ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਨੋਟਬੰਦੀ ਨੇ ਮੋਦੀ ਮੋਦੀ ਕਰਵਾਤੀ ਘਰਾਂ ਵਿੱਚ।

ਨਵੰਬਰ 2016 ਨੂੰ ਇੱਕ ਰਾਤ ਜਨਤਾ ਦੇ ਨਾਮ ਆਪਣੇ ਸੰਦੇਸ਼ ਰਾਹੀ ਪ੍ਰਧਾਨ ਮੰਤਰੀ ਮੋਦੀ ਜੀ ਨੇ 50 ਅਤੇ 10 ਦੇ ਨੋਟਾਂ ਨੂੰ  ਬੰਦ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ। ਲੋਕ ਇਕ ਦਮ ਹਰਕਤ ਵਿੱਚ ਆ ਗਏ। ਅਮੀਰਾਂ ਤੇ ਕਾਲਾ ਧਨ ਰੱਖਣ ਵਾਲਿਆਂ ਦੇ ਹੋਸ਼ ਗੁੰਮ ਹੋ ਗਏ ਪਰ ਚੋਰ ਦੀ ਮਾਂ ਤਰਾਂ ਉਹ ਬੋਲੇ ਨਹੀ । ਕੁਸਕੇ ਨਹੀ । ਪਤਾ ਸੀ ਕੋਈ ਨਾ ਕੋਈ ਜੁਗਾੜ ਕਰਕੇ ਇਸ ਕਾਲੇ ਧਨ ਨੂੰ ਸਫੇਦ ਕਰ ਹੀ ਲਿਆ ਜਾਵੇਗਾ। ਕੋਈ ਵੀਹ ਤੀਹ ਪ੍ਰਤੀਸ਼ਤ ਦਾ ਨੁਕਸਾਨ ਹੀ ਹੋਵੇਗਾ। ਸਮੁੰਦਰ ਨੂੰ ਬੂੰਦ ਨਾਲ ਕੀ ਅਸਰ ਪੈੱਦਾ ਹੈ। ਜਿੰਨਾ ਕੋਲ ਹਜਾਰਾਂ ਕਰੋੜ ਪਿਆ ਸੀ ਉਹ ਤਾਂ ਜਵਾਂ ਹੀ ਨਹੀ ਕੁਸਕੇ। ਪਰ ਇਸ ਨਾਲ ਹੋਰ ਹੀ ਹੋਰ ਚਰਚਾ ਦਾ ਬਜਾਰ ਗਰਮ ਹੋ ਗਿਆ। ਆਮ ਲੋਕਾਂ ਨੂੰ ਗੱਲ ਬਾਤ ਕਰਨ ਦਾ ਮੁੱਦਾ ਮਿਲ ਗਿਆ। ਉਸ ਦਿਨ ਤੋ ਲੈ ਕੇ ਅੱਜ ਤੱਕ ਬੱਸ ਇਹਨਾ ਨੋਟਾਂ ਦੀ ਹੀ ਚਰਚਾ ਹੁੰਦੀ ਹੈ। ਹਰ ਗਲੀ ,ਨੁੱਕਰ, ਕਾਫੀ ਸ਼ਾਪ ਅਤੇ ਨਾਈ ਦੀ ਦੁਕਾਨ ਸਮੇਤ ਜਿੱਥੇ ਵੀ ਦੋ ਬੰਦੇ ਜੁੜਦੇ ਹਨ ਗੱਲ ਬਾਤ ਦਾ ਵਿਸ਼ਾ ਨੋਟਬੰਦੀ ਹੀ ਹੈ। ਅਣਪੜ੍ਹ ਲੋਕ ਵੀ ਪੂਰੇ ਅਰਥ ਸ਼ਾਸਤਰੀ ਬਣ ਗਏ ਹਨ। ਸੋਸ਼ਲ ਮੀਡੀਏ, ਵਟਸ ਐਪ ਤੇ ਖਬਰਾਂ ਸੁਣ ਸੁਣ ਕੇ ਹਰ ਕੋਈ ਲੰਬੇ ਚੋੜੇ ਲੈਕਚਰ ਦੇ ਰਿਹਾ ਹੈ। ਗੱਲ ਬਾਤ ਦੀ ਸੁਰੂਆਤ ਮੋਦੀ ਤੌ ਹੁੰਦੀ ਹੈ ਤੇ ਮੋਦੀ ਤੇ ਹੀ ਖਤਮ ਹੁੰਦੀ ਹੈ। 
ਇਸ ਨੋਟਬੰਦੀ ਦੀ ਮਾਰ ਹੇਠ ਸਭ ਤੋ ਜਿਆਦਾ ਗਰੀਬ ਲੋਕ ਮਜਦੂਰ ਅਤੇ ਨਿੱਤ ਦੀ ਤਾਜ਼ੀ ਕਮਾਕੇ ਖਾਣ ਵਾਲੇ ਲੋਕ ਆਏ ਹਨ। ਨੋਟਾਂ ਬਿਨਾ ਗੁਜਾਰਾ ਨਹੀ ਹੁੰਦਾ।ਨੋਟ ਮਿਲਦੇ ਨਹੀ ਹਨ। ਲੋਕਾਂ ਦੀਆਂ ਤਨਖਾਹਾਂ ਬੈਕ ਵਿੱਚ ਪਈਆਂ ਹਨ ਪਰ ਨਕਦੀ ਨਹੀ ਹੈ। ਗਰੀਬ ਲੋਕ ਬੈਕਾਂ ਵਿੱਚ ਘਟਿਆਂ ਬੱਧੀ ਲਾਈਨਾ ਲਾਕੇ ਖੜ੍ਹੇ ਰਹਿੰਦੇ ਹਨ ਪਰ ਜਦੋ ਉਹਨਾ ਦੀ ਵਾਰੀ ਆਉਂਦੀ ਹੈ ਤਾਂ ਬੈਕ ਵਿੱਚ ਕੈਸ਼ ਖਤਮ ਹੋ ਜਾਂਦਾ ਹੈ।ਕਈ ਲੋਕ ਸਵੇਰੇ ਹੀ ਸੂਰਜ ਚੜ੍ਹਣ ਤੌ ਪਹਿਲਾ ਹੀ ਬੈਕਾਂ ਮੂਹਰੇ ਖੜ੍ਹ ਜਾਂਦੇ ਹਨ। ਪਰ ਬੈਕ ਵਲੋ ਦੋ ਦੋ ਹਜਾਰ ਦੇ ਨੋਟ ਦਿੱਤੇ ਜਾਂਦੇ ਹਨ।ਜੋ ਉਸ ਤੌ ਵੀ ਭਾਰੀ ਮਸੀਬਤ ਹੈ । ਦੋ ਕਿਲੋ ਆਟੇ ਲਈ ਕੋਈ ਦੋ ਹਜਾਰ ਦਾ ਨੋਟ ਖੁੱਲ੍ਹਾ ਨਹੀ ਦਿੰਦਾ।ਕਰਿਆਣੇ ਵਾਲਾ ਸਬਜੀ ਵਾਲਾ ਮੋਚੀ ਦੁੱਧ ਵਾਲਾ ਰਿਕਸੇ ਵਾਲਾ ਖੁ੍ਹਲੇ ਪੈਸੇ ਮੰਗਦਾ ਹੈ।ਕਈ ਲੋਕ ਨੋਟਬੰਦੀ ਕਰਕੇ ਰੋਟੀ ਤੋ ਵੀ ਤੰਗ ਹਨ। ਲੋਕ ਇਲਾਜ ਨਹੀ ਕਰਵਾ ਪਾ ਰਹੇ। ਕਈ ਜਗਾ੍ਹ ਤਾਂ ਮੁਰਦੇ ਦਾ ਸੰਸਕਾਰ ਕਰਨ ਵਿੱਚ ਪ੍ਰੇਸਾਨੀ ਆਈ ਹੈ। ਇੱਥੇ ਹੀ ਬੱਸ ਨਹੀ ਜਿੰਨਾ ਦੇ ਘਰੇ ਇੰਨਾ ਦਿਨਾਂ ਵਿੱਚ ਵਿਆਹ ਹੈ ਉਹ ਲੋਕ ਭਾਰੀ ਮੁਸਕਿਲ ਵਿੱਚ ਹਨ। ਹਲਵਾਈ, ਵੇਟਰ , ਦਰਜੀ, ਟੈਂਟਵਾਲੇ ਬੈਡਵਾਲੇ ਸਭ ਨਕਦ ਪੈਸੇ ਮੰਗਦੇ ਹਨ। ਹੋਰ ਤਾਂ ਹੋਰ ਨੱਚਦਿਆਂ ਉਪਰ ਵਾਰਨੇ ਕਰਨ ਨੂੰ ਵੀ ਪੈਸ਼ਾ ਨਹੀ। ਫਿਰ ਲੋਕ ਹਰ ਗੱਲ ਤੇ  ਮੋਦੀ ਮੋਦੀ ਦੀ ਹੀ ਗੱਲ ਕਰਦੇ ਹਨ। 
ਕਦੇ ਕਦੇ ਕੋਈ ਨਾ ਕੋਈ ਖਬਰ ਆਉੰਦੀ ਹੈ ਇੰਨੇ ਹਜਾਰ ਕਰੋੜ ਦਾ ਕਾਲਾ ਧਨ ਫੜਿਆ ਗਿਆ। ਫਲਾਣੇ ਲੀਡਰ ਕੋਲੋ ਇੰਨਾ ਪੈਸਾ ਮਿਲਿਆ ਹੈ । ਉਸ ਡਾਕਟਰ ਨੇ ਇੰਨੇ ਕਰੋੜ ਪਾਣੀ ਦੀ ਟੈਕੀ ਵਿੱਚ ਰੱਖਿਆ ਸੀ। ਉਸ ਵਿਉਪਾਰੀ ਕੋਲੋ ਇੰਨੇ ਕਰੋੜ ਦੇ ਨਵੇ ਨੋਟ ਮਿਲੇ ਹਨ।ਫਲਾਣੀ ਕਾਰ ਵਿੱਚੋ ਇੰਨੇ ਕਰੋੜ ਮਿਲੇ। ਫਲਾਣੇ  ਹੋਟਲ ਵਿੱਚ ਪੁਰਾਣੇ ਨੋਟਾਂ ਬਦਲੇ ਨਵੇ ਨੋਟ ਬਦਲਦੇ ਹੋਏ ਇੰਨੇ ਲੋਕ ਗਿਰਫਤਾਰ ਹੋਏ ਦੀਆਂ ਖਬਰਾਂ ਲੋਕ ਚਟਕਾਰੇ ਲਾ ਲਾ ਕੇ ਸੁਣਾਉਂਦੇ ਹਨ। ਇਹ ਸੱਚੀਆਂ ਝੂਠੀਆਂ ਖਬਰਾਂ ਲੋਕਾਂ ਨੂੰ ਬਹੁਤ ਸਕੂਨ ਦਿੰਦੀਆਂ ਹਨ। ਗਰੀਬ ਲੋਕਾਂ ਨੂੰ ਇਉ ਲੱਗਦਾ ਹੈ ਕਿ ਬੱਸ ਹੁਣ ਸਾਰੇ ਅਮੀਰ ਤੇ ਕਾਲੇ ਧਨ ਦੇ ਮਾਲਿਕ ਦਿਨਾਂ ਵਿੱਚ ਹੀ ਖਤਮ ਹੋ ਜਾਣਗੇ।ਤੇ ਉਹਨਾ ਦੇ ਖਾਤਿਆਂ ਵਿੱਚ ਪੰਦਰਾਂ ਪੰਦਰਾਂ ਲੱਖ ਆਇਆ ਹੀ ਸਮਝੋ।ਹਾਂ ਉਹਨਾ ਦੀ ਸੋਚ ਕੁਝ ਹੱਦ ਤੱਕ ਤਾਂ ਠੀਕ ਹੈ ਪਰ ਇਹ ਇੰਨਾ ਸੋਖਾ ਨਹੀ। ਜਨਧੰਨ ਖਾਤਿਆਂ ਵਿੱਚ ਜਰੂਰ ਬੇਨਾਮੀ ਰਕਮ ਜਮਾਂ ਹੋਈ ਹੈ।  ਮੌਜੂਦਾ ਦੋਰ ਵਿੱਚ ਗਰੀਬਾਂ ਨੂੰ ਹੀ ਭਾਰੀ ਦਿੱਕਤਾਂ ਹਨ। ਕੋਈ ਧਨਾਡ ਜਾ ਲੀਡਰ ਬੈਕ ਦੀ ਲਾਇਨ ਵਿੱਚ ਨਹੀ ਲੱਗਿਆ। ਗਰੀਬਾਂ ਦੀ ਦਿਹਾੜੀ ਉਸੇ ਦਿਨ ਤੌ ਖੁੱਟ ਰਹੀ ਹੈ। ਬਾਜਾਰਾਂ ਵਿੱਚ ਪੂਰੀ ਮੰਦੀ ਹੈ। ਸੁੰਨੇ ਪਏ ਹਨ ਬਾਜਾਰ। ਕਾਰੋਬਾਰ ਖਤਮ ਹੋਣ ਦੇ ਕਿਨਾਰੇ ਹਨ। ਲੋਕ ਹੇ ਮੋਦੀ ਤੇ ਹਏ ਮੋਦੀ ਦਾ ਰਾਗ ਅਲਾਪ  ਰਹੇ ਹਨ।
ਇਸ ਨੋਟ ਬੰਦੀ ਨੇ ਅੋਰਤਾਂ ਤੇ ਇੱਕ ਹੋਰ ਜੁਲਮ ਕੀਤਾ ਹੈ । ਉਹਨਾ ਦੀਆਂ ਸਾਲਾਂ ਦੀਆਂ ਗੋਝੀਆਂ ਪਲਾਂ ਵਿੱਚ ਜਗ ਜਾਹਿਰ ਕਰ ਦਿੱਤੀਆਂ ਹਨ। ਸੁਗੜ ਤੇ ਸਿਆਣੀਆਂ ਅੋਰਤਾਂ ਸੰਕਟਕਾਲੀਨ ਸਮੇ ਲਈ ਕੁਝ ਪੈਸੇ ਜੋੜ ਕੇ ਰੱਖਦੀਆਂ ਆਈਆਂ ਹਨ।ਜਿਸ ਨੂੰ ਗੋਝੀ ਆਖਦੇ ਹਨ।ਇਹ ਸਾਡੀਆਂ ਦਾਦੀਆਂ ਪੜਦਾਦੀਆਂ ਵੇਲੇ ਤੋ ਚਲਿਆ ਆ ਰਿਹਾ ਹੈ। ਘਰੇਲੂ ਲੋੜ ਸਮੇ ਇੰਨਾ ਅੋਰਤਾਂ ਦੇ ਜ਼ੋੜੇ ਪੈਸਿਆਂ ਨਾਲ ਕਈ ਬੁੱਤੇ ਸਾਰੇ ਜਾਂਦੇ ਸਨ। ਮੋਦੀ ਦੀ ਇਸ ਨੋਟਬੰਦੀ ਨੇ ਅੋਰਤਾਂ ਦੇ ਇਸ ਗੁਪਤ ਖਜਾਨੇ ਦਾ ਵੀ ਭਾਂਡਾਭੰਨ ਦਿੱਤਾ। ਇਸ ਨਾਲ ਜਿੱਥੇ ਇਹ ਅੋਰਤਾਂ ਵੱਧ ਦੁਖੀ ਹਨ ਮਰਦ ਸਮਾਜ ਡਾਹਦਾ ਖੁਸ਼ ਹੈ। ਤੇ ਔਰਤਾਂ ਵਿਚਾਰੀਆਂ ਮੋਦੀ ਨੂੰ ਕੋਸਦੀਆਂ ਨਜਰ ਆਉਦੀਆਂ ਹਨ। ਜਿੰਨਾ ਨੇ ਕਦੇ ਮੋਦੀ ਦਾ ਨਾਮ ਵੀ ਨਹੀ ਸੀ ਸੁਣਿਆ ਉਹ ਵੀ ਮੋਦੀ ਤੇ ਤਵਾ ਲਾਉਂਦੀਆਂ ਹਨ। 
ਕਈ ਅਖੋਤੀ ਬੁਧੀਜੀਵੀਆਂ ਨੇ ਮੋਦੀ ਦੀ ਤੁਲਣਾ ਮੁਗਲ ਬਾਦਸਾਹ ਮੁੰਹਮਦ ਤੁਗਲਕ ਨਾਲ ਕੀਤੀ ਹੈ ਕਿਉਕਿ ਉਸਨੇ ਵੀ ਕਰੰਸੀ ਸਿੱਕੇ ਬਦਲਣ ਦਾ ਇਤਿਹਾਸਿਕ ਕੰਮ ਕੀਤਾ ਸੀ।ਪਰ ਉਸ ਵੇਲੇ  ਤੇ ਹੁਣ ਦੇ ਹਾਲਾਤਾਂ ਦਾ ਜਮੀਨ ਆਸਮਾਨ ਦਾ ਫਰਕ ਹੈ। ਹੁਣ ਦੀ ਨੋਟਬੰਦੀ ਸਮੇ ਦੀ ਮੰਗ ਸੀ। ਕਾਲੇ ਧਨ , ਡੁਪਲੀਕੇਟ ਤੇ ਜਾਅਲੀ ਕਰੰਸੀ ਨੇ ਦੇਸ਼ ਦੀ ਅਰਥ ਵਿਵਸਥਾ ਨੂੰ ਬਹੁਤ ਢਾਅ ਲਾਈ ਹੋਈ ਸੀ। ਫਿਰ ਵੀ ਚਾਹੇ ਸਾਡਾ ਪੈਂਡੂ ਤੇ ਗਰੀਬ ਤਬਕਾ ਕਿੰਨਾ ਵੀ ਦੁਖੀ ਕਿਉਂ ਨਾ ਹੋਵੇ ਪੂਰੀ ਤਰਾਂ ਮੋਦੀ ਜੀ ਦੇ ਇਸ ਫੈਸਲੇ ਦੇ ਨਾਲ ਹੀ ਹੈ। ਸਾਰਾ ਦੇਸ਼ ਹੀ ਸਹਿਮਤ ਹੈ। ਇਸ ਨੋਟ ਬਦਲਣ ਦੀ ਪ੍ਰਕਿਰਿਆ ਦੀਆਂ ਊਣਤਾਈਆਂ ਦੇ ਬਾਵਜੂਦ ਵੀ ਲੋਕਾਂ ਦੀ  ਚੰਗੇ ਦਿਨਾਂ ਦੀ ਉਮੀਦ ਖਤਮ ਨਹੀ ਹੋਈ। ਇਹ  ਘਰ ਘਰ ਮੋਦੀ ਦਾ ਨਾਅਰਾ ਤਾਂ ਘਰ ਘਰ ਪਾਹੁੰਚ ਗਿਆ ਹੈ ਤੇ ਇਸੇ ਤਰਾਂ ਨੋਟਬੰਦੀ ਨੇ ਘਰ ਘਰ ਮੋਦੀ ਦੀ ਚਰਚਾ ਕਰਵਾ ਦਿੱਤੀ ਹੈ। 

ਲੇਖਕ : ਰਮੇਸ਼ ਸੇਠੀ ਬਾਦਲ ਹੋਰ ਲਿਖਤ (ਇਸ ਸਾਇਟ 'ਤੇ): 54
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1976
ਲੇਖਕ ਬਾਰੇ
ਆਪ ਜੀ ਇੱਕ ਕਹਾਣੀਕਾਰ ਵਜੋਂ ਪੰਜਾਬੀ ਸਾਹਿਤ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹੋ। ਆਪ ਜੀ ਦਾ ਪਹਿਲਾ ਕਹਾਣੀ ਸੰਗ੍ਰਿਹ "ਇੱਕ ਗਧਾਰੀ ਹੋਰ" ਬਹੁ ਪ੍ਰਚਲਤ ਹੋਇਆ ਹੈ। ਆਪ ਜੀ ਦੀਆਂ ਰਚਨਾਵਾ ਅਕਸਰ ਅਖਬਾਰਾ ਵਿੱਚ ਛਾਪਦੀਆ ਰਹਿੰਦੀਆ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਵਿਸ਼ਵ ਪੰਜਾਬੀ ਕਾਨਫ਼ਰੰਸ 2017