ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਕਿਸੇ ਭਾਸ਼ਾ ਦੀ ਉੱਨਤੀ ਵਿੱਚ ਤਕਨਾਲੋਜੀ ਦਾ ਮਹੱਤਵ

ਅਸੀਂ ਹਮੇਸ਼ਾ ਪੜ੍ਹਦੇ ਆਏ ਹੀ ਹਾਂ ਕੇ ਅੱਜ ਦਾ ਯੁਗ ਵਿਗਿਆਨਿਕ ਯੁਗ ਨਾਲ ਜਾਣਿਆ ਜਾਂਦਾ ਹੈ। ਅਸੀਂ ਵਿਗਿਆਨ ਰਾਂਹੀ ਕਈ ਵਡੀਆਂ ਉਪਲਬਧੀਆਂ ਹਾਸਲ ਕਰ ਲਈਆਂ ਹਨ। ਜਿਥੇ ਅੱਜ ਦੇ ਸਮੇਂ ਵਿਗਿਆਨਿਕਾਂ ਦਾ ਪੁਲਾੜ ‘ਤੇ ਜਾਣਾ ਆਮ ਗੱਲ ਹੈ ਉੱਥੇ ਹੀ ਅਸੀਂ ਚਿਕਿਤਸਾ ਦੇ ਖੇਤਰ ਵਿੱਚ ਕਈ ਲਾਇਲਾਜ ਸਮਝੀਆਂ ਜਾਣ ਵਾਲੀਆਂ ਬਿਮਾਰੀਆਂ ਦਾ ਹੱਲ ਵੀ ਲੱਭ ਲਿਆ ਹੈ। ਤਕਨਾਲੋਜੀ ਅੱਜ ਦੇ ਸਮੇਂ ਸਿਰਫ਼ ਵੱਡੇ ਲੋਕਾਂ ਤੱਕ ਹੀ ਨਹੀ ਸਗੋਂ ਮੱਧਮ ਵਰਗ ਅਤੇ ਛੋਟੇ ਵਰਗ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਅੱਜ-ਕੱਲ੍ਹ ਦਾ ਹਰ ਇੱਕ ਨੋਜਵਾਨ ਮੋਬਾਇਲ,ਕੰਪਿਊਟਰ ਰਾਂਹੀ ਕਿਸੇ ਨਾ ਕਿਸੇ ਤਰ੍ਹਾਂ ਤਕਨਾਲੋਜੀ ਨਾਲ ਜੁੜਿਆ ਹੋਇਆ ਹੈ।
ਤਕਨਾਲੋਜੀ ਵਰਦਾਨ ਹੈ ਜਾਂ ਸਰਾਪ ਹੈ, ਇਹ ਗਲ ਸਾਡੀ ਖੇਤਰੀ ਭਾਸ਼ਾ ਵਿਚ ਵੀ ਲਾਗੂ ਹੁੰਦੀ ਹੈ । ਤਕਨਾਲੋਜੀ ਖੇਤਰੀ ਭਾਸ਼ਾਵਾਂ ਲਈ ਸਰਾਪ ਬਣ ਕੇ ਹੀ ਸਾਹਮਣੇ ਆਈ ਹੈ। ਜਿਥੇ ਪਿਛਲੇ ਕੁੱਝ ਦਹਾਕਿਆਂ ਵਿੱਚ ਕਈ ਖੇਤਰੀ ਭਾਸ਼ਾਵਾਂ ਖਤਮ ਹੋਣ ਦੇ ਕਿਨਾਰੇ ਤੇ ਹਨ ਉੱਥੇ ਹੀ ਕੁੱਝ ‘ਕੁ ਭਾਸ਼ਾਵਾਂ ਦਾ ਅਗਲੇ ਪੰਜਾਹ ‘ਕੁ ਸਾਲ ਤੱਕ ਖ਼ਤਮ ਹੋਣ ਦੀ ਸੰਭਾਵਨਾ ਵੀ ਹੈ। ਇਹਨਾਂ ਵਿੱਚ ਪੰਜਾਬੀ ਭਾਸ਼ਾ ਵੀ ਇੱਕ ਹੈ, ਜਿਸ ਦੀ ਉੱਨਤੀ ਤਕਨਾਲੋਜੀ ਦੇ ਮੁਕਾਬਲੇ ਕਾਫ਼ੀ ਹੌਲੀ ਹੋਈ ਹੈ। ਕੁੱਝ ਭਾਸ਼ਾਵਾਂ ਤਕਨੋਲਜੀ ਦੇ ਨਾਲ ਮੁੱਢ ਤੋ ਹੀ ਜੁੜੀਆਂ ਹੋਈਆ ਹਨ। ਜਿਸ ਦੇ ਸਿੱਟੇ ਵਜੋਂ ਅੱਜ ਉਹ ਭਾਸ਼ਾਵਾਂ ਵੱਧ ਉੱਨਤ ਹੀ ਨਹੀ ਸਗੋਂ ਵਿਸ਼ਵ ਪੱਧਰ ਤੇ ਆਪਣੀ ਵੱਖਰੀ ਪਛਾਣ ਬਣਾ ਚੁੱਕੀਆਂ ਹਨ ਇਹਨਾਂ ਵਿੱਚ ਕੁੱਝ ਭਾਸ਼ਾਵਾਂ ਅਰਬੀ, ਚੀਨ੍ਹੀ ਅਤੇ ਜਪਾਨੀ ਭਾਸ਼ਾਵਾਂ ਹਨ।
ਜਦ ਸ਼ੁਰੂ ਵਿਚ ਮੋਬਾਈਲ ਜਾਂ ਕੰਪਿਊਟਰ ਆਇਆ ਤਾਂ ਉਹ ਅੰਗਰਜ਼ੀ ਭਾਸ਼ਾ ਵਿਚ ਹੋਣ ਕਰ ਕੇ ਅਸੀਂ ਉਸ ਨੂੰ ਓਵੇਂ ਹੀ ਅਪਣਾ ਲਿਆ। ਅਸੀਂ ਇਹ ਸਵਾਲ ਉਸ ਵੇਲੇ ਨਹੀਂ ਉਠਾਏ, ਕਿ ਇਸ ਵਿਚ ਸਾਡੀ ਭਾਸ਼ਾ ਕਿਉਂ ਨਹੀਂ ਹੈ। ਜਦ ਕੁੱਝ ਬੁੱਧੀਜੀਵੀਆਂ ਨੇ ਆਪਣੀ ਭਾਸ਼ਾਵਾਂ ਲਈ ਯਤਨ ਕੀਤੇ, ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ। ਉਦੋਂ ਤੱਕ ਅੱਜ ਦੇ ਨੌਜਵਾਨ ਆਪਣੀ ਭਾਸ਼ਾ ਨੂੰ ਛੱਡ ਕੇ ਤਕਨਾਲੋਜੀ ਵਿੱਚ ਅੰਗਰੇਜ਼ੀ ਨੂੰ ਪੂਰੀ ਤਰ੍ਹਾਂ ਅਪਣਾ ਚੁੱਕੇ ਸਨ।
ਪੰਜਾਬੀ ਭਾਸ਼ਾ ਦਾ ਤਕਨਾਲੋਜੀ ਦੇ ਨਾਲ ਉੱਨਤ ਨਾ ਹੋਣ ਦਾ ਇਕ ਕਾਰਨ ਇਹ ਵੀ ਸੀ ਕਿ ਸਾਡੀ ਸੋਚ ਹੀ ਇਹ ਬਣ ਚੁੱਕੀ ਹੈ ਕਿ ਬਿਨ੍ਹਾਂ ਅੰਗਰੇਜ਼ੀ ਦੇ ਕੰਪਿਊਟਰ ਜਾਂ ਮੋਬਾਇਲ ਦੀ ਵਰਤੋਂ ਨਹੀਂ ਹੋ ਸਕਦੀ ਅਤੇ ਜੇ ਕਿੱਤਾਕਾਰ ਪੱਧਰ ਤੇ ਕੰਮ ਕਰਨਾ ਹੈ ਤਾਂ ਉੱਥੇ ਪੰਜਾਬੀ ਦਾ ਕੋਈ ਮਹੱਤਵ ਹੀ ਨਹੀਂ। ਪਰ ਇਹ ਸੱਚ ਨਹੀਂ ਹੈ, ਪੰਜਾਬੀ ਦੇ ਵਿੱਚ ਸਾਫ਼ਟਵੇਅਰਾਂ ਦੀ ਘਾਟ ਜ਼ਰੂਰ ਹੈ ਪਰ ਜੋ ਇਸ ਵਿਚ ਕੰਮ ਹੋ ਚੁੱਕਾ ਹੈ ਅਸੀਂ ਉਸ ਨੂੰ ਵੀ ਨਹੀ ਵਰਤ ਰਹੇ ਹਾਂ। ਉਦਾਹਰਣ ਵਜੋਂ ਅੱਜ ਦੇ ਕੰਪਿਊਟਰ ਵਿਚ ਪੰਜਾਬੀ ਟਾਈਪ ਕਰਨ ਲਈ ਇੱਕ ਵੱਖਰਾ ਕੀ-ਬੋਰਡ ਲੇ-ਆਉਟ (ਕੰਪਿਊਟਰ ‘ਤੇ ਟਾਈਪ ਕਰਨ ਲਈ ਕੀ-ਬੋਰਡ ਦੀ ਕਿਸ ਕੀ ਤੋ ਕਿਹੜਾ ਅੱਖਰ ਪਵੇ) ਪਹਿਲਾਂ ਹੀ ਹੰਦਾ ਹੈ ਜਿਸ ਦੀ ਅਸੀਂ ਕਦੇ ਵੀ ਵਰਤੋਂ ਨਹੀਂ ਕੀਤੀ ਹੋਣੀ। ਫੇਸਬੁੱਕ ਨੂੰ ਅਸੀਂ ਪੰਜਾਬੀ ਵਿੱਚ ਵੀ ਵਰਤ ਸਕਦੇ ਹਾਂ। ਫੇਸਬੁੱਕ ਦੇ ਪਹਿਲੇ ਪਨ੍ਹੇ ਉੱਪਰ ਪੰਜਾਬੀ ਭਾਸ਼ਾ ਚੁਣਨ ਦਾ ਅਧਿਕਾਰ ਹੁੰਦਾ ਹੈ ਜਿਸ ਨੂੰ ਚੁਣ ਕੇ ਸਾਰੇ ਲਿੰਕ ਪੰਜਾਬੀ ਵਿੱਚ ਦਿਖਦੇ ਹਨ, ਇਸ ਨੂੰ ਵਰਤਣ ਦੀ ਗੱਲ ਤੇ ਦੂਰ ਬਹੁਤ ਲੋਕਾਂ ਨੂੰ ਇਹ ਵੀ ਨਹੀ ਪਤਾ ਹੋਵੇਗਾ ਕੇ ਇੰਝ ਹੋ ਸਕਦਾ ਹੈ। ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਗਲ੍ਹਾਂ ਪੰਜਾਬੀ ਦੇ ਤਕਨੀਕੀ ਵਿਸਤਾਰ ਵਿਚ ਬਹੁਤ ਵੱਡਾ ਅੜਿੱਕਾ ਬਣ ਗਈਆਂ ਹਨ।
ਮੋਬਾਇਲ ਫ਼ੋਨਾਂ ਵਿੱਚ ਜੋ ਮਹੱਤਤਾ ਅੰਗਰੇਜ਼ੀ ਨੂੰ ਮਿਲਦੀ ਹੈ ਉਹੀ ਪੰਜਾਬੀ ਨੂੰ ਵੀ ਮਿਲਣੀ ਚਾਹੀਦੀ ਹੈ। ਕੁੱਝ ਮੋਬਾਇਲ ਕੰਪਨੀਆਂ ਨੇ ਮੋਬਾਇਲ ਵਿਚ ਭਾਰਤ ਦੀਆਂ ਖੇਤਰੀਆਂ ਭਾਸ਼ਾਵਾਂ ਦਿੱਤੀਆਂ ਹਨ, ਸਾਨੂੰ ਉਹਨਾਂ ਭਾਸ਼ਾਵਾਂ ਵਿੱਚ ਸੰਦੇਸ਼ ਭੇਜਣ ਦੀ ਵੱਧ ਤੋ ਵੱਧ ਵਰਤੋਂ ਕਰਨੀ ਚਾਹੀਦੀ ਹੈ ਤਾਂ ਕਿ ਹੋਰ ਲੋਕ ਇਸ ਨੂੰ ਪ੍ਰੇਰਣਾ ਸਦਕਾ ਹੀ ਸਹੀ ਪੰਜਾਬੀ ਭਾਸ਼ਾ ਵਿੱਚ ਪੜ੍ਹਨ ਅਤੇ ਲਿਖਣ ਦੀ ਵਰਤੋਂ ਕਰਨ। ਜਿਥੇ ਇਕ ਪਾਸੇ ਪੰਜਾਬ ਵਿਚ ਹੀ ਪੰਜਾਬੀ ਬੋਲਣ, ਪੜ੍ਹਨ ਅਤੇ ਲਿਖਣ ਨੂੰ ਪੰਜਾਬ ਸਰਕਾਰ ਦੇ ਉਪਰਾਲੇ ਕਰਨ ਦੇ ਬਾਵਜੂਦ ਵੀ ਇਨ੍ਹਾਂ ਮਹਤੱਵ ਨਹੀ ਦਿੱਤਾ ਜਾ ਰਿਹਾ ਹੈ ਓਥੇ ਹੀ ਤਕਨਾਲੋਜੀ ਦੇ ਖੇਤਰ ਵਿਚ ਇਸ ਦੇ ਘੱਟ ਵਰਤੋਂਕਾਰ ਹੋਣ ਕਾਰਨ ਇਸ ਨੂੰ ਉਸ ਦੀ ਬਣਦੀ ਥਾਂ ਨਹੀਂ ਦਿੱਤੀ ਜਾ ਰਹੀ ਹੈ। ਜੇ ਇਸ ਤਰਾਂ ਹੀ ਚਲਦਾ ਰਿਹਾ ਤਾਂ ਪੰਜਾਬੀ ਨੂੰ ਗਲੋਬਲ ਭਾਸ਼ਾ ਬਨਾਉਣ ਦਾ ਸੁਪਨਾ ਵੀ ਟੁੱਟ ਜਾਵੇਗਾ ਅਤੇ ਪੰਜਾਬੀ ਭਾਸ਼ਾ ਦੀ ਹੋਂਦ ਸਿਰਫ਼ ਸਾਹਿਤ ਅਤੇ ਕਿਤਾਬਾਂ ਵਿੱਚ ਹੀ ਰਿਹ ਜਾਵੇਗੀ।

ਲੇਖਕ : ਪਰਵਿੰਦਰ ਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 16
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :2368

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ