ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਆਖਿਰ ਚੜ੍ਹਦੀ ਜਵਾਨੀ ਕਿਧਰ ਜਾ ਰਹੀ ਹੈ

ਘਗਰੇ ਵੀ ਗਏ ਫੁਲਕਾਰੀਆਂ ਵੀ ਗਈਆਂ
ਕੰਨਾਂ ਚ ਕੋਕਰੂ ਤੇ ਵਾਲੀਆਂ ਵੀ ਗਈਆਂ
ਰੇਸ਼ਮੀ ਦੁਪੱਟੇ ਡੋਰੇ -ਜਾਲੀਆਂ ਵੀ ਗਈਆਂ
ਘੁੰਡ ਵੀ ਗਏ ਤੇ ਘੁੰਡ ਵਾਲੀਆਂ ਵੀ ਗਈਆਂ
ਚੱਲ ਪਏ ਵਲੈਤੀ ਬਾਣੇ
ਕੀ ਬਣੂ ਦੁਨੀਆਂ ਦਾ ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ।
ਕੀ ਬਣੂ ਦੁਨੀਆਂ ਦਾ


ਪੰਜਾਬੀ ਮਾਂ ਬੋਲ ਦੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਦੇ ਗੀਤ ਦੇ ਉਪਰੋਕਤ ਬੋਲ ਜਿਥੇ ਅਯੋਕੀ ਨੌਜਵਾਨ ਪੀੜ੍ਹੀ ਜੋ ਆਪਣੇ ਅਮੀਰ ਵਿਰਸੇ ਅਤੇ ਸੱਭਿਆਚਾਰ ਨੂੰ ਵਿਸਾਰ ਬੈਠੀ ਹੈ ,ਦੀ ਸਚਾਈ ਨੂੰ ਬਿਆਨ ਕਰਦੇ ਹਨ। ਉਥੇ ਚੜ੍ਹਦੀ ਜਵਾਨੀ ਹੁਸਨੋ ਦਿਵਾਨੀ ਦੇ ਭਟਕਣ ਕਾਰਨ ਭਵਿੱਖ ਚ ਨਿਕਲਣ ਵਾਲੇ ਸਿਟਿਆਂ ਤੋ ਸਾਨੂੰ ਅਗਵਾਈ ਕਰਦੇਹਨ। ਭਾਵੇਂ ੨੦੧੧ ਦੀ ਜਨਗਣਨਾ ਅਨੁਸਾਰ ਪੰਜਾਬ ਰਾਜ ਦੀ ਕੁਲ ਆਬਾਦੀ ੨ ਕਰੋੜ ੭੭ ਲੱਖ ੪ ਹਜ਼ਾਰ ੨੩੬ ਹੈ। ਜਿਸ ਵਿਚ ਬਹੁਤੀ ਜਨਸੰਖਿਆ ਨੌਜਵਾਨ ਵਰਗ ਦੀ ਹੈ। ਪਰ ਤਰਾਸਦੀ ਇਹ ਹੈ ਕਿ ਨੌਜਵਾਨ ਪੀੜ੍ਹੀ ਜਿਸ ਦੇਸ਼ ਦਾ ਭਵਿਖ ਜਾਂ ਦੇਸ ਦੇ ਵਿਕਾਸ ਦੀ ਬੁਨਿਆਦ ਕਿਹਾ ਜਾਂਦਾ ਹੈ,ਡਾਵਾਂਡੋਲ ਹੋਈ ਮਸਤੀ ਵਿਚ ਸੁਪਨਿਆ ਦੀ ਜਿੰਦਗੀ ਜੀਅ ਰਹੀ ਹੈ।

ਅੱਜ ਦਾ ਨੌਜਵਾਨ ਐਸ਼ ਅਰਾਮ ਵਾਲੀ ਤੇ ਚਮਕ-ਦਮਕ ਵਾਲੀ ਜਿੰਦਗੀ ਬਿਨਾ ਮਿਹਨਤ ਕੀਤਿਆਂ ਪ੍ਰਾਪਤ ਕਰਨ ਦੇ ਯਤਨ ਵਿਚ ਹੈ। ਪਰ ਉਸਦੀ ਪਰਾਂ ਤੋ ਬਗੈਰ ਪਰਵਾਜ ਅਸਫਲ ਹੋ ਰਹੀ ਹੈ ਅਤੇ ਉਹ ਹਨੇਰੇ ਵਿਚ ਟੱਕਰਾਂ ਮਾਰਦਾ ਫਿਰ ਰਿਹਾ ਹੈ ਅਤੇ ਉਸਦੀ ਚੜਦੀ ਜਵਾਨੀ ਮਿ੍ਰਗ ਤਿ੍ਰਸਨਾ ਦੇ ਚੱਕਰਵਿਊ ਵਿਚ ਫਸੀ ਹੋਈ ਹੈ। ਉਹ ਵੀ ਸਮਾ ਸੀ ਜਦੋਂ ਪੰਜਾਬ ਦਾ ਦੁੱਧ-ਘਿਉ ਨਾਲ ਪਲਿਆ ਗੱਭਰੂ ਆਪਣੀ ਹੱਡ ਭੰਨਵੀਂ ਮਿਹਨਤ ਲਈ ਪ੍ਰਸਿੱਧ ਸੀ ਅਤੇ ਅਖਾੜਿਆਂ ਦੀ ਸਾਨ ਬਣਦਾ ਸੀ ਅਤੇ ਇਕ ਮੁੱਛ ਫੁੱਟ ਗੱਭਰੂ ਦੀ ਬੜਕ ਧਰਤੀ ਹਿਲਾ ਦਿੰਦੀ ਸੀ , ਪਰ ਪਤਾ ਨਹੀਂ ਸਾਡੀ ਅਜੌਕੀ ਨੌਜਵਾਨ ਪੀੜ੍ਹੀ ਅਮੀਰ ਪੰਜਾਬੀ ਸੱਭਿਆਚਾਰ ਤੇ ਵਿਰਸੇ ਅਤੇ ਸਮਾਜਿਕ ਨੈਤਿਕ ਕਦਰਾਂ ਕੀਤਮਾਂ ਨੂੰ ਲੱਤ ਮਾਰ ਕੇ ਪੱਛਮੀ ਸੱਭਿਆਚਾਰਕ ਘਸੀਆਂ -ਪਿਟੀਆਂ ਕਦਰਾਂ ਕੀਮਤਾਂ ਨੂੰ ਅਪਣਾਉਦੀ ਹੋਈ ਨਸ਼ਿਆਂ ਦੇ ਛੇਵੇਂ ਦਰਿਆ ਵਿਚ ਖੂਬ ਤਾਰੀਆਂ ਲਗਾ ਰਹੀ ਹੈ।ਜਿਸ ਕਰਕੇ ਅੱਜ ਅਨੇਕਾਂ ਹੀ ਘਰਾਂ ਦੇ ਘਰ ਖੇਰੂੰ -ਖੇਰੂੰ ਹੋ ਰਹੇ ਹਨ। ਅਜੋਕੇ ਨੌਜਵਾਨ ਵਰਗ ਦੀਆਂ ਆਪ ਹੁਦਰੀਆਂ ਅਤੇ ਮਨਮਰਜੀਆਂ ਨੇ ਜਿਥੇ ਮਾ ਪਿਉ ਦੇ ਸੁਪਨਿਆਂ ਨੂੰ ਚੂਰ ਚੂਰ ਕਰ ਦਿਤਾ ਹੈ, ਉਥੇ ਸਮਾਜਿਕ ਕਦਰਾਂ ਕੀਮਤਾਂ ਨੂੰ ਪੈਰਾਂ ਹੇਠ ਰੋਲ ਦਿਤਾ ਹੈ। ਅੱਜ ਸਰਵਣ ਵਰਗੇ ਪੁੱਤ ਅਤੇ ਮਾਂ-ਪਿਉ ਦੀ ਪੱਤ ਦਾ ਖਿਆਲ ਰੱਖਣ ਵਾਲੀਆਂ ਧੀਆ ਵਾਲੇ ਘਰ ਭਾਗਾਂ ਵਾਲੇ ਘਰ ਮੰਨੇ ਜਾ ਰਹੇ ਹਨ। ਅਜੋਕੀ ਨੌਜਵਾਨ ਪੀੜ੍ਹੀ ਕੋਲ ਡਿਗਰੀਆਂ ਤੇ ਬਹੁਤ ਹਨ, ਪਰ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਵਾਲੀ ਕੋਈ ਗੱਲ ਨਹੀਂ।

ਆਧੁਨਿਕ ਸੂਚਨਾ, ਸੰਚਾਰ ਤੇ ਤਕਨੀਕੀ ਯੁੱਗ ਨੇ ਤਾਂ ਨੌਜਵਾਨ ਵਰਗ ਦਾ ਬੇੜਾਂ ਗਰਕ ਕਰਕੇ ਰੱਖ ਦਿਤਾ ਹੈ। ਟੀ ਵੀ , ਮੋਬਾਇਲ ਫੋਨ, ਇੰਟਰਨੈਟ , ਫੇਸ ਬੁੱਕ, ਵਟਸਐਪ ਦੀਆ ਕਾਢਾਂ ਨੇ ਅਜੋਕੀ ਨੌਜਵਾਨ ਪੀੜ੍ਹੀ ਨੂੰ ਫੈਸ਼ਨ ਦਿਖਾਵਾ , ਫੂੰ ਫਾਂ ਅਤੇ ਸੁਪਨਿਆਂ ਦੇ ਸੰਸਾਰ ਵਿਚ ਭੇਜ ਦਿਤਾ ਹੈ। ਭਾਂਵੇ ਇਹ ਕਾਢਾਂ ਤਾਂ ਜਿੰਦਗੀ ਨੂੰ ਸੁਖਾਲਾ ਬਣਾਉਣ ਲਈ ਹਨ ਪਰ ਨੌਜਵਾਨ ਵਰਗ ਨੇ ਇਨਾਂ ਕਾਢਾਂ ਦਾ ਦੁਰਪ੍ਰਯੋਗ ਕਰਕੇ ਆਪਣੀ ਜਿੰਦਗੀ ਗੁੰਝਲਦਾਰ ਬਣਾ ਲਈ ਹੈ। ਅੱਜ ਪੰਜਾਬੀ ਸਮਾਜ ਦੀ ਸਥਿਤੀ ਬਹੁਤ ਹੀ ਵਿਸਫੋਟਕ ਹੋਈ ਪਈ ਹੈ। ਘਰਾਂ ਦੇ ਘਰ ਬਰਬਾਦ ਹੋ ਰਹੇ ਹਨ। ਮੁੰਡੇ ਕੁੜੀਆਂ ਦੇ ਆਸ਼ਕੀ ,ਇਸ਼ਕ ਮਜਾਜੀ ਦੇ ਚਰਚੇ ਆਪਣੀ ਚਰਮ ਸੀਮਾਂ ਤੇ ਹਨ।ਮੁੰਡੇ ਕੁੜੀਆਂ ਦੀਆਂ ਆਪਹੁਦਰੀਆਂ ਵਧਣ ਕਾਰਨ ਅਜੋਕੀ ਜਵਾਨੀ ਬੇ-ਲਗਾਮ ਹੋਈ ਪਈ ਹੈ। ਜਿਸ ਕਰਕੇ ਪ੍ਰੇਮ ਵਿਆਹ , ਬਲਾਤਕਾਰ, ਛੇੜ ਛਾੜ ਦੀਆਂ ਘਟਨਾਵਾਂ ਦਾ ਵਧਨਾ,ਵਿਆਹੇ ਜੋੜਿਆਂ ਵਿੱਚ ਵਧ ਰਹੀ ਤਲਾਕ ਦਰ , ਪੜੇ -ਲਿਖੇ ਵਰਗ ਵਿਚ ਵੱਧ ਰਹੀ ਬੇਰੁਜਗਾਰੀ,ਅਤੇ ਨਸ਼ਿਆਂ ਪ੍ਰਤੀ ਝੁਕਾੳ ਲਈ ਸਿੱਧੇ ਤੌਰ ਤੇ ਨੌਜਵਾਨ ਵਰਗ ਦੀਆਂ ਆਪ ਹੁਦਰੀਆਂ ਜਿੰਮੇਵਾਰ ਹਨ। ਜਿਸ ਕਰਕੇ ਅੱਜ ਪੰਜਾਬ ਦਾ ਸਮਾਜਿਕ ਤਾਣਾ ਬਾਣਾ , ਤਹਿਸ ਨਹਿਸ਼ ਹੋ ਰਿਹਾ ਹੈ।

ਸੋ ਅੱਜ ਲੋੜ ਬਣ ਗਈ ਹੈ ਅਜੋਕੀ ਪੜੀ ਲਿਖੀ ਨੌਜਵਾਨ ਪੀੜ੍ਹੀ ਵਿਚ ਜਾਗਰੂਕਤਾ ਲਿਆਈਏ। ਚੜਦੀ ਜਵਾਨੀ ਨੂੰ ਉਸਾਰੂ ਕੰਮਾਂ ਚ ਲਗਾਈਏ। ਉਨਾਂ ਨੂੰ ਸੁਪਨਿਆਂ ਦੇ ਸੰਸਾਰ ਚ ਕੱਢੀਏ।ਅੱਜ ਹਰੇਕ ਮਾਂ -ਪਿੳ ਆਪਣੇ ਅਤੇ ਅਧਿਆਪਕ ਦਾ ਫਰਜ਼ ਹੈ ਕਿ ਉਹ ਕੁਰਾਹੇ ਪਈ ਨੌਜਵਾਨ ਪੀੜ੍ਹੀ ਨੂੰ ਨੈਤਿਕ ਕਦਰਾਂ -ਕੀਮਤਾਂ ਦਾ ਪਾਠ ਪੜ੍ਹਾਉਣ ,ਉਨਾਂ ਵਿਚ ਉਸਾਰੂ ਸੋਚ ਭਰਨ ਦੀ ਅਣਥੱਕ ਕੋਸ਼ਿਸ਼ ਕਰਨ । ਡਾਕਟਰ , ਇੰਜੀਨੀਅਰ ਤੇ ਵਕੀਲ ਆਦਿ ਬਣਾਉਣੇ ਤਾਂ ਦੂਰ ਦੀ ਗੱਲ ਪਹਿਲਾਂ ਅਸੀਂ ਆਪਣੇ ਬੱਚਿਆਂ ਨੂੰ ਚੰਗੇ ਇੰਨਸਾਨ ਬਣਾਈਏ,ਉਨਾਂ ਨੂੰ ਨਸ਼ਿਆ ਦੇ ਮੱਕੜ ਜਾਲ ਤੋਂਬਚਾਈਏ। ਉਨਾ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜੀਏ ਅਤੇ ਫੇਸਬੁੱਕ ਦੇ ਝੂਠੇ ਸੁਪਨਿਆਂ ਦੇ ਸੰਸਾਰ ਤੋਂ ਕੱਢੀਏ। ਉਨਾਂ ਨੂੰ ਅੱਜ ਸਖਤ ਮਿਹਨਤ ਕਰਨ ਦਾ ਪਾਠ ਪੜਾਉਣ ਦੀ ਲੋੜ ਹੈ। ਚਰਨਜੀਤ ਗਿੱਲ ਦੀਆਂ ਪ੍ਰਸਿੱਧ ਸਤਰਾਂ ਹਨ, ਕਿ ਮੰਜਿਲਾਂ ਨੂੰ ਯਾਰੋ ਉਹੀ ਸਰ ਕਰਦੇ ਨੇ , ਝੱਖੜ ਮੀਹਾਂ ਤੋਂ ਨਾ ਜੋ ਕਦੇ ਡਰਦੇ ਨੇ।

ਅੰਤ ਵਿਚ ਕਹਾਂਗਾ ਕਿ ਜੇਕਰ ਅਜੋਕੀ ਨੌਜਵਾਨੀ ਨਾਂ ਸੰਭਲੀ ਤਾਂ ਜਦੋਂ ਤੱਕ ਇਹਨਾਂ ਨੂੰ ਹੋਸ਼ ਆਉਣੀ ਹੈ, ਉਦੋਂ ਤੱਕ ਸਭ ਕੁਝ ਤਹਿਸ-ਨਹਿਸ ਹੋ ਜਾਵੇਗਾ,ਚੜ੍ਹਦੀ ਜਵਾਨੀ ਦੇ ਨਸ਼ੇ ਵਿਚ ਨੌਜਵਾਨੀ ਡੁੱਬ ਜਾਵੇਗੀ ਅਤੇ ਸ਼ਹੀਦ ਭਗਤ ਸਿੰਘ,ਸਰਦਾਰ ਕਰਤਾਰ ਸਿੰਘ ਸਰਾਭਾ,ਸ਼ਹੀਦ ਉਧਮ ਸਿੰਘ ਅਤੇ ਸ਼ਹੀਦ ਮਦਨ ਲਾਲ ਢੀਂਗਰਾ ਜਹੇ ਪੰਜਾਬੀ ਨੌਜਵਾਨਾ ਦੇ ਸੁਪਨਿਆ ਦਾ ਘੁੱਗ ਵਸਦਾ ਪੰਜਾਬ ਖੇਰੂੰਂ-ਖੇਰੂੰ ਹੋ ਜਾਵੇਗਾ ਅਤੇ ਚੜਦੀ ਜਵਾਨੀ ਦਾ ਖੁੰਖਾਰ ਦੈਂਤ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਨਿਗਲ ਜਾਵੇਗਾ।

ਲੇਖਕ : ਗੁਰਮੀਤ ਸਿੰਘ ਭੋਮਾਂ ਹੋਰ ਲਿਖਤ (ਇਸ ਸਾਇਟ 'ਤੇ): 1
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :2383
ਲੇਖਕ ਬਾਰੇ
ਆਪ ਜੀ ਕੀਤੇ ਵਜੋਂ ਗੁਰਦਾਸਪੁਰ ਦੇ ਸਕੂਲ ਵਿਚ ਬਤੌਰ ਲੈਕਚਰਾਰ ਸੇਵਾ ਨਿਭਾ ਰਹੇ ਹੋ। ਪੰਜਾਬੀ ਸਾਹਿਤ ਵਿੱਚ ਆਪ ਜੀ ਆਪਣੇ ਵਾਰਤਕ ਰੂਪ ਦੇ ਨਾਲ ਪਾਠਕਾਂ ਨਾਲ ਰੂਬਰੂ ਕਰਦੇ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ