ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਇੱਕ ਚਿੱਠੀ-ਵਿਅੰਗ

ਵਿਅੰਗ ਲਿਖਤੁਮ ਦੁਖੀ ਰਾਮ
ਅੱਗੇ ਮਿਲੇ ਪਿਆਰੇ ਮਿਲੇ ਮੇਰੇ ਪਿਆਰੇ ਰੱਬ ਜੀ ਨੂੰ ,
ਪੈਰੀ ਪੈਣਾ ,ਨਮਸਕਾਰ ਡੰਡੌਤ ,
ਅੱਗੇ ਸਮਾਚਾਰ ਇਹ ਹੈ ਕਿ ਜਿਵੇਂ ਆਪ ਨੂੰ ਪਤਾ ਹੀ ਹੋਵੇ ਗਾ ਕਿ ਇੱਥੇ ਸੱਭ ਸੁੱਖ ਸਾਂਦ ਨਹੀਂ ਹੈ । ਚਾਰ ਚੁਫੇਰੇ ਹਾਹਾ ਕਾਰ ਹੈ ,ਕਿਉਂ ਮੌਜ ਤਾਂ ਉੱਸ ਨੂੰ ਹੈ ਜਿੱਸ ਦੀ ਸਰਕਾਰ ਹੈ । ਦੇਸ ਦਾ ਹਰ ਬੰਦਾ ਬੀਮਾਰ ਹੈ ,ਹਰ ਥਾਂ ਤੇ ਹੁੰਦਾ ਕਾਲਾ ਕਾਰੋ ਬਾਰ ਹੈ । ਜਿੱਸ ਦਾ ਦਾਅ ਨਹੀਂ ਲੱਗਦਾ ਬਸ ਉਹ ਹੀ ਈਮਾਨਦਾਰ ਹੈ । ਹਰ ਬੰਦਾ ਝੱਲ ਰਿਹਾ ਮਹਿੰਗਾਈ ਦੀ ਮਾਰ ਹੈ। ਹਰ ਤਰਫ ਕਾਲੇ ਧੰਨ ਦਾ ਚਲਦਾ ਵਿਓਪਾਰ ਹੈ । ਚਾਰ ਪਾਸੇ ਨਸ਼ਿਆਂ ਦੀ ਭਰਮਾਰ ਹੈ । ਲੀਡਰ ਨੂੰ ਤਾਂ ਬੱਸ ਮੌਜ ਤੇ ਬਹਾਰ ਹੈ । ਵੋਟਰ ਤਾਂ ਬੱਸ ਵੋਟ ਪਾ ਕੇ ਹਰ ਵਾਰ ਹੁੰਦਾ ਸ਼ਰਮ ਸਾਰ ਹੈ । ਫਿਰ ਵੀ ਬਣਦਾ ਨਹੀਂ ਵੋਟਰ ਸਮਝ ਦਾਰ ਹੈ । ਸਮਝਣਾ ਹੈ ਔਖਾ ਕਿ ਹਾਕਮ ਰੱਬ ਹੈ ਜਾਂ ਤੁਸੀਂ ਰੱਬ ਹੋ । ਲੋਕ ਤੁਹਾਡੇ ਤੇ ਦੋਸ਼ ਲਾਂਦੇ ਹੱਨ ਕਿ ਤੁਸੀਂ ਇਹ ਕੁਝ ਕਰਦੇ ਆਪ ਹੀ ਸੱਭ ਹੋ । ਪਰਜਾ ਤਾਂ ਸੇਵਾ ਦਾਰ ਹੈ । ਜਿਸ ਬਾਰੇ ਮੈਂ ਇੱਸ ਤੋਂ ਪਹਿਲਾਂ ਵੀ ਤੁਹਾਨੂੰ ਲਿਖਆ ਕਈ ਵਾਰ ਹੈ । ਪਰ ਅਜੇ ਵੀ ਰੱਬ ਜੀ ਤੁਹਡੇ ਜੁਵਾਬ ਦਾ ਇੰਤਜਾਰ ਹੈ । ਪੱਤ ਝੜ ਵੀ ਆਈ ਕਈ ਵਾਰ ਹੈ ਤੇ ਇਸੇ ਤਰ੍ਹਾਂ ਕਈ ਵਾਰ ਲੰਘੀ ਬਹਾਰ ਹੈ । ਕਈ ਵਾਰ ਚਿੱਠੀਆਂ ਲਿਖ ਚੁਕਾ ਹਾਂ । ਹੁਣ ਤਾਂ ਚਿੱਠੀਆਂ ਲਿਖ ਲਿਖ ਕੇ ਮੈਂ ਅੱਕ ਚੁਕਾਂ ਹਾਂ । ਬੇਸ਼ਕ ਆਪ ਦਾ ਪਤਾ ਵੀ ਮੇਰੇ ਕੋਲ ਨਹੀਂ ਹੈ ਫਿਰ ਵੀ ਮੈਂ ਆਪ ਦਾ ਪਤਾ ਨਾ ਹੋਣ ਦੇ ਬਾਵਜੂਦ ਵੀ ਇਹ ਚਿੱਠੀ ਫਿਰ ਤੁਹਾਨੂੰ ਲਿਖ ਰਿਹਾ ਹਾਂ , ਕਿਉਂਕਿ ਆਪ ਜਾਨੀ ਜਾਨ ਹੋ ਤੇ ਸੰਸਾਰ ਦੇ ਭਗਵਾਨ ਹੋ । ਅੱਲਾ ਹੋ ਰਹੀਮ ਹੋ ਹਰ ਬੀਮਾਰੀ ਦੇ ਹਕੀਮ ਹੋ । ਹੁਣ ਤੱਕ ਮੇਰੀ ਇਹ ਆਪ ਨੂੰ ਲਿਖੀ ਕੋਤਰ ਸੌ ਵੀਂ ਚਿੱਠੀ ਹੈ ,ਜੋ ਅੱਖਾਂ ਮੀਟ ਕੇ ਹਨੇਰੇ ਵਿੱਚ ਬੈਠ ਕੇ ਮੈਂ ਲਿਖੀ ਹੈ । ਕਿਉਂ ਕਿ ਬਿਜਲੀ ਦੇ ਲਗਦੇ ਲੰਮੇ 2 ਕੱਟ ਨੇ । ਗਰਮੀ ਨੇ ਵੀ ਲੋਕਾਂ ਦੇ ਕੱਢ ਦਿੱਤੇ ਵੱਟ ਨੇ । । ਮੈਨੂੰ ਪਤਾ ਹੈ ਆਪ ਕਿ ਕੋਲ ਬਹੁਤ ਰੁਝੇਵੇਂ ਹਨ । ਬਹੁਤੀਆਂ ਚਿੱਠੀਆਂ ਪੜ੍ਹ ਕੇ ਹੁੰਦੇ ਆਪ ਨੂੰ ਅਕੇਵੇਂ ਹੱਨ । ਕਿਉਂ ਕਿ ਚਾਨਣ ਹੁਦਿਆਂ ਵੀ ਸਾਰੇ ਘੋਰ ਹਨੇਰਾ ਹੈ ਬੇਸੱਕ ਗਿਆਨ ਤਾਂ ਹਰ ਥਾਂ ਵੇਚਿਆ ਜਾਂਦਾ ਬਥੇਰਾ ਹੈ , ਲਗਦਾ ਹੈ ਜਿਵੇਂ ਆਪ ਨੇ ਸੁਰਖਰੂ ਹੋ ਕੇ ਬਾਬਿਆਂ ਨੂੰ ਸੱਭ ਤਾਕਤਾਂ ਬਖਸ਼ ਦਿੱਤੀਆਂ ਹੱਨ । ਜੋ ਖੂਬ ਮੌਜਾਂ ਕਰਦੇ ਹਨ ਤੇ ਕੀਤੀਆਂ ਹੱਨ । ਮੁੰਡੇ ਕੁੜੀਆਂ ਦਾ ਪ੍ਰਸ਼ਾਦ ਵੰਡਦੇ ਹੱਨ । ਲਾਲ ਬੱਤੀ ਵਾਲੀਆਂ ਗੱਡੀਆਂ ਝੂਟਦੇ ਹਨ । ਆਪ ਨੇ ਅਪਨਾ ਸਾਰਾ ਕੰਮ ਇਨ੍ਹਾਂ ਤੇ ਹੀ ਛੱਡ ਦਿੱਤਾ ਜਾਪਦਾ ਹੈ । ਇਸੇ ਲਈ ਤਾਂ ਹਰ ਕੋਈ ਅਪਨਾ ਅਪਨਾ ਰਾਗ ਅਲਾਪਦਾ ਹੈ । ਢੋਲਕੀਆਂ ਛੈਣੇ ਖੜਕਦੇ ਹੱਨ । ਲੋਕੀਂ ਨਿੱਕੀ 2 ਗੱਲ ਤੋਂ ਧਰਮਾਂ ਦੇ ਨਾਮ ਤੇ ਭੜਕਦੇ ਹਨ । ਜਿਨ੍ਹਾਂ ਕਾਰਣ ਆਪ ਨੂੰ ਵੀ ਕਈ ਸਿਰ ਦਰਦੀਆਂ ਹਨ । ਪਰ ਫਿਰ ਵੀ ਸਾਰੇ ਪਈਆਂ ਹਨੇਰ ਗਰਦੀਆਂ ਹੱਨ । ਮੈਨੂੰ ਉਮੀਦ ਹੈ ਕਿ ਆਪ ਪਾਸ ਲੋਕਾਂ ਦੀਆਂ ਅਣਗਿਣਤ ਸ਼ਿਕਾਇਤਾਂ ਦੀਆਂ ਚਿੱਠੀਆਂ ਵਿੱਚ ਵੀ ਇਹੋ ਹੀ ਰੋਣਾ ਰੋਵੇ ਗਾ ਤੇ ਆਪ ਪਾਸ ਵੀ ਪੜ੍ਹਨ ਦਾ ਸਮਾ ਵੀ ਘੱਟ ਹੀ ਹੋਵੇ ਗਾ । ਇੱਸ ਲਈ ਖੌਰੇ ਆਪ ਬਹੁਤ ਸਾਰੀਆਂ ਚਿੱਠੀਆਂ ਦੇ ਜੁਆਬ ਅਪਨੇ ਮਹਿਕਮੇ ਨੂੰ ਦੇਣ ਲਈ ਹੀ ਭੇਜ ਦਿੰਦੇ ਹੋਵੋ ਗੇ । ਕਿਊਂ ਜੋ ਖੁਸ਼ੀ ਦੇ ਪਤ੍ਰ ਲਿਖਣ ਦੀ ਤਾਂ ਲੋਕਾਂ ਨੂੰ ਵੀ ਲੋੜ ਵੀ ਨਹੀਂ ਪੈਂਦੀ ਹੈ । ਉਹ ਤਾਂ ਲੋਕ ਆਮ ਅਪਨੇ ਹੋਰ ਰਿਸਤੇਦਾਰਾਂ ਨੂੰ ਹੀ ਲਿਖਦੇ ਹੋਣ ਗੇ । ਬਹੁਤੇ ਰੋਣੇ ਰੋਣ ਦੀਆਂ ਲੰਮੀਆਂ ਚਿੱਠੀਆਂ ਨੂੰ ਵਿਅਰਥ ਸਮਝ ਕੇ ਆਪ ਵੀ ਜਰੂਰ ਕੂੜੇ ਦੇ ਢੇਰ ਵਿੱਚ ਹੀ ਸੁੱਟ ਦਿੰਦੇ ਹੋਵੋ ਗੇ । ਤੁਸੀਂ ਵੀ ਕੀ ਕਰੋ ਹਰ ਕੋਈ ਸੁੱਖ ਹੀ ਮੰਗਦਾ ਹੈ ਦੁੱਖ ਨੂੰ ਤਾਂ ਹਰ ਕੋਈ ਸੂਲੀ ਟਗੰਦਾ ਹੈ । ਸੁੱਖ ਦੀ ਚਿੱਠੀ ਤਾਂ ਕੋਈ ਗਲਤੀ ਨਾਲ ਹੀ ਆਪ ਪਾਸ ਪਹੁੰਚਦੀ ਹੋਵੇ ਗੀ , ਹਰ ਕਿਸੇ ਨੂੰ ਕਾਲੇ ਧਨ ਨੂੰ ਚਿੱਟਾ ਕਰਨ ਦੀ ਕਾਹਲੀ ਹੈ । ਇਸੇ ਲਈ ਤਾਂ ਹੀ ਤਾਂ ਇੱਸ ਦੁਨੀਆਂ ਤੇ ਐਵੇਂ ਭੀੜ ਰਹਿੰਦੀ ਬਾਹਲੀ ਹੈ । ਚੋਰਾਂ ਨੂੰ ਮੋਰ ਪੈਂਦੇ ਹਨ । ਧਰਮਾਂ ਦੀ ਠੇਕੇ ਦਾਰੀ ਹੈ ਮਾਇਆ ਨੇ ਸੱਭ ਦੀ ਮੱਤ ਮਾਰੀ ਹੈ । ਗੋਲਕਾਂ ਨੂੰ ਵੱਡੇ 2 ਧਰਮਾਂ ਦੇ ਬਾਣੇ ਵਿੱਚ ਚੋਰ ਪੈਂਦੇ ਹਨ । ਸਿਆਸਤ ਦੀ ਇੱਸ ਮੰਡੀ ਵਿੱਚ ਲੀਡਰ ਵਿਕਦੇ ਹਨ , ਪਲੀਡਰ ਵਿਕਦੇ ਹਨ । ਆਪ ਦਾ ਨਾਮ ਟਿਕਾਊ ਹੈ । ਉਹ ਵੀ ਇਨ੍ਹਾਂ ਬਾਬਿਆਂ ਨੇ ਬਨਾ ਦਿੱਤਾ ਵਿਕਾਊ ਹੈ । ਸੱਚ ਨੂੰ ਸੂਲੀ ਹੈ , ਬੰਦਾ ਗਾਜਰ ਮੂਲੀ ਹੈ । ਝੂਠ ਪਲਦਾ ਹੈ ਪਾਪ ਫਲਦਾ ਹੈ । ਚਾਨਣ ਖੜ੍ਹਿਆ ਹੈ ਹਨੇਰਾ ਚਲਦਾ ਹੈ ,ਬੰਦੇ ਨੂੰ ਬਸ ਬੰਦਾ ਛਲਦਾ ਹੈ , ਫਿਰ ਵੀ ਲੋਕ ਆਪ ਨੂੰ ਅਪਨੇ ਅੰਦਰ ਸਮਝਦੇ ਹਨ ਪਰ ਦਰ ਅਸਲ ਸਾਰੇ ਆਪ ਨੂੰ ਟਿੱਚ ਸਮਝਦੇ ਹਨ । ਆਪ ਦੀਆਂ ਮੂਰਤੀਆਂ ਬਨਾਉਂਦੇ ਹਨ । ਚਾਰ ਦਿਨ ਝੂਠੇ ਫਫੜੇ ਕਰਕੇ ਫਿਰ ਆਪ ਹੀ ਪਾਣੀ ਵਿੱਚ ਰੋੜ੍ਹ ਆਉਂਦੇ ਹਨ । ਮੰਦਰਾ ਵਿੱਚ ਟੱਲ ਖੜਕਾਂਦੇ ਹਨ ,ਸੰਖ ਵਜਾਂਦੇ ਹੱਨ । ਧਰਮ ਦੇ ਨਾਂ ਤੇ ਝਗੜੇ ਪਾਂਦੇ ਹਨ । ਮਸਜਦ ਵਿੱਚ ਨਮਾਜਾਂ ਅਦਾ ਕਰਦੇ ਹਨ । ਧਰਮਾਂ ਦੇ ਨਾਮ ਤੇ ਰੱਬ ਦੇ ਬਦਿਆਂ ਦਾ ਕਤਲ ਨੇ ਕਰਦੇ ਹਨ। ਉਚੀ ਉਚੀ ਤੇਰੇ ਨਾਂ ਦੇ ਨਾਆਰੇ ਲਾਂਦੇ ਨੇ ,ਵਾਂਗ ਕਸਾਈਆਂ ਬੰਦੇ ਝਟਕਾਂਦੇ ਨੇ । ਰੱਬ ਜੀ ਪਤਾ ਨਹੀ ਕਿਉਂ ਤੁਸੀਂ ਏਨਾ ਕੁੱਝ ਆ ਕੇ ਆਪ ਕਿਉਂ ਨੀਂ ਵੇਖਦੇ ਝੂਠੀ ਮੂਠੀ ਜਦ ਆਪ ਅੱਗੇ ਮਾਇਆ ਰੱਖ ਕੇ ਮੱਥੇ ਟੇਕਦੇ ਹਨ । ਕੀ ਤੁਸੀ ਜਾਂ ਤੁਹਾਡੇ ਇਨਚਾਰਜ ਇਸ ਪਖੰਡ ਨੂੰ ਵੇਖਦੇ ਹਨ ?ਕਦੇ ਕਦੇ ਅਪਨੇ ਪੀਰ ਪੈਗੰਬਰ ਵਲੀ ਔਲੀਏ ਅਵਤਾਰ ਭੇਜ ਦੇਂਦੇ ਹੋ ਜੋ ਅਪਨੀ 2 ਵਾਰ ਉਪਦੇਸ਼ ਦੇ ਕੇ ਅਪਨੇ 2 ਧਰਮ ਚਲਾ ਕੇ ਕੇ ਟੁਰਦੇ ਬਣਦੇ ਹਨ । ਦੁਨੀਆਂ ਦੇ ਫਿਰ ਓਹੋ ਰੱਸੇ ਤੇ ਉਹੋ ਪੈੜੇ ਛੱਡਦੀ ਨਹੀ । ਮਾੜੇ ਕੰਮ ਕਰਨੇ ਛੱਡਦੀ ਨਹੀਂ । ਚਗਿਆਈ ਮਾਂਹ ਦੇ ਦਾਣੇ ਤੇ ਸਫੈਦੀ ਵਰਗੀ ਤੇ ਕੂੜ ਦੀ ਕਾਲਖ ਹਿਮਾਲਾ ਪਰਬਤ ਵਰਗੀ ਅਪਨੇ ਨਗਾਰੇ ਹਮੇਸ਼ਾਂ ਹਰ ਥਾਂ ਵਜਾਉਂਦਾ ਫਿਰਦੀ ਹੈ । ਅਮਨ ਦੇ ਕਬੂਤਰ ਦੀ ਜੰਗ ਦੀ ਡਰਾਉਣੀ ਬਿੱਲੀ ਅੱਗੇ ਪੇਸ ਨਹੀਂ ਜਾਂਦੀ ਹੈ , ਸਬੂਤਾ ਖਾ ਜਾਣ ਲਈ ਖੁਸ਼ੀ ਮਨਾਂਦੀ ਹੈ । ਅਮਨ ਅੱਖਾਂ ਮੀਟ ਕੇ ਬਚਨ ਦੇ ਵਾਸਤੇ ਤੁਹਾਡੇ ਅੱਗੇ ਵਾਸਤੇ ਪਾਂਦਾ ਹੈ । ਹਰ ਹਰ ਕਰਦਾ ਹੀ ਮੌਤ ਦੇ ਮੂੰਹ ਵਿੱਚ ਚਲਾ ਜਾ ਰਿਹਾ ਹੈ । ਖੂਨ ਨਾਲ ਲੱਥ ਪਥ ਹੋਈ ਧਰਤੀ ਲੱਖਾਂ ਵਾਸਤੇ ਪਾਂਦੀ ਹੈ ਕੁਰਲਾਂਦੀ ਹੈ । ਮਨੁੱਖਤਾ ਅਣਿਆਈ ਮੌਤੇ ਮਰ ਰਹੀ ਹੈ । ਬਾਬੇ ਕਹਿੰਦੇ ਨੇ ਤੁਹਾਡੀ ਰਜਾ ਹੈ ਜਾਂ ਕਈਆਂ ਨੂੰ ਇਸਤਰ੍ਹਾਂ ਕਹਿਣ ਵਿੱਚ ਹੀ ਮਜਾ ਹੈ । ਦੁਨੀਆ ਨਾ ਡੁਬ ਰਹੀ ਤੇ ਨਾ ਹੀ ਤਰ ਰਹੀ ਹੈ । ਪਤਾ ਨਹੀਂ ਲਗਦਾ ਸਵਰਗ ਹੈ ਜਾਂ ਨਰਕ ਜਾਂ ਪਰ ਬੱਸ ਕਈਆਂ ਨੂੰ ਇੱਸ ਤਰ੍ਹਾਂ ਕਰਨ ਦਾ ਪੈ ਗਿਆ ਠਰਕ ਹੈ । ਧਰਮ ਦੇ ਨਾਂ ਤੇ ਅੱਗਾਂ ਲਗਦੀਆਂ ਹੱਨ । ਪੁਠੀਆਂ ਗਰਮ ਹਵਾਂਵਾਂ ਵਗਦੀਆਂ ਹਨ । ਹੋਣੀ ਡਰਾਉਣੇ ਹਾਸੇ ਹਸਦੀ ਹੈ ,ਤੇ ਹਰ ਮੂੰਹ ਤੇ ਉਦਾਸੀ ਵੱਸਦੀ ਹੈ । ਮੁਨਸਿਫ ਗਵਾਹੀ ਮੰਗਦਾ ਹੈ ,ਬੇ ਇਨਸਾਫੀ ਦਾ ਫਨੀਅਰ ਡੰਗਦਾ ਹੈ । ਇਨਸਾਫ ਸਾਲਾਂ ਬਦੀ ਅੱਧ ਮੋਇਆ ਲਟਕਦਾ ਹੈ । ਇਨਸਾਫ ਮੰਗਣ ਵਾਲ ਸਾਲਾਂ ਵਦੀ ਭਟਕਦਾ ਹੈ । ਆਸਤਕਾਂ ਦੇ ਭੇਸ ਵਿੱਚ ਬਹੁਤੇ ਨਾਸਤਕ ਹੱਨ । ਦੀਵੇ ਤਲੇ ਹਨੇਰਾ ਹੈ ,ਪਰ ਲੋਕ ਸਮਝਦੇ ਹਨ ਕੋਈ ਗੱਲ ਨਹੀਂ ਦੀਵਾ ਵੀ ਮੇਰਾ ਹੈ ਤੇ ਹਨੇਰਾ ਵੀ ਮੇਰਾ ਹੈ । ਚਾਨਣ ਵਿੱਚ ਵੀ ਸੱਭ ਕੁੱਝ ਹੁੰਦਾ ਹੈ , ਹਨੇਰੇ ਦੀ ਵੀ ਅੱਜ ਕੱਲ ਬਹੁਤੀ ਲੋੜ ਹੈ ,ਚਿੱਟੇ ਦਿਨ ਹੀ ਕਾਲੇ ਕਾਰੋ ਬਾਰ ਹੁੰਦੇ ਹਨ ਬਲਾਤਕਾਰ ਹੁੰਦੇ ਹਨ । ਹੁਣ ਕਿਸੇ ਦਰੋਪਦੀ ਦੀ ਲਾਜ ਰੱਖਣ ਵਾਲੇ ਆਪ ਹੀ ਪੱਤ ਲੁਟਣ ਵਾਲੇ ਹਨ । ਫਿਰ ਆਪੇ ਹੀ ਸੱਭ ਕੁਝ ਕਰ ਕਰਾ ਕੇ ਆਪੇ ਹੀ ਸੱਭ ਕੁੱਝ ਵਿੱਚੇ ਵਿੱਚ ਘੁੱਟਣ ਵਾਲੇ ਹਨ । ਸ਼ਾਇਦ ਆਪ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀ ਕਿਉਕਿ ਹੁਨ ਆਪੇ ਬਨੇ ਭਗਵਾਨਾਂ ਦੀ ਇੱਸ ਜੱਗ ਵਿੱਚ ਕੋਈ ਥੋੜ ਨਹੀਂ । ਚਿੱਟੇ ਭਗਵੇ ਨੀਲੇ ਕਾਲੇ ਚੋਲਿਆਂ ਵਿੱਚ ਆਪ ਨੂੰ ਜਾਨਣਾ ਬੜਾ ਔਖਾ ਹੈ ,ਚੋਰਾਂ ਨੂੰ ਸਾਧਾਂ ਦੇ ਭੇਸ ਵਿੱਚ ਪਛਾਨਣਾ ਉਸ ਤੋਂ ਵੀ ਔਖਾ ਹੈ । ਬੁਹਤੇ ਗਿਆਨ ਦੇ ਗਲ ਰੱਸੇ ਪਾ ਕੇ ਉੱਸ ਵਿਚਾਰੇ ਨੂੰ ਬੁਰੀ ਤਰ੍ਹਾਂ ਖਿੱਚੀ ਧੂਈ ਫਿਰਦੇ ਹੱਨ । ਹੁਣ ਉਸ ਨੂੰ ਵੀ ਸਮਝ ਨਹੀਂ ਆਂਦੀ ਕਿ ਉਹ ਕਿਹੜੇ ਪਾਸੇ ਜਾਏ । ਵਿਗਿਆਨ ਦਾ ਯੁੱਗ ਆਇਆ ਸੀ ਜਿੱਸ ਨੇ ਮਨੁੱਖ ਦਾ ਬਹੁਤ ਭਲਾ ਕੀਤਾ ਹੈ ਤੇ ਕਰ ਵੀ ਰਿਹਾ ਹੈ ਪਰ ਇਹ ਵੀ ਹੁਣ ਅਪਨੀ ਤਬਾਹੀ ਦਾ ਸਾਮਾਨ ਆਪੇ ਬਨਾਣ ਦੇ ਆਹਰ ਪਾਹਰ ਵਿੱਚ ਲੱਗ ਪਿਆ ਹੈ । ਡਰ ਹੈ ਕਿ ਬਹੁਤੀ ਖਾਂਦਾ 2 ਕਿਤੇ ਹੱਥ ਦੀ ਬੁਰਕੀ ਵੀ ਨਾ ਗੁਆ ਬਹੇ । ਅੰਧ ਵਿਸ਼ਵਾਸੀ ਦੇ ਬੂਹੇ ਢੋਣ ਵਾਲੇ ਕਈ ਨਕਲੀ ਸਾਧਾਂ ਦੇ ਡੇਰੇ ਹੁਣ ਆਪ ਹੀ ਲੋਕਾਂ ਲਈ ਅੰਧ ਵਿਸ਼ਵਾਸੀ ਦੇ ਖੂਹ ਪੁੱਟ ਕੇ ਉਨ੍ਹਾਂ ਨੂੰ ਇਨ੍ਹਾਂ ਸੁਟਣ ਦੇ ਯਤਨ ਵਿੱਚ ਹੱਨ । ਲੋਕੀ ਵੀ ਪੈਣ ਲਈ ਅੱਖਾਂ ਮੀਟੀ ਤਿਆਰ ਹੱਨ । ਪੜ੍ਹਿਆਂ ਲਿਖਆਂ ਦੀ ਵੀ ਇੱਸ ਵਿੱਚ ਵਾਹਵਾ ਭਰਮਾਰ ਹੈ , ਕਿਉਂਕਿ ਜਿੰਦਗੀ ਦੀਆਂ ਬੇਲੋੜੀਆਂ ਖਾਹਸਾਂ ਤੇ ਵਾਧੂ ਸੁੱਖ ਆਰਾਮ ਨੇ ਇਨ੍ਹਾਂ ਦੀ ਸੋਚ ਨੂੰ ਵੀ ਕੀਤਾ ਬੀਮਾਰ ਹੈ ।
ਮੈਨੂੰ ਪੂਰਾ ਯਕੀਨ ਹੈ ਕਿ ਹੈ ਇੱਸ ਦੁੱਖੀ ਰਾਮ ਨੇ ਤਾਂ ਦੁੱਖੀ ਰਾਮ ਹੀ ਰਹਿਣਾ ਹੈ ਪਰ ਇਹ ਵੀ ਪਤਾ ਹੈ ਕਿ ਓੜਕ ਇੱਸ ਜੱਗ ਤੇ ਆਪ ਦਾ ਨਾਮ ਹੀ ਰਹਿਣਾ ਹੈ। ਮੈਂ ਅਪਨੀ ਚਿੱਠੀ ਦਾ ਜੁਵਾਬ ਵੀ ਰਹਿੰਦੀ ਉਮਰ ਤੱਕ ਉਡੀਕਾਂ ਗਾ ਤੇ ਤੁਹਾਡੇ ਬੁਲਾੳਣੁ ਤੇ ਤੁਹਾਡੇ ਤੱਕ ਆਉਣ ਦੀ ਕੋਈ ਤਾਰੀਖ ਵੀ ਉਲੀਕਾਂਗਾ ।ਅੱਵਲ ਤਾਂ ਆਪ ਆਇਓ ਤੇ ਲੀਡਰਾਂ ਵਾਂਗ ਵਾਅਦਾ ਕਰਕੇ ਤੁਸੀਂ ਟਰਕਾਇਓ ਨਾ ,ਐਵੇਂ ਅਰਸ਼ ਤੋਂ ਫਰਸ਼ ਤੇ ਪਟਕਾਇਓ ਨਾ ਐਵੇਂ । ਇੱਕ ਹੋਰ ਜਰੂਰੀ ਗੁਜਾਰਿਸ਼ ਹੈ । ਇਹ ਨਾ ਸਮਝਿਓ ਕਿ ਕਿਸੇ ਦੀ ਸਿਫਾਰਿਸ਼ ਹੈ । ਕ੍ਰਿਪਾ ਕਰਕੇ ਹੁਣ ਸ੍ਰਿਸ਼ਟੀ ਦੇ ਸੁਧਾਰ ਲਈ ਤੁਸੀਂ ਕਿਸੇ ਹੋਰ ਨੂੰ ਨਾ ਭੇਜਿਓ ਤੇ ਆਪ ਹੀ ਆਉਣ ਦੀ ਖੇਚਲ ਕਰਿਓ । ਇੱਕ ਹੋਰ ਵੀ ਬੇਨਤੀ ਹੈ ਕਿ ਆਪ ਜੇ ਕਿਤੇ ਆਉਣ ਦਾ ਪ੍ਰੋਗ੍ਰਾਮ ਬਨਾ ਵੀ ਲਓ ਤਾਂ ਕਿਸੇ ਮੰਦਰ ਮਸਜਿਦ ਗਿਰਜੇ ਵਿੱਚ ਨਾ ਆਇਓ ,ਨਾ ਹੀ ਕਿਸੇ ਡੇਰੇ ਵਿੱਚ ਪੈਰ ਪਾਇਓ ਕਿਉਂਕਿ ਇਨ੍ਹਾਂ ਧਰਮਾਂ ਦੇ ਠੇਕੇ ਦਾਰਾਂ ਨੇ ਤਾਂ ਤੁਹਾਡੀ ਖਿੱਚਾ ਧੂਈ ਕਰਕੇ ਤੁਹਾਡੇ ਕਪੜੇ ਲੀਰੋ ਲੀਰ ਕਰ ਦੇਣੇ ਹੱਨ ਤੇ ਰੱਬ ਸਾਡਾ ਰੱਬ ਸਾਡਾ ਕਹਿ ਕੇ ਵੰਡਾਂ ਪਾ ਕੇ ਵੀ ਅਖੀਰ ਕਰ ਦੇਣੇ ਨੇ । ਜੇ ਕਿਸੇ ਡੇਰੇ ਆਏ ਤਾਂ ਕਿਸੇ ਸਾਧ ਦੀ ਚਿਰਾਂ ਤੋਂ ਲੱਗੀ ਝੂਠੀ ਸਮਾਧੀ ਟੁੱਟ ਜਾਣ ਤੇ ਆਪ ਨੂੰ ਵਾਪਿਸ ਵੀ ਮੁੜਨਾ ਪੈ ਸਕਦਾ ਹੈ । ਕਿਉਕਿ ਅਸਲ ਰੱਬ ਤਾਂ ਉਹ ਹੀ ਅਪਨੇ ਆਪ ਨੂੰ ਸਮਝਦੇ ਹਨ ਮਰੇ ਹੋਏ ਵੀ ,ਵੱਡੇ ਸਾਰੇ ਫਿਰੱਜ ਵਿੱਚ ਲੱਗ ਕੇ ਜੰਮ ਕੇ ਠਰੇ ਹੋਏ ਵੀ ਹਨ । ਜੇਹੜੇ ਜੰਮ ਹੀ ਗਏ ਉਨ੍ਹਾਂ ਹੋਰ ਕੀ ਜੰਮਨਾ ਪਰ ਉਨ੍ਹਾਂ ਨੂੰ ਇੱਸ ਦੇ ਬਿਨਾਂ ਨੂੰ ਹੋਰ ਵੀ ਕੋਈ ਕੰਮ ਨਾ । ਭਾਵੇਂ ਤੁਹਾਡੇ ਆਉਣ ਤੇ ਹੋਰ ਵੀ ਬਹੁਤ ਕੁੱਝ ਕਈਆਂ ਝੂਠੇ ਕਾਰੋ ਬਾਰੀਆਂ ਦਾ ਨੁਕਸਾਨ ਹੋ ਸਕਦਾ ਹੈ , ਪਰ ਤੁਹਾਡੇ ਆਉਣ ਦੇ ਨਾਲ ਹੀ ਤੁਹਾਡੇ ਸੱਚੇ ਨਾਮ ਤੇ ਤੁਰਨ ਵਾਲਿਆਂ ਦਾ ਤੁਹਾਨੂੰ ਮਿਲਣ ਦਾ ਕੰਮ ਆਸਾਨ ਹੋ ਸਕਦਾ ਹੈ ।
ਇੱਕ ਗੱਲ ਹੋਰ ਵੀ ਜੇ ਤੁਸੀ ਆਏ ਤਾਂ ਬਿਨਾਂ ਦੱਸੇ ਹੀ ਅਪਨਾ ਬਚਾਅ ਆਪ ਕਰਕੇ ਆਇਓ ਕਿਉਂਕਿ ਜੈਡ ਸਿਕਿਉਰਟੀ ਲਾਉਣ ਲਈ ਤਾ ਅੱਗੇ ਹੀ ਪੁਲਿਸ ਦੀ ਬਹੁਤ ਘਾਟ ਹੈ । ਇਹ ਤਾਂ ਸਿਰਫ ਵੱਡੇ ਵੱਡੇ ਲੀਡਰਾਂ ਤੇ ਵੀ ਆਈ ਪੀਆਂ ਵਾਸਤੇ ਹੀ ਮਸਾਂ ਪੂਰੀ ਹੁੰਦੀ ਹੈ । ਤੁਹਾਡੇ ਆਉਣ ਦੀ ਵੀ ਬੜੀ ਲੰਮੀ ਵਾਟ ਹੈ । ਲੀਡਰਾਂ ਤੇ ਸ਼ਇਦ ਹੈਲੀ ਕਾਪਟਰਾਂ ਤੇ ਆ ਕੇ ਵੀ ਰਾਖੀ ਬੜੀ ਜਰੂਰੀ ਹੁੰਦੀ ਹੈ । ਪਰ ਸੁਣਿਆ ਹੈ ਕਿ ਤੁਹਾਡੇ ਆਉਣ ਲਈ ਕਿਸੇ ਮੋਟਰ ਟਾਂਗੇ ਰਿਕਸੇ ਬੱਸ ਟੈਂਪੂ ਹੈਲੀ ਮੋਟਰ ਕਾਰ ਰੇਲ ਗੱਡੀ ਜਾਂ ਹੈਲੀ ਕਾਪਟਰ ਜਾਂ ਜਹਾਜ ਜਾਂ ਹਵਾਈ ਜਹਾਜ ਦੀ ਲੋੜ ਨਹੀਂ ਹੁੰਦੀ ਫਿਰ ਵੀ ਤੁਹਾਡੀ ਰਾਖੀ ਕਰਨ ਵਾਲੇ ਬਾਬਿਆਂ ਨੂੰ ਤਾਂ ਹਰ ਦਮ ਅਪਨੀ ਜਾਨ ਦਾ ਹੀ ਫਿਕਰ ਰਹਿੰਦਾ ਹੈ । ਉਹ ਵੀ ਮਰਨ ਤੋਂ ਡਰਦੇ ਅਪਨੀ ਰਾਖੀ ਕਰਨ ਲਈ ਨਾਲ 2 ਵੱਡੇ ਹਥਿਆਰ ਤੇ ਬਾਡੀ ਗਾਰਡ ਰੱਖੀ ਫਿਰਦੇ ਹਨ । ਭਾਵੇਂ ਉਨ੍ਹਾਂ ਦੀ ਹਰ ਗੱਲ ਵਿੱਚ ਤੁਹਾਡੀ ਸ਼ਕਤੀ ਦਾ ਹੀ ਜਿਕਰ ਹੁੰਦਾ ਹੈ । ਫਿਰ ਵੀ ਉਨ੍ਹਾਂ ਨੂੰ ਅਪਨੀ ਜਾਨ ਦਾ ਬੜਾ ਫਿਕਰ ਹੁੰਦਾ ਹੈ । ਇਹ ਤੁਹਾਨੂੰ ਸੰਭਾਲਣ ਗੇ ਕਿ ਅਪਨੇ ਆਪ ਨੂੰ ,ਲੰਮੀਆਂ ਲੰਮੀਆਂ ਮਾਲਾ ਫੇਰਦੇ ਬਸ ਕਰਦੇ ਜਾਪ ਨੂੰ । ਇਹ ਵੀ ਸੱਭ ਕੁੱਝ ਆਉਣ ਲੱਗੇ ਸਮਝ ਸੋਚ ਕੇ ਪ੍ਰੋਗ੍ਰਾਮ ਬਨਾਇਓ । ਪਰ ਇੱਕ ਵੇਰਾਂ ਆਇਓ ਜਰੂਰ ਆਪ ਆਇਓ ।
ਕਿਤੇ ਇਹ ਨਾ ਸਮਝਿਓੇ ਕਿ ਇਹ ਚਿੱਠੀ ਮੇਰੀ ਆਖਿਰੀ ਚਿੱਠੀ ਹੈ । ਜਦ ਤੱਕ ਇੱਸ ਜਿਦਗੀ ਦੇ ਦੀਵੇ ਵਿੱਚ ਸਾਹਾਂ ਦਾ ਤੇਲ ਤੇ ਉਮਰ ਦੀ ਵੱਟੀ ਹੈ। ਆਪ ਨੂੰ ਇਸੇ ਤਰ੍ਹਾਂ ਹੀ ਲਗਾਤਾਰ ਲਿਖਦਾ ਰਹਾਂਗਾ । ਆਖਿਰ ਆਪ ਵੱਲੋਂ ਮੇਰੀਆਂ ਕਿੰਨੀਆਂ ਕੁ ਲਿਖੀਆਂ ਚਿੱਠੀਆਂ ਕੂੜੇ ਦਾਨ ਵਿੱਚ ਦਾਨ ਕੀਤੀਆਂ ਜਾਇਆ ਕਰਨ ਗੀਆਂ । ਕੋਈ ਤਾਂ ਦਿਨ ਆਵੇਗਾ ਹੀ ਜਦੋਂ ਕਦੇ ਨਾ ਕਦੇ ਤਾਂ ਆਪ ਦੀ ਨਜਰੇ ਕਰਮ ਮੇਰੇ ਆਪ ਨੂੰ ਲਿਖੇ ਮੈਲੇ ਕੁਚੈਲੇ ਹਰਫਾਂ ਤੇ ਪਏ ਗੀ । ਕਹਿੰਦੇ ਨੇ ਬਾਰ੍ਹੀ ਸਾਲੀਂ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ ਮੈਨੂੰ ਤਾਂ ਚਿੱਠੀਆਂ ਲਿਖਦੇ ਪੌਣੀ ਸਦੀ ਹੋਣ ਵਾਲੀ ਹੈ। ਫਿਰ ਵੀ ਮੈਂ ਪੂਰਾ ਆਸ ਵੰਦ ਹਾਂ ਤੇ ਨਿਰਾਸ਼ਾ ਦੀ ਅਪਨੇ ਅੰਦਰ ਉਗਦੀ ਘਾਹ ਬੂਟੀ ਨਦੀਨ ਨੂੰ ਨਾਲੋ ਨਾਲ ਹੀ ਕੱਟ ਵੱਢ ਕੇ ਮੁਕਾ ਕੇ ਸਾਫ ਕਰਨ ਦਾ ਯਤਨ ਕਰਦਾ ਰਹਿੰਦਾ ਹਾਂ । । ਤੇ ਤੁਹਾਨੂੰ ਹਰ ਦਮ ਜੀਅ ਆਇਆ ਕਹਿਣ ਲਈ ਤੱਤ ਪਰ ਹਾਂ । ਮੇਰਾ ਨਾਮ ਤਾਂ ਮੇਰੇ ਮਾਪਿਆਾਂ ਨੇ ਦੁਖੀ ਹੋ ਕੇ ਦੁਖੀ ਰਾਮ ਰੱਖ ਦਿੱਤਾ ਪਰ ਜੋ ਵੀ ਹੋਵੇ ਮੈਂ ਹੌਸਲਾ ਨਹੀਂ ਹਾਰਾਂਗਾ ,ਤੇ ਤੁਹਾਨੂੰ ਹਰ ਹਾਲ ਕਦੀ ਨਹੀਂ ਵਿਸਾਰਾਂਗਾ ।

ਇੱਕ ਕੰਮ ਹੋਰ ਕਰਨਾ ਜੇ ਆਉਣ ਦਾ ਪ੍ਰੋਗ੍ਰਾਮ ਬਨੇ ਤਾਂ ਅਪਨਾ ਖਾਨ ਪੀਣ ਤੇ ਦਵਾਈਆਂ ਦਾ ਬੰਦੋ ਬਸਤ ਵੀ ਨਾਲ ਕਰ ਕੇ ਆਉਣਾ ਕਿਉਂਕਿ ਇੱਥੇ ਸੱਭ ਕੁੱਝ ਨਕਲੀ ਹੈ । ਜੋ ਸਿਹਤ ਲਈ ਬਹੁਤ ਹੀ ਹਾਨੀ ਕਾਰਕ ਹੈ। ਬੱਸ ਇੱਥੇ ਤਾਂ ਹੁਣ ਇਕ ਮੌਤ ਹੀ ਅਸਲੀ ਹੈ ਜਿਸ ਤੇ ਸੌ ਨਹੀਂ ਇੱਕ ਸੌ ਦੱਸ ਪ੍ਰਤੀ ਸਰਤ ਯਕੀਨ ਕੀਤਾ ਜਾ ਸਕਦਾ ਹੈਂ। ਸਾਡਾ ਕੀ ਏ ਅਸੀਂ ਤਾਂ ਏਥੇ ਜੀਵਣ ਧਰੀਕਣ ਦੇ ਹੁਣ ਆਦੀ ਹੀ ਹੋ ਗਏ ਹਾਂ । ਪਰ ਤੁਹਾਡੇ ਅੱਗੇ ਇਨ੍ਹਾਂ ਚਿੱਠੀਆਂ ਲਿਖਣ ਦੇ ਫਰਿਆਦੀ ਹੋ ਗਏ ਹਾਂ ।


ਦੁਖੀ ਰਾਮ , ਮੁਕਾਮ ਛੱਪਰ ਗੜ੍ਹ ਡਾਕ ਖਾਨਾ ਤੱਪੜ ਗੜ੍ਹ
ਝੁੱਗੀ ਨੰਬਰ 00

ਤਹਿਸੀਲ ਵਿਸ਼ਰਾਮ ਗੜ੍ਹ ਜਿਲਾ ਬੇਆਰਾਮ ਗੜ੍ਹ
ਪ੍ਰਾਂਤ ( ਦੁਰ ਵਿਹਾਰ )
ਗੜਬੜਸਤਾਨ
ਪਿਨ ਕੋਡ ----

ਲੇਖਕ : ਰਵੇਲ ਸਿੰਘ ਇਟਲੀ ਹੋਰ ਲਿਖਤ (ਇਸ ਸਾਇਟ 'ਤੇ): 63
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1590

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ