ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਪੰਜਾਬੀ ਸਭਿਆਚਾਰਕ ਵਿਰਸੇ ਵਿਚੋਂ ਅਲੋਪ ਹੁੰਦਾ ਜਾ ਰਿਹਾ ਪੰਜਾਬੀ ਸੂਟ ਤੇ ਸਿਰ ਚੁੰਨੀ

ਬੀਤੇ ਸਮੇਂ ਦੇ ਪੰਜਾਬ ਦਾ ਹੁਸਨ ਅਜੋਕੇ ਸਮੇਂ ਵਿਚ ਖ਼ਤਮ ਹੋਣਾ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ ਦਿਨੋਂ ਦਿਨ ਵੱਧ ਰਿਹਾ ਵਿਦੇਸ਼ੀ ਪਹਿਰਾਵਿਆਂ ਦਾ ਲਗਾਵ ਪ੍ਰਤੀ ਖਿੱਚ ਅਜੋਕੀ ਪੰਜਾਬੀ ਨੌਜਵਾਨੀ ਨੂੰ ਆਪਣੇ ਵਿਰਸੇ ਤੋਂ ਕੋਹਾਂ ਦੂਰ ਲਈ ਜਾ ਰਹੀ ਹੈ। ਨੌਜਵਾਨ ਹੀ ਨਹੀਂ ਸਗੋਂ ਮੇਰੇ ਸੋਹਣੇ ਪੰਜਾਬ ਦੀ ਮੁਟਿਆਰ ਵੀ ਇਸ ਦੀ ਮਾਰ ਹੇਠ ਆ ਕੇ ਆਪਣੇ ਸਿਰ ਵਾਲੀ ਚੁੰਨੀ ਅਤੇ ਸਭਿਆਚਾਰਕ ਵਿਰਸੇ ਵਿਚ ਮਿਲੇ ਪਹਿਰਾਵਿਆਂ ਨੂੰ ਤਾਂ ਬਿਲਕੁਲ ਵਿਸਾਰ ਹੀ ਗਈ ਹੈ। ਹਰ ਰੋਜ਼ ਆ ਰਹੇ ਵਿਦੇਸ਼ੀ ਨਵੇਂ ਫ਼ੈਸ਼ਨ ਨੇ ਜਿੱਥੇ ਨੌਜਵਾਨਾਂ ਨੂੰ ਆਪਣੇ ਘੇਰੇ ਵਿਚ ਲਿਆ ਹੈ ਉੱਥੇ ਕੁੜੀਆਂ ਨੂੰ ਆਪਣੇ ਜਾਲ ਵਿਚ ਪੂਰੀ ਤਰਾਂ ਜਕੜ ਵਿਚ ਲੈ ਲਿਆ ਹੈ। ਪੰਜਾਬੀ ਸੂਟ ਤੇ ਸਿਰ ਚੰਨੀ ਦੀ ਟੌਰ੍ਹ ਨੂੰ ਭੁੱਲ ਕੇ ਜ਼ੀਨਾਂ, ਪੈਂਟਾਂ, ਸਰਟਾਂ ਅਤੇ ਸ਼ਾਰਟ ਸਕਰਟ ਹੋਰ ਪਤਾ ਨਹੀਂ ਕਿਹੜੇ ਕਿਹੜੇ ਲਿਬਾਸਾਂ ਦੇ ਘੇਰੇ ਵਿਚ ਫਸੀ ਪੰਜਾਬੀ ਮੁਟਿਆਰ ਨੂੰ ਇਹ ਵੀ ਯਾਦ ਨਹੀਂ ਕਿ ਗਿਧਿਆਂ ਦੀ ਰਾਣੀ ਅਖਵਾਉਣ ਵਾਲੀ ਸਾਉਣ ਦੇ ਮਹੀਨੇ ਤ੍ਰਿੰਜਣਾਂ, ਤੀਆਂ ਦੇ ਤਿਉਹਾਰਾਂ ਵਿਚ ਸ਼ਿੰਗਾਰਾਂ ਅੱਗੇ ਇਹ ਵਿਦੇਸ਼ੀ ਬਾਣਿਆਂ ਦੀ ਅਹਿਮੀਅਤ ਰੱਤੀ ਭਰ ਵੀ ਨਹੀਂ । ਮੇਰੀਆਂ ਭੈਣਾਂ ਦੇ ਲੰਬੀ ਗੁੱਤ ਤੇ ਉਸ ਤੇ ਗੁੰਦੇ ਹੋਏ ਰੀਬਨ, ਪਰਾਂਦਾ, ਤੇ ਮੱਥੇ ਉੱਤੇ ਸੱਗੀ ਫ਼ੁਲ ਉਸ ਦੇ ਰੂਪ ਨੂੰ ਸ਼ਿੰਗਾਰ ਦਿੰਦਾ ਸੀ ਅਜੋਕੇ ਸਮੇਂ ਵਿਚ ਪਹਿਲਾਂ ਤਾਂ ਗੁੱਤ ਕਿਸੇ ਕਿਸੇ ਮੁਟਿਆਰ ਦੇ ਹੀ ਹੋਣੀ ਹੈ। ਪੋਣੀਆਂ ਬਣਾਉਣ ਦੇ ਅਤੇ ਹੋਰ ਜੂੜਿਆਂ ਦੇ ਚਲੇ ਨਵੇਂ ਡਿਜ਼ਾਈਨਾਂ ਨੇ ਸਿਰ ਦੇ ਸ਼ਿੰਗਾਰ ਦਾ ਰੂਪ ਹੀ ਬਦਲ ਕੇ ਰੱਖ ਦਿੱਤਾ, ਪੈਰਾਂ ਵਿਚ ਪਾਈ ਪੰਜਾਬੀ ਜੁੱਤੀ ਨਾਲ ਤੁਰਨਾ ਵੀ ਹੁਣ ਅਲੋਪ ਹੋ ਗਿਆ ਇਸ ਦੀ ਜਗ੍ਹਾ ਉੱਚੀ ਅੱਡੀ ਦੇ ਸੈਂਡਲ ਨੇ ਤੌਰ ਹੀ ਬਦਲ ਕੇ ਰੱਖ ਦਿੱਤੀ ਹੈ। ਇਹ ਵੀ ਤਾਂ ਸੱਚ ਹੈ ਕਿ ਇਹਨਾਂ ਵਿਦੇਸ਼ਾਂ ਫ਼ੈਸ਼ਨਾਂ ਵਾਲੀਆਂ ਕਰੀਮਾਂ, ਪਾਊਡਰਾਂ ਨਾਲ ਜੋ ਥੋੜੇ ਸਮੇਂ ਲਈ ਚਿਹਰੇ ਨੂੰ ਨਿਖਾਰਿਆਂ ਜਾਂਦਾ ਹੈ ਪਰ ਕੁੱਝ ਸਾਲਾਂ ਬਾਅਦ ਸਿਰ ਦੇ ਬਾਲ ਤਾਂ ਚਿੱਟੇ ਹੁੰਦੇ ਹੀ ਹਨ ਅਤੇ ਉਮਰ ਤੋ ਪਹਿਲਾਂ ਹੀ ਚਿਹਰੇ ਤੇ ਪਾਈਆਂ ਹੋਈਆਂ ਝੁਰੜੀਆਂ ਦਾ ਵੀ ਫਿਰ ਇਲਾਜ ਲੱਭਣਾ ਔਖਾ ਲਾ ਹੋ ਜਾਂਦਾ ਹੈ। ਅਜੋਕੇ ਸਮੇਂ ਵਿਚ ਜਵਾਨੀ ਸ਼ੁਰੂ ਹੋਣ ਤੋ ਪਹਿਲਾਂ ਹੀ ਬੁਢਾਪੇ ਦਾ ਆਉਣਾ ਵੀ ਇਹਨਾਂ ਭੈੜੀਆਂ ਸਰੀਰ ਦੀ ਚਮੜੀ ਲਈ ਮਾਰੂ ਕੈਮੀਕਲਾਂ ਨਾਲ ਬਣਾਈਆਂ ਗਈਆਂ ਕਰੀਮਾਂ, ਪਾਊਡਰਾਂ, ਤੇਲ ਆਦਿ ਦੀਆਂ ਹੀ ਤਾਂ ਨਿਸ਼ਾਨੀਆਂ ਹਨ।
ਅੱਜ ਤੋਂ ਕੁੱਝ ਸਮੇਂ ਪਹਿਲਾਂ ਸ਼ਰਮ ਦਾ ਪੱਲੂ ਸਿਰ ਤੇ ਚੁੰਨੀ ਜਾਂ ਦੁਪੱਟਾ, ਲੰਮੀ ਕੁੜਤੀ ਨਾਲ ਘੱਗਰੇ ਦੀ ਵਰਤੋ ਕੀਤੀ ਜਾਂਦੀ ਸੀ ਇਹ ਗੋਟੇ ਵਾਲਾ ਦੁਪੱਟਾ ਸਿਰ ਤੋ ਲਹਿ ਕੇ ਗਲ ਵਿਚ ਪਾਉਣ ਜੋਗਾ ਹੀ ਰਹਿ ਗਿਆ ਹੈ ਹੁਣ ਤਾਂ ਉਹ ਵੀ ਅਲੋਪ ਜਿਹਾ ਹੁੰਦਾ ਜਾ ਰਿਹਾ ਹੈ ਚਿੰਤਾ ਤਾਂ ਇਸ ਗੱਲ ਦੀ ਵੀ ਹੈ ਕਿ ਸ਼ਹਿਰ ਤਾਂ ਸ਼ਹਿਰ ਹੁਣ ਤਾਂ ਪਿੰਡਾਂ ਜਾਂ ਕਸਬਿਆਂ ਵਿਚ ਵੀ ਚੰਦਰੇ ਇਹਨਾਂ ਵਿਦੇਸ਼ੀ ਪਹਿਰਾਵਿਆਂ ਨੇ ਆਪਣਾ ਜਾਲ ਵਿਛਾ ਕੇ ਵਿਰਾਸਤੀ ਪਹਿਰਾਵਿਆਂ ਨੂੰ ਅਧਮੋਇਆ ਕਰ ਦਿੱਤਾ ਹੈ। ਪਿੰਡਾਂ ਵਿਚ ਤਾਂ ਵਿਆਹੀਆਂ ਔਰਤਾਂ ਤਾਂ ਹਮੇਸ਼ਾ ਆਪਣੇ ਤੋ ਵੱਡੇ ਜਿਵੇਂ ਸਹੁਰੇ(ਪਿਤਾ), ਜੇਠ ਅਤੇ ਪਿੰਡ ਜਾਂ ਰਿਸ਼ਤੇਦਾਰੀ ਵਿਚ ਵੀ ਆਪਣੇ ਤੋਂ ਵਡੇਰੇ ਅੱਗੇ ਵੀ ਘੁੰਡ ਕੱਢ ਕੇ ਰੱਖਿਆ ਜਾਂਦਾ ਸੀ ਇਸੇ ਕਰ ਕੇ ਤਾਂ ਸਿਰ ਤੋਂ ਚੁੰਨੀ ਨਹੀਂ ਲਾਹੀ ਜਾਂਦੀ ਸੀ ।
ਵਿਆਹ-ਸਾਦੀਆਂ ਤੋ ਪਹਿਲਾਂ ਚੁੰਨੀ ਚੜ੍ਹਾਉਣ ਦੀ ਰਸਮ ਕੀਤੀ ਜਾਂਦੀ ਹੈ ਜੋ ਕਿ ਸਹੁਰੇ ਪਰਿਵਾਰ ਵੱਲੋਂ ਨਿਭਾਈ ਜਾਂਦੀ ਹੈ ਜਿਸ ਦਾ ਅਰਥ ਹੁੰਦਾ ਹੈ ਕਿ ਹੁਣ ਲੜਕੀ ਸਹੁਰੇ ਘਰ ਦੀ ਧੀਆਂ ਵਾਂਗਰਾਂ ਇੱਜ਼ਤ ਹੈ ਪਰ ਇਸ ਦੀ ਮਹੱਤਤਾ ਨੂੰ ਅਣਗੌਲਿਆ ਹੁੰਦਾ ਦੇਖ ਅਫ਼ਸੋਸ ਉਦੋਂ ਹੁੰਦਾ ਹੈ ਜਦੋਂ ਵਿਆਹੀਆਂ ਹੋਈਆਂ ਮੇਰੀਆਂ ਭੈਣਾਂ ਵੀ ਜੀਨਜ਼ ਅਤੇ ਸਰਕਟਾਂ ਪਹਿਨਣਾ ਪਸੰਦ ਕਰ ਰਹੀਆਂ ਹਨ ਤੇ ਉਨ੍ਹਾਂ ਦੇ ਪਤੀ ਪਰਮੇਸ਼ਰ ਨੂੰ ਵੀ ਇਹ ਪਸੰਦ ਹੋਣਾ ਸੁਭਾਵਿਕ ਹੀ ਹੋ ਜਾਂਦਾ ਹੈ ਸ਼ਾਇਦ ਇਹ ਵੀ ਰਿਸ਼ਤੇ ਵਿਚ ਦਰਾਰ ਜਿਹਾ ਪਾਉਣ ਦਾ ਇੱਕ ਕਾਰਨ ਜਿਹਾ ਬਣਦਾ ਜਾ ਰਿਹਾ ਹੈ ਕਿਉਂਕਿ ਆਪਣੇ ਨਿੱਜੀ ਰਿਸ਼ਤੇ ਪ੍ਰਤੀ ਸ਼ੱਕੀ ਹੋਣਾ ਵੀ ਆਮ ਜਿਹੀ ਆਦਤ ਜੋ ਹੈ।
ਜੇਕਰ ਇੱਕ ਪੱਖ ਤੋ ਹੋਰ ਨਜ਼ਰ ਮਾਰੀਏ ਤਾਂ ਜ਼ਿਆਦਾਤਰ ਬੜੇ ਸੋਅ ਰੂਮਾਂ ਜਾਂ ਹੋਰ ਅਦਾਰਿਆਂ ਵਿਚ ਜ਼ਰੂਰਤ ਮੰਦ ਨੌਕਰੀ ਪੇਸ਼ਾ ਔਰਤਾਂ ਜਾਂ ਕੁੜੀਆਂ ਤੋਂ ਇਲਾਵਾ ਸ਼ੌਕੀਨ ਕੁੜੀਆਂ ਅਤੇ ਔਰਤਾਂ ਨੂੰ ਮਾਲਕਾਂ ਵੱਲੋਂ ਇਹ ਮੰਗ ਰੱਖੀ ਜਾਂਦੀ ਹੈ ਕਿ ਜੀਨ ਪੈਂਟ ਜਾਂ ਟਾਪ ਪਹਿਨ ਕੇ ਹੀ ਦੁਕਾਨ ਤੇ ਆਉਣ ਤਾਂ ਕਿ ਗ੍ਰਾਹਕ ਉਨ੍ਹਾਂ ਨੂੰ ਦੇਖ ਆਕਰਸ਼ਿਤ ਹੋ ਕੇ ਦੁਕਾਨਦਾਰਾਂ ਦੀ ਆਮਦਨ ਨੂੰ ਵਧਾਉਣ। ਸਿਰ ਚੰਨੀ ਜਾਂ ਸਲਵਾਰ ਸੂਟ ਤਾਂ ਔਰਤ ਦਾ ਸ਼ਿੰਗਾਰ ਹੈ ਜੋ ਉਸ ਦੇ ਰੂਪ ਨੂੰ ਚਾਰ ਗੁਣਾਂ ਵੱਧ ਨਿਖਾਰਦਾ ਹੈ ਪਰ ਅੱਜ ਕੱਲ੍ਹ ਤਾਂ ਧਾਰਮਿਕ ਅਸਥਾਨਾਂ ਤੇ ਵੀ ਮੱਥਾ ਟੇਕਣ ਜਾਂਦੇ ਸਮੇਂ ਕੈਪਰੀ ਜਾਂ ਜੀਨ ਆਦਿ ਜਿਹੇ ਫ਼ੈਸ਼ਨ ਭਰੇ ਲਿਬਾਸਾਂ ਨੂੰ ਪਹਿਨ ਕੇ ਜਾਇਆ ਜਾਂਦਾ ਹੈ।
ਅੰਤ ਵਿਚ ਦਾਸ ਇਹ ਹੀ ਬੇਨਤੀ ਕਰਦਾ ਹੈ ਕਿ ਫ਼ੈਸ਼ਨ ਦੀ ਤੇਜ਼ ਰਫ਼ਤਾਰ ਮਗਰ ਲੱਗ ਕੇ ਅਸੀਂ ਆਪਣੇ ਬੱਚਿਆਂ ਅਤੇ ਖ਼ਾਸਕਰ ਆਉਣ ਵਾਲੀ ਪੀੜੀ ਨੂੰ ਚੰਗੀ ਸੇਧ ਨਹੀਂ ਦੇ ਪਾ ਰਹੇ ਜਿਸ ਦੇ ਸਿੱਟੇ ਵਜੋਂ ਇਹ ਸਭਿਆਚਾਰਕ ਵਿਰਸੇ ਵਿਚ ਮਿਲੇ ਸਰਮੋ ਸ਼ਿੰਗਾਰ ਦੇ ਲਿਬਾਸਾਂ ਵਾਲੇ ਗਹਿਣੇ ਆਉਣ ਵਾਲੇ ਦਿਨਾਂ ਵਿਚ ਅਜਾਇਬ ਘਰਾਂ ਦੀ ਸ਼ਾਨ ਬਣ ਜਾਣਗੇ ਤੇ ਸਾਡੀਆਂ ਪੀੜੀਆਂ ਇਸ ਨੂੰ ਅਚੰਭੇ ਨਾਲ ਦੇਖਿਆ ਕਰਨਗੀਆਂ। ਇਸ ਕਰ ਕੇ ਲੋੜ ਹੈ ਅਜੋਕੇ ਸਮੇਂ ਵਿਚ ਆਪਣੇ ਮਾਣਮੱਤੇ ਵਿਰਸੇ ਨੂੰ ਸੰਭਾਲਣ ਦੀ ਅਤੇ ਪੰਜਾਬੀ ਸਭਿਆਚਾਰਕ ਲਿਬਾਸ ਕੱਪੜੇ ਅਤੇ ਸਿਰ ਚੁੰਨੀ ਦੁਪੱਟਾ ਲੈ ਕੇ ਆਪਣੇ ਵਿਰਸੇ ਦੀ ਸ਼ਾਨ ਨੂੰ ਬਰਕਰਾਰ ਰੱਖ ਕੇ ਹੋਰ ਉੱਚਾ ਰੱਖਣ ਦਾ ਯਤਨ ਕੀਤਾ ਜਾਵੇ। ਜੇਕਰ ਦਾਸ ਦੇ ਕਿਸੇ ਵਰਤੇ ਗਏ ਲਫ਼ਜ਼ਾਂ ਨਾਲ ਕਿਸੇ ਮੇਰੇ ਵੀਰ ਭੈਣ ਦਾ ਮਨ ਨੂੰ ਠੇਸ ਲੱਗੀ ਹੋਵੇ ਤਾਂ ਨਿਮਾਣਾ ਜਿਹਾ ਦਾਸ ਸਮਝ ਕੇ ਖਿਮਾ ਕਰਨਾ।

ਲੇਖਕ : ਹਰਮਿੰਦਰ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 59
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1324
ਲੇਖਕ ਬਾਰੇ
ਆਪ ਜੀ ਪੰਜਾਬੀ ਦੀ ਸੇਵਾ ਪੂਰੇ ਦਿਲੋ ਅਤੇ ਤਨੋ ਕਰ ਰਹੇ ਹਨ। ਆਪ ਜੀ ਦੀਆਂ ਕੁੱਝ ਕੁ ਪੁਸਤਕਾਂ ਵੀ ਪ੍ਰਕਾਸ਼ਿਤ ਹੋਈਆ ਨੇ ਜਿਨ੍ਹਾਂ ਨੇ ਕਾਫੀ ਨਾਂ ਖਟਿਆਂ ਹੈ। ਇਸ ਤੋ ਇਲਾਵਾ ਆਪ ਜੀ ਦੇ ਲੇਖ ਅਖਬਾਰਾ ਵਿਚ ਆਮ ਛਪਦੇ ਰਹਿੰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ