ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਕਹਾਣੀ ਸੇਮੇ ਘਤਿੱਤੀ ਦੀ

ਅੱਜ ਸਵੇਰੇ ਸਵੇਰੇ ਪਤਾ ਨਹੀ ਕਿਵੇਂ ਸੇਮੇ ਦੀ ਯਾਦ ਆ ਗਈ। ਸਾਰਿਆਂ ਵਿੱਚ ਹੀ ਉਹ ਸੇਮੇ ਘਤਿੱਤੀ ਦੇ ਨਾਮ ਨਾਲ ਮਸਹੂਰ ਸੀ।ਚਾਰ।ਪਤਾ ਨਹੀ ਉਸ ਦਾ ਨਾ ਸੇਮਾ ਘਤਿੱਤੀ ਕਿਵੇਂ ਪੈ ਗਿਆ।ਉਹ ਜਿੰਨਾ ਪੜ੍ਹਿਆ ਸੀ ਉਹਨਾ ਕੜ੍ਹਿਆ ਵੀ ਸੀ। ਅਸਲ ਨਾਂ ਤੇ ਉਸਦਾ ਤਰਸੇਮ ਸੀ ਸਾਇਦ।ਕਹਿੰਦੇ ਸੁਰੂ ਤੋ ਹੀ ਥੋੜਾ ਇਲੱਤੀ ਸੁਭਾਅ ਦਾ ਸੀ ਉਹ।ਤੇ ਬਚਪਨ ਤੋ ਹੀ ਉਹ ਅਜਿਹੀਆਂ ਕਾਰਵਾਈਆਂ ਕਰਦਾ ਸੀ। ਜਿਸ ਕਰਕੇ ਉਸਦਾ ਅਸਲ ਨਾਮ ਤਾਂ ਕਿਸੇ ਨੂੰ ਯਾਦ ਨਹੀ ਰਿਹਾ ਤੇ ਉਹ ਘਤਿੱਤੀ ਸੇਮੇ ਦੇ ਨਾਂ ਨਾਲ ਹੀ ਮਸਹੂਰ ਹੋ ਗਿਆ।ਸਾਰੇ ਉਸ ਨੂੰ ਸੇਮਾਂ ਘਤਿੱਤੀ ਆਖ ਕੇ ਹੀ ਬੁਲਾਉਂਦੇ । ਸਾਰੇ ਰਿਸਤੇਦਾਰ ਵੀ ਉਸ ਦੀਆਂ ਗੱਲਾ ਬਹੁਤ ਚਟਕਾਰੇ ਲੈ ਲੈ ਕੇ ਕਰਦੇ।
ਸੇਮਾ ਘਤਿੱਤੀ ਕੋਈ ਮੂਲੋ ਮਾੜਾ ਬੰਦਾ ਨਹੀ ਸੀ।ਉਹ ਬੋਲ ਚਾਲ ਦਾ ਬਹੁਤ ਮਿਠਾ ਸੀ। ਹਰ ਇੱਕ ਨੂੰ ਜੀ ਜੀ ਕਰਦਾ। ਮਾਸੀ ਜੀ, ਭੂਆ ਜੀ, ਮਾਮੀ ਜੀ ਆਦਿ। ਜੀ ਆਖਣਾ ਤਾਂ ਉਸਦਾ ਤਕੀਆ ਕਲਾਮ ਸੀ। ਕਈ ਵਾਰੀ ਤੇ ਉਹ ਆਪਣੀ ਘਰ ਵਾਲੀ ਨੂੰ ਵੀ ਕਾਂਤਾ ਜੀ ਆਖ ਦਿੰਦਾ ਤੇ ਸਾਰੇ ਉਸ ਤੇ ਹੱਸ ਪੈਂਦੇ। ਤੇ ਉਹ । ਬਿਲਕੁਲ ਹੋਲੀ ਹੋਲੀ ਬੋਲਦਾ ਜਿਵੇ ਮੂੰਹ ਚ ਬੋਲ ਹੀ ਨਾ ਹੋਵੇ।ਕਈ ਵਾਰੀ ਗੱਲ ਗੱਲ ਤੇ ਜ਼ੋਰ ਜ਼ੋਰ ਦੀ ਹੱਸਦਾ।ਉੁੁਮਰ ਚ ਵੱਡੇ ਦੇ ਉਹ ਅਕਸਰ ਪੈਰੀ ਹੱਥ ਲਾਉਂਦਾ। ਮੱਥਾ ਟੇਕਦਾ ਹਾਂ ਮਾਸੀ ਜੀ ਚਾਚੀ ਜੀ ਭੂਆ ਜੀ । ਤੇ ਜਦੋ ਉਹ ਮੱਥਾ ਟੇਕਦਾ ਤਾਂ ਅਗਲਾ ਖੁਸ਼ ਹੋ ਜਾਂਦਾ। ਵੇਖਣ ਵਾਲਾ ਉਸ ਦੀ ਪਹਿਲੀ ਝਲਕ ਤੇ ਹੀ ਮੋਹਿਤ ਹੋ ਜਾਂਦਾ।ਪਰ ਜਦੋ ਉਸ ਦੀਆਂ ਵਹਿਵਤਾਂ ਦਾ ਪਤਾ ਚਲਦਾ ਤਾਂ ਫਿਰ ਸੇਮੇ ਦਾ ਅਸਲੀ ਚੇਹਰਾ ਸਾਹਮਣੇ ਆਉਂਦਾ।ਉਸਦੀ ਹਰ ਹਾਸੀ ਪਿੱਛੇ ਵੀ ਇੱਕ ਡੂੰਘਾ ਰਾਜ ਹੁੰਦਾ ਸੀ।
ਚਾਰ ਭਰਾਵਾਂ ਵਿੱਚੋ ਸਭ ਤੋ ਵੱਡਾ ਸੀ ਉਹ। ਉਸ ਦੀ ਸਭ ਤੋ ਛੋਟੇ ਨਾਲ ਬਹੁਤ ਬਣਦੀ ਸੀ। ਕਿਉਕਿ ਉਹ ਭਰਾ ਦੇ ਨਾਲ ਨਾਲ ਦੋਨੇ ਸਾਢੂ ਵੀ ਸਨ। ਤੇ ਦੋਹੇ ਭੈਣਾਂ ਦਾ ਪਿਆਰ ਇਸ ਦੀ ਸਫਲਤਾ ਦਾ ਰਾਜ ਸੀ। ਛੋਟਾ ਇਸ ਦੇ ਪੂਰਾ ਪਿੱਛੇ ਲੱਗਦਾ ਸੀ। ਹਾਂ ਛੋਟਾ ਉਸਦਾ ਬੁਲਾਰਾ ਵੀ ਸੀ। ਉਹ ਦੂਸਰਿਆਂ ਨਾਲ ਇਸਦੀ ਬੋਲੀ ਬੋਲਦਾ ਤੇ ਇਸਦੀ ਹੀ ਸ਼ਹਿ ਤੇ ਉਹ ਹਰ ਇੱਕ ਰਿਸ਼ਤੇਦਾਰ ਕਰੀਬੀ ਨੂੰ ਗਰਮਅਤੇ ਮਨ ਆਇਆ ਬੋਲਦਾ। ਇਹੀ ਤਾਂ ਸੇਮੇ ਦੀ ਕੂਟਨੀਤੀ ਸੀ। ਤੇ ਸੇਮਾ ਵੀ ਛੋਟੇ ਦੇ ਜਾਇਜ ਨਜਾਇਜ ਕੰਮਾਂ ਤੇ ਪਰਦੇ ਵੀ ਪਾਉਂਦਾ।ਹਰ ਵੇਲੇ ਉਸ ਦੀ ਵਾਰ ਲੈਂਦਾ। ਉਸ ਤੋ ਵੱਡੇ ਨਾਲ ਸੇਮੇ ਦੇ ਸਬੰਧ ਬਹੁਤੇ ਸੁਖਾਵੇ ਨਹੀ ਸਨ। ਕਿਉਕਿ ਉਸ ਨੇ ਸੇਮੇ ਦੀ ਵਿਚਕਾਰਲੀ ਸਾਲੀ ਦਾ ਰਿਸ਼ਤਾ ਠੁਕਰਾ ਦਿੱਤਾ ਸੀ। ਇਸੇ ਕਰਕੇ ਹੀ ਸੇਮਾ ਤੇ ਸੇਮੇ ਦੀ ਘਰ ਵਾਲੀ ਉਸ ਨਾਲ ਖਾਰ ਖਾਂਦੇ ਸਨ। ਤੇ ਮੋਕਾ ਮਿਲਣ ਤੇ ਉਹ ਆਪਣੀ ਕਿੜ੍ਹ ਵੀ ਕੱਢਦੇ। ਤੇ ਵਿਚਕਾਰਲਾ ਇੱਕਲਾ ਹੀ ਹਰ ਆਫਤ ਨੂੰ ਨਜਿੱਠਦਾ।ਇਸ ਕਰਕੇ ਉਸ ਦਾ ਝੁਕਾਅ ਆਪਣੇ ਸਹੁਰਿਆਂ ਵੱਲ ਜਿਆਦਾ ਸੀ।ਤੇ ਚੋਥਾਂ ਜ਼ੋ ਸੇਮੇ ਤੋ ਛੋਟਾ ਸੀ ਬਹੁਤ ਦੂਰ ਰਹਿੰਦਾ ਸੀ ਤੇ ਮਸਤ ਸੀ। ਪਰ ਉਹ ਵੀ ਸੇਮੇ ਦੇ ਘਤਿੱਤ ਪੁਣੇ ਦਾ ਮਜਾ ਚੱਖ ਚੁਕਿਆ ਸੀ।

ਸੇਮਾ ਹਰ ਕੰਮ ਤੇ ਰਿਸ਼ਤੇ ਨੂੰ ਪੈਸਿ਼ਆਂ ਦੇ ਤਰਾਜੂ ਚ ਤੋਲਦਾ।ਉਹ ਪੈਸੇ ਦਾ ਪੀਰ ਸੀ। ਕਿਸੇ ਦੀ ਖੁਸੀ ਗਮੀ ਜਾ ਪ੍ਰਾਪਤੀ ਨੂੰ ਪੈਸੇ ਚ ਅੰਗਦਾ। ਉਹ ਹਰ ਥਾਂ ਤੇ ਪੈਸੇ ਦੀ ਕਿਰਸ ਕਰਦਾ। ਆਪਣੀ ਜੇਬ ਚ ਹੱਥ ਪਾਉਣ ਲੱਗਿਆ ਦਸ ਵਾਰੀ ਸੋਚਦਾ।ਕਪੜੇ ਲੱਤੇ ਦੇ ਮਾਮਲੇ ਚ ਵੀ ਉਹ ਬਹੁਤਾ ਪਿੱਛੇ ਹੀ ਰਹਿੰਦਾ । ਚਾਹੇ ਉਸ ਦੇ ਬੱਚੇ ਉਸ ਨੂੰ ਟੋਕਦੇ ਪਰ ਉਹ ਮਿੱਠੀ ਜਿਹੀ ਹਾਸੀ ਹੱਸ ਕੇ ਡੰਗ ਟਪਾ ਲੈਂਦਾ। ਬਾਹਰ ਅੰਦਰ ਰਿਸ਼ਤੇਦਾਰੀ ਚ ਜਾਣ ਵੇਲੇ ਵੀ ਉਹ ਆਪਣੀ ਸਿਆਣਪ ਤੋ ਕੰਮ ਲੈਦਾ। ਸਾਈਕਲ ਨਾਲ ਹੀ ਬੁੱਤਾ ਸਾਰ ਲੈਦਾ। ਉਸ ਨੂੰ ਲਿਫਟ ਲੈਣ ਦਾ ਵੀ ਵਾਹਵਾ ਤਜੁਰਬਾ ਸੀ। ਤੇ ਮਿੰਟ ਚ ਹੀ ਅਗਲੇ ਦੀ ਪਿਛਲੀ ਸੀਟ ਮੱਲ ਲੈਂਦਾ।ਖਾਣ ਪੀਣ ਦਾ ਸੌ਼ਕੀਨ ਸੇਮਾ ਜਿੱਥੇ ਵੀ ਜਾਂਦਾ ਆਪਣਾ ਕੋਟਾ ਪੂਰਾ ਕਰਕੇ ਹੀ ਮੁੜਦਾ।ਤੇ ਫਿਰ ਉਹ ਆਪਣੀ ਇਸ ਖੁਸ਼ੀ ਨੂੰ ਸਾਰਿਆਂ ਕੋਲ ਹੁੱਬ ਕੇ ਦੱਸਦਾ।
ਸੇਮੇ ਦੇ ਹੋਰ ਗੁਣਾਂ ਦਾ ਜਿਕਰ ਕਰਦੇ ਹੋਏ ਉਸਦੇ ਭਾਨੀਮਾਰ ਵਾਲੇ ਗੁਣ ਦੇ ਜਿਕਰ ਬਿਨਾ ਉਸਦੀ ਚਰਚਾ ਅਧੂਰੀ ਹੋਵੇਗੀ। ਇਹ ਗੁਣ ਉਸਦੇ ਖਾਨਦਾਨ ਵਿੱਚ ਕਿਸੇ ਹੋਰ ਚ ਨਹੀ ਸੀ। ਜਿਸ ਰਿਸ਼ਤੇ ਦੇ ਹੋਣ ਦਾ ਉਸਨੂੰ ਪਤਾ ਲੱਗ ਜਾਂਦਾ ਤਾਂ ਉਹ ਆਪਣੀ ਮਿੱਠੀ ਜੁਬਾਨ ਦੀ ਮਿਠਾਸ ਘੋਲਕੇ ਉਸ ਰਿਸ਼ਤੇ ਦਾ ਉਸਦੇ ਜਨਮ ਤੋ ਪਹਿਲਾਂ ਹੀ ਕਤਲ ਕਰ ਦਿੰਦਾ। ਉਹ ਆਪਣਾ ਇਹ ਕੰਮ ਇੰਨੀ ਹੁਸਿ਼ਆਰੀ ਨਾਲ ਕਰਦਾ ਕਿ ਕਿਸੇ ਨੂੰ ਉਸ ਤੇ ਸ਼ੱਕ ਨਾ ਹੁੰਦਾ। ਇਸ ਮਾਮਲੇ ਵਿੱਚ ਉਹ ਸਭ ਨੂੰ ਇੱਕੋ ਜਿਹਾ ਹੀ ਸਮਝਦਾ । ਇਸ ਵਿੱਚ ਉਹ ਪੇਕਿਆਂ ਸਹੁਰਿਆਂ ਤੇ ਸ਼ਰੀਕਾਂ ਵਿੱਚ ਕੋਈ ਫਰਕ ਨਹੀ ਸੀ ਸਮਝਦਾ। ਉਸਦੀ ਮਿੱਠੀ ਛੁਰੀ ਦਾ ਪਤਾ ਨਾ ਚਲਦਾ ਕਿ ਉਹ ਕਦੋ ਆਪਣਾ ਕੰਮ ਕਰ ਜਾਂਦੀ।ਤੇ ਇਸ ਛੁਰੀ ਅੱਗੇ ਸਭ ਬਰਾਬਰ ਸਨ।
ਸਰਵ ਗੁਣ ਸੰਪਨ ਸੇਮੇ ਨੂੰ ਸੇਮਾ ਘਤਿੱਤੀ ਹੀ ਆਖਿਆ ਜਾਂਦਾ ਸੀ। ਉਸ ਦਾ ਦਿਮਾਗ ਹਮੇਸਾ ਘਤਿੱਤ ਪੁਣੇ ਵੱਲ ਹੀ ਲੱਗਿਆ ਰਹਿੰਦਾ ਸੀ। ਉਸਦੇ ਨਾਲਦਿਆਂ ਨੂੰ ਵੀ ਉਦੋ ਹੀ ਪਤਾ ਚਲਦਾ ਜਦੋ ਸੇਮਾਂ ਆਪਣੀ ਕਾਰਵਾਈ ਪਾ ਚੁੱਕਿਆ ਹੁੰਦਾ।ਸੇਮੇ ਘਤਿੱਤੀ ਵਰਗੇ ਲੋਕ ਸਮਾਜ ਵਿੱਚ ਹਰ ਯੁਗ ਵਿੱਚ ਹੀ ਪੈਦਾ ਹੁੰਦੇ ਹਨ।ਇਹ ਸਾਡੇ ਸਮਾਜ ਦਾ ਹਿੱਸਾ ਹੁੰਦੇ ਹਨ ਤੇ ਇਹਨਾ ਦੀ ਬਦੋਲਤ ਹੀ ਚੰਗੇ ਬਦਿਆਂ ਦੀ ਪਹਿਚਾਣ ਹੁੰਦੀ ਹੈ। ਅੱਜ ਵੀ ਜਦੋ ਮੈਂ ਕਿਸੇ ਅਜਿਹੇ ਚਾਲਬਾਜ ਨੂੰ ਦੇਖਦਾ ਹਾਂ ਤਾਂ ਮੇਰੇ ਮਨ ਵਿੱਚ ਸੇਮੇ ਘਤਿੱਤੀ ਦੀ ਯਾਦ ਤਾਜਾ ਹੋ ਜਾਂਦੀ ਹੈ।

ਲੇਖਕ : ਰਮੇਸ਼ ਸੇਠੀ ਬਾਦਲ ਹੋਰ ਲਿਖਤ (ਇਸ ਸਾਇਟ 'ਤੇ): 54
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1401
ਲੇਖਕ ਬਾਰੇ
ਆਪ ਜੀ ਇੱਕ ਕਹਾਣੀਕਾਰ ਵਜੋਂ ਪੰਜਾਬੀ ਸਾਹਿਤ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹੋ। ਆਪ ਜੀ ਦਾ ਪਹਿਲਾ ਕਹਾਣੀ ਸੰਗ੍ਰਿਹ "ਇੱਕ ਗਧਾਰੀ ਹੋਰ" ਬਹੁ ਪ੍ਰਚਲਤ ਹੋਇਆ ਹੈ। ਆਪ ਜੀ ਦੀਆਂ ਰਚਨਾਵਾ ਅਕਸਰ ਅਖਬਾਰਾ ਵਿੱਚ ਛਾਪਦੀਆ ਰਹਿੰਦੀਆ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ