ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਪੰਜਾਬੀ ਦੀ ਲਿੱਪੀ ਗੁਰਮੁਖੀ ਲਿਖਣ ਦੇ ਅਹਿਮ ਨੁਕਤੇ

1 'ਊੜਾ' ਕਦੀ ਵੀ ਮੁਕਤਾ ਨਹੀ ਆਉਂਦਾ। ਇਸਨੂੰ ਕਦੀ ਵੀ ਕੰਨਾ, ਸਿਹਾਰੀ, ਬਿਹਾਰੀ, ਕਨੌੜਾ, ਟਿੱਪੀ, ਅਧਕ ਨਹੀ ਲੱਗਦੇ। ਹੋੜਾ ਲਾਉਣ ਦੀ ਥਾਂ 'ਓ' ਲਿਖ ਕੇ ਹੋੜੇ ਦਾ ਕੰਮ ਲਿਆ ਜਾਂਦਾ ਹੈ। ਇਸਨੂੰ 'ਓੁ' ਲਿਖਣਾ ਵੀ ਗ਼ਲਤ ਹੈ। ਆਮ ਪੰਜਾਬੀ ਲਿਖਣ ਸਮੇ ਇਹ ਸਿਰਫ ਤਿੰਨ ਰੂਪਾਂ ਵਿਚ ਹੀ ਲਿਖਿਆ ਜਾਂਦਾ ਹੈ: ਉ, ਊ ਤੇ ਓ। ਹਾਂ, ਗੁਰਬਾਣੀ ਵਿਚ ਇਸਦਾ ਇਕ ਹੋਰ ਰੂਪ ਵੀ ਹੈ ਜੋ ਕਿ ੴ ਦੇ ਰੂਪ ਵਿਚ ਆਉਂਦਾ ਹੈ।
2 'ਐੜਾ' ਵੀ ਇਹਨਾਂ ਸੱਤ ਰੂਪਾਂ ਵਿਚ ਹੀ ਲਿਖਿਆ ਜਾਂਦਾ ਹੈ: ਅ ਆ ਐ ਔ ਅੰ ਆਂ ਅੱ।
3 'ਈੜੀ' ਵੀ ਇਹਨਾਂ ਤਿੰਨ ਰੂਪਾਂ ਵਿਚ ਹੀ ਲਿਖੀ ਜਾਂਦੀ ਹੈ: ਇ ਈ ਏ।
4 ੳ, ਅ ਤੇ ੲ ਤੋਂ ਬਿਨਾ ਬਾਕੀ ਸਾਰੇ ਅੱਖਰਾਂ ਨੂੰ ਸਾਰੀਆਂ ਹੀ ਲਗਾਂ ਮਾਤਰਾਂ ਲੱਗਦੀਆਂ ਹਨ।
5 ਙ, ਞ, ਣ, ਨ ਤੇ ਮ ਨੂੰ, ਇਹਨਾਂ ਦੀ ਨੱਕ ਵਾਲ਼ੀ (ਅਨੁਨਾਸਕ) ਆਵਾਜ਼ ਬਣਾਉਣ ਸਮੇ, ਬਹੁਤੀ ਥਾਂਈਂ ਇਹਨਾਂ ਨਾਲ਼ ਬਿੰਦੀ ਤੇ ਟਿੱਪੀ ਨਹੀ ਵੀ ਵਰਤੀ ਜਾਂਦੀ ਕਿਉਂਕਿ ਇਹਨਾਂ ਦੀ ਆਪਣੀ ਆਵਾਜ਼ ਹੀ ਨੱਕ ਵਿਚੋਂ ਨਿਕਲ਼ਦੀ ਹੈ।
6 ਕੰਨੇ, ਬਿਹਾਰੀ, ਲਾਂ, ਦੁਲਾਵਾਂ, ਹੋੜੇ, ਕਨੌੜੇ ਤੇ ਓ ਨਾਲ਼, ਨੱਕ ਦੀ ਆਵਾਜ਼ ਬਣਾਉਣ ਲਈ ਬਿੰਦੀ ਹੀ ਵਰਤੀ ਜਾਂਦੀ ਹੈ; ਟਿੱਪੀ ਨਹੀ।
7 ਮੁਕਤੇ, ਸਿਹਾਰੀ, ਔਂਕੜ ਤੇ ਦੁਲੈਂਕੜ ਨਾਲ਼ ਨੱਕ ਦੀ ਆਵਾਜ਼ ਬਣਾਉਣ ਲਈ ਟਿੱਪੀ ਹੀ ਵਰਤੀ ਜਾਂਦੀ ਹੈ; ਬਿੰਦੀ ਨਹੀ।
8 ਹ ਅੱਖਰ ਜਦੋਂ ਕਿਸੇ ਸ਼ਬਦ ਦੇ ਆਰੰਭ ਵਿਚ ਆਵੇ ਤਾਂ ਇਸ ਦਾ ਉਚਾਰਣ ਪੂਰਾ ਹੁੰਦਾ ਹੈ। ਜਦੋਂ ਇਹ ਅੱਖਰ ਕਿਸੇ ਸ਼ਬਦ ਦੇ ਵਿਚਕਾਰ ਜਾਂ ਅੰਤ ਵਿਚ ਆਵੇ ਤਾਂ ਇਸ ਦਾ ਉਚਾਰਣ ਅਧਾ ਰਹਿ ਜਾਂਦਾ ਹੈ। ਮਿਸਾਲ ਵਜੋਂ: ਹਰੀ ਤੇ ਰਹਿ, ਜ਼ਹਿਰ ਤੇ ਹਿਜਰ ਆਦਿ ਵਿਚ ਇਸ ਦੇ ਉਚਾਰਣ ਤੋਂ ਅੰਦਾਜ਼ਾ ਲਾ ਸਕਦੇ ਹਾਂ। ਇਸ ਲਈ ਹਰੇਕ ਥਾਂ ਤੇ ਅਦਾ ( ) ਵਰਤਣ ਦੀ ਲੋੜ ਨਹੀ; ਕੁਝ ਸ਼ਬਦ ਪੜ੍ਹ, ਗੜ੍ਹ, ਚੜ੍ਹ, ਮੜ੍ਹ ਆਦਿ ਨੂੰ ਛੱਡ ਕੇ, ਸਾਨੂੰ ਲਿਖਤ ਵਿਚ ਪੂਰਾ ਹ ਹੀ ਵਰਤਣਾ ਚਾਹੀਦਾ ਹੈ। ਉਚਾਰਣ ਦੇ ਮਗਰ ਲੱਗ ਕੇ ਬਹੁਤੀ ਥਾਈਂ ਐਵੇਂ ਅਦੇ ਦੇ ਚੱਕਰ ਵਿਚ ਪੈ ਕੇ ਲਿਖਤ ਨੂੰ ਬੇਲੋੜਾ ਔਖਾ ਨਹੀ ਬਣਾਉਣਾ ਚਾਹੀਦਾ।
9 ਘ, ਝ, ਢ, ਧ ਤੇ ਭ, ਇਹ ਪੰਜ ਅੱਖਰ, ਸ਼ਬਦ ਦੇ ਸ਼ੁਰੂ ਵਿਚ ਆਉਣ ਤਾਂ ਇਹਨਾਂ ਦੀ ਆਵਾਜ਼ ਪੰਜਾਬੀ ਉਚਾਰਣ ਅਨੁਸਾਰ ਹੁੰਦੀ ਹੈ; ਅਰਥਾਤ ਆਪਣੀ ਲਾਈਨ ਵਾਲੇ ਪਹਿਲੇ ਅੱਖਰ ਦੇ ਨਾਲ਼ ਮਿਲ਼ ਜਾਂਦੀ ਹੈ। ਜਦੋਂ ਇਹ ਸ਼ਬਦ ਦੇ ਵਿਚਕਾਰ ਜਾਂ ਅਖੀਰ ਵਿਚ ਆਉਣ ਤਾਂ ਇਹਨਾਂ ਦੀ ਆਵਾਜ਼ ਹਿੰਦੀ/ਉਰਦੂ ਦੇ ਉਚਾਰਣ ਅਨੁਸਾਰ ਹੋ ਜਾਂਦੀ ਹੈ; ਅਰਥਾਤ ਆਪਣੀ ਲਾਈਨ ਦੇ ਤੀਸਰੇ ਅੱਖਰ ਨਾਲ਼ ਮਿਲ਼ ਜਾਂਦੀ ਹੈ। ਙ, ਞ, ਣ ਤੇ ੜ, ਇਹ ਚਾਰ ਅੱਖਰ ਕਿਸੇ ਸ਼ਬਦ ਦੇ ਸ਼ੁਰੂ ਵਿਚ ਨਹੀ ਆਉਂਦੇ। ਗੁਰਬਾਣੀ ਵਿਚ ਕਿਤੇ ਕਿਤੇ ਇਸ ਦਾ ਅਪਵਾਦ ਹੈ ਪਰ ਆਮ ਪੰਜਾਬੀ ਦੀ ਬੋਲ-ਚਾਲ ਵਿਚ, ਕਿਸੇ ਸ਼ਬਦ ਦੇ ਸ਼ੁਰੂ ਵਿਚ ਇਹ ਨਹੀ ਵਰਤੇ ਜਾਂਦੇ, ਬਲਕਿ ਙ ਤੇ ਞਅਜ ਕਲ੍ਹ ਬਹੁਤ ਹੀ ਘੱਟ ਵਰਤੇ ਜਾਂਦੇ ਹਨ। ਙ ਨੂੰ ਗ ਤੇ ਟਿੱਪੀ ਅਤੇ ਞ ਦੇ ਥਾਂ ਕਦੀ ਝ ਤੇ ਕਦੀ ਨ ਲਿਖ ਕੇ ਹੀ ਕੰਮ ਸਾਰ ਲਿਆ ਜਾਂਦਾ ਹੈ ਜੋ ਕਿ ਗ਼ਲਤ ਗੱਲ ਹੈ।
10 ਅੱਖਰ ਨ ਤੇ ਣ ਅਕਸਰ ਹੀ ਇਕ ਦੂਜੇ ਦੇ ਥਾਂ ਗ਼ਲਤੀ ਨਾਲ਼ ਵਰਤ ਲਏ ਜਾਂਦੇ ਹਨ; ਖਾਸ ਕਰਕੇ ਹਿੰਦੀ ਪੜ੍ਹੇ ਲਿਖੇ ਸੱਜਣ ਇਹ ਗ਼ਲਤੀ ਦੂਜਿਆਂ ਨਾਲ਼ੋਂ ਵਧ ਕਰਦੇ ਹਨ।
11 ਬਹੁਤ ਸਾਰੇ ਹਿੰਦੀ/ਉਰਦੂ ਵਿਚੋਂ ਆਏ ਜਾਂ ਅੰਗ੍ਰੇਜ਼ੀ ਅੱਖਰਾਂ ਵਿਚ ਲਿਖਣ ਸਮੇ ਵਰਤੇ ਗਏ, ਉਰਦੂ ਦੇ ਜ਼ੇਰ ਅਤੇ ਅੰਗ੍ਰੇਜ਼ੀ ਦੇ, ਈ. ਤੇ ਆਈ. ਵਾਲ਼ੇ, ਪੰਜਾਬੀ ਵਿਚ ਅਪਣਾਏ ਜਾ ਚੁੱਕੇ ਸ਼ਬਦਾਂ ਨੂੰ, ਗੁਰਮੁਖੀ ਲਿੱਪੀ ਵਿਚ ਲਿਖਣ ਸਮੇ ਸਿਹਾਰੀ ਦੀ ਵਰਤੋਂ ਕਰਨੀ, ਗ਼ਲਤ ਤਾਂ ਭਾਵੇਂ ਨਹੀ ਆਖੀ ਜਾ ਸਕਦੀ ਪਰ ਬੇਲੋੜੀ ਜ਼ਰੂਰ ਹੈ।
12 ਅਧਕ ਇਕ ਅਜਿਹਾ ਗਰੀਬ ਚਿੰਨ੍ਹ ਹੈ ਜਿਸ ਦੀ, ਪੰਜਾਬੀ ਦੇ ਲੇਖਕ, ਕੰਪੋਜ਼ਰ ਪ੍ਰਕਾਸ਼ਕ ਆਦਿ ਸਭ ਤੋਂ ਵਧ ਦੁਰਵਰਤੋਂ ਕਰਦੇ ਹਨ। ਜਿਥੇ ਇਸਦੀ ਲੋੜ ਹੋਵੇ ਓਥੇ ਇਸਨੂੰ ਲਾਉਣਾ ਨਹੀ ਤੇ ਜਿਥੇ ਨਾ ਲੱਗਦਾ ਹੋਵੇ ਓਥੇ ਜ਼ਰੂਰ ਲਾ ਦਿੰਦੇ ਹਨ। ਖਾਸ ਕਰਕੇ ਪੱਛਮੀ ਪੰਜਾਬ ਤੋਂ ਆਏ ਹੋਏ ਲੇਖਕ ਸੱਜਣਾਂ ਨੇ ਤਾਂ ਜਿਵੇਂ ਕਿਤੇ ਤਹੱਈਆ ਹੀ ਕੀਤਾ ਹੋਵੇ ਇਸ ਵਿਚਾਰੇ ਅਧਕ ਦੀ ਮਿੱਟੀ ਪਲੀਤ ਕਰਨ ਦਾ। ਦਿੱਲੀ ਯੂਨੀਵਰਸਿਟੀ ਦੇ ਇਕ ਸਾਬਕ ਪ੍ਰੋਫ਼ੈਸਰ ਸਾਹਿਬ ਜੀ ਤੋਂ ਪਤਾ ਲਗਾ ਕਿ ਪੋਠੋਹਾਰ ਦੇ ਇਲਾਕੇ ਵਿਚੋਂ ਆਉਣ ਵਾਲ਼ੇ ਲੇਖਕਾਂ ਦਾ ਨਾਂ ਹੀ ਉਹਨਾਂ ਵਿੱਦਿਅਕ ਦਾਇਰੇ ਵਿਚ, ਮਖੌਲ ਵਜੋਂ ਅਧਕਾਂ ਪਾਇਆ ਹੋਇਆ ਸੀ; ਕਿਉਂਕਿ ਉਹ ਅਕਸਰ ਹੀ ਇਸਦੀ ਬੇਲੋੜੀ ਤੇ ਵਾਧੂ ਵਰਤੋਂ ਕਰਦੇ ਸਨ। ਉਹਨਾਂ ਦੀਆਂ ਲਿਖਤਾਂ ਪੜ੍ਹਕੇ ਵੇਖੋ; ਜਿਥੇ ਲੋੜ ਹੋਵੇਗੀ ਓਥੇ ਇਸਨੂੰ ਨਹੀ ਲਾਉਣਗੇ ਤੇ ਜਿਥੇ ਨਹੀ ਲੋੜ ਹੋਵੇਗੀ ਓਥੇ ਜ਼ਰੂਰ ਹੀ ਇਸ ਵਿਚਾਰੇ ਨੂੰ ਟਾਂਕਣਗੇ। ਅਸੀਂ ਅਜੇ ਤੱਕ ਇਹ ਨਹੀ ਜਾਣ ਸਕੇ ਕਿ ਅਧਕ ਕੇਵਲ ਜਿਸ ਅੱਖਰ ਦਾ ਦੋਹਰਾ ਉਚਾਰਣ ਹੋਵੇ, ਉਸ ਤੋਂ ਪਹਿਲੇ ਅੱਖਰ ਉਪਰ ਹੀ ਲਾਇਆ ਜਾਂਦਾ ਹੈ; ਹੋਰ ਕਿਤੇ ਨਹੀ। ਜਿਥੇ ਸ਼ੱਕ ਹੋਵੇ ਅਰਥਾਤ ਪੂਰਾ ਯਕੀਨ ਨਾ ਹੋਵੇ ਓਥੇ ਲਾਉਣ ਦੀ ਕੋਈ ਲੋੜ ਨਹੀ; ਇਸ ਤੋਂ ਬਿਨਾ ਵੀ ਸਰ ਸਕਦਾ ਹੈ। ਮਿਸਾਲ ਵਜੋਂ: ਵਰਤਮਾਨ ਸਮੇ ਅੰਦਰ ਪੱਤਰਾਂ ਦੇ ਸੰਪਾਦਕ ਸ਼ਬਦ ‘ਕੁਝ’ ਦੇ ਉਪਰ ਬੇਲੋੜਾ ਅਧਕ ਲਾ ਕੇ ਇਸਨੂੰ ‘ਕੁੱਝ’ ਬਣਾਉਣ ਵਿਚ ਅਣਗਹਿਲੀ ਨਹੀ ਕਰਦੇ। ਅਸੀਂ ਪੇਂਡੂ ਮਝੈਲ ਇਸ ‘ਕੁਝ’ ਨੂੰ ‘ਕੁਸ਼’ ਬੋਲਦੇ ਹਾਂ ਤੇ ਉਰਦੂ ਹਿੰਦੀ ਵਾਲ਼ੇ ਵੀ ਏਸੇ ਤਰ੍ਹਾਂ ਹੀ ਬੋਲਦੇ ਹਨ। ਹਿੰਦੀ ਵਿਚ ਲਿਖਿਆ ਇਸਨੂੰ ‘ਕੁਛ’ ਜਾਂਦਾ ਹੈ। ਕਈ ਸੱਜਣ ਇਸਨੂੰ ‘ਕੁਸ’ ਵੀ ਉਚਾਰਦੇ ਹਨ। ਪੱਛਮੀ ਪੰਜਾਬ ਦੇ ਸਿੱਖ ਲਿਖਾਰੀਆਂ ਨੇ ਇਸਨੂੰ ‘ਕੁਝ’ ਲਿਖਣਾ ਸ਼ੁਰੂ ਕਰ ਦਿਤਾ ਤੇ ਛਾਪੇ ਵਿਚ ਏਹੋ ਹੀ ਪ੍ਰਚੱਲਤ ਹੋ ਗਿਆ ਜਿਸਨੂੰ ਹੁਣ ਬਦਲ ਕੇ ਭੰਬਲ਼ਭੂਸੇ ਵਿਚ ਹੋਰ ਵਾਧਾ ਕਰਨ ਦੀ ਕੋਈ ਤੁਕ ਨਹੀ ਬਣਦੀ; ਪਰ ਇਹ ਮੈਨੂੰ ਸਮਝ ਨਹੀ ਆਉਂਦੀ ਕਿ ਤਕਰੀਬਨ ਹਰੇਕ ਸੰਪਾਦਕ ਹੀ ਇਸ ਉਪਰ ਬੇਲੋੜਾ ਅਧਕ ਲਾਉਣੋ ਕਿਉਂ ਨਹੀ ਉਕਦਾ! ਵੈਸੇ ਗੁਰਬਾਣੀ ਵਿਚ ਇਸ ਅਰਥ ਵਿਚ, ਇਹ ਸ਼ਬਦ ਇਹਨਾਂ ਰੂਪਾਂ ਵਿਚ ਆਇਆ ਹੈ: ਕਛ, ਕਛੁ, ਕਛੂ, ਕਛੂਅ, ਕਛੂਅਕ, ਕਿਛ, ਕਿਛੁ, ਕਿਛੂ, ਕਿਛੂਅ, ਕਿਛਹੂ, ਕਿਝੁ, ਕਿਝ; ਜਿਨ੍ਹਾਂ ਨੂੰ ਅਜੋਕੇ ਸਮੇ ਦੇ ਛਾਪੇਖਾਨੇ ਵਿਚ ਲਿਆ ਕੇ, ਪਹਿਲਾਂ ਹੀ ਵਲ਼ਗਣੋ ਬਾਹਰੀਆਂ ਹੋ ਚੁੱਕੀਆਂ ਉਲ਼ਝਣਾਂ ਵਿਚ ਹੋਰ ਵਾਧਾ ਕਰਨ ਦੀ ਕੋਈ ਲੋੜ ਨਹੀ। ਹੁਣ ਇਸਦਾ ਪ੍ਰਚੱਲਤ ਰੂਪ ‘ਕੁਝ’ ਹੀ ਠੀਕ ਹੈ। ਪੰਜਾਬੀ ਵਿਚ ਇਹਨਾਂ ਕੁਝ ਗਿਣਵੇ ਚੁਣਵੇਂ ਥਾਂਵਾਂ ਤੋਂ ਬਿਨਾ, ਹੋਰ ਥਾਂਵਾਂ ਤੇ ਅਧਕ ਨਾ ਵੀ ਲੱਗੇ ਤਾਂ ਅਰਥਾਂ ਵਿਚ ਫਿਰ ਵੀ ਕੋਈ ਫਰਕ ਨਹੀ ਪੈਂਦਾ:ਪਦ (ਪਦਵੀ) ਪੱਦ (ਅਸ਼ੁਧ ਹਵਾ) ਪੱਤਣ (ਪੋਰਟ) ਪਤਨ (ਗਿਰਾਵਟ)
ਕਦ (ਕਦੋਂ) ਕੱਦ (ਸਾਈਜ਼) ਗੁਦਾ (ਪਿੱਠ) ਗੁੱਦਾ (ਪਲਪ)
ਪਤ (ਇਜ਼ਤ) ਪੱਤ (ਪੱਤੇ) ਜਤ (ਸੰਜਮ) ਜੱਤ (ਵਾਲ਼)
ਭਲਾ (ਚੰਗਾ ) ਭੱਲਾ (ਖਾਣ ਵਾਲ਼ਾ ) ਧੁਪ (ਧੋਣਾ) ਧੁੱਪ (ਸੂਰਜ ਦੀ)
ਪਤਾ (ਸਿਰਨਾਵਾਂ ) ਪੱਤਾ (ਦਰੱਖ਼ਤ ਦਾ ਪੱਤਾ ) ਸਦਾ (ਹਮੇਸ਼ਾਂ ) ਸੱਦਾ (ਬੁਲਾਵਾ )

13 ਬਹੁਤ ਵਾਰੀਂ ਅਸੀਂ ਬ - ਵ, ਛ - ਸ਼, ੳ - ਵ, ਮ - ਵ, ਰ - ੜ, ਯ - ਜ ਨੂੰ ਗ਼ਲਤੀ ਨਾਲ਼ ਜਾਂ ਸਹਿਜ ਸੁਭਾ ਵੀ ਇਕ ਦੂਜੇ ਦੇ ਥਾਂ ਵਰਤ ਜਾਂਦੇ ਹਾਂ।
14 ਕੁਝ ਸਮੇ ਤੋਂ ਇਕ ਹੋਰ ਬੇਲੋੜਾ ਰੁਝਾਨ ਚੱਲਿਆ ਹੈ ਕਿ ਚਾ, ਪੜਾ, ਸੁਝਾ, ਭੈ, ਨਾਂ, ਲਟਕਾ ਆਦਿ ਪੰਜਾਬੀ ਦੇ ਸ਼ਬਦਾਂ ਦੇ ਪਿਛੇ 'ਅ' ਲਾਉਣ ਦਾ। ਇਹ ਠੀਕ ਹੈ ਕਿ ਅਜਿਹੇ ਸ਼ਬਦਾਂ ਦੇ ਪਿਛਲੇ 'ਾ' ਦੀ ਆਵਾਜ਼ ਵਿਚ, ਆਮ ਨਾਲ਼ੋਂ ਕੁਝ ਵਧ ਲਮਕਾ ਜਿਹਾ ਆ ਜਾਂਦਾ ਹੈ ਪਰ ਸਦੀਆਂ ਤੋਂ ਇਹ ਸ਼ਬਦ ਏਸੇ ਤਰ੍ਹਾਂ ਲਿਖੇ, ਪੜ੍ਹੇ, ਸਮਝੇ ਤੇ ਪ੍ਰਵਾਨੇ ਜਾ ਚੁੱਕੇ ਹੋਣ ਕਰਕੇ ਹੁਣ ਇਹਨਾਂ ਪਿਛੇ ਵਾਧੂ 'ਅ' ਟਾਂਕ ਕੇ ਜੋੜਾਂ ਵਿਚ ਬੇਲੋੜੇ ਭੁਲੇਖੇ ਪੈਦਾ ਕਰਨ ਤੋਂ ਬਿਨਾ ਕੋਈ ਹੋਰ ਲਾਭ ਨਹੀ ਹੈ। 'ਅਜੀਤ' ਅਖ਼ਬਾਰ ਖਾਸ ਕਰਕੇ ਇਸ ਬੇਲੋੜੇ ਐੜੇ ਨੂੰ ਓਸੇ ਤਰ੍ਹਾਂ ਹੀ ਵਰਤਣਾ ਨਹੀ ਭੁੱਲਦਾ ਜਿਵੇਂ ਕਿ 'ਪਰਵਾਰ' ਵਿਚਲੇ ਪਹਿਲੇ 'ਰ' ਨੂੰ ਸਿਹਾਰੀ ਲਾਉਣੋ ਨਹੀ ਉਕਦਾ।
15 ਵਿਸ਼ਰਾਮ ਚਿੰਨ੍ਹ (Punctuation) ਲਾਉਣ ਦਾ ਪੰਜਾਬੀ ਵਿਚ ਪਹਿਲਾਂ ਰਿਵਾਜ ਨਹੀ ਸੀ। ਜੁੜਵੇਂ ਅੱਖਰਾਂ ਵਿਚ ਹੀ ਸਾਰਾ ਸਾਹਿਤ ਲਿਖਿਆ ਜਾਂਦਾ ਸੀ। ਸਿਰਫ ਵਾਕ ਦੇ ਅੰਤ ਤੇ ਦੋ ਡੰਡੀਆਂ ' ॥ ' ਲਾ ਕੇ ਵਾਕ ਪੂਰਾ ਕੀਤਾ ਜਾਂਦਾ ਸੀ। ਇਹ ਵਿਸ਼ਰਾਮ ਚਿੰਨ੍ਹ (ਪੰਕਚੂਏਸ਼ਨ) ਪੰਜਾਬੀ ਵਿਚ, ਅੰਗ੍ਰੇਜ਼ੀ ਵਿਚੋਂ ਵਿਦਵਾਨਾਂ ਨੇ ਲਿਆਂਦਾ ਹੈ ਤੇ ਇਸਨੂੰ ਓਸੇ ਤਰ੍ਹਾਂ ਜਿਉਂ ਦਾ ਤਿਉਂ ਹੀ ਵਰਤਣਾ ਚਾਹੀਦਾ ਹੈ, ਜਿਵੇਂ ਅੰਗ੍ਰੇਜ਼ੀ ਵਾਲ਼ੇ ਵਰਤਦੇ ਹਨ; ਸਿਵਾਏ ਇਕ ਫੁੱਲ ਸਟਾਪ ਤੋਂ, ਜੋ ਕਿ ਅੰਗ੍ਰੇਜ਼ੀ ਵਿਚ ' . ' ਹੈ ਪਰ ਅੱਜ ਕਲ੍ਹ ਪੰਜਾਬੀ ਦੇ ਸਾਰੇ ਨਵੀਨ ਸਾਹਿਤ ਵਿਚ ' । ' ਹੀ ਵਰਤਿਆ ਜਾਂਦਾ ਹੈ। ਇਹ ਢੁਕਵਾਂ ਵੀ ਹੈ। ਕੁਝ ਆਮ ਹੀ ਗ਼ਲਤ ਲਿਖੇ ਜਾਣ ਵਾਲ਼ੇ ਸਾਧਾਰਣ ਸ਼ਬਦ

ਸਹੀਗ਼ਲਤਸਹੀਗ਼ਲਤਸ਼ਹੀਗ਼ਲਤ
ਓਥੇਉੱਥੇਕਾਬਲਕਾਬਿਲਢੁਚਰਾਂਢੁੱਚਰਾਂ
ਉਹਨਾਂਉਨ੍ਹਾਂਕਾਤਲਕਾਤਿਲਥੁੜਵਾਤੁੱੜਵਾ
ਓਦੋਂਉਦੋਂਕਾਮਲਕਾਮਿਲਧਲਦੱਲ
ਓਦਾਂਉਦਾਂਕਾਫ਼ਰਕਾਫ਼ਿਰਦਾਦਾਅ
ਉਂਜਉੰਝਕੁਝਕੁੱਝਦੁਬਿਧਾਦੁਬਿਦਾ
ਉਘਾਉੱਘਾਕੰਧਾਕੰਦਾਦਸਤਾਰਦੱਸਤਾਰ
ਉਤੇਉੱਤੇਕਮਾਕਮਾਅਤਦਤੱਦ
ਓਪਰਾਉਪਰਾਕੰਙਣਕੰਗਣਤੁਧਤੁੱਧ
ਉਂਗਲ਼ਉੰਗਲਕੌਮਕੌਂਮਧੰਨਵਾਦਧੰਨਬਾਦ
ਉਪਲਬਧਉਪਲਭਦਕੁਦਰਤਕੁੱਦਰਤਨਾਂਨਾਂਅ
ਅਤਰਅੱਤਰਕੰਬਣਾਕੰਬਣਾਂਪ੍ਰਸ਼ਾਦਪ੍ਰਸ਼ਾਦਿ
ਆਸਟ੍ਰੇਲੀਆਅਸਟਰੇਲੀਆਕਾਇਨਾਤਕਾਯਨਾਤਪੰਝੀਪੱਚੀ
ਆਖ਼ਰਆਖ਼ਿਰਖੱਪੜਾਕੱਪੜ੍ਹਾਪੜ੍ਹਨਾਪੜ੍ਹਣਾ
ਅੰਗ੍ਰੇਜ਼ੀਅੰਗਰੇਜ਼ੀਕਿਸਤਰ੍ਹਾਂਕਿੱਸਤਰ੍ਹਾਂਪਾਣੀਪਾਨੀ
ਅਪਮਾਨਤਅਪਮਾਣਿਤਖਾਣਾਖਾਨਾਪਧਰਪੱਧਰ
ਅਧਰਕਅਦਕਰਖੰਭਖੰਬਪਿਆਪਇਆ
ਆਂਡਾਅੰਡਾਖੁੰਬਖੁੰਭਪਰਵਾਰਪਰਿਵਾਰ
ਅਮ੍ਰਿਤਸਰਅਮ੍ਰਿਤਸਰ
ਖੁਭਖੁਬਪੰਧਪੰਦ
ਐਨਕਏਨਕਖ਼ਤਰਨਾਕਖੱਤਰਨਾਕਫਚਾਪਚਾਅ
ਈਚੋਗਿੱਲਇਛੋਗਿੱਲਗਿਆਗਇਆਪ੍ਰੋਗਰਾਮਪਰੋਗਰਾਮ
ਏਦਾਂਇੱਦਾਂਗੁਪਤਗੁੱਪਤਪੱਡਾਪੱਢਾ
ਇਹਨਾਂਇਨ੍ਹਾਂਮੰਡਾਮੰਢਾਪਿੜਪਿੜ੍ਹ
ਇੰਜਇੰਝਗੰਢਾਗੰਡਾਪਟਕਾਪੱਟਕਾ
ਏਧਰਇਧਰਗਿਝਗਿੱਜਫੜਨਾਫੜ੍ਹਣਾ
ਏਥੇਇੱਥੇਗਭੇਗੱਬੇਫੜਫੱੜ
ਸੰਬੋਧਨਸੰਭੋਦਿਨਗੁਰਦੁਆਰਾਗੁਰਦਵਾਰਾਬੁਜ਼ਦਿਲੀਬੁੱਜਦਿਲੀ
ਸਭਸੱਭਚਰਨਚਰਣਬਾਵਾਸਤਾਵਾਬਾਸਤਾ
ਸ਼੍ਰੋਮਣੀਸ਼ਿਰੋਮਣੀਚਾਚਾਅਬੱਸਬਸ
ਸਾਬਤਸਾਬਿਤਚੜ੍ਹਾਚੜ੍ਹਾਅਬਿਲਕੁਲਬਿੱਲਕੁੱਲ
ਸੁਭਾਸੁਭਾਅਚੜ੍ਹਚੱੜਬਾਣੀਬਾਨੀ
ਸਭਿਅਕਸੱਭਿਅਕਚੌਲ਼ਚੋਲਬਗੈਰਵਗੈਰ
ਸਨਮਾਨਤਸਨਮਾਣਿਤਚੁੰਝਚੁੰਜਮਾਹਰਮਾਹਿਰ
ਸਾਬਤਸਾਬਿਤਚੜ੍ਹਨਾਚੜ੍ਹਣਾਮੁਸ਼ਕਲਮੁਸ਼ਕਿਲ
ਸਦਾਸਦਾਅਛਨਿਛਰਵਾਰਸ਼ਨਿਚਰਵਾਰਮੈਬਰਮੈਂਬਰ
ਸਮਾਜਕਸਮਾਜਿਕਛੱਤਸ਼ੱਤਮੰਦਰਮਦਿਰ
ਸ਼ੱਕਛੱਕਛਕਣਾਸ਼ਕਣਾਮੁੰਜਮੁੰਝ
ਸ਼ੋਕਛੋਕਛਾਂਛਾਂਅਮੈਮੈਂ
ਸੰਧਰਬਸੰਧਰਭਜੰਞਜੰਝਮੁੜਨਾਮੁੜਣਾ
ਸੰਪਾਦਕਸੰਪਾਦਿਕਜਜ਼ਬਾਤਜਜ਼ਬਾਤਾਂਮੰਦਰਮਦਿਰ
ਸੰਭਾਲ਼ਸੰਬਾਲਜਥਾਜੱਥਾਮਤਲਬਮੱਤਲਬ
ਸੁਥਰਾਸੁੱਥਰਾਜਥੇਦਾਰਜੱਥੇਦਾਰਮੱਸ ਫੁੱਟਮੁੱਛ ਫੁੱਟ
ਹਾਸਲਹਾਸਿਲਝੱਗਾਝੱਘਾਮੈਲਬਰਨਮੈਲਬੌਰਨ
ਹੁਦਾਰਉੱਧਾਰਝਨਾਂਚਨਾਮੁਬਾਰਕਮੁਬਾਰਿਕ
ਹਨਹੁਣਝੰਬਝੰਭਮੜ੍ਹਦਾਮੱੜ੍ਹਦਾ
ਹਾਜਰਹਾਜਿਰਠੱਬਟੱਭਰਿਹਾਰਹਿਆ
ਹਸ਼ਰਹੱਸ਼ਰਟੁਕੜਾਟੁੱਕੜਾਰਸਰੱਸ
ਹੁਦਾਰਉੱਧਾਰਟਪਕਟੱਪਕਲਿਖਤਲਿੱਖਤ
ਹੁਣਹੁਨਡੰਝਡੰਜਲੜਕੀਲੱੜਕੀ
ਵੈਸਾਖੀਬੈਸਾਖੀਵੱਛਾਬੱਛਾਵਾਪਸਵਾਪਿਸ
ਵੇਲ਼ਾਬੇਲ਼ਾਵੱਖੀਬੱਖੀਵਗੈਰਾਬਗੈਰਾ
ਵਰਿਆਮਾਬਰਿਆਮਾਵੇਖੋਬੇਖੋਵਾੜਾਬਾੜਾ
ਬਚਨਵਚਨਵੱਲਬੱਲਪਿੰਗਲਵਾੜਾਪਿੰਗਲਬਾੜਾ


ਇਹ ਸਿਰਫ ਪੰਜਾਬੀ ਸ਼ਬਦ ਜੋੜਾਂ ਵਿਚ ਸਰਲਤਾ ਲਿਆਉਣ ਤੇ ਅੰਗ੍ਰੇਜ਼ੀ ਵਾਂਗ ਇਕਸਾਰਤਾ ਵੱਲ ਵਧਣ ਦਾ ਨਿਮਾਣਾ ਜਿਹਾ ਯਤਨ ਹੀ ਹੈ। ਪੂਰੀ ਸ਼ੁਧਤਾਈ ਦਾ ਦਾਹਵਾ ਜਾਂ ਕਿਸੇ ਕਿਸਮ ਦੀ
ਵਿਦਵਤਾ ਦਾ ਵਿਖਾਲ਼ਾ ਪਾਉਣਾ, ਇਸ ਯਤਨ ਦਾ, ਕਦਾਚਿਤ ਮਨੋਰਥ ਨਹੀ ਤੇ ਪੂਰਨ ਸ਼ੁਧਤਾਈ ਲਿਆਉਣੀ ਵੀ ਅਸੰਭਵਤਾ ਦੇ ਨੇੜੇ ਦੀ ਗੱਲ ਹੀ ਜਾਪਦੀ ਹੈ। ਪੰਜਾਬੀ ਯੂਨੀਵਰਸਿਟੀ ਵੱਲੋਂ ਛਾਪੇ
ਗਏ ਵਿਸ਼ਾਲ ਗ੍ਰੰਥ, 'ਪੰਜਾਬੀ ਸ਼ਬਦ-ਰੂਪ ਤੇ ਸ਼ਬਦ-ਜੋੜ ਕੋਸ਼' ਇਸ ਪਾਸੇ ਬਹੁਤ ਹੀ ਵੱਡਾ ਯਤਨ ਹੈ। ਇਸ ਤੋਂ ਸਹਾਇਤਾ ਲੈ ਕੇ ਸਾਨੂੰ ਇਕਸਾਰਤਾ ਵੱਲ ਵਧਣ ਦਾ ਯਤਨ ਕਰਨਾ ਚਾਹੀਦਾ ਹੈ। ਇਹ ਵੱਖਰੀ ਗੱਲ ਹੈ ਕਿ ਏਧਰ-ਓਧਰ ਕਾਫੀ ਊਣਤਾਈਆਂ ਇਸ ਵਿਚ ਵੀ ਹਨ ਪਰ ਇਸ ਵਰਗਾ ਹੋਰ ਕੋਈ ਉਦਮ ਅਜੇ ਤੱਕ ਨਹੀ ਹੋ ਸਕਿਆ। ਹੋਰ ਗਹੁ ਨਾਲ਼ ਇਸਦੇ ਵਰਕੇ ਫਰੋਲਣ ਪਿਛੋਂ ਪਤਾ ਲੱਗਿਆ ਹੈ ਕਿ ਇਸ ਵਿਚ ਵੀ ਵਾਹਵਾ ਸਾਰੀਆਂ ਊਣਤਾਈਆਂ ਹਨ।
ਏਸੇ ਵਿਸ਼ੇ ਬਾਰੇ ਪਾਠਕਾਂ ਨੂੰ ਵਿਚ ਇਕ ਸੱਚੀ ਵਾਰਤਾ ਸ਼ਾਇਦ ਦਿਲਚਸਪ ਰਹੇ: ਗੱਲ ਇਹ 1965 ਜਾਂ 66 ਦੀ ਹੈ ਕਿ ਪਬਲਿਕ ਲਾਇਬ੍ਰੇਰੀ ਪਟਿਆਲਾ ਵਿਚ, ਇਕ ਸਮਾਗਮ ਏਸੇ ਸਬੰਧ ਵਿਚ ਕੀਤਾ ਜਾ ਰਿਹਾ ਸੀ। ਪ੍ਰਸਿਧ ਭਾਸ਼ਾ ਵਿਗਿਆਨੀ, ਪ੍ਰੋ. ਪ੍ਰੇਮ ਪ੍ਰਕਾਸ਼ ਸਿੰਘ ਜੀ, ਨੇ ਪੰਜਾਬੀ ਦੇ ਸ਼ਬਦ-ਜੋੜਾਂ ਦੀ ਸਮੱਸਿਆ ਬਾਰੇ ਇਕ ਕਿਤਾਬਚਾ ਛਾਪ ਕੇ ਪੇਸ਼ ਕੀਤਾ ਸੀ ਤੇ ਇਸ ਉਪਰ ਹੀ ਵਿਚਾਰ ਹੋ ਰਹੀ ਸੀ। ਨਾ ਸੀ 'ਪੰਜਾਬੀ ਸ਼ਬਦ-ਜੋੜਾਂ ਦਾ ਪ੍ਰਮਾਣੀਕਰਣ'। ਮੈ ਵੀ, ਵੇਹਲ ਤੇ ਆਦਤ ਅਨੁਸਾਰ, ਡਰਦਾ ਡਰਦਾ ਪਿਛਵਾੜੇ ਜਿਹੇ ਪਈ ਕੁਰਸੀ ਉਪਰ ਜਾ ਬੈਠਾ, ਵਿਦਵਾਨਾਂ ਦੀ ਚੁੰਝ-ਚਰਚਾ ਸੁਣਨ। ਇਕ ਨੌਜਵਾਨ ਨੇ ਉਠ ਕੇ ਉਸ ਕਿਤਾਬਚੇ ਵਿਚ, ਇਕੇ ਸ਼ਬਦ ਨੂੰ ਦੋ ਤਰ੍ਹਾਂ ਲਿਖੇ ਹੋਣ ਕਰਕੇ ਪੁੱਛ ਲਿਆ, "ਪ੍ਰੋਫ਼ੈਸਰ ਸਾਹਿਬ ਕਿਤਾਬਚੇ ਦੇ ਬਾਹਰਵਾਰ ਤੁਸੀਂ 'ਪਰਮਾਣੀਕਰਣ' ਲਿਖਦੇ ਹੋ ਤੇ ਅੰਦਰ ਜਾ ਕੇ 'ਪ੍ਰਮਾਣੀਕਰਣ' ਦੋਹਾਂ ਵਿਚੋਂ ਸਹੀ ਕੇਹੜਾ ਹੈ!" ਇਹ ਸੁਣ ਕੇ ਹਾਲ ਵਿਚ ਹਾਸਾ ਖਿੱਲਰ ਗਿਆ। ਪ੍ਰੋਫ਼ੈਸਰ ਸਾਹਿਬ ਨੇ ਇਸਦਾ ਜਵਾਬ ਦਿਤਾ ਪਰ ਹੁਣ ਯਾਦ ਨਹੀ ਰਿਹਾ ਕਿ ਉਹਨਾਂ ਨੇ ਕਿਸ ਰੂਪ ਨੂੰ ਸਹੀ ਠਹਿਰਾਇਆ।
ਓਸੇ ਸਮਾਗਮ ਵਿਚ ਹੀ ਪੰਜਾਬੀ ਯੂਨੀਵਰਸਿਟੀ ਦੇ ਪਹਿਲੇ ਤੇ ਤਤਕਾਲੀ ਵਾਈਸ ਚਾਂਸਲਰ, ਸਿੱਖੀ ਤੇ ਸਾਹਿਤ ਦੇ ਧੁਰੰਤਰ ਵਿਦਵਾਨ, ਜਿਨ੍ਹਾਂ ਨੂੰ ਗੁਰਬਾਣੀ ਦੇ ਮਸਲੇ ਤੇ ਪ੍ਰਿਸ. ਸਾਹਿਬ ਸਿੰਘ ਜੀ ਵੀ ਆਪਣੇ ਉਸਤਾਦ ਸਮਾਨ ਸਤਿਕਾਰਦੇ ਸਨ, ਭਾਈ ਜੋਧ ਸਿੰਘ ਜੀ ਵੀ ਬੋਲੇ। ਉਹਨਾਂ ਨੇ ਸ਼ਬਦ-ਜੋੜਾਂ ਨੂੰ ਗੁਰਬਾਣੀ ਅਨੁਸਾਰ ਕਰਨ ਦਾ ਸੁਝਾ ਦਿਤਾ ਜੋ ਕਿ ਮੈਨੂੰ ਉਸ ਸਮੇ ਬਿਲਕੁਲ ਨਹੀ
ਜਚਿਆ। ਇਸ ਕਰਕੇ ਕਿ ਗੁਰਬਾਣੀ ਵਿਆਕਣ ਅਨੁਸਾਰ ਇਕ ਸ਼ਬਦ (ਲਫ਼ਜ਼) ਨੂੰ ਓਥੇ, ਅਰਥਾਂ ਅਨੁਸਾਰ, ਇਕ ਤੋਂ ਵਧ ਰੂਪਾਂ ਵਿਚ ਲਿਖਿਆ ਜਾਂਦਾ ਹੈ ਜੋ ਕਿ ਅਜੋਕੇ ਸਮੇ ਵਿਚ ਸੰਭਵ ਨਹੀ ਹੈ
ਕਿ ਅਸੀ ਇਤਿਹਾਸ ਨੂੰ ਚਾਰ ਸਦੀਆਂ ਪਿੱਛੇ ਵੱਲ ਮੋੜਾ ਦੇ ਸਕੀਏ ਪਰ ਅੱਜ ਮੈ ਜਦੋਂ ਗਹੁ ਨਾਲ਼ ਵੇਖਦਾ ਹਾਂ ਤਾਂ ਉਹਨਾਂ ਦੀ ਗੱਲ ਮੈਨੂੰ ਓਨੀ ਅਜਚਵੀਂ ਨਹੀ ਲੱਗਦੀ ਜਿੰਨੀ ਓਦੋਂ ਲੱਗੀ ਸੀ। ਕਿਸੇ
ਹੱਦ ਤੱਕ ਇਸ ਮਸਲੇ ਤੇ ਅਸੀਂ ਗੁਰਬਾਣੀ ਤੋਂ ਸੇਧ ਲੈ ਵੀ ਸਕਦੇ ਹਾਂ। ਡਿਊਟੀ ਦਾ ਸਮਾ ਹੋ ਜਾਣ ਕਰਕੇ ਮੈ ਤਾਂ ਉਸ ਵਿਦਵਾਨਾਂ ਦੇ ਸਮਾਗਮ ਵਿਚੋਂ ਉਠ ਆਇਆ। ਪਿੱਛੋਂ ਕੀ ਹੋਇਆ, ਕੋਈ ਪਤਾ ਨਹੀ।
ਮੈ ਤਾਂ ਇਸ ਹੱਕ ਵਿਚ ਵੀ ਹਾਂ ਕਿ ਜੇਹੜੀ ਨਵੀ ਵਸਤੂ ਦਾ, ਜਿਸ ਨੇ ਈਜਾਦ ਕਰਨ ਵੇਲ਼ੇ ਜੋ ਨਾਂ ਰੱਖਿਆ ਉਸਨੂੰ ਤਰਜਮਾਉਣ ਵਿਚ ਉਚੇਚੀ ਸਿਰ ਖਪਾਈ ਕਰਨ ਨਾਲ਼ੋਂ ਉਸਨੂੰ ਜਿਉਂ ਦਾ ਤਿਉਂ
ਪੰਜਾਬੀ ਅੱਖਰਾਂ ਵਿਚ ਲਿਖ ਕੇ ਅਪਣਾ ਲੈਣਾ ਚਾਹੀਦਾ ਹੈ। ਟੈਲੀਫ਼ੋਨ ਦਾ ਦੂਰਭਾਸ਼, ਟੈਲੀਵੀਯਨ ਦਾ ਦੂਰ ਦਰਸ਼ਨ, ਰੇਡੀਉ ਦਾ ਆਕਾਸ਼ਵਾਣੀ, ਟ੍ਰੈਕਟਰ ਦਾ ਭੂਮੀਖ਼ੋਦ ਯੰਤਰ ਬਣਾ ਕੇ ਅਸੀਂ ਕੀ ਕੱਦੂ ਵਿਚ ਤੀਰ ਮਾਰ ਰਹੇ ਹਾਂ; ਇਹ ਮੇਰੀ ਸਮਝ ਤੋਂ ਬਾਹਰੀ ਬਾਤ ਹੈ।

ਲੇਖਕ : ਗਿਆਨੀ ਸੰਤੋਖ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 7
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :3706
ਲੇਖਕ ਬਾਰੇ
ਗਿਆਨੀ ਸੰਤੋਖ ਸਿੰਘ ਦੀ ਲਿਖਤ ਆਪਣੇ ਆਪ ਵਿਚ ਇਸ ਕਾਰਨ ਵੀ ਦਿਲਚਸਪ ਹੁੰਦੀ ਹੈ ਕਿ ਉਹ ਗੰਭੀਰਤਾ ਬਣਾਈ ਰੱਖਣ ਦੇ ਬਾਵਜੂਦ ਵੀ ਆਪਣੀ ਲਿਖਤ ਵਿਚ ਨਾਲ਼ੋ ਨਾਲ਼ ਹਲਕਾ ਹਲਕਾ ਕਟਾਕਸ਼ ਵੀ ਕਰਦੇ ਜਾਂਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ