ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਜਦੋਂ ਬਾਬਾ ਜਿਉਦਾ ਹੋ ਗਿਆ

ਓਦੋਂ ਮੋਬਾਇਲ ਨਹੀਂ ਸਨ ਅਤੇ ਨਾ ਹੀ ਫੋਨਾਂ ਦੀ ‘ਟਰਨ.... ਟਰਨ....’ ਵੱਜਦੀ ਸੀ। ਕੋਈ ਲੰਘਿਆ ਜਾਂਦਾ ਮੇਰੇ ਨਾਨਕੀ ਸੁਨੇਹਾ ਦੇ ਗਿਆ, ‘‘ਬਚਨੇ ਦਾ ਚਾਚਾ ਗੁਰਬਖ਼ਸਾ ਮਰ ਗਿਆ। ਫਲਾਨੇ ਦਿਨ ਭੋਗ ਐ।’’ ਬਚਨਾ ਮੇਰਾ ਤਾਇਆ ਸੀ ਤੇ ਗੁਰਬਖ਼ਸਾ ਮੇਰਾ ਛੜਾ ਦਾਦਾ। ਸੁਨੇਹਾ ਲਾਉਣ ਵਾਲਾ ਲਾ ਕੇ ਤੁਰ ਗਿਆ, ਮਾਮੇ ਹੋਰਾਂ ਨੂੰ ਭਾਜੜਾਂ ਪੈ ਗਈਆਂ। ਐਨਾ ਪ੍ਰਬੰਧ ਏਨੇ ਥੋੜੇ ਦਿਨਾਂ ’ਚ ਕਿਵੇਂ ਹੋਵੇਗਾ? ਨਾਨੀ ਦਾ ਕੁੜਮ ਮਰਿਆ ਸੀ ਇਸ ਲਈ ਨੱਕ ਰੱਖਣ ਲਈ ਆਪਣੇ ਸਰਦਾ ਸਭ ਕੁਝ ਕਰਨਾ ਪੈਣਾ ਸੀ। ਕੁੜੀਆਂ ਦੇ ਸਹੁਰੇ ਸਨ, ਕਿਤੇ ਕੋਈ ਮਿਹਣਾ ਨਾ ਮਾਰ ਦੇਵੇ।
ਮੇਰੀ ਮੋਰਨੀ ਨਾਨੀ ਨੇ ‘ਮੇਰੀ ਨਾਨੀ ਦਾ ਗੋਤ ਮੋਰਨੀ ਸੀ ਇਸ ਕਰਕੇ ਸਾਰਾ ਪਿੰਡ ਉਸਨੂੰ ਮੋਰਨੀ ਹੀ ਕਹਿੰਦਾ ਸੀ। ‘ਮੇਰੇ ਤਿੰਨਾਂ ਮਾਮਿਆਂ ਨੂੰ ਅਲਰਟ ਕਰ ਦਿੱਤਾ। ਪਹਿਲਾਂ ਤਾਂ ਸਾਰੇ ਟੱਬਰ ਨੇ ਸਿਰ ਜੋੜ ਕੇ ਕਾਹਲੀ ਕਾਹਲੀ ਰੈਅ-ਮਸ਼ਵਰਾ ਕੀਤਾ ਫਿਰ ਮੇਰੇ ਇੱਕ ਮਾਮੇ ਨੂੰ ਸੁਨਾਰਿਆਂ ਦੇ ਛਾਂਪਾਂ ਬਣਾਉਣ ਤੋਰ ਦਿੱਤਾ। ਇੱਕ ਦੀ ਡਿਊਟੀ ਕੱਪੜੇ-ਲੀੜੇ ’ਤੇ ਲਗਾ ਦਿੱਤੀ ਤੇ ਤੀਸਰਾ ਕਿਸੇ ਹੋਰ ਮੁਹਿੰਮ ’ਤੇ ਚਾੜ ਦਿੱਤਾ। ਭੋਗ ਵਾਲੇ ਦਿਨ ਤੱਕ ਸਾਰਾ ਸਮਾਨ ਭੱਜ-ਨੱਠ ਕਰਕੇ ਤਿਆਰ ਕਰ ਲਿਆ।
ਨਾਨੀ ਅਤੇ ਮਾਮੀਆਂ ਨੇ ਆਪਣੀਆਂ ਮੋਹਰੀ ਸਾਥਣਾਂ ਸੱਦ ਲਈਆਂ, ਜਿਹੜੀਆਂ ਮੇਰੇ ਦਾਦੇ ਦਾ ਚੰਗਾ ਜਿਹਾ ਸਿਆਪਾ ਕਰ ਸਕਣ। ਘਰ ਦਾ ਟਰੱਕ ਹੋਣ ਕਰਕੇ ਭਲਾਂ ਸਵਾਰੀਆਂ ਪੱਖੋਂ ਹੱਥ ਘੁੱਟਣ ਦਾ ਕੀ ਕੰਮ? ਇਥੇ ਕਿਹੜਾ ਸੀਟਾਂ ਘਟਦੀਆਂ ਸਨ। ਭੋਗ ਵਾਲੇ ਦਿਨ ਨਾਨਕਿਆਂ ਨੇ ਪੂਰਾ ਸੌਦਾ-ਪੱਤਾ ਤਿਆਰ ਕਰਕੇ ਆਪਣੇ ਟਰੱਕ ਵਿੱਚ ਰੱਖ ਲਿਆ। ਬੁੜੀਆਂ ਦੀ ਫ਼ੌਜ ਨਾਲ ਟਰੱਕ ਪੂਰਾ ਭਰ ਗਿਆ। ਸ਼ਾਹ ਮੁਹੰਮਦ ਅਨੁਸਾਰ ‘ਝੰਡੇ ਨਿੱਕਲੇ ਕੂਚ ਦਾ ਹੁਕਮ ਹੋਇਆ’, ਮਾਮੇ ਹੋਰੀਂ ਵੀ ਕਿਸੇ ਕਿਲ਼ੇ ’ਤੇ ਚੜਾਈ ਕਰਨ ਵਾਲਿਆਂ ਵਾਂਗ ਪੂਰੇ ਲਾਮ-ਲਸ਼ਕਰ ਨਾਲ ਉੱਥੋਂ ਚੱਲ ਪਏ।
ਸਾਡਾ ਵਸੋਂ ਵਾਲਾ ਘਰ ਪਿੰਡ ਵਿੱਚ ਸੀ ਤੇ ਬਾਗਲ ਪਿੰਡੋਂ ਬਾਹਰ ਸੀ। ਮਾਮੇ ਹੋਰੀਂ ਸਿੱਧਾ ਵਸੋਂ ਵਾਲੇ ਘਰ ਜਾਣ ਦੀ ਵਜਾਏ ਸਿੱਧਾ ਬਾਗਲ ਵੱਲ ਟਰੱਕ ਲੈ ਕੇ ਆ ਗਏ। ਨਾਨੀ ਹੋਰਾਂ ਨੇ ਸਲਾਹ ਦਿੱਤੀ ਸੀ, ਟਰੱਕ ਬਾਗਲ ’ਚ ਖੜਾ ਕੇ ਉੱਥੋਂ ਖਿੱਲਾਂ ਤੇ ਪੈਸੇ ਸੁੱਟਦੀਆਂ ਅੰਦਰਲੇ ਘਰ ਨੂੰ ਜਾਵਾਂਗੀਆਂ। ਸਾਰੀਆਂ ਬੁੜੀਆਂ ਇੱਧਰ-ਉੁਧਰ ਪਿਸ਼ਾਬ ਕਰਨ ਲਈ ਗੁਹਾਰਿਆਂ ਵਿੱਚ ਜਾ ਵੜੀਆਂ ਤਾਂ ਕਿ ਇੱਥੋਂ ਪੂਰਾ ਕਾਇਮ-ਦਾਇਮ ਹੋ ਕੇ ਹੀ ਤੁਰੀਏ। ਮਾਮੇ ਹੋਰੀਂ ਟਰੱਕ ਨੂੰ ਬਾਗਲ ’ਚ ਲਾਉਣ ਆ ਗਏ।
ਮਾਮਾ ਜਦੋਂ ਟਰੱਕ ਗੇਟ ਦੇ ਅੰਦਰ ਕਰਨ ਲੱਗਿਆ ਤਾਂ ਉਹਦੀਆਂ ਤਾਂ ਖਾਨਿਓਂ ਗਈਆਂ। ਸਾਹਮਣੇ ਗੁਰਬਖ਼ਸਾ ਬਾਬਾ ਖੜਾ, ਐਨਕਾਂ ਵਿੱਚੋਂ ਦੀ ਟਰੱਕ ਵੱਲ ਮੁਤਰ ਮੁਤਰ ਵੇਖ ਰਿਹਾ ਸੀ।
‘‘ਰੇ ਬਲਜੀਤ! ਮਾਸੜ ਤੋ ਹੀਂ ਖੜੈ, ਆਗੇ!’’ ਤੇਜੇ ਮਾਮੇ ਨੂੰ ਗੁਰਬਖ਼ਸਾ ਬਾਬਾ ਕੋਈ ਭੂਤ-ਪ੍ਰੇਤ ਲੱਗਿਆ ਇਸ ਲਈ ਉਸ ਨੇ ਛੋਟੇ ਮਾਮੇ ਨੂੰ ਤਸੱਲੀ ਕਰਨ ਲਈ ਝੰਜੋੜਿਆ।
‘‘ਕਠੈ?’’ ਛੋਟੇ ਮਾਮੇ ਨੇ ਸ਼ਿਕਾਰੀ ਕੁੱਤੇ ਵਾਂਗ ਕੰਨ ਚੁੱਕ ਲਏ। ਹੁਣ ਮਾਮੇ ਦੀਆਂ ਅੱਖਾਂ ਹੈਰਾਨੀ ’ਚ ਹੋਰ ਚੌੜੀਆਂ ਹੋ ਗਈਆਂ। ਗੁਰਬਖ਼ਸਾ ਬਾਬਾ ਤਾਂ ਸੱਚ-ਮੁੱਚ ਅੱਗੇ ਖੜਾ ਸੀ, ‘‘ਹਾਂ.... ਰੇ..!! ਇਹਦੀ ਬੈਅਣ ਕੀ....!’’ ਬਲਜੀਤ ਮਾਮੇ ਨੇ ਪਤਾ ਨਹੀਂ ਦੁਬਾਰਾ ਜਿਉਦਾ ਹੋ ਗਏ ਬਾਬੇ ਨੂੰ ਗਾਲ ਕੱਢੀ ਸੀ ਜਾਂ ਸੁਨੇਹਾ ਲਾਉਣ ਵਾਲੇ ਨੂੰ।
ਵੱਡਾ ਮਾਮਾ ਛੇਤੀ ਛੇਤੀ ਉਤਰ ਕੇ ਅੰਦਰ ਆਇਆ। ਉਸਨੇ ਸਾਰੀ ਸਥਿਤੀ ਦੀ ਜਾਣਕਾਰੀ ਲਈ। ਅਸਲ ਵਿੱਚ ਸਾਡੇ ਸਕਿਆਂ ਦੇ ਬਚਨੇ ਦਾ ਤਾਇਆ ਗੁਰਬਖ਼ਸਾ ਮਰਿਆ ਸੀ। ਨਾਮ ਤਾਏ ਭਤੀਜੇ ਦੇ ਸਾਡੇ ਲਾਣੇ ਵਾਲੇ ਹੀ ਸਨ।
‘‘ਰੇ.... ਬਾਅਜ ਕੇ ਜਾ ਰੇ ਬਲਜੀਤ! ਬੁੜੀਆਂ ਕੋ ਮੋੜ ਕੇ ਹਰੀਏ ਕੇ ਗਅਰੇਂ ਲੇ ਕੇ ਜਾਹ!’’ ਵੱਡੇ ਮਾਮੇ ਨੇ ਛੋਟੇ ਮਾਮੇ ਨੂੰ ਬੁੜੀਆਂ ਦੇ ਪਿੱਛੇ ਭਜਾ ਦਿੱਤਾ। ਮਾਮਾ ਸਾਡੇ ਨੌਕਰ ਨੂੰ ਲੈ ਕੇ ਬੁੜੀਆਂ ਦੇ ਪਿੱਛੇ ਘੋੜੇ ਚਾਲ ਹੋ ਗਿਆ।
ਬਲਜੀਤ ਮਾਮੇ ਨੇ ਬੁੜੀਆਂ ਨੂੰ ਘਰ ਪਹੁੰਚਣ ਤੋਂ ਪਹਿਲਾਂ ਹੀ ਰੋਕ ਲਿਆ। ਬੁੜੀਆਂ ਦੇ ਬੋਲ ਬੰਦ ਹੋ ਗਏ। ਖਿੱਲਾਂ ਤੇ ਪੈਸੇ ਸੁੱਟਦੇ ਹੱਥ ਥਾਂਏਂ ਰੁਕ ਗਏ। ‘‘ਮਾਂ! ਹੀਂ ਮਾਸੜ ਨੀ ਮਰਿਐ। ਹਰੀਏ ਕਾ ਚਾਚਾ ਮਰਿਐ। ਇਧਰ ਜਾਓ ਮੱਘਰ ਕੇ ਗੈਲ ਗੈਲ।’’ ਸਾਡੇ ਨੌਕਰ ਨੂੰ ਮਾਮੇ ਨੇ ਬੁੜੀਆਂ ਦੇ ਅੱਗੇ ਲਾ ਦਿੱਤਾ। ਆਪ ਸਾਰਾ ਸਮਾਨ ਅਤੇ ਖਿੱਲਾਂ ਤੇ ਪੈਸੇ ਰਲਿਆ ਚਾਰ ਫੁੱਟਾ ਵੱਡਾ ਝੋਲਾ ਲੈ ਕੇ ਅੰਦਰਲੇ ਘਰ ਆ ਗਿਆ। ਹੌਲੀ ਹੌਲੀ ਜਿਸਨੂੰ ਵੀ ਪੂਰੀ ਗੱਲ ਦਾ ਪਤਾ ਲੱਗਦਾ ਰਿਹਾ, ਹੱਥ ਤੇ ਹੱਥ ਵੱਜਦਾ ਰਿਹਾ। ਹਾਸੇ ਖਿੱਲਰਦੇ ਰਹੇ।
ਉਹ ਖਿੱਲਾਂ ਨਾਲ ਭਰਿਆ ਝੋਲਾ ਸਾਡੇ ਅੰਦਰਲੇ ਘਰ ਬਰਾਂਡੇ ਵਿੱਚ ਕਿੰਨੇ ਹੀ ਦਿਨ ਕਿੱਲੇ ਉੱਤੇ ਟੰਗਿਆ ਪਿਆ ਰਿਹਾ। ਸਾਨੂੰ ਸਾਰੇ ਬੱਚਿਆਂ ਨੂੰ ਮੌਜਾਂ ਲੱਗ ਗਈਆਂ। ਜਦੋਂ ਜੀਅ ਕਰਦਾ ਗੀਝੇ, ਜੇਬਾਂ ਖਿੱਲਾਂ ਨਾਲ ਭਰ ਲੈਂਦੇ ਤੇ ਬੀਹੀਆਂ ਵਿੱਚ ਖਾਂਦੇ ਫਿਰਦੇ। ਫੇਰ ਤਾਂ ਅਸੀਂ ਮੰਜਿਆਂ ਉਪਰ ਚੜ ਕੇ, ਟਾਂਗੀਆਂ ਲਾ ਕੇ ਝੋਲੇ ਦੇ ਉਪਰੋਂ ਦੀ ਖਿੱਲਾਂ ਕੱਢਣ ਦਾ ਜੱਭ ਵੀ ਮੁਕਾ ਦਿੱਤਾ। ਅਸੀਂ ਝੋਲੇ ਦੇ ਹੇਠਾਂ ਕਾਫ਼ੀ ਵੱਡੀ ਮੋਰੀ ਕਰਕੇ ਲੀਰ ਫਸਾ ਦਿੱਤੀ। ਜਦੋਂ ਜੀਅ ਕਰਦਾ ਕੌਲੀ ਬਾਟੀ ਝੋਲੇ ਹੇਠ ਕਰ ਕੇ ਲੀਰ ਖਿੱਚ ਲੈਂਦੇ। ਖਿੱਲਾਂ ਹੜੰਬੇ ’ਚੋਂ ਕਿਰਦੇ ਦਾਣਿਆਂ ਵਾਂਗ ਭਾਂਡਿਆਂ ’ਚ ਕਿਰਦੀਆਂ। ਭਾਂਡਾ ਭਰ ਕੇ ਫੇਰ ਲੀਰ ਤੁੰਨ ਦਿੰਦੇ। ਖਿੱਲਾਂ ਦੇ ਨਾਲ ਨਾਲ ਝੋਲੇ ਵਿੱਚੋਂ ਵੀਹ ਪੈਸੇ, ਚੁਆਨੀ ਆਦਿ ਵੀ ਕਿਰੀ ਜਾਂਦੇ। ਅਸੀਂ ਖਿੱਲਾਂ ਜੇਬਾਂ ਵਿੱਚ ਭਰ ਲੈਂਦੇ ਤੇ ਪੈਸੇ ਮੁੱਠੀ ਵਿੱਚ ਲੈ ਕੇ ਦੁਕਾਨ ਵੱਲ ਫਰਾਟਾ ਦੌੜ ਲਗਾ ਦਿੰਦੇ। ਜਦੋਂ ਖਿੱਲਾਂ ਦਾ ਝੋਲਾ ਮੁੱਕਣ ਤੇ ਆਇਆ ਤਾਂ ਅਸੀਂ ਸੋਚਦੇ, ਕਾਸ਼! ਜੇ ਕੋਈ ਨਾਨਕੀਂ ਹੁਣ ਅੰਬੋ ਮਰੀ ਦਾ ਸੁਨੇਹਾ ਲਾ ਆਵੇ!

ਲੇਖਕ : ਪਰਗਟ ਸਿੰਘ ਸਤੌਜ ਹੋਰ ਲਿਖਤ (ਇਸ ਸਾਇਟ 'ਤੇ): 2
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1292
ਲੇਖਕ ਬਾਰੇ
ਪਰਗਟ ਸਤੋਜ ਬਾਰੇ ਜਾਨਣ ਲਈ ਇੱਥੇ ਕੱਲੀਕ ਕਰੋ

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ