ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਦਾਸਤਾਨ-ਏ- ਪਿਆਜ਼

"ਇੱਥੇ ਦਾਲ ਨੂੰ ਪਿਆਜ਼ ਦਾ ਤੜਕਾ ਲਾਇਆ ਜਾਂਦਾ ਹੈ।" ਸਾਹਮਣੇ ਢਾਬੇ ਤੇ ਲੱਗੇ ਬੋਰਡ ਨੂੰ ਪੜ੍ਹ ਕੇ ਮੇਰੀਆਂ ਵਾਸ਼ਾਂ ਖਿੜ ਗਈਆਂ।ਪਿਆਜ ਦਾ ਤੜਕਾ ਉਹ ਵੀ ਜਦੋਂ ਪਿਆਜ਼ ਅੱਸੀ ਰੁਪਏ ਕਿਲੋ ਨੂੰ ਢੁੱਕ ਰਿਹਾ ਹੋਵੇ। ਮੈਂ ਬਿਨਾਂ ਅੱਗਾ ਪਿੱਛਾ ਦੇਖੇ ਢਾਬੇ ਚ ਵੜ੍ਹ ਜਾਂਦਾ ਹਾਂ। ਤੇ ਰੇਟ ਪੁੱਛੇ ਬਿਨਾ ਹੀ ਇੱਕ ਦਾਲ ਫਰਾਈ ਦਾ ਆਰਡਰ ਦੇ ਦਿੰਦਾ ਹਾਂ। ਕਈ ਦਿਨ ਹੋ ਗਏ ਪਿਆਜ਼ ਦਾ ਮੂੰਹ ਨਹੀ ਦੇਖਿਆ। ਜੀ਼ਰੇ ਦੇ ਤੜਕੇ ਆਲੀ ਦਾਲ ਖਾ ਖਾ ਕੇ ਸਾਲਾ ਮਨ ਅੱਕਿਆ ਪਿਆ ਹੈ। ਸੋਚਿਆ ਸਲਾਦ ਦੀ ਪਲੇਟ ਤੇ ਪੈਸ਼ੇ ਕਿਉਂ ਲਾਉਣੇ ਹਨ। ਇਕੱਲੇ ਪਿਆਜ ਤੇ ਹੀ ਲੂਣ ਭੁੱਕ ਲਵਾਂਗੇ ਤੇ ਰੋਟੀ ਖਾ ਲਵਾਂਗੇ। ਪਰ ਇੱਥੇ ਤਾਂ ਘਸੀ ਜਿਹੀ ਜੀਨ ਵਾਲਾ ਵੇਟਰ ਹਰ ਇੱਕ ਨਾਲ ਬੱਤਮੀਜੀ ਨਾਲ ਪੇਸ਼ ਆ ਰਿਹਾ ਸੀ। ਮੇਰੇ ਨਾਲ ਦੇ ਟੇਬਲ ਤੇ ਬੈਠੇ ਸਰਦਾਰ ਜੀ ਨੇ ਜਦੋ਼ ਗੰਢਾ ਮਗਿਆ ਤਾਂ ਉਹ ਕੁੱਦ ਕੇ ਪੈ ਗਿਆ। ਪਤਾ ਨਹੀ ਕੀ ਕੁਝ ਬੋਲ ਗਿਆ ਹਿੰਦੀ ਪੰਜਾਬੀ ਵਿੱਚ। ਸਰਦਾਰ ਜੀ ਵਿਚਾਰਾ ਚੁੱਪ ਕਰ ਗਿਆ। ਸੋਚਦਾ ਹੋਣਾ ਹੈ ਕਿਉਂ ਦੋ ਟਕੇ ਦੇ ਭਈਏ ਦੇ ਮੂੰਹ ਲੱਗਣਾ ਹੈ।ਰੋਟੀ ਖਾ ਕੇ ਉਹ ਤੁਰਦਾ ਬਣਿਆ।
ਰੋਟੀ ਆ ਗਈ ਤੇ ਫਿੱਕੀ ਜਿਹੀ ਦਾਲ , ਖਾਣ ਨੂੰ ਵੱਢੀ ਰੂਹ ਨਾ ਕਰੇ। ਬੁਰਕੀ ਲਬੇੜ ਲਬੇੜ ਕੇ ਢਿੱਡ ਭਰ ਲਿਆ। ਮੇਰੇ ਮੇਜ਼ ਦੇ ਨਾਲ ਹੀ ਲਿਖਿਆ ਸੀ “ਨਮਕ ਸਵਾਦ ਅਨੁਸਾਰ ਤੇ ਪਿਆਜ਼ ਅੋਕਾਤ ਅਨੁਸਾਰ।" ਵਾਕਿਆ ਹੀ ਆਮ ਆਦਮੀ ਦੀ ਕੀ ਅੋਕਾਤ ਉਹ ਪਿਆਜ਼ ਖਾ ਲਵੇ। ਅੱਠ ਰੁਪਏ ਦੇ ਸੋ ਗਰਾਮ ਪਿਆਜ਼। ਗਰੀਬ ਆਦਮੀ ਬਾਰੇ ਕਿਹਾ ਜਾਂਦਾ ਹੈ ਕਿ ਏਨੀਆਂ ਮਹਿੰਗੀਆਂ ਸ਼ਬਜੀਆਂ ਨਾਲ ਰੋਟੀ ਤਾਂ ਨਹੀ ਖਾ ਸਕਦਾ ਚਲੋ ਪਿਆਜ਼ ਨਾਲ ਡੰਗ ਟਪਾ ਲਵੇਗਾ। ਪਰ ਹੁਣ ਤਾਂ ਇਹ ਪਿਆਜ਼ ਵੀ ਪਹੁੰਚ ਤੋਂ ਦੂਰ ਚਲਾ ਗਿਆ। ਵਿਚਾਰੀਆਂ ਤੋਰੀਆਂ, ਸਿਮਲਾ ਮਿਰਚ, ਅਰਬੀ ਤੇ ਖੱਖੜੀਆ ਖਰਬੂਜੇ ਹਨ ਜੋ ਬਿਨਾ ਪਿਆਜ ਤੋਂ ਬਣ ਜਾਂਦੇ ਹਨ। ਪਿਆਜ਼ ਨਾਲੋ ਤਾਂ ਸਾਇਦ ਇਹਨਾ ਸ਼ਬਜੀਆਂ ਨਾਲ ਰੋਟੀ ਖਾਣੀ ਸਸਤੀ ਹੋਵੇਗੀ । ਆਮ ਆਦਮੀ ਦੀ ਕਿੱਥੇ ਪਾਹੁੰਚ ਪਿਆਜ਼ ਖਾਣ ਦੀ।
ਹੁਣ ਤੇ ਲੱਗਦਾ ਹੈ ਐਤਕੀ ਦਿਵਾਲੀ ਤੇ ਲੋਕੀ ਪਿਆਜ਼ ਦੇਣਗੇ ਗਿਫਟ ਵਿੱਚ। ਮਿਠਾਈ ਤਾਂ ਨਕਲੀ ਮਿਲਦੀ ਹੈ। ਰਸਾਇਣਕ ਦੁੱਧ ਤੋਂ ਖੋਆ ਤਿਆਰ ਕੀਤਾ ਜਾਂਦਾ ਹੈ। ਨਿਰਾ ਜਹਿਰ ਹੁੰਦਾ ਹੈ। ਸਿਹਤ ਦਾ ਵੀ ਨੁਕਸਾਨ ਕਰਦਾ ਹੈ। ਪਰ ਪਿਆਜ਼ ਚ ਅਜੇਹਾ ਕੁਝ ਨਹੀ ਹੋਵੇਗਾ। ਪਿਆਜ਼ ਤੇ ਸੁੱਧ ਤਾਜਾ ਖਾਲਸ ਮਿਲੇਗਾ। ਕੋਈ ਮਿਲਾਵਟ ਨਹੀ। ਹਰ ਘਰ ਦੇ ਕੰਮ ਆਉਣ ਵਾਲਾ ਪਿਆਜ਼। ਅਮੀਰ ਗਰੀਬ ਦੀ ਰਸੋਈ ਦੀ ਜਰੂਰਤ ਹੈ ਪਿਆਜ਼। ਇਸ ਨੂੰ ਤਾਂ ਸ਼ੂਗਰ ਦੇ ਮਰੀਜ਼ ਵੀ ਖਾ ਸਕਦੇ ਹਨ।ਮੋਟਾਪੇ ਬਲੱਡ ਪ੍ਰੇਸ਼ਰ ਦੇ ਸਿ਼ਕਾਰ ਵੀ। ਦਿਵਾਲੀ ਤਾਂ ਦੂਰ ਹੈ ਅਜੇ। ਲੋਕੀ ਰੱਖੜੀ ਤੇ ਹੀ ਭੈਣਾਂ ਨੂੰ ਪਿਆਜ਼ ਗਿਫਟ ਕਰਨਗੇ ।ਭੈਣਾ ਪਿਆਜ ਵਿਚੋ ਆਪਣੇ ਭਰਾਵਾਂ ਦੀ ਝਲਕ ਵੇਖਣਗੀਆਂ। ਭੈਣਾਂ ਰੱਖੜੀ ਦੇ ਨਾਲ ਨਾਰੀਅਲ ਦੀ ਬਜਾਏ ਪਿਆਜ਼ ਦੇਣਗੀਆਂ। ਪੇਕਿਆ ਤੋਂ ਆਏ ਪਿਆਜ਼ ਅੋਰਤਾਂ ਬੜਾ ਸੰਭਲ ਸੰਭਲ ਕੇ ਵਰਤਣ ਗੀਆਂ।
ਚਾਰ ਤੋਂ ਛੇ ਰੁਪਏ ਵਿਕਣ ਵਾਲਾ ਪਿਆਜ਼ ਪੰਦਰਾ ਗੁਣਾ ਮਹਿੰਗਾ ਹੋ ਗਿਆ। ਸੋਨਾ ਵੀ ਬੱਤੀ ਹਜਾਰੀ ਹੋ ਕੇ ਫਿਰ ਛੱਬੀ ਹਜਾਰੀ ਹੋ ਗਿਆ। ਚਾਂਦੀ ਵੀ ਪੰਝਤਰ ਹਜਾਰ ਕਿਲੋ ਤੋਂ ਚਾਲੀ ਹਜਾਰ ਤੇ ਆ ਗਈ। ਪਰ ਪਿਆਜ਼ ਦੀ ਛਲਾਂਗ ਨੇ ਤਾਂ ਮਨਮੋਹਨ ਤੇ ਮੋਂਟੇਕ ਦੋਹਾਂ ਦਾ ਅਰਥ ਸ਼ਾਸਤਰ ਫੇਲ ਕਰਤਾ।ਲੋਕੀ ਰਿਸ਼ਵਤ ਵਿੱਚ ਪਿਆਜ਼ ਦੀ ਮੰਗ ਕਰਣਗੇ। ਨੇਤਾ ਲੋਕ ਦੋ ਨੰਬਰ ਦੀ ਕਾਲੀ ਕਮਾਈ ਨੂੰ ਪਿਆਜ਼ ਦੇ ਰੂਪ ਵਿੱਚ ਸੰਭਾਲਣ ਗੇ। ਘਪਲਿਆਂ ਨੂੰ ਪਿਆਜ਼ ਦੇ ਹਿਸਾਬ ਨਾਲ ਦੇਖਿਆ ਜਾਵੇ ਗਾ। ਹੋਰ ਤਾਂ ਹੋਰ ਦਾਜ ਵਿੱਚ ਪਿਆਜ਼ ਮੰਗਣ ਦਾ ਇਲਜਾਮ ਲਗਾਕੇ ਲੋਕ ਆਪਣੀ ਲੜਕੀ ਦੇ ਸਹੁਰਿਆ ਨੂੰ ਜੇਲ ਦਾ ਡਰਾਵਾ ਦਿਖਾ ਕੇ ਤਲਾਕ ਦੀ ਆਪਣੀ ਮੰਗ ਪੂਰੀ ਕਰਣਗੇ। ਆਪਣੇ ਜਵਾਈ ਤੇ ਪਿਆਜ਼ ਮੰਗਣ ਦਾ ਝੂਠਾ ਇਲਜਾਮ ਲਾਉਣ ਤੋ਼ ਗੁਰੇਜ ਨਹੀ ਕਰਣਗੇ।
ਮੋਦੀ ਦੀ ਡਗਮਗਾਉਂਦੀ ਬੇੜੀ ਨੂੰ ਪਿਆਜ਼ ਦੇਵਤਾ ਨੇ ਆਪਣਾ ਆਸ਼ੀਰਵਾਦ ਦੇ ਦਿੱਤਾ ਹੈ। ਦੋ ਹਜਾਰ ਚੋਦਾਂ ਦੇ ਯੁੱਧ ਨੂੰ ਅਮਰੀਕਾ ਦੀਆਂ ਚਾਲਾਂ ਨਾਲ ਨਹੀ ਪਿਆਜ਼ ਦੀਆਂ ਨੀਤੀਆਂ ਨਾਲ ਲੜਿਆ ਜਾਵੇਗਾ। ਪਿਆਜ ਨੂੰ ਲੈ ਕੇ ਨਵੇ ਨਵੇ ਡਰਾਮੇ ਕੀਤੇ ਜਾਣਗੇ। ਵਿਦੇਸ਼ਾ ਤੋਂ ਸਸਤਾ ਪਿਆਜ਼ ਮੰਗਾਉਣ ਦੇ ਝੂਠੇ ਲਾਰੇ ਲਾਏ ਜਾਣਗੇ। ਵਿਰੋਧੀ ਪਾਰਟੀਆਂ ਪਿਆਜ਼ ਦੇ ਮੁੱਦੇ ਤੇ ਕੇਂਦਰ ਸਰਕਾਰ ਨੂੰ ਘੇਰਣ ਗੀਆਂ। ਸਰਕਾਰ ਪਿਆਜ਼ ਮਾਮਲੇ ਵਿੱਚ ਵਿਦੇਸ਼ੀ ਹੱਥ ਹੋਣ ਦਾ ਰੋਣਾ ਰੋਏਗੀ। ਕਿਸੇ ਨੂੰ ਕੁਝ ਫਰਕ ਨਹੀ ਪਵੇਗਾ। ਬਸ ਪਿਆਜ਼ ਗਰੀਬ ਦਾ ਸੁਫਨਾ ਬਣਕੇ ਰਹਿ ਜਾਵੇਗਾ। ਲੋਕਾਂ ਦਾ ਧਿਆਨ ਹੋਰ ਪਾਸਿਉ ਹੱਟ ਕੇ ਬਸ ਪਿਆਜ਼ ਤੇ ਹੀ ਟਿੱਕ ਜਾਵੇਗਾ। ਕੋਈ ਵੀ ਚਾਰਾ ਘੋਟਾਲਾ, ਟੂ ਜ਼ੀ ਸਕੈਮ, ਕੋਇਲਾ ਸਕੈਮ, ਬਾਰੇ ਨਹੀ ਸੋਚੇਗਾ। ਬਸ ਪਿਆਜ਼ ਹੀ ਪਿਆਜ਼ ਦੀ ਚਰਚਾ ਹੋਵੇ ਗੀ।
ਮੇਰੀ ਅੱਖ ਖੁੱਲਦੀ ਹੈ ਤਾਂ ਯਾਦ ਆਉਂਦਾ ਹੈ ਕਿ ਸਾਹਿਬਾਂ ਨੇ ਕਿਹਾ ਸੀ ਕਿ ਬਾਜਾਰ ਜਾਉਂ ਤਾਂ ਕਿਲੋ ਕੁ ਪਿਆਜ਼ ਲੈ ਆਇਓੁ। ਮੈਂ ਘੇਸਲ ਜਿਹੀ ਵੱਟ ਕੇ ਸੋਫੇ ਤੇ ਲੇਟ ਗਿਆ ਤੇ ਮੇਰੀ ਅੱਖ ਲੱਗ ਗਈ। ਹੁਣ ਤਾਂ ਸੁਤਿਆਂ ਨੂੰ ਵੀ ਪਿਆਜ਼ ਦੇ ਸੁਫਨੇ ਆਉਂਦੇ ਹਨ।

ਲੇਖਕ : ਰਮੇਸ਼ ਸੇਠੀ ਬਾਦਲ ਹੋਰ ਲਿਖਤ (ਇਸ ਸਾਇਟ 'ਤੇ): 54
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1229
ਲੇਖਕ ਬਾਰੇ
ਆਪ ਜੀ ਇੱਕ ਕਹਾਣੀਕਾਰ ਵਜੋਂ ਪੰਜਾਬੀ ਸਾਹਿਤ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹੋ। ਆਪ ਜੀ ਦਾ ਪਹਿਲਾ ਕਹਾਣੀ ਸੰਗ੍ਰਿਹ "ਇੱਕ ਗਧਾਰੀ ਹੋਰ" ਬਹੁ ਪ੍ਰਚਲਤ ਹੋਇਆ ਹੈ। ਆਪ ਜੀ ਦੀਆਂ ਰਚਨਾਵਾ ਅਕਸਰ ਅਖਬਾਰਾ ਵਿੱਚ ਛਾਪਦੀਆ ਰਹਿੰਦੀਆ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ