ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਘਰੇਲੂ ਹਿੰਸਾ ਦੀ ਸ਼ਿਕਾਰ ਔਰਤ

ਅਜੋਕਾ ਭਾਰਤੀ ਸਮਾਜ ਗਲੋਬਲਾਈਜੇਸ਼ਨ ਯੁੱਗ ਵਿੱਚ ਪ੍ਰਵੇਸ਼ ਕਰਕੇ ਵੀ ਸਾਮੰਤੀਵਾਦੀ ਸਿਸਟਮ ਨਾਲ ਜੁੜਿਆ ਹੋਇਆ ਹੈ, ਜਿੱਥੇ ਔਰਤ ਦਾ ਮਾਣ ਸਨਮਾਨ, ਅਜ਼ਾਦੀ ਨਿਰਾਰਥਕ ਹੈ ਤੇ ਉਹ ਬਲਾਤਕਾਰ, ਘਰੇਲੂ ਹਿੰਸਾ, ਹਰੇਕ ਤਰ੍ਹਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੈ। ਇਹ ਕਿੰਨੀ ਅਫਸੋਸਨਾਕ ਗੱਲ ਹੈ ਕਿ ਸਾਡੇ ਸਮਾਜ ਵਿੱਚ ਘਰ ਦੇ ਬਾਹਰ ਤਾਂ ਔਰਤਾਂ ਦੀ ਸੁਰੱਖਿਆ ਅਤੇ ਸਨਮਾਨ ਇੱਕ ਵੱਡਾ ਸੁਆਲ ਹੈ ਹੀ, ਦਹਿਲੀਜ਼ ਦੇ ਅੰਦਰ ਵੀ ਹਾਲਾਤ ਕੁਝ ਬਹੁਤੇ ਵਧੀਆ ਨਹੀਂ ਦਿਖਾਈ ਦੇ ਰਹੇ ਹਨ। ਯੂਐਨ ਵਿਸ਼ਵ ਜਨਸੰਖਿਆ ਫੰਡ ਅਤੇ ਇੰਟਰਨੈਸ਼ਨਲ ਸੈਂਟਰ ਫਾਰ ਰਿਸਰਚ ਆਨ ਵੂਮੈਨ ਦੀ ਹੁਣੇ ਜਿਹੇ ਰਿਪੋਰਟ ਵਿੱਚ ਸਾਹਮਣੇ ਆਏ ਨਤੀਜੇ ਨਾ ਸਿਰਫ਼ ਹੈਰਾਨ ਕਰਨ ਵਾਲੇ ਹਨ, ਸਗੋਂ ਸ਼ਰਮਸਾਰ ਕਰਨ ਵਾਲੇ ਹਨ। ਭਾਰਤ ਦੇ ਸੱਤ ਰਾਜਾਂ ਵਿੱਚ ਕੀਤੇ ਗਏ ਇਸ ਸਰਵੇ ਦੀ ਰਿਪੋਰਟ ਦੱਸਦੀ ਹੈ ਕਿ ਅੱਜ ਵੀ 10 ਵਿੱਚੋਂ 6 ਮਰਦ ਆਪਣੀ ਪਤਨੀ ਦੇ ਨਾਲ ਹਿੰਸਕ ਵਿਵਹਾਰ ਕਰਦੇ ਹਨ। ਇਹ ਹਕੀਕਤ ਭਾਵੇਂ ਹੀ ਸਾਨੂੰ ਹੈਰਾਨ ਪਰੇਸ਼ਾਨ ਕਰੇ, ਪਰ ਦੇਸ ਦੀ ਅੱਧੀ ਅਬਾਦੀ ਦੇ ਹਾਲਾਤਾਂ ਦੀ ਕੌੜੀ ਸੱਚਾਈ ਨੂੰ ਸਾਹਮਣੇ ਲਿਆਉਣ ਵਾਲੀ ਤਾਂ ਜ਼ਰੂਰ ਹੈ। ਇਹ ਰਿਪੋਰਟ ਸਾਡੇ ਸਮਾਜ ਅਤੇ ਪਰਿਵਾਰ ਦਾ ਉਹ ਭਿਅੰਕਰ ਚਿਹਰਾ ਪੇਸ਼ ਕਰਦੀ ਹੈ, ਜਿੱਥੇ ਇਸਤਰੀਆਂ ਨੂੰ ਆਪਣੇ ਹੀ ਵਿਹੜੇ ਵਿੱਚ ਆਪਣੇ ਹੀ ਲੋਕਾਂ ਦੀ ਹਿੰਸਾ ਝੱਲਣ ਲਈ ਮਜਬੂਰ ਹੋਣਾ ਪੈਂਦਾ ਹੈ। ਇਸ ਰਿਪੋਰਟ ਵਿੱਚ 60 ਫ਼ੀਸਦੀ ਪੁਰਸ਼ਾਂ ਦਾ ਇਹ ਸਵੀਕਾਰ ਕਰਨਾ ਕਿ ਉਹ ਆਪਣੀ ਪਤਨੀ ਦੇ ਨਾਲ ਹਿੰਸਕ ਵਿਵਹਾਰ ਕਰਦੇ ਹਨ, ਦਹਿਲੀਜ਼ ਦੇ ਅੰਦਰ ਹੋਣ ਵਾਲੇ ਇਸਤਰੀਆਂ ਦੇ ਭਾਵਨਾਤਮਕ ਅਤੇ ਸਰੀਰਕ ਪੱਖੋਂ ਤੰਗ-ਪਰੇਸ਼ਾਨ ਦਾ ਖੁਲਾਸਾ ਕਰਨ ਨੂੰ ਕਾਫੀ ਹੈ। ਜ਼ਿਕਰਯੋਗ ਹੈ ਕਿ ਇਸ ਰਿਪੋਰਟ ਵਿੱਚ ਔਰਤਾਂ ਦੇ ਨਾਲ ਹੋਣ ਵਾਲੇ ਹਿੰਸਾਤਮਕ ਵਿਵਹਾਰ ਨੂੰ ਸਿਰਫ਼ ਕੁੱਟ-ਮਾਰ ਤੱਕ ਸੀਮਤ ਨਹੀਂ ਰੱਖਿਆ ਗਿਆ ਹੈ। ਇਸ ਵਿੱਚ ਹਿੰਸਾ ਦੀਆਂ ਚਾਰ ਸ਼੍ਰੇਣੀਆਂ ਰੱਖੀਆਂ ਗਈਆਂ ਹਨ, ਜਿਸ ਵਿੱਚ ਮਾਨਸਿਕ ਅਤੇ ਸਰੀਰਕ ਹਿੰਸਾ ਦੇ ਨਾਲ ਹੀ ਯੌਨ ਹਿੰਸਾ ਅਤੇ ਆਰਥਿਕ ਪਰੇਸ਼ਾਨੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਤੱਥਾਂ ਦੇ ਆਧਾਰ 'ਤੇ ਜੋ ਅੰਕੜੇ ਸਾਹਮਣੇ ਆਏ ਹਨ, ਉਹ ਔਰਤਾਂ ਦੀਆਂ ਉਨ੍ਹਾਂ ਸਥਿਤੀਆਂ ਨੂੰ ਪੇਸ਼ ਕਰਦੇ ਹਨ, ਜਿਨ੍ਹਾਂ ਵਿੱਚ ਉਹ ਆਪਣਿਆਂ ਦਾ ਸਾਥ ਪਾ ਕੇ ਵੀ ਘੁਟਨ ਭਰੀ ਜ਼ਿੰਦਗੀ ਜੀਅ ਰਹੀਆਂ ਹਨ।
 ਵਿਸ਼ਵ ਪੱਧਰ 'ਤੇ ਔਰਤਾਂ ਦੀ ਗੁਲਾਮੀ ਬਾਰੇ ਅਨੇਕਾਂ ਘਟਨਾਵਾਂ ਮਿਲ ਜਾਂਦੀਆਂ ਹਨ, ਜਿੱਥੇ ਕਾਨੂੰਨ ਵੀ ਇਸਤਰੀ ਵਿਰੋਧੀ ਭੂਮਿਕਾ ਨਿਭਾਉਂਦੇ ਹਨ। ਕੁਝ ਉਦਾਹਰਨਾਂ ਹੇਠ ਲਿਖੀਆਂ ਹਨ-
 
 ਵਿਆਹੁਤਾ ਔਰਤ ਨਾਲ ਬਲਾਤਕਾਰ
 ਦਿੱਲੀ ਵਿੱਚ 2012 ਦੇ ਨਿਰਭਇਆ ਕਾਂਡ ਦੇ ਬਾਅਦ ਦੁਨੀਆਂ ਭਰ ਵਿੱਚ ਭਾਰਤ ਦਾ ਅਕਸ ਖ਼ਰਾਬ ਹੋਇਆ। ਪਰ ਇਕ ਸਾਲ ਬਾਅਦ ਹੀ ਕਾਨੂੰਨ ਵਿੱਚ ਇਕ ਨਵੀਂ ਧਾਰਾ ਜੋੜੀ ਗਈ, ਜਿਸ ਦੇ ਮੁਤਾਬਕ ਪਤਨੀ 15 ਸਾਲ ਤੋਂ ਜ਼ਿਆਦਾ ਉਮਰ ਦੀ ਹੈ, ਤਾਂ ਔਰਤ ਦੇ ਨਾਲ ਉਸ ਦੇ ਪਤੀ ਦੁਆਰਾ ਜਿਸਮਾਨੀ ਸੰਬੰਧਾਂ ਨੂੰ ਬਲਾਤਕਾਰ ਨਹੀਂ ਮੰਨਿਆ ਜਾਵੇਗਾ। ਸਿੰਗਾਪੁਰ ਵਿੱਚ ਜੇਕਰ ਲੜਕੀ ਦੀ ਉਮਰ ਜੇਕਰ 13 ਸਾਲ ਤੋਂ ਜ਼ਿਆਦਾ ਹੈ, ਤਾਂ ਉਸ ਦੇ ਨਾਲ ਗ੍ਰਹਿਸਥ ਜੀਵਨ ਦੌਰਾਨ ਜਿਸਮਾਨੀ ਸੰਬੰਧ ਬਲਾਤਕਾਰ ਨਹੀਂ ਮੰਨੇ ਜਾਂਦੇ।
 
 ਅਗ਼ਵਾ ਕਰਕੇ ਵਿਆਹ
 ਮਾਲਟਾ ਤੇ ਲੈਬਨਾਨ ਵਿੱਚ ਜੇਕਰ ਲੜਕੀ ਨੂੰ ਅਗ਼ਵਾ ਕਰਨ ਵਾਲਾ ਉਸ ਨਾਲ ਵਿਆਹ ਕਰ ਲੈਂਦਾ ਹੈ, ਤਾਂ ਉਸ ਦਾ ਅਪਰਾਧ ਖਾਰਜ ਹੋ ਜਾਂਦਾ ਹੈ ਅਰਥਾਤ ਉਸ 'ਤੇ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ। ਇਹੋ ਜਿਹੇ ਕਾਨੂੰਨ ਪਹਿਲਾਂ ਕੋਸਟਾ ਰੀਕਾ, ਇਥੀਓਪੀਆ ਅਤੇ ਪੇਰੂ ਵਰਗੇ ਦੇਸਾਂ ਵਿੱਚ ਹੁੰਦੇ ਸਨ। ਜਿਨ੍ਹਾਂ ਨੂੰ ਪਿਛਲੇ ਦਹਾਕਿਆਂ ਵਿੱਚ ਬਦਲ ਦਿੱਤਾ ਗਿਆ ਹੈ।
 
 ਸੁਧਾਰਨ ਦੇ ਲਈ ਕੁੱਟਣਾ ਜ਼ਰੂਰੀ
 ਨਾਈਜੀਰੀਆ ਜੇਕਰ ਪਤੀ ਆਪਣੀ ਪਤਨੀ ਨੂੰ ਉਸ ਦੀ ਗਲਤੀ ਸੁਧਾਰਨ ਦੇ ਲਈ ਕੁੱਟਦਾ ਹੈ, ਤਾਂ ਇਸ ਵਿੱਚ ਕੋਈ ਗ਼ੈਰ-ਕਾਨੂੰਨੀ ਗੱਲ ਨਹੀਂ ਮੰਨੀ ਜਾਂਦੀ।
 
 ਪਤਨੀ ਦਾ ਕਤਲ ਵੀ ਮਾਫ਼
 ਮਿਸਰ ਦੇ ਕਾਨੂੰਨ ਮੁਤਾਬਕ ਜੇਕਰ ਕੋਈ ਪਤੀ ਆਪਣੀ ਪਤਨੀ ਨੂੰ ਕਿਸੇ ਮਰਦ ਦੇ ਨਾਲ ਇਤਰਾਜ਼ਯੋਗ ਸਥਿਤੀ ਵਿੱਚ ਦੇਖਦਾ ਹੈ, ਤਾਂ ਗੁੱਸੇ ਵਿੱਚ ਉਸ ਦਾ ਕਤਲ ਕਰ ਦਿੰਦਾ ਹੈ, ਤਾਂ ਇਸ ਹੱਤਿਆ ਨੂੰ ਏਨਾ ਵੱਡਾ ਅਪਰਾਧ ਨਹੀਂ ਮੰਨਿਆ ਜਾਵੇਗਾ। ਅਜਿਹੇ ਪੁਰਸ਼ ਨੂੰ ਹਿਰਾਸਤ ਵਿੱਚ ਲਿਆ ਜਾ ਸਕਦਾ ਹੈ। ਪਰ ਹੱਤਿਆ ਦੇ ਅਪਰਾਧ ਲਈ ਆਮ ਤੌਰ 'ਤੇ ਹੋਣ ਵਾਲੀ 20 ਸਾਲ ਤੱਕ ਸਖ਼ਤ ਜੇਲ੍ਹ ਦੀ ਸਜ਼ਾ ਨਹੀਂ ਦਿੱਤੀ ਜਾਂਦੀ।
 ਅਸਲ ਵਿੱਚ ਔਰਤਾਂ ਦੇ ਨਾਲ ਹੋਣ ਵਾਲੀ ਹਰ ਤਰ੍ਹਾਂ ਦੀ ਹਿੰਸਾ ਦੇ ਬੀਜ ਉਸ ਮਾਨਸਿਕਤਾ ਨਾਲ ਪੈਦਾ ਹੁੰਦੇ ਹਨ, ਜਿਸ ਵਿੱਚ ਉਨ੍ਹਾਂ ਨੂੰ ਮਨੁੱਖ ਹੋਣ ਦਾ ਮਾਣ ਨਹੀਂ ਦਿੱਤਾ ਜਾਂਦਾ। ਕਬੀਲਾ ਕਲਚਰ ਵਾਲੇ ਮਰਦ ਇਹ ਸਮਝਦੇ ਹਨ ਜ਼ਰ-ਜੋਰੂ ਨੂੰ ਡਾਂਗ ਨਾਲ ਹੀ ਰੱਖਿਆ ਜਾ ਸਕਦਾ ਹੈ। ਉਸ ਦੀਆਂ ਭਾਵਨਾਵਾਂ ਤੇ ਜਜ਼ਬਾਤਾਂ ਦੀ ਇਹੋ ਜਿਹੇ ਸਿਸਟਮ ਵਿੱਚ ਕੋਈ ਕਦਰ ਨਹੀਂ ਹੁੰਦੀ। ਇਸਤਰੀ ਸਿਰਫ਼ ਰੋਟੀ ਪਕਾਉਣ ਤੇ ਬੱਚੇ ਜੰਮਣ ਦੀ ਮਸ਼ੀਨ ਹੁੰਦੀ ਹੈ। ਇਹੀ ਕਾਰਨ ਹੈ ਕਿ ਨਾ ਸਿਰਫ਼ ਆਰਥਿਕ ਤੌਰ 'ਤੇ ਆਪਣੇ ਪਤੀ ਅਤੇ ਪਰਿਵਾਰ 'ਤੇ ਨਿਰਭਰ ਔਰਤਾਂ, ਇੱਥੋਂ ਤੱਕ ਕੰਮ-ਕਾਜੀ ਅਤੇ ਸਫ਼ਲ ਔਰਤਾਂ ਵੀ ਡਿਓਢੀ ਦੇ ਅੰਦਰ ਹਿੰਸਾ ਦਾ ਸ਼ਿਕਾਰ ਬਣਦੀਆਂ ਹਨ।
 ਇੱਕ ਗ਼ੈਰ ਸਰਕਾਰੀ ਸੰਸਥਾ ਮੁਤਾਬਕ ਭਾਰਤ ਵਿੱਚ ਲੱਗਭੱਗ ਪੰਜ ਕਰੋੜ ਔਰਤਾਂ ਨੂੰ ਆਪਣੇ ਹੀ ਘਰ ਵਿੱਚ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਵਿੱਚੋਂ ਸਿਰਫ਼ 0.1 ਪ੍ਰਤੀਸ਼ਤ ਹੀ ਅਜਿਹੀ ਹਿੰਸਾ ਦੇ ਖ਼ਿਲਾਫ਼ ਮਾਮਲਾ ਦਰਜ ਕਰਵਾਉਣ ਲਈ ਅੱਗੇ ਆਉਂਦੀਆਂ ਹਨ। ਜ਼ਿਆਦਾਤਰ ਔਰਤਾਂ ਪਤੀ ਦੇ ਹਿੰਸਕ ਵਿਵਹਾਰ ਦੇ ਬਾਰੇ ਆਪਣੇ ਦੋਸਤਾਂ ਅਤੇ ਸਾਥੀ ਮੁਲਾਜ਼ਮਾਂ ਤੱਕ ਨਾਲ ਚਰਚਾ ਨਹੀਂ ਕਰ ਸਕਦੀਆਂ। ਕਈ ਮਾਮਲਿਆਂ ਵਿੱਚ ਤਾਂ ਔਰਤਾਂ ਦੇ ਮਾਪਿਆਂ ਵਿੱਚ ਵੀ ਇਸ ਗੱਲ ਦੀ ਜਾਣਕਾਰੀ ਨਹੀਂ ਹੁੰਦੀ ਕਿ ਉਨ੍ਹਾਂ ਦੀ ਵਿਆਹੁਤਾ ਧੀ ਆਪਣੇ ਹੀ ਜੀਵਨ ਸਾਥੀ ਦਾ ਹਿੰਸਕ ਵਿਵਹਾਰ ਝੱਲ ਰਹੀ ਹੈ। ਆਮ ਤੌਰ 'ਤੇ ਔਰਤਾਂ ਸਵੀਕਾਰ ਹੀ ਨਹੀਂ ਕਰਨਾ ਚਾਹੁੰਦੀਆਂ ਕਿ ਉਹ ਘਰੇਲੂ ਹਿੰਸਾ ਦਾ ਸ਼ਿਕਾਰ ਹਨ। ਆਪਣੇ ਵਿਆਹੁਤਾ ਜੀਵਨ ਨੂੰ ਬਚਾਈ ਰੱਖਣਾ ਹੀ ਉਨ੍ਹਾਂ ਦੀ ਪਹਿਲ ਹੁੰਦੀ ਹੈ। ਇਹੀ ਕਾਰਨ ਹੈ ਕਿ ਪਤੀ ਵੱਲੋਂ ਉਸ ਦੀ ਇਸੇ ਮਜਬੂਰੀ ਦਾ ਫਾਇਦਾ ਉਠਾਇਆ ਜਾਂਦਾ ਹੈ। ਇੱਥੋਂ ਤੱਕ ਕਿ ਪੁਲੀਸ ਪੈਸੇ ਲੈ ਕੇ ਹਿੰਸਕ ਪਤੀ ਦੇ ਹੱਕ ਵਿੱਚ ਰਿਪੋਰਟ ਲਿਖ ਦਿੰਦੀ ਹੈ। ਪਿੰਡ ਦੀ ਪੰਚਾਇਤ ਵੀ ਪਰਿਵਾਰ ਨੂੰ ਬਚਾਉਣ ਦਾ ਵਾਸਤਾ ਦੇ ਕੇ ਹਿੰਸਕ ਪਤੀ ਦੇ ਹੱਕ ਵਿੱਚ ਭੁਗਤਦੀ ਹੈ ਤੇ ਇਸਤਰੀ ਨੂੰ ਸਮਝੌਤਾ ਕਰਨ ਲਈ ਮਜਬੂਰ ਕਰਦੀ ਹੈ। ਅਦਾਲਤਾਂ ਦੀਆਂ ਲੰਮੀਆਂ ਤਰੀਕਾਂ, ਸਮਾਜ ਦੇ ਤਿੱਖੇ ਤਾਹਨੇ ਮਿਹਣੇ ਔਰਤ ਦੇ ਵਿਰੋਧ ਵਿੱਚ ਭੁਗਤਦੇ ਹਨ। ਇਹੀ ਕਾਰਨ ਹੈ ਕਿ ਭਾਰਤ ਵਿੱਚ ਇਸਤਰੀ ਲਈ ਇਨਸਾਫ਼ ਨਹੀਂ। ਜੇ ਇਨਸਾਫ਼ ਨਹੀਂ ਤਾਂ ਹੀ ਇਹ ਮਰਦ ਪ੍ਰਧਾਨ ਸਮਾਜ ਦਾ ਹਿੰਸਕ ਵਰਤਾਰਾ ਜਾਰੀ ਹੈ।
 ਇਸ ਤਰ੍ਹਾਂ ਜਾਪਦਾ ਹੈ ਕਿ ਭਾਰਤੀ ਸਮਾਜ ਵਿੱਚ ਔਰਤ ਦੀ ਸੁਰੱਖਿਆ ਦਾ ਜ਼ਿੰਮਾ ਕਿਸੇ ਦਾ ਵੀ ਨਹੀਂ। ਨਾ ਪ੍ਰਸ਼ਾਸਨ ਸਕਿਉਰਿਟੀ ਦੇ ਰਿਹਾ ਹੈ ਤੇ ਨਾ ਹੀ ਪਰਿਵਾਰ ਗਾਰੰਟੀ। ਜੇ ਅਨਹੋਣੀ ਹੋ ਜਾਵੇ, ਤਾਂ ਘਰ ਤੋਂ ਕਦ ਤੇ ਕਿਵੇਂ ਨਿਕਲੇ ਜਾਂ ਨਾ ਨਿਕਲੇ। ਇਹ ਸਲਾਹ ਦਿੰਦਾ ਹੈ। ਕੋਈ ਉਲਟਾ ਔਰਤਾਂ ਦੇ ਚਰਿੱਤਰ ਤੇ ਪਹਿਰਾਵੇ ਨੂੰ ਨਿਸ਼ਾਨਾ ਬਣਾਉਂਦਾ ਹੈ। ਭਾਰਤ ਦੇ ਰਾਜਨੀਤਕ, ਸਾਮਾਜਿਕ ਅਤੇ ਧਾਰਮਿਕ ਲੀਡਰਸ਼ਿਪ ਅਜਿਹਾ ਸੋਚਦੀ ਹੈ, ਜਿਸ ਕਰਕੇ ਔਰਤ ਦੇ ਮਨੁੱਖੀ ਅਧਿਕਾਰ ਸੁਰੱਖਿਅਤ ਨਹੀਂ। ਇਨ੍ਹਾਂ ਵੱਲੋਂ ਤਰਕ ਇਹੀ ਦਿੱਤਾ ਜਾ ਰਿਹਾ ਹੈ ਕਿ ਜੇਕਰ ਔਰਤਾਂ ਨੇ ਸੁਰੱਖਿਅਤ ਰਹਿਣਾ ਹੈ, ਤਾਂ ਆਪਣੇ ਘਰ ਦੀ ਡਿਉਢੀ ਤੱਕ ਹੀ ਸਿਮਟ ਜਾਣ। ਅਜਿਹੀ ਸਥਿਤੀ ਵਿੱਚ ਸਵਾਲ ਇਹ ਹੈ ਕਿ ਕੀ ਔਰਤਾਂ ਆਪਣੇ ਘਰ ਵਿੱਚ ਵੀ ਸੁਰੱਖਿਅਤ ਹਨ? ਜਿੱਥੇ ਭਾਰਤ ਘਰੇਲੂ ਹਿੰਸਾ ਦੇ ਅੰਕੜਿਆਂ ਵਿੱਚ ਅੱਵਲ ਹੈ, ਜਿੱਥੇ ਬੇਟੀਆਂ ਕੂੜੇਦਾਨਾਂ ਵਿੱਚ ਮਿਲਦੀਆਂ ਹਨ। ਜਿੱਥੇ ਮਾਸੂਮ ਬੱਚੀਆਂ ਦੇ ਯੌਨ ਸ਼ੋਸ਼ਣ ਦੇ ਮਾਮਲਿਆਂ ਵਿੱਚ ਜ਼ਿਆਦਾਤਰ ਰਿਸ਼ਤੇਦਾਰ ਹੀ ਦੋਸ਼ੀ ਪਾਏ ਜਾਂਦੇ ਹਨ। ਇੱਥੇ ਕੀ ਘਰ ਤੇ ਕੀ ਬਾਹਰ? ਹਰ ਜਗ੍ਹਾ ਔਰਤਾਂ ਦੀ ਸੁਰੱਖਿਆ ਇੱਕ ਸੁਆਲ ਬਣ ਕੇ ਰਹਿ ਗਈ ਹੈ। ਸਮਾਜ ਵਿੱਚ ਹੋਣ ਵਾਲੀਆਂ ਅਜਿਹੀਆਂ ਜ਼ਾਲਮਾਨਾ ਤੇ ਘਿਨੌਣੀਆਂ ਘਟਨਾਵਾਂ ਲਈ ਔਰਤਾਂ ਤੇ ਲੜਕੀਆਂ 'ਤੇ ਪਾਬੰਦੀਆਂ ਲਗਾਉਣ ਦੀ ਬਜਾਏ ਸਾਡੇ ਸਮਾਜ ਵਿੱਚ ਬੇਟਿਆਂ ਤੇ ਮਰਦਾਂ ਨੂੰ ਚੰਗੇ ਸੰਸਕਾਰ ਕਿਉਂ ਨਹੀਂ ਦਿੱਤੇ ਜਾਂਦੇ? ਕਿਉਂ ਨਹੀਂ ਉਨ੍ਹਾਂ 'ਤੇ ਪਾਬੰਦੀਆਂ ਲਗਾਈਆਂ ਜਾਂਦੀਆਂ ਤਾਂ ਕਿ ਔਰਤਾਂ ਘਰ ਤੋਂ ਬਾਹਰ ਨਿਕਲ ਸਕਣ ਅਤੇ ਮਰਦਾਂ ਦੀ ਦਰਿੰਦਗੀ ਦਾ ਸ਼ਿਕਾਰ ਨਾ ਹੋਣ।
 ਇਸ ਸੰਬੰਧੀ 2013 ਵਿੱਚ ਆਏ ਨੈਸ਼ਨਲ ਕਰਾਈਮ ਰਿਕਾਰਡਜ਼ ਬਿਊਰੋ ਦੇ ਅੰਕੜੇ ਦੱਸਦੇ ਹਨ ਕਿ ਭਾਰਤ ਵਿੱਚ ਹਰ 5 ਮਿੰਟ ਵਿੱਚ ਘਰੇਲੂ ਹਿੰਸਾ ਦਾ, ਮਾਮਲਾ ਦਰਜ ਹੁੰਦਾ ਹੈ। ਘਰੇਲੂ ਹਿੰਸਾ ਨਾਲ ਜੁੜਿਆ ਇੱਕ ਪੱਖ ਇਹ ਵੀ ਹੈ ਕਿ ਇਹ ਸਮਾਜ ਦੇ ਹਰੇਕ ਵਰਗ ਵਿੱਚ ਦੇਖਣ ਨੂੰ ਮਿਲ ਰਹੀ ਹੈ, ਘਰ ਵਿੱਚ ਔਰਤਾਂ ਦੇ ਨਾਲ ਹਿੰਸਾਤਮਕ ਵਿਵਹਾਰ ਕਰਨ ਵਾਲੇ ਸਿੱਖਿਅਤ ਅਤੇ ਅਸਿੱਖਿਅਤ ਹਰ ਤਬਕੇ ਦੇ ਲੋਕ ਹਨ। 2008 ਵਿੱਚ ਘਰੇਲੂ ਹਿੰਸਾ ਦੇ ਖ਼ਿਲਾਫ਼ ਭਾਰਤ ਵਿੱਚ ਜਾਰੀ ਬੈੱਲ ਵਜਾਓ ਮੁਹਿੰਮ ਜਾਰੀ ਕਰਨ ਵਾਲੀ ਸੰਸਥਾ ਬਰੇਕਥਰੂ ਨਾਲ ਜੁੜੀ ਮੱਲਿਕਾ ਦੱਤ ਦਾ ਮੰਨਣਾ ਹੈ ਕਿ ਸਾਡੇ ਸਮਾਜ ਵਿੱਚ ਦਹਿਲੀਜ਼ ਦੇ ਅੰਦਰ ਔਰਤਾਂ ਦੇ ਨਾਲ ਹੋਣ ਵਾਲੀ ਕੁੱਟ-ਮਾਰ ਮਨੁੱਖੀ ਅਧਿਕਾਰ ਦਾ ਸੰਵੇਦਨਸ਼ੀਲ ਮੁੱਦਾ ਹੈ। ਮੱਲਿਕਾ ਇਹ ਵੀ ਮੰਨਦੀ ਹੈ ਕਿ ਆਮ ਤੌਰ 'ਤੇ ਘਰੇਲੂ ਹਿੰਸਾ ਨੂੰ ਵਿਅਕਤੀਗਤ ਮੁੱਦਾ ਮੰਨਿਆ ਜਾਂਦਾ ਹੈ ਅਤੇ ਲੋਕ ਉਸ ਔਰਤ ਦੀ ਮਦਦ ਕਰਨ ਅੱਗੇ ਨਹੀਂ ਆਉਂਦੇ ਜੋ ਆਪਣੇ ਪਤੀ ਦੀਆਂ ਜ਼ਿਆਦਤੀਆਂ ਦਾ ਸ਼ਿਕਾਰ ਹੁੰਦੀ ਹੈ। ਇਹੀ ਕਾਰਨ ਹੈ ਕਿ ਭਾਰਤੀ ਸਮਾਜ ਵਿੱਚ ਔਰਤ ਬੁਰੀ ਤਰ੍ਹਾਂ ਪਿਸ ਰਹੀ ਹੈ। ਉਸ ਦੀ ਅਜ਼ਾਦੀ ਤੇ ਮਨੁੱਖੀ ਅਧਿਕਾਰ ਖ਼ਤਰੇ ਵਿੱਚ ਹਨ।
 ਅਜਿਹਾ ਇਸ ਕਾਰਨ ਹੈ ਕਿ ਉਸ ਨੂੰ ਸਾਮਾਜਿਕ, ਪਰਿਵਾਰਕ ਤੇ ਪ੍ਰਸ਼ਾਸਨਿਕ ਸੁਰੱਖਿਆ ਨਹੀਂ ਮਿਲ ਰਹੀ। ਜੇਕਰ ਦੋਸ਼ੀਆਂ ਨੂੰ ਤੁਰੰਤ ਸਜ਼ਾ ਮਿਲੇ ਤੇ ਸਮੁੱਚਾ ਸਮਾਜ ਇਸਤਰੀ ਪ੍ਰਤੀ ਆਪਣਾ ਸਾਮੰਤਵਾਦੀ ਸੁਭਾਅ ਬਦਲੇ, ਤਾਂ ਹੀ ਇਸਤਰੀ ਦਾ ਉਦਾਰ ਹੋ ਸਕਦਾ ਹੈ ਤੇ ਉਹ ਅਜ਼ਾਦੀ ਦਾ ਆਨੰਦ ਮਾਣ ਸਕਦੀ ਹੈ।

ਲੇਖਕ : ਕਰਮਜੀਤ ਕੌਰ ਕਿਸ਼ਾਵਲ ਹੋਰ ਲਿਖਤ (ਇਸ ਸਾਇਟ 'ਤੇ): 5
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :2513
ਲੇਖਕ ਬਾਰੇ
ਆਪ ਪੰਜਾਬ ਦੀ ਬਹੁ ਚਰਚੀਤ ਲੇਖਿਕਾ ਹੈ। ਆਪ ਕਵਿਤਾ ਅਤੇ ਵਾਰਤਕ ਦੇ ਨਾਲ ਸਾਹਿਤ ਸਿਰਜਨਾ ਕਰ ਰਹੇ ਹੋ। ਆਪ ਜੀ ਦੀ ਕਲਮ ਕੋਈ ਗੱਲ ਕਹਿਣ ਤੋਂ ਨਹੀ ਡਰਦੀ। ਆਪ ਜੀ ਦੀਆਂ ਰਚਨਾਵਾ ਵਿੱਚ ਪੰਜਾਬ ਅਤੇ ਮਨੁੱਖਤਾ ਲਈ ਪ੍ਰੇਮ ਝਲਕਦਾ ਹੈ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ