ਤੂੰ ਕਿਸ ਸਮੇਂ ਮੇਰੇ ਪਾਸੋਂ ਦਹੀਂ ਲੈ ਕੇ ਗਿਆ ਹੈਂ। ਮੈਨੂੰ ਕਹਿਣ ਲੱਗਾ ਪੁੱਤਰ ਇਹ ਪੈਸੇ ਤੂੰ ਆਪਣੇ ਪਾਸ ਰੱਖ ਲੈ, ਮੈਂ ਤੇਰੇ ’ਤੇ ਬੜਾ ਖੁਸ਼ ਹਾਂ ਕਿ ਤੂੰ 20 ਪੈਸੇ ਵਾਪਸ ਕਰਨ ਆਇਆ ਹੈਂ। ਮੈਂ ਕਿਹਾ, ਮੈਂ ਅਗਰ ਇਹ ਪੈਸੇ ਰੱਖੇ ਤਾਂ ਰਿਸ਼ਵਤ ਤੋੜ ਜੀ ਮੇਰੇ ਨਾਲ ਨਰਾਜ਼ ਹੋ ਜਾਣਗੇ। ਇਸ ਕਰਕੇ ਤੁਸੀਂ ਇਹ ਪੈਸੇ ਰੱਖ ਲਵੋ। ਪੈਸੇ ਵਾਪਸ ਕਰਕੇ ਉਸ ਵਕਤ ਜੋ ਮੈਨੂੰ ਅੰਦਰੂਨੀ ਖੁਸ਼ੀ ਮਿਲੀ ਤੇ ਚਾਅ ਚੜ੍ਹਿਆ, ਕਹਿਣ ਤੋਂ ਬਾਹਰ ਸੀ। ਮੈਂ ਖੁਸ਼ੀ-ਖੁਸ਼ੀ ਆ ਕੇ ਮਹਾਂਪੁਰਸ਼ਾਂ ਨੂੰ ਦੱਸਿਆ ਕਿ ਮੈਂ ਪੈਸੇ ਵਾਪਸ ਕਰ ਆਇਆ ਹਾਂ। ਉਨ੍ਹਾਂ ਮੈਨੂੰ ਗੱਲਵਕੜੀ ਵਿਚ ਲੈ ਕੇ ਪਿਆਰ ਦਿਤਾ ਤੇ ਕਹਿਣ ਲਗੇ ਤੂੰ ਬੜਾ ਅੱਛਾ ਕੰਮ ਕੀਤਾ ਹੈ। ਹੁਣ ਤੈਨੂੰ ਇਹ ਸਬਕ ਜ਼ਿੰਦਗੀ ਭਰ ਨਹੀਂ ਭੁੱਲੇਗਾ।
ਅੱਜ ਮੈਂ ਜ਼ਿੰਦਗੀ ਦੇ ਪੰਜ ਦਹਾਕੇ ਪਾਰ ਕਰ ਚੁੱਕਾ ਹਾਂ। ਸਾਰੀ ਉਮਰ ਕੋਸ਼ਿਸ਼ ਰਹੀ ਹੈ ਕਿ ਇਮਾਨਦਾਰੀ ਨਾਲ ਸਮਾਂ ਗੁਜ਼ਾਰਾਂ, ਔਰ ਇਸੇ ਤਰ੍ਹਾਂ ਇਹ ਸਮਾਂ ਗੁਜ਼ਰਿਆ। ਅਗੋਂ ਲਈ ਵੀ ਇਸੇ ਸਬਕ ’ਤੇ ਪਹਿਰਾ ਦੇਣ ਦਾ ਪ੍ਰਣ ਹੈ। ਮੈਂ ਅੱਜ ਵੀ ਉਨ੍ਹਾਂ ਭਲੇ ਪੁਰਸ਼ਾਂ ਨੂੰ ਨਤਮਸਤਕ ਹੁੰਦਾ ਹਾਂ ਜਿਨ੍ਹਾਂ ਮੈਨੂੰ ਇਮਾਨਦਾਰੀ ਦਾ ਸਬਕ ਦਿਤਾ। ਇਹ ਘਟਨਾ ਮੇਰੇ ਮਨ ’ਤੇ ਉਸੇ ਤਰ੍ਹਾਂ ਉਕਰੀ ਪਈ ਹੈ ਜਿਵੇਂ ਇਹ ਹੁਣੇ ਹੀ ਵਾਪਰੀ ਹੋਵੇ।

ਲੇਖਕ : ਜਸਬੀਰ ਸਿੰਘ 'ਤੇਗ' ਹੋਰ ਲਿਖਤ (ਇਸ ਸਾਇਟ 'ਤੇ): 1
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1373

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ