ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸੁਮੇਲ ਸਿੰਘ ਦਾ ਚੱਕ ਬਖਤੂ ਦੀਆਂ ਗਲੀਆਂ ਤੋਂ ਖਡੂਰ ਸਾਹਿਬ ਤੱਕ ਦਾ ਸਫਰ

ਕੋਟ ਬਖਤੂ ਜਿਲਾ ਬਠਿੰਡਾਂ ਵਿੱਚ ਜਨਮਿਆ ਸੁਮੇਲ ਸਿੰਘ ਪਿੰਡ ਦੀਆਂ ਖੁਲੀਆਂ ਫਿਜਾਵਾਂ ਵਿੱਚ ਬਚਪਨ ਦੀਆਂ ਪੁਲਾਘਾ ਪੁਟਦਾ ਹੋਇਆ ਜਿੰਦਗੀ ਦਾ ਵਚਿਤਰ ਸਫਰ ਤਹਿ ਕਰ ਰਿਹਾ ਹੈ। ਪਿੰਡ ਦੇ ਅਤੇ ਇਲਾਕੇ ਦੇ ਸਰਕਾਰੀ ਸਕੂਲਾਂ ਵਿੱਚ ਪੜਦਾ ਹੋਇਆ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾਂ ਦਾ ਵਿਦਿਆਰਥੀ ਵੀ ਰਿਹਾ। ਹੋਰ ਉਚੇਰੀ ਪੜਾਈ ਲਈ ਦਿੱਲੀ ਦੇ ਮਸਹੂਰ ਮੰਨੇ ਪਰਮੰਨੇ ਵਿਦਿਅਕ ਅਦਾਰੇ ਜਵਾਹਰ ਲਾਲ ਨਹਿਰੂ ਵਿੱਚ ਮਾਣ ਮੱਤੀਆਂ ਪੈੜਾ ਪਾਉਂਦਾ ਰਿਹਾ। ਦਿੱਲੀ ਦੇ ਇੱਕ ਹੋਰ ਮਸਹੂਰ ਵਿਦਿਅਕ ਅਦਾਰੇ ਦਿੱਲੀ ਕਾਲਜ ਦਾ ਵੀ ਵਿਦਿਆਰਥੀ ਰਿਹਾ ਹੈ। ਮਾਸਟਰ ਡਿਗਰੀ ਅਤੇ ਪੀ ਐਚ ਡੀ ਵਰਗੀਆਂ ਡਿਗਰੀਆਂ ਦੇ ਮਾਲਕ ਸੁਮੇਲ ਵਿੱਚ ਅੱਜ ਵੀ ਦਿੱਲੀ ਦੀ ਹਿੰਦੀ ਅੰਗਰੇਜੀ ਨਾਲ ਰਲਗੱਡ ਬੋਲੀ ਨਹੀਂ ਸੁੱਧ ਠੇਠ ਪੰਜਾਬੀ ਦੀ ਮਿਹਕ ਵਾਲੀਆਂ ਗੱਲਾਂ ਕਰਦਿਆਂ ਸੁਣਦਿਆਂ ਹਾਸੇ ਬਿੱਖਰ ਜਾਂਦੇ ਹਨ। ਪੰਜਾਬੀਅਤ ਦੀ ਸਾਂਝੀਵਾਲਤਾ ਦਾ ਸੰਦੇਸ ਉਸਦੀ ਹਰ ਗੱਲ ਵਿੱਚੋਂ ਝਲਕਦਾ ਹੈ। ਵਿਦਿਆਰਥੀਆਂ ਨੂੰ ਪਰੋਫੈਸਰ ਬਣਕੇ ਸਿੱਖਿਆ ਵੰਡਣ ਵਾਲਾ ਸੁਮੇਲ ਨੌਕਰੀ ਤਿਆਗ ਕੇ ਪੰਜਾਬ ਦਾ ਭਵਿੱਖ ਸੰਵਾਰਨ ਲਈ ਕਦ ਕਿਵੇਂ ਕੰਡੀਆਂ ਦੇ ਰਾਹ ਕੁਦਰਤ ਅਤੇ ਹਾਲਾਤਾਂ ਨੇ ਤੋਰ ਦਿੱਤਾ ਕੁਦਰਤ ਹੀ ਜਾਣਦੀ ਹੈ।
ਦਿੱਲੀ ਦੇ ਵਿੱਚ ਸੁਰੂ ਕੀਤੀ ਭਿ੍ਰਸਟਾਚਾਰ ਵਿਰੋਧੀ ਅੰਨਾਂ ਹਜਾਰੇ ਦੀ ਜੰਗ ਦਾ ਸਿਪਾਹੀ ਬਣਦਿਆਂ ਕਦ ਕੇਜਰੀਵਾਲ ਦੇ ਮੋਢੇ ਨਾਲ ਮੋਢਾ ਜੋੜਦਿਆਂ ਅਣਜਾਣ ਰਾਹਾਂ ਦਾ ਰਾਹੀ ਬਣ ਗਿਆ ਹੈ। ਜਦ ਆਪ ਨਾਂ ਦੀ ਪਾਰਟੀ ਦਿੱਲੀ ਚੋਣਾਂ ਵਿੱਚ 28 ਸੀਟਾਂ ਵਿਧਾਨ ਸਭਾ ਦੀਆਂ ਜਿੱਤਣ ਦੇ ਬਾਵਜੂਦ ਥੋੜੇ ਸਮੇਂ ਬਾਅਦ ਲੋਕ ਸਭਾ ਦੀ ਇੱਕ ਵੀ ਸੀਟ ਨਾਂ ਜਿੱਤ ਸਕੀ ਅਤੇ ਸਮੁੱਚੇ ਭਾਰਤ ਵਿੱਚ ਪੰਜਾਬ ਤੋਂ ਬਿਨਾਂ ਕਿਤੇ ਵੀ ਜਿੱਤ ਦਾ ਝੰਡਾਂ ਨਾਂ ਗੱਡ ਸਕੀ ਸੀ । ਗੁਰੂਆਂ ਫਕੀਰਾਂ ਦੀ ਧਰਤੀ ਪੰਜਾਬ ਦੇ ਲੋਕਾਂ ਨੇ ਕਨਵੀਨਰ ਅਤੇ ਕੰਪੇਨ ਕਮੇਟੀ ਦੇ ਆਗੂ ਸੁਮੇਲ ਸਿੰਘ ਦੀ ਅਗਵਾਈ ਥੱਲੇ ਮਾਸਟਰ ਖੇਤਾ ਸਿੰਘ ਵਰਗੇ ਬਜੁਰਗ ਜੁਝਾਰੂ ਅਤੇ ਦੀਪਕ ਠਾਕੁਰ ਵਰਗੇ ਹਿੰਮਤੀ ਨੌਜਵਾਨਾਂ ਨਾਲ ਲੈਸ ਕੰਪੇਨ ਕਮੇਟੀ ਦੀ ਮਿਹਨਤ ਅਤੇ ਹਜਾਰਾਂ ਨੌਜਵਾਨਾਂ ਦੀ ਹਿੰਮਤ ਅਤੇ ਹਜਾਰਾਂ ਸਿਆਣੇ ਪੰਜਾਬੀਆਂ ਦੀ ਸੋਚ ਸਮਝ ਨੂੰ ਚਾਰ ਸੀਟਾਂ ਜਿਤਾਕਿ ਤੇ ਬਾਕੀ ਸੀਟਾਂ ਤੇ ਵੀ ਭਾਰੀ ਸਮਰਥਨ ਦੇਕੇ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਸੀ। ਪੰਜਾਬ ਦੀ ਜਿੱਤ ਦਿੱਲੀ ਦੇ ਰੰਗ ਬਿਰੰਗੇ ਆਗੂਆਂ ਦੇ ਕਾਲੇ ਦਿਲਾਂ ਵਿੱਚ ਥਾਂ ਨਾਂ ਲੈ ਸਕੀ। ਸੁਮੇਲ ਸਿੰਘ ਨੇ ਜਦ ਪੰਜਾਬ ਦੇ ਜੁਝਾਰੂ ਵਲੰਟੀਅਰਾਂ ਦਾ ਧੰਨਵਾਦ ਕਰਨ ਲਈ ਮੀਟਿੰਗ ਬੁਲਾ ਲਈ ਤਦ ਦਿੱਲੀ ਬੈਠੇ ਕਾਲੇ ਦਿਲਾਂ ਨੇ ਧੱਕੇ ਨਾਲ ਰੱਦ ਕਰਨ ਦਾ ਹੁਕਮ ਚਾੜ ਦਿੱਤਾ। ਇਸ ਫੈਸਲੇ ਤੋਂ ਪੰਜਾਬ ਦੇ ਆਗੂਆਂ ਨੂੰ ਹੈਰਾਨੀ ਹੋਈ ਕਿ ਇਹ ਕਿਉਂ ਹੋਇਆਂ। ਦਿੱਲੀ ਦੀਆਂ ਦੁਬਾਰਾ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਜਦ ਪਾਰਟੀ ਦੀ ਸਫਾਇਆ ਕਰੂ ਜਿੱਤ ਹੋ ਗਈ ਤਦ ਕੇਜਰੀ ਮਹਾਰਾਜ ਸ਼ੇਰ ਬਣ ਬੈਠਿਆ ਅਤੇ ਸਭ ਤੋਂ ਪਹਿਲਾਂ ਵਾਰ ਪੰਜਾਬ ਦੇ ਆਗੂਆ ਤੇ ਹੀ ਕੀਤਾ ਅਤੇ ਉਹਨਾਂ ਉੱਪਰ ਆਪਣੇ ਗੁਲਾਮ ਨੂੰ ਬਿਠਾਕਿ ਬਿਨਾਂ ਕਾਰਣ ਬਿਨਾਂ ਕਿਸੇ ਕਸੂਰ ਦੇ ਆਪਣੀਆਂ ਚਾਲਾਂ ਚੱਲਣ ਲੱਗਿਆ ਸੀ । ਨਵੇਂ ਬਨਣ ਵਾਲੇ ਆਗੂਆਂ ਨੇ ਭੱਜਕੇ ਗੱਦੀ ਤਾਂ ਸਾਂਭ ਲਈ ਪਰ ਸੁਮੇਲ ਅਤੇ ਸਾਥੀਆਂ ਦਾ ਕਸੂਰ ਵੀ ਨਾਂ ਪੁੱਛਿਆ। ਸੁਮੇਲ ਸਮੇਤ ਬਾਕੀ ਪੰਜਾਬ ਪੱਖੀ ਆਗੂਆਂ ਨੂੰ ਲਾਲਚ ਦੀਆਂ ਅਹੁਦਿਆ ਦੀ ਬੁਰਕੀ ਪਾਉਣ ਦੀ ਸੁਰੂਆਤ ਕੀਤੀ ਗਈ ਜਿਸ ਨੂੰ ਪੰਜਾਬੀ ਸੇਰਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ।
ਪੰਜਾਬ ਦੇ ਇਹ ਬਹਾਦਰ ਪੁੱਤਰ ਸੁਮੇਲ ਸਿੰਘ ਦੀ ਅਗਵਾਈ ਵਿੱਚ ਇੱਕ ਵਾਰ ਫਿਰ ਤਿਣਕਾ ਤਿਣਕਾ ਜੋੜ ਕੇ ਲਹਿਰ ਨੂੰ ਸਜਾਉਣ ਸੰਵਾਰਨ ਦੀ ਕੋਸਿਸ ਕਰ ਰਹੇ ਹਨ। ਆਮ ਆਦਮੀ ਪਾਰਟੀ ਦੀ ਉਜੜੀ ਗੁਲਜਾਰ ਦੇ ਵਿੱਚ ਗਾਲੜ ਪਟਵਾਰੀ ਬਣਕੇ ਭੰਗੜੇ ਪਾ ਰਹੇ ਹਨ ਜਿੰਹਨਾਂ ਨੂੰ ਪਤਾ ਹੈ ਕਿ ਦਿੱਲੀ ਵਾਲਿਆ ਨੇ ਮਾਲੀ ਨੂੰ ਹੀ ਜਦ ਬਾਹਰ ਕੱਢ ਦਿੱਤਾ ਹੈ ਹੁਣ ਡਰ ਕਾਹੇ ਕਾ। । ਕੁਦਰਤ ਦੀ ਖੇਡ ਹੀ ਅਵੱਲੀ ੳਤੇ ਅਣਜਾਣੀ ਹੁੰਦੀ ਹੈ ਉਸਨੇ ਜਿਸਤੋਂ ਜਿੱਹੋ ਜਿਹਾ ਕੋਈ ਅਣਜਾਣਿਆਂ ਕੰਮ ਕਰਵਾਉਣਾਂ ਹੁੰਦਾਂ ਹੈ ਉਸਦੇ ਉਹੋ ਜਿਹੇ ਹਾਲਾਤ ਵੀ ਬਣਾਉਂਦੀ ਹੈ ਦੁੱਖਾਂ ਦਰਦਾ ਅਤੇ ਕਸਟਾਂ ਵਿੱਚੋਂ ਲੰਘਾਉਣ ਪਿੱਛੇ ਵੀ ਕੁਦਰਤ ਦਾ ਮਕਸਦ ਵੱਡੇ ਔਖੇ ਕੰਮਾਂ ਲਈ ਤਿਆਰ ਕਰਨ ਦੀ ਹੀ ਅਵੱਲੀ ਖੇਡ ਹੁੰਦੀ ਹੈ। ਇਸ ਤਰਾਂ ਛੋਟੀ ਉਮਰ ਤੋਂ ਹੀ ਵਿਦਿਆ ਅਤੇ ਸੰਘਰਸਾਂ ਦੀਆਂ ਜੰਗਾਂ ਲੜਦਿਆ ਹੋਇਆ ਬੱਚਿਆਂ ਦੀਆਂ ਕਿਲਕਾਰੀਆਂ ਸੁਣਨ ਵਾਲੇ ਘਰ ਬਨਾਉਣ ਦੀਆਂ ਹਾਲਤਾਂ ਹੀ ਰੋਕ ਦਿੱਤੀਆਂ ਹਨ। ਹਾਲੇ ਤੱਕ ਬਿਨਾਂ ਵਿਆਹੁਤਾ ਜਿੰਦਗੀ ਸੁਰੂ ਕੀਤਿਆਂ ਹੀ ਜਿੰਦਗੀ ਬਿਤਾਉਣ ਨੂੰ ਵੀ ਕੁਦਰਤ ਦਾ ਹੁਕਮ ਸਮਝਦਾ ਹੈ ਸੁਮੇਲ ਸਿੰਘ। ਪੰਜਾਬ ਦਾ ਵਿਹੜਾ ਹੱਸਦਾ ਵਸਦਾ ਦੇਖਣ ਲਈ ਸਮੁੱਚੇ ਪੰਜਾਬੀਆਂ ਦੀ ਜੰਗ ਲੜਨ ਦੀ ਸੁਰੂਆਤ ਵੀ ਖਡੂਰ ਸਾਹਿਬ ਤੋਂ ਜਿੱਥੇ ਮਾਲਵੇ ਦੇ ਸਰਾਏਨਾਗਾ ਦੇ ਵਾਸੀ ਭਾਈ ਲਹਿਣਾਂ ਜੀ ਜੋ ਗੁਰੂ ਅੰਗਦ ਦੇਵ ਬਨਣ ਦੀ ਪਦਵੀ ਤੱਕ ਬਾਬੇ ਨਾਨਕ ਦੀ ਮਿਹਰ ਨਾਲ ਪਹੁੰਚੇ ਅਤੇ ਮਾਝੇ ਦੁਆਬੇ ਦੀ ਸਤਿਕਾਰ ਯੋਗ ਧਰਤੀ ਖਡੂਰ ਸਾਹਿਬ ਵਿੱਚ ਨਿਵਾਸ ਕੀਤਾ ਸੀ ਤੋਂ ਸੁਰੂ ਕਰ ਰਹੇ ਹਨ। ਮਾਲਵਾ ਮਾਝਾ ਦੁਆਬਾ ਨੂੰ ਇੱਕੋ ਅੱਖ ਨਾਲ ਦੇਖਣ ਵਾਲੇ ਭਾਈ ਸੁਮੇਲ ਸਿੰਘ ਜੋ ਦਿੱਲੀ ਦੱਖਣ ਤੱਕ ਨਿਵਾਸ ਕਰਦੇ ਰਹੇ ਹਨ ਬਠਿੰਡੇ ਅਤੇ ਖਡੂਰ ਸਾਹਿਬ ਦੇ ਲੋਕਾਂ ਵਿੱਚ ਕੋਈ ਕੋਈ ਫਰਕ ਨਹੀਂ ਦੇਖਦੇ । ਸਭੈ ਸਾਂਝੀਵਾਲ ਸਦਾਇਨ ਕੋਇ ਨਾਂ ਦਿਸੈ ਬਾਹਰਾ ਜੀਉ .. ਗੁਰੂਆਂ ਦੀ ਸਿੱਖਿਆ ਮਨ ਵਿੱਚ ਰੱਖਣ ਵਾਲੇ ਸੁਮੇਲ ਨੂੰ ਖਡੂਰ ਸਾਹਿਬ ਦੇ ਲੋਕਾਂ ਵਿੱਚ ਵੀ ਅਨੇਕਾਂ ਸੁਮੇਲ ਹੋਣ ਦੀ ਆਸ ਹੈ । ਖਡੂਰ ਸਾਹਿਬ ਦੇ ਮਹਾਨ ਲੋਕਾਂ ਤੋਂ ਉਹ ਪੰਜਾਬ ਦੀ ਰਾਜਸੱਤਾ ਵਿੱਚ ਵੀ ਸਾਂਝੀਵਾਲਤਾ ਦਾ ਸੰਦੇਸ ਅਤੇ ਗੁਰੂ ਕਾ ਅਦੇਸ ਦੀਆਂ ਨੀਹਾਂ ਉਸਾਰਨ ਦੀ ਪੂਰੀ ਆਸ ਰੱਖਦੇ ਹਨ। ਮਾਲਵੇ ਦੀ ਮੁਕਤਸਰ ਦੀ ਧਰਤੀ ਤੇ ਮਾਝੇ ਦੁਆਬੇ ਦੇ ਜੁਝਾਰੂਆਂ ਵੱਲੋ ਟੁੱਟੀ ਗੰਢੀ ਦੀਆਂ ਲਿਖੀਆਂ ਮਹਾਨ ਇਬਾਰਤਾਂ ਅੱਜ ਵੀ ਪੰਜਾਬ ਇੱਕੋ ਹੈ ਦੀ ਗਵਾਹੀ ਪਾਉਂਦੀਆਂ ਹਨ ਅਤੇ ਇਹੋ ਰਵਾਇਤਾਂ ਅੱਜ ਵੀ ਪੰਜਾਬ ਦੇ ਜੁਝਾਰੂਆਂ ਦੀਆਂ ਰਾਹ ਦਸੇਰਾ ਹਨ।
ਇਸ ਵਕਤ ਪੰਜਾਬ ਦੇ ਵਿੱਚ ਇੱਕੋ ਪਾਰਟੀ ਜਾਂ ਇੱਕ ਪਰੀਵਾਰ ਦਾ ਰਾਜ ਹੈ ਜਿਸਨੂੰ ਲੋਕਾਂ ਨੇ ਅਨੇਕਾਂ ਵਾਰ ਸੇਵਾ ਬਖਸੀ ਹੈ ਅਤੇ ਹੁਣ ਲਗਾਤਾਰ ਦਸ ਸਾਲ ਸੇਵਾ ਲਈ ਹੈ ਦੂਸਰੇ ਪਾਸੇ ਕਾਂਗਰਸ ਦੇ ਨਵੇਂ ਬਣੇ ਆਗੂ ਨੂੰ ਵੀ ਇੱਕ ਵਾਰ ਪੰਜ ਸਾਲ ਦੀ ਸੇਵਾ ਦੇ ਚੁੱਕੇ ਹਨ ਪਰ ਉਹਨਾਂ ਦੇ ਮੁਕਾਬਲੇ ਤੇ ਪਿੱਛਲੇ ਸਮੇਂ 2014 ਵਿੱਚ ਇੱਕ ਅਣਜਾਣੇ ਨੌਜਵਾਨ ਜੁਝਾਰੂ ਸੁਮੇਲ ਸਿੰਘ ਦੀ ਅਗਵਾਈ ਵਿੱਚ ਚਾਰ ਸੀਟਾਂ ਜਿਤਾਕਿ ਅਤੇ ਵੱਡੀ ਹਮਾਇਤ ਦੇਕੇ ਆਪਣੀ ਨਵੀਂ ਸੋਚ ਦਾ ਚਾਨਣ ਕੀਤਾ ਹੋਇਆ ਹੈ। ਦਿੱਲੀ ਦੇ ਕੁੱਝ ਹਾਰੇ ਹੋਏ ਨੇਤਾ ਇਸਨੂੰ ਆਪਣੇ ਗੁਲਾਮਾਂ ਨੂੰ ਜਾਂ ਦਿੱਲੀ ਛੱਡਕੇ ਪੰਜਾਬ ਦੀ ਰਾਜਗੱਦੀ ਦੇ ਮਾਲਕ ਆਪ ਬਨਣ ਦੇ ਸੁਪਨੇ ਦੇਖ ਰਹੇ ਹਨ। ਉਹ ਪੰਜਾਬੀਆਂ ਨੂੰ ਅਣਜਾਣ ਹੀ ਸਮਝਦੇ ਹਨ ਪਰ ਪੰਜਾਬ ਦੇ ਬਹਾਦਰ, ਦਲੇਰ, ਗੁਰੂਆਂ, ਪੀਰਾਂ, ਫਕੀਰਾਂ, ਅਤੇ ਚਮਕੌਰ ਗੜੀ ਦੀਆਂ, ਮਹਾਂਭਾਰਤ ਦੇ ਕੁਰੂਕਸੇਤਰਾਂ ਦੀਆਂ ਜੰਗਾਂ ਜਿੱਤਣ ਵਾਲੇ ਲੋਕ ਹਨ ਜੋ ਆਪਣੇ ਰਸਤੇ ਆਪ ਤਹਿ ਕਰਨਗੇ। ਸੁਮੇਲ ਸਿੰਘ ਲੋਭ ਲਾਲਚਾਂ ਨੂੰ ਠੋਕਰ ਮਾਰਨ ਵਾਲੇ ਸੱਚ ਅਤੇ ਪੰਜਾਬ ਹਿੱਤ ਤੇ ਖੜੇ ਹੋਏ ਸਾਥੀਆਂ ਨੂੰ ਨਾਲ ਲੈ ਕੇ ਆਉਣ ਵਾਲੇ ਸਮੇਂ ਵਿੱਚ ਦਿੱਲੀ ਦੇ ਚਾਲਬਾਜਾਂ ਬੀਜੇਪੀ ਕਾਂਗਰਸ ਆਪ ਦੇ ਨਾਂ ਤੇ ਗੁਪਤ ਨੀਤੀਆਂ ਵਾਲਿਆਂ ਦਾ ਰਾਹ ਰੋਕਣ ਲਈ ਪੁਰਾਤਨ ਬਹਾਦਰਾਂ ਵਾਂਗ ਜੂਝਣ ਦਾ ਫੈਸਲਾ ਕਰ ਚੁੱਕੇ ਹਨ। ਵਰਤਮਾਨ ਲੋਕਤੰਤਰੀ ਵਧਾਨ ਦਾ ਪਾਲਣ ਕਰਦਿਆਂ ਖਡੂਰ ਸਾਹਿਬ ਦੇ ਲੋਕਾਂ ਨੂੰ ਇੱਕ ਵਾਰ ਫੇਰ ਸੱਦ ਪਾਈ ਜਾਵੇਗੀ ਜਿੱਥੇ ਦੁਨੀਆਂ ਭਰ ਦੇ ਪੰਜਾਬ ਹਿਤਾਇਸੀਆਂ ਨਾਲ ਲੈਕੇ ਮਜਬੂਤ ਪੰਜਾਬ ਲੋਕ ਪੱਖੀ ਬਦਲ ਦੇਣ ਦੀ ਪੂਰੀ ਕੋਸਿਸ ਕੀਤੀ ਜਾਵੇਗੀ। ਇਨਕਲਾਬਾਂ ਦੀ ਸਫਲਤਾ ਦੇ ਜਾਮਨ ਆਮ ਲੋਕ ਖਡੂਰ ਸਾਹਿਬ ਦੀ ਧਰਤੀ ਤੋਂ ਜਰੂਰ ਕੁੱਝ ਨਵਾਂ ਸਿਰਜਣਗੇ। ਪੰਜਾਬ ਹਿਤਾਇਸੀ ਹਰ ਆਗੂ ਦਾ ਇਸ ਜੰਗ ਵਿੱਚ ਸਾਥ ਦੇਣ ਤੇ ਸੁਮੇਲ ਸਿੰਘ ਵੱਲੋਂ ਸਵਾਗਤ ਅਤੇ ਸਤਿਕਾਰ ਹੋਵੇਗਾ ਜਿਸ ਵਿੱਚੋਂ ਆਉਣ ਵਾਲੇ ਸਮੇਂ ਦਾ ਕੋਈ ਸਾਝਾਂ ਮੁਹਾਜ ਜਨਮ ਲੈ ਸਕੇ। ਇਹ ਜੰਗ ਇਕੱਲਾ ਸੁਮੇਲ ਨਹੀ ਲੜ ਸਕਦਾ ਇਸ ਵਿੱਚ ਹਰ ਪੰਜਾਬੀ ਅਤੇ ਹਰ ਪੰਜਾਬ ਹਿਤਾਇਸੀ ਆਗੂ ਦਾ ਯੋਗਦਾਨ ਲੋੜੀਂਦਾ ਹੈ। ਸੋ ਆਉ ਮਿਲ ਬੈਠਕੇ ਭਵਿੱਖ ਦੇ ਵਿੱਚ ਪੰਜਾਬ ਬਚਾਉਣ ਦੇ ਬਾਨਣੂੰ ਬੰਨੀਏ ਅਤੇ ਗੁਰੂ ਵਰੋਸਾਈ ਨਵੀਆਂ ਲੀਹਾਂ ਦੀ ਸੁਰੂਆਤ ਦੇਣ ਵਾਲੀ ਖਡੂਰ ਸਾਹਿਬ ਦੀ ਧਰਤੀ ਤੋਂ ਮਿਲਕੇ ਸੁਰੂਆਤ ਕਰੀਏ।

ਲੇਖਕ : ਗੁਰਚਰਨ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 37
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :822
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਤੋਂ ਬਹੁਤ ਲੰਮੇ ਸਮੇਂ ਤੋ ਜੁੜੇ ਹੋਏ ਹਨ। ਆਪ ਜੀ ਦੀਆ ਰਚਨਾਵਾ ਅਖਬਾਰਾ ਵੈੱਬਸਾਈਟ ਉੱਪਰ ਆਮ ਹੀ ਵੇਖਣ ਨੂੰ ਮਿਲਦੀਆ ਹਨ। ਆਪ ਜੀ ਧਾਰਮੀਕ, ਸਮਾਜਿਕ ਅਤੇ ਕਵਿਤਾ ਦੇ ਵਿਸ਼ਿਆ ਤੇ ਲਿਖਦੇ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਵਿਸ਼ਵ ਪੰਜਾਬੀ ਕਾਨਫ਼ਰੰਸ 2017