ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਪੰਜਾਬੀ ਇਕ ਸਨਾਤਨੀ ਭਾਸ਼ਾ

ਸੰਨ 2004 ਵਿਚ ਭਾਰਤ ਸਰਕਾਰ ਵੱਲੋਂ ਤਮਿਲ ਭਾਸ਼ਾ ਨੂੰ ਸਨਾਤਨੀ (ਕਲਾਸੀਕਲ) ਭਾਸ਼ਾ ਦਾ ਦਰਜਾ ਪ੍ਰਦਾਨ ਕੀਤਾ ਗਿਆ ਅਤੇ ਇਕ ਸਾਲ ਬਾਦ ਸੰਸਕਿ੍ਰਤ ਨੂੰ ਵੀ ਇਸ ਸੂਚੀ ਵਿਚ ਸ਼ਾਮਲ ਕਰ ਲਿਆ ਗਿਆ । ਇਸ ਤੋਂ ਬਾਅਦ 2008 ਵਿਚ ਕੰਨੜ ਅਤੇ ਤੇਲਗੂ ਭਾਸ਼ਾਵਾਂ ਨੂੰ ਵੀ ਇਹ ਦਰਜਾ ਸਰਕਾਰੀ ਰੂਪ ਵਿਚ ਦੇ ਦਿੱਤਾ ਗਿਆ । ਇਹਨਾਂ ਭਾਸ਼ਾਵਾਂ ਨੂੰ ਸਨਾਤਨੀ ਭਾਸ਼ਾਵਾਂ ਤੈਅ ਕਰਨ ਲਈ ਇਹ ਕਸਵੱਟੀਆਂ ਰੱਖੀਆਂ ਗਈਆਂ :
ੳ) ਇਸਦੀਆਂ ਪਹਿਲੀਆਂ ਲਿਖਤਾਂ ਜਾਂ ਅੰਕਿਤ ਇਤਿਹਾਸ 1500 ਤੋਂ 2000 ਸਾਲ ਪੁਰਾਣਾ ਹੋਵੇ ।
ਅ) ਅਜਿਹੇ ਪੁਰਾਤਨ ਸਾਹਿਤ$ਲਿਖਤਾਂ (ਟੈਕਸਟ) ਦੀ ਹੋਂਦ ਜੋ ਅਗਲੀਆਂ ਪੀੜ੍ਹੀਆਂ ਲਈ ਕੀਮਤੀ ਵਿਰਸਾ ਹੋਣ ।
ੲ) ਸਾਹਿਤਕ ਪਰੰਪਰਾ ਮੌਲਿਕ ਹੋਵੇ ਅਤੇ ਕਿਸੇ ਦੂਜੇ ਭਾਸ਼ਾਈ ਸਮੂਹ ਤੋਂ ਪ੍ਰਾਪਤ ਨਾ ਕੀਤੀ ਗਈ ਹੋਵੇ।
ਸ) ਸਨਾਤਨੀ ਭਾਸ਼ਾ ਅਤੇ ਸਾਹਿਤ ਆਧੁਨਿਕ ਰੂਪਾਂ ਨਾਲੋਂ ਵੱਖਰਾ ਹੋਣ ਕਰਕੇ ਸਨਾਤਨੀ ਭਾਸ਼ਾ ਅਤੇ ਇਸਦੇ ਪਿਛਲੇਰੇ
ਰੂਪਾਂ ਜਾਂ ਸ਼ਾਖਾਵਾਂ ਵਿਚਕਾਰ ਪਾੜ ਵੀ ਹੋ ਸਕਦਾ ਹੈ ।
ਜੇ ਵਿਗਿਆਨਕ ਅਧਾਰ ਤੇ ਵੇਖਿਆ ਜਾਵੇ ਤਾਂ ਭਾਸ਼ਾਵਾਂ ਨੂੰ ਸਨਾਤਨੀ ਤੇ ਗੈਰਸਨਾਤਨੀ ਵਰਗਾਂ ਵਿਚ ਵੰਡਣਾਂ ਕਈ ਕਾਰਣਾਂ ਕਰਕੇ ਠੀਕ ਨਹੀਂ ਹੈ ।ਕਿਸੇ ਭਾਸ਼ਾ ਦਾ ਨਵਾਂ ਜਾਂ ਪੁਰਾਣਾ ਹੋਣਾ ਉਸ ਵਿਚ ਲਿਖਤਾਂ ਦੇ ਹੋਣ ਜਾਂ ਨਾ ਹੋਣ ਤੇ ਨਿਰਭਰ ਨਹੀਂ ਕਰਦਾ । ਭਾਰਤ ਦੇ ਕੁਝ ਮੂਲ ਵਾਸੀਆਂ ਦੀਆਂ ਭਾਸ਼ਾਵਾਂ ਸਨਾਤਨੀ ਐਲਾਨੀਆਂ ਭਾਸ਼ਾਵਾਂ ਤੋਂ ਵੀ ਪੁਰਾਣੀਆਂ ਹੋ ਸਕਦੀਆਂ ਹਨ । ਹਾਂ ਇਹ ਜ਼ਰੂਰ ਹੈ ਕਿ ਮੂਲ ਵਾਸੀਆਂ ਦੀਆਂ ਇਹ ਭਾਸ਼ਾਵਾਂ ਦੇ ਬਹੁਤ ਪੁਰਾਣੇ ਰੂਪ ਲਿਖਤ ਵਿਚ ਪ੍ਰਾਪਤ ਨਹੀਂ ਹਨ । ਪਰ ਕਿਸੇ ਭਾਸ਼ਾ ਵਿਚ 1500-2000 ਸਾਲ ਪੁਰਾਣੀਆਂ ਲਿਖਤਾਂ ਦਾ ਹੋਣਾ ਜਾਂ ਉਸ ਭਾਸ਼ਾ ਵਿਚ ਕਿਸੇ ਅੰਦਰਲੀ ਘਾਟ ਕਰਕੇ ਨਹੀਂ ਬਲਕਿ ਇਸ ਗੱਲ ਕਰਕੇ ਹੈ ਕਿ ਲਿਪੀ ਦੀ ਖੋਜ ਤੋਂ ਬਾਅਦ ਉਹ ਭਾਸ਼ਾ ਸੱਤਾ ਜਾਂ ਕਿਸੇ ਭਾਰੂ ਵਰਗ ਦੀ ਭਾਸ਼ਾ ਰਹੀ ਹੈ ਕਿ ਨਹੀਂ । ਇਸ ਲਈ ਲਿਖਤ ਦੀ ਹੋਂਦ ਜਾਂ ਅਣਹੋਂਦ ਕਰਕੇ ਕਿਸੇ ਭਾਸ਼ਾ ਨੂੰ ਵੱਡੀ ਜਾਂ ਛੋਟੀ ਮੰਨਣਾ ਕਿਸੇ ਵਿਗਿਆਨਕ ਅਤੇ ਮਨੁੱਖੀ ਨਜ਼ਰੀਏ ਤੋਂ ਠੀਕ ਨਹੀਂ ਕਿਹਾ ਜਾ ਸਕਦਾ । ਬਲਕਿ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਸਮਾਜਕ ਅਤੇ ਰਾਜਨੀਤਕ ਕਾਰਣਾਂ ਕਰਕੇ ਜੋ ਭਾਸ਼ਾਵਾਂ ਪਿੱਛੇ ਰਹਿ ਗਈਆਂ ਹਨ ਉਹਨਾਂ ਦੀ ਉੱਨਤੀ ਦੇ ਵੀ ਅਜਿਹੇ ਹੀਲੇ ਕੀਤੇ ਜਾਣ ਕਿ ਉਹਨਾਂ ਦਾ ਰੁਤਬਾ ਵੀ ਆਉਣ ਵਾਲੇ ਸਮੇਂ ਵਿਚ ਅੱਜ ਸਨਾਤਨੀ ਕਹੀਆਂ ਜਾ ਰਹੀਆਂ ਭਾਸ਼ਾਵਾਂ ਵਾਲਾ ਬਣ ਜਾਵੇ । ਇਥੇ ਇਹ ਵੀ ਕਹਿਣਾ ਬਣਦਾ ਹੈ ਕਿ ਕੇਵਲ ਲਿਖਤੀ ਰੂਪ ਹੀ ਇਤਿਹਾਸ ਨਹੀਂ ਹੁੰਦਾ । ਜਿਨ੍ਹਾਂ ਭਾਸ਼ਾਵਾਂ ਦੇ ਪੁਰਾਣੇ ਰੂਪ ਲਿਖਤ ਵਿਚ ਪ੍ਰਾਪਤ ਨਹੀਂ ਹਨ ਉਹਨਾਂ ਦਾ ਵੀ ਹਜ਼ਾਰਾਂ ਸਾਲ ਪੁਰਾਣਾ ਰੂਪ ਲੋਕ ਗੀਤਾਂ ਵਿਚ ਪ੍ਰਾਪਤ ਹੈ ।
ਇਹ ਠੀਕ ਹੈ ਕਿ ਪੁਰਾਣੀਆਂ ਲਿਖਤਾਂ ਸਾਡਾ ਅਮੁੱਲ ਸਰਮਾਇਆ ਹਨ ਤੇ ਇਹਨਾਂ ਵਿਚ ਹਾਸਲ ਗਿਆਨ ਨੂੰ ਸਮਝਣਾ ਅਤੇ ਇਸਦਾ ਪਸਾਰ ਕਰਨਾ ਜ਼ਰੂਰੀ ਹੈ । ਇਹ ਕਿਸੇ ਸਮੂਹ ਦੀ ਸਵੈਮਾਨ ਦੀ ਭਾਵਨਾ ਵਿਚ ਵੀ ਵਾਧਾ ਕਰਦਾ ਹੈ। ਸਵੈਮਾਨ ਦੀ ਇਹ ਭਾਵਨਾ ਕਿਸੇ ਸਮੂਹ ਦੀ ਉਨਿਤੀ ਲਈ ਬੁਨਿਆਦੀ ਲੋੜ ਹੈ । ਇਸ ਲਈ ਇਹਨਾਂ ਪੁਰਾਣੇ ਭਾਸ਼ਾ ਰੂਪਾਂ ਦੀ ਮਹੱਤਤਾ ਨੂੰ ਸਥਾਪਤ ਕਰਨ ਦੀ ਇੱਛਾ ਵੱਜੋਂ ਜੇ ਇਹਨਾਂ ਨੂੰ ਸਨਾਤਨੀ ਕਿਹਾ ਜਾ ਰਿਹਾ ਹੈ ਤਾਂ ਇਸ ਵਿਚ ਕੋਈ ਹਰਜ਼ ਨਹੀਂ । ਸੋ, ਆਓ ਵੇਖੀਏ ਕਿ ਸਨਾਤਨੀ ਭਾਸ਼ਾ ਲਈ ਤੈਅ ਕੀਤੀਆਂ ਕਸੌਟੀਆਂ ਤੇ ਪੰਜਾਬੀ ਕਿੰਨੀ ਕੁ ਪੂਰੀ ਉਤਰਦੀ ਹੈ ।
ਪਹਿਲੀ ਕਸੌਟੀ 1500-2000 ਸਾਲ ਪੁਰਾਣੇ ਲਿਖਤੀ ਸਬੂਤ ਹੋਣ ਦੀ ਹੈ । ਵਿਦਿਆ ਭਾਸਕਰ ਅਰੁਣ (ਪੰਜਾਬੀ ਭਾਸ਼ਾ ਦਾ ਇਤਿਹਾਸ, ਪੰਨਾ 43) ਦੀ ਇਹ ਟਿੱਪਣੀ ਇਸ ਸਵਾਲ ਦਾ ਵਧੀਆ ਜਵਾਬ ਦੇਂਦੀ ਹੈ, ਆਧੁਨਿਕ ਹਿੰਦ-ਆਰੀਆਈ ਬੋਲੀਆਂ ਦੇ ਮੰਡਲ ਵਿਚ ਪੰਜਾਬੀ ਆਪਣੇ ਵਿਸ਼ੇਸ਼ ਗੁਣਾਂ ਕਰਕੇ ਮਹੱਤਵ ਪੂਰਨ ਸਥਾਨ ਰੱਖਦੀ ਹੈ । ਪ੍ਰਾਚੀਨ ਆਰੀਆਈ ਬੋਲੀ (ਵੈਦਿਕ ਭਾਸ਼ਾ) ਦੀ ਸਿੱਧੀ ਸੰਤਾਨ ਹੋਣ ਕਾਰਣ ਇਸਨੇ ਕਈ ਪਿਤਿ੍ਰਕ ਗੁਣ ਹਾਲੇ ਤੀਕ ਵੀ ਸਾਂਭ ਕੇ ਰੱਖੇ ਹੋਏ ਹਨ । ਇਵੇਂ ਹੀ ਪ੍ਰੇਮ ਸਿੰਘ (ਡਾ.) ਲਿਖਦੇ ਹਨ (ਬਿਹਾਰੀ ਲਾਲ ਪੁਰੀ ਦੀ ਕਿਤਾਬ 'ਪੰਜਾਬੀ ਬਯਾਕਰਣ' ਦੀ ਭੂਮਿਕਾ ਵਿੱਚੋਂ), ਅਸ਼ਟਾਧਿਆਈ ਪਿਸ਼ੌਰ ਦੇ ਆਲੇ ਦੁਆਲੇ ਲਿਖਿਆ ਗਿਆ ਕਿਉਂਕਿ ਪਾਣਿਨੀ ਉਸ ਇਲਾਕੇ ਵਿਚ ਜੰਮਿਆ ਪਲਿਆ ਤੇ ਇਥੇ ਹੀ ਉਸਨੇ ਵਿਆਕਰਣ ਦੀ ਰਚਨਾ ਕੀਤੀ.... ਮੈਂ ਇਹ ਕਹਾਂ ਕਿ ਅਸ਼ਟਾਧਿਆਈ ਅਸਲ ਵਿਚ ਬਹੁਤ ਪੁਰਾਣੀ ਪੰਜਾਬੀ ਦਾ ਵਿਆਕਰਣ ਹੈ ਤਾਂ ਗਲਤ ਨਹੀਂ ਹੋਵੇਗਾ। ਹੋਰ ਵਿਦਵਾਨਾਂ ਦੀ ਵੀ ਇਹੀ ਰਾਇ ਹੈ । ਸੋ, ਪੰਜਾਬੀ ਦੇ ਪੁਰਾਣੇ ਲਿਖਤੀ ਸਬੂਤ ਬਾਰੇ ਕੋਈ ਕਿੰਤੂ ਨਹੀਂ ਕੀਤਾ ਜਾ ਸਕਦਾ ।
ਦੂਜੀ ਕਸੌਟੀ ਇਹਨਾਂ ਲਿਖਤਾਂ ਦਾ ਅਗਲੀ ਪੀੜ੍ਹੀ ਲਈ ਕੀਮਤੀ ਵਿਰਸਾ ਹੋਣ ਦੀ ਹੈ । ਰਿਗਵੇਦ ਅਤੇ ਅਸ਼ਟਾਧਿਆਈ ਜਿਹੇ ਗ੍ਰੰਥਾਂ ਦੀ ਮਹੱਤਤਾ ਬਾਰੇ ਇੰਨਾਂ ਕਹਿਣਾ ਹੀ ਕਾਫ਼ੀ ਹੈ ਕਿ ਦੁਨੀਆਂ ਦੀਆਂ ਭਾਸ਼ਾਵਾਂ ਦੀਆਂ ਵਿਆਕਰਣਾਂ 'ਚੋਂ ਅਸ਼ਟਾਇਆਈ ਅੱਜ ਵੀ ਸਭ ਤੋਂ ਉੱਤਮ ਵਿਆਕਰਣ ਹੈ ।
ਇਹ ਸਾਰੀ ਸਾਹਿਤਕ ਪਰੰਪਰਾ ਪੂਰੀ ਤਰ੍ਹਾਂ ਮੌਲਿਕ ਵੀ ਹੈ (ਜੋ ਸਨਾਤਨੀ ਭਾਸ਼ਾ ਲਈ ਤੀਜੀ ਕਸੌਟੀ ਮੰਨੀ ਗਈ ਹੈ। ਅਤੇ ਕਿਸੇ ਦੂਜੇ ਭਾਸ਼ਾਈ ਸਮੂਹ ਤੋਂ ਪ੍ਰਾਪਤ ਨਹੀਂ ਕੀਤੀ ਗਈ।
ਇਹ ਵੀ ਸਹੀ ਹੈ ਕਿ ਅੱਜ ਦੀ ਪੰਜਾਬੀ ਦਾ ਰੂਪ ਪੰਜਾਬੀ ਦੇ ਇਹਨਾਂ ਪੁਰਾਣੇ ਰੂਪਾਂ ਤੋਂ ਕਾਫ਼ੀ ਵੱਖਰਾ ਹੈ ਅਤੇ ਬਿਨਾਂ ਸਿਖਲਾਈ ਦੇ ਅਜੋਕਾ ਪੰਜਾਬੀ ਬੁਲਾਰਾ ਇਸਨੂੰ ਚੰਗੀ ਤਰ੍ਹਾਂ ਸਮਝ ਨਹੀਂ ਸਕਦਾ ।
ਉਪਰਲੀਆਂ ਕਸੌਟੀਆਂ ਤੋਂ ਇਲਾਵਾ "ਸ੍ਰੀ ਗੁਰੂ ਗ੍ਰੰਥ ਸਾਹਿਬ" ਇਕ ਅਜਿਹੀ ਰਚਨਾ ਹੈ ਜੋ ਪੰਜਾਬੀ ਭਾਸ਼ਾ ਦੇ ਸਨਾਤਨੀ ਭਾਸ਼ਾ ਹੋਣ ਦੇ ਤੱਥ ਲਈ ਹੋਰ ਵੀ ਵੱਡਾ ਪਰਮਾਣ ਹੈ । ਭਾਵੇਂ ਕਿ ਇਹ ਰਚਨਾ 1500 ਸਾਲ ਪੁਰਾਣੀ ਨਹੀਂ ਹੈ ਪਰ ਫਿਰ ਵੀ ਇਹ ਕੇਵਲ ਪੰਜਾਬੀ ਸਮੂਹ ਜਾਂ ਭਾਰਤ ਲਈ ਹੀ ਨਹੀਂ ਬਲਕਿ ਪੂਰੀ ਮਨੁੱਖੀ ਜਾਤੀ ਲਈ ਅਮੁੱਲ ਸਰਮਾਇਆ ਹੈ । ਇਸ ਦੀ ਮੌਲਿਕਤਾ ਬਾਰੇ ਜਿੰਨਾਂ ਕਿਹਾ ਜਾਵੇ ਓਨਾਂ ਹੀ ਘੱਟ ਹੈ ਅਤੇ ਇਸ ਵਿਚ ਦਰਜ਼ ਭਾਸ਼ਾ ਅਤੇ ਅੱਜ ਦੀ ਪੰਜਾਬੀ ਵਿਚਕਾਰ ਅੰਤਰ ਵੀ ਕਾਫ਼ੀ ਹੈ ।
ਇੰਜ ਅਸੀਂ ਵੇਖਦੇ ਹਾਂ ਕਿ ਪੰਜਾਬੀ ਸਨਾਤਨੀ ਭਾਸ਼ਾ ਲਈ ਬਣਾਈਆਂ ਗਈਆਂ ਸਾਰੀਆਂ ਸਰਕਾਰੀ ਕਸੌਟੀਆਂ ਪੂਰੀਆਂ ਕਰਦੀ ਹੈ ਅਤੇ ਇਸਨੂੰ ਵੀ ਸਨਾਤਨੀ ਭਾਸ਼ਾਵਾਂ ਦੀ ਸੂਚੀ ਵਿਚ ਸ਼ਾਮਿਲ ਕਰਕੇ ਇਹ ਸੰਵਿਧਾਨਕ ਹੱਕ ਦੇਣਾ ਬਣਦਾ ਹੈ।

ਲੇਖਕ : ਜੋਗਾ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 9
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1572
ਲੇਖਕ ਬਾਰੇ
ਪ੍ਰੋਫ਼ੈਸਰ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਇਸ ਤੋ ਇਲਾਵਾ ਪੰਜਾਬੀ ਦੇ ਬਹੁਤ ਵੱਡੇ ਚਿੰਤਕ ਅਤੇ ਵਿਦਵਾਨ ਹਨ। ਆਪ ਜੀ ਨੇ ਪੰਜਾਬੀ ਭਾਸ਼ਾਈ ਕਾਰਜ਼ਾ ਦੇ ਲਈ ਨਾਮਵਰ ਵਿਦਵਾਨਾ ਵਿੱਚ ਆਪਣਾ ਯੋਗ ਸਥਾਨ ਬਣਾਇਆ ਹੈ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ