ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸ਼ਬਦਾਂ ਦੀ ਜਾਦੂਗਰਨੀ-  ਛਿੰਦਰ ਕੌਰ ਸਿਰਸਾ

'ਆਪਣੀ ਹੀ ਜ਼ਿੰਦਗੀ ਦੇ ਹਨੇਰੇ ਦੂਰ ਕਰਨ ਲਈ, ਮੋਮਬੱਤੀ ਵਾਂਗ ਮੈਂ ਦਿਨ ਰਾਤ ਬਲਾਂ, ਪਰ ਪਿਘਲਦੀ ਨਹੀ', ਇਹ ਸ਼ਬਦ ਹਨ, ਉੱਚੀ-ਸੁੱਚੀ ਸੋਚ ਦੀ ਮਾਲਕਣ, ਮਲੂਕੜੀ ਜਿਹੀ ਓਸ ਮੁਟਿਆਰ ਦੇ ਜਿਸ ਨੂੰ ਸਾਹਿਤਕ ਤੇ ਸੱਭਿਆਚਾਰਕ ਖੇਤਰ ਵਿਚ ਨਾਮਵਰ ਲੇਖਿਕਾ, ਸਟੇਜ ਐਂਕਰ, ਰੇਡੀਓ ਅਨਾਂਊਂਸਰ, ਟੀ. ਵੀ. ਕਲਾਕਾਰਾ ਅਤੇ ਗਿੱਧੇ ਦੀ ਕੋਚ ਆਦਿ ਕਲਾਵਾਂ ਨਾਲ ਜੋੜਕੇ ਜਾਣਿਆ ਜਾਂਦਾ ਹੈ। ਆਪਣੀ ਪਲੇਠੀ ਪੁਸਤਕ 'ਖਿਆਲ ਉਡਾਰੀ' ਨਾਲ ਸਾਹਿਤਕ ਖੇਤਰ ਵਿਚ ਭਰਵਾਂ ਹੁੰਗਾਰਾ ਹਾਸਲ ਕਰ ਰਹੀ ਬਹੁ-ਕਲਾਵਾਂ ਦੀ ਇਹ ਮੂਰਤੀ ਅਤਿ ਰੁਝੇਵਿਆਂ ਦੇ ਬਾਵਜੂਦ ਜਦੋਂ ਸਮਾਜਿਕ ਗਤੀ-ਵਿਧੀਆਂ ਵਿਚ ਵੱਧ ਚੜ੍ਹਕੇ ਹਿੱਸਾ ਲੈਂਦੀ ਹੈ ਤਾਂ ਉਥੇ ਉਸ ਦਾ ਉਚਾਈਆਂ ਨੂੰ ਛੋਹ ਰਿਹਾ ਕੱਦ-ਬੁੱਤ 'ਸਮਾਜ-ਸੇਵਿਕਾ' ਦਾ ਹੁੰਦਾ ਹੈ। ਮੇਰੀ ਮੁਰਾਦ ਹੈ ਹਸੂ-ਹਸੂ ਕਰਦੇ ਚਿਹਰੇ ਵਾਲੀ ਖੂਬਸੂਰਤ ਮੁਟਿਆਰ ਛਿੰਦਰ ਕੌਰ ਸਿਰਸਾ ਤੋਂ: ਜੋ  ਕਿ ਆਪਣੇ ਜੀਵਨ-ਸਾਥੀ ਸ੍ਰ. ਕੁਲਵੰਤ ਸਿੰਘ ਵਲੋਂ ਕਦਮ-ਕਦਮ ਉਤੇ ਮਿਲਦੇ ਸਹਿਯੋਗ ਅਤੇ ਹੱਲਾ-ਸ਼ੇਰੀ ਸਦਕਾ ਸਾਹਿਤ ਤੇ ਸਮਾਜ ਵਿਚ ਆਪਣੀ ਅਤੇ ਆਪਣੇ ਖਾਨਦਾਨ ਦੀ ਪਛਾਣ ਗੂਹੜੀ ਕਰਨ ਦੀ ਅਹਿਮ ਭੂਮਿਕਾ ਨਿਭਾ ਰਹੀ ਹੈ, ਦਿਨ-ਪਰ-ਦਿਨ।

      ਇਕ ਮੁਲਾਕਾਤ ਦੌਰਾਨ ਇਸ ਮਾਨ-ਮੱਤੀ ਮੁਟਿਆਰ ਸਿਰਸਾ ਨੇ ਦੱਸਿਆ ਕਿ ਆਪਣੇ ਬਾਬਲ ਦੇ ਘਰੋਂ ਰੁਖ਼ਸਤੀ ਦੇ ਵੇਲੇ, ਸੁਪਨਿਆਂ ਦੇ ਨਾਲ ਲਬਰੇਜ ਜਦੋਂ ਉਸ ਨੇ ਸਹੁਰਿਆਂ ਦੀਆਂ ਬਰੂਹਾਂ ਟੱਪੀਆਂ ਤਾਂ ਉਸ ਦੇ ਸੁਪਨੇ ਟੁੱਟੇ ਨਹੀਂ, ਸਗੋਂ ਹੋਰ ਵੀ ਗੂੜ੍ਹੇ ਵੀ ਹੋਏ ਅਤੇ ਪੂਰੇ ਵੀ। ਉਹ ਆਪਣੇ ਆਪ ਨੂੰ ਖੁਸ਼-ਕਿਸਮਤ ਸਮਝਦੀ ਹੈ ਕਿ ਉਸਨੂੰ ਵਿਦਵਾਨ ਅਤੇ ਅਗਾਂਹ-ਵਧੂ ਸੋਚ ਵਾਲੇ ਜੀਵਨ-ਸਾਥੀ ਦਾ ਸਾਥ ਹਾਸਲ ਹੈ, ਜਿਸ ਨਾਲ ਉਸ ਨੂੰ ਆਪਣਾ ਜੀਵਨ-ਪੰਧ ਵੀ ਹਰ ਕਦਮ ਸੌਖਾ-ਸੌਖਾ ਲੱਗਦਾ ਹੈ।

       ਦਸਵੀਂ 'ਚ ਪੜ੍ਹਦਿਆਂ ਕਲਮ ਚੁੱਕਣ ਵਾਲੀ ਛਿੰਦਰ, ਸੈਕਿੰਡ ਈਅਰ ਦੀ ਵਿਦਿਆਰਣ ਸੀ, ਜਦੋਂ ਉਸ ਦੇ ਕਾਲਿਜ ਵਿਚ ਸੁਰਜੀਤ ਪਾਤਰ ਜੀ ਆਏ।  ਉਨ੍ਹਾਂ ਦੀਆਂ ਰਚਨਾਵਾਂ ਸੁਣੀਆਂ ਤਾਂ ਉਹ ਪ੍ਰਭਾਵਿਤ ਹੋਏ ਬਿਨਾ ਨਾ ਰਹਿ ਸਕੀ| ਬਸ ਫਿਰ, ਐਮ. ਏ. (ਪੋਲ. ਸਾਇੰਸ) ਅਤੇ ਜੇ. ਬੀ. ਟੀ. ਕਰਨ ਤੱਕ ਛਿੰਦਰ ਨੇ ਕਾਲਿਜ ਵਿਚ ਆਪਣੀ ਕਲਮ ਦੀ ਖੂਬ ਪਛਾਣ ਬਣਾ ਕੇ ਰੱਖੀ।

      ਛਿੰਦਰ ਨੇ ਜਿੱਥੇ ਜਲੰਧਰ ਦੂਰ-ਦਰਸ਼ਨ ਤੇ ਕਈ ਪੰਜਾਬੀ ਸੀਰੀਅਲ ਕੀਤੇ, ਉਥੇ ਉਸ ਨੇ ਨਾਮਵਰ ਰੰਗ-ਕਰਮੀ ਸੰਜੀਵ ਸ਼ਾਦ, ਜੋ ਉਸ ਨੂੰ ਸ਼ਬਦਾਂ ਦੀ ਜਾਦੂਗਰਨੀ ਕਿਹਾ ਕਰਦੇ ਹਨ, ਦੀ ਨਿਰਦੇਸ਼ਨਾ ਹੇਠ, ਸਿਰਸਾ ਪੁਲੀਸ ਦੇ ਸਹਿਯੋਗ ਨਾਲ ਬਣੀ ਫਿਲਮ 'ਪਹਿਲ ਦ ਟਰਨਿੰਗ ਪੁਆਇੰਟ' ਵਿਚ,  ਸੁਪ੍ਰਸਿੱਧ ਲੇਖਕ ਤੇ ਨਿਰਦੇਸ਼ਕ ਦਰਸ਼ਨ ਦਰਵੇਸ਼ ਦੀ ਨਿਰਦੇਸ਼ਨਾ ਹੇਠ ਪੰਜਾਬੀ ਗੀਤ ਦੀ ਵੀਡੀਓ 'ਟੱਕਰਾਂ' ਵਿਚ ਅਤੇ ਵਾਲੀਵੁੱਡ ਐਕਟਰ ਅਵਤਾਰ ਗਿੱਲ ਨਾਲ ਇਕ ਹਿੰਦੀ ਫਿਲਮ ਵਿਚ ਕੰਮ ਕੀਤਾ।

       ਇਕ ਰੇਡੀਓ-ਅਨਾਂਊਂਸਰ  ਹੁੰਦਿਆਂ ਹੋਇਆਂ ਉਸ ਨੂੰ ਬਹੁਤ ਸਾਰੀਆਂ ਸਖਸ਼ੀਅਤਾਂ ਨਾਲ ਇੰਟਰਵਿਊ ਕਰਨ ਦਾ ਮੌਕਾ ਮਿਲਿਆ। ਜਿਨ੍ਹਾਂ 'ਚੋਂ ਕਾਮਰੇਡ ਸਵਰਨ ਸਿੰਘ ਵਿਰਕ, ਮੈਡਮ ਸ਼ੀਲ ਕੌਸ਼ਿਕ, ਪ੍ਰੋ. ਸੇਵਾ ਸਿੰਘ ਬਾਜਵਾ (ਸੀ. ਡੀ. ਇਲ. ਯੂ.), ਪ੍ਰਿੰਸੀਪਲ ਇੰਦਰਜੀਤ ਸਿੰਘ ਧੀਂਗੜਾ, ਰੰਗ-ਕਰਮੀ ਸੰਜੀਵ ਸ਼ਾਦ, ਮਾਲਵੇ ਦੇ ਸਾਹਿਤਕਾਰ ਤੇ ਅਲੋਚਕ ਦਵਿੰਦਰ ਸੈਫੀ ਆਦਿ ਵਿਸ਼ੇਸ਼ ਵਰਣਨ ਯੋਗ ਨਾਂਓਂ ਹਨ। ਆਪਣੀ ਗੱਲ ਜਾਰੀ ਰੱਖਦਿਆਂ ਛਿੰਦਰ ਨੇ ਦੱਸਿਆ ਕਿ ਇਕ ਨਿੱਜੀ ਟੀ. ਵੀ. ਚੈਨਲ ਤੇ ਕੰਮ ਕਰਦਿਆਂ ਪਦਮ ਸ੍ਰੀ ਅਵਾਰਡਿਡ ਸੁਰਜੀਤ ਪਾਤਰ ਜੀ ਨਾਲ ਗੱਲਬਾਤ ਕਰਨ ਦਾ ਵੀ ਮੌਕਾ ਮਿਲਿਆ। ਇੱਥੇ ਹੀ ਬਸ ਨਹੀ, ਬਹੁ-ਕਲਾਵਾਂ ਦੀ ਜਾਦੂਗਰਨੀ, ਇਹ ਮੁਟਿਆਰ ਅਨੇਕਾਂ ਹੋਰ ਸਟੇਜਾਂ ਕਵਰ ਕਰਨ ਦੇ ਨਾਲ-ਨਾਲ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਪੰਚਕੂਲਾ ਵਲੋਂ ਕਰਵਾਏ ਗਏ ਕਵੀ-ਦਰਬਾਰਾਂ ਦਾ ਵੀ ਸਫਲ ਮੰਚਨ ਕਰਨ ਦਾ ਨਾਮਨਾ ਖੱਟ ਚੁੱਕੀ ਹੈ।  ਕਵਿੱਤਰੀ ਦੇ ਤੌਰ ਤੇ ਉਡਾਰੀਆਂ ਲਾਉਂਦੀ ਉਹ ਦਿੱਲੀ ਸਾਹਿਤ ਅਕਾਦਮੀ ਵਲੋਂ ਕਰਵਾਏ ਗਏ ਕਵੀ-ਦਰਬਾਰ ਵਿਚ ਵੀ ਆਪਣੀ ਸ਼ਾਇਰੀ ਅਤੇ ਕਲਾ ਦੀ ਛਾਪ ਛੱਡ ਆਈ ਹੈ।

     'ਵਿਰਾਸਤੀ ਇਸ਼ਕ ਨੂੰ ਸਾਂਭਣ ਦਾ, ਦੱਸ ਹੋਰ ਕੀ ਤਰੀਕਾ ਹੋ ਸਕਦਾ ਹੈ ਕਿ ਤੂੰ ਮੈਨੂੰ ਕਿਸੇ ਲੋਕ ਗੀਤ ਵਾਂਗ ਮੂੰਹ ਜੁਬਾਨੀ ਯਾਦ ਹੋ ਗਿਆ ਏਂ' ਜਿਹੇ ਸ਼ੇਅਰਾਂ ਦੀ ਵਰਖਾ ਕਰਨ ਵਾਲੀ ਛਿੰਦਰ ਨੇ ਦੱਸਿਆ ਕਿ ਉਸਦੀ ਦੂਸਰੀ ਪੁਸਤਕ ਵੀ ਛਪਾਈ ਅਧੀਨ ਹੈ। ਉਸ ਦੀਆਂ ਇਨ੍ਹਾਂ ਦੋਹਾਂ ਪੁਸਤਕਾਂ ਨੂੰ ਪਾਠਕਾਂ ਤੱਕ ਪਹੁੰਚਾਉਣ ਵਿਚ ਡਾ. ਹਰਵਿੰਦਰ ਸਿੰਘ ਸਿਰਸਾ ਦਾ ਉਸ ਨੂੰ ਭਰਵਾਂ ਸਹਿਯੋਗ ਹਾਸਲ ਰਿਹਾ ਹੈ। 

      ਪੰਜਾਬੀ ਸੱਭਿਆਚਾਰ ਨੂੰ ਬੇਹੱਦ ਪਿਆਰਦੀ, ਔਰਤਾਂ ਦੇ ਹੱਕ 'ਚ ਅਵਾਜ ਬੁਲੰਦ ਕਰਨ ਵਾਲੀ ਅਤੇ ਮਲੇਰਕੋਟਲਾ ਦੀ ਨਾਮਵਰ ਕਵਿੱਤਰੀ ਰਣਜੀਤ ਕੌਰ ਸਵੀ ਨਾਲ ਗੂੜੀਆਂ ਸਾਂਝਾ ਪਾਲਣ ਵਾਲੀ ਇਸ ਸਖਸ਼ੀਅਤ, ਛਿੰਦਰ ਬਾਰੇ ਜਿੰਨਾ ਵੀ ਲਿਖਿਆ ਜਾਵੇ, ਥੋੜ੍ਹਾ ਹੈ। ਸ਼ਾਲ੍ਹਾ ਬਹੁ-ਕਲਾਵਾਂ ਦਾ ਇਹ ਵਗਦਾ ਦਰਿਆ ਇਵੇਂ ਹੀ ਛੂੰਕਦਾ, ਗੂੰਜਦਾ ਤੇ ਹਿਰਦਿਆਂ ਨੂੰ ਠੰਢਕ ਵਰਤਾਂਉਂਦਾ ਆਪਣੀ ਮਸਤ ਚਾਲੇ ਤੁਰਿਆ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਜਾ ਛੂਹੇ ! ਆਮੀਨ !

ਲੇਖਕ : ਪ੍ਰੀਤਮ ਲੁਧਿਆਣਵੀ ਹੋਰ ਲਿਖਤ (ਇਸ ਸਾਇਟ 'ਤੇ): 25
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :7613

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ