ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਪੰਜਾਬ ਚ ਪਾਣੀ ਦੀ ਸਮੱਸਿਆ

ਪਾਣੀ ਵਾਹਿਗੁਰੂ ਵੱਲੋਂ ਬਖ਼ਸ਼ੀ ਅਨਮੋਲ ਦਾਤ ਹੈ, ਇਸ ਦਾ ਵਰਨਣ ਗੁਰੂ ਸਾਹਿਬਾਨਾਂ ਨੇ ਬਾਣੀ ਦੇ ਵਿਚ ਵੀ ਖੋਲ੍ਹ ਕੇ ਕੀਤਾ ਹੋਇਆ ਹੈ। ਪਰ ਜੋ ਅੱਜ ਦੇ ਹਾਲਾਤ ਨੇ ਇਹ ਵੀ ਕਿਸੇ ਤੋਂ ਗੁੱਝੇ ਨਹੀਂ ਹਨ। ਦੇਸ਼ ਦੇ ਕਈ ਰਾਜਾਂ ਵਿੱਚ ਸੋਕੇ ਜਿਹੇ ਹਾਲਾਤਾਂ ਨੇ ਮਨੁਖਤਾ ਨੂੰ ਫਿਕਰਾਂ ਦੇ ਵਿੱਚ ਪਾਇਆ ਹੋਇਆ ਹੈ। ਪਰ ਕੀ ਅਸੀਂ ਇਸ ਦੀ ਸੰਭਾਲ ਲਈ ਦਿਲੋਂ ਸੰਜੀਦਾ ਵੀ ਹਾਂ? ਇਸ ਦਾ ਜਵਾਬ ਸਹਿਜੇ ਹੀ ਮਿਲ ਜਾਂਦਾ ਹੈ ਕਿ ਨਹੀਂ।
ਕੋਈ ਸਮਾਂ ਸੀ ਜਦੋਂ ਰਫਾ ਹਾਜਤ ਲਈ ਇਕ ਲੋਟਾ (ਬੋਤਲ) ਪਾਣੀ ਲੈ ਕੇ ਖੇਤਾਂ ਦੇ ਵਿੱਚ ਜਾਂਦੇ ਸਾਂ, ਇਕ ਗੜਵੀ ਪਾਣੀ ਦੀ ਲੈ ਕੇ ਦਾਤਣ ਜਾਂ ਸਮੇਂ ਦੇ ਨਾਲ ਬੁਰਸ਼ ਕਰ ਲੈਂਦੇ ਸਾਂ। ਉਨ੍ਹਾਂ ਸਮਿਆਂ ਦੇ ਵਿੱਚ ਐਸੀ ਪਾਣੀ ਦੀ ਕਿੱਲਤ ਵਾਲੀ ਕੋਈ ਗੱਲ ਵੀ ਨਹੀ ਸੀ। ਪਰ ਅੱਜ ਇਨ੍ਹਾਂ ਗੱਲਾਂ ਵੱਲ ਅਤਿਅੰਤ ਧਿਆਨ ਦੇਣ ਦੀ ਲੋੜ ਹੈ, ਪਰ ਕੋਈ ਧਿਆਨ ਦਿੰਦਾ ਨਹੀਂ। ਕਦੇ ਨਲਕੇ ਲਗਾਉਣ ਲਈ ਸਿਰਫ਼ 50 ਜਾਂ 60 ਫੁੱਟ ਬੋਰ ਕਰਕੇ ਵਧੀਆ ਪੀਣ ਵਾਲਾ ਪਾਣੀ ਨਿਕਲ ਆਉਂਦਾ ਸੀ। ਪਰ ਅੱਜ 300/400 ਫੁੱਟ ਥੱਲੇ ਜਾ ਕੇ ਵੀ ਪਾਣੀ ਨਹੀਂ ਲੱਭ ਰਿਹਾ ਹੈ। ਜਿਹੋ ਜਿਹਾ ਮਨੁੱਖ ਦਿਨੋਂ ਦਿਨ ਹੋ ਰਿਹਾ ਹੈ, ਵਾਹਿਗੁਰੂ ਵੀ ਓਸਾ ਹੀ ਹੋ ਰਿਹਾ ਹੈ। ਅੱਜ ਅਸੀ ਫਾਲਤੂ ਪਾਣੀ ਡੋਲਣ ਨੂੰ ਆਪਣੀ ਬਹਾਦਰੀ ਸਮਝਦੇ ਹਾਂ। ਵੇਖਿਆ ਜਾਂਦਾ ਹੈ ਕਿ ਇਕ ਇੰਚੀ ਦੀ ਪਾਈਪ ਲਾ ਕੇ ਕਾਰਾਂ ਧੋਣੀਆਂ, ਐਵੇਂ ਮਤਲਬ ਤੋਂ ਬਿਨਾ ਹੀ ਘਰਾਂ ਦੇ ਮੂਹਰੇ ਪਾਣੀ ਦਾ ਛਿੜਕਾਅ ਕਰਨਾ, ਬਗੀਚੀਆਂ ਨੂੰ ਫਾਲਤੂ ਪਾਣੀ ਦੇਣੀ ਜਾਣਾ, ਹੋਰ ਤਾਂ ਹੋਰ ਬੁਰਛ ਕਰਨ ਲੱਗਿਆਂ ਘੱਟੋ ਘੱਟ 10 ਲੀਟਰ ਪਾਣੀ ਡੋਲਣਾਂ ਅੱਜ ਹਰ ਇਕ ਦੀ ਆਦਤ ਬਣ ਚੁੱਕੀ ਹੈ, ਫਲੱਸ਼ ਦੇ ਬਾਥਰੂਮ ਕਰਨ ਵੇਲੇ ਵੀ ਘੜੀ ਘੜੀ ਪਾਣੀ ਛੱਡ ਦੇਣਾ ਜੋ ਕਿ ਇਕ ਵਾਰ ਟੈਂਕ ਚੋਂ ਪਾਣੀ ਛੱਡਣ ਤੇ ਘੱਟੋ ਘੱਟ 8 ਲੀਟਰ ਪਾਣੀ ਡੋਲਿਆ ਜਾਂਦਾ ਹੈ, ਇਸ ਨੂੰ ਅਸੀਂ ਆਪਣੀ ਸ਼ਾਨ ਸਮਝਦੇ ਹਾਂ। ਪਾਣੀ ਦੀ ਕੀਮਤ ਉਨ੍ਹਾਂ ਰਾਜਾਂ ਨੂੰ ਪੁੱਛ ਵੇਖੋ, ਜਿੱਥੇ ਸੋਕਾ ਗ੍ਰਸਤ ਰਾਜ ਐਲਾਨੇ ਜਾ ਚੁੱਕੇ ਹਨ, 4-4 ਘੰਟੇ ਲਾਈਨ ਦੇ ਵਿੱਚ ਖੜ੍ਹਕੇ 10 ਲੀਟਰ ਪਾਣੀ ਦੀ ਵਾਰੀ ਆਉਂਦੀ ਹੈ, ਜਾਂ ਚਾਰ ਘੰਟੇ ਖੜ੍ਹਨ ਤੋਂ ਬਾਅਦ ਜਦੋਂ ਤੁਹਾਡੀ ਵਾਰੀ ਆਵੇ ਤਾਂ ਟੈਂਕ ਵਿੱਚੋਂ ਪਾਣੀ ਖਤਮ ਹੋ ਜਾਵੇ ਤਾਂ ਫਿਰ ਤੁਹਾਡੇ ਤੇ ਕੀ ਬੀਤੇਗੀ ? ਇਸ ਦਾ ਅੰਦਾਜ਼ਾ ਹਰ ਇਕ ਇਨਸਾਨ ਹੀ ਲਾ ਸਕਦਾ ਹੈ। ਆਮ ਹੀ ਲੋਕ ਗਰਮੀਆਂ ਦੇ ਸੀਜਨ ਦੇ ਵਿਚ ਪਹਾੜੀ ਇਲਾਕਿਆਂ ਲਈ ਨਿਕਲ ਜਾਂਦੇ ਹਨ, ਇਸ ਵਾਰ ਮੈਨੂੰ ਵੀ 13-14-15-16 ਮਈ ਨੂੰ ਚਾਰ ਦਿਨ ਪਹਾੜੀ ਇਲਾਕੇ, (ਚਿੰਤਪੁਰਨੀ, ਜਵਾਲਾ ਜੀ, ਕਾਂਗੜਾ ਤੇ ਚਮੁੰਡਾ ਜੀ) ਜਾਣ ਦਾ ਸੁਭਾਗ ਪ੍ਰਾਪਤ ਹੋਇਆ। ਪਰ ਉੱਥੇ ਜਾਕੇ ਮੈਦਾਨੀ ਇਲਾਕੇ ਨਾਲੋਂ ਜ਼ਿਆਦਾ ਗਰਮੀ ਸੀ। ਸਾਰੇ ਹੀ ਚੋਅ ਜਾਂ ਨਦੀਆਂ ਸੁੱਕੀਆਂ ਸਨ। ਅੰਤਾਂ ਦੀ ਗਰਮੀ ਨਾਲ ਹਾਲੋ ਬੇਹਾਲ ਹੋਏ ਲੋਕ ਲੰਮੀਆਂ-ਲੰਮੀਆਂ ਲਾਈਨਾਂ ਲਾ ਕੇ ਆਪਣੀ ਆਸਥਾ ਲਈ ਮਾਤਾ ਜੀ ਦੇ ਦਰਸ਼ਨ ਕਰਨ ਲਈ ਘੰਟਿਆਂ ਬੱਧੀ ਖੜ੍ਹੇ ਰਹੇ। ਸੰਗਰਾਂਦ, ਸ਼ਨੀਵਾਰ ਤੇ ਐਤਵਾਰ ਦੀ ਛੁੱਟੀ ਕਰਕੇ ਬਹੁਤ ਹੀ ਜ਼ਿਆਦਾ ਭੀੜ ਨੇ ਜਿਵੇਂ ਕਿ ਸਾਵਣ ਮਹੀਨੇ ਵਿੱਚ ਮੇਲੇ ਦਾ ਰੂਪ ਧਾਰਨ ਕੀਤਾ ਹੋਇਆ ਸੀ। ਛੋਟੇ ਬੱਚਿਆਂ ਤੇ ਵੱਡਿਆਂ ਦਾ ਪਾਣੀ ਖੁਣੋ ਅੰਤਾਂ ਦਾ ਬੁਰਾ ਹਾਲ ਹੋ ਰਿਹਾ ਸੀ। ਮੈਦਾਨੀ ਇਲਾਕਿਆਂ ਨਾਲੋਂ ਵੀ ਤਪਸ ਜ਼ਿਆਦਾ ਸੀ। ਕੀ ਹਾਲ ਹੋਵੇਗਾ ਆਉਣ ਵਾਲੇ ਸਮਿਆਂ ਵਿੱਚ ਜੇਕਰ ਅੱਜ ਵੀ ਅਸੀਂ ਆਪਣੇ ਕਰਤੱਵ ਤੋਂ ਮੂੰਹ ਮੋੜਿਆ। ਗੱਲਾਂ ਕਰਨ ਵਾਲੇ ਤਾਂ ਇਹ ਵੀ ਕਹਿ ਰਹੇ ਸਨ ਕਿ ਆਉਣ ਵਾਲੇ ਸਮੇਂ ਵਿੱਚ ਮਾਪਿਆਂ ਸਾਹਮਣੇ ਬੱਚਿਆਂ ਨੂੰ ਪਾਣੀ ਦੀ ਬੂੰਦ ਤੱਕ ਨਹੀਂ ਮਿਲਣੀ। ਬੱਚੇ ਮਾਪਿਆਂ ਦੇ ਸਾਹਮਣੇ ਤੜਪ-ਤੜਪ ਕੇ ਮਰਨਗੇ। ਐਸੇ ਭਿਆਨਕ ਸਮੇਂ ਵਾਹਿਗੁਰੂ ਕਿਸੇ ਤੇ ਕਦੇ ਵੀ ਨਾ ਲਿਆਵੇ, ਪਰ ਆਪਾਂ ਨੂੰ ਵੀ ਆਪਣੇ ਫ਼ਰਜ਼ਾਂ ਤੇ ਮੁਨਕਰ ਨਹੀ ਹੋਣਾ ਚਾਹੀਦਾ। ਪਾਣੀ ਦੀ ਬੂੰਦ-ਬੂੰਦ ਬਚਾਈ ਕਿਸੇ ਲਾਚਾਰ ਨੂੰ ਜਿੰਦਗੀ ਬਖਸ਼ਣ ਵਿੱਚ ਸਹਾਈ ਹੋ ਸਕਦੀ ਹੈ ਪਰ ਅੱਜ ਹਰ ਘਰ ਦੇ ਵਿੱਚ ਇੰਨ੍ਹਾਂ ਗੱਲਾਂ ਤੋਂ ਲੜਾਈਆਂ ਪੈਂਦੀਆਂ ਹਨ, ਜੇਕਰ ਕੋਈ ਸਿਆਣਾ ਬੰਦਾ ਬੱਚਿਆਂ ਨੂੰ ਫਾਲਤੂ ਪਾਣੀ ਡੋਲਣ ਤੋਂ ਵਰਜਦਾ ਹੈ ਤਾਂ ਕਿਹਾ ਜਾਂਦਾ ਹੈ ਕਿ ਛੱਡੋ ਜੀ ਸਾਰੀ ਦੁਨੀਆਂ ਦੇ ਨਾਲ ਹੀ ਹਾਂ, ਜਿਵੇਂ ਲੋਕਾਂ ਨਾਲ ਬੀਤੇਗੀ ਉਹੀ ਸਾਡੇ ਨਾਲ ਹੋਵੇਗਾ। ਪਰ ਦੋਸਤੋ ਇੱਥੇ ਹੀ ਅਸੀ ਗਲਤ ਹੋ ਜਾਨੇ ਆਂ, ਕਿਉਂਕਿ ਹੋ ਸਕਦਾ ਹੈ ਕਿ ਸਾਰੇ ਲੋਕ ਪਹਿਲਾਂ ਹੀ ਆਪਣਾ ਫ਼ਰਜ਼ ਸਮਝ ਕੇ ਪਾਣੀ ਦੀ ਬੱਚਤ ਕਰਦੇ ਹੋਣ ਤੇ ਆਪਾਂ ਹੀ ਲੇਟ ਹੋਈਏ। ਕਹਿਣ ਤੋਂ ਭਾਵ ਕਿ ਕਿਉਂ ਨਾ ਆਪਾਂ ਆਪਣੇ ਘਰ ਤੋਂ ਹੀ ਪਾਣੀ ਬੱਚਤ ਦੀ ਸ਼ੁਰੂਆਤ ਕਰੀਏ ਤਾਂ ਕਿ ਸੋਕਾ ਗ੍ਰਸਤ ਇਲਾਕਿਆਂ ਨੂੰ ਵੀ ਜ਼ਿੰਦਗੀ ਜੀਣ ਲਈ ਪਾਣੀ ਮਿਲ ਸਕੇ। ਐਸੇ ਨੇਕ ਕੰਮਾਂ ਵਿੱਚ ਬਿਲਕੁਲ ਦੇਰ ਨਾ ਕਰੀਏ, ਆਉਣ ਵਾਲੇ ਭਿਆਨਕ ਸਮੇਂ ਤੋਂ ਬਚਣ ਲਈ ਇਸ ਪਾਣੀ ਦੀ ਬੂੰਦ-ਬੂੰਦ ਨੂੰ ਸੰਭਾਲਣ ਦਾ ਅੱਜ ਤੋਂ ਹੀ ਤੋਹੱਈਆ ਕਰੀਏ। ਗੁਰੂ ਸਾਬਿਾਨਾਂ ਦੀ ਬਾਣੀ ਮਨੁੱਖਤਾ ਲਈ ਚਾਨਣ ਮੁਨਾਰਾ ਹੈ, “ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ’’ ਦੇਰ ਆਏ ਦਰੁਸਤ ਆਏ ਦੇ ਮਹਾਂ ਵਾਕਾਂ ਅਨੁਸਾਰ ਅੱਜ ਤੋਂ ਹੀ ਨਹੀਂ ਹੁਣੇ ਤੋਂ ਹੀ ਆਪਾਂ ਇਸ ਤੇ ਅਮਲ ਕਰਕੇ ਬਹੁਤ ਅਨਮੋਲ ਜ਼ਿੰਦਗੀਆਂ ਨੂੰ ਮੌਤ ਦੇ ਮੂੰਹ ਵਿੱਚੋਂ ਬਚਾ ਸਕਦੇ ਹਾਂ, ਜੋ ਕਿ ਮਨੁੱਖਤਾ ਦਾ ਪਹਿਲਾ ਫ਼ਰਜ਼ ਵੀ ਹੈ।

ਲੇਖਕ : ਜਸਵੀਰ ਸ਼ਰਮਾ ਦੱਦਾਹੂਰ ਹੋਰ ਲਿਖਤ (ਇਸ ਸਾਇਟ 'ਤੇ): 39
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :3188
ਲੇਖਕ ਬਾਰੇ
ਆਪ ਜੀ ਦੇ ਲੇਖ ਪੰਜਾਬੀ ਅਖਬਾਰਾ ਵਿੱਚ ਆਮ ਛਪਦੇ ਰਹਿੰਦੇ ਹਨ। ਆਪ ਜੀ ਪੰਜਾਬੀ ਸੱਭਿਆਚਾਰ ਅਤੇ ਲੋਕ ਧਾਰਾਈ ਚਿਨ੍ਹਾ ਦੀ ਪਛਾਨਦੇਹੀ ਕਰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ