ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਹੈਡ ਮਾਸਟਰ ਗੁਰਚਰਨ ਸਿੰਘ ਮੁਸਾਫਿਰ

ਸਕੂਲ ਦੀ ਕੱਚੀ ਪੱਕੀ ਦੀ ਪੜਾਈ ਤੌ ਲੈਕੇ ਕਾਲੇਜ ਯੂਨੀਵਰਸਿਟੀ ਦੀ ਪੜ੍ਹਾਈ ਤੱਕ ਸਾਡਾ ਰਾਬਤਾ ਅਧਿਆਪਕਾਂ ਤੇ ਪੋਫੈਸਰਾਂ ਨਾਲ ਪੈਂਦਾ ਹੈ ਤੇ ਜਿੰਦਗੀ ਦੇ ਕੋੜੇ ਮਿੱਠੇ ਤਜਰਬੇ ਵੀ ਸਾਨੂੰ ਇਹਨਾ ਕੋਲੋ ਮਿਲਦੇ ਹਨ।ਬਹੁਤੇ ਲੋਕਾਂ ਦੀ ਜਿੰਦਗੀ ਸੰਵਾਰਨ ਵਿੱਚ ਕਿਸੇ ਨਾ ਕਿਸੇ ਅਧਿਆਪਕ ਦਾ ਬਹੁਤਾ ਹੱਥ ਹੁੰਦਾ ਹੈ । ਤੇ ਕਈ ਵਾਰੀ ਕਿਸੇ ਇੱਕ ਅਧਿਆਪਕ ਕਰਕੇ ਕਿਸੇ ਦੀ ਜਿੰਦਗੀ ਬਰਬਾਦ ਹੋ ਜਾਂਦੀ ਹੈ ਪਰ ਅਜਿਹਾ ਕੇਸ ਲੱਖਾ ਵਿੱਚ ਇੱਕ ਅੱਧਾ ਹੀ ਮਸਾਂ ਹੁੰਦਾ ਹੈ। ਜਦੋ ਅਸੀ ਆਪਣੇ ਅੰਦਰ ਝਾਤੀ ਮਾਰਦੇ ਹਾਂ ਤੇ ਆਪਣੀ ਸਫਲਤਾ ਨੂੰ ਨਿਹਾਰਦੇ ਹਾਂ ਤੇ ਸਾਨੂੰ ਚਿਜੰਦਗੀ ਦੇ ਇਸ ਮੁਕਾਮ ਤੇ ਪਹੁੰਚਾਉਣ ਚ ਸਹਾਈ ਕਿਸੇ ਨਾ ਕਿਸੇ ਅਧਿਆਪਕ ਦਾ ਇੱਕ ਵਿਸੇ਼ਸ਼ ਰੋਲ ਨਜਰ ਆਉਂਦਾ ਹੈ। ਮੇਰੀ ਮੁਡਲੀ ਪੜਾਈ ਦੋਰਾਨ ਯਾਨਿ 1966-67 ਤੋ ਲੈ ਕੇ 1972-73 ਤੱਕ ਸਰਦਾਰ ਗੁਰਚਰਨ ਸਿੰਘ ਮੁਸਾਫਿਰ ਮੇਰੇ ਹੈਡ ਮਾਸਟਰ ਸਨ। ਉਸ ਸਮੇ ਮੇਰੇ ਪਿੰਡ ਘੁਮਿਆਰੇ ਵਾਲਾ ਸਕੂਲ ਮਿਡਲ ਤੱਕ ਦਾ ਹੀ ਹੁੰਦਾ ਸੀ ਤੇ ਮੇਰਾ ਪਿੰਡ ਫਿਰੋਜਪੁਰ ਜਿਲ੍ਹੇ ਦਾ ਹਿੱਸਾ ਸੀ ਜੋ ਬਾਦ ਵਿੱਚ ਫਰੀਦਕੋਟ ਚ ਆ ਗਿਆ ਤੇ ਹੁਣ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਹੈ।ਪਰ ਮੇਰੇ ਬਚਪਣ ਵਿੱਚ ਹੈਡ ਮਾਸਟਰ ਸਾਹਿਬ ਦਾ ਬਹੁਤ ਯੋਗਦਾਨ ਹੈ। ਅੱਜ ਵੀ ਉਹਨਾ ਦੀਆਂ ਦੱਸੀਆਂ ਗੱਲਾਂ ਮੇਰੇ ਮਨ ਦੀ ਸਲੇਟ ਤੇ ਉਕਰੀਆਂ ਹੋਈਆਂ ਹਨ। ਉਹਨਾ ਦੀਆਂ ਮਿਠੀਆਂ ਯਾਦਾਂ ਅੱਜ ਵੀ ਮਨ ਨੂੰ ਭਾਰੀ ਖੁਸੀ ਦਿੰਦੀਆਂ ਹਨ।
ਉਸ ਸਮੇ ਮੇਰੇ ਪਾਪਾ ਜੀ ਨਾਲ ਹੈਡ ਮਾਸਟਰ ਸਾਹਿਬ ਜੀ ਦੇ ਚੰਗੇ ਤਾਲੋਕਾਤ ਸਨ। ਹੈਡ ਮਾਸਟਰ ਸਾਹਿਬ ਸਕੂਲ ਬਿਲਡਿੰਗ ਤੇ ਬਣੀ ਚੁਬਾਰੀ ਵਿੱਚ ਹੀ ਰਹਿੰਦੇ ਸਨ। ਤੇ ਸਾਡੇ ਗੁਆਢੀਆਂ ਦਾ ਮੁੰਡਾ ਸੂਰਜੀਆ ਉਹਨਾ ਕੋਲ ਰਹਿੰਦਾ ਸੀ ਤੇ ਉਹਨਾ ਦਾ ਨਿੱਜੀ ਸੇਵਾਦਾਰ ਸੀ । ਉਹ ਹੀ ਸਵੇਰੇ ਸ਼ਾਮੀ ਉਹਨਾ ਦਾ ਖਾਣਾ ਬਣਾਉਦਾ ਤੇ ਹੋਰ ਨਿੱਕੇ ਨਿੱਕੇ ਕੰਮ ਕਰਦਾ ਸੀ। ਹੈਡ ਮਾਸਟਰ ਸਾਹਿਬ ਦੇ ਕਮਰੇ ਦੇ ਲੈਪ ਦੀ ਚਿਮਨੀ ਉਹ ਬਹੁਤ ਨੀਝ ਲਾਕੇ ਸਾਫ ਕਰਦਾ। ਕਿਉਕਿ ਜਿਸ ਦਿਨ ਚਿਮਨੀ ਚੰਗੀ ਤਰਾਂ ਸਾਫ ਨਾ ਹੁੰਦੀ ਤਾਂ ਹੈਡ ਮਾਸਟਰ ਸਾਹਿਬ ਖੁਦ ਦੁਬਾਰਾ ਚਿਮਨੀ ਸਾਫ ਕਰਦੇ ਤੇ ਸੂਰਜੀਏ ਨੂੰ ਇਸ ਗੱਲ ਦੀ ਬੜੀ ਸ਼ਰਮ ਆਉਦੀ। ਵੈਸੇ ਸੂਰਜੀਆ ਮੇਰੇ ਤੋ ਇੱਕ ਜਮਾਤ ਅੱਗੇ ਸੀ। ਗਰੀਬ ਘਰ ਦਾ ਹੋਣ ਕਰਕੇ ਹੈਡ ਮਾਸਟਰ ਸਾਹਿਬ ਉਸ ਦੀ ਪੜ੍ਹਾਈ ਵਿੱਚ ਸਹਾਇਤਾ ਕਰਦੇ। ਸੂਰਜੀਏ ਦੇ ਕਪੜੇ ਵਰਦੀ ਦਾ ਖਰਚ ਵੀ ਆਪਣੇ ਕੋਲੋ ਕਰਦੇ। ਸੂਰਜੀਆਂ ਰੋਟੀ ਵੀ ਹੈਡ ਮਾਸਟਰ ਸਾਹਿਬ ਦੀ ਚੁਬਾਰੀ ਵਿੱਚ ਖਾਂਦਾ। ਆਨੀ ਬਹਾਨੀ ਹੈਡ ਮਾਸਟਰ ਸਾਹਿਬ ਉਹਨਾ ਦੇ ਪਰਿਵਾਰ ਦੀ ਮਾਲੀ ਸਹਾਇਤਾ ਵੀ ਕਰਦੇ ਪਰ ਉਸ ਇਸ ਗੱਲ ਦਾ ਸੂਰਜੀਏ ਨੂੰ ਇਹਸਾਸ ਨਾ ਹੋਣ ਦਿੰਦੇ। ਪੜਾਈ ਚ ਗਲਤੀ ਹੋਣ ਸਮੇ ਉਹ ਸੂਰਜੀਏ ਨੂੰ ਵਾਧੂ ਕੁੱਟਦੇ ਤੇ ਕੁੱਟ ਖਾਕੇ ਵੀ ਸੂਰਜੀਆ ਹੈਡ ਮਾਸਟਰ ਸਾਹਿਬ ਦੀ ਪੂਰੀ ਸੇਵਾ ਕਰਦਾ। ਤੇ ਉਹਨਾ ਦੀ ਬਦੋਲਤ ਹੀ ਸੂਰਜੀਆ ਦਸਵੀ ਪਾਸ ਕਰ ਗਿਆ।
ਹੈਡ ਮਾਸਟਰ ਸਾਹਿਬ ਚਾਹੇ ਦਾਰੂ ਪੀਣ ਦੇ ਸੋਕੀਨ ਸਨ। ਪਰ ਉਹ ਕਿਸੇ ਦੇ ਘਰ ਜਾਕੇ ਜਾ ਕਿਸੇ ਹੋਰ ਆਦਮੀ ਨਾਲ ਨਹੀ ਸੀ ਪੀਂਦੇ।ਹਾਂ ਇੱਕ ਵਾਰੀ ਉਹ ਮੇਰੇ ਪਾਪਾ ਜੀ ਦੇ ਬਹੁਤਾ ਜੋਰ ਪਾਉਣ ਤੇ ਸਾਡੇ ਘਰ ਸ਼ਾਮ ਦੇ ਖਾਣੇ ਤੇ ਆਏ ਤੇ ਜਦੋ ਉਹ ਮੇਰੇ ਪਾਪਾ ਜੀ ਨਾਲ ਹਮ ਪਿਆਲਾ ਹੋਏ ਤਾਂ ਮੈਨੂ ਪਤਾ ਲੱਗਿਆ ਕਿ ਉਹ ਦਾਰੂ ਪੀਂਦੇ ਹਨ।ਇਸ ਗੱਲ ਦੀ ਉਹਨਾਂ ਨੂੰ ਮੇਰੇ ਕੋਲੋ ਬਹੁਤ ਸ਼ਰਮ ਆਈ। ਤੇ ਇਸ ਗੱਲ ਨੂੰ ਉਹਨਾ ਨੇ ਬਹੁਤ ਮਹਿਸੂਸ ਕੀਤਾ ਤੇ ਫਿਰ ਕਈ ਦਿਨ ਉਹਨਾ ਮੇਰੇ ਨਾਲ ਅੱਖ ਨਹੀ ਸੀ ਮਿਲਾਈ। ਉਹਨਾ ਨੇ ਮੈਨੂੰ ਇਹ ਗੱਲ ਕਿਸੇ ਹੋਰ ਨੂੰ ਦੱਸਣ ਤੋ ਵੀ ਰੋਕਿਆ। ਇਹੀ ਉਹਨਾ ਦੀ ਸਖਸੀਅਤ ਦਾ ਰਾਜ ਸੀ।ਉਹ ਭਲਾ ਜਮਾਨਾ ਸੀ ਸਕੂਲਾਂ ਨੂੰ ਸਰਕਾਰ ਵਲੌ ਕੋਈ ਮਾਲੀ ਸਹਾਇਤਾ ਨਹੀ ਸੀ ਮਿਲਦੀ ਹੁੰਦੀ। ਤੇ ਨਾ ਹੀ ਕਿਸੇ ਕਿਸਮ ਦੀ ਗਰਾਂਟ ਆਉਦੀ ਸੀ। ਸਕੂਲ ਪਿੰਡ ਦੀ ਪੰਚਾਇਤ ਤੇ ਲੋਕਾਂ ਦੇ ਸਹਿਯੋਗ ਨਾਲ ਚਲਾਏ ਜਾਂਦੇ ਸਨ। ਮੁਸਾਫਿਰ ਸਾਹਿਬ ਨੇ ਸਕੂਲ ਦੇ ਬਾਹਰ ਬਹੁਤ ਵੱਡੇ ਸੁਆਹ ਦੇ ਆਵੇ ਨੂੰ ਚੁਕਣ ਦਾ ਬੀੜਾ ਚੁਕਿਆ। ਹੈਡ ਮਾਸਟਰ ਸਾਹਿਬ ਦੀ ਇਸ ਗੱਲ ਤੇ ਪਿੰਡ ਵਾਲੇ ਕਈ ਲੋਕ ਹੱਸਣ ਲੱਗੇ ਪਰ ਉਹਨਾ ਦੀ ਹੱਲਾ ਸ਼ੇਰੀ ਤੇ ਹੋਸਲੇ ਨਾਲ ਪਿੰਡ ਵਾਸੀਆਂ ਨੇ ਆਪਣੇ ਬਲਦਾਂ ਊਠਾਂ ਨਾਲ ਕਿਰਾਹੇ ਲਾਕੇ ਇਹ ਕੰਮ ਸੁਰੂ ਕਰ ਦਿੱਤਾ। ਕਿਉਕਿ ਉਸ ਸਮੇ ਪਿੰਡਾਂ ਵਿੱਚ ਟਰਕੈਟਰ ਨਹੀ ਸੀ ਹੁੰਦੇ। ਪਿੰਡ ਵਾਸੀਆਂ ਦੇ ਏਕੇ ਸਦਕਾ ਪਹਾੜ ਵਰਗਾ ਆਵਾ ਦਿਨਾ ਵਿੱਚ ਹੀ ਚੁਕਿਆ ਗਿਆ ਤੇ ਸਮਤਲ ਮੈਦਾਨ ਬਣ ਗਿਆ। ਆਵੇ ਦੀ ਸਵਾਹ ਤੇ ਖੰਗਰਾਂ ਨਾਲ ਵਾਧੂ ਪਏ ਛੱਪੜ ਨੂੰ ਭਰ ਦਿੱਤਾ ਗਿਆ। ਇਹ ਇੱਕ ਬਹੁਤ ਵੱਡਾ ਕੰਮ ਸੀ।ਅੱਜ ਵੀ ਪੁਰਾਣੇ ਲੋਕ ਉਸ ਵੇਲੇ ਨੂੰ ਯਾਦ ਕਰਦੇ ਹਨ ਤੇ ਮੁਸਾਫਿਰ ਸਾਹਿਬ ਦੇ ਗੁਣ ਗਾਉਂਦੇ ਹਨ।
ਸਕੂਲ ਵਿੱਚ ਇੱਕ ਚਾਲੀ ਪੰਤਾਲੀ ਫੁੱਟ ਦਾ ਹਾਲ ਕਮਰਾ ਸੀ ਜਿਸ ਵਿੱਚ ਦੋ ਜਮਾਤਾਂ ਬੈਠਦੀਆਂ ਸਨ। ਵਿਚਾਲੇ ਕੋਈ ਕੰਧ ਨਾ ਹੋਣ ਕਰਕੇ ਬੱਚਿਆ ਦੀ ਪੜਾਈ ਵਿੱਚ ਵਿਘਣ ਪੈਦਾ ਸੀ। ਮੁਸਾਫਿਰ ਸਾਹਿਬ ਨੇ ਆਪਣੀ ਸੂਝਬੂਝ ਸਦਕਾ ਉਸਦਾ ਸਵਾ ਫੁੱਟ ਚੋੜੇ ਕਿੱਕਰ ਦੇ ਸੋਲਾਂ ਫੱਟਿਆਂ ਨਾਲ ਪਾਰਟੀਸ਼ਨ ਕਰ ਦਿੱਤਾ। ਹੁਣ ਉਸ ਹਾਲ ਕਮਰੇ ਨੂੰ ਮਰਜੀ ਅਨੁਸਾਰ ਹਾਲ ਕਮਰੇ ਦੇ ਰੂਪ ਵਿੱਚ ਜਾ ਦੋ ਕਲਾਸ ਰੂਮਾਂ ਦੇ ਤੌਰ ਤੇ ਵਰਤਿਆ ਜਾ ਸਕਦਾ ਸੀ। ਸਕੂਲ ਵਿੱਚ ਕਮਰਿਆਂ ਦੀ ਘਾਟ ਹੋਣ ਕਰਕੇ ਤਿੰਨ ਕਮਰਿਆਂ ਦੀ ਉਸਾਰੀ ਦਾ ਕੰਮ ਸੁਰੂ ਕੀਤਾ ਗਿਆ ਪਰ ਪੈਸੇ ਦੀ ਕਮੀ ਕਾਰਨ ਛੱਤਾਂ ਤੇ ਆਕੇ ਕੰਮ ਅਟਕ ਗਿਆ । ਕਈ ਸਾਲ ਉਹ ਕਮਰੇ ਬਿਨਾ ਛੱਤ ਦੇ ਪਏ ਰਹੇ। ਫਿਰ ਹੈਡ ਮਾਸਟਰ ਸਾਹਿਬ ਨੇ ਉਪਰਾਲਾ ਕਰਕੇ ਇੱਕ ਇੱਕ ਕਮਰੇ ਦੀ ਡਾਟ ਵਾਲੀ ਛੱਤ ਪੁਆਈ ਤੇ ਸਕੂਲ ਦੇ ਅਧਿਆਪਕਾਂ ਤੇ ਬੱਚਿਆ ਤੋ ਕਾਰ ਸੇਵਾ ਕਰਵਾਈ ਗਈ। ਮੈ ਹੈਡ ਮਾਸਟਰ ਸਾਹਿਬ ਨੂੰ ਹੱਥੀ ਇੱਟਾਂ ਚੁਕਦੇ ਵੇਖਿਆ।
ਉਹ ਭਲੇ ਵੇਲੇ ਸਨ। ਅਧਿਆਪਕਾਂ ਬਹਤੇ ਮਾਇਆਧਾਰੀ ਨਹੀ ਸਨ। ਕੋਈ ਵੀ ਆਧਿਆਪਕ ਟਿਊਸ਼ਨ ਨਹੀ ਸੀ ਪੜਾਉਂਦਾ।ਹੈਡ ਮਾਸਟਰ ਸਾਹਿਬ ਸ਼ਾਮੀ ਪੰਜ ਸੱਤ ਗਰੀਬ ਬੱਚਿਆਂ ਨੂੰ ਮੁਫਤ ਪੜਾਉਂਦੇ। ਆਧਿਆਪਕਾਂ ਨੂੰ ਬੱਚਿਆ ਤੋ ਕਿਸੇ ਕਿਸਮ ਦਾ ਕੋਈ ਲਾਲਚ ਨਹੀ ਸੀ ਹੁੰਦਾ।ਤਕਰੀਬਨ ਸਾਰੇ ਅਧਿਆਪਕ ਦੁੱਧ ਵੀ ਮੁੱਲ ਹੀ ਲੈਂਦੇ ਸਨ। ਹਾਂ ਜੇ ਕੋਈ ਆਪਣੇ ਘਰੋ ਸਰੌ ਦਾ ਸਾਗ , ਬਾਜਰੇ ਦੀ ਰੋਟੀ ਛੋਲੂਆ ,ਹੋਲਾਂ ਤੇ ਲੱਸੀ ਵਗੈਰਾ ਲੈ ਆਉਂਦਾ ਤਾਂ ਇਨਕਾਰ ਨਾ ਕਰਦੇ ਇਸ ਤੋ ਬਾਅਦ ਜਿੰਦਗੀ ਵਿੱਚ ਬਹੁਤ ਸਾਰੇ ਅਧਿਆਪਕਾਂ ਨਾਲ ਰਾਬਤਾ ਬਣਿਆ ਬਹੁਤ ਚੰਗੇ ਅਧਿਆਪਕ ਮਿਲੇ ਉਹਨਾ ਕੋਲੋ ਬਹੁਤ ਕੁਝ ਸਿੱਖਿਆ।ਪਰ ਗੁਰਚਰਨ ਸਿੰਘ ਮੁਸਾਫਿਰ ਵਰਗੀ ਸਖਸ਼ੀਅਤ ਮੁੜ ਨਾ ਮਿਲੀ।ਤੇ ਪਰਮਾਤਮਾ ਦੀ ਕਰਨੀ ਕਹੋ ਜਾ ਮੇਰੀ ਕਿਸਮਤ ਉਸ ਤੋ ਬਾਦ ਮੈਨੂੰ ਮੁਸਾਫਿਰ ਸਾਹਿਬ ਦੇ ਦਰਸ਼ਨ ਨਹੀ ਹੋਏ। ਅੱਜ ਵੀ ਰੂਹ ਉਸ ਗਿਆਨ ਦੇ ਦੀਪਕ ਨੂੰ ਵੇਖਣਾ ਲੋਚਦੀ ਹੈ।

ਲੇਖਕ : ਰਮੇਸ਼ ਸੇਠੀ ਬਾਦਲ ਹੋਰ ਲਿਖਤ (ਇਸ ਸਾਇਟ 'ਤੇ): 54
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1073
ਲੇਖਕ ਬਾਰੇ
ਆਪ ਜੀ ਇੱਕ ਕਹਾਣੀਕਾਰ ਵਜੋਂ ਪੰਜਾਬੀ ਸਾਹਿਤ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹੋ। ਆਪ ਜੀ ਦਾ ਪਹਿਲਾ ਕਹਾਣੀ ਸੰਗ੍ਰਿਹ "ਇੱਕ ਗਧਾਰੀ ਹੋਰ" ਬਹੁ ਪ੍ਰਚਲਤ ਹੋਇਆ ਹੈ। ਆਪ ਜੀ ਦੀਆਂ ਰਚਨਾਵਾ ਅਕਸਰ ਅਖਬਾਰਾ ਵਿੱਚ ਛਾਪਦੀਆ ਰਹਿੰਦੀਆ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ