ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਦੇਵਤਿਆਂ ਵਰਗਾ ਇਨਸਾਨ

ਇਹ ਆਮ ਕਰਕੇ ਹਰ ਇਨਸਾਨ ਦੀ ਹੀ ਫਿਤਰਤ ਹੁੰਦੀ ਹੈ ਕਿ ਜਦੋ ਉਹ ਅਸਮਾਨੀ ਉੱਡਦਾ ਹੈ ਤਾਂ ਜਮੀਨ ਨਾਲੋ ਟੁੱਟ ਜਾਂਦਾ ਹੈ। ਥੋੜੀ ਜਿਹੀ ਚੜ੍ਹਤ ਤੋ ਬਾਅਦ ਜਮੀਨ ਤੇ ਫਿਰਦੇ ਉਸ ਨੂੰ ਆਦਮੀ ਨਹੀ ਕੀੜੇ ਮਕੌੜੇ ਲੱਗਦੇ ਹਨ। ਪਰ ਕਹਿੰਦੇ ਹਨ ਉਹ ਇਨਸਾਨ ਹੀ ਅਸਲ ਕਾਮਜਾਬ ਹੁੰਦਾ ਹੈ ਜੋ ਹਰ ਹਲਾਤ ਵਿੱਚ ਆਪਣੀ ਜੜ੍ਹ ਨਾਲ ਜੁੜਿਆ ਰਹਿੰਦਾ ਹੈ। 1990 ਦੇ ਕਰੀਬ ਸਾਨੂੰ ਸਕੂਲ ਦੇ ਬੱਚਿਆ ਨਾਲ ਮੂੰਬਈ ਗੋਆ ਦੇ ਵਿਦਿਅਕ ਟੂਰ ਤੇ ਜਾਣ ਦਾ ਮੋਕਾ ਮਿਲਿਆ। ਅਸੀ ਅਬੋਹਰ ਤੋ ਕਿਸੇ ਬਾਬੂ ਰਾਮ ਨਾ ਦੇ ਵਿਅਕਤੀ ਦੀ ਬੱਸ ਕਿਰਾਏ ਤੇ ਕਰ ਲਈ।ਅਤੇ ਉਸ ਨੇ ਹੀ ਟੂਰ ਦੋਰਾਨ ਸਾਡੇ ਖਾਣੇ ਦੀ ਗੱਲ ਬਾਤ ਉਥੋ ਦੇ ਮਸਹੂਰ ਗਰੀਨ ਕੇਟਰਜ ਦੇ ਮਾਲਿਕ ਦੀਪਾ ਬਾਬੂ ਨਾਲ ਕਰਵਾ ਦਿੱਤੀ। ਉਹਨਾ ਨੇ ਸਾਡੇ ਨਾਲ ਬੱਸ ਵਿੱਚ ਹੀ ਸਫਰ ਕਰਨਾ ਸੀ ਤੇ ਸਾਨੂੰ ਰਸਤੇ ਵਿੱਚ ਹੀ ਖਾਣਾ ਮੂਹਈਆ ਕਰਵਾਉਣਾ ਸੀ। ਸੇਠ ਬਾਬੂ ਰਾਮ ਜੋ ਬੱਸ ਲੈ ਕੇ ਗਿਆ ਸੀ ਉਹ ਖਟਾਰਾ ਬੱਸ ਸੀ ਤੇ ਲੰਬੇ ਟੂਰਾਂ ਤੇ ਜਾਣ ਦੇ ਲਾਈਕ ਨਹੀ ਸੀ। ਮੁਫਤ ਦੀ ਸੈਰ ਦਾ ਸੋਚਕੇ ਉਹ ਆਪਣੀ ਪਤਨੀ ਤੇ ਬੇਟੇ ਨੂੰ ਵੀ ਨਾਲ ਲੈ ਗਿਆ । ਮੁਬੰਈ ਗੋਆ ਤੱਕ ਦਾ ਸਫਰ ਅਸੀ ਬੜੀ ਮੁਸਕਿਲ ਨਾਲ ਤਹਿ ਕੀਤਾ। ਬਹੁਤੇ ਰਸਤੇ ਬੱਸ ਉਸਨੇ ਆਪ ਚਲਾਈ ।ਪਰ ਫਿਰ ਵੀ ਉਹ ਆਪਣੀ ਸਹੂਲੀਅਤ ਲਈ ਅਬੋਹਰ ਦੇ ਕਿਸੇ ਟਰੱਕ ਡਰਾਈਵਰ ਨੂੰ ਨਾਲ ਲੈ ਗਿਆ ।ਤਾਂ ਕਿ ਲੰਬੇ ਰੂਟ ਤੇ ਲਗਾਤਾਰ ਬੱਸ ਚਲਾਉਣ ਤੋ ਉਸ ਨੂੰ ਕੁਝ ਸਹਾਰਾ ਮਿਲ ਸਕੇ। ਸਾਡਾ ਬਹੁਤਾ ਸਮਾਂ ਤਾਂ ਬੱਸ ਦੀ ਮੁਰੰਮਤ ਕਰਾਉਣ ਵਿੱਚ ਹੀ ਗੁਜਰਿਆ। ਜਦੋ ਚਲਦੀ ਚਲਦੀ ਬੱਸ ਰਾਹ ਵਿੱਚ ਹੀ ਰੁੱਕ ਜਾਂਦੀ ਤਾਂ ਬਾਬੂ ਰਾਮ ਤੇ ਉਹ ਡਰਾਇਵਰ ਬੱਸ ਨੂੰ ਠੀਕ ਕਰਨ ਵਿੱਚ ਜਾ ਕੋਈ ਪੁਰਜਾ ਲਿਆਉਣ ਵਿੱਚ ਉਲਝ ਜਾਣੇ ਪਰ ਕੇਟਰਿੰਗ ਵਾਲੇ ਦੇਵ ਰਾਜ ਅੰਕਲ ਖਾਣਾ ਬਣਾਉਣ ਦੀ ਤਿਆਰੀ ਸੁਰੂ ਕਰ ਦਿੰਦੇ। ਸਫਰ ਚਾਹੇ ਅਕਾ ਦੇਣ ਵਾਲਾ ਤੇ ਬੋਰਿੰਗ ਹੋ ਗਿਆ ਸੀ ਪਰ ਖਾਣਾ ਲਾਜਬਾਬ ਹੁੰਦਾ ਸੀ। ਅਸੀ ਹਰ ਚੀਜ ਚਟਕਾਰੇ ਲੈ ਕੇ ਖਾਂਦੇ । ਸੜਕ ਦੇ ਕਿਨਾਰੇ ਤੇ ਖੁਲ੍ਹੇ ਵਿੱਚ ਖਾਣਾ ਖਾਣ ਦਾ ਮਜਾ ਹੀ ਅਜੀਬ ਹੁੰਦਾ ਹੈ। ਬੱਚੇ ਕੇਟਰਿੰਗ ਵਾਲੇ ਦੇਵ ਰਾਜ ਨੂੰ ਡੈਨੀ ਅੰਕਲ ਆਖਦੇ ਕਿਉਕਿ ਉਸ ਦੀ ਸ਼ਕਲ ਫਿਲਮ ਸਟਾਰ ਡੈਨੀ ਨਾਲ ਮਿਲਦੀ ਸੀ।
ਇੰਨੇ ਲੰਬੇ ਸਫਰ ਲਈ ਸਾਡਾ ਕੋਈ ਵੀ ਸਿਡਊਲ ਫਿਕਸ ਨਹੀ ਸੀ ਕੋਈ ਐਡਵਾਂਸ ਬੁਕਿੰਗ ਨਹੀ ਸੀ ਕਰਵਾਈ । ਸਾਨੂੰ ਜਿੱਥੇ ਦਿਨ ਛਿਪਦਾ ਜਾ ਅਰਾਮ ਦੀ ਲੋੜ ਮਹਿਸੂਸ ਕਰਦੇ ਹੋਟਲ, ਧਰਮਸਾਲਾ, ਮਦਿਰ, ਰੈਸਟਹਾਊਸ,ਸਕੂਲ ਜਾ ਗੁਰੂਘਰ ਵਿੱਚ ਰਾਤ ਕੱਟ ਲੈਦੇ। ਤੇ ਕਈ ਕਈ ਵਾਰੀ ਅਸੀ ਸਾਰੀ ਸਾਰੀ ਰਾਤ ਸਫਰ ਕਰਦੇ ਰਹਿੰਦੇ। ਇੱਕ ਡਰਾਈਵਰ ਬੱਸ ਚਲਾਉਂਦਾ ਤੇ ਦੂਸਰਾ ਆਪਣੀ ਨੀਂਦ ਪੂਰੀ ਕਰ ਲੈਂਦਾ। ਬੱਚੇ ਤੇ ਨਾਲ ਗਏ ਸਟਾਫ ਮੈਂਬਰ ਵੀ ਬੱਸ ਦੀਆਂ ਸੀਟਾਂ ਤੇ ਹੀ ਨੀੱਦ ਦੀਆਂ ਝੱਪਕੀਆਂ ਲੈ ਲੈਂਦੇ।
ਗੁਜਰਾਤ ਵਿੱਚੋ ਗੁਜਰਦੇ ਵਕਤ ਅਸੀ ਇੱਕ ਛੋਟੇ ਜਿਹੇ ਕਸਬੇ ਵਿੱਚ ਰਾਤ ਕੱਟਣ ਦਾ ਸੋਚਿਆ। ਸਾਇਦ ਉਹ ਕੋਈ ਧਾਰਮਿਕ ਕਸਬਾ ਸੀ। ਕਸਬੇ ਵਿੱਚਲੇ ਚੋਕ ਚੋ ਅਸੀ ਕਿਸੇ ਮਦਿਰ ਧਰਮਸ਼ਾਲਾ ਬਾਰੇ ਪੁਛਿਆ। ਤੇ ਉਹਨਾ ਦੇ ਦੱਸੇ ਅਨੁਸਾਰ ਹੀ ਕੋਈ ਤਿੰਨ ਚਾਰ ਜਣੇ ਪੈਦਲ ਹੀ ਨਜਦੀਕੀ ਮਦਿਰ ਵਿੱਚ ਰਾਤੀ ਵਿਸ਼ਰਾਮ ਲਈ ਜਗ੍ਹਾਂ ਵੇਖਣ ਚਲੇ ਗਏ। ਇਹ ਇੱਕ ਕੱਚਾ ਜਿਹਾ ਮਦਿਰ ਸੀ। ਜਿਸ ਵਿੱਚ ਫਰਸ ਵੀ ਨਹੀ ਸੀ ਲੱਗਿਆ ਹੋਇਆ । ਕੁਦਰਤੀ ਉਸ ਸਮੇ ਬੱਤੀ ਵੀ ਗੁੱਲ ਸੀ। ਅੰਧੇਰੇ ਕਾਰਨ ਸਾਨੂੰ ਉਹ ਜਗਾਂ ਅਜੀਬ ਜਿਹੀ ਲੱਗੀ। ਮਦਿਰ ਦੇ ਪ੍ਰਬੰਧਕਾਂ ਨੇ ਰਾਤੀ ਸਾਉਣ ਲਈ ਸਾਨੂੰ ਜੋ ਹਾਲ ਕਮਰਾ ਦਿਖਾਇਆ ਉਹ ਕੱਚਾ ਸੀ ਉਸਤੇ ਲੱਕੜ ਦੀਆਂ ਕੜੀਆਂ ਤੇ ਫੂਸ ਦੀ ਛੱਤ ਪਾਈ ਹੋਈ ਸੀ। ਉਥੇ ਸੌਣਾਂ ਤਾਂ ਦੂਰ ਖੜ੍ਹਨ ਨੂੰ ਵੀ ਦਿਲ ਨਹੀ ਸੀ ਕਰਦਾ। ਸਾਨੂੰ ਬਹੁਤ ਨਿਰਾਸਾ ਹੋਈ। ਹੁਣ ਚਾਲੀ ਪੰਜਾਹ ਲੜਕੀਆਂ ਤੇ ਸਟਾਫ ਲਈ ਰਾਤ ਕੱਟਣ ਦਾ ਗੰਭੀਰ ਮਸਲਾ ਸਾਡੇ ਸਾਹਮਣੇ ਸੀ। ਕੋਈ ਹੋਰ ਸਹਿਰ ਵੀ ਨੇੜੇ ਨਹੀ ਸੀ। ਅਗਲਾ ਸਹਿਰ ਕੋਈ ਦੋ ਢਾਈ ਸੋ ਕਿਲੋਮੀਟਰ ਦੀ ਦੂਰੀ ਤੇ ਸੀ । ਜਿਥੇ ਪਹੁੰਚਣ ਲਈ ਪੰਜ ਛੇ ਘੰਟੇ ਲੱਗਣੇ ਸਨ। ਪ੍ਰੇਸਾਨੀ ਦੀ ਹਾਲਤ ਵਿੱਚ ਜਦੋ ਅਸੀ ਮਦਿਰ ਦੇ ਮੁੱਖ ਦੁਆਰ ਕੋਲ ਆਏ ਤਾਂ ਇੱਕ ਚਿੱਟਾ ਕੁੜਤਾ ਪਜਾਮਾ ਪਹਿਣੀ ਬਾਬੂ ਸਾਨੂੰ ਮਿਲਿਆ ਜਿਸਦੇ ਹੱਥ ਵਿੱਚ ਪੂਜਾ ਦੀ ਥਾਲੀ ਸੀ। ਲਗਦਾ ਸੀ ਉਹ ਮਦਿਰ ਚ ਪੂਜਾ ਕਰਕੇ ਹੀ ਬਾਹਰ ਆਇਆ ਸੀ। ਨਮਸਕਾਰ ਬੁਲਾਕੇ ਮੈ ਉਸ ਨੂੰ ਆਪਣੀ ਤੇ ਬੱਚਿਆ ਦੀ ਪਰਾਬਲਮ ਦੱਸੀ ਤੇ ਉਸਨੂੰ ਇਹ ਵੀ ਦੱਸਿਆ ਕਿ ਅਸੀ ਪੰਜਾਬ ਤੋ ਆਏ ਹਾਂ ਤੇ ਇਹ ਸਕੂਲੀ ਬੱਚੀਆਂ ਸਾਡੇ ਨਾਲ ਹਨ। ਉਸ ਆਦਮੀ ਨੇ ਸਾਡੀ ਗੱਲ ਬੜੇ ਧਿਆਨ ਨਾਲ ਸੁਣੀ ਤੇ ਦੱਸਿਆ ਇਹ ਬਹੁਤ ਛੋਟਾ ਕਸਬਾ ਹੈ ਇੱਥੇ ਕੋਈ ਹੋਰ ਮਦਿਰ ਧਰਮਸ਼ਾਲਾ ਨਹੀ ਹੈ ਤੇ ਨਾ ਹੀ ਕੋਈ ਸਕੂਲ ਹੈ। ਥੋੜਾ ਜਿਹਾ ਸੋਚਕੇ ਉਸ ਨੇ ਕਿਹਾ ਕਿ ਕਸਬੇ ਤੋ ਬਾਹਰ ਨਹਿਰ ਦੇ ਕਿਨਾਰੇ ਇੱਕ ਬਹੁਤ ਵਧੀਆ ਸਰਕਾਰੀ ਰੈਸਟ ਹਾਊਸ ਹੈ ।।ਮੈ ਪਤਾ ਕਰਕੇ ਉਸ ਰੈਸਟ ਹਾਊਸ ਵਿੱਚ ਤੁਹਾਡੇ ਲਈ ਪ੍ਰਬੰਧ ਕਰਵਾ ਦਿੰਦਾ ਹਾਂ। ਇਸ ਤਰਾਂ ਗੱਲਾਂ ਕਰਦਾ ਕਰਦਾ ਉਹ ਸਾਡੇ ਨਾਲ ਉਸੇ ਚੌਕ ਵਿੱਚ ਹੀ ਆ ਗਿਆ ਜਿੱਥੇ ਸਾਡੀ ਬੱਸ ਖੜੀ ਸੀ।
ਚੌਕ ਤੇ ਬਣੀ ਚੈਕ ਪੋਸਟ ਤੋ ਉਸਨੇ ਰੈਸਟ ਹਾਊਸ ਦਾ ਨੰਬਰ ਮਿਲਾਕੇ ਦੋ ਕੁ ਮਿੰਟ ਘੁਸਰ ਮੁਸਰ ਜਿਹੀ ਕੀਤੀ ਤੇ ਕਹਿੰਦਾ ਤੁਹਾਡੇ ਲਈ ਕਮਰੇ ਬੁੱਕ ਹੋ ਗਏ ਹਨ ਤੇ ਤੁਸੀ ਰੈਸਟ ਹਾਊਸ ਚਲੇ ਜਾਉ। ਕਿਉਕਿ ਅਸੀ ਉਸ ਇਲਾਕੇ ਤੋ ਬਿਲਕੁਲ ਅਣਜਾਣ ਸੀ ਤੇ ਰਸਤੇ ਦਾ ਸਾਨੂੰ ਪਤਾ ਨਹੀ ਸੀ। ਫਿਰ ਉਹ ਆਪ ਹੀ ਸਾਡੇ ਨਾਲ ਚੱਲਣ ਨੂੰ ਤਿਆਰ ਹੋ ਗਿਆ। ਢਾਈ ਤਿੰਨ ਕਿਲੋ ਮੀਟਰ ਦੂਰ ਉਹ ਸਾਡੇ ਨਾਲ ਬੱਸ ਚ ਬਹਿਕੇ ਸਾਨੂੰ ਰੈਸਟ ਹਾਉਸ ਲੈ ਗਿਆ। ਬੱਸ ਵਿੱਚ ਬੈਠਾ ਉਹ ਆਦਮੀ ਸਾਡੇ ਨਾਲ ਦੇਸ ਵਿਦੇਸ ਤੇ ਰਾਜਨੀਤੀ ਦੀਆਂ ਗੱਲਾ ਕਰਦਾ ਰਿਹਾ। ਉਸਨੇ ਕਈ ਧਾਰਮਿਕ ਵਿਸਿ਼ਆ ਤੇ ਵੀ ਗੱਲ ਕੀਤੀ। ਉਸ ਦੀਆਂ ਗੱਲਾ ਤੋ ਉਹ ਆਦਮੀ ਕੋਈ ਲਾਲਾ ਨਹੀ ਸਗੋ ਕਾਫੀ ਪੜ੍ਹਿਆ ਲਿਖਿਆ ਲੱਗਿਆ। ਇਹ ਰੈਸਟ ਹਾਊਸ ਦੀ ਇਮਾਰਤ ਬਹੁਤ ਵਧੀਆ ਸੀ ਤੇ ਜਿੱਥੇ ਹਰ ਸਹੂਲੀਅਤ ਮੋਜੂਦ ਸੀ। ਬੱਚਿਆ ਨੂੰ ਕਮਰੇ ਅਲਾਟ ਕਰ ਦਿੱਤੇ ਗਏ। ਕੇਟਰਜ ਨੇ ਆਪਣੀਆਂ ਭੱਠੀਆਂ ਬਾਲ ਲਈਆ ਤੇ ਤੜਕੇ ਲੱਗਣੇ ਸੁਰੂ ਹੋ ਗਏ।। ਫਿਰ ਮੈ ਤੇ ਮੇਰਾ ਸਹਿਕਰਮੀ ਦੋਸਤ ਉਸਨੂੰ ਬੱਸ ਰਾਹੀ ਵਾਪਿਸ ਉਸਦੇ ਘਰ ਛੱਡਣ ਲਈ ਤਿਆਰ ਹੋ ਗਏ। ਪਰ ਉਸਨੇ ਸਾਡੇ ਨਾਲ ਜਾਣ ਤੋ ਸਾਫ ਇਨਕਾਰ ਕਰ ਦਿੱਤਾ ਤੇ ਕਹਿੰਦਾ । ਮੈ ਆਪਣੇ ਆਪ ਚਲਾ ਜਾਵਾਂਗਾ।ਇਸੇ ਬਹਾਨੇ ਮੇਰੀ ਸੈਰ ਹੋ ਜਾਵੇਗੀ। ਬੱਸ ਤੁਸੀ ਖੇਚਲ ਨਾ ਕਰੋ ।ਗੱਲਾਂ ਕਰਦੇ ਹੋਏ ਮੈ ਅਚਾਨਕ ਦੇਖਿਆ ਕਿ ਉਹ ਨੰਗੇ ਪੈਰੀ ਸੀ। ਜਦੋ ਮੈ ਇਸਦਾ ਕਾਰਨ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਹ ਘਰੋ ਨੰਗੇ ਪੈਰੀ ਹੀ ਮਦਿਰ ਆਉਂਦਾ ਹੈ। ਮੈਨੂੰ ਉਸ ਦੀ ਇਹ ਗੱਲ ਬਹੁਤ ਵਧੀਆ ਲੱਗੀ ।ਸਰ ਜੀ ਤੁਸੀ ਕੀ ਕੰਮ ਕਰਦੇ ਹੋ? ਅਚਾਨਕ ਮੇਰੇ ਮੂੰਹ ਚੋ ਨਿਕਲਿਆ। ਮੈ ਸੀ ਜੇ ਐਮ ਹਾਂ। ਤੇ ਮੇਰੀ ਪੋਸਟਿੰਗ ਇੱਥੋ ਦੋ ਸੋ ਕਿਲੋਮੀਟਰ ਦੂਰ ਜਿਲਂ੍ਹੇ ਵਿੱਚ ਹੈ। ਮੈ ਹਰ ਵੀਕ ਐਡ ਤੇ ਇੱਥੇ ਆਪਣੇ ਬੁਢੇ ਮਾਂ ਬਾਪ ਨੂੰ ਮਿਲਣ ਆਉਂਦਾ ਹਾਂ। ਉਸਦੇ ਮੂੰਹੋ ਸੀ ਜੇ ਐਮ ਸਬਦ ਸੁਣਕੇ ਮੇਰਾ ਮੂੰਹ ਅੱਡਿਆ ਹੀ ਰਹਿ ਗਿਆ।
ਵਾਪਿਸੀ ਤੇ ਮੇਰਾ ਦੋਸਤ ਮੈਨੂੰ ਕਹਿੰਦਾ ਯਾਰ ਇਹ ਸੀ ਜੇ ਐਮ ਕੀ ਹੁੰਦਾ ਹੈ। ਮਖਿਆ ਚੀਫ ਜੂਡੀਸ਼ੀਅਲ ਮੈਜਿਸਟਰੇਟ।ਢਾਈ ਦਹਾਕੇ ਗੁਜਰਨ ਤੋ ਬਾਦ ਅੱਜ ਵੀ ਮੈਨੂੰ ਉਸ ਦੇਵਤਾ ਨੁਮਾ ਆਦਮੀ ਦਾ ਚੇਹਰਾ ਚੰਗੀ ਤਰਾਂ ਯਾਦ ਹੈ । ਤੇ ਸਿਰ ਉਸ ਦੀ ਹਲੀਮੀ ਤੇ ਨਿਮਰਤਾ ਅੱਗੇ ਝੁਕਦਾ ਹੈ।

ਲੇਖਕ : ਰਮੇਸ਼ ਸੇਠੀ ਬਾਦਲ ਹੋਰ ਲਿਖਤ (ਇਸ ਸਾਇਟ 'ਤੇ): 54
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :683
ਲੇਖਕ ਬਾਰੇ
ਆਪ ਜੀ ਇੱਕ ਕਹਾਣੀਕਾਰ ਵਜੋਂ ਪੰਜਾਬੀ ਸਾਹਿਤ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹੋ। ਆਪ ਜੀ ਦਾ ਪਹਿਲਾ ਕਹਾਣੀ ਸੰਗ੍ਰਿਹ "ਇੱਕ ਗਧਾਰੀ ਹੋਰ" ਬਹੁ ਪ੍ਰਚਲਤ ਹੋਇਆ ਹੈ। ਆਪ ਜੀ ਦੀਆਂ ਰਚਨਾਵਾ ਅਕਸਰ ਅਖਬਾਰਾ ਵਿੱਚ ਛਾਪਦੀਆ ਰਹਿੰਦੀਆ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਵਿਸ਼ਵ ਪੰਜਾਬੀ ਕਾਨਫ਼ਰੰਸ 2017