ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਵਿਦਿਆਰਥੀ ਅਤੇ ਪ੍ਰਤੀਯੋਗਤਾਵਾਂ

ਵਿਦਿਆਰਥੀ ਅਤੇ ਪ੍ਰਤੀਯੋਗਤਾਵਾਂ ਦਾ ਆਪਸ ਵਿਚ ਗੂੜ੍ਹਾ ਸੰਬੰਧ ਹੁੰਦਾ ਹੈ । ਇਹ ਦੋਵੇਂ ਸ਼ਬਦ ਇਕ-ਦੂਜੇ ਦੇ ਪੂਰਕ ਹਨ। ਸਿੱਖਿਆ-ਜਗਤ ਵਿਚ ਜਿੱਥੇ ਵਿਦਿਆਰਥੀਆਂ ਨੂੰ ਕੇਂਦਰ ਵਿਚ ਰੱਖਿਆ ਜਾਂਦਾ ਹੈ, ਉੱਥੇ ਵੱਖ-ਵੱਖ ਵਿਦਿਆਰਥੀਆਂ ਦੀਆਂ ਜਮਾਤਾਂ ਅਤੇ ਉਮਰ ਦੇ ਹਿਸਾਬ ਨਾਲ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਵੱਲੋਂ ਵਿਦਿਆਰਥੀਆਂ ਦੀਆਂ ਸਰੀਰਕ ਅਤੇ ਬੌਧਿਕ ਸਮਰੱਥਾਵਾਂ ਨੂੰ ਪਰਖਣ ਲਈ ਵੱਖ-ਵੱਖ ਪ੍ਰਤੀਯੋਗਤਾਵਾਂ ਕਰਵਾਈਆਂ ਜਾਂਦੀਆਂ ਹਨ। ਜਿਨ੍ਹਾਂ ਵਿਚ ਕਵਿਤਾ, ਕਵੀਸ਼ਰੀ, ਗੀਤ-ਸੰਗੀਤ ਆਦਿ ਮੁਕਾਬਲੇ ਹੁੰਦੇ ਹਨ। ਇਹ ਪ੍ਰਤੀਯੋਗਤਾਵਾਂ ਵਿਅਕਤੀਗਤ ਅਤੇ ਸਮੂਹਿਕ ਰੂਪ ਵਿਚ ਵੀ ਹੋ ਸਕਦੀਆਂ ਹਨ। ਜਿਨ੍ਹਾਂ ਵਿਚ ਵਿਦਿਆਰਥੀ ਆਪਣੇ-ਆਪਣੇ ਕਲਾ-ਕੌਸ਼ਲਾਂ ਨਾਲ ਵੱਖ-ਵੱਖ ਸਥਾਨ ਹਾਸਲ ਕਰਦੇ ਹਨ।
ਇਨ੍ਹਾਂ ਪ੍ਰਤੀਯੋਗਤਾਵਾਂ ਨਾਲ ਵਿਦਿਆਰਥੀਆਂ ਅੰਦਰ ਸਵੈ-ਵਿਸ਼ਵਾਸ,ਅਨੁਸ਼ਾਸਨ ਅਤੇ ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ, ਜਿਸ ਨਾਲ ਵਿਦਿਆਰਥੀ ਦੀ ਜਿੱਥੇ ਅੰਦਰੂਨੀ ਪ੍ਰਤਿਭਾ ਨਿਖਰ ਕੇ ਬਾਹਰ ਆਉਂਦੀ ਹੈ, ਉੱਥੇ ਉਸ ਦੀ ਚੰਗੀ ਸ਼ਖਸੀਅਤ ਦਾ ਵੀ ਨਿਰਮਾਣ ਹੁੰਦਾ ਹੈ।
ਇਹ ਪ੍ਰਤੀਯੋਗਤਾਵਾਂ ਜਿੱਥੇ ਸਭ ਤੋਂ ਪਹਿਲਾਂ ਸਕੂਲੀ ਪੱਧਰ ਦੀਆਂ ਹੁੰਦੀਆਂ ਹਨ, ਉਸੇ ਤਰ੍ਹਾਂ ਉਚੇਰੀ ਸਿੱਖਿਆ ਤਹਿਤ ਕਾਲਜ ਅਤੇ ਯੂਨੀਵਰਸਿਟੀ ਪੱਧਰ ਦੀਆਂ ਹੁੰਦੀਆਂ ਹਨ। ਇਨ੍ਹਾਂ ਸਕੂਲਾਂ–ਕਾਲਜਾਂ ਆਦਿ ਦੀਆਂ ਪ੍ਰਤੀਯੋਗਤਾਵਾਂ ਵਿੱਚੋਂ ਅੱਵਲ ਦਰਜਿਆਂ ’ਤੇ ਆਉਣ ਵਾਲੇ ਵਿਦਿਆਰਥੀ ਹੀ ਅਗਾਂਹ ਜਾ ਕੇ ਜ਼ਿਲ੍ਹਾ-ਪੱਧਰੀ, ਰਾਜ-ਪੱਧਰੀ, ਫਿਰ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰੀ ਪ੍ਰਤੀਯੋਗਤਾਵਾਂ ਵਿਚ ਹਿੱਸਾ ਲੈਂਦੇ ਹਨ ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਨ੍ਹਾਂ ਪ੍ਰਤੀਯੋਗਤਾਵਾਂ ਵਿਚ ਵਿਸ਼ੇਸ਼ ਕਰਕੇ ਉਸ ਸਮੇਂ ਜਦੋਂ ਪ੍ਰਤੀਯੋਗੀ ਵਿਦਿਆਰਥੀ ਨੇ ਮੰਚ ਉੱਪਰ ਕੋਈ ਵੀ ਤਿਆਰ ਕੀਤੀ ਆਈਟਮ ਪੇਸ਼ ਕਰਨੀ ਹੁੰਦੀ ਹੈ ਤਾਂ ਉਹ ਉਸ ਪ੍ਰਤੀਯੋਗਤਾ ਵਿਚ ਚੰਗੀ ਕਾਰੁਜਗਾਰੀ ਦੀ ਪਰਖ ਕਰਨ ਵਾਲੇ ਜੱਜਾਂ ਜਾਂ ਪ੍ਰਬੰਧਕਾਂ ਨੂੰ ਕਿੰਝ ਪ੍ਰਭਾਵਿਤ ਕਰੇ ਕਿ ਉਹ ਉਸ ਪ੍ਰਤੀਯੋਗਤਾ ਵਿਚ ਆਪਣੀ ਸਮਰੱਥਾ ਮੁਤਾਬਕ ਚੰਗੀ ਕਾਰੁਜਗਾਰੀ ਦਿਖਾਉਂਦੇ ਹੋਏ, ਅੱਵਲ ਸਥਾਨ ਹਾਸਲ ਕਰ ਸਕੇ। ਸੋ ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਜਿੱਥੇ ਵਿਦਿਆਰਥੀ ਨੂੰ ਖੁਦ ਕੁਝ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਲੋੜ ਹੁੰਦੀ ਹ,ੈ ਉਥੇ ਸਕੂਲ਼ ਵਿਚ ਅਧਿਆਪਕਾਂ ਵੱਲੋਂ ਖਾਸ ਕਰਕੇ ਜਿਨ੍ਹਾਂ ਅਧਿਆਪਕਾਂ ਨੇ ਅਜਿਹੀਆਂ ਪ੍ਰਤੀਯੋਗਤਾਵਾਂ ਵਿਚ ਵਿਦਿਆਰਥੀਆਂ ਦਾ ਮਾਰਗ-ਦਰਸ਼ਨ ਕਰਨਾ ਹੁੰਦਾ ਹੈ, ਨੂੰ ਪ੍ਰਤੀਯੋਗਤਾ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਵਿਸ਼ੇਸ਼ ਰੂਪ ਵਿਚ ਤਿਆਰੀ ਕਰਵਾਉਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਅਧਿਆਪਕ ਵੱਲੋਂ ਵਿਦਿਆਰਥੀਆਂ ਦੀ ਰੁਚੀ ਮੁਤਾਬਕ ਹੀ ਉਨ੍ਹਾਂ ਨੂੰ ਕਿਸੇ ਪ੍ਰਤੀਯੋਗਤਾ ਵਿਚ ਭਾਗ ਲੈਣ ਲਈ ਪ੍ਰੇਰਨਾ ਚਾਹੀਦਾ ਹੈ ਨਾਂਕਿ ਜਬਰਦਸਤੀ । ਅਧਿਆਪਕਾਂ ਨੂੰ ਇਹ ਪਰਖ ਪਹਿਲਾਂ ਹੀ ਕਰ ਲੈਣੀ ਚਾਹੀਦੀ ਹੈ ਕਿ ਜੋ ਵਿਦਿਆਰਥੀ ਜਿਸ ਪ੍ਰਤੀਯੋਗਤਾ ਵਿਚ ਭਾਗ ਲੈਣ ਲਈ ਤਿਆਰ ਕੀਤਾ ਜਾ ਰਿਹਾ ਹੈ, ਕੀ ਉਹ ਵਿਦਿਆਰਥੀ ਉਸ ਪ੍ਰਤੀਯੋਗਤਾ ਵਿਚਲੀ ਪੇਸ਼ ਕਰਨ ਵਾਲੀ ਕਲਾ ਨੂੰ ਮੰਚ ਉੱਪਰ ਪ੍ਰਦਰਸ਼ਿਤ ਕਰਨ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਦਾ ਹੈ? ਉਦਾਹਰਨ ਵਜੋਂ ਜੇਕਰ ਕੋਈ ਅਧਿਆਪਕ ਕਿਸੇ ਵਿਦਿਆਰਥੀ ਨੂੰ ਗੀਤ-ਗਾਇਨ ਮੁਕਾਬਲੇ ਵਿਚ ਖੜਾ ਕਰ ਦੇਵੇ ਤੇ ਉਸ ਵਿਦਿਆਰਥੀ ਨੂੰ ਸੁਰ-ਤਾਲ ਦਾ ਪਤਾ ਹੀ ਨਾ ਹੋਵੇ ਤਾਂ ਅਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਸ ਦੀ ਮੰਚ ਉੱਪਰ ਕੀ ਭੂਮਿਕਾ ਹੋਵੇਗੀ ?
ਸੋ ਅਜਿਹੀਆਂ ਵੱਖ-ਵੱਖ ਪ੍ਰਤੀਯੋਗਤਾਵਾਂ ਵਿਚ ਕਿਸੇ ਢੁੱਕਵੇਂ ਵਿਸ਼ੇ ਗੀਤ, ਕਵਿਤਾ, ਕਹਾਣੀ ਆਦਿ ਦੀ ਚੋਣ ਕਰਨੀ ਮਹੱਤਵਪੂਰਨ ਗੱਲ ਹੁੰਦੀ ਹੈ ਜਿਸਨੂੰ ਕਿ ਵਿਦਿਆਰਥੀਆਂ ਨੂੰ ਆਪਣੀ ਪ੍ਰਕਿਰਤੀ ਅਨੁਸਾਰ ਚੁਣਨਾ ਚਾਹੀਦਾ ਹੈ। ਦੂਜੀ ਗੱਲ ਇਹ ਕਿ ਵਿਦਿਆਰਥੀ ਨੇ ਮੰਚ ਉੱਪਰ ਜਿਸ ਵੀ ਕਲਾ ਦੀ ਪੇਸ਼ਕਾਰੀ ਕਰਨੀ ਹੈ ਉਸ ਦਾ ਵੱਧ ਤੋਂ ਵੱਧ ਅਤੇ ਨਿਰੰਤਰ ਅਭਿਆਸ ਕੀਤਾ ਜਾਣਾ ਜ਼ਰੂਰੀ ਹੁੰਦਾ ਹੈ। ਸਿਰਫ ਕਿਸੇ ਵਾਰਤਕ ਜਾਂ ਕਾਵਿ ਟੁੱਕੜੇ ਨੂੰ ਯਾਦ ਕਰ ਕੇ ਪੇਸ਼ ਕਰਨਾ ਜ਼ਰੂਰੀ ਗੱਲ ਨਹੀਂ ਹੁੰਦੀ ਬਲਕਿ ਚੁਣੇ ਗਏ ਵਿਸ਼ੇ ਨੂੰ ਉਸ ਵਿਚਲੇ ਕੇਂਦਰੀ ਭਾਵ ਨਾਲ ਇਕਮਿਕਤਾ ਸਥਾਪਿਤ ਕਰਦੇ ਹੋਏ, ਪੇਸ਼ ਕਰਨਾ ਸਭ ਤੋਂ ਅਹਿਮ ਪੱਖ ਹੁੰਦਾ ਹੈ।
ਪ੍ਰਤੀਯੋਗੀ ਵਿਦਿਆਰਥੀ ਲਈ ਦੂਜੀ ਗੱਲ ਇਹ ਮਹੱਤਵਪੂਰਨ ਹੈ ਕਿ ਉਹ ਆਪਣੀ ਪੇਸ਼ਕਾਰੀ ਸਮੇਂ ਸਰੋਤਿਆਂ/ਦਰਸ਼ਕਾਂ ਵਿਸ਼ੇਸ਼ ਕਰਕੇ ਪ੍ਰਤੀਯੋਗੀਆਂ ਦੀ ਪਰਖ ਕਰਨ ਵਾਲੇ ਹਾਜ਼ਰ ਜੱਜਾਂ ਨਾਲ ਮੰਚ ਤੋਂ ਪੂਰਨ ਸਵੈ-ਵਿਸ਼ਵਾਸ ਨਾਲ ਸਿੱਧਾ ਰਾਬਤਾ ਸਥਾਪਿਤ ਕਰੇ ਨਾਕਿ ਕਿਸੇ ਰਚਨਾ ਕਵਿਤਾ, ਕਹਾਣੀ, ਗੀਤ ਆਦਿ ਦੀ ਪੇਸ਼ਕਾਰੀ ਕਰਨ ਸਮੇਂ ਲਗਾਤਾਰ ਉੱਪਰ ਵੱਲ ਜਾਂ ਹੇਠਾਂ ਜ਼ਮੀਨ ਵੱਲ ਦੇਖੇ। ਇਹ ਪ੍ਰਤੀਯੋਗੀ ਦਾ ਜੱਜਾਂ ਸਾਹਮਣੇ ਇਕ ਅਤੀ ਮਹੱਤਵਪੂਰਨ ਪੱਖ ਹੁੰਦਾ ਹੈ।
ਕਿਸੇ ਵੀ ਪੇਸ਼ਕਾਰੀ ਵਿਚ ਬਾਰ-ਬਾਰ ਦੁਹਰਾਅ ਨਹੀਂ ਆਉਣਾ ਚਾਹੀਦਾ। ਇਥੋਂ ਤਕ ਕਿ ਪ੍ਰਤੀਯੋਗੀ ਨੂੰ ਪ੍ਰਤੀਯੋਗਤਾ ਵਿਚ ਟਿਕੇ ਰਹਿਣ ਲਈ ਪੇਸ਼ਕਾਰੀ ਲਈ ਦਿੱਤੇ ਨਿਰਧਾਰਿਤ ਸਮੇਂ ਅੰਦਰ ਹੀ ਆਪਣੀ ਪੇਸ਼ਕਾਰੀ ਪੂਰੀ ਕਰਨੀ ਚਾਹੀਦੀ ਹੈ ਨਹੀਂ ਤਾਂ ਉਹ ਕਿਸੇ ਪ੍ਰਤੀਯੋਗਤਾ ਦੀ ਨਿਯਮਾਵਲੀ ਅਨੁਸਾਰ ਪ੍ਰਤੀਯੋਗਤਾ ਵਿੱਚੋਂ ਬਾਹਰ ਵੀ ਹੋ ਸਕਦਾ ਹੈ। ਇਸ ਲਈ ਕਿਸੇ ਵੀ ਪ੍ਰਤੀਯੋਗਤਾ ਲਈ ਅਭਿਆਸ ਕਰਨ ਸਮੇਂ ਮਿੰਟਾਂ ਅਤੇ ਵਿਸ਼ੇਸ਼ਕਰ ਸਕਿੰਟਾਂ ਦੀ ਜਾਣਕਾਰੀ ਦੇਣ ਵਾਲੀ ਘੜੀ ਦੀ ਵੀ ਸਹਾਇਤਾ ਲਈ ਜਾ ਸਕਦੀ ਹੈ।
ਕਿਸੇ ਵੀ ਪ੍ਰਤੀਯੋਗਤਾ ਵਿਚ ਭਾਗ ਲੈਣ ਸਮੇਂ ਪ੍ਰਤੀਯੋਗੀ ਵਿਦਿਆਰਥੀਆਂ ਨੂੰ ਵਧੇਰੇ ਚਲਾਕੀ ਜਾਂ ਵਧੇਰੇ ਸਵੈ-ਵਿਸ਼ਵਾਸ ਦਿਖਉਣਾ ਵੀ ਕਿਸੇ ਹੱਦ ਤਕ ਮਹਿੰਗਾ ਪੈ ਸਕਦਾ ਹੈ। ਇਸ ਲਈ ਆਪਣੀ ਕਲਾ ਦੇ ਨਿਭਾਅ ਸਮੇਂ ਇਸ ਗੱਲ ਵੱਲ ਵੀ ਵਿਸ਼ੇਸ਼ ਧਿਆਨ ਰੱਖਦਿਆਂ ਹੋਇਆਂ ਬਿਲਕੁਲ ਸੰਤੁਲਿਤ ਅਤੇ ਸਹਿਜ-ਭਾਵ ਵਿਚ ਰਹਿਣਾ ਚਾਹੀਦਾ ਹੈ।
ਇਨ੍ਹਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖਦਿਆਂ ਹੋਇਆਂ ਹੁਣ ਜੇਕਰ ਪ੍ਰਤੀਯੋਗਤਾ ਵਿਚ ਭਾਗ ਲੈਣ ਵਾਲੇ ਵਿਦਿਆਰਥੀ ਦੇ ਪਹਿਰਾਵੇ ਦੀ ਗੱਲ ਕੀਤੀ ਜਾਵੇ ਤਾਂ ਜ਼ਿਆਦਾਤਰ ਪ੍ਰਤੀਯੋਗੀ ਵਿਦਿਆਰਥੀ ਸਕੂਲੀ ਵਰਦੀ ਵਿਚ ਹੀ ਫੱਬਦੇ ਹਨ। ਸੋ ਪ੍ਰਤੀਯੋਗਤਾਵਾਂ ਵਿਚ ਭਾਗ ਲੈਣ ਵਾਲੇ ਸਕੂਲੀ ਵਿਦਿਆਰਥੀ ਨੂੰ ਆਪਣੇ ਪਹਿਰਾਵੇ ਦਾ ਵਿਸ਼ੇਸ਼ ਧਿਆਨ ਰੱਖਦਿਆਂ ਹੋਇਆਂ ਸਕੂਲੀ ਵਰਦੀ ਨੂੰ ਠੀਕ ਅਤੇ ਸੋਹਣੇ ਢੰਗ ਨਾਲ ਪਹਿਨ ਕੇ ਹੀ ਮੰਚ ਉੱਪਰ ਪੇਸ਼ ਹੋਣਾ ਚਾਹੀਦਾ ਹੈ। ਬੇਸ਼ੱਕ ਇਸ ਦਾ ਪੇਸ਼ ਕਰਨ ਵਾਲੀ ਕਿਸੇ ਵੀ ਆਈਟਮ ਨਾਲ ਕੋਈ ਸੰਬੰਧ ਨਹੀਂ ਹੁੰਦਾ ਪਰੰਤੂ ਆਪਣੇ ਆਪ ਨੂੰ ਸੁਚੱਜੇ ਅਤੇ ਸਲੀਕੇ ਭਰਪੂਰ ਵੇਸ਼-ਭੁਸ਼ਾ ਵਿਚ ਪੇਸ਼ ਕਰਨਾ ਹਰ ਪੱਖ ਤੋਂ ਚੰਗਾ, ਪ੍ਰਭਾਵਸ਼ਾਲੀ ਅਤੇ ਅਕਾਦਮਿਕਤਾ ਦੇ ਮਾਹੌਲ ਨੂੰ ਬਣਾਈ ਰੱਖਣ ਵਾਲਾ ਹੁੰਦਾ ਹੈ। ਪਰ ਜੇਕਰ ਕੋਈ ਨਾਟਕ, ਭੰਗੜੇ, ਗਿੱਧੇ ਆਦਿ ਦੀ ਪੇਸ਼ਕਾਰੀ ਕਰਨੀ ਹੋਵੇ ਤਾਂ ੳੁੱਥੇ ਲੋੜ ਅਤੇ ਕਿਰਦਾਰ ਦੀ ਪੇਸ਼ਕਾਰੀ ਮੁਤਾਬਕ ਹੀ ਕੱਪੜੇ ਪਹਿਨਣੇ ਲਾਜ਼ਮੀ ਹੋਣਗੇ।
ਸੋ ਵਿਦਿਆਰਥੀਆਂ ਨੂੰ ਕਿਸੇ ਵੀ ਪ੍ਰਤੀਯੋਗਤਾ ਵਿਚ ਭਾਗ ਲੈਣ ਸਮੇਂ ਉਪਰੋਕਤ ਕੁਝ ਨੁਕਤਿਆਂ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਵਿਸ਼ੇਸ਼ ਕਰਕੇ ਅਧਿਆਪਕਾਂ ਦਾ ਮਾਰਗ-ਦਰਸ਼ਨ ਵਿਦਿਆਰਥੀ ਲਈ ਲਾਹੇਵੰਦਾ ਹੁੰਦਾ ਹੈ ਜਿਸ ਨਾਲ ਅਸੀਂ ਕਿਸੇ ਵੀ ਪ੍ਰਤੀਯੋਗਤਾ ਵਿਚ ਚੰਗਾ ਸਥਾਨ ਅਤੇ ਸਰੋਤਿਆਂ/ਦਰਸ਼ਕਾਂ ਦੀ ਭਰਪੂਰ ਪ੍ਰਸੰਸਾ ਹਾਸਲ ਕਰ ਸਕਦੇ ਹਾਂ।

ਲੇਖਕ : ਬਿਕਰਮਜੀਤ ਸਿੰਘ ਜੀਤ ਹੋਰ ਲਿਖਤ (ਇਸ ਸਾਇਟ 'ਤੇ): 17
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1263
ਲੇਖਕ ਬਾਰੇ
ਆਪ ਜੀ ਬਤੌਰ ਪਰੂਫ਼ ਰੀਡਰ ਅੈਸ.ਜੀ.ਪੀ.ਸੀ. ਵਿੱਚ ਕੰਮ ਕਰ ਰਹੇ ਹੋ। ਆਪ ਜੀ ਉੱਚ ਵਿਚਾਰਕ ਅਤੇ ਪੰਜਾਬੀ ਚਿੰਤਕ ਹੋ ਆਪ ਜੀ ਦੇ ਅਖਬਾਰਾ ਵਿਚ ਲੇਖ ਛਪਦੇ ਰਹਿੰਦੇ ਹਨ ਅਤੇ ਪੰਜਾਬੀ ਭਾਸ਼ਾ ਦੀ ਪ੍ਰਫੁਲੱਤਾ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ