ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸੱਚੀ ਕਿੰਨੀ ਭੋਲੀ ਸੀ ਮੇਰੀ ਮਾਂ।

ਮਾਂ ਦੀ ਮਮਤਾ ਬਾਰੇ ਜਿੰਨਾ ਵੀ ਲਿਖਿਆ ਜਾਵੇ ਘੱਟ ਹੈ। ਮਾਂ ਇੱਕ ਅਜਿਹਾ ਕਾਮਾ ਹੈ ਜਿਸ ਨੂੰ ਕਦੇ ਕੋਈ ਛੁੱਟੀ ਨਹੀ ਹੁੰਦੀ।ਲੋਕ ਮਾਂ ਦੀ ਤੁਲਣਾ ਰੱਬ ਨਾਲ ਕਰਦੇ ਹਨ ਪਰ ਮਾਂ ਦਾ ਦਰਜਾ ਤਾਂ ਰੱਬ ਤੌ ਵੀ ਉੱਤੇ ਹੁੰਦਾ ਹੈ। ਰੱਬ ਵੀ ਕਈ ਵਾਰੀ ਅਣਹੋਣੀ ਕਰ ਜਾਂਦਾ ਹੈ ਤੇ ਕਹਿਰ ਵਰਤਾ ੰਦੰਦਾ ਹੈ। ਤੇ ਕਈ ਵਾਰੀ ਰੱਬ ਦੇ ਕੀਤੇ ਤੇ ਵੀ ਲੋਕ ਕਿੰਤੂ ਪਰੰਤੂ ਕਰਦੇ ਹਨ। ਪਰ ਇੱਕ ਮਾਂ ਕਦੇ ਵੀ ਦਾ ਮਾੜਾ ਕਰਨਾ ਤਾਂ ਕੀ ਸੋਚਦੀ ਵੀ ਨਹੀ। ਮਾਂ ਅਣਗਿਣਤ ਸਿਫਤਾਂ ਦਾ ਖਜਾਨਾ ਹੁੰਦੀ ਹੈ । ਰੱਬ ਕੀ ਕਿਸੇ ਦੀ ਵੀ ਤੁਲਣਾ ਮਾਂ ਨਾਲ ਨਹੀ ਕੀਤੀ ਜਾ ਸਕਦੀ। ਕਿਉਕਿ ਮਾਂ ਵਰਗਾ ਕੋਈ ਵੀ ਨਹੀ ਹੁੰਦਾ। ਕੋਈ ਰਿਸ਼ਤਾ ਨਾਤਾ ਮਾਂ ਦੀ ਥਾਂ ਨਹੀ ਲੈ ਸਕਦਾ। ਮਾਂ ਲਈ ਉਸਦੀ ਅੋਲਾਦ ਹਮੇਸ਼ਾ ਬੱਚਾ ਹੀ ਹੁੰਦੀ ਹੈ। ਇੱਕ ਮਾਂ ਹੀ ਹੁੰਦੀ ਹੈ ਜੋ ਆਪਣੇ ਬੱਚੇ ਨੂੰ ਉਸਦੇ ਅਧੂਰੇ ਨਾਮ ਨਾਲ ਬੁਲਾ ਸਕਦੀ ਹੈ ਭਾਂਵੇ ਬੱਚਾ ਕਿੰਨੇ ਵੱਡੇ ਅਹੁਦੇ ਜਾ ਰੁਤਬੇ ਤੇ ਕਿਉ ਨਾ ਹੋਵੇ। ਚਾਹੇ ਮਾਂ ਇੱਕ ਛੋਟਾ ਜਿਹਾ ਸ਼ਬਦ ਹੈ ਪਰ ਇਸ ਵਿੱਚ ਪੂਰੀ ਖਲਕਤ ਸਮਾਈ ਹੋਈ ਹੈ। ਇਸ ਤੋ ਵਿਸ਼ਾਲ ਹੋਰ ਕੋਈ ਸ਼ਬਦ ਨਹੀ ਹੈ। ਇਹੀ ਮਾਂ ਦੀ ਵਿਸੇਸ਼ਤਾ ਹੈ। ਮਾਂ ਤਾਂ ਬਸ ਮਾਂ ਹੀ ਹੁੰਦੀ ਹੈ। ਮਾਂ ਦੀ ਮਮਤਾ ਦਾ ਅਹਿਸਾਸ ਤੇ ਸਵਾਦ ਦੁਨੀਆਂ ਦੇ ਸਭ ਸਵਾਦਾ ਤੋ ਉਤੱਮ ਹੰਦਾ ਹੈ।ਕਹਿੰਦੇ ਮਾਂ ਦੀ ਮਮਤਾ ਅੰਨੀ ਹੁੰਦੀ ਹੈ। ਤੁਰ ਜਾਣ ਤੋ ਮਗਰੋ ਯਾਦ ਆਉਂਦੀਆਂ ਹਨ ਮਾਂਵਾਂ।ਜਿਸ ਦੇ ਮਾਂ ਹੁੰਦੀ ਹੈ ਸ਼ਾਇਦ ਉਹ ਮਾਂ ਦੀ ਓਨੀ ਕਦਰ ਨਹੀ ਕਰਦਾ ਜਿੰਨੇ ਦੀ ਉਹ ਹੱਕਦਾਰ ਹੁੰਦੀ ਹੈ। ਮਾਂ ਦਾ ਦੇਣ ਜਾ ਕਰਜ਼ ਕਿਸੇ ਵੀ ਰੂਪ ਵਿੱਚ ਚੁਕਾਇਆ ਨਹੀ ਜਾ ਸਕਦਾ।
ਮੇਰੀ ਮਾਂ ਬਾਰੇ ਲਿਖਣ ਲਈ ਕੋਈ ਕਲਮ ਨਹੀ ਬਣੀ ਤੇ ਨਾ ਹੀ ਓਨਾ ਵੱਡਾ ਕੋਈ ਕਾਗਜ ਬਣਿਆ ਹੈ। ਮੇਰੀ ਮਾਂ ਮਮਤਾ ਦੀ ਮੂਰਤ ਸੀ। ਉਹ ਬਹੁਤ ਭੋਲੀ ਸੀ ਜਾਂ ਮਮਤਾ ਦੀ ਮਾਰੀ ਉਹ ਭੋਲੀਆਂ ਗੱਲਾਂ ਕਰਦੀ ਸੀ। ਦਸਵੀ ਜਮਾਤ ਪਾਸ ਕਰਨ ਤੋ ਬਾਅਦ ਮੇਰਾ ਇਰਾਦਾ ਕੋਈ ਡਾਕਟਰੀ ਜਾ ਕੋਈ ਡਿਪਲੋਮਾ ਕਰਨ ਦਾ ਸੀ। ਪਰ ਮੇਰੀ ਮਾਂ ਦੀ ਰੀਝ ਸੀ ਕਿ ਪਹਿਲਾ ਮੈ ਇਸ ਨੂੰ ਚੌਦਾ ਪਾਸ ਕਰਾਉਣੀਆਂ ਹਨ। ਉਸ ਸਮੇ ਬੀ ਏ ਪਾਸ ਨੂੰ ਚੌਦਾ ਪਾਸ ਕਹਿੰਦੇ ਸਨ। ਚੌਦਾ ਜਮਾਤਾਂ ਪਾਸ ਹੋਣਾ ਬਹੁਤ ਵੱਡੀ ਗੱਲ ਮਨਿਆ ਜਾਂਦਾ ਸੀ। ਤੇ ਮੇਰੀ ਮਾਂ ਦੀ ਦਿਲੀ ਤਮੰਨਾ ਸੀ ਕਿ ਉਸ ਦਾ ਪੁੱਤ ਵੀ ਬੀ ਏ ਪਾਸ ਹੋਵੇ। ਉਹ ਵੀ ਸ਼ਾਨ ਨਾਲ ਕਹਿ ਸਕੇ ਕਿ ਉਸਦਾ ਪੁੱਤ ਪੜਾਈ ਪੱਖੌ ਕਿਸੇ ਨਾਲੋ ਘੱਟ ਨਹੀ ਹੈ।ਉਸ ਨੇ ਮੈਨੂੰ ਡਿਪਲੋਮਾ ਜਾ ਕੋਰਸ ਕਰਨ ਲਈ ਬਾਹਰ ਨਹੀ ਭੇਜਿਆ ਤੇ ਕਿਹਾ ਪੁੱਤ ਪਹਿਲਾ ਚੌਦਾ ਪਾਸ ਕਰ ਲੈ ਫਿਰ ਜੋ ਮਰਜੀ ਕਰ ਲਵੀ।ਦੂਜਾ ਹਰ ਮਾਂ ਦੀ ਤਰਾਂ ਉਹ ਅਜੇ ਬੱਚਾ ਹੀ ਸਮਝਦੀ ਸੀ। ਉਸਦੀ ਚਿੰਤਾ ਇਹ ਵੀ ਸੀ ਕਿ ਮੇਰਾ ਬੱਚਾ ਹੋਸਟਲ ਵਿੱਚ ਕਿਵੇਂ ਰਹੂ। ਇਸਨੂੰ ਚੰਗਾ ਖਾਣਾ ਕਿਵੇ ਮਿਲੂ।ਇਸੇ ਲਈ ਹੀ ਮੈਨੂੰ ਕਾਲਜ ਤੋ ਚੌਦਾ ਪਾਸ ਕਰਾਉਣ ਲਈ ਉਹ ਪਿੰਡ ਛੱਡ ਕੇ ਸਹਿਰ ਆ ਗਈ ਤੇ ਮੇਰਾ ਕਾਲਜ ਵਿੱਚ ਦਾਖਲਾ ਕਰਵਾ ਦਿੱਤਾ।ਉਸਦੀ ਮਮਤਾ ਅੱਗੇ ਮੈ ਵੀ ਝੁਕ ਗਿਆ ਤੇ ਡਿਪਲੋਮਾ ਕਰਨ ਦੀ ਜਿੱਦ ਛੱਡ ਦਿੱਤੀ।ਤੇ ਸਥਾØਨਕ ਕਾਲਜ ਤੋ ਬੀ ਕਾਮ ਕਰ ਲਈ।
ਕਾਲਜ ਦੀ ਪੜਾਈ ਪੂਰੀ ਹੋਣ ਤੋ ਬਾਅਦ ਜਦੋ ਮੈ ਨੌਕਰੀ ਲਈ ਹੱਥ ਪੈਰ ਮਾਰਨੇ ਸੁਰੂ ਕੀਤੇ ਤਾਂ ਉਸ ਦੀ ਇੱਛਾ ਸੀ ਕਿ ਮੈਨੂੰ ਘਰੋ ਬਾਹਰ ਭੇਜਣ ਦੀ ਨਹੀ ਸੀ । ਉਹ ਨਹੀ ਸੀ ਚਾਹੁੰਦੀ ਕਿ ਉਸਦਾ ਪੁੱਤ ਕਿਰਾਏ ਦੇ ਮਕਾਨਾਂ ਵਿੱਚ ਜਿੰਦਗੀ ਗੁਜਾਰੇ ਤੇ ਘਰ ਦੀਆਂ ਪੱਕੀਆਂ ਖਾਣ ਦੀ ਬਜਾਇ ਹੋਟਲ ਢਾਬਿਆਂ ਦੀਆ ਕੱਚ ਪੱਕੀਆਂ ਰੋਟੀਆਂ ਖਾਵੇ। ਕੋਈ ਆਪਣਾ ਵਿਉਪਾਰ ਜਾ ਦੁਕਾਨ ਕਰਨ ਦੀ ਮਾਲੀ ਗੁੰਜਾਇਸ ਨਹੀ ਸੀ। ਉਹ ਦੂਰ ਦੀਆਂ ਨੌਕਰੀਆਂ ਭਾਲਣ ਦੀ ਥਾਂ ਮੇਰੇ ਲਈ ਲੋਕਲ ਤੇ ਨੇੜੇ ਹੀ ਨੋਕਰੀ ਲੱਭਣ ਨੂੰ ਤਰਜੀਹ ਦਿੰਦੀ।ਇਸ ਲਈ ਉਸ ਨੂੰ ਮੇਰਾ ਸਕੂਲ ਮਾਸਟਰ , ਪਟਵਾਰੀ ਜਾ ਕਿਸੇ ਦਫਤਰ ਦਾ ਬਾਬੂ ਬਨਣਾ ਹੀ ਸਵੀਕਾਰ ਸੀ। ਜਦੋ ਮੇਰੀ ਘਰਦੇ ਨਜਦੀਕ ਹੀ ਪੱਕੀ ਪ੍ਰਾਈਵੇਟ ਨੋਕਰੀ ਲੱਗੀ ਤਾਂ ਉਹ ਡਾਢੀ ਖੁਸ਼ ਹੋਈ।
ਮੇਰੇ ਵਿਆਹ ਤੋ ਤਰੁੰਤ ਬਾਦ ਜਦੋ ਮੇਰੀ ਘਰਵਾਲੀ ਨੂੰ ਉਸਦੇ ਭਰਾ ਲੈਣ ਆਏ ਤੇ ਮੈ ਵੀ ਉਹਨਾਂ ਦੇ ਨਾਲ ਦੂਜੀ ਵਾਰ ਸਹੁਰੇ ਜਾਣਾ ਸੀ ਤਾਂ ਉਹ ਅੱਖਾਂ ਭਰ ਆਈ ਤੇ ਮੇਰੇ ਸਾਲਿਆਂ ਨੂੰ ਕਹਿੰਦੀ ਬੇਟਾ ਇਸ ਦਾ ਪੂਰਾ ਖਿਆਲ ਰੱਖਿਉ ਤੇ ਪਿਆਰ ਦਿਉ। ਮੈ ਕਦੇ ਇਸਨੂੰ ਇਕੱਲਾ ਬਾਹਰ ਨਹੀ ਭੇਜਿਆ।ਚਾਹੇ ਮੇਰੀ ਉਮਰ ਉਸ ਸਮੇ ਪੱਚੀ ਸਾਲ ਦੀ ਸੀ ਪਰ ਮੇਰੀ ਮਾਂ ਲਈ ਤਾਂ ਮੈ ਅਜੇ ਵੀ ਇੱਕ ਬੱਚਾ ਹੀ ਸੀ।ਇਹ ਹੀ ਉਸਦੀ ਮਮਤਾ ਸੀ। ਉਸ ਸਮੇ ਮੈਨੂੰ ਉਸ ਦੀ ਇਹ ਹਰਕਤ ਚੰਗੀ ਨਾ ਲੱਗੀ ਪਰ ਹੁਣ ਸੋਚਦਾ ਹਾਂ ਕਿ ਸੱਚੀ ਕਿੰਨੀ ਭੋਲੀ ਸੀ ਮੇਰੀ ਮਾਂ।ਤੇ ਆਪਣੀ ਮਮਤਾ ਦੀ ਮੁਥਾਜ ਸੀ ਉਹ ਉਸ ਵੇਲੇ।
ਨੌਕਰੀ ਦੋਰਾਨ ਜਦੋ ਵੀ ਮੈ ਸਕੂਲੀ ਬੱਚਿਆਂ ਨਾਲ ਕਿਸੇ ਨਾ ਕਿਸੇ ਪ੍ਰਦੇਸ ਦੇ ਟੂਰ ਤੇ ਘੰਮਣ ਲਈ ਜਾਂਦਾ ਤਾਂ ਉਹ ਜਾਂਦੇ ਸਮੇ ਮੇਰੇ ਪਾਪਾ ਜੀ ਤੋ ਲੈ ਕੇ ਕੁਝ ਰੁਪਏ ਮੈਨੂੰ ਜਰੂਰ ਦਿੰਦੀ ਤੇ ਕਹਿੰਦੀ ਲੈ ਪੁੱਤ ਕੁਝ ਖਾ ਲੀ। ਮੈ ਬਥੇਰਾ ਕਹਿੰਦਾ ਮਾਤਾ ਮੇਰੇ ਕੋਲ ਵਾਧੂ ਪੈਸੇ ਹਨ। ਪਰ ਉਹ ਨਾ ਮੰਨਦੀ ਤੇ ਮੈ ਵੀ ਮਾਂ ਦਾ ਪ੍ਰਸਾਦ ਸਮਝ ਕੇ ਉਹ ਪੈਸੇ ਲੈ ਲੈਂਦਾ। ਉਸ ਸਮੇ ਮੋਬਾਇਲ ਫੋਨਾਂ ਦਾ ਚਲਣ ਨਹੀ ਸੀ ਤੇ ਮੈ ਐਸ ਟੀ ਡੀ ਪੀ ਸੀ ਓ ਤੋ ਘਰੇ ਫੋਨ ਕਰਦਾ।ਰੋਟੀ ਖਾ ਲਈ? ਕੀ ਖਾਧਾ? ਠੀਕ ਹੈ ਨਾ ? ਠੰਡ ਤੋ ਬਚਾ ਰੱਖੀ ।ਮੇਰੀ ਮਾਂ ਮੈਨੂੰ ਜਰੂਰ ਪੁੱਛਦੀ। ਇਹ ਉਸਦੀ ਮਮਤਾ ਹੀ ਸੀ। ਉਸ ਨੂੰ ਮੇਰੇ ਖਾਣ ਪੀਣ ਤੇ ਸਰੀਰ ਦੀ ਚਿੰਤਾ ਬਣੀ ਰਹਿੰਦੀ।
ਮੇਰੇ ਵਿਆਹ ਤੋ ਕਾਫੀ ਦੇਰ ਮੈ ਘਰੋ ਅਲੱਗ ਨਹੀ ਹੋਇਆ। ਮੈ ਲਗਭਗ ਤੇਰਾਂ ਚੌਦਾਂ ਸਾਲ ਸਾਂਝੇ ਚੁੱਲ੍ਹੇ ਦਾ ਸਵਾਦ ਲਿਆ। ਹਲਾਂ ਕਿ ਅੱਜ ਕੱਲ ਵਿਆਹ ਤੋ ਚੰਦ ਕੁ ਮਹੀਨੇ ਬਾਦ ਹੀ ਲੋਕ ਅਲੱਗ ਚੁੱਲ੍ਹਾ ਤਪਾਉਣ ਦੀ ਸੋਚਣ ਲੱਗ ਜਾਂਦੇ ਹਨ। ਸਹਿਣਸੀਲਤਾ ਦੀ ਕਮੀ ਤੇ ਆਪਣੀ ਆਜਾਦੀ ਦੀ ਭੁੱਖ ਵਖਰੇਵੇਂ ਦਾ ਕਾਰਨ ਬਣਦੀ ਹੈ।1997-98 ਵਿੱਚ ਜਦੋ ਸਾਡੇ ਲਈ ਅਲੱਗ ਮਕਾਨ ਖਰੀਦਣ ਲਈ ਕੋਸਿਸ ਸੁਰੂ ਹੋਈ ਤਾਂ ਮੈ ਇੱਕ ਕੋਠੀਨੁਮਾ ਮਕਾਨ ਦੇਖਿਆ ਜੋ ਸਾਡੇ ਮੋਜੂਦਾ ਘਰ ਤੋ ਕਾਫੀ ਦੂਰ ਸੀ ਪਰ ਸਾਡੇ ਵਿੱਤ ਮੁਤਾਬਿਕ ਬਹੁਤ ਢੁਕਵਾਂ ਸੀ ਤੇ ਸਸਤਾ ਵੀ। ਮੈ ਜਦੋ ਉਸ ਮਕਾਨ ਬਾਰੇ ਮੇਰੀ ਮਾਂ ਨਾਲ ਗੱਲ ਕੀਤੀ ਤਾਂ ਕਹਿੰਦੀ ਪੁੱਤ ਦੂਰ ਨਹੀ ਲੈਣਾ। ਨਜਦੀਕ ਹੀ ਹੋਵੇ ਜਿੱਥੇ ਮੈਂ ਬੀਮਾਰ ਸ਼ੀਮਾਰ ਵੀ ਰੁੜਦੀ ਢਹਿੰਦੀ ਸਵੇਰੇ ਸ਼ਾਮ ਗੇੜਾ ਮਾਰ ਸਕਾ। ਚਾਹੇ ਮਕਾਨ ਛੋਟਾ ਜਾ ਮਹਿੰਗਾ ਕਿਉਂ ਨਾ ਹੋਵੇ। ਦੂਰ ਤਾਂ ਮੈਥੋ ਆਇਆ ਹੀ ਨਹੀ ਜਾਣਾ।ਮੈ ਪੋਤਿਆਂ ਨੂੰ ਆਪਣੇ ਤੌ ਦੂਰ ਨਹੀ ਕਰ ਸਕਦੀ। ਫਿਰ ਉਸਨੇ ਮੈਨੂੰ ਸਾਡੇ ਪੁਰਾਣੇ ਘਰਦੇ ਨਜਦੀਕ ਹੀ ਕੋਠੀ ਬਣਾਕੇ ਦਿੱਤੀ।ਤੇ ਮਰਦੇ ਦਮ ਤੱਕ ਮੇਰੀ ਮਾਂ ਨੇ ਮੈਨੂੰ ਆਪਣੇ ਘਰ ਅਤੇ ਦਿਲ ਦੇ ਨਜਦੀਕ ਰੱਖਿਆ। ਇਹੀ ਮੇਰੀ ਮਾਂ ਦੀ ਮਮਤਾ ਸੀ।
ਮੇਰੇ ਬੇਟੇ ਨੇ ਐਮ ਬੀ ਏ ਕਰਨ ਲਈ ਅਤੇ ਭਤੀਜੇ ਨੇ ਬੀ ਟੈਕ ਕਰਨ ਲਈ ਬਾਹਰ ਕਿਸੇ ਕਾਲਜ ਵਿੱਚ ਦਾਖਿਲਾ ਲੈਣਾ ਸੀ। ਦੋਹਾਂ ਨੂੰ ਇੱਕੋ ਕਾਲਜ ਵਿੱਚ ਸੀਟ ਮਿਲਣੀ ਮੁਸ਼ਕਿਲ ਸੀ ਪਰ ਮੇਰੀ ਚਾਹੁੰਦੀ ਸੀ ਕਿ ਦੋਵੇ ਭਰਾ ਇੱਕੋ ਜਗਾਂ ਹੀ ਪੜ੍ਹਣ।ਇਸ ਲਈ ਉਸਨੂੰ ਕੋਰਸ ਫੀਸ ਜਾ ਸੰਸਥਾ ਦੇ ਰੁਤਬੇ ਦੀ ਪ੍ਰਵਾਹ ਨਹੀ ਸੀ।ਆਖਿਰ ਅਸੀ ਉਸਦੀ ਖੁਹਾਇਸ ਦਾ ਖਿਆਲ ਰੱਖਦੇ ਹੋਏ ਦੋਨਾਂ ਬੱਚਿਆਂ ਦਾ ਦਾਖਲਾ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿੱਚ ਕਰਵਾ ਦਿੱਤਾ। ਫਿਰ ਉਹ ਆਪ ਸਾਡੇ ਨਾਲ ਜਲੰਧਰ ਜਾਕੇ ਬੱਚਿਆਂ ਨੂੰ ਮਿਲਕੇ ਆਈ। ਜਦੋਕਿ ਉਸ ਸਮੇ ਉਸ ਦੀ ਮੋਹਾਲੀ ਦੇ ਫੋਰਟਿਸ ਹਸਪਤਾਲ ਤੋ ਇੰਜੋਪਲਾਟਰੀ ਹੋਣੀ ਸੀ। ਉਹ ਹੋਸਟਲ ਵਾਰਡਨ ਨੂੰ ਉਚੇਚਾ ਮਿਲਣ ਗਈ ਤੇ ਉਸਨੂੰ ਬੱਚਿਆਂ ਦਾ ਖਿਆਲ ਰੱਖਣ ਦੇ ਇਵਜ ਵਿੱਚ ਫਲ ਫਰੂਟ ਤੇ ਨਕਦ ਨਰਾਇਣ ਦੇਕੇ ਆਈ।ਉਹ ਹੋਸਟਲ ਵਾਰਡਨ ਵੀ ਮੇਰੀ ਮਾਂ ਦੀ ਮਮਤਾ ਤੋਂ ਬਹੁਤ ਪ੍ਰਭਾਵਿੱਤ ਹੋਇਆ ਤੇ ਸਾਡੇ ਬੱਚਿਆਂ ਤੇ ਉਸਦੀ ਖਾਸ ਕ੍ਰਿਪਾ ਬਣੀ ਰਹੀ।ਪੋਤਿਆਂ ਦੇ ਪ੍ਰਤੀ ਵੀ ਉਸ ਮਾਂ ਦੀ ਮਮਤਾ ਬੇਮਿਸਾਲ ਸੀ।
ਜਦੋ ਵੀ ਮੈ ਮੇਰੀ ਮਾਂ ਦੀਆਂ ਇਹ ਗੱਲਾਂ ਚੇਤੇ ਕਰਦਾ ਹਾਂ ਤਾਂ ਮੈਨੂੰ ਮੇਰੀ ਮਾਂ ਮਮਤਾ ਦੀ ਮੂਰਤ ਲੱਗਦੀ ਹੈ । ਸੱਚੀ ਇਸੇ ਮਮਤਾ ਚ ਅੰਨੀ ਹੋਈ ਮੇਰੀ ਮਾਂ ਕਿੰਨੀਆਂ ਭੋਲੀਆਂ ਗੱਲਾਂ ਕਰਦੀ ਸੀ। ਇਹ ਹਰ ਮਾਂ ਦੀ ਅਸਲੀਅਤ ਹੈ ।ਸੱਚ ਹੀ ਮੇਰੀ ਮਾਂ ਬਹੁਤ ਭੋਲੀ ਸੀ। ਕਿੰਨੀ ਭੋਲੀ ਸੀ ਮੇਰੀ ਮਾਂ।

ਲੇਖਕ : ਰਮੇਸ਼ ਸੇਠੀ ਬਾਦਲ ਹੋਰ ਲਿਖਤ (ਇਸ ਸਾਇਟ 'ਤੇ): 54
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :2331
ਲੇਖਕ ਬਾਰੇ
ਆਪ ਜੀ ਇੱਕ ਕਹਾਣੀਕਾਰ ਵਜੋਂ ਪੰਜਾਬੀ ਸਾਹਿਤ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹੋ। ਆਪ ਜੀ ਦਾ ਪਹਿਲਾ ਕਹਾਣੀ ਸੰਗ੍ਰਿਹ "ਇੱਕ ਗਧਾਰੀ ਹੋਰ" ਬਹੁ ਪ੍ਰਚਲਤ ਹੋਇਆ ਹੈ। ਆਪ ਜੀ ਦੀਆਂ ਰਚਨਾਵਾ ਅਕਸਰ ਅਖਬਾਰਾ ਵਿੱਚ ਛਾਪਦੀਆ ਰਹਿੰਦੀਆ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ