ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਇੰਟਰਨੈੱਟ ਦਾ ਪੰਜਾਬੀ ਭਾਸ਼ਾ ’ਤੇ ਪ੍ਰਭਾਵ

ਦੁਨੀਆ ਦੀਆਂ ਤਮਾਮ ਭਾਸ਼ਾਵਾਂ ਨੇ ਹੌਲੀ-ਹੌਲੀ ਵਿਕਾਸ ਕਰ ਕੇ ਵਰਤਮਾਨ ਸਮੇਂ ਤਕ ਆਪਣੀ ਵਿਸ਼ੇਸ਼ ਥਾਂ ਬਣਾਈ ਹੈ। ਇਹ ਪ੍ਰਕਿਰਿਆ ਹਜ਼ਾਰਾਂ ਸਾਲਾਂ ਦੀ ਮਨੁੱਖੀ ਦਿਮਾਗ ਦੀ ਭਾਸ਼ਾ ਪ੍ਰਤੀ ਘਾੜਤ ਦਾ ਇਕ ਸ਼ਾਨਦਾਨ ਨਤੀਜਾ ਹੈ ਕਿ ਦੁਨੀਆਂ ਦੇ ਵਿਚ ਅੱਜ ਹਜ਼ਾਰਾਂ ਹੀ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਸ ਗੱਲ ਵਿਚ ਵੀ ਕੋਈ ਸ਼ੱਕ ਨਹੀਂ ਕਿ ਹੁਣ ਤਕ ਮਿਲਦੇ ਭਾਸ਼ਾਵਾਂ ਦੇ ਇਤਿਹਾਸ ਵਿਚ ਕਈ ਭਾਸ਼ਾਵਾਂ ਬਹੁਤ ਜਿਆਦਾ ਤਰੱਕੀ ਕਰ ਕੇ ਅੱਜ ਸਮੁੱਚੀ ਦੁਨੀਆ ’ਤੇ ਰਾਜ ਕਰ ਰਹੀਆਂ ਹਨ ਤੇ ਕਈ ਭਾਸ਼ਾਵਾਂ ਦਾ ਹੁਣ ਥਹੁ-ਪਤਾ ਵੀ ਨਹੀਂ ਅਤੇ ਕੁਝ ਭਾਸ਼ਾਵਾਂ ਆਪੋ-ਆਪਣੇ ਖੇਤਰਾਂ ਤਕ ਸੀਮਤ ਹੋ ਕੇ ਰਹਿ ਗਈਆਂ ਹਨ।
ਪੰਜਾਬੀ ਭਾਸ਼ਾ ਦਾ ਇਤਿਹਾਸ ਵੀ ਕਾਫੀ ਲੰਮੇਰਾ ਹੈ। ਇਸ ਨੇ ਵੀ ਵਿਕਾਸ ਦੀਆਂ ਲੀਹਾਂ ’ਤੇ ਪੈ ਕੇ ਹੌਲੀ-ਹੌਲੀ ਤਰੱਕੀ ਕਰਦੇ ਹੋਏ ਅਜੋਕੀ ਵਰਤਮਾਨਕ ਸਥਿਤੀ ਬਣਾਈ ਹੈ। ਪੰਜਾਬੀ ਭਾਸ਼ਾ ਇਕ ਅਜਿਹੀ ਭਾਸ਼ਾ ਹੈ ਜਿਸ ਵਿਚ ਦੂਜੀਆਂ ਭਾਸ਼ਾਵਾਂ ਦੇ ਵੀ ਕਈ ਸ਼ਬਦ ਤਦਭਵ ਜਾਂ ਤਤਸਮ ਰੂਪ ਵਿਚ ਮੌਜੂਦ ਹਨ। ਇਹ ਵਰਤਾਰਾ ਪੰਜਾਬੀ ਭਾਸ਼ਾ ਦੇ ਵਿਦਵਾਨਾਂ/ਵਿਚਾਰਕਾਂ ਅਤੇ ਭਾਸ਼ਾ ਵਿਗਿਆਨੀਆਂ ਵੱਲੋਂ ਸਮੇਂ-ਸਮੇਂ ’ਤੇ ਪੰਜਾਬੀ ਭਾਸ਼ਾ ਨੂੰ ਵਧੇਰੇ ਸਮਰੱਥ ਬਣਾਉਣ ਲਈ ਵਰਤਿਆ ਗਿਆ ਜੋਕਿ ਪੰਜਾਬੀ ਭਾਸ਼ਾ ਦੇ ਇਤਿਹਾਸ ਵਿਚਲੀਆਂ ਵਿਕਾਸ ਦੀਆਂ ਪਰਤਾਂ ਨੂੰ ਸਾਡੇ ਸਾਹਮਣੇ ਲਿਆਉਂਦਾ ਹੈ।
ਇਕ ਗੱਲ ਜੋ ਕਿ ਅੱਜ ਦੇ ਯੁੱਗ ਵਿਚ ਤਕਨੀਕੀ ਵਿਕਾਸ ਕਰਕੇ ਕਰਨੀ ਬਣਦੀ ਹੈ, ਉਹ ਇਹ ਹੈ ਕਿ ਆਧੁਨਿਕ ਤਕਨਾਲੌਜੀ (ਵਿਸ਼ੇਸ਼ ਕਰਕੇ ਇੰਟਰਨੈੱਟ) ਨੇ ਵੱਖ-ਵੱਖ ਭਾਸ਼ਾਵਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਜਿਸ ਤਹਿਤ ਭਾਸ਼ਾ ਦੇ ਪੱਖ ਤੋਂ ਇੰਟਰਨੈੱਟ ਰਾਹੀਂ ਜਿੱਥੇ ਕਿਸੇ ਭਾਸ਼ਾ ਨੂੰ ਵਰਤਣ ਭਾਵ ਕਪਿਊਟਰ ’ਤੇ ਲਿਖਣ ਜਾਂ ਪੜ੍ਹਨ ਸਮੇਂ ਕਈ ਵਿਆਕਰਣਕ ਪੱਖਾਂ ਤੋਂ ਭਾਸ਼ਾ ਦੀ ਆਨਲਾਈਨ ਸੋਧ-ਸੁਧਾਈ ਕੀਤੀ ਜਾ ਸਕਦੀ ਹੈ ਤਾਂਕਿ ਆਨਲਾਈਨ ਕਪਿਊਟਰ ’ਤੇ ਲਿਖੀ (ਟਾਈਪ) ਜਾਣ ਵਾਲੀ ਭਾਸ਼ਾ ਪੂਰਨ ਰੂਪ ਵਿਚ ਤਰੁੱਟੀ-ਰਹਿਤ ਹੋਵੇ, ਉੱਥੇ ਨਾਲ ਕਈ ਅਜਿਹੀਆਂ ਸਮੱਸਿਆਵਾਂ ਵੀ ਦਰਪੇਸ਼ ਚੁਣੌਤੀ ਬਣਦੀਆਂ ਹਨ ਜਦੋਂ ਭਾਸ਼ਾਈ ਪੱਖ ਤੋਂ ਕੁਝ ਤਰੁੱਟੀਆਂ ਰਹਿ ਵੀ ਜਾਂਦੀਆਂ ਹਨ। ਇਹ ਵਰਤਾਰਾ ਕਪਿਊਟਰ ਜਾਂ ਮੋਬਾਇਲ ’ਤੇ ਇੰਟਰਨੈੱਟ ਦੀ ਵਰਤੋਂ ਕਰਦੇ ਸਮੇਂ ਡਿਜੀਟਲ ਪੱਧਰ ’ਤੇ ਭਾਸ਼ਾ ਨੂੰ ਵਰਤਣ ਵੇਲੇ ਅਚੇਤ ਜਾਂ ਸੁਚੇਤ ਰੂਪ ਵਿਚ ਵਿਆਪਕ ਰੂਪ ਵਿਚ ਵਰਤ ਰਿਹਾ ਹੈ। ਇੱਥੇ ਇਹ ਗੱਲ ਵੀ ਦੱਸਣੀ ਬਣਦੀ ਹੈ ਕਿ ਪੰਜਾਬੀ ਭਾਸ਼ਾ ਅਤੇ ਇੰਟਰਨੈੱਟ ਰਾਹੀਂ ਡਿਜੀਟਲ ਤਕਨੀਕ ਦਾ ਆਪਸੀ ਤਾਲਮੇਲ ਹੋਰ ਸੁਚਾਰੂ ਰੂਪ ਵਿਚ ਸਥਾਪਿਤ ਕਰਨ ਲਈ ਪੰਜਾਬੀ ਭਾਸ਼ਾ ਅਤੇ ਕਪਿਊਟਰ ਦੇ ਕਈ ਮਾਹਿਰ ਤੇ ਵਿਦਵਾਨ ਇਸ ਖੇਤਰ ਵਿਚ ਕਾਰਜਸ਼ੀਲ ਵੀ ਹਨ।
ਹੁਣ ਇਸ ਤੋਂ ਇਲਾਵਾ ਜੇਕਰ ਪੰਜਾਬੀ ਭਾਸ਼ਾ ਦੀਆਂ ਉਪ ਬੋਲੀਆਂ ਦੇ ਪ੍ਰਸੰਗ ਵਿਚ ਗੱਲ ਕਰੀਏ ਤਾਂ ਪੰਜਾਬੀ ਭਾਸ਼ਾ ਦੀਆਂ ਅਨੇਕਾਂ ਹੀ ਉਪ ਬੋਲੀਆਂ ਹਨ। ਮੋਟੇ ਤੌਰ ’ਤੇ ਜੇਕਰ ਵੇਖਿਆ ਜਾਵੇ ਤਾਂ ਪੰਜਾਬੀ ਦੀ ਟਕਸਾਲੀ ਬੋਲੀ ਅਜੋਕੇ ਪੰਜਾਬ ਦੇ ਮਾਝੇ ਦੇ ਖੇਤਰ ਵਿਚ ਬੋਲੀ ਜਾਂਦੀ ਹੈ ਜਦਕਿ ਦੁਆਬੀ ਬਿਆਸ ਅਤੇ ਸਤਲੁਜ ਦੇ ਵਿਚਕਾਰਲੇ ਖੇਤਰ ਅਤੇ ਮਲਵਈ ਬੋਲੀ ਜਲੰਧਰ ਤੋਂ ਬਾਰਸਤਾ ਜਾਂਦੇ ਹੋਏ ਸਤਲੁਜ ਤੋਂ ਪਾਰ ਬੋਲੀ ਜਾਂਦੀ ਹੈ। ਉਚਾਰਨ ਦੇ ਪੱਖ ਤੋਂ ਇਨ੍ਹਾਂ ਤਿੰਨਾਂ-ਮਾਝੀ (ਟਕਸਾਲੀ), ਦੁਆਬੀ ਅਤੇ ਮਲਵਈ ਬੋਲੀ ਵਿਚ ਆਪਸੀ ਅੰਤਰ ਹੈ। ਜਿਸ ਤੋਂ ਇਹ ਸਹਿਜੇ ਹੀ ਅੰਦਾਜ਼ਾ ਲਗਾ ਲਿਆ ਜਾਂਦਾ ਹੈ ਕਿ ਉਸ ਬੋਲੀ ਨੂੰ ਬੋਲਣ ਵਾਲਾ ਵਿਅਕਤੀ ਪੰਜਾਬ ਦੇ ਕਿਸ ਖੇਤਰ ਨਾਲ ਸੰਬੰਧ ਰੱਖਦਾ ਹੈ।
ਪਰੰਤੂ ਤਕਨੀਕੀ ਵਿਕਾਸ ਨੇ ਹੁਣ ਬੋਲੀ ਅਤੇ ਉਪ ਬੋਲੀ ਦੇ ਪ੍ਰਸੰਗ ਵਿਚ ਜਿਸ ਹੱਦ ਤਕ ਆਪਣਾ ਪ੍ਰਭਾਵ ਪਾਇਆ ਹੈ ਉਹ ਵੀ ਇਕ ਵਿਚਾਰਨਯੋਗ ਪਹਿਲੂ ਹੈ। ਅੱਜ ਕਪਿਊਟਰ, ਲੈਪਟਾਪ, ਟੈਬ, ਮੋਬਾਇਲ, ਆਈਪੈਡ ਆਦਿ ਵਰਗੇ ਡਿਜੀਟਲ ਉਪਕਰਨਾਂ ਨੇ ਪੰਜਾਬੀ ਭਾਸ਼ਾ ਨੂੰ ਜਿੱਥੇ ਆਧੁਨਿਕ ਤਕਨੀਕ ਦੇ ਸਮਰੱਥ ਕੀਤਾ ਹੈ, ਉੱਥੇ ਭਾਸ਼ਾ ਦੀਆਂ ਉਨ੍ਹਾਂ ਕਈ ਧਾਰਨਾਵਾਂ ਨੂੰ ਵੀ ਤੋੜਿਆ ਹੈ ਜਿਸ ਤਹਿਤ ਇਹ ਆਮ ਕਹਾਵਤ ਹੈ ਕਿ-- ‘ਬਾਰ੍ਹਾਂ ਕੋਹਾਂ ’ਤੇ ਬੋਲੀ ਵੀ ਬਦਲ ਜਾਂਦੀ ਹੈ’, ਕਿਉਂਕਿ ਤਕਨੀਕੀ ਸੰਚਾਰ ਦੇ ਖੇਤਰ ਵਿਸ਼ੇਸ਼ ਕਰ ਇੰਟਰਨੈੱਟ ਰਾਹੀਂ ਜੋ ਅਸੀਂ ਵੱਖ-ਵੱਖ ਤਰ੍ਹਾਂ ਦੇ ਸਾਫਟਵੇਅਰ (ਐਪਲੀਕੇਸ਼ਨ ਦੇ ਰੂਪ ਵਿਚ) ਜਿਵੇਂ ਵਟਸ ਐਪ, ਫੇਸਬੁਕ ਆਦਿ ਨੂੰ ਸੁਨੇਹਾ ਭੇਜਣ ਲਈ ਵਰਤਦੇ ਹਾਂ, ਦੇ ਰਾਹੀਂ ਅੱਜ ਪੰਜਾਬੀ ਭਾਸ਼ਾ ਦੀ ਜੋ ਵਰਤੋਂ ਹੋ ਰਹੀ ਹੈ, ਉਸ ਵਿਚ ਕਈ ਤਰ੍ਹਾਂ ਦੇ ਨਵੀਨ ਰੁਝਾਨ ਦੀ ਸਾਡੇ ਸਾਹਮਣੇ ਆ ਰਹੇ ਹਨ। ਜਿਸ ਤਹਿਤ ਬੋਲੀ ਅਤੇ ਉਪ ਬੋਲੀ ਦੀ ਆਪਸੀ ਦੂਰੀ ਘਟ ਰਹੀ ਮਹਿਸੂਸ ਹੋ ਰਹੀ ਹੈ ਅਤੇ ਇਨ੍ਹਾਂ ਨਵੀਆਂ ਤਕਨੀਕਾਂ ਰਾਹੀਂ ਅੱਜ ਪੰਜਾਬੀ ਦੀਆਂ ਉਪ ਬੋਲੀਆਂ ਆਪਸ ਵਿਚ ’ਤੇ ਰਲਗੱਡ ਹੋ ਰਹੀਆਂ ਹਨ। ਬੇਸ਼ੱਕ ਇਸ ਨਾਲ ਕੇਂਦਰੀ ਪੰਜਾਬੀ ਭਾਸ਼ਾ ਨੂੰ ਕੋਈ ਫਰਕ ਨਹੀਂ, ਪਰੰਤੂ ਮਾਝੀ, ਦੁਆਬੀ ਅਤੇ ਮਲਵਈ ਬੋਲੀ ਦੇ ਇੰਟਰਨੈੱਟ ਵਿਸ਼ੇਸ਼ ਕਰ ਵਟਸ ਐਪ, ਫੇਸਬੁੱਕ ਆਦਿ ਸੁਨੇਹਾ ਪ੍ਰਣਾਲੀਆਂ ਦੇ ਜੋ ਵਰਤੋਕਾਰ ਹਨ ਉਨ੍ਹਾਂ ਦੇ ਆਪਸੀ ਸੁਨੇਹੇ ਜਿਹੜੇ ਕਿ ਪੰਜਾਬੀ ਭਾਸ਼ਾ ਵਿਚ ਲਿਖੇ ਹੋਣ ਦੇ ਬਾਵਜੂਦ ਕਈ ਵਾਰ ਆਪੋ-ਆਪਣੇ ਖੇਤਰ ਦੀਆਂ ਸਥਾਨਕ ਉਪ ਬੋਲੀਆਂ ਦਾ ਪ੍ਰਭਾਵ ਜ਼ਰੂਰ ਦੇਂਦੇ ਹਨ। ਜੇਕਰ ਗੰਭੀਰਤਾ ਨਾਲ ਵਿਚਾਰ ਕੀਤੀ ਜਾਵੇ ਤਾਂ ਇਸ ਰੁਝਾਨ ਦਾ ਅਸਰ ਬੇਸ਼ੱਕ ਪੰਜਾਬੀ ਭਾਸ਼ਾ ਨੂੰ ਜਾਣਨ-ਪਹਿਚਾਨਣ ਵਾਲਿਆਂ ਵਿਅਕਤੀਆਂ ਨੂੰ ਭਾਵੇਂ ਨਾ ਪਵੇ ਪਰੰਤੂ ਪੰਜਾਬੀ ਭਾਸ਼ਾ ਦੇ ਸਿਖਾਂਦਰੂਆਂ, ਵਿਸ਼ੇਸ਼ ਕਰਕੇ ਵਿਦਿਆਰਥੀ ਵਰਗ ਉੱਤੇ ਇਸ ਗੱਲ ਦਾ ਅਸਰ ਯਕੀਨਨ ਪਵੇਗਾ ਅਤੇ ਪੈ ਵੀ ਰਿਹਾ ਹੈ ਜਿਸ ਤਹਿਤ ਉਨ੍ਹਾਂ ਨੂੰ ਬੋਲੀ ਅਤੇ ਉਪ ਬੋਲੀ ਦੇ ਫਰਕ ਦੀ ਬੋਲਣ ਅਤੇ ਲਿਖਣ ਦੇ ਪੱਧਰ ’ਤੇ ਪਹਿਚਾਣ ਕਰਨੀ ਕੁਝ ਔਖੀ ਹੋ ਰਹੀ ਹੈ।
ਸੋ ਪੰਜਾਬੀ ਭਾਸ਼ਾ ਦੇ ਬੁੱਧੀਜੀਵੀਆਂ ਨੂੰ ਇਸ ਨਵੇਂ ਰੁਝਾਨ ਵਿੱਚੋਂ ਪੈਦਾ ਹੋ ਰਹੀਆਂ ਨਵੀਆਂ ਸੰਭਾਵਨਾਵਾਂ ਤੇ ਚੁਣੌਤੀਆਂ ਨੂੰ ਵੀ ਆਪਣੇ ਅਧਿਐਨ ਦਾ ਖੇਤਰ ਬਣਾਉਣਾ ਚਾਹੀਦਾ ਹੈ। ਇੱਥੇ ਸਾਡਾ ਮਕਸਦ ਇਹ ਕਹਿਣ ਦਾ ਹਰਗਿਜ਼ ਨਹੀਂ ਕਿ ਕੇਂਦਰੀ ਪੰਜਾਬੀ ਤੋਂ ਇਲਾਵਾ ਪੰਜਾਬੀ ਭਾਸ਼ਾ ਦੀਆਂ ਦੂਜੀਆਂ ਉਪ ਬੋਲੀਆਂ ਦੇ ਫੈਲਣ ਦਾ ਰੁਝਾਨ ਗਲਤ ਹੈ, ਸਗੋਂ ਇਸ ਨਾਲ ਪੰਜਾਬੀ ਭਾਸ਼ਾ ਅਤੇ ਇਸ ਦੀਆਂ ਉਪ ਬੋਲੀਆਂ ਦਾ ਹੋਰ ਵਿਸਥਾਰ ਹੋਵੇਗਾ। ਪਰੰਤੂ ਜਿੱਥੇ ਪੰਜਾਬੀ ਦੇ ਸ਼ੁੱਧ (ਕੇਂਦਰੀ ਸਰੂਪ/ਸਾਹਿਤਕ ਰੂਪ) ਨੂੰ ਲਿਖਣ ਦਾ ਸਵਾਲ ਹੈ ਉਸ ਵਿਚ ਕਿਤੇ ਨਾ ਕਿਤੇ ਪੰਜਾਬੀ ਭਾਸ਼ਾ ਦੇ ਸ਼ੁੱਧ ਸਰੂਪ ਉੱਪਰ ਫਰਕ ਜ਼ਰੂਰ ਪਵੇਗਾ।
ਸੋ ਅਜਿਹੀ ਸਥਿਤੀ ਵਿਚ ਜਿੱਥੇ ਭਾਸ਼ਾ ਦੇ ਮਾਹਿਰਾਂ ਨੂੰ ਸੁਚੇਤਤਾ ਦੀ ਲੋੜ ਹੈ, ਉੱਥੇ ਪੰਜਾਬੀ ਭਾਸ਼ਾ ਨੂੰ ਲਿਖਣ, ਪੜ੍ਹਨ ਅਤੇ ਬੋਲਣ ਵਾਲਿਆਂ ਵਿਸ਼ੇਸ਼ ਕਰਕੇ ਇੰਟਰਨੈੱਟ ’ਤੇ ਪੰਜਾਬੀ ਭਾਸ਼ਾ ਨੂੰ ਵਰਤਣ ਵਾਲਿਆਂ ਨੂੰ ਵੀ ਪੰਜਾਬੀ ਦੇ ਸ਼ੁੱਧ ਅਤੇ ਕੇਂਦਰੀ ਸਰੂਪ ਦੀ ਪਹਿਚਾਣ ਰੱਖਣੀ ਚਾਹੀਦੀ ਹੈ ਤਾਂ ਜੋ ਭਾਸ਼ਾ ਦੇ ਪੱਧਰ ਸਾਡਾ ਪੰਜਾਬੀ ਭਾਸ਼ਾ ਦਾ ਉਚਾਰਨ ਅਤੇ ਲਿਖਤੀ ਰੂਪ ਵਿਚ ਪੰਜਾਬੀ ਭਾਸ਼ਾ ਦਾ ਮੁਹਾਂਦਰਾ ਸਪੱਸ਼ਟ ਅਤੇ ਤਰੁੱਟੀ-ਰਹਿਤ ਹੋਵੇ।

ਲੇਖਕ : ਬਿਕਰਮਜੀਤ ਸਿੰਘ ਜੀਤ ਹੋਰ ਲਿਖਤ (ਇਸ ਸਾਇਟ 'ਤੇ): 17
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :3851
ਲੇਖਕ ਬਾਰੇ
ਆਪ ਜੀ ਬਤੌਰ ਪਰੂਫ਼ ਰੀਡਰ ਅੈਸ.ਜੀ.ਪੀ.ਸੀ. ਵਿੱਚ ਕੰਮ ਕਰ ਰਹੇ ਹੋ। ਆਪ ਜੀ ਉੱਚ ਵਿਚਾਰਕ ਅਤੇ ਪੰਜਾਬੀ ਚਿੰਤਕ ਹੋ ਆਪ ਜੀ ਦੇ ਅਖਬਾਰਾ ਵਿਚ ਲੇਖ ਛਪਦੇ ਰਹਿੰਦੇ ਹਨ ਅਤੇ ਪੰਜਾਬੀ ਭਾਸ਼ਾ ਦੀ ਪ੍ਰਫੁਲੱਤਾ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ