ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਚਮਕਦੇ ਹੀਰਿਆਂ ਦੀ ਕਾਲੀ ਗਾਥਾ

‘ਹੀਰਾ’ ਇੱਕ ਸੁਪਨਮਈ ਜਿਹਾ ਸ਼ਬਦ ਹੈ। ਸ਼ਾਨੋ-ਸ਼ੌਕਤ ਅਤੇ ਚਕਾਚੌਂਧ ਦਾ ਪ੍ਰਤੀਕ। ਪਦਾਰਥਵਾਦ ਦਾ ਸਭ ਤੋਂ ਠੋਸ ਅਤੇ ਮਨ ਨੂੰ ਲੁਭਾਉਣ ਵਾਲਾ ਪ੍ਰਮਾਣ। ਕੋਹ-ਏ-ਨੂਰ, ਔਰਲਾਫ, ਸੈਨਟੇਨਰੀ, ਰੀਜੈਂਟ, ਸੈਂਸੀ, ਹੌਰਟੈਂਨਸੀਆ, ਅਫਰੀਕਨ ਤਾਰਾ, ਕੋਈਹੀਰਾ ਆਦਿ ਵਿਸ਼ਵ-ਵਿਖਿਆਤ ਹੀਰਿਆਂ ਦਾ ਨਾਂ ਹਨ। ਸਦੀਆਂ ਤੋਂ ਦੁਨੀਆਂ ਦੇ ਤਾਕਤਵਰ ਵਿਅਕਤੀ ਅਤੇ ਅਤਿ-ਅਮੀਰ ਖਾਨਦਾਨ ਇਹਨਾ ਅਤਿ-ਮਹਿੰਗੇ ਪੱਥਰਾਂ ਨੂੰ ਆਪਣੀ ਤਾਕਤ ਅਤੇ ਅਮੀਰੀ ਦੇ ਮਾਪਦੰਡ ਬਣਾ ਕੇ ਰੱਖਦੇ ਅਤੇ ਸਾਂਭਦੇ ਆਏ ਹਨ।ਪੂਰੀ ਦੁਨੀਆਂ ਵਿੱਚ ਹੀਰਿਆਂ ਦੇ ਇਤਿਹਾਸ ਵਿੱਚ ਇਹਨਾ ਨੂੰ ਖਰੀਦ ਕੇ, ਲੁੱਟ ਕੇ ਜਾਂ ਧੋਖੇ ਨਾਲ ਹਥਿਆ ਕੇ ਕਬਜ਼ੇ ਹੇਠ ਕਰਨ ਦੀਆਂ ਅਣਗਿਣਤ ਘਟਨਾਵਾਂ ਅਤੇ ਕਹਾਣੀਆਂ ਮਿਲਦੀਆਂ ਹਨ। ਸਦੀਆਂ ਬੀਤ ਗਈਆਂ ਪਰ ਹੀਰੇ ਪ੍ਰਤੀ ਇਨਸਾਨ ਦਾ ਮੋਹ ਅਤੇ ਰੁਚੀ ਪੂਰੀ ਤਰਾਂ ਪ੍ਰਬਲ ਹੈ।ਗਹਿਣਿਆਂ ਦੇ ਰੂਪ ਵਿੱਚ ਹੀਰਾ ਸਾਰੀ ਦੁਨੀਆਂ ਵਿੱਚ ਲੋਕਾਂ ਦੀ ਪਹਿਲੀ ਪਸੰਦ ਹੈ ਜਿਸ ਕਾਰਨ ਅਜੋਕੇ ਯੁੱਗ ਦੇ ਅੰਤਰਰਾਸ਼ਟਰੀ ਕਾਰੋਬਾਰੀ ਜਗਤ ਵਿੱਚ ਹੀਰੇ ਨਾਲ ਸਬੰਧਤ ਕਾਰੋਬਾਰ ਵੱਡੇ ਪੱਧਰ ਉੱਤੇ ਫਲ-ਫੁਲ ਰਿਹਾ ਹੈ।ਇੱਕ ਅੰਦਾਜ਼ੇ ਮੁਤਾਬਿਕ ਸਾਰੀ ਦੁਨੀਆਂ ਵਿੱਚ ਲਗਭੱਗ ਦਸ ਲੱਖ ਲੋਕ ਹੀਰਾ ਸਨਅਤ ਨਾਲ ਪੇਸ਼ੇ ਦੇ ਤੌਰ ‘ਤੇ ਜੁੜੇ ਹੋਏ ਹਨ। ਕਦੇ ਹੀਰਾਸਿਰਫ ਅਮੀਰ ਘਰਾਣਿਆਂ ਦੀ ਮਲਕੀਅਤ ਹੀ ਸਮਝਿਆ ਜਾਂਦਾ ਸੀ ਪਰ ਆਧੁਨਿਕ ਯੁੱਗ ਵਿੱਚ ਵਧੀਆ ਉਪਕਰਣਾ ਨਾਲ ਇਸ ਦੀ ਬਾਰੀਕ ਤੋਂ ਬਾਰੀਕ ਕਟਾਈ ਸੰਭਵ ਹੋਣ ਕਾਰਨ ਇਸ ਬਹੁਤ ਛੋਟੇ ਆਕਾਰ ਵਿੱਚ ਵੀ ਉਪਲਬਧ ਹੈ। ਇਸ ਕਾਰਨ ਹੁਣ ਇਹ ਉੱਚ-ਮੱਧ ਵਰਗ ਅਤੇ ਮੱਧ ਵਰਗ ਲੋਕ ਸ਼੍ਰੇਣੀ ਦੀ ਖਰੀਦ-ਪਹੁੰਚ ਵਿੱਚ ਵੀ ਆ ਗਿਆ ਹੈ।
ਹਥਲੇ ਲੇਖ ਦਾ ਮਕਸਦ ਸਿਰਫ ਹੀਰੇ ਦੀ ਚਮਕ-ਦਮਕ ਵਾਲੀ ਦੁਨੀਆਂ ਦਾ ਹਾਲ ਬਿਆਨ ਕਰਨਾ ਨਹੀਂ ਹੈ। ਬਹੁਤ ਥੋੜ੍ਹੇ ਲੋਕ ਜਾਣਦੇ ਹਨ ਕਿ ਇਸ ਚਕਾਂਚੌਂਧ ਵਾਲੇ ਖੇਤਰ ਦਾ ਇੱਕ ਹਨੇਰੇ ਨਾਲ ਭਰਿਆ ਪੱਖ ਵੀ ਹੈ ਅਤੇ ਜਗਮਗ ਕਰਦੇ ਹੀਰਾ ਕਾਰੋਬਾਰ ਦੀਆਂ ਜੜ੍ਹਾਂ ਜਿਸ ਜਮੀਨ ਵਿੱਚ ਲੱਗੀਆਂ ਹਨ ਉਹ ਕਿੰਨੀ ਹਨੇਰਿਆਂ ਭਰੀ ਹੈ। ਹੀਰਿਆਂ ਦੀਆਂ ਖਾਣਾਂ ਦੇ ਮਾਲਿਕ, ਇਹਨਾ ਨੂੰ ਤਰਾਸ਼ਣ ਵਾਲੀਆਂ ਸਨਅਤਾਂ ਦੇ ਮਾਲਕ ਅਤੇ ਇਹਨਾ ਨੂੰ ਬਾਜ਼ਾਰ ਵਿੱਚ ਲਿਆ ਕੇ ਵੇਚਣ ਵਾਲੀਆਂ ਬਹੁਕੌਮੀ ਕੰਪਨੀਆਂ ਦੇ ਸਰਬਰਾਹ ਆਲੀਸ਼ਾਂਨ ਜੀਵਨ ਜਿਉਂਦੇ ਹਨ ਪਰ ਉਹ ਦੇਸ਼, ਜੋ ਹੀਰਿਆਂ ਦੇ ਮੁੱਖ ਉਤਪਾਦਕ ਹਨ ਅਤੇ ਉਹ ਲੋਕ ਜਿਨ੍ਹਾਂ ਦੀਆਂ ਜ਼ਮੀਨਾ ਵਿੱਚੋਂ ਹੀਰਾ ਨਿਕਲਦਾ ਹੈ, ਅੱਜ ਵੀ ਅੱਤ ਦੀ ਗਰੀਬੀ ਵਾਲਾ ਜੀਵਨ ਬਤੀਤ ਕਰ ਰਹੇ ਹਨ। ਉਹਨਾ ਕੋਲ ਖਾਣ ਨੂੰ ਰੋਟੀ, ਪਾਉਣ ਨੂੰ ਕੱਪੜਾ ਅਤੇ ਰਹਿਣ ਨੂੰ ਘਰ ਨਹੀਂ ਹਨ। ਉਹ ਬੀਮਾਰੀਆਂ ਨਾਲ ਘਿਰੇ ਰਹਿੰਦੇ ਹਨ ਪਰ ਉਹਨਾ ਕੋਲ ਕੋਈ ਦੁਆ-ਦਾਰੁ ਨਹੀਂ ਪਹੁੰਚਦੀ। ਉਹਨਾ ਦੇ ਬੱਚੇ ਕੁਪੋਸ਼ਣ ਅਤੇ ਬੀਮਾਰੀਆਂ ਦਾ ਸ਼ਿਕਾਰ ਹੋ ਕੇ ਅਜਾਈਂ ਮੌਤੇ ਮਰ ਜਾਂਦੇ ਹਨ।ਇਹ ਲੋਕ ਸਦੀਆਂ ਤੋਂ ਸਰਮਾਏਦਾਰ, ਰਾਜਨੀਤਕ ਅਤੇ ਵੱਡੇ ਕਾਰੋਬਾਰੀ ਲੋਕਾਂ ਦੀ ਤਾਕਤ ਅੱਗੇ ਨਿਆਸਰਿਆਂ ਵਾਂਗ ਕੰਮ ਕਰਕੇ ਆਪਣੀਆਂ ਜ਼ਮੀਨਾ ਵਿੱਚੋਂ ਬੇਸ਼ਕੀਮਤੀ ਖਜਾਨੇ ਲੱਭਕੇ ਇਹਨਾ ਦੇ ਹਵਾਲੇ ਕਰ ਆਏਹਨ ਪਰ ਬਦਲੇ ਵਿੱਚ ਕਦੇ ਉਹਨਾ ਦੇ ਜੀਵਨ ਦੀਆਂ ਮੁਢਲੀਆਂ ਜ਼ਰੂਰਤਾਂ ਵੀ ਪੂਰੀਆਂ ਨਹੀਂ ਹੋੋਈਆਂ।
ਅਫਰੀਕਨ ਦੇਸ਼ਾਂ ਦਾ ਨਾਮ ਦੁਨੀਆਂ ਦੇਪੁਰਾਣੇ ਅਤੇ ਉੱਘੇ ਹੀਰਾ-ਉਤਪਾਦਕ ਦੇਸ਼ਾਂ ਵਿੱਚ ਆਉਂਦਾ ਹੈ। ਭਾਵੇਂ ਕਿ ਪਿਛਲੇ ਕੁਝ ਦਹਾਕਿਆਂ ਤੋਂ ਰੂਸ, ਕੈਨੇਡਾ ਅਤੇ ਆਸਟਰੇਲੀਆ ਆਦਿ ਦੇਸ਼ ਵੀ ਹੀਰਾ ਉਤਪਾਦਨ ਵਿੱਚ ਕਾਫੀ ਅੱਗੇ ਆ ਗਏ ਹਨ ਪਰ ਅਜੇ ਵੀ ਅਫਰੀਕਾਦੇ ਨੈਂਬੀਆ, ਐਂਗੋਲਾ, ਸਾਊਥ ਅਫਰੀਕਾ, ਕਾਂਗੋ, ਘਾਨਾ, ਤਨਜ਼ਾਨੀਆਂ, ਬੋਤਸਵਾਨਾ, ਜ਼ਿੰਬਾਬਵੇ, ਅਫਰੀਕਨ ਰੀਪਬਲਿਕ, ਸੀਅਰਾ ਲਿਉਨ ਅਤੇ ਲੈਸੋਥੋ ਆਦਿ ਦੇਸ਼ ਦੁਨੀਆਂ ਦੀਆਂ ਮੰਨੀਆਂ-ਪ੍ਰਮੰਨੀਆਂ ਹੀਰੇ ਦੀਆਂ ਖਾਣਾਂ ਲਈ ਮਸ਼ਹੂਰ ਹਨ। ਕੈਟੋਕਾ (ਐਂਗੋਲਾ), ਵੈਨੇਟਿਆ (ਸਾਊਥ ਅਫਰੀਕਾ), ਜਵਾਂਨੈਂਗ ਅਤੇ ਓਰਾਪਾ (ਬੋਸਤਾਵਾਨਾ) ਦੁਨੀਆਂ ਦੀਆਂ ਚੋਟੀ ਦੀਆਂ ਹੀਰੇ ਦੀਆਂ ਖਾਣਾਂ ਦੇ ਨਾਂ ਹਨ। ਹੀਰੇ ਤੋਂ ਇਲਾਵਾ ਅਫਰੀਕਨ ਦੇਸ਼ਾਂ ਦੀ ਜ਼ਮੀਨ ਵਿੱਚੋਂ ਸੋਨਾ, ਤਾਂਬਾ ਅਤੇ ਤੇਲਵੀ ਵੱਡੇ ਪੱਧਰ ਉੱਤੇ ਨਿਕਲਦਾ ਹੈ। 2013 ਸਾਲ ਵਿੱਚ ਬੋਸਤਾਵਾਨਾ ਅਤੇ ਕਾਂਗੋ ਦੁਨੀਆਂ ਦੇ ਪਹਿਲੇ ਪੰਜ ਮੁੱਖ ਹੀਰਾ ਉਤਪਾਦਕ ਦੇਸ਼ਾਂ ਵਿੱਚ ਸ਼ਾਮਲ ਸਨ। ਹੁਣ ਦੂਸਰੇ ਪਾਸੇ ਨਿਗਾਹ ਮਾਰੀਏ। ਕਾਂਗੋ, ਜਿੰਬਾਬਵੇ, ਅਫਰੀਕਨ ਰੀਪਬਲਿਕ, ਸੀਅਰਾ ਲਿਉਨ, ਨੈਂਬੀਆ ਆਦਿ ਦੇਸ਼ ਦੁਨੀਆਂ ਦੇ ਗਰੀਬੀ ਅਤੇ ਭੁੱਖਮਰੀ ਨਾਲ ਜੂਝ ਰਹੇ ਦੇਸ਼ਾਂ ਦੀ ਕਤਾਰ ਵਿੱਚ ਸਭ ਤੋਂ ਉੱਤੇ ਹਨ।ਕੂਝ ਅਫਰੀਕਨ ਦੇਸ਼ਾਂ ਦੀ ਹਾਲਤ ਏਨੀ ਬਦਤਰ ਹੈ ਕਿ ਰਾਜਧਾਨੀਆਂ ਅਤੇ ਵੱਡੇ ਸ਼ਹਿਰਾਂ ਤੋਂ ਦੂਰ ਪਿੱੰਡਾਂ ਵਿੱਚ ਵੱਸਦੇ ਲੋਕ ਮਿੱਟੀ ਤੱਕ ਖਾਣ ਲਈ ਮਜਬੂਰ ਹਨ।ਇਹ ਲੋਕ ਮਿੱਟੀ ਨੂੰ ਛਾਣ ਕੇ ਇਸ ਵਿੱਚ ਰੁੱਖਾਂ ਦੀਆਂ ਛਿੱਲੜਾਂ ਪੀਸ ਕੇ ਜਾਂ ਕੱਟ ਕੇ ਗੁੰਨ ਲੈਂਦੇ ਹਨ। ਗੁੱਝੀ ਮਿੱਟੀ ਦੇ ਗੋਲ ਟੁਕੜੇ ਕੱਟਣ ਤੋਂ ਬਾਅਦ ਧੁੱਪ ਵਿੱਚ ਸੁਕਾ ਕੇ ਰੱਖ ਲੈਂਦੇ ਹਨ ਅਤੇ ਖਾਣ ਲਈ ਵਰਤੋਂ ਵਿੱਚ ਲਿਆਉਂਦੇ ਹਨ।ਇਹ ਕਿੰਨਾ ਹੈਰਾਨ ਕਰ ਦੇਣ ਵਾਲਾ ਤੱਥ ਹੈ ਕਿ ਏਨੀ ਅਮੀਰ ਧਾਤ ਦੀਆਂ ਖਾਣਾਂ ਦੇ ਮਾਲਕ ਦੇਸ਼ਾਂ ਦੇ ਆਮ ਲੋਕਾਂ ਦਾ ਜੀਵਨ ਪੱਧਰ ਏਨੀ ਗਰੀਬੀ ਅਤੇ ਭੁੱਖਮਰੀ ਵਾਲਾ ਹੈ।ਸਿਹਤ ਨਾਲ ਸਬਧਿਤ ਤੱਥ ਇਹ ਹਨ ਕਿ ਸਾਰੀ ਦੁਨੀਆਂ ਵਿੱਚ ਏਡਜ਼ ਦੇ ਲਗਭੱਗ 34 ਮਿਲੀਅਨ ਪਾਏ ਜਾਂਦੇ ਮਰੀਜ਼ਾਂ ਵਿੱਚੋਂ 69 ਪ੍ਰਤੀਸ਼ਤ ਸਿਰਫ ਅਫਰੀਕਾ ਵਿੱਚ ਹੀ ਹਨ। ਬੱਚਿਆਂ ਵਿੱਚ ਕੁਪੋਸ਼ਣ ਬਿਲਕੁਲ ਆਂਮ ਬੀਮਾਰੀ ਹੈ। ਕੁਝ ਇੱਕ ਅਫਰੀਕਨ ਦੇਸ਼ਾਂ ਵਿੱਚ ਔਸਤ ਉਮਰ ਪੰਜਾਹ ਤੋਂ ਵੀ ਹੇਠਾਂ ਹੈ।
ਅਫਰੀਕਨ ਨੀਗਰੋ ਲੋਕ ਸਦੀਆਂ ਤੋਂ ਇਸ ਧਰਤੀ ਉੱਤੇ ਕਬੀਲਿਆਂ ਦੇ ਰੂਪ ਵਿੱਚ ਵੱਸਦੇ ਰਹੇ। ਆਪਣੀ ਹੀ ਦੁਨੀਆਂ ਵਿੱਚ ਮਸਤ ਇਨ੍ਹਾ ਲੋਕਾਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਉਹਨਾ ਦੀ ਧਰਤੀ ਵਿੱਚ ਕਿਸ ਕਦਰ ਬੇਸ਼ਕੀਮਤੀ ਖਜ਼ਾਨੇ ਦੱਬੇ ਪਏ ਹਨ।ਇਹ ਉਹੀ ਭੋਲੇ-ਭਾਲੇ ਲੋਕ ਸਨ ਜਿਨ੍ਹਾਂ ਨੂੰ ਸਤਾਹਰਵੀਂ ਅਤੇ ਅਠਾਹਰਵੀਂਸਦੀ ਵਿੱਚ ਗੋਰੇ ਮਨੁੱਖੀ ਸਮਗਲਰ ਅਗਵਾ ਕਰ ਕੇ ਅਮਰੀਕਾ ਵਿੱਚ ਲੈ ਜਾ ਕੇ ਗੁਲਾਮ ਬਣਾ ਕੇ ਵੇਚਦੇ ਰਹੇ। ਵਿਸ਼ਵ ਪ੍ਰਸਿੱਧ ਲੇਖਕ ‘ਐਲੇਕਸ ਹੇਲੀ’ ਦੀ ਨਾਵਲ ਰੂਪ ਵਿੱਚ ਮਹਾਨ ਰਚਨਾ ‘ਰੂਟਸ’ ਇਸੇ ਜ਼ੁਲਮ ਦਾ ਸ਼ਿਕਾਰ ਹੋਏ ਨੀਗਰੋ ਲੋਕਾਂ ਦੇ ਮੁਸ਼ੱਕਤ ਭਰੇ ਪੀੜੀ ਦਰ ਪੀੜੀ ਜੀਵਨ ਦੀ ਮਹਾਨ ਗਾਥਾ ਹੈ।ਸਦੀਆਂ ਤੋਂ ਇਹ ਲੋਕ ਤਾਕਤਵਰਾਂ ਦੇ ਹੱਥੋਂ ਨਪੀੜੇ ਜਾਂਦੇ ਰਹੇ। ਦੁਨੀਆਂ ਬਦਲ ਗਈ, ਤਕਨੀਕ ਬਦਲ ਗਈ, ਸਰਕਾਰਾਂ ਬਦਲ ਗਈਆਂ ਪਰ ਇਹਨਾ ਦੇ ਹਾਲਾਤ ਨਹੀਂ ਬਦਲੇ। ਕੋਝੀ ਰਾਜਨੀਤੀ ਦਾ ਸ਼ਿਕਾਰ ਇਹ ਲੋਕ ਅੱਜ ਤੱਕ ਆਪਣੇ ਕੀਮਤੀ ਵਸੀਲਿਆਂ ਦੀ ਖੁਦ ਵਰਤੋਂ ਕਰਨ ਦੇ ਹੱਕਾਂ ਤੋਂ ਵੀ ਮਹਿਰੂਮ ਹਨ।
ਮੂਲ ਰੂਪ ਵਿੱਚ ਹੀਰੇ ਦੀ ਖੋਜ ਦਾ ਇਤਿਹਾਸ ਭਾਵੇਂ ਭਾਰਤ ਨਾਲ ਜੁੜਿਆ ਹੋਇਆ ਹੈ ਪਰ ਇਸ ਦੀ ਪੇਸ਼ੇਵਰ ਢੰਗ ਨਾਲ ਵੱਡੇ ਪੱਧਰ ਉੱਤੇ ਖੁਦਾਈ ਦਾ ਕੰਮ ਅਫਰੀਕਾ ਵਿੱਚ ਹੀ ਸ਼ੁਰੂ ਹੋਇਆ।1867 ਦੀ ਸ਼ੁਰੂਆਤ ਵਿੱਚ ਸਾਉਥ ਅਫਰੀਕਾ ਅੰਦਰ ਜੈਕਬਸ ਨਾਂ ਦੇ ਇੱਕ ਪੰਦਰਾਂ ਕੁ ਸਾਲ ਦੇ ਮੁੰਡੇ ਨੂੰ ਆਪਣੇ ਖੇਤਾਂ ਵਿੱਚ ਇੱਕ ਪਾਰਦਰਸ਼ੀ ਪੱਥਰ ਮਿਲਿਆ। ਜਲਦੀ ਹੀ ਇਹ ਖਬਰ ਇਲਾਕੇ ਅੰਦਰ ਫੈਲ ਗਈ। ਹੀਰਾ ਕਾਰੋਬਾਰੀਆਂ ਨੂੰ ਜਦ ਇਸਦੀ ਖਬਰ ਲੱਗੀ ਤਾਂ ਉਹਨਾ ਇਸ ਇਲਾਕੇ ਨੂੰ ਗਾਹੁਣਾ ਸ਼ੁਰੂ ਕਰ ਦਿੱਤਾ। ਜਲਦੀ ਹੀ ਕਿੰਬਰਲੇ ਵਿੱਚ ਹੀਰਿਆਂ ਦੀ ਇੱਕ ਖਾਣ ਲੱਭ ਲਈ ਗਈ। ਕਿਹਾ ਜਾਂਦਾ ਹੈ ਕਿ 1870 ਅਤੇ 1880 ਦੇ ਦਹਾਕਿਆਂ ਵਿੱਚ ਦੁਨੀਆਂ ਦਾ ਪਚੰਨਵੇਂ ਪ੍ਰਤੀਸ਼ਤ ਹੀਰਾ ਇਸ ਖਾਣ ਵਿੱਚੋਂ ਨਿਕਲਦਾ ਰਿਹਾ। ਇਸ ਦੇ ਮਾਲਕ ਦੋ ਬਰਤਾਨਵੀ ਵਪਾਰੀ ਸਨ। ਹੀਰੇ ਦਾ ਇਹ ਕਾਰੋਬਾਰ ਵਧਣ ਲੱਗ ਪਿਆ ਅਤੇ ਸਾਊਥ ਅਫਰੀਕਾ ਵਿੱਚ ਇੱਕ ਤੋਂ ਬਾਅਦ ਇੱਕ ਹੀਰਿਆਂ ਦੀਆਂ ਖਾਣਾ ਲੱਭਣੀਆਂ ਸ਼ੁਰੂ ਹੋ ਗਈਆਂ। 1888 ਵਿੱਚ ਉੱਘੇ ਬਰਤਾਨਵੀ ਕਾਰੋਬਾਰੀ ਸੈਸਿਲ ਰੋਡਸ ਨੇ ‘ਡੀ ਬੀਅਰਸ’ ਨਾਂ ਦੀ ਇੱਕ ਵੱਡੀ ਸਰਮਾਏਦਾਰ ਕੰਪਨੀ ਖੋਲ੍ਹ ਕੇ ਇਥੋਂ ਦੇ ਹੀਰਾ ਖੁਦਾਈ ਦੇ ਕਾਰੋਬਾਰ ਉੱਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ। ਅੱਜ ਦੀ ਤਾਰੀਖ ਵਿੱਚ ਡੀ ਬੀਅਰਸ ਪੂਰੀ ਦੁਨੀਆਂ ਵਿੱਚ ਹੀਰਿਆਂ ਦੀ ਹਰ ਕਿਸਮ ਦੀ ਖੁਦਾਈ ਭਾਵ ਸਮੁੰਦਰੀ ਖਾਣਾ, ਜ਼ਮੀਨੀ ਖਾਣਾ ਅਤੇ ਪਹਾੜਾਂ ਨੂੰ ਖੋਦ ਕੇ ਹੀਰੇ ਪ੍ਰਾਪਤ ਕਰਨ ਆਦਿ ਦੇ ਖੇਤਰ ਵਿੱਚ ਨਾਮਵਰ ਕੰਪਨੀ ਹੈ। ਸਾਰੀ ਦੁਨੀਆਂ ਵਿੱਚ ਅਣਘੜ ਹੀਰੇ ਦੇ ਉਤਪਾਦਨ ਵਿੱਚ ਇਸਦਾ ਪੈਂਤੀ ਪ੍ਰਤੀਸ਼ਤ ਦਾ ਹਿੱਸਾ ਹੈ।‘ਹੀਰਾ ਹੈ ਸਦਾ ਲਈ’ ਇਸੇ ਹੀ ਕੰਪਨੀ ਦਾ ਸਲੋਗਨ ਹੈ। ਇਸ ਤੋਂ ਇਲਾਵਾ ਬਰਤਾਨੀਆਂ, ਅਮਰੀਕਾ ਅਤੇ ਹੋਰ ਯੂਰਪੀਆਨ ਦੇਸ਼ਾਂ ਦੀਆਂ ਦਰਜਨਾ ਕੰਪਨੀਆਂ ਅਫਰੀਕਾ ਵਿੱਚ ਪੱਕੇ ਤੌਰ ਤੇ ਸਥਾਪਤ ਹਨ। ਨੈਲਸਨ ਮੰਡੇਲਾ, ਥਾਮਸ ਸੰਕਾਰਾ, ਮਾਉਰਿਸ ਬਿਸ਼ਾਪ ਵਰਗੇ ਕਾਂ੍ਰਤੀਕਾਰੀਆਂ ਦੀਆਂ ਕੁਰਬਾਨੀਆਂ ਭਾਵੇਂ ਅਫਰੀਕਨ ਦੇਸ਼ ਪੱਛਮੀ ਤਾਕਤਾਂ ਤੋਂ ਹੌਲੀ ਹੌਲੀ ਅਜ਼ਾਦੀ ਹਾਸਲ ਕਰਦੇ ਗਏ ਪਰ ਆਰਥਕ ਖੇਤਰ ਵਿੱਚ ਅੱਜ ਵੀ ਸਰਮਾਏਦਾਰ ਤਾਕਤਾਂ ਦੇ ਗੁਲਾਮ ਹੀ ਹਨ। ਇਹਨਾ ਦੇਸ਼ਾਂ ਦੀਆਂ ਸਰਕਾਰਾਂ ਅਤੇ ਨੁਮਾਇੰਦੇ ਇਹਨਾ ਤਾਕਤਾਂ ਦੇ ਹੱਥਠੋਕੇ ਬਣ ਕੇ ਰਹਿ ਗਏ ਹਨ।

-ਬਲੱਡ ਡਾਇਮੰਡ ਟਰੇਡ


ਅਫਰੀਕਨ ਲੋਕਾਂ ਦੀ ਸਮੱਸਿਆ ਸਿਰਫ ਇਹੀ ਨਹੀਂ ਹੈ ਕਿ ਉਹਨਾ ਦਾ ਬੇਸ਼ਕੀਮਤੀ ਸਰਮਾਇਆ ਤਾਕਤਵਰ ਕੰਪਨੀਆਂ ਵੱਲੋਂ ਲੁੱਟਿਆ ਜਾ ਰਿਹਾ ਹੈ। ਹੀਰਾ ਕਾਰੋਬਾਰ ਨਾਲ ਜੁੜਿਆ ਇੱਕ ਹੋਰ ਘਟੀਆ ਵਰਤਾਰਾ ਵੀ ਮੌਜੂਦ ਹੈ ਜਿਸ ਕਾਰਨ ਇਹ ਲੋਕ ਦੁਵੱਲੀ ਪਿਸ ਰਹੇ ਹਨ। ਇਸ ਵਰਤਾਰੇ ਨੂੰ ਅੰਤਰਾਸ਼ਟਰੀ ਪੱਧਰ ਉੱਤੇ ‘ਬਲੱਡ ਡਾਇਮੰਡ ਟਰੇਡ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ,ਭਾਵ ‘ਖੂਨੀ ਹੀਰਿਆਂ ਦਾ ਵਪਾਰ’।
‘ਖੂਨੀ ਹੀਰਾ’ ਸ਼ਬਦ ਤੋਂ ਭਾਵ ਉਹਨਾ ਹੀਰਿਆਂ ਤੋਂ ਹੈ ਜਿਨ੍ਹਾਂ ਨੂੰ ਅਫਰੀਕਨ ਦੇਸ਼ਾਂ ਵਿੱਚ ਸਰਗਰਮ ਅੱਤਵਾਦੀ ਸੰਗਠਨਾ ਵੱਲੋਂ ਖਾਣਾ ਵਿੱਚੋਂ ਹੀ ਲੁੱਟ ਲਿਆ ਜਾਂਦਾ ਹੈ ਅਤੇ ਬਾਅਦ ਵਿੱਚ ਵਿਚੋਲਿਆਂ ਰਾਹੀਂ ਅੰਤਰਾਸ਼ਟਰੀਬਾਜ਼ਾਰ ਵਿੱਚ ਵੇਚ ਦਿੱਤਾ ਜਾਂਦਾ ਹੈ।ਕੋਈ ਸਮਾ ਸੀ ਜਦ ਇਹ ਸੰਗਠਨ ਅਫਰੀਕਨ ਲੋਕਾਂ ਨਾਲ ਹੁੰਦੇ ਧੱਕੇ ਦੇ ਖਿਲਾਫ ਆਵਾਜ ਚੁੱਕਣ ਕਾਰਨ ਹੀ ਹੋਂਦ ਵਿੱਚ ਆਏ ਸਨ ਪਰ ਸਮੇ ਦੇ ਨਾਲ ਇਹ ਅੰਤਰਰਾਸ਼ਟਰੀ ਅੱਤਵਾਦੀ ਸੰਗਠਨਾਦੇ ਹੱਥੇ ਚੜ ਕੇ ਆਪਣੇ ਹੀ ਭਰਾਵਾਂ ਨੁੰ ਉਜਾੜਨ ਲੱਗ ਪਏ।ਕੁਝ ਇੱਕ ਖਦਾਨਾਂ ਤਾਂ ਪੱਕੇ ਤੌਰ ਤੇ ਅੱਤਵਾਦੀ ਸੰਗਠਨਾਦੇ ਹੀ ਕਬਜ਼ੇ ਵਿੱਚ ਹਨ। ਇਹਨਾ ਵਿੱਚ ਅਫਰੀਕਨਾ ਕੋਲੋਂ ਬੰਧੂਆ ਮਜ਼ਦੂਰਾਂ ਵਜੋਂ ਕੰਮ ਲਿਆ ਜਾਂਦਾ ਹੈ।ਇੱਥੋਂ ਪ੍ਰਾਪਤ ਹੀਰਿਆਂ ਨੂੰ ਅੰਤਰਰਾਸ਼ਟਰੀ ਮੰਡੀ ਵਿੱਚ ਵੇਚ ਕੇ ਇਹ ਸੰਗਠਨ ਇਸ ਪੈਸੇ ਨੂੰ ਵੱਡੀਆਂ ਅੱਤਵਾਦੀ ਕਾਰਵਾਈਆਂ ਲਈ ਅਤੇ ਹਥਿਆਰ ਖਰੀਦਣ ਲਈ ਵਰਤਦੇ ਹਨ। ਇਹਨਾ ਸੰਗਠਨਾ ਦੁਆਰਾ ਹੀਰੇ ਹਥਿਆਉਣ ਲਈ ਆਮ ਲੋਕਾਂ ਦਾ ਵੱਡੀ ਪੱਧਰ ਉੱਤੇ ਜਾਂਨੀ ਅਤੇ ਮਾਲੀ ਨੁਕਸਾਨ ਕਰ ਦਿੱਤਾ ਜਾਂਦਾ ਹੈ। ਬੀਤੇ ਸਮੇ ਦੌਰਾਨ ਸਿਰਫ ਸੀਅਰਾ ਲਿਉਨ ਵਿੱਚ ਹੀ ਕਾਂ੍ਰਤੀਕਾਰੀ ਯੂਨਾਈਟਡ ਫਰੰਟ ਨਾਂ ਦੇ ਇੱਕ ਸੰਗਠਨ ਵੱਲੋਂ ਹੀਰੇ ਦੀਆਂ ਖਦਾਨਾ ਉੱਤੇ ਕਬਜ਼ਾ ਕਰਨ ਅਤੇ ਹੀਰੇ ਲੁੱਟਣ ਦੀਆਂ ਕਾਰਵਾਈਆਂ ਦੌਰਾਨ ਵੀਹ ਹਜ਼ਾਰ ਆਮ ਲੋਕਾਂ ਨੂੰ ਅਪੰਗ ਕਰ ਦਿੱਤਾ ਗਿਆ ਅਤੇ ਹਜਾਰਾਂ ਨੂੰ ਕਤਲ ਕਰ ਦਿੱਤਾ ਗਿਆ।1991 ਤੋਂ 20 ਤੱਕ ਇਹਦੇਸ਼ ਘਰੇਲੂ ਜੰਗ ਵਿੱਚ ਬੁਰੀ ਤਰਾਂ ਦਰੜਿਆ ਗਿਆ। ਇਸ ਸਮੇ ਦੌਰਾਨ ਇਸ ਦੇਸ਼ ਦੀਆਂ ਹੀਰਾ ਖਦਾਨਾ ਵਿੱਚ ਜੰਮ ਕੇ ਲੁੱਟਪਾਟ ਹੋਈ। ਅਲਕਾਇਦਾ ਵਰਗੇ ਸੰਗਠਨ ਵੀ ਹੀਰਿਆਂ ਦੀਇਸ ਖੂਨੀ ਖੇਡ ਵਿੱਚ ਸ਼ਾਮਲ ਸਨ। ਨੈਸ਼ਨਲ ਜਿਉਗਰਾਫਿਕ ਖਬਰ ਏਜੰਸੀ ਦੇ ਮੁਤਾਬਿਕ ਸਾਰੇ ਅਫਰੀਕਾ ਵਿੱਚ ਇਸ ਤਰਾਂ ਦੀਆਂ ਵਾਰਦਾਤਾਂ ਵਿੱਚ ਹੁਣ ਤੱਕ ਚਾਲੀ ਲੱਖ ਲੋਕ ਮਾਰੇ ਜਾ ਚੁੱਕੇ ਹਨ।ਸੀਅਰਾ ਲਿਉਨ ਤੋਂ ਇਲਾਵਾ ਐਂਗੋਲਾ, ਰੀਪਬਲਿਕ ਆਫ ਕਾਂਗੋ ਅਤੇ ਲਾਇਬੇਰੀਆ ਇਸ ਖੂਨੀ ਘਟਨਾਕ੍ਰਮ ਦੇ ਸ਼ਿਕਾਰ ਹਨ।
ਇੱਕ ਅੰਦਾਜੇ ਮੁਤਾਬਿਕ ਹੀਰਿਆਂ ਦੇ ਗਲੋਬਲ ਵਪਾਰ ਵਿੱਚ ਪੰਦਰਾਂ ਪ੍ਰਤੀਸ਼ਤ ਹੀਰੇ ਸਿਰਫ ਬਲਡ ਡਾਇਮੰਡ ਵਪਾਰ ਰਾਹੀਂ ਹੀ ਦਾਖਲ ਹੁੰਦੇ ਹਨ।ਅੰਤਰਰਾਸ਼ਟਰੀ ਹੀਰਾ ਬਾਜਾਰ ਅਤੇ ਹੀਰਾ ਉਤਪਾਦਕ ਦੇਸ਼ਾਂ ਨੇ ਇਸ ਵਪਾਰ ਨੂੰ ਰੋਕਣ ਲਈਸੰਨ 20 ਵਿੱਚ ‘ਕਿੰਬਰਲੇ ਪ੍ਰੋਸੈਸ’ ਨਾਂ ਦੀ ਅਧਿਕਾਰਤ ਚੇਅਰ ਨੂੰਸਥਾਪਤ ਕੀਤਾ ਸੀ ਜਿਸ ਵਿੱਚ ਉੱਘੇ ਹੀਰਾ ਉਤਪਾਦਕ ਦੇਸ਼ ਅਤੇ ਕੰਪਨੀਆਂ ਸ਼ਾਮਲ ਹਨ। ਪਰ ਇਸ ਦਾ ਕੰਮ ਖਦਾਨਾ ਵਿੱਚ ਹੁੰਦੀ ਲੁੱਟਮਾਰ ਅਤੇ ਕਤਲੋਗਾਰਤ ਨੂੰ ਰੋਕਣਾ ਨਹੀਂ ਹੈ। ਇਹ ਚੇਅਰਸਿਰਫ ਖਦਾਨਾ ਵਿੱਚੋਂ ਨਿਲਕਦੇ ਹੀਰਿਆਂ ਦੀ ਖਾਸ ਅਧਿਕਾਰਤ ਜਾਂਚ ਅਤੇ ਨਿਸ਼ਾਨਦੇਹੀ ਕਰ ਕੇ ਪ੍ਰਮਾਣਪੱਤਰ ਜਾਰੀ ਕਰਦੀ ਹੈ ਤਾਂ ਕਿ ਲੁੱਟਪਾਟ ਵਾਲੇ ਹੀਰੇ ਬਾਜ਼ਾਰ ਵਿੱਚ ਨਾਂ ਆ ਸਕਣ।ਇਸ ਸੰਗਠਨ ਦੇ ਕੰਮ ਦੀ ਪ੍ਰਮਾਣਿਕਤਾ ਵੀ ਸ਼ੱਕ ਦੇ ਘੇਰੇ ਵਿੱਚ ਆਉਂਦੀ ਰਹੀ ਹੈ, ਜਿਵੇਂ ਕਿ ਪੂਰਬੀ ਜਿੰਬਾਬਵੇ ਦੀਆਂ ਖਦਾਨਾ ਵਿੱਚ ਅੱਤਵਾਦੀ ਸੰਗਠਨਾ ਦੀ ਸ਼ਮੂਲੀਅਤ ਜੱਗ ਜਾਹਰ ਹੈ ਪਰ ਕਿੰਬਰਲੇ ਵੱਲੋਂ ਲਗਾਤਾਰ ਇੱਥੋਂ ਨਿਕਲੇ ਹੀਰਿਆਂ ਨੁੰ ਪ੍ਰਮਾਣ ਪੱਤਰ ਜਾਰੀ ਕੀਤੇ ਜਾ ਰਹੇ ਹਨ। ਕਾਰਨ ਇਹ ਹੈ ਕਿ ਕਿੰਬਰਲੇ ਦੇ ਮੈਂਬਰ ਦੇਸ਼ ਨੈਂਬੀਆ, ਰੂਸ ਅਤੇ ਸਾਊਥ ਅਫਰੀਕਾ ਜਿੰਬਾਬਵੇ ਦੇ ਰਾਸ਼ਟਰਪਤੀ ਰਾਬਰਟ ਮੁਗਾਬੇ ਦੇ ਸਮਰਥਕ ਹਨ। ਹੁਣ ਜਦ ਕਿੰਬਰਲੇ ਵੱਲੋਂ ਇਹ ਦਾਅਵਾ ਹੁੰਦਾ ਹੈ ਕਿ ਵਿਸ਼ਵ ਹੀਰਾ ਬਾਜ਼ਾਰ ਵਿੱਚ 998 ਪ੍ਰਤੀਸ਼ਤ ਹੀਰੇ ਪ੍ਰਮਾਣਤ ਹਨ ਤਾਂ ਇਸ ਦੀ ਸੱਚਾਈ ਉੱਤੇ ਸ਼ੱਕ ਹੋਣਾ ਕੁਦਰਤੀ ਹੈ।
ਅਫਰੀਕਾ ਦੇ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ‘ਅਫਰੀਕਨ ਲੋਕ ਇੱਕਜੁੱਟਤਾ ਕਮੇਟੀ’ ਦੀ ਚੇਅਰਪਰਸਨ ਪੈਨੀ ਹੈੱਸ ਦੇ ਇੱਕ ਬਹੁਚਰਚਿਤ ਲੇਖ ਦਾ ਜ਼ਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਜਿਸ ਦਾ ਸਿਰਲੇਖ ਸੀ ਕਿ ‘‘ਹਰ ਹੀਰਾ ਖੂਨੀ ਹੀਰਾ ਵਪਾਰ ਦੇ ਦਾਇਰੇ ਵਿੱਚ ਹੀ ਆਉਂਦਾ ਹੈ’’। ਉਸ ਨੇ ਇਸ ਕਥਨ ਰਾਹੀਂ ਡੂੰਘਾ ਕਟਾਖਸ਼ ਕੀਤਾ ਹੈ। ਦਰਅਸਲ ਅੰਤਰਰਾਸ਼ਟਰੀ ਹੀਰਾ ਬਾਜ਼ਾਰ ਅਤੇ ਕਾਰੋਬਾਰੀ ਵਰਗ ਸਿਰਫ ਉਹਨਾ ਹੀਰਿਆਂ ਨੂੰ ਹੀ ‘ਬਲਡ ਡਾਇਮੰਡ’ ਦੇ ਦਾਇਰੇ ਹੇਠ ਲਿਆਉਂਦਾ ਹੈ ਜਿਹੜੇ ਹੀਰੇ ਅੱਤਵਾਦੀ ਸੰਗਠਨਾ ਵੱਲੋਂ ਕਤਲੋਗਾਰਤ ਕਰਕੇ ਹਾਸਲ ਕੀਤੇ ਜਾਂਦੇ ਹਨ ਅਤੇ ਅਣਅਧਿਕਾਰਤ ਢੰਗ ਨਾਲ ਵੇਚੇ ਜਾ ਰਹੇ ਹਨ। ਪੈਨੀ ਹੈੱਸ ਨੇ ਇਸ ਤੱਥ ਨੂੰ ਜੋਰਦਾਰ ਤਰੀਕੇ ਨਾਲ ਪੇਸ਼ ਕੀਤਾ ਕਿ ਹੀਰੇ ਦੀਆਂ ਅਧਿਕਾਰਤ ਖਦਾਨਾ ਅਤੇ ਸਥਾਪਿਤ ਕੰਪਨੀਆਂ ਦੇ ਉਤਪਾਦ ਵੀ ਇਸੇ ਸ਼੍ਰੇਣੀ ਦੇ ਅੰਦਰ ਹੀ ਆਉਂਦੇ ਹਨ ਕਿਉਂਕਿ ਇਹ ਕੰਪਨੀਆਂ ਵੀ ਮਨੁੱਖੀ ਅਧਿਕਾਰਾਂ ਦਾ ਕਤਲ ਕਰ ਕਰ ਕੇ ਹੀ ਮੁਨਾਫਾ ਕਮਾ ਰਹੀਆਂ ਹਨ।ਹੀਰਿਆਂ ਦੀਆਂ ਖਾਣਾਂ ਵਿੱਚ ਮਜ਼ਦੂਰੀ ਦਾ ਕੰਮ ਕਰਦੇ ਲੱਖਾਂ ਅਫਰੀਕਨਾਂ ਦੀ ਰੋਜ ਦੀ ਕਮਾਈ ਇੱਕ ਡਾਲਰ ਤੋਂ ਵੀ ਹੇਠਾਂ ਹੈ। ਬਹੁਤ ਡੂੰਘੀਆਂ ਅਤੇ ਤੰਗ ਹੋ ਚੁੱਕੀਆਂ ਹੀਰੇ ਦੀਆਂ ਖਾਣਾ ਦੀਆਂ ਤੰਗ ਨੁੱਕਰਾਂ ਵਿੱਚ, ਜਿੱਥੇ ਕੇ ਸਾਧਾਰਨ ਕੱਦ-ਬੁੱਤ ਵਾਲੇ ਆਦਮੀ ਦੀ ਪਹੁੰਚ ਨਹੀਂ ਹੋ ਸਕਦੀ, ਛੋਟੇ ਛੋਟੇ ਨੀਗਰੋ ਬੱਚਿਆਂ ਨੂੰ ਕੰਮ ਕਰਨ ਲਈ ਵਾੜ ਦਿੱਤਾ ਜਾਂਦਾ ਹੈ। ਇਸ ਕਾਰੋਬਾਰ ਤੋਂ ਅਰਬਾਂ ਡਾਲਰ ਕਮਾ ਰਹੇ ਕਾਰੋਬਾਰੀ ਲੋਕ ਮਜਦੂਰ ਵਰਗ ਨੂੰ ਏਨਾ ਇਵਜ਼ਾਨਾ ਵੀ ਨਹੀਂ ਦੇਂਦੇ ਕਿ ਉਹ ਸਾਦੇ ਢੰਗ ਦੀ ਜ਼ਿੰਦਗੀ ਗੁਜ਼ਾਰ ਸਕੇ।
206 ਵਿੱਚ ਪ੍ਰਸਿੱਧ ਹਾਲੀਵੁੱਡ ਨਿਰਦੇਸ਼ਕ ਐਡਵਰਡ ਜਵਿੱਕ ਨੇ ਵਿਸ਼ਵ ਪ੍ਰਸਿੱਧ ਅਦਾਕਾਰ ਲੀਨਾਰਡੋ ਡੀਕਾਪਰੀਉ ਨੂੰ ਲੈ ਕੇ ਇਸ ਸਭ ਵਰਤਾਰੇ ਦੀ ਪਿੱਠਭੂਮੀ ਉੱਤੇ ‘ਬਲਡ ਡਾਇਮੰਡ’ ਨਾਂ ਦੀ ਵੱਡੇ ਬਜਟ ਦੀ ਫਿਲਮ ਬਣਾ ਕੇ ਅਫਰੀਕਨ ਲੋਕਾਂ ਦੀ ਤ੍ਰਾਸਦੀ ਨੂੰ ਸਾਰੀ ਦੁਨੀਆਂ ਦੇ ਸਾਹਮਣੇ ਪੇਸ਼ ਕੀਤਾ।ਯੂ.ਐਨ.ਓ ਵੀ ਬੇਘਰੇ ਅਤੇ ਬੀਮਾਰ ਅਫਰੀਕਨ ਲੋਕਾਂ ਦੀ ਭਲਾਈ ਅਤੇ ਹੱਕਾਂ ਲਈ ਕਾਫੀ ਸਾਕਾਰਤਮਾਕ ਕੰਮ ਕਰ ਰਹੀ ਹੈ ਪਰ ਬਹੁਤ ਤਾਕਤਵਰ ਰਾਜਸੀ ਅਤੇ ਕਾਰੋਬਾਰੀ ਸ਼ਕਤੀਆਂ ਦੇ ਸਾਹਮਣੇਂ ਉਸ ਦੇ ਯਤਨ ਨਾਕਾਫੀ ਸਾਬਤ ਹੋਏ ਹਨ। ਦਰਅਸਲ ਅਫਰੀਕਨ ਲੋਕਾਂ ਨੂੰ ਦੁਨੀਆਂ ਦੀ ਭੇਜੀ ਖੈਰਾਤ ਦੀ ਲੋੜ੍ਹ ਨਹੀਂ ਹੈ। ਜ਼ਰੂਰਤ ਤਾਂ ਇਹ ਹੈ ਕਿ ਉਹਨਾ ਦੀ ਧਰਤੀ ਵਿੱਚੋਂ ਨਿਕਲਦੇ ਕੁਦਰਤੀ ਧਾਤਾਂ ਦੇ ਖਜਾਨਿਆਂ ਤੋਂ ਹੁੰਦੀ ਕਮਾਈ ਵਿੱਚੋਂ ਬਣਦਾ ਹਿੱਸਾ ਉਹਨਾ ਨੂੰ ਮਿਲੇ। ਸ਼ਾਇਦ ਆਉਣ ਵਾਲੀਆਂ ਪੀੜੀਆਂ ਇਸ ਸੱਚਾਈ ਦੀ ਪਛਾਣ ਕਰਨ ਅਤੇ ਸਦੀਆਂ ਤੋਂ ਭੁੱਖ ਅਤੇ ਬੀਮਾਰੀ ਦੀਆਂ ਲਾਹਨਤਾਂ ਨਾਲ ਜੂਝ ਰਹੇ ਅਫਰੀਕਨ ਆਪਣੀ ਜ਼ਿੰਦਗੀ ਨੂੰ ਖੁਸ਼ਹਾਲੀ ਨਾਲ ਮਾਣ ਸਕਣ।

ਲੇਖਕ : ਯਾਦਵਿੰਦਰ ਸਿੰਘ ਸਤਕੋਹਾ ਹੋਰ ਲਿਖਤ (ਇਸ ਸਾਇਟ 'ਤੇ): 3
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :811

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017