ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸੁਰਜੀਤ ਪਾਤਰ

ਸੁਰਜੀਤ ਪਾਤਰ(14 ਜਨਵਰੀ,1945 ਤੋਂ ਹੁਣ ਤੱਕ)
ਸੁਰਜੀਤ ਪਾਤਰ ਦਾ ਜਨਮ 'ਪੱਤੜ ਕਲਾਂ' ਜ਼ਿਲਾ ਜਲੰਧਰ ਵਿਖੇ ਹੋਇਆ। ਉਸ ਨੇ ਜਲੰਧਰ, ਪਟਿਆਲਾ ਅਤੇ ਅੰਮ੍ਰਿਤਸਰ ਤੋਂ ਉਚੇਰੀ ਸਿਖਿਆ ਪ੍ਰਾਪਤ ਕੀਤੀ। ਅੱਜ ਕੱਲ ਉਹ ਲੁਧਿਆਣਾ ਵਿਖੇ ਰਹਿ ਰਿਹਾ ਹੈ। ਉਸਦਾ ਨਾਮ ਨਾਲ ਪਾਤਰ ਉਸ ਦੇ ਪਿੰਡ ਪੱਤੜ ਕਲਾਂ ਦਾ ਹੀ ਰੂਪ ਹੈ। ਉਹ ਲਗਭਗ ਪਿਛਲੇ ਪੰਜ ਦਹਾਕਿਆ ਤੋਂ ਸਾਹਿਤ ਸਿਰਜਨਾ ਕਰ ਰਿਹਾ ਹੈ।
ਸੁਰਜੀਤ ਪਾਤਰ ਨੇ ਆਪਣੇ ਕਾਵਿ ਸੰਗ੍ਰਹਿ ਹਵਾ ਵਿੱਚ ਲਿਖੇ ਹਰਫ਼, ਬਿਰਖ ਅਰਜ਼ ਕਰੇ, ਹਨ੍ਹੇਰੇ ਵਿਚ ਸੁਲਗਦੀ ਵਰਣਮਾਲਾ, ਲਫ਼ਜ਼ਾਂ ਦੀ ਦਰਗਾਹ, ਪੱਤਝੜ ਦੀ ਪਾਜ਼ੇਬ, ਸਦੀ ਦੀਆਂ ਤਰਕਾਲਾਂ,ਸੁਰਜ਼ਮੀਨ ਅਤੇ ਚੰਨ ਸੂਰਜ ਦੀ ਵਹਿੰਗੀ ਰਾਹੀ ਆਧੁਨਿਕ ਸੁਹਜ ਸੰਵੇਦਨਾ ਦਾ ਗਿਆਨ ਸ਼ਾਸਤਰ ਅਤੇ ਪ੍ਰਤੀਕਮਈ ਸੰਸਾਰ ਘੜਿਆ ਹੈ। ਇਸ ਗਿਆਨ ਸ਼ਾਸਤਰ ਅੰਦਰ ਸੁਹਜ ਸੰਵੇਦਨਾ ਨੇ ਨਕਸਲ ਵਾਦੀ ਲਹਿਰ ਦੀ ਸ਼ੂਧਤਾ ਦਿਖਾਉਂਦੇ ਹੋਏ ਪੰਜਾਬੀ ਚੇਤਨਾ ਦੀ ਗਿਆਨ ਰਾਹੀ ਪੁਨਰ ਹਾਜ਼ਰੀ ਲਗਵਾਈ ਹੈ। ਸ਼ੁਧਤਾ ਤੋਂ ਪੁਨਰ ਹਾਜ਼ਰੀ ਤੋਂ ਭਾਵ ਪੰਜਾਬੀ ਚੇਤਨਾ ਅੰਦਰ ਆਪਣੇ ਮੌਲਿਕ ਦੁਖਾਂਤ ਦਾ ਗਿਆਨਮਈ ਪ੍ਰਵਚਨ ਸਿਰਜਨਾ। ਉਸ ਦੇ ਕਾਵਿ ਮੁਹਾਵਰੇ ਅੰਦਰ ਉਤਰ ਰਿਹਾ ਇਹ ਗਿਆਨਮਈ ਸੰਸਾਰ ਸੁਹਜ ਸੰਵੇਦਨਾ ਦੇ ਅਨੇਕਾ ਅਦਰਿਸ਼ ਭੇਦਾ ਨੂੰ ਪ੍ਰਗਟ ਕਰਨ ਦੀ ਸ਼ਮਤਾ ਰਖਦਾ ਹੈ। ਕਿਉਂ ਕਿ ਪਾਤਰ ਦੇ ਪਾਸ ਆਧੁਨਿਕ ਸੁਹਜ ਦੀ ਮਰਿਆਦਾ ਲਈ ਸ਼ਬਦ ਰਵਾਂਨਗੀ ਦਾ ਸੁਰਤ ਅੰਦਰ ਟਿਕਾਅ ਮੌਜੂਦ ਹੈ। ਇਸ ਟਿਕਾਅ ਰਾਂਹੀ ਹੀ ਉਸ ਨੂੰ ਆਪਣੀ ਰੂਹ ਅੰਦਰ ਪਲ ਰਿਹਾ ਸੰਗੀਤਕ ਸੁਹਜ ਫੈਲਦਾ ਦਿਖਾਈ ਦਿੰਦਾ ਹੈ। ਇਸ ਵਿੱਚੋ ਸਾਹਿਤ ਸੁਭਾਵਾ ਅੰਦਰ ਵਿਚਰਣ ਪ੍ਰਕਿਆ ਦਾ ਧਰਵਾਸ ਵੀ ਰਹਿੰਦਾ ਹੈ। ਜਿਸ ਕਾਰਨ ਸਾਹਿਤ ਸੁਭਾਵਾਂ ਦਾ ਕਲਚਰ ਵਧੇਰੇ ਸੰਜੀਦਾ ਅਤੇ ਆਤਿਮ ਰਸ ਭਰਪੂਰ ਬਣਦਾ ਜਾ ਰਿਹਾ ਹੈ। ਸਾਹਿਤ ਸਭਾਵਾ ਅੰਦਰ ਉਨ੍ਹਾਂ ਦੀ ਸ਼ਮੁਲੀਅਤ ਦਾ ਸੱਚ ਅਜਿਹੀ ਸੰਜੀਦਗੀ ਅਤੇ ਖੇੜੇ ਨੂੰ ਦ੍ਰਿੜ ਕਰਵਾਉਂਦਾ ਹੈ ਜਿਸ ਵਿੱਚੋ ਸਾਹਿਤਿਕਤਾ ਆਪਣੇ ਪੂਰਨ ਜਲੌਅ ਸਾਹਿਤ ਪ੍ਰਗਟ ਹੰਦੀ ਹੈ। ਉਂਨ੍ਹਾਂ ਦੀ ਚਿੰਤਨ ਪ੍ਰਕ੍ਰਿਆ ਦੀ ਲਗਾਤਾਰਤਾ (ਵਾਰਤਕ, ਭੂਮਿਕਾਵਾ ਅਤੇ ਜੀਵਨ ਅਦਰਸ਼ ਰਾਂਹੀ) ਅਜਿਹੀਆ ਭਵਿੱਖ ਮੁੱਖੀ ਦਿਸ਼ਾਵਾਂ ਆਪਣੇ ਵਿਦਿਆਰਥੀ (ਸੁਖਵਿੰਦਰ ਅੰਮ੍ਰਿਤ) ਰਾਹੀ ਉਜਾਗਰ ਕਰ ਰਹੀ ਹੈ ਜਿਸ ਵਿੱਚੋ ਆਧੁਨਿਕ ਸੁਹਜ ਸੰਵੇਦਨਾ ਸੰਤੁਲਿਤ ਰੂਪ ਵਿੱਚ ਗਜ਼ਲ ਜਹੀ ਦਾਰਸ਼ਨਿਕ ਵਿਧਾ ਦਾ ਮੁਹਾਵਰਾ ਘੜ੍ਹ ਸਕੇਗੀ। ਕਿਉਂਕਿ ਉਸਦੇ ਆਪਣੇ ਕਾਵਿ ਮੁਹਾਵਰੇ ਅੰਦਰ ਘੜਿਆ ਜ਼ਬਤ ਅਤੇ ਪ੍ਰਤੀਕ ਮਈ ਸੁਹਜ ਸੰਸਾਰ ਗਜ਼ਲ ਦੀ ਦਾਰਸ਼ਨਿਕ ਨੁਹਾਰ ਨੂੰ ਨਿਖਾਰ ਕਿ ਉਸ ਦੇ ਵਿਹਾਰਿਕ ਨਿਜ਼ਮਾਂ ਦੀ ਪੰਜਾਬੀ ਚੇਤਨਾ ਦੇ ਅਨੁਕੂਲ਼ (ਪੰਜਾਬ ਦੀ ਧਰਤੀ ਅਤੇ ਪਰੰਪਰਾ ਦੇ ਸਾਥ ਵਿੱਚੋ) ਆਪਣੇ ਅਨੁਭਵ ਨੂੰ ਵਧੇਰੇ ਸੰਜੀਦਗੀ ਸਹਿਤ ਪੰਜਾਬੀ ਸਾਹਿਤ ਸਿਰਜਨਾ ਅੰਦਰ ਉਤਾਰ ਰਿਹਾ ਹੈ।
ਡਾ. ਬਲਦੇਵ ਸਿੰਘ ਧਾਲੀਵਾਲ ਅਨੁਸਾਰ ਸੁਰਜੀਤ ਪਾਤਰ ਦਾਰਸ਼ਨਿਕ ਸੁਰ ਵਾਲਾ ਗੰਭੀਰ ਕਵੀ ਹੈ। ਇਸ ਲਈ ਉਸ ਦੀ ਕਵਿਤਾ ਦੇ ਅਰਥ ਸਤਹਿ ਉੱਤੇ ਪਏ ਨਹੀਂ ਮਿਲਦੇ ਸਗੋਂ ਅਰਥਾਂ ਦੀਆਂ ਕਈ ਪਰਤਾਂ ਹੁੰਦੀਆਂ ਹਨ। ਪਾਤਰ ਇੱਕ ਚੇਤੰਨ ਸ਼ਾਇਰ ਹੈ। ਇਸ ਕਰਕੇ ਉਹ ਕਵਿਤਾ ਦੇ ਸਮਾਜਿਕ-ਰਾਜਨੀਤਕ ਸਰੋਕਾਰਾਂ ਤੋਂ ਭਲੀ-ਭਾਂਤ ਵਾਕਫ਼ ਹੈ ਪਰ ਅਜਿਹੀ ਪ੍ਰਯੋਜਨ ਸਿੱਧੀ ਲਈ ਉਹ ਕਵਿਤਾ ਦੇ ਕਾਵਿ-ਪਣ ਦਾ ਘਾਤ ਨਹੀਂ ਕਰਦਾ। ਉਸ ਦੇ ਉੱਤਮ ਕਵੀ ਹੋਣ ਦੀ ਇਹ ਸਭ ਤੋਂ ਪਹਿਲੀ ਨਿਸ਼ਾਨੀ ਹੈ। ਸੰਵੇਦਨਸ਼ੀਲਤਾ, ਦਾਰਸ਼ਨਿਕ ਛੋਹਾਂ, ਸੱਜਰੇ ਅਛੋਹ ਬਿੰਬ ਅਤੇ ਵੈਰਾਗ ਦੀ ਸ਼ਿੱਦਤ ਆਦਿ ਕੁਝ ਅਜਿਹੇ ਲੱਛਣ ਹਨ ਜਿਨ੍ਹਾਂ ਦੇ ਢੁੱਕਵੇਂ ਸੁਮੇਲ ਨਾਲ ਸੁਰਜੀਤ ਪਾਤਰ ਦੀ ਕਾਵਿ-ਰਚਨਾ ਹਰ ਵਰਗ ਦੇ ਪਾਠਕਾਂ ਨੂੰ ਟੁੰਬਦੀ ਹੈ।ਸੰਵੇਦਨਸ਼ੀਲਤਾ ਸੁਰਜੀਤ ਪਾਤਰ ਦੀ ਸ਼ਖ਼ਸੀਅਤ ਦਾ ਇੱਕ ਅਮੁੱਲਾ ਗਹਿਣਾ ਹੈ। ਇਸ ਸਦਕਾ ਹੀ ਉਹ ਵਸਤੂ-ਯਥਾਰਥ ਦੀਆਂ ਮਹੀਨ ਤੋਂ ਮਹੀਨ ਪਰਤਾਂ ਨੂੰ ਵੀ ਭਾਂਪ ਲੈਂਦਾ ਹੈ। ਉਸ ਦੇ ਸੂਖ਼ਮ-ਚਿੱਤ ਉੱਤੇ ਸੰਸਾਰ ਦਾ ਹਰ ਹਾਦਸਾ ਕੰਪਨ ਪੈਦਾ ਕਰਦਾ ਹੈ ਜੋ ਅੰਤ ਨੂੰ ਕਾਵਿਕ-ਜਾਮੇ ਰਾਹੀਂ ਮੂਰਤੀਮਾਨ ਹੋ ਜਾਂਦਾ ਹੈ। ਉਸ ਦਾ ਕਥਨ ਹੈ, ‘‘ਅਸਲ ਵਿੱਚ ਕਵਿਤਾ ਤੁਹਾਡੇ ਸਮੁੱਚੇ ਆਪੇ ਦੀ ਆਵਾਜ਼ ਹੁੰਦੀ ਹੈ। ਇਸ ਵਿੱਚ ਤੁਹਾਡੀ ਰਾਜਨੀਤੀ, ਤੁਹਾਡਾ ਪਿਆਰ, ਤੁਹਾਡੀਆਂ ਆਸਾਂ, ਖ਼ੌਫ਼, ਤੁਹਾਡਾ ਚਾਨਣ ਤੇ ਹਨੇਰਾ ਸਭ ਕੁਝ ਸ਼ਾਮਿਲ ਹੁੰਦਾ ਹੈ। …ਕਿਉਂਕਿ ਸਾਡਾ ਮਨ ਕੋਈ ਦੁਨੀਆਂ ਤੋਂ ਟੁੱਟੀ ਹੋਈ ਚੀਜ਼ ਨਹੀਂ। ਇਸ ਲਈ ਇਸ ਦੀ ਆਵਾਜ਼ ਸੁਣਦਿਆਂ ਅਸੀਂ ਅਨੇਕਾਂ ਆਵਾਜ਼ਾਂ ਸੁਣਦੇ ਹਾਂ, ਅਨੇਕਾਂ ਦ੍ਰਿਸ਼, ਕਾਲ-ਖੰਡ, ਚੰਦ-ਤਾਰੇ, ਚੁੱਲ੍ਹੇ ’ਤੇ ਰੋਟੀਆਂ ਪਕਾਉਂਦੀ ਮਾਂ, ਕਰੋੜਾਂ ਭੁੱਖੇ ਮਰਦੇ ਲੋਕ, ਕੋਈ ਵੀ ਹਾਦਸਾ ਜੋ ਕਵਿਤਾ ਤੋਂ ਪਹਿਲਾਂ ਤੁਹਾਡੇ ਆਪਣੇ ਮਨ ਦੀ ਕੰਪਨ ਨਹੀਂ ਬਣਦਾ, ਉਸ ਦੀ ਕਵਿਤਾ ਜਾਅਲੀ ਹੋਵੇਗੀ।’’
ਪਾਤਰ ਸਮੇਂ ਅਤੇ ਸਥਿਤੀ ਬਾਰੇ ਬਹੁਤ ਸੁਚੇਤ ਹੈ। ਉਹ ਇਸ ਦੀ ਹਰਕਤ ਨੂੰ ਧਰਤੀ ਅਤੇ ਅਸਮਾਨ ਦੇ ਹਰ ਇੱਕ ਜ਼ਰੇ ਵਿਚੋਂ ਛਾਨ ਲੈਂਦਾ ਹੈ:-
ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ
ਚੁਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ
ਗੀਤ ਦੀ ਮੌਤ ਇਸ ਰਾਤ ਜੇ ਹੋ ਗਈ
ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ

ਪਾਤਰ ਪੰਜਾਬ ਵਿੱਚ ਵਾਪਰਦੇ ਹਰ ਇੱਕ ਸਰੋਕਾਰ ਨਾਲ ਆਪਣੀ ਸਿਰਜਨਾ ਨੂੰ ਵਿਸਥਾਰ ਦਿੰਦਾ ਹੈ। ਪੰਜਾਬ ਦੇ ਸੰਤਾਪ ਬਾਰੇ ਉਸ ਦੀ ਸਿਰਜਨਾ ਦਾ ਵਿਰਸਥਾਰ ਇਸ ਪ੍ਰਕਾਰ ਹੈ : -
ਲੱਗੀ ਨਜ਼ਰ ਪੰਜਾਬ ਨੂੰ, ਲੈ ਕੇ ਮਿਰਚਾਂ ਕੌੜੀਆ,
ਸਿਰ ਤੋਂ ਵਾਰੋ, ਵਾਰ ਕੇ, ਅੱਗ ਦੇ ਵਿਚ ਸਾੜੋ
ਲੱਗੀ ਨਜ਼ਰ ਪੰਜਾਬ ਨੂੰ,
ਮਿਰਚਾਂ ਜ਼ਹਿਰੋਂ ਕੌੜੀਆਂ, ਮਿਰਚਾਂ ਸਿਰ ਸੜੀਆਂ
ਕਿਧਰੋਂ ਲੈਣ ਨਾ ਜਾਣੀਆਂ, ਵਿਹੜੇ ਵਿਚ ਬੜੀਆਂ
ਪਹਿਲੀ ਭਰਵੀਂ ਫਸਲ, ਇਨਾਂ ਦੀ ਓਦੋਂ ਲੱਗੀ
ਜਦ ਆਪੇ ਪੰਜਾਬੀਆਂ, ਪੰਜਾਬੀ ਛੱਡੀ
ਤੇ ਫਿਰ ਅਗਲੀ ਫਸਲ ਦੇ, ਬੀ ਗਿ ਖਿਲਾਰੇ
ਵੱਢੇ ਗਿ ਨਿਰਦੋਸ਼ ਜਦੋਂ, ਰਾਹ ਜਾਂਦੇ ਮਾਰੇ
ਵੱਡਣ ਵਾਲੇ ਕੌਣ ਸਨ ਇਹ ਭੇਤ ਨਾ ਲੱਗਾ
ਪਰ ਬੇਦੋਸ਼ਾਂ ਖੂਨ ਤਾਂ ਪੱਗਾਂ ਸਿਰ ਲੱਗਾ

ਰਚਨਾਵਾ ਹਵਾ ਵਿੱਚ ਲਿਖੇ ਹਰਫ਼
ਬਿਰਖ ਅਰਜ਼ ਕਰੇ
ਹਨੇਰੇ ਵਿੱਚ ਸੁਲਗਦੀ ਵਰਨਮਾਲਾ
ਲਫ਼ਜ਼ਾਂ ਦੀ ਦਰਗਾਹ
ਪਤਝੜ ਦੀ ਪਾਜ਼ੇਬ
ਸੁਰ-ਜ਼ਮੀਨ
ਚੰਨ ਸੂਰਜ ਦੀ ਵਹਿੰਗੀ
ਸਪੇਨੀ ਲੇਖਕ ਲੋਰਕਾ ਦੇ ਤਿੰਨ ਦੁਖਾਂਤ:
ਅੱਗ ਦੇ ਕਲੀਰੇ (ਬਲੱਡ ਵੈਡਿੰਗ)
ਸਈਓ ਨੀ ਮੈਂ ਅੰਤਹੀਣ ਤਰਕਾਲਾਂ (ਯੇਰਮਾ)
ਹੁਕਮੀ ਦੀ ਹਵੇਲੀ (ਲਾ ਕਾਸਾ ਡੇ ਬਰਨਾਰਡਾ ਅਲਬਾ)
"ਨਾਗ ਮੰਡਲ" (ਗਿਰੀਸ਼ ਕਾਰਨਾਡ ਦਾ ਨਾਟਕ)
ਬ੍ਰੈਖਤ ਅਤੇ ਨੇਰੂਦਾ ਦੀਆਂ ਕਵਿਤਾਵਾਂ
ਸ਼ਹਿਰ ਮੇਰੇ ਦੀ ਪਾਗਲ ਔਰਤ (ਯਾਂ ਜਿਰਾਦੂ ਦੇ ਫ਼ਰੈਂਚ ਨਾਟਕ ਲਾ ਫ਼ੋਲੇ ਡੇ ਸਈਓ)

ਸਨਮਾਨ
"ਹਨੇਰੇ ਵਿੱਚ ਸੁਲਗਦੀ ਵਰਨਮਾਲਾ" ਲਈ ਸਾਹਿਤ ਅਕਾਦਮੀ ਸਨਮਾਨ
"ਭਾਰਤੀ ਭਾਸ਼ਾ ਪਰੀਸ਼ਦ ਕਲਕੱਤਾ" ਵਲੋਂ ਪੰਚਨਾਦ ਪੁਰਸਕਾਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਡਾਕਟਰ ਆਫ਼ ਫ਼ਿਲਾਸਫ਼ੀ ਆਨਰਜ਼ ਕਾਜ਼ਾ (ਆਨਰੇਰੀ) ਦੀ ਉਪਾਧੀ ਨਾਲ ਸਨਮਾਨਿਤ
ਭਾਰਤ ਦੇ ਸਰਵ-ਉਚ ਰਾਸ਼ਟਰੀ ਸਨਮਾਨਾਂ ਵਿਚੋਂ ਪਦਮਸ਼੍ਰੀ


ਪਾਤਰ ਨੂੰ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਵਲੋਂ ਸਮੇਂ ਸਮੇਂ ਸਿਰ ਸਨਮਾਨਿਤ ਕੀਤਾ ਜਾਂਦਾ ਰਿਹਾ ਹੈ।

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :2279
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ