ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਨਾਨਕ ਸਿੰਘ

ਨਾਨਕ ਸਿੰਘ(5 ਜੁਲਾਈ,1897 ਤੋਂ 1971 ਤੱਕ)
ਪੰਜਾਬੀ ਸਾਹਿਤ ਦੇ ਮਹਾਨ ਨਾਵਲਕਾਰ ਹਨ। ਆਪ ਦਾ ਜਨਮ ਪਿੰਡ ਚੱਕ ਹਮੀਦ ਜ਼ਿਲ੍ਹਾ ਜਿਹਲਮ (ਪਾਕਿਸਤਾਨ) ਵਿੱਚ ਪਿਤਾ ਬਹਾਦਰ ਚੰਦ ਸੂਰੀ ਦੇ ਘਰ ਮਾਤਾ ਲੱਛਮੀ ਦੀ ਕੁੱਖੋਂ ਹੋਇਆ। ਨਾਨਕ ਸਿੰਘ ਦਾ ਪਹਿਲਾ ਪਹਿਲ ਨਾਮ ਹੰਸਰਾਜ ਕਰਕੇ ਜਾਣਿਆ ਜਾਂਦਾ ਸੀ। ਆਪ ਦੇ ਪਿਤਾ ਬਹੁਤ ਲਗਨ ਵਾਲੇ ਇਨਸਾਨ ਸਨ ਪਰ ਛੋਟੀ ਉਮਰ ਵਿੱਚ ਹੀ ਪਿਤਾ ਜੀ ਦੇ ਸਵਰਗਵਾਸ ਹੋਣ ਤੋਂ ਬਾਅਦ ਉਨ੍ਹਾ ਦੀ ਵਿਦਿਆ ਰੁਕ ਗਈ ਸੀ। ਫੇਰ ਗਿਆਨੀ ਬਾਗ ਸਿੰਘ ਨੇ ਉਨ੍ਹਾ ਦੀ ਜ਼ਿੰਦਗੀ ਵਿੱਚ ਵੱਡਾ ਪਰਿਵਰਤਨ ਲਿਆਉਂਦਾ। ਉਨ੍ਹਾ ਤੋਂ ਅੰਮ੍ਰਿਤ ਛੱਕ ਕੇ ਉਹ ਹੰਸਰਾਜ ਤੋਂ ਨਾਨਕ ਸਿੰਘ ਬਣਿਆ। ਨਾਨਕ ਸਿੰਘ ਨੇ ਸਭ ਤੋਂ ਪਹਿਲਾ ਆਪਣੇ ਜੀਵਨ ਵਿੱਚ ਸੀਹਰਫੀ ਲਿਖੀ।
ਨਾਨਕ ਸਿੰਘ ਪੰਜਾਬੀ ਸਾਹਿਤ ਸਿਰਜਣਾ ਅੰਦਰ ਨਾਵਲ ਦੀ ਸਿਰਜਣਾ ਨੂੰ ਕਥਾ ਰਸ ਦਾ ਵਿਸਥਾਰ ਦਿੰਦਾ ਹੈ। ਪੰਜਾਬੀ ਸਾਹਿਤ ਸਿਰਜਣਾ ਅੰਦਰ ਮੁਨਸ਼ੀ ਪ੍ਰੇਮ ਚੰਦ ਦੀ ਬਿਰਤਾਤਕ ਪਰੰਪਰਾ ਦੀ ਹਾਜਰੀ ਲਗਾਉਦਾ ਹੈ। ਸਵਿਤ੍ਰੀ ਦਾ ਰੂਹਾਨੀ ਪਿਆਰ ਅਤੇ ਭੂਆ ਕਹਾਣੀ ਵਿਚ ਉਸਦੀ ਸਿਰਜਣ ਸ਼ਕਤੀ ਆਤਮ ਖੇੜੇ ਦੇ ਵਿਗਾਸ ਵਿਚ ਵਿਚਰਦੀ ਹੈ। ਉਸਦੀ ਸਿਰਜਣ ਸ਼ਕਤੀ ਪੰਜਾਬੀ ਸਭਿਆਚਾਰ,ਵਿਹਾਰ ਦੀ ਜੀਵਨ ਕਮਾਈ ਵਿਚ ਵਿਚਰਦੀ ਹੋਈ ਕਹਾਣੀ ਸੁਹਜ ਨੂੰ ਮਾਨਸਿਕ ਤਣਾਅ ਤੋ ਅਜਾਦ ਕਰਵਾਉਦੀ ਹੈ।
ਨਾਨਕ ਸਿੰਘ ਪੰਜਾਬੀ ਦਾ ਉਹ ਨਾਵਲਕਾਰ ਹੈ ਜਿਸ ਨੇ ਪੰਜਾਬੀ ਨਾਵਲ ਨੂੰ ਨਿਵੇਕਲੇ ਮੁਹਾਵਰੇ ਦੀ ਪਹਿਛਾਣ ਕਰਨੀ ਦੱਸੀ ਹੈ। ਉਸ ਦਾ ਇਹ ਮੁਹਾਵਰਾ ਆਉਣ ਵਾਲੇ ਬਹੁਤ ਸਾਰੇ ਨਾਵਲਕਾਰਾ 'ਚ ਵੇਖਣ ਨੂੰ ਵੀ ਮਿਲਦਾ ਹੈ। ਨਾਨਕ ਸਿੰਘ ਨੇ ਮੁਨਛੀ ਪ੍ਰੇਮ ਚੰਦ ਦੀਆਂ ਲਿਖਤਾਂ ਅੰਦਰ ਇਸ ਸੰਕਲਪ ਨੂੰ ਦ੍ਰਿੜ ਹੁੰਦੇ ਵੇਖਿਆ ਸੀ ਕਿ ਨਾਵਲ ਦੀ ਸ਼ੁੱਧ ਆਤਮਾ ਨੂੰ ਕੀਸ ਪ੍ਰਕਾਰ ਜਗਾਇਆ ਜਾ ਸਕਦਾ ਹੈ। ਉਸ ਦਾ ਆਪਣੇ ਲੋਕਾਂ ਨਾਲ ਕਿਹੋ ਜਿਹਾ ਵਿਹਾਰ ਹੁੰਦਾ ਹੈ ਇਸ ਲਈ ਨਾਨਕ ਸਿੰਘ ਨੇ ਆਪਣੇ ਨਾਵਲਾਂ ਅੰਦਰ ਪੰਜਾਬ ਦੇ ਹਰ ਇੱਕ ਵਰਗ ਦੀ ਠੀਕ ਚੋਣ ਅਤੇ ਰੂਪਾ ਨੂੰ ਪਹਿਛਾਣਿਆ ਅਤੇ ਉਨ੍ਹਾਂ ਨੂੰ ਪੰਜਾਬੀ ਮੁਹਾਵਰੇ ਵਿੱਚ ਰੂਪਮਾਨ ਕੀਤਾ ਹੈ। ਨਾਨਕ ਸਿੰਘ ਦੇ ਵਿਹਾਰ ਵਿੱਚੋਂ ਹੀ ਉਸ ਦੇ ਪਾਤਰ ਜਨਮ ਲੈਂਦੇ ਸਨ। ਉਸ ਨੇ ਪੰਜਾਬ ਦੇ ਹਾਲਾਤਾਂ ਨੂੰ ਆਪਣੀ ਸਿਰਜਨਾ ਵਿੱਚ ਜਿਸ ਪਰਿਪੇਖ ਰਾਹੀਂ ਢਾਲਿਆ ਹੈ, ਉਸ ਪਰਿਪੇਖ ਵਿੱਚ ਕੋਈ ਵੀ ਅੰਸ਼ ਅਧੂਰਾ ਨਹੀ ਰਹਿੰਦਾ। ਨਾਨਕ ਸਿੰਘ ਦੀ ਵਿਲਖਣਤਾ ਵੀ ਇਸੇ ਰੂਪ ਅੰਦਰ ਨਜ਼ਰ ਆਉਂਦੀ ਹੈ।
ਅਤਰਜੀਤ ਕੌਰ ਸੂਰੀ ਅਨੁਸਾਰ ਸਾਡੇ ਬਾਊ ਜੀ ਪੰਜਾਬੀ ਸਾਹਿਤ ਵਿਚ ਇਕ ਚਮਤਕਾਰ ਸਨ। ਸਾਹਿਤ ਸਿਰਜਣਾ ਉਨ੍ਹਾਂ ਨੂੰ ਰੱਬੀ ਦਾਤ ਵਜੋਂ ਪ੍ਰਾਪਤ ਹੋਈ; ਜਿਹੜੀ ਉਨ੍ਹਾਂ ਦੀ ਅਪਾਰ ਲਗਨ ਤੇ ਘਾਲਣਾ ਸਦਕਾ ਪ੍ਰਵਾਨ ਚੜ੍ਹੀ। ਬਾਊ ਜੀ ਨੇ 38 ਨਾਵਲ ਲਿਖੇ। ਚਾਰ ਕਹਾਣੀ-ਸੰਗ੍ਰਹਿ, ਚਾਰ ਕਾਵਿ-ਸੰਗ੍ਰਹਿ, ਨਾਟਕ, ਲੇਖ, ਅਨੁਵਾਦ, ਸਵੈ-ਜੀਵਨੀ ਅਤੇ ਹੋਰ ਕਿੰਨਾ ਕੁਝ ਹੀ ਲਿਖਿਆ। ਉਹ ਪੂਰੀ ਅੱਧੀ ਸਦੀ ਤਕ ਪੰਜਾਬੀ ਸਾਹਿਤ ਜਗਤ ਦਾ ਇਕ ਯੁੱਗ ਬਣ ਕੇ ਛਾਏ ਰਹੇ।ਬਾਊ ਜੀ ਪੰਜਾਬੀ ਨਾਵਲ ਦੇ ਪਿਤਾਮਾ ਤਾਂ ਸਨ ਹੀ, ਪਰ ਮੈਨੂੰ ਤਾਂ ਉਹ ਇਕ ਸਾਹਿਤਕਾਰ ਤੋਂ ਛੁੱਟ ਇਕ ਦੈਵੀ ਆਤਮਾ ਹੀ ਜਾਪਦੇ ਸਨ। ਇਕ ਕਰਮਯੋਗੀ, ਇਕ ਤਪੱਸਵੀ, ਇਕ ਬ੍ਰਹਮਗਿਆਨੀ। ਪਿਤਾ ਭਾਵੇਂ ਕਿੰਨਾ ਵੀ ਮਹਾਨ ਪੁਰਸ਼ ਕਿਉਂ ਨਾ ਹੋਵੇ, ਆਪਣੇ ਬੱਚਿਆਂ ਲਈ ਤਾਂ ਉਹ ਪਿਤਾ ਹੀ ਰਹਿੰਦਾ ਹੈ। ਬਾਊ ਜੀ ਇਕ ਲੋਕਪ੍ਰਿਯ ਨਾਵਲਕਾਰ ਤੇ ਪਿਤਾ ਹੋਣ ਦੇ ਨਾਲ-ਨਾਲ ਇਕ ਮਹਾਨ ਇਨਸਾਨ ਵੀ ਸਨ। ਉਹ ਇਕ ਲਾਜਵਾਬ ਸ਼ਖ਼ਸੀਅਤ ਸਨ। ਇਕ ਆਦਰਸ਼ਕ ਵਿਅਕਤੀ-ਜਿਨ੍ਹਾਂ ਦੇ ਗੁਣਾਂ ਦੀ ਮਹਿਕ ਕਸਤੂਰੀ ਵਾਂਗ ਚੌਗਿਰਦੇ ਵਿਚ ਫੈਲ ਗਈ। ਸੰਨ 1958 ਵਿਚ ਮੈਂ ਬਾਊ ਜੀ ਦੀ ਨੂੰਹ ਬਣ ਕੇ ਪਰਿਵਾਰ ਵਿਚ ਪ੍ਰਵੇਸ਼ ਕੀਤਾ। ਉਦੋਂ ਸਾਰਾ ਪਰਿਵਾਰ ਅੰਮ੍ਰਿਤਸਰ ਦੀ ਭੀੜੀ ਗਲੀ ਪੰਜਾਬ ਸਿੰਘ, ਚੌਕ ਬਾਬਾ ਸਾਹਿਬ ਵਿਚ ਰਹਿੰਦਾ ਸੀ। ਬਾਊ ਜੀ ਆਪਣੇ ਚੌਦਾਂ ਕੁ ਜੀਆਂ ਦੇ ਪਰਿਵਾਰ ਦੇ ਮੁਖੀ ਸਨ। ਪਰ ਘਰ ਵਿਚ ਰਹਿੰਦਿਆਂ ਵੀ ਉਨ੍ਹਾਂ ਦੀ ਆਪਣੀ ਵੱਖਰੀ ਦੁਨੀਆ ਸੀ। ਘਰੇਲੂ ਜ਼ਿੰਮੇਵਾਰੀਆਂ ਤੇ ਸੰਸਾਰਕ ਝਮੇਲਿਆਂ ਤੋਂ ਉਹ ਪੂਰੀ ਤਰ੍ਹਾਂ ਨਿਰਲੇਪ ਰਹਿ ਕੇ ਵਧੇਰੇ ਸਮਾਂ ਸਾਹਿਤ ਚਿੰਤਨ ਤੇ ਸਿਰਜਣਾ ਵਿਚ ਹੀ ਗੁਜ਼ਾਰਦੇ। ਘਰ ਦੇ ਸਾਰੇ ਕੰਮਾਂ ਦਾ ਪ੍ਰਬੰਧ ਸਾਡੇ ਭਾਬੀ ਜੀ ਮਾਤਾ ਰਾਜ ਕੌਰ ਕਰਦੇ ਸਨ। ਬਾਊ ਜੀ ਦੀ ਸਾਦੀ ਰਹਿਣੀ ਬਹਿਣੀ ਤੇ ਸੀਮਤ ਲੋੜਾਂ ਸਨ। ਕੰਮ ਕਰਨਾ ਤਾਂ ਬਿਸਤਰੇ ‘ਤੇ ਬੈਠ ਕੇ। ਘਰ ਦੇ ਇਕ ਕਮਰੇ ਵਿਚ ਉਨ੍ਹਾਂ ਦੀ ਮੰਜੀ ਸੀ। ਨਾਲ ਲਗਦੀ ਅਲਮਾਰੀ ਵਿਚ ਉਨ੍ਹਾਂ ਦੀਆਂ ਪੁਸਤਕਾਂ, ਲਿਖਣ ਸਮੱਗਰੀ ਤੇ ਲਿਖਿਆ ਹੋਇਆ ਮੈਟਰ ਹੁੰਦਾ ਸੀ। ਕਾਗ਼ਜ਼ ਪੱਤਰ ਤੇ ਪੈੱਨ ਦਵਾਤ ਲਈ ਕੋਲ ਇਕ ਛੋਟਾ ਮੇਜ਼। ਉਸੇ ਬਿਸਤਰੇ ਉੱਤੇ ਹੀ ਉਹ ਸੌਂਦੇ, ਤਕੀਏ ਨਾਲ ਢਾਸਣਾ ਲਾਈ ਉਹ ਸਾਹਿਤ ਰਚਨਾ ਤੇ ਅਧਿਐਨ ਕਰਦੇ। ਉੱਥੇ ਹੀ ਥਾਲੀ ਵਿਚ ਪਰੋਸੀ ਹੋਈ ਰੋਟੀ ਖਾਂਦੇ। ਉਸੇ ਬਿਸਤਰੇ ਉੱਤੇ ਬੈਠੇ ਹੀ ਉਹ ਪਰਿਵਾਰ ਦੇ ਜੀਆਂ ਜਾਂ ਮਿਲਣ ਆਏ ਵਿਅਕਤੀਆਂ ਨਾਲ ਗੱਲਬਾਤ ਕਰਦੇ। ਮੁਲਾਕਾਤ ਲਈ ਕੋਈ ਵੱਖਰਾ ਕਮਰਾ ਨਹੀਂ, ਕੋਈ ਸਟੱਡੀ ਜਾਂ ਸੌਣ ਕਮਰਾ ਨਹੀਂ। ਬਸ ਸਾਦਾ ਜਿਹਾ ਘਰ, ਸਾਦੀ ਰਹਿਣੀ ਬਹਿਣੀ ਤੇ ਸਾਦਾ ਖਾਣਾ। ਏਨੀਆਂ ਕੁ ਲੋੜਾਂ ਜਿਹੜੀਆਂ ਹਰ ਹੇਠਲੀ ਮੱਧ-ਸ਼੍ਰੇਣੀ ਪਰਿਵਾਰ ਦੀਆਂ ਹੁੰਦੀਆਂ ਹਨ। ਪਰ ਕਿਸੇ ਪਾਠਕ, ਲੇਖਕ, ਮਿੱਤਰ ਸਨੇਹੀ ਜਾਂ ਕਲਾਕਾਰ ਨੂੰ ਪੁੱਛ ਕੇ ਵੇਖੋ, ਉਹੀ ਘਰ ਉਨ੍ਹਾਂ ਲਈ ਤੀਰਥ ਸਮਾਨ ਸੀ, ਜਿਸ ਦੀ ਇਕ ਨੁੱਕਰ ਵਿਚ ਬੈਠ ਕੇ ਪੰਜਾਬੀ ਨਾਵਲ ਦੇ ਬਾਬਾ ਬੋਹੜ ਨਿਰੰਤਰ ਲਿਖਦੇ ਰਹਿੰਦੇ, ਸਮਾਜ ਦੀਆਂ ਕੁਰੀਤੀਆਂ ਨੂੰ ਮਿਟਾਣ ਲਈ ਉਨ੍ਹਾਂ ਦੀ ਸ਼ਕਤੀਸ਼ਾਲੀ ਕਲਮ ਕਿਸੇ ਅਰੋਕ ਦਰਿਆ ਦੇ ਵੇਗ ਵਾਂਗ ਵਹਿੰਦੀ ਰਹਿੰਦੀ। ਇਸ ਛੋਟੇ ਜਿਹੇ ਘਰ ਦੀਆਂ ਕੰਧਾਂ ਦੀ ਲੰਬਾਈ ਨਾਲੋਂ ਦਿਲਾਂ ਦੀ ਵਿਸ਼ਾਲਤਾ ਕਿਤੇ ਵੱਧ ਮਹੱਤਵ ਰੱਖਦੀ ਸੀ। ਜਿੱਥੇ ਇਸ ਵਿਅਕਤੀ ਵਿਸ਼ੇਸ਼ ਦੇ ਗੋਡੇ ਕੋਲ ਬਹਿ ਕੇ ਦੋ ਘੜੀਆਂ ਗੁਜ਼ਾਰਨ ਵਾਲਾ ਇਨਸਾਨ ਯਾਦਾਂ ਦੀ ਪਟਾਰੀ ਲੈ ਕੇ ਵਾਪਸ ਪਰਤਦਾ ਸੀ।ਬਾਊ ਜੀ ਦਾ ਜੀਵਨ ਸਾਦਗੀ ਦੀ ਅਦੁੱਤੀ ਮਿਸਾਲ ਸੀ। ਗੱਲਬਾਤ, ਰਹਿਣੀ-ਬਹਿਣੀ, ਖਾਣ-ਪੀਣ, ਪਹਿਨਣ, ਆਚਾਰ-ਵਿਹਾਰ, ਕਿਸੇ ਪੱਖੋਂ ਬਨਾਵਟ ਨਾਂ-ਮਾਤਰ ਨਹੀਂ ਸੀ।ਉਨ੍ਹਾਂ ਦਾ ਸਮੁੱਚਾ ਜੀਵਨ ਕਥਨੀ ਤੇ ਕਰਨੀ ਦੀ ਸਮਾਨਤਾ ਦਾ ਦਰਪਣ ਸੀ। ਦੋ ਵੇਲੇ ਦੋ ਅਣ-ਚੋਪੜੇ ਫੁਲਕੇ ਦਾਲ ਜਾਂ ਸਬਜ਼ੀ ਨਾਲ ਖਾਣੇ ਉਨ੍ਹਾਂ ਦਾ ਨਿੱਤ ਦਾ ਆਹਾਰ ਸੀ ਤੇ ਰਾਤੀਂ ਸੌਣ ਤੋਂ ਪਹਿਲਾਂ ਇਕ ਗਲਾਸ ਦੁੱਧ। ਪਹਿਨਣ ਵੱਲੋਂ ਸਾਦਗੀ ਦਾ ਇਹ ਹਾਲ ਸੀ ਕਿ ਜੇਕਰ ਕੱਪੜੇ ਨਹੀਂ ਬਦਲੇ ਤਾਂ ਕੋਈ ਪਰਵਾਹ ਨਹੀਂ। ਬਾਹਰ ਜਾਣ ਵੇਲੇ ਵੀ ਬਹੁਤੀ ਵਾਰੀ ਉਸੇ ਤਰ੍ਹਾਂ ਹੀ ਤੁਰ ਪੈਂਦੇ। ਅਸੀਂ ਉਨ੍ਹਾਂ ਨੂੰ ਕੱਪੜੇ ਬਦਲਣ ਲਈ ਆਖਦੇ ਤਾਂ ਅੱਗੋਂ ਹੱਸ ਕੇ ਆਖ ਛੱਡਦੇ, ”ਮੇਰੇ ਕੱਪੜੇ ਚੰਗੇ ਭਲੇ ਨੇ, ਕੋਈ ਨਹੀਂ ਵੇਖਦਾ ਇਨ੍ਹਾਂ ਵੱਲ।ਸੱਚਮੁੱਚ! ਬਾਊ ਜੀ ਦੀ ਸ਼ਖ਼ਸੀਅਤ ਬਾਹਰੀ ਦਿਖਾਵੇ ਦੀ ਮੁਥਾਜ ਨਹੀਂ ਸੀ।
ਕਾਵਿ ਰਚਨਾਵਾਂ
ਸੀਹਰਫ਼ੀ ਹੰਸ ਰਾਜ
ਸਤਿਗੁਰ ਮਹਿਮਾ
ਜ਼ਖਮੀ ਦਿਲ

ਕਹਾਣੀ ਸੰਗ੍ਰਹਿ
ਹੰਝੂਆਂ ਦੇ ਹਾਰ
ਠੰਡੀਆਂ ਛਾਵਾਂ
ਸੱਧਰਾਂ ਦੇ ਹਾਰ
ਸੁਨਹਿਰੀ ਜਿਲਦ
ਵੱਡਾ ਡਾਕਟਰ ਤੇ ਹੋਰ ਕਹਾਣੀਆਂ
ਤਾਸ ਦੀ ਆਦਤ
ਤਸਵੀਰ ਦੇ ਦੋਵੇਂ ਪਾਸੇ
ਭੂਆ
ਸਵਰਗ ਤੇ ਉਸ ਦੇ ਵਾਰਸ

ਨਾਵਲ
ਮਿੱਧੇ ਹੋਏ ਫੁੱਲ
ਆਸਤਕ ਨਾਸਤਕ
ਆਦਮਖੋਰ
ਅੱਧ ਖਿੜਿਆ ਫੁੱਲ
ਅੱਗ ਦੀ ਖੇਡ
ਅਣਸੀਤੇ ਜ਼ਖ਼ਮ
ਬੀ.ਏ.ਪਾਸ
ਬੰਜਰ
ਚੜ੍ਹਦੀ ਕਲਾ
ਛਲਾਵਾ
ਚਿੱਤਰਕਾਰ
ਚਿੱਟਾ ਲਹੂ
ਚੌੜ ਚਾਨਣ
ਧੁੰਦਲੇ ਪਰਛਾਵੇਂ
ਦੂਰ ਕਿਨਾਰਾ
ਫੌਲਾਦੀ ਫੁੱਲ
ਫਰਾਂਸ ਦਾ ਡਾਕੂ (ਤਰਜਮਾ)
ਗਗਨ ਦਮਾਮਾ ਬਾਜਿਓ
ਗੰਗਾ ਜਲੀ ਵਿੱਚ ਸ਼ਰਾਬ
ਗਰੀਬ ਦੀ ਦੁਨੀਆਂ
ਇਕ ਮਿਆਨ ਦੋ ਤਲਵਾਰਾਂ
ਜੀਵਨ ਸੰਗਰਾਮ
ਕਾਗਤਾਂ ਦੀ ਬੇੜੀ
ਕਾਲ ਚੱਕਰ
ਕਟੀ ਹੋਈ ਪਤੰਗ
ਕੱਲੋ
ਖ਼ੂਨ ਦੇ ਸੋਹਲੇ
ਕੋਈ ਹਰਿਆ ਬੂਟ ਰਹਿਓ ਰੀ
ਲੰਮਾ ਪੈਂਡਾ
ਲਵ ਮੈਰਿਜ
ਮੰਝਧਾਰ
ਮਤਰੇਈ ਮਾਂ
ਮਿੱਠਾ ਮਹੁਰਾ
ਨਾਸੂਰ
ਪਾਪ ਦੀ ਖੱਟੀ
ਪ੍ਰਾਸ਼ਚਿਤ
ਪੱਥਰ ਦੇ ਖੰਭ
ਪੱਥਰ ਕਾਂਬਾ (ਤਰਜਮਾ)
ਪਤਝੜ ਦੇ ਪੰਛੀ (ਤਰਜਮਾ)
ਪਵਿੱਤਰ ਪਾਪੀ (ਨਾਵਲ)
ਪਿਆਰ ਦਾ ਦੇਵਤਾ
ਪਿਆਰ ਦੀ ਦੁਨੀਆਂ
ਪ੍ਰੇਮ ਸੰਗੀਤ
ਪੁਜਾਰੀ
ਰੱਬ ਆਪਣੇ ਅਸਲੀ ਰੂਪ ਵਿੱਚ
ਰਜਨੀ
ਸਾੜ੍ਹਸਤੀ
ਸੰਗਮ
ਸ਼ਿਵਲ ਲਾਈਨਜ਼
ਸਰਾਪੀਆਂ ਰੂਹਾਂ
ਸੂਲਾਂ ਦੀ ਸੇਜ (ਤਰਜਮਾ)
ਸੁਮਨ ਕਾਂਤਾ
ਸੁਪਨਿਆਂ ਦੀ ਕਬਰ
ਟੁੱਟੇ ਖੰਭ
ਟੁੱਟੀ ਵੀਣਾ
ਵਰ ਨਹੀਂ ਸਰਾਪ
ਵਿਸ਼ਵਾਸਘਾਤ

ਹੋਰ
ਮੇਰੀ ਦੁਨੀਆਂ
ਮੇਰੀ ਜੀਵਨ ਕਹਾਣੀ (ਆਤਮਕਥਾ)
ਮੇਰੀਆਂ ਸਦੀਵੀ ਯਾਦਾਂ

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :3892
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ