ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਵਿਸ਼ਵੀਕਰਨ ਦੇ ਦੌਰ ਵਿੱਚ ਔਰਤ

ਇਸ ਯੁਗ ਵਿੱਚ ਮਰਦ ਪ੍ਰਧਾਨ ਜਗੀਰੂ ਸਿਸਟਮ ਦੀ ਥਾਂ ਖਪਤਕਾਰੀ ਸਿਸਟਮ ਨੇ ਲੈ ਲਈ ਹੈ। ਇਸ ਨੂੰ ਵਿਸ਼ਵੀਕਰਨ ਯੁੱਗ ਕਿਹਾ ਜਾਂਦਾ ਹੈ। ਪੂੰਜੀਵਾਦ ਸਮਾਜ ਦੇ ਸਭ ਤੋਂ ਤਕਲੀਫਦੇਹ ਤਸੀਹਿਆਂ ਦਾ ਸ਼ਿਕਾਰ ਵੀ ਔਰਤ ਹੀ ਬਣੀ। ਪੂੰਜੀਵਾਦ ਨੇ ਔਰਤ ਨੂੰ ਇੱਕ ਨੀਵੇਂ ਦਰਜੇ ਦਾ ਮਜ਼ਦੂਰ ਤਾਂ ਬਣਾਇਆ ਤੇ ਨਾਲ ਇੱਕ ਮੰਡੀ ਦੀ ਜਿਣਸ ਵਿੱਚ ਬਦਲ ਦਿੱਤਾ। ਪ੍ਰਸਿੱਧ ਸ਼ਾਹਿਰ ਲੁਧਿਆਣਵੀ ਦਾ ਸ਼ੇਅਰ ਇੱਥੇ ਪ੍ਰਸੰਗਿਕ ਹੈ।
ਔਰਤ ਨੇ ਜਨਮ ਦਿਆ ਮਰਦੋਂ ਕੋ,
ਮਰਦੋਂ ਨੇ ਉਸੇ ਬਜ਼ਾਰ ਦਿਆ।

ਅੱਜ ਔਰਤ ਹਿੰਸਾ ਦੀ ਸੰਸਕ੍ਰਿਤੀ ਦੇ ਉਤਪ੍ਰੇਰਕ ਰਾਜਨੀਤਕ, ਸਾਮਾਜਿਕ, ਸੰਸਕ੍ਰਿਤਿਕ, ਆਰਥਿਕ ਪੱਖ ਖੁੱਲੇਆਮ ਸਾਡੇ ਸਾਹਮਣੇ ਹਨ। ਇੱਕ ਤਰ੍ਹਾਂ ਨਾਲ ਵਿਸ਼ਵੀਕਰਨ ਨੂੰ ਭਾਰਤ ਵਿੱਚ ਪੂੰਜੀਵਾਦੀ ਸਾਮੰਤਵਾਦ ਦਾ ਦੌਰ ਕਿਹਾ ਜਾ ਸਕਦਾ ਹੈ, ਜਿਸ ਵਿੱਚ ਬਾਜ਼ਾਰ ਦੇ ਅਰਥ ਸ਼ਾਸਤਰ ਦੇ ਤਹਿਤ ਔਰਤ ਨੂੰ ਇਕ ਉਪਭੋਗ ਦੀ ਵਸਤੂ, ਇੱਕ ਉਤਪਾਦ ਬਣਾ ਕੇ ਰੱਖ ਦਿੱਤਾ ਗਿਆ ਹੈ ਜਾਂ ਇੰਝ ਆਖੋ ਕਿ ਬਾਜ਼ਾਰ ਆਪਣੇ ਉਤਪਾਦਾਂ ਨੂੰ ਵੇਚਣ, ਮੁਨਾਫਾ ਕਮਾਉਣ ਲਈ ਆਪਣੇ ਹੱਕ ਵਿੱਚ ਇਸਤਰੀ ਦੀ ਵਰਤੋਂ ਕਰ ਰਿਹਾ ਹੈ। ਡਾ. ਵਨੀਤਾ ਅਨੁਸਾਰ ਉੱਤਰ ਨਾਰੀਵਾਦ ਵਿੱਚ ਜਿੱਥੇ ਇਹ ਮਸਲੇ ਸਾਹਮਣੇ ਹਨ, ਉੱਥੇ ਇਸ ਗੱਲ ਨੂੰ ਬੜੇ ਗੰਭੀਰ ਰੂਪ ਵਿੱਚ ਵਿਚਾਰਿਆ ਜਾ ਰਿਹਾ ਹੈ ਕਿ ਨਾਰੀ ਦਾ ਵਿਕਸਤ ਪੂੰਜੀਵਾਦ ਜਾਂ ਉਪਭੋਗੀ ਸਮਾਜ ਵਿੱਚ ਕੀ ਸਥਿਤੀ ਹੈ, ਜਿਸ ਵਿੱਚ ਨਵੀਂ ਤਕਨਾਲੋਜੀ ਦਾ ਦੌਰ ਹੈ, ਕਿਉਂਕਿ ਇਸ ਦੌਰ ਵਿੱਚ ਨਾਰੀ ਦੀ ਸਵੀਕ੍ਰਿਤੀ ਦਾ ਇੱਕ ਨਵਾਂ ਮਾਡਲ ਵਿਕਸਤ ਹੋਇਆ ਹੈ, ਉਸ ਦੇ ਮਨੋਵਿਗਿਆਨ ਨਾਲ ਇਸ ਉਪਭੋਗੀ ਪ੍ਰਵਿਰਤੀ ਨੂੰ ਅਵੱਸ਼ਕ ਤੌਰ 'ਤੇ ਜੋੜਿਆ ਜਾ ਰਿਹਾ ਹੈ। ਪਹਿਲੇ ਸੰਸਾਰ ਦੀ ਨਾਰੀ ਇਸ ਮਾਡਲ ਨਾਲ ਖ਼ਾਸ ਤੌਰ 'ਤੇ ਸੰਬੰਧਿਤ ਹੋਈ ਹੈ ਤੇ ਜਦੋਂ ਉਹ ਕੀਮਤਾਂ ਜਾਂ ਉਸੇ ਤਰ੍ਹਾਂ ਦਾ ਪੂੰਜੀਵਾਦ ਤੀਜੇ ਸੰਸਾਰ ਨੂੰ ਆਪਣੀ ਮੰਡੀ ਬਣਾ ਰਿਹਾ ਹੈ, ਤਾਂ ਉਹੀ ਮਾਡਲ ਤੀਜੇ ਸੰਸਾਰ ਦੀ ਨਾਰੀ ਲਈ ਵੀ ਲੁਭਾਉਣਾ ਹੋ ਰਿਹਾ ਹੈ। ਇਸ ਸੰਸਾਰ ਵਿੱਚ ਕਾਮਨਾ, ਡਿਜ਼ਾਇਰ, ਦੇਹ ਦੇ ਅਰਥ ਬਦਲ ਰਹੇ ਹਨ। ਨਾਰੀ ਦੀ ਸੁਤੰਤਰਤਾ ਦੇ ਅਰਥ ਬਦਲ ਰਹੇ ਹਨ, ਇੱਕ ਨਵੀਂ ਸਪੇਸ ਜਨਮ ਲੈ ਰਹੀ ਹੈ। ਹਰ ਨਾਰੀਵਾਦੀ ਚਿੰਤਕਾਂ ਇਸ ਦਾ ਜ਼ਿਕਰ ਕਰ ਰਹੀਆਂ ਹਨ। ਅਮਰੀਕਾ ਵਿੱਚ ਇਮਲਡਾ ਵੇਲੁਮ ਨੇ ਇਸ ਗੱਲ ਨੂੰ ਖ਼ਾਸ ਤੌਰ 'ਤੇ ਉਠਾਇਆ ਹੈ ਕਿ ਇਸ ਮਾਹੌਲ ਵਿੱਚ ਨਾਰੀ ਦਾ ਸਭ ਤੋਂ ਵੱਧ ਸ਼ੋਸ਼ਣ ਮੀਡੀਆ ਕਰ ਰਿਹਾ ਹੈ। ਨਾਰੀ ਬਿੰਬ ਨੂੰ ਵਿਕ੍ਰਿਤ ਕੀਤਾ ਜਾ ਰਿਹਾ ਹੈ। ਉਸ ਨੂੰ ਨਾਰੀ ਤੋਂ ਇੱਕ ਵਸਤ ਬਣਾਇਆ ਜਾ ਰਿਹਾ ਹੈ। ਇਹ ਵੀ ਪੁਰਸ਼ ਪ੍ਰਧਾਨ ਦ੍ਰਿਸ਼ਟੀ ਅਤੇ ਪੈਤ੍ਰੀਅਤਾ ਦੇ ਕਾਰਨ ਹੈ ਤੇ ਉਸ ਦਾ ਵਿਚਾਰ ਹੈ ਕਿ ਭਾਵੇਂ ਪਹਿਲੇ ਸੰਸਾਰ ਦੀ ਨਾਰੀ ਹੋਵੇ ਤੇ ਭਾਵੇਂ ਤੀਜੇ ਸੰਸਾਰ ਦੀ, ਉਸ ਨੂੰ ਇਸ ਦੇ ਖ਼ਿਲਾਫ਼ ਇਕਮੁੱਠ ਹੋਣਾ ਚਾਹੀਦਾ ਹੈ। ਜੇ ਅਸੀਂ ਨਾਰੀ ਪ੍ਰਵਚਨ ਲਿਖਤ ਵਿੱਚ ਸਮਝਣਾ ਹੈ, ਤਾਂ ਅੱਜ ਦੇ ਸਮਾਜ ਵਿੱਚ ਇਹ ਜੋ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ, ਇਨ੍ਹਾਂ ਦੀ ਚੇਤਨਾ ਜ਼ਰੂਰੀ ਹੈ।
(ਖੋਜ ਪੱਤ੍ਰਿਕਾ, ਸਤੰਬਰ 2002, ਅੰਕ 56, ਪੰਜਾਬੀ ਯੂਨੀਵਰਸਿਟੀ, ਪਟਿਆਲਾ)
ਸਪੱਸ਼ਟ ਹੈ ਕਿ ਬਾਜ਼ਾਰ ਸਾਡੀ ਸੋਚ 'ਤੇ ਇਸ ਤਰ੍ਹਾਂ ਭਾਰੂ ਹੋ ਗਿਆ ਹੈ ਕਿ ਅਸੀਂ ਸਾਰੇ ਨੈਤਿਕ ਮੁੱਲਾਂ ਨੂੰ ਅੱਖੋਂ ਪਰੋਖੇ ਕਰਕੇ ਉਸ ਦਾ ਸ਼ਿਕਾਰ ਬਣ ਬੈਠੇ ਹਾਂ। ਭਾਵੇਂ ਇਸ ਵਿੱਚ ਇਸ਼ਤਿਹਾਰਾਂ, ਫਿਲਮਾਂ ਅਤੇ ਹੋਰ ਸੰਚਾਰ ਮਾਧਿਅਮਾਂ ਵਿੱਚ ਵਸਤਾਂ ਨੂੰ ਵੇਚਣ ਲਈ ਇਸਤਰੀ ਦੇਹ ਦੀ ਨੁਮਾਇਸ਼ ਹੋਵੇ, ਗੀਤਾਂ ਰਾਹੀਂ ਦੇਹ ਨੂੰ ਅਸ਼ਲੀਲ ਅਦਾਵਾਂ ਵਿੱਚ ਪੇਸ਼ ਕਰਨਾ ਹੋਵੇ ਜਾਂ ਟੀ.ਵੀ ਲੜੀਵਾਰਾਂ ਵਿੱਚ ਇੱਕ ਸਜਾਵਟ ਦੀ ਵਸਤੂ ਦੇ ਰੂਪ ਵਿੱਚ ਹਰ ਵੇਲੇ ਭਾਰੀ ਗਹਿਣਿਆਂ ਅਤੇ ਚਮਕਦਾਰ ਕੱਪੜਿਆਂ ਨਾਲ ਲੱਦੀ ਹੋਈ ਔਰਤ ਦੇ ਤੌਰ 'ਤੇ ਹੋਵੇ। ਇਸ ਨੇ ਇਸਤਰੀ ਦੇ ਵਜੂਦ ਨੂੰ ਕਰੜੀ ਸੱਟ ਮਾਰੀ ਹੈ, ਭੋਗਵਾਦੀ ਸੰਸਕ੍ਰਿਤੀ ਦੀ ਗੁਲਾਮ ਬਣਾ ਕੇ ਰੱਖ ਦਿੱਤਾ ਹੈ ਤੇ ਉਸ ਦੀ ਵਿਅਕਤੀਗਤ ਅਜ਼ਾਦੀ ਖੋਹ ਲਈ ਹੈ। ਪੋਰਨ ਫਿਲਮਾਂ ਦਾ ਲਗਾਤਾਰ ਵੱਧਦਾ ਕਾਰੋਬਾਰ ਇਸੇ ਖਪਤਕਾਰੀ ਸਿਸਟਮ ਦੀ ਉਪਜ ਹੈ। ਇੱਕ ਰਿਪੋਰਟ ਅਨੁਸਾਰ ਭਾਰਤ ਵਿਸ਼ਵ ਵਿੱਚ ਤੀਜਾ ਸਭ ਤੋਂ ਵੱਡਾ ਪੋਰਨੋਗ੍ਰਾਫੀ ਦਾ ਉਪਭੋਗਤਾ ਦੇਸ ਬਣ ਚੁੱਕਿਆ ਹੈ। ਨਾਰੀ ਦਾ ਇੱਕ ਸੈਕਸ ਆਬਜੈਕਟ ਅਤੇ ਬਾਜ਼ਾਰ ਲਈ ਮੁਨਾਫਾ ਕਮਾਉਣ ਵਾਲੇ ਉਤਪਾਦ ਦੇ ਰੂਪ ਵਿੱਚ ਪੇਸ਼ਕਾਰੀ ਉਸ ਨੂੰ ਦੇਹ ਤੋਂ ਪਰੇ ਇੱਕ ਇਨਸਾਨ ਬਣਨ ਤੋਂ ਰੋਕਦਾ ਹੈ ਅਤੇ ਇੱਥੇ ਵੀ ਉਹ ਦੇਹ ਦੇ ਤੌਰ 'ਤੇ ਪੁਰਸ਼ ਦੀਆਂ ਇੱਛਾਵਾਂ ਤੇ ਹਵਸ ਦਾ ਨਿਸ਼ਾਨਾ ਬਣਦੀ ਹੈ।
ਜਨਮ ਦੇ ਨਾਲ ਹੀ ਹਿੰਸਾ ਸ਼ਬਦ ਨਾਲ ਇਸਤਰੀ ਦਾ ਅਟੁੱਟ ਰਿਸ਼ਤਾ ਜੁੜ ਜਾਂਦਾ ਹੈ। ਇਹ ਰਿਸ਼ਤਾ ਪਰਿਵਾਰ ਦੇ ਅੰਦਰ ਪੁਰਸ਼ ਦੇ ਸਨਮੁੱਖ ਉਸ ਦੀ ਦੂਜੈਲੇ ਦਰਜੇ ਦੇ ਨਾਲ ਹੀ ਸਥਾਪਿਤ ਹੁੰਦਾ ਹੈ। ਉਹ ਸਾਮੰਤੀ ਸਮਾਜ ਦੀ ਜਾਇਦਾਦ, ਵਸਤ ਤੇ ਹੁਕਮ ਪਾਲਣਾ ਕਰਨ ਵਾਲੀ ਗੁਲਾਮ ਹੈ। ਸਮਾਜ ਵਿੱਚ ਉਸ 'ਤੇ ਹਰ ਰੋਜ਼ ਹੋਣ ਵਾਲੀ ਯੌਨ ਹਿੰਸਾ, ਆਨਰ ਕਿਲਿੰਗ, ਛੇੜਖਾਨੀ, ਅਸ਼ਲੀਲ ਟਿੱਪਣੀਆਂ, ਤੇਜ਼ਾਬੀ ਹਮਲੇ ਤੇ ਭਰੂਣ ਹੱਤਿਆ ਇਸੇ ਸਮਾਜ ਦੀ ਹੀ ਉਪਜ ਹਨ ਤੇ ਉਹਦੀ ਗ਼ੁਲਾਮੀ ਦੀ ਦਾਸਤਾਂ ਪ੍ਰਗਟਾਉਂਦੇ ਹਨ। ਖਾਪ ਪੰਚਾਇਤਾਂ, ਸਾਡੇ ਸਿਆਸਤਦਾਨ ਤੇ ਅਜੋਕੇ ਧਰਮ ਗੁਰੂ ਭਾਰਤੀ ਸੰਵਿਧਾਨ ਦੇ ਉਲਟ ਮਨੂੰ ਸਿਮਰਤੀਆਂ ਦੇ ਹੁਕਮਨਾਮੇ ਲਾਗੂ ਕਰਨ ਲਈ ਸਰਗਰਮ ਹਨ ਜੋ ਕਿ ਬਲਾਤਕਾਰ ਦੀਆਂ ਸ਼ਿਕਾਰ ਔਰਤਾਂ ਨੂੰ ਹੀ ਦੋਸ਼ੀ ਐਲਾਨਦੇ ਹਨ। ਕੰਮ ਵਾਲੀਆਂ ਥਾਵਾਂ, ਸਿੱਖਿਅਕ ਸੰਸਥਾਵਾਂ, ਧਰਮ, ਕਾਨੂੰਨ, ਰਾਜਨੀਤੀ ਵਿੱਚ ਇਸਤਰੀ ਨੂੰ ਜ਼ਲਾਲਤ ਮਿਲ ਰਹੀ ਹੈ। ਨਵੀਂ ਵਿਸ਼ਵ ਵਿਵਸਥਾ ਵਿੱਚ ਜਿਸ ਤਰ੍ਹਾਂ ਨਾਲ ਬਾਜ਼ਾਰ ਦਾ ਦਖ਼ਲ ਵੱਖ-ਵੱਖ ਖੇਤਰਾਂ ਵਿੱਚ ਵਧਿਆ ਹੈ, ਉਸ ਵਿੱਚ ਬਿਨਾਂ ਸ਼ੱਕ ਔਰਤ ਨੇ ਆਪਣੇ ਬਲਬੂਤੇ 'ਤੇ ਹੀ ਆਪਣੀ ਹੋਂਦ ਸਥਾਪਤ ਕੀਤੀ ਹੈ, ਪਰ ਇਸ ਦੇ ਬਾਵਜੂਦ ਉਹ ਹਾਲੇ ਵੀ ਸਾਡੇ ਸਾਮਾਜਿਕ, ਸੱਭਿਆਚਾਰਕ ਤਾਣੇ-ਬਾਣੇ ਵਿੱਚ ਇਕ ਮਾਲ (ਕਮੋਡਿਟੀ) ਦੇ ਸਿਵਾਏ ਕੋਈ ਅਰਥ ਨਹੀਂ ਰੱਖਦੀ ਹੈ।
ਇਸ ਦੌਰ ਦੇ ਆਧੁਨਿਕ ਸਾਹਿਤ ਵਿੱਚ ਔਰਤ ਦਾ ਕਿਰਦਾਰ ਇੱਕ ਆਦਰਸ਼ਵਾਦ ਤੇ ਧਾਰਮਿਕ ਰੰਗਤ ਵਿੱਚ ਰੰਗਿਆ ਹੋਇਆ ਪੇਸ਼ ਹੋਇਆ। ਬਹੁਤੇ ਸਾਹਿਤਕਾਰਾਂ ਨੇ ਔਰਤ ਨੂੰ ਕਾਮ ਪੂਰਤੀ ਵਾਲੇ ਪਾਤਰ ਵਜੋਂ ਸਿਰਜਿਆ। ਆਧੁਨਿਕ ਕਾਲ ਦੇ ਅਗਲੇਰੇ ਪੜਾਅ ਵਿੱਚ ਔਰਤ ਆਪਣੇ ਹੱਕਾਂ ਪ੍ਰਤੀ ਸੁਚੇਤ ਹੋਈ ਹੈ ਤੇ ਖ਼ੁਦ ਸਾਹਿਤ ਸਿਰਜਣਾ ਕਰਨ ਲੱਗੀ।
ਪਰ ਦੁਖਾਂਤ ਇਹ ਵੀ ਹੈ ਕਿ ਅਜੋਕੇ ਭਾਰਤੀ ਸਮਾਜ ਦਾ ਵੱਡਾ ਹਿੱਸਾ ਅੱਜ ਵੀ ਮਰਦ ਪੱਖੀ ਰਵਾਇਤਾਂ ਨੂੰ ਆਪਣੀ ਮਾਨਸਿਕਤਾ ਤੋਂ ਤਿਆਗ ਨਹੀਂ ਸਕਿਆ ਤੇ ਆਪਣੀ ਹੋਣੀ ਦਾ ਹਿੱਸਾ ਸਮਝ ਕੇ ਆਪਣੀ ਮਨੁੱਖੀ ਪਛਾਣ ਬਣਾਉਣ ਵਿੱਚ ਖ਼ੁਦ ਹੀ ਰੁਕਾਵਟ ਪੈਦਾ ਕਰ ਰਿਹਾ ਹੈ। ਜਿੱਥੇ ਇੱਕ ਪਾਸੇ ਨਾਰੀ ਚੇਤਨਾ ਤੋਂ ਸੱਖਣਾ ਨਾਰੀ ਸਮਾਜ ਸਦੀਆਂ ਪੁਰਾਣੀ ਮਿਲੀ ਗੁਲਾਮੀ ਵਿੱਚੋਂ ਚੇਤਨਾ ਦੀ ਕਮੀ ਕਰਕੇ ਨਹੀਂ ਉੱਭਰ ਸਕਿਆ, ਉੱਥੇ ਦੂਜੇ ਪਾਸੇ ਆਧੁਨਿਕ ਨਾਰੀ ਚੇਤਨਾ ਤੋਂ ਵਾਕਫ ਇਸਤਰੀ ਵੀ ਆਧੁਨਿਕ ਵਰਤਾਰਿਆਂ ਨੂੰ ਆਪਣੀ ਅਜ਼ਾਦੀ ਸਮਝ ਕੇ ਪੂੰਜੀਵਾਦੀ ਆਰਥਿਕ ਪ੍ਰਬੰਧ ਵਿੱਚ ਗਲੋਬਲ ਮੰਡੀ ਦੀ ਇੱਕ ਵਸਤੂ ਬਣ ਕੇ ਰਹਿ ਗਈ ਹੈ।
ਜਿੱਥੇ ਪਹਿਲਾਂ ਮਰਦ ਉੱਤੇ ਆਰਥਿਕ ਨਿਰਭਰਤਾ ਕਾਰਨ ਔਰਤ ਗੁਲਾਮ ਸੀ, ਅੱਜ ਆਰਥਿਕ ਸਵੈ-ਨਿਰਭਰਤਾ ਮਿਲਣ ਦੇ ਬਾਵਜੂਦ ਉਹ ਮਾਨਸਿਕ ਤੌਰ 'ਤੇ ਦੋਹਰੀ ਪੀੜ•ਾ ਹੰਢਾ ਰਹੀ ਹੈ, ਕਿਉਂਕਿ ਇਕੋ ਵੇਲੇ ਉਸ ਨੂੰ ਪਰਿਵਾਰਕ ਤੇ ਸਮਾਜਕ ਪੱਧਰ 'ਤੇ ਜੂਝਣਾ ਪੈਂਦਾ ਹੈ। ਮਨੁੱਖੀ ਸਮਾਜ ਦੇ ਮੁੱਢਲੇ ਪੜਾਅ ਤੋਂ ਲੈ ਕੇ ਅਜੋਕੇ ਦੌਰ ਤੱਕ ਇਸਤਰੀ ਨੂੰ ਮਨੁੱਖੀ ਪਛਾਣ ਨਹੀਂ ਮਿਲ ਸਕੀ। ਮਰਦ ਦੇ ਵਿਤਕਰੇ ਤੇ ਪੱਖਪਾਤੀ ਵਿਹਾਰ ਕਾਰਨ ਸਦੀਆਂ ਤੋਂ ਹੀ ਉਸ ਨੂੰ ਮਾਨਸਿਕ ਪੀੜਾ 'ਚੋਂ ਗੁਜ਼ਰਨਾ ਪੈ ਰਿਹਾ ਹੈ, ਜਦਕਿ ਅੱਜ ਸਮਝਣ ਤੇ ਮੰਨਣ ਦੀ ਲੋੜ ਹੈ, ਨਾਰੀ ਆਪਣੇ ਆਪ ਵਿੱਚ ਇੱਕ ਅਦਭੁੱਤ ਤੇ ਸਿਰਜਣਾਤਮਕ ਸ਼ਕਤੀ ਹੈ, ਜਿਸ ਤੋਂ ਬਿਨਾਂ ਮਨੁੱਖੀ ਹੋਂਦ ਤੇ ਸਮਾਜ ਦੀ ਸਿਰਜਣਾ ਤੇ ਵਿਕਾਸ ਨਹੀਂ ਹੋ ਸਕਦਾ।
ਸਦੀਆਂ ਤੋਂ ਦੱਬੀ ਭਾਰਤੀ ਨਾਰੀ ਨੂੰ ਇਨਸਾਫ਼ ਦਿਵਾਉਣ ਲਈ ਜਿੱਥੇ ਸਾਹਿੱਤਕ ਪੱਧਰ 'ਤੇ ਗੱਲ ਹੋਣੀ ਸ਼ੁਰੂ ਹੋਈ ਹੈ, ਉੱਥੇ ਵਿਹਾਰਕ ਪੱਧਰ 'ਤੇ ਵੀ ਹੋਣੀ ਲਾਜ਼ਮੀ ਹੈ, ਕਿਉਂਕਿ ਅਜੋਕੇ ਭਾਰਤੀ ਸਮਾਜ ਵਿੱਚ ਵਿਹਾਰਕ ਪੱਧਰ 'ਤੇ ਉਹੀ ਜੁੱਗਾਂ ਪੁਰਾਣੀ ਮਾਨਸਿਕਤਾ ਕਾਇਮ ਹੈ, ਜਿੱਥੇ ਜਨਮ ਸਮੇਂ ਕੁੜੀ ਨੂੰ ਗਲ ਘੁੱਟ ਕੇ ਜਾਂ ਜ਼ਹਿਰ ਦੇ ਕੇ ਮਾਰਨ ਦੀ ਗੱਲ ਸੀ, ਉਸ ਦੀ ਥਾਂ ਹੁਣ ਭਰੂਣ ਹੱਤਿਆ ਦੇ ਕੁਕਰਮ ਨੇ ਲੈ ਲਈ। ਅੱਜ ਵੀ ਦੇਵਦਾਸੀ ਤੇ ਦਰੋਪਤੀ ਆਦਿ ਪ੍ਰਥਾਵਾਂ ਦੇ ਜ਼ਾਲਮਾਨਾ ਰੂਪ ਤੇ ਬਲਾਤਕਾਰ ਅਤੇ ਭਰੂਣ ਹੱਤਿਆ ਜਿਹੇ ਘਿਨੌਣੇ ਕਰਮ ਇਸਤਰੀ ਜਾਤੀ ਲਈ ਗੁਲਾਮੀ ਦੇ ਚਿੰਨ੍ਹ ਹਨ। ਇਸ ਸੰਬੰਧੀ ਸਾਹਿਤ, ਸੰਵਾਦ ਤੇ ਅਮਲ ਰਾਹੀਂ ਸਮਾਜ ਨੂੰ ਜਾਗ੍ਰਿਤ ਕਰਨ ਦੀ ਲੋੜ ਹੈ। ਨਾਰੀ ਸਮਾਜ ਦੇ ਮਸਲੇ ਸਿਰਫ ਨਾਰੀ ਦੇ ਸੰਘਰਸ਼ ਦੇ ਰਾਹ 'ਤੇ ਤੁਰ ਕੇ ਮਰਦ ਵਿਰੋਧੀ ਰਵੱਈਆ ਅਖਤਿਆਰ ਕਰਕੇ ਹੱਲ ਨਹੀਂ ਹੋ ਸਕਦੇ। ਇੱਥੇ ਲੋੜ ਹੈ ਨਾਰੀ-ਪੁਰਸ਼ ਦੇ ਸਿਹਤਮੰਦ ਸੰਵਾਦ ਦੀ, ਕਿਉਂਕਿ ਦੋਵੇਂ ਇਕ ਦੂਜੇ ਦੇ ਪੂਰਕ ਹਨ ਅਤੇ ਸਮਾਜ ਦੇ ਵਿਕਾਸ ਦੇ ਸਿਰਜਣਾ ਲਈ ਦੋਵਾਂ ਨੂੰ ਇਕ ਦੂਸਰੇ ਨੂੰ ਸਮਝਣ ਦੀ ਲੋੜ ਹੈ। ਔਰਤ ਤੇ ਮਰਦ ਵਿਚਾਲੇ ਤਣਾਓ ਵਾਲੇ ਮਾਹੌਲ ਨੂੰ ਸਹਿਜ ਕਰਨ ਦੇ ਲਈ ਸਾਮੰਤਵਾਦੀ ਸਿਸਟਮ ਨੂੰ ਖਤਮ ਕਰਨ ਦੀ ਲੋੜ ਹੈ।

ਲੇਖਕ : ਕਰਮਜੀਤ ਕੌਰ ਕਿਸ਼ਾਵਲ ਹੋਰ ਲਿਖਤ (ਇਸ ਸਾਇਟ 'ਤੇ): 5
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :2387
ਲੇਖਕ ਬਾਰੇ
ਆਪ ਪੰਜਾਬ ਦੀ ਬਹੁ ਚਰਚੀਤ ਲੇਖਿਕਾ ਹੈ। ਆਪ ਕਵਿਤਾ ਅਤੇ ਵਾਰਤਕ ਦੇ ਨਾਲ ਸਾਹਿਤ ਸਿਰਜਨਾ ਕਰ ਰਹੇ ਹੋ। ਆਪ ਜੀ ਦੀ ਕਲਮ ਕੋਈ ਗੱਲ ਕਹਿਣ ਤੋਂ ਨਹੀ ਡਰਦੀ। ਆਪ ਜੀ ਦੀਆਂ ਰਚਨਾਵਾ ਵਿੱਚ ਪੰਜਾਬ ਅਤੇ ਮਨੁੱਖਤਾ ਲਈ ਪ੍ਰੇਮ ਝਲਕਦਾ ਹੈ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ