ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਭ੍ਰਿਸ਼ਟਾਚਾਰ ਦੀ ਬਦਲੀ ਪ੍ਰੀਭਾਸ਼ਾ : 'ਜੇਬ ਸੇਵਾ' ਬਨਾਮ 'ਚਾਹ ਪਾਣੀ'

ਸਾਡੇ ਦੇਸ਼ ਦੇ 90 ਪਤੀਸ਼ਤ ਲੋਕਾਂ ਦੀ ਇਹ ਧਾਰਨਾ ਬਣ ਚੁੱਕੀ ਹੈ ਕਿ ਰਿਸ਼ਵਤ ਦਿੱਤੇ ਬਿਨ੍ਹਾਂ ਕੋਈ ਵੀ ਕੰਮ ਸਿਰੇ ਨਹੀ ਲੱਗਣਾ, ਤੇ ਇਹ ਹੈ ਵੀ ਇੱਕ ਕੌੜੀ ਸੱਚਾਈ। ਜਿੰਨ੍ਹਾਂ ਚਿਰ ਕਿਸੇ ਵੀ ਫਾਇਲ ਨੂੰ ਪਹੀਏ ਨਹੀ ਲੱਗਦੇ (ਭਾਵ ਰਿਸ਼ਵਤ ਨਹੀਂ ਮਿਲਦੀ) ਉਹ ਅਗਲੇ ਟੇਬਲ ਜਾਂ ਕਹਿ ਲਵੋ ਕਿ ਅਗਲੇ ਅਫਸਰ ਕੋਲ ਪਹੁੰਚਦੀ ਹੀ ਨਹੀ। ਕੁਝ ਸਮਾਂ ਪਹਿਲਾਂ ਅਖ਼ਬਾਰਾਂ ਦੀ ਸੁਰਖੀ ਵਿੱਚ ਇੱਕ ਖ਼ਬਰ ਸੀ ਕਿ ਇਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੋਲ ਕੰਮ ਕਰਵਾਉਣ ਵਾਲਿਆਂ ਦੀ ਬੜੀ ਲੰਬੀ ਲਾਈਨ ਲੱਗੀ ਸੀ, ਉਨ੍ਹਾਂ ਵਿੱਚ 70 ਸਾਲ ਦਾ ਬਜ਼ੁਰਗ ਵੀ ਆਪਣੀ ਵਾਰੀ ਦੀ ਉਡੀਕ ਕਰ ਰਿਹਾ ਸੀ, ਅਤਿ ਦੀ ਗਰਮੀ ਵਿੱਚ ਜਦੋਂ ਉਸ ਬਜ਼ੁਰਗ ਦੀ ਵਾਰੀ ਆਈ ਤਾਂ ਉਸਨੇ ਬੇ-ਝਿਜਕ 10 ਹਜ਼ਾਰ ਰੁਪਏ ਦੀ ਗੁੱਟੀ ਮੇਜ਼ ਤੇ ਰੱਖ ਕੇ ਆਪਣਾ ਕੰਮ ਛੇਤੀ ਕਰਨ ਦੀ ਡੀ.ਸੀ ਸਾਹਿਬ ਨੂੰ ਬੇਨਤੀ ਕੀਤੀ। ਡੀ.ਸੀ ਸਾਹਿਬ ਨੇ ਗੁੱਸੇ ਵਿੱਚ ਆ ਕੇ ਉਸ ਆਦਮੀ ਤੇ ਪੁਲਿਸ ਕਾਰਵਾਈ ਕਰਨ ਲਈ ਕਿਹਾ, ਕਿਉਂਕਿ ਉਹ ਸਭਨਾਂ ਦੇ ਸਾਹਮਣੇ ਰਿਸ਼ਵਤ ਦੇ ਰਿਹਾ ਸੀ, ਪਰ ਇਹ ਕੰਮ ਚੋਰੀ ਕਰਨ ਵਾਲਾ ਹੁੰਦਾ ਹੈ। ਪਰ ਦੂਸਰੇ ਹੀ ਪਲ ਉਮਰ ਦੇ ਤਕਾਜੇ ਨਾਲ ਉਸਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ। ਹੁਣ ਸੋਚਣ ਵਾਲੀ ਗੱਲ ਹੈ ਕਿ ਉਸ 70 ਵਰ੍ਹਿਆਂ ਦੇ ਬਜ਼ੁਰਗ ਨੇ ਜਿਲ੍ਹੇ ਦੇ ਉਚ ਅਧਿਕਾਰੀ ਨੂੰ ਰਿਸ਼ਵਤ ਦੇਣ ਦੀ ਕੋਸ਼ਿਸ਼ ਕਿਉਂ ਕੀਤੀ? ਜਵਾਬ ਸਹਿਜੇ ਹੀ ਮਿਲ ਜਾਵੇਗਾ ਕਿ 90 ਫੀਸਦੀ ਲੋਕਾਂ ਵਿੱਚ ਇਹ ਧਾਰਨਾ ਬਣ ਚੁੱਕੀ ਹੈ ਕਿ ਕੁਝ ਦਿੱਤੇ ਬਿਨ੍ਹਾਂ ਕੁਝ ਵੀ ਕੰਮ ਨਹੀ ਹੋਣਾ। ਪਹਿਲਾਂ ਕੋਈ ਵੀ ਵਿਅਕਤੀ ਥੱਕਿਆ ਹਾਰਿਆ ਜਦੋਂ ਦਫ਼ਤਰ ਦੀ ਦੂਜੀ ਜਾਂ ਤੀਜੀ ਮੰਜ਼ਿਲ ਤੇ ਪਹੁੰਚਦਾ ਹੈ ਤਾਂ ਸਬੰਧਤ ਅਫਸਰ ਦੇ ਅੱਗੇ ਉਸਦਾ ਸਾਹ ਉੱਖੜਿਆ ਹੋਇਆ ਹੁੰਦਾ ਹੈ। ਅੰਦਰ ਜਾਕੇ ਉਹ ਬੜੀ ਹੀ ਅਧੀਨਗੀ ਨਾਲ ਬਾਬੂ ਨੂੰ ਆਪਣਾ ਕੰਮ ਕਰਨ ਲਈ ਬੇਨਤੀ ਕਰਦਾ ਹੈ, ਅੱਗੇ ਤੋਂ ਬਾਬੂ ਉਸ ਆਦਮੀ (ਅਸਾਮੀ) ਦੀ ਸਿਰ ਤੋਂ ਪੈਰਾਂ ਤੱਕ 1 ਮਿੰਟ ਵਿੱਚ ਸਕੈਨਿੰਗ ਕਰਕੇ ਕਹਿ ਦਿੰਦਾ ਹੈ ਕਿ ਅੱਜ਼ ਤਾਂ ਸਰਕਾਰੀ ਕੰਮ ਦਾ ਕਾਫੀ ਜ਼ੋਰ ਹੈ ਤੂੰ ਕੱਲ੍ਹ ਨੂੰ ਆਵੀਂ। ਅਗਲੇ ਦਿਨ ਆਉਣ ਨਾਲੋਂ ਬਾਬੂ ਦੀ ਮੁੱਠੀ ਗਰਮ ਕਰਨਾ ਹੀ ਬਿਹਤਰ ਸਮਝਿਆ ਜਾਂਦਾ ਹੈ, ਕਿਉਂਕਿ ਅਗਲੇ ਦਿਨ ਇੱਕ ਤਾਂ ਖੱਜਲ-ਖੁਆਰੀ ਹੋਵੇਗੀ ਅਤੇ ਹੋ ਸਕਦਾ ਹੈ ਕਿ ਸਰਕਾਰੀ ਕੰਮ ਦਾ ਹੋਰ ਵੀ ਜ਼ਿਆਦਾ ਬੋਝ ਹੋਵੇ। ਇਸੇ ਤਰ੍ਹਾਂ ਇੱਕ ਅਨਜਾਣ ਵਿਅਕਤੀ ਨੇ ਕਿਸੇ ਦਫ਼ਤਰ ਦੇ ਬਾਬੂ ਨੂੰ ਕੰਮ ਕਰਨ ਲਈ ਕਿਹਾ ਅਤੇ ਤਰਲਾ ਕੀਤਾ ਕਿ ਮੇਰਾ ਕੰਮ ਜਲਦੀ ਕੀਤਾ ਜਾਵੇ, ਕਿਉਂਕਿ ਮੈਂ ਪਹਿਲਾਂ ਹੀ ਦਫ਼ਤਰ ਦੇ ਕਾਫੀ ਚੱਕਰ ਲਗਾ ਚੁੱਕਾ ਹਾਂ। ਬਾਬੂ ਨੇ ਕਿਹਾ ਕਿ ਕੰਮ ਤਾਂ ਹੋ ਜਾਵੇਗਾ, ਪਰ ‘ਚਾਹ-ਪਾਣੀ' ਦੀ ਸੇਵਾ? ਭੋਲੇ ਅਤੇ ਅਨਜਾਣ ਵਿਅਕਤੀ ਨੇ ਬਾਬੂ ਦਾ ਮੋਢਾ ਪਸਦਿਆਂ ਕਿਹਾ ਕਿ ਦੁਨੀਆਂ ਵਿੱਚ ਚੰਗੇ ਬੰਦਿਆਂ ਦਾ ਕੋਈ ਕਾਲ ਨਹੀਂ, ਚਾਹ-ਪਾਣੀ ਦੀ ਤਾਂ ਲੋੜ ਨਹੀ, ਹੁਣੇ ਹੀ ਅੱਡੇ ਤੋਂ ਪੀ ਕੇ ਆਇਆਂ ਹਾਂ, ਬੱਸ ਇਹ ਕੰਮ ਛੇਤੀ ਕਰ ਦਿਓ ! ਰੱਬ ਤੇਰਾ ਭਲਾ ਕਰੇ। ਭਲਾਂ ਓਸ ਭੋਲੇ ਵਿਅਕਤੀ ਨੂੰ ਕੀ ਪਤਾ ਕਿ ਦਫ਼ਤਰੀ ਭਾਸ਼ਾ ਵਿੱਚ ‘ਜੇਬ ਸੇਵਾ' ਲਈ ਲੋਕ ਸੇਵਾ ਵਾਲੇ ਸ਼ਬਦ ‘ਚਾਹ-ਪਾਣੀ' ਦੀ ਵਰਤੋਂ ਕੀਤੀ ਜਾਂਦੀ ਹੈ। ਦਫ਼ਤਰਾਂ ਵਿੱਚ ਇਹ ਅਕਸਰ ਹੀ ਹੁੰਦਾ ਹੈ ਕਿ ਜਦੋਂ ਕੋਈ ਵਿਅਕਤੀ ਫਾਈਲ ਲੈ ਕੇ ਕਿਸੇ ਬਾਬੂ ਕੋਲ ਜਾਂਦਾ ਹੈ ਤਾਂ ਬਾਬੂ ਦਾ ਜਵਾਬ ਹੁੰਦਾ ਹੈ ਕਿ ਦਰਖਾਸਤ ਅਫਸਰ ਤੋਂ ਮਾਰਕ ਕਰਾਕੇ ਲਿਆਓ। ਦਫ਼ਤਰ ਦੇ ਗਧੀ-ਗੇੜਿਆਂ ਤੋਂ ਅਣਜਾਨ ਬੁਝੇ ਜਿਹੇ ਮਨ ਨਾਲ ਅਰਜ਼ੀ ਲੈ ਕੇ ਉਹ ਸਬੰਧਤ ਅਫ਼ਸਰ ਕੋਲ ਜਾਂਦਾ ਹੈ ਤਾਂ ਅਫ਼ਸਰ ਆਪਣੇ ਅਧੀਨ ਦੂਜੇ ਅਫ਼ਸਰ ਨੂੰ ਮਾਰਕ ਕਰ ਦਿੰਦਾ ਹੈ। ਫਿਰ ਉਹੀ ਵਿਅਕਤੀ ਉਸ ਅਫ਼ਸਰ ਕੋਲ ਤਰਲਾ ਕਰਦਾ ਹੈ। ਕੰਮ ਪੂਰਾ ਹੋਣ ਤੇ ਜਦ ਵਿਅਕਤੀ ਪਹਿਲੇ ਥਾਂ ਤੇ ਪਹੁੰਚਦਾ ਹੈ ਅਤੇ ਦਸਤਖ਼ਤ ਕਰਾਉਣ ਦੀ ਗੱਲ ਕਹਿੰਦਾ ਹੈ ਕਿ ਲਓ ਜੀ ਅਫ਼ਸਰ ਨੇ ਸਾਈਨ ਕਰ ਦਿੱਤੇ ਹਨ ਤਾਂ ਘੜਿਆ-ਘੜਾਇਆ ਜਵਾਬ ਮਿਲਦਾ ਹੈ ਕਿ 1 ਹਫ਼ਤੇ ਤੱਕ ਪਤਾ ਕਰ ਲੈਣਾ। ਪਰ ਵਿਅਕਤੀ ਸੋਚਦਾ ਸੀ ਕਿ ਦਸਤਖ਼ਤ ਤਾਂ ਹੋ ਗਏ ਹਨ, ਹੁਣ ਤਾਂ ਪੂਛ ਹੀ ਅੜੀ ਹੋਈ ਹੈ।
ਹਫ਼ਤੇ ਬਾਦ ਦੇ ਚੱਕਰ ਤੋਂ ਬਾਅਦ ਵੀ ਜਦੋਂ ਨਿਰਾਸ਼ਤਾ ਹੀ ਪੱਲੇ ਪੈਂਦੀ ਹੈ ਤਾਂ ਉਹ ਵਿਚਾਰਾ ਖੱਜਲ-ਖੁਆਰੀ ਤੋਂ ਬਚਨ ਲਈ ਸੌਦਾ ਤੈਅ ਕਰਨਾ ਹੀ ਯੋਗ ਸਮਝਦਾ ਹੈ। ਇੱਕੜ-ਦੁੱਕੜ ਥਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਥਾਵਾਂ ਤੇ ਹੀ ਸੌਦੇ ਤੈਅ ਹੁੰਦੇ ਹਨ। ਇੱਥੇ ਹੀ ਬਸ ਨਹੀਂ ਦਫ਼ਤਰਾਂ ਵਿੱਚ ਅਮਲੇ ਦਾ ਸੀਟਾਂ ਤੇ ਬੈਠਣਾ ਫਾਇਲਾਂ ਦੇ ਢੇਰ ਨੂੰ ਨਾਂ ਨਿਪਟਾਉਣਾ ਵੀ ਆਪਣੇ ਆਪ ਵਿੱਚ ਭਿਸ਼ਟਾਚਾਰ ਹੈ ਬਿਨ੍ਹਾਂ ਕੰਮ ਕੀਤਿਆਂ ਹੀ ਤਨਖਾਹ ਪਾਪਤ ਕਰਨੀ ਆਵਦੀ ਜਮੀਰ ਵੇਚਣੀ ਲੋਕਾਂ ਅਤੇ ਸਰਕਾਰ ਨਾਲ ਸਰਾਸਰ ਧੋਖਾ ਹੈ। ਇਹੋ ਜਿਹੇ ਕੇਸ ਵੀ ਆਮ ਹੀ ਦੇਖਣ ਨੂੰ ਮਿਲਦੇ ਹਨ ਕਿ ਕਈ ਅਫ਼ਸਰਾਂ ਨੇ ਪਾਈਵੇਟ ਤੌਰ ਤੇ ਆਪਣੇ ਹੋਰ ਵਿਅਕਤੀ ਰੱਖੇ ਹੁੰਦੇ ਹਨ। ਇਹ ਵੀ ਉੱਪਰਲੇ ਅਫ਼ਸਰਾਂ ਦੇ ਮਿਹਰ ਭਰੇ ਹੱਥ ਸਦਕਾਂ ਹੀ ਹੁੰਦਾ ਹੈ। ਦਰਅਸਲ ਅਫਸਰਾਂ ਅਤੇ ਕਰਮਚਾਰੀਆਂ ਦੀ ਰਿਸ਼ਵਤ ਦੀ ਦੌੜ ਵਿੱਚ ਆਮ ਵਿਅਕਤੀ ਬੁਰੀ ਤਰ੍ਹਾਂ ਪਿਸ ਰਿਹਾ ਹੈ। ਨੌਕਰਸ਼ਾਹੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਲਈ ਨਿਰਮੋਹੀ ਹੋ ਚੁੱਕੀ ਹੈ, ਅਤੇ ਆਪਣੀਆਂ ਤਿਜ਼ੌਰੀਆਂ ਭਰਨ ਵਿੱਚ ਲੱਗੀ ਹੋਈ ਹੈ। ਸਿਆਸੀ ਲੋਕ ਰਾਜਸੱਤਾ ਨੂੰ ਵੱਧ ਤੋਂ ਵੱਧ ਆਪਣੇ ਸਵਾਰਥ ਲਈ ਵਰਤ ਰਹੇ ਹਨ। ਭਿਸ਼ਟਾਚਾਰ ਅਨੈਤਿਕਤਾ ਅਤੇ ਸਵਾਰਥੀ ਦੌਰ ਨੇ ਪੰਜਾਬ ਵਿੱਚ ਬੇਵੱਸੀ ਅਤੇ ਤਲਖ਼ੀ ਦਾ ਮਹੌਲ ਪੈਦਾ ਕੀਤਾ ਹੋਇਆ ਹੈ। ਭਿਸ਼ਟਾਚਾਰੀ ਭਿਸ਼ਟ ਤਰੀਕੇ ਨਾਲ ਪੈਸੇ ਇਕੱਠੇ ਕਰਨ ਦੀ ਹੋੜ ਵਿੱਚ ਮੁਲਾਜ਼ਮ ਅਤੇ ਅਧਿਕਾਰੀ ਆਪਣੀ ਔਲਾਦ ਵੱਲ ਵੀ ਚੰਗੀ ਤਰ੍ਹਾਂ ਧਿਆਨ ਨਹੀ ਦੇ ਰਹੇ। ਇਸੇ ਕਾਰਨ ਜਵਾਨੀ ਅਨੁਸ਼ਾਸ਼ਨਹੀਣਤਾ ਵਾਲਾ ਜੀਵਨ ਬਤੀਤ ਕਰਦਿਆਂ ਆਪਣਿਆਂ ਅਦਰਸ਼ਾਂ ਤੋਂ ਭਟਕ ਰਹੀ ਹੈ। ਸਾਡੇ ਸਮਾਜ ਵਿੱਚ ਕਿਰਤ ਸੱਭਿਆਚਾਰ ਅਲੋਪ ਹੋ ਰਿਹਾ ਹੈ। ਭਾਈ ਲਾਲੋ ਦੀ ਕੋਧਰੇ ਦੀ ਰੋਟੀ ਵਾਲਾ ਪਸੰਗ ਭੁੱਲ ਕੇ ਅਸੀ ਮਲਿਕ ਭਾਗੋ ਦੇ ਰਾਹ ਤੇ ਤੁਰਨ ਵਿੱਚ ਫਖ਼ਰ ਮਹਿਸੂਸ ਕਰਦੇ ਹਾਂ। ‘‘ਇਹ ਜੱਗ ਮਿੱਠਾ, ਅਗਲਾ ਕਿਸ ਡਿੱਠਾ'' ਦੀ ਸੋਚ ਤੇ ਅਮਲ ਕਰਦਿਆਂ ਅਤੇ ਨਿੱਜ ਤੋਂ ਨਿੱਜ ਤੱਕ ਦਾ ਸਫਰ ਕਰਦਿਆਂ ਨੈਤਿਕ ਕਦਰਾਂ ਕੀਮਤਾਂ ਨੂੰ ਛਿੱਕੇ ਟੰਗ ਕੇ ਇਹ ਭੁੱਲ ਜਾਂਦੇ ਹਾਂ ਕਿ ਹੋਰ ਕਮਾਈ ਦੀ ਲਾਲਸਾ ਕਾਲੇ ਧਨ ਨੂੰ ਜਨਮ ਦਿੰਦੀ ਹੈ। ਅਜਿਹੀ ਸਥਿਤੀ ਵਿੱਚ ਚੰਗੇ ਅਤੇ ਸਿਹਤਮੰਦ ਸਮਾਜ ਦੀ ਕਲਪਨਾ ਕਰਨੀ ਵਿਅਰਥ ਹੈ। ਸਕੂਲਾਂ ਵਿੱਚ 68 ਪਤੀਸ਼ਤ ਅਧਿਆਪਕ ਬਿਲਕੁਲ ਪੜ੍ਹਾਈ ਕਰਵਾ ਕੇ ਰਾਜੀ ਨਹੀ ਅਤੇ ਬਾਕੀ 32 ਪਤੀਸ਼ਤ ਹੀ ਪੜ੍ਹਾਈ ਕਰਵਾਉਂਦੇ ਹਨ। ਵਿਹਲੇ ਬੈਠ ਕੇ ਤਨਖਾਹਾਂ ਲੈਣੀਆਂ ਜਿੱਥੇ ਵਿਦਿਆਰਥੀਆਂ ਦੇ ਹਿੱਤਾਂ ਨਾਲ ਖਿਲਵਾੜ ਹੈ ਉੱਥੇ ਭਿਸ਼ਟਾਚਾਰ ਵੀ ਹੈ। ਇਸ ਤਰ੍ਹਾਂ ਨਾਲ ਵਿਦਿਆਰਥੀਆਂ ਦੇ ਮਨਾਂ ਵਿੱਚੋਂ ਅਧਿਆਪਕਾਂ ਪਤੀ ਸਤਿਕਾਰ ਦੀ ਭਾਵਨਾਂ ਖ਼ਤਮ ਹੁੰਦੀ ਹੈ। ਇਹ ਪਵਿਤੀ ਭਿਸ਼ਟਾਚਾਰ ਦੀਆਂ ਜੜ੍ਹਾਂ ਮਜਬੂਤ ਕਰਨ ਵਿੱਚ ਬਲਦੀ ਤੇ ਤੇਲ ਪਾਉਣ ਦਾ ਕੰਮ ਕਰਦੀ ਹੈ।
ਸਾਡੇ ਖਾਣ ਪੀਣ ਦੇ ਸਮਾਨ ਵਿੱਚੋਂ ਵੀ ਵਪਾਰੀ ਵਰਗ ਜਿਆਦਾ ਪੈਸਾ ਇਕੱਠਾ ਕਰਨ ਦੀ ਦੌੜ ਵਿੱਚ ਜ਼ਹਿਰ ਪਰੋਸ ਕੇ ਮਨੁੱਖੀ ਜੀਵਨ ਨਾਲ ਖਿਲਵਾੜ ਕਰ ਰਿਹਾ ਹੈ। ਸਬਜ਼ੀਆਂ ਛੇਤੀ ਤਿਆਰ ਕਰਨ ਲਈ ਔਕਸੀਟਾਕਸਨ ਦਾ ਟੀਕਾ ਲਗਾ ਕੇ ਸਬਜ਼ੀ ਤਿਆਰ ਕਰਕੇ ਮੰਡੀਕਰਨ ਕੀਤਾ ਜਾਂਦਾ ਹੈ। ਕੱਚੇ ਫਲਾਂ ਨੂੰ ਕੈਮੀਕਲ ਟੀਟਮੈਂਟ ਦੇ ਕੇ ਪਕਾਉਣ ਉਪਰੰਤ ਗਾਹਕਾਂ ਦੀ ਸੇਵਾ ਵਿੱਚ ਪਰੋਸਿਆ ਜਾਂਦਾ ਹੈ। ਇਸੇ ਲਈ ਫਲ ਬੇਹੇ ਅਤੇ ਸਖ਼ਤ ਜਾਪਦੇ ਹਨ। ਘਟੀਆ ਤੇਲ ਵਿੱਚ ਯੂਰੀਆ ਪਾ ਕੇ ਨਕਲੀ ਦੁੱਧ ਖੋਆ ਅਤੇ ਪਨੀਰ ਵਰਕ ਲਾ ਕੇ ਪਰੋਸਿਆ ਜਾਂਦਾ ਹੈ, ਜਿਸ ਨਾਲ ਜਿਗਰ ਦੀਆਂ ਬਿਮਾਰੀਆਂ ਅੰਤੜੀਆਂ ਵਿੱਚ ਖ਼ਰਾਬੀ ਅਤੇ ਗੁਰਦੇ ਖ਼ਰਾਬ ਹੋ ਜਾਂਦੇ ਹਨ। ਵਾਧੂ ਪੈਸੇ ਇਕੱਠੇ ਕਰਨ ਦੀ ਦੌੜ ਨੇ ਮਨੁੱਖ ਨੂੰ ਮਾਰੂ ਸੋਚਾਂ ਦਾ ਸ਼ਿਕਾਰ ਬਣਾ ਦਿੱਤਾ ਹੈ। ਸਾਡੇ ਸਮਾਜ ਦਾ ਤਾਣਾ-ਬਾਣਾ ਭਿਸ਼ਟਾਚਾਰ ਦੇ ਸਹਾਰੇ ਖੜਾ ਹੈ। ਵੱਧ ਮੁਨਾਫਾ ਅਤੇ ਰਿਸ਼ਵਤ ਪਾਪਤ ਕਰਨ ਦੀ ਸੋਚ ਸਾਡੇ ਹੱਡਾਂ ਵਿੱਚ ਰਚ ਚੁੱਕੀ ਹੈ। ਨਵੀਂਆਂ ਕਾਰਾਂ ਅਤੇ ਉੱਚੇ-ਉੱਚੇ ਬੰਗਲੇ ਭਿਸ਼ਟ ਧਨ ਨਾਲ ਬਣ ਰਹੇ ਅਤੇ ਇਹਨਾਂ ਬੰਗਲਿਆਂ ਵਿੱਚ ਭਟਕ ਰਹੇ ਮਨੁੱਖ ਨੂੰ ਚੱਜ਼ ਨਾਲ ਜਿਉਣਾ ਵੀ ਨਸੀਬ ਨਹੀ ਹੋ ਰਿਹਾ। ਇਹੋ ਜਿਹਾ ਭਿਸ਼ਟ ਵਿਅਕਤੀ ਇੱਕ ਵਾਰ ਬਾਬਾ ਫਰੀਦ ਜੀ ਕੋਲ ਜਾ ਕੇ ਕਹਿਣ ਲੱਗਾ ਕਿ ‘ਮਹਾਰਾਜ ਜੀ ਮੇਰੇ ਕੋਲ ਹਰ ਤਰ੍ਹਾਂ ਦਾ ਸੁੱਖ ਸਾਧਨ ਮਾਇਆ ਹੈ, ਪਰ ਮਨ ਦਾ ਚੈਨ ਨਹੀ ਹੈ ਕੋਈ ਉਪਾਅ ਦੱਸੋ ! ਫਰੀਦ ਜੀ ਨੇ ਉਸ ਵਿਅਕਤੀ ਵੱਲ ਗਹੁ ਨਾਲ ਤੱਕਿਆ ਅਤੇ ਕਿਹਾ ਕਿ ‘‘ਤੇਰੇ ਕਰਮਾਂ ਵਿੱਚ ਕੋਈ ਸੁੱਖ ਚੈਨ ਨਹੀ ਹੈ, ਸਗੋਂ ਤੇਰੀ ਤੀਹ ਚਾਲੀ ਦਿਨਾਂ ਤੱਕ ਮੌਤ ਹੋਣ ਵਾਲੀ ਹੈ।'' ਉਸ ਆਦਮੀ ਨੂੰ ਬੇਚੈਨੀ ਨੇ ਹੋਰ ਘੇਰ ਲਿਆ। ਜਦੋਂ ਉਂਨਤਾਲੀਵੇਂ ਦਿਨ ਫਰੀਦ ਜੀ ਕੋਲ ਆਇਆ ਤਾਂ ਫਰੀਦ ਜੀ ਵੇਖ ਕੇ ਮੁਸਕਰਾ ਪਏ ਅਤੇ ਪੁੱਛਣ ਲੱਗੇ ਕਿ ਇਹ ਉਂਨਤਾਲੀ ਦਿਨ ਤੇਰੇ ਕਿਸ ਤਰ੍ਹਾਂ ਬੀਤੇ? ਤਾਂ ਉਹ ਕਹਿਣ ਲੱਗਾ ਕਿ ‘‘ਮੈਂ ਤਾਂ ਜੀ ਇਹਨਾਂ ਦਿਨਾਂ ਵਿੱਚ ਘਰੋਂ ਹੀ ਨਹੀ ਨਿੱਕਲਿਆਂ ਸਗੋਂ ਹਰ ਸਮੇਂ ਸਾਹਮਣੇ ਮੌਤ ਹੀ ਸਾਹਮਣੇ ਦਿਸਦੀ ਰਹੀ ਤੇ ਹੋਰ ਘਟੀਆ ਸੋਚਾਂ ਖੰਭ ਲਾ ਕੇ ਉੱਡ ਗਈਆਂ, ਰੱਬ ਦੇ ਨਾਂਅ ਦਾ ਹੀ ਸਿਮਰਨ ਕਰਦਾ ਰਿਹਾ।'' ਫਰੀਦ ਜੀ ਨੇ ਮੁਸਕਰਾ ਕਿ ਕਿਹਾ ‘‘ਬੱਸ ਬੁਰੇ ਵਿਚਾਰਾਂ, ਘਟੀਆ ਕਰਮਾਂ ਤੋਂ ਬਚਣ ਦਾ ਇਹੀ ਤਰੀਕਾ ਹੈ ਕਿ ਹਮੇਸ਼ਾਂ ਮੌਤ ਨੂੰ ਯਾਦ ਰੱਖੋ, ਤੇਰੀ ਮੌਤ ਚਾਲੀ ਦਿਨਾਂ ਬਾਅਦ ਨਹੀ ਸੀ ਹੋਣੀ, ਪਰ ਇਹਨਾਂ ਚਾਲ੍ਹੀ ਦਿਨਾਂ ਬਾਅਦ ਤੈਨੂੰ ਸਬਕ ਜਰੂਰ ਮਿਲ ਗਿਆ ਹੈ।''
ਆਮ ਵਿਅਕਤੀ ਇਸ ਧਰਤੀ ਤੇ ਜਿਵੇਂ ਪੱਕਾ ਹੀ ਆਇਆ ਹੋਵੇ ਇਸ ਤਰ੍ਹਾਂ ਜੀਵਨ ਬਤੀਤ ਕਰ ਰਿਹਾ ਹੈ। ਇਸ ਹਊਮੇ ਕਾਰਨ ਹੀ ਉਹ ਭਿਸ਼ਟਾਚਾਰ ਕਰਨਾ ਆਪਣਾ ਹੱਕ ਸਮਝਦਾ ਹੈ। ਉਹ ਇਹ ਭੁੱਲ ਰਿਹਾ ਹੈ ਕਿ ਲਾਸ਼ ਉੱਪਰ ਕਫਨ ਭਾਂਵੇ ਚਿੱਟੇ ਸਾਦੇ ਕੱਪੜੇ ਦਾ ਹੋਵੇ ਜਾਂ ਮਹਿੰਗੇ ਕੱਪੜੇ ਦਾ ਹੋਵੇ, ਕੋਈ ਫਰਕ ਨਹੀ ਪੈਂਦਾ, ਹੈ ਤਾਂ ਸਿਰਫ਼ ਕਫਨ ਹੀ। ਆਰਥਿਕ ਖੁਸ਼ਹਾਲੀ ਲਈ ਅਸੀ ਸੱਚਾਈ, ਇਮਾਨਦਾਰੀ, ਪਿਆਰ, ਮਿਲ-ਵਰਤਨ ਅਤੇ ਉਦਾਰਤਾ ਨੂੰ ਦਾਅ ਤੇ ਲਾ ਦਿੰਦੇ ਹਾਂ ਅਤੇ ਬਦਲੇ ਵਿੱਚ ਮਰੀ ਹੋਈ ਜਮੀਰ ਨਾਲ ਜਿੰਦਗੀ ਦਾ ਭਾਰ ਢੋਂਦੇ ਰਹਿੰਦੇ ਹਾਂ। ਇਹ ਦੁਖਾਂਤਕ ਪੱਖ ਹੀ ਹੈ ਕਿ ਕਨੇਡਾ ਅਤੇ ਇੰਗਲੈਂਡ ਵਰਗੇ ਦੇਸ਼ਾਂ ਵਿੱਚ ਅੱਠ ਘੰਟੇ ਕੰਮ ਕਰਨ ਵਾਲਾ ਵਿਅਕਤੀ ਬਾਦਸ਼ਾਹ ਵਾਂਗ ਜੀਅ ਸਕਦਾ ਹੈ, ਪਰ ਇੱਥੇ ਸੋਲ੍ਹਾਂ ਘੰਟੇ ਕੰਮ ਕਰਨ ਵਾਲਾ ਵਿਅਕਤੀ ਵੀ ਰੀਂਗ-ਰੀਂਗ ਕੇ ਜੀਅ ਰਿਹਾ ਹੈ। ਲੋੜ ਹੈ ਭਿਸ਼ਟਾਚਾਰੀ, ਬੇਈਮਾਨੀ, ਠੱਗੀ-ਚੋਰੀ ਮਨ ਵਿੱਚੋਂ ਕੱਢਣ ਦੀ, ਇਮਾਨਦਾਰੀ ਅਤੇ ਹੱਕ-ਹਲਾਲ ਦੀ ਕਮਾਈ ਕਰਨ ਦੀ ਜਿਸ ਨਾਲ ਹਰ ਪਾਸੇ ਖੁਸ਼ੀਆਂ ਭਰਿਆ ਮਹੌਲ ਹੋਵੇਗਾ ਤੇ ਦੁੱਖ ਕਦੇ ਵੀ ਨੇੜੇ ਨਹੀ ਆਉਣਗੇ।

ਲੇਖਕ : ਜਸਵੀਰ ਸ਼ਰਮਾ ਦੱਦਾਹੂਰ ਹੋਰ ਲਿਖਤ (ਇਸ ਸਾਇਟ 'ਤੇ): 39
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :3315
ਲੇਖਕ ਬਾਰੇ
ਆਪ ਜੀ ਦੇ ਲੇਖ ਪੰਜਾਬੀ ਅਖਬਾਰਾ ਵਿੱਚ ਆਮ ਛਪਦੇ ਰਹਿੰਦੇ ਹਨ। ਆਪ ਜੀ ਪੰਜਾਬੀ ਸੱਭਿਆਚਾਰ ਅਤੇ ਲੋਕ ਧਾਰਾਈ ਚਿਨ੍ਹਾ ਦੀ ਪਛਾਨਦੇਹੀ ਕਰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ