ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

350 ਸਾਲਾ ਸਾਜਨਾ ਦਿਵਸ ਨੂੰ ਸਮਰਪਿਤ: ਸਿੱਖ ਇਤਿਹਾਸ ਦੇ ਪਨਿਆਂ ’ਤੇ ਸ੍ਰੀ ਅਨੰਦਪੁਰ ਸਾਹਿਬ

ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਖਾਲਸੇ ਦੀ ਜਨਮ-ਭੂਮੀ ਹੈ। ਇਸ ਧਰਤੀ ਨੂੰ ਇਹ ਮਾਣ ਦਸਵੇਂ ਗੁਰੂ, ਬਾਦਸ਼ਾਹ ਦਰਵੇਸ਼, ਹੱਕ-ਸੱਚ ਤੇ ਨਿਆਂ ਦੇ ਰਾਖੇ, ਸਰਬੰਸਦਾਨੀ, ਸਾਹਿਬ-ਏ-ਕਮਾਲ, ਮਹਾਨ ਬਾਣੀਕਾਰ, ਨਿਡਰ ਯੋਧੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ।
ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦਾ ਇਤਿਹਾਸ ਦੁਨੀਆ ਦੇ ਤਮਾਮ ਇਤਿਹਾਸ ਤੋਂ ਵੱਖਰਾ ਤੇ ਵਿਲੱਖਣ ਹੈ। ਸੰਨ 1699 ਈ: ਦੀ ਵੈਸਾਖੀ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ’ਤੇ ਹੋਈ ਖਾਲਸਾ ਪੰਥ ਦੀ ਸਿਰਜਣਾ ਕੇਵਲ ਹਿੰਦੁਸਤਾਨ ਹੀ ਨਹੀਂ, ਬਲਕਿ ਦੁਨੀਆ ਦੀਆਂ ਉਨ੍ਹਾਂ ਤਮਾਮ ਪ੍ਰਭੂ-ਸੱਤਾ ਸੰਪੰਨ ਧਿਰਾਂ ਨੂੰ ਇਕ ਚੁਣੌਤੀ ਸੀ ਅਤੇ ਅੱਜ ਵੀ ਹੈ, ਜੋ ਰਾਜ ਗੱਦੀ ’ਤੇ ਬੈਠ ਕੇ ਆਮ ਜਨਤਾ ਅਤੇ ਮਜ਼ਲੂਮ ਧਿਰਾਂ ਦੀ ਹੱਕ-ਸੱਚ ਦੀ ਰਾਖੀ ਦੀ ਬਜਾਏ, ਉਨ੍ਹਾਂ ਉੱਪਰ ਇਕ ਵਿਸ਼ੇਸ਼ ਅਤੇ ਆਪਣੀ ਮਰਜ਼ੀ ਦਾ ਸਿਸਟਮ ਥੋਪ ਕੇ, ਸਭ ਨੂੰ ਇੱਕੋ ਗ਼ੁਲਾਮੀ ਦੇ ਜੂਲੇ ਹੇਠੋਂ ਕੱਢਣਾ ਚਾਹੁੰਦੀਆਂ ਹਨ।
ਉਂਝ ਤਾਂ ਪੰਜਾਬ ਦੀ ਧਰਤੀ ਦਾ ਜ਼ੱਰਾ-ਜ਼ੱਰਾ ਆਪਣੀ ਬੁੱਕਲ ਵਿਚ ਇਤਿਹਾਸ ਸਮੋਈ ਬੈਠਾ ਹੈ, ਪਰ ਜੇਕਰ ਗੱਲ ਇਕੱਲੇ ਸ੍ਰੀ ਅਨੰਦਪੁਰ ਸਾਹਿਬ ਨਗਰ ਦੀ ਕਰੀਏ, ਤਾਂ ਪੰਜਾਬ ਦੇ ਇਤਿਹਾਸ ਵਿਸ਼ੇਸ਼ਕਰ ਸਿੱਖ ਇਤਿਹਾਸ ਨੂੰ ਇਸ ਨਗਰ ਦੀ ਗੱਲ ਕੀਤੇ ਬਿਨ੍ਹਾਂ ਪੂਰਾ ਨਹੀਂ ਕੀਤਾ ਜਾ ਸਕਦਾ।
ਸ੍ਰੀ ਅਨੰਦਪੁਰ ਸਾਹਿਬ ਅਸਲ ਵਿਚ ਇਕ ਨਗਰ ਨਹੀਂ, ਬਲਕਿ ਇਕ ਨਗਰ ਦੇ ਰੂਪ ਵਿਚ ਇਕ ਅਜਿਹਾ ਆਦਰਸ਼ ਹੈ ਜਿਸ ਨੇ ਪੂਰੇ ਸੰਸਾਰ ਨੂੰ ਵਿਸ਼ਵ-ਭਾਈਚਾਰੇ, ਮਾਨਵ-ਬਰਾਬਰੀ ਅਤੇ ਇਕ-ਸਮਾਨਤਾ ਦੇ ਅਧਿਕਾਰਾਂ ਦਾ ਸੁਨੇਹਾ ਦਿੱਤਾ। ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ’ਤੇ ਹੋਈ ‘ਖਾਲਸਾ ਪੰਥ’ ਦੀ ਸਿਰਜਣਾ ਨੇ ਇਹ ਸਿੱਧ ਕੀਤਾ ਕਿ ਮਨੁੱਖੀ ਹੱਕ ਕੇਵਲ ਹਕੂਮਤਾਂ ਤੇ ਉਨ੍ਹਾਂ ਦੀ ਰਾਜ-ਸੱਤਾ ਅਧੀਨ ਸਵੈ-ਸੁਆਰਥ ਵਿਚ ਵਿਚਰਦੇ ਚੰਦ ਕੁ ਲੋਕਾਂ ਦੇ ਮੁਥਾਜ ਨਹੀਂ, ਬਲਕਿ ਧਰਤੀ ’ਤੇ ਵਿਚਰ ਰਿਹਾ ਹਰ ਮਨੁੱਖ ਭਾਵੇਂ ਉਹ ਕਿਸੇ ਵੀ ਖਿੱਤੇ, ਧਰਮ, ਜਾਤ, ਨਸਲ ਦਾ ਕਿਉਂ ਨਾ ਹੋਵੇ, ਵੀ ਉਨ੍ਹਾਂ ਹੱਕਾਂ ਨੂੰ ਪੂਰੀ ਖੁੱਲ੍ਹ ਅਤੇ ਅਜ਼ਾਦੀ ਨਾਲ ਮਾਣਨ ਦਾ ਹੱਕਦਾਰ ਹੈ।
ਜੇਕਰ ਸ੍ਰੀ ਅਨੰਦਪੁਰ ਸਾਹਿਬ ਦੀ ਭੂਗੋਲਿਕ ਸਥਿਤੀ ਦੀ ਗੱਲ ਕਰੀਏ, ਤਾਂ ਇਹ ਨਗਰ ਭਾਰਤ ਦੇ ਨਕਸ਼ੇ ਵਿਚ ਪੰਜਾਬ ਪ੍ਰਾਂਤ ਅੰਦਰ ਦਰਿਆ ਸਤਲੁਜ ਦੇ ਕੰਢੇ ’ਤੇ ਇਕ ਪਾਸੇ ਤੋਂ ਸ਼ਿਵਾਲਕ ਦੀਆਂ ਪਹਾੜੀਆਂ ਦੇ ਨਾਲ ਲੱਗਦਾ, ਇਕ ਬਹੁਤ ਹੀ ਖ਼ੂਬਸੂਰਤ ਅਤੇ ਸ਼ਾਂਤਮਈ ਇਲਾਕਾ ਹੈ, ਜਦਕਿ ਇਸ ਦਾ ਦੂਜਾ ਪਾਸਾ ਮੈਦਾਨੀ ਹੈ। ਦਿਸ਼ਾ ਵਜੋਂ ਦੇਖਿਆ ਜਾਵੇ ਤਾਂ ਇਹ ਅਸਥਾਨ ਦੱਖਣ-ਪੂਰਬੀ ਏਸ਼ੀਆ ਵਿਚ ਸਥਿਤ ਹੈ। ਸ੍ਰੀ ਅਨੰਦਪੁਰ ਸਾਹਿਬ ਭਾਰਤੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਲੱਗਭਗ 97 ਕਿਲੋਮੀਟਰ, ਰੋਪੜ (ਰੂਪਨਗਰ) ਤੋਂ 40 ਕਿਲੋਮੀਟਰ, ਕੀਰਤਪੁਰ ਸਾਹਿਬ ਤੋਂ 09 ਕਿਲੋਮੀਟਰ, ਨੰਗਲ ਤੋਂ 22 ਕਿਲੋਮੀਟਰ ਦੀ ਦੂਰੀ ’ਤੇ ਹੈ। ਸ੍ਰੀ ਅਨੰਦਪੁਰ ਸਾਹਿਬ, ਜ਼ਿਲ੍ਹਾ ਰੂਪਨਗਰ ਵਿਚ ਸਥਿਤ ਹੈ (ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਰੋਪੜ ਦਾ ਨਾਂ ਬਦਲ ਕੇ 16 ਨਵੰਬਰ, 1976 ਈ: ਵਿਚ ਰੂਪਨਗਰ ਰੱਖਿਆ ਸੀ)। ਸ੍ਰੀ ਅਨੰਦਪੁਰ ਸਾਹਿਬ ਦਿੱਲੀ ਤੋਂ ਰੇਲਵੇ ਲਾਈਨ ਨਾਲ ਵੀ ਜੁੜਿਆ ਹੋਇਆ ਹੈ। ਰੇਲ ਦਿੱਲੀ-ਅੰਬਾਲਾ-ਸਰਹਿੰਦ-ਰੋਪੜ-ਕੀਰਤਪੁਰ ਸਾਹਿਬ- ਸ੍ਰੀ ਅਨੰਦਪੁਰ ਸਾਹਿਬ ਹੁੰਦੀ ਹੋਈ ਨੰਗਲ ਅਤੇ ਊਨਾ (ਹਿਮਾਚਲ ਪ੍ਰਦੇਸ਼) ਤਕ ਜਾਂਦੀ ਹੈ। ਹਾਲ ਹੀ ਵਿਚ ਪੰਜਾਬ ਸਰਕਾਰ ਦੇ ਉਚੇਚੇ ਯਤਨਾਂ ਸਦਕਾ ਕੇਂਦਰ ਸਰਕਾਰ ਵੱਲੋਂ 23 ਮਾਰਚ, ਸੰਨ 2015 ਤੋਂ ਨੰਗਲ-ਸ੍ਰੀ ਅਨੰਦਪੁਰ ਸਾਹਿਬ-ਸ੍ਰੀ ਅਮ੍ਰਿਤਸਰ ਲਈ ਵੀ ਰੇਲ ਗੱਡੀ ਦੀ ਸ਼ੁਰੂਆਤ ਕੀਤੀ ਗਈ ਹੈ।
‘ਮਹਾਨ ਕੋਸ਼’ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ ਕਿ “ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸ਼ਤਦ੍ਰਵ (ਸਤਲੁਜ) ਦੇ ਕਿਨਾਰੇ ਨੈਣਾ ਦੇਵੀ ਦੇ ਪਹਾੜ ਪਾਸ ਮਾਖੋਵਾਲ ਪਿੰਡ ਦੀ ਧਰਤੀ ਖਰੀਦ ਕੇ ਸੰਮਤ 1723 ਵਿਚ ਇਹ ਨਗਰ ਆਬਾਦ ਕੀਤਾ…। ਦਸਮੇਸ਼ ਜੀ ਨੇ ਇਸ ਨਗਰ ਨੂੰ ਵੱਡੀ ਰੌਣਕ ਦਿੱਤੀ, ਇਹ ਨਗਰ “ਖ਼ਾਲਸੇ ਦੀ ਵਾਸੀ” ਕਰਕੇ ਪ੍ਰਸਿੱਧ ਹੈ, ਜਿਸ ਦਾ ਭਾਵ ਹੈ ਜੋ ਗੁਰੂ ਪਿਤਾ ਦਾ ਨਿਵਾਸ ਅਸਥਾਨ ਹੈ, ਉਹੀ ਉਸ ਦੀ ਸੰਤਾਨ ਰੂਪ ਖਾਲਸੇ ਦਾ ਹੈ।
ਸਿੱਖ ਇਤਿਹਾਸ ਮੁਤਾਬਕ ਸ੍ਰੀ ਅਨੰਦਪੁਰ ਸਾਹਿਬ ਦਾ ਪਹਿਲਾ ਨਾਂ ‘ਚੱਕ ਨਾਨਕੀ’ ਸੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਿਲਾਸਪੁਰ ਦੇ ਰਾਜਾ ਦੀਪ ਚੰਦ ਦੀ ਰਾਣੀ ਚੰਪਾ ਪਾਸੋਂ ਕੁਝ ਪਿੰਡਾਂ ਦੀ ਜ਼ਮੀਨ ਖਰੀਦ ਕੇ 19 ਜੂਨ, 1665 ਈ: ਨੂੰ ‘ਚੱਕ ਨਾਨਕੀ’ (ਸ੍ਰੀ ਅਨੰਦਪੁਰ ਸਾਹਿਬ) ਨਗਰ ਦੀ ਸਥਾਪਨਾ ਕੀਤੀ।
‘ਸ੍ਰੀ ਗੁਰੂ ਪੰਥ ਪ੍ਰਕਾਸ਼’ ਦੇ ਕਰਤਾ ਸ. ਰਤਨ ਸਿੰਘ (ਭੰਗੂ) ਇਸ ਬਾਬਤ ਲਿਖਦੇ ਹਨ:
ਜੈਸੇ ਪੁਰਾ ਗੁਰੂ ਬਹੁ ਗ੍ਰਾਮ ਹੈ ਬਸਾਏ, ਤੈਸੇ ਹਮ ਭੀ ਨਗਰ ਏਕ ਰਚੀਏ ਸਛੰਦ ਹੈ॥
ਐਸੇ ਮਨਿ ਧਾਰਿਕੈ ਨਿਹਾਰ ਕੈ ਜਮੀਨ ਵਰ, ਬਾਂਧਯੋ ਅਨੰਦਪੁਰ ਦਾਇ ਪਰਮਾਨੰਦ ਹੈ॥5॥
ਇਸ ਨਗਰ ਦਾ ਨੀਂਹ ਪੱਥਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਦੀ ਵੰਸ਼ ਵਿੱਚੋਂ ਭਾਈ ਗੁਰਦਿੱਤਾ ਜੀ (ਰੰਧਾਵਾ) ਦੇ ਕਰ-ਕਮਲਾਂ ਤੋਂ ਰਖਵਾਇਆ।
ਸ੍ਰੀ ਅਨੰਦਪੁਰ ਸਾਹਿਬ (ਚੱਕ ਨਾਨਕੀ) ਦੀ ਸਥਾਪਨਾ ਕਰਨ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਪਰਵਾਰ ਸਮੇਤ ਇੱਥੇ ਰਹਿਣ ਲੱਗ ਪਏ। ਇਸ ਵਸਾਏ ਨਵੇਂ ਨਗਰ ਵਿਖੇ ਸੰਗਤਾਂ ਦੇ ਠਹਿਰਣ ਲਈ ਸੁੰਦਰ ਧਰਮਸ਼ਾਲਾ ਅਤੇ ਮਕਾਨ ਬਣਾਏ ਜਾਣ ਲੱਗੇ, ਜਿਸ ਬਾਰੇ ਮਹਾਂਕਵੀ ਭਾਈ ਸੰਤੋਖ ਸਿੰਘ ‘ਸ੍ਰੀ ਗੁਰ ਪ੍ਰਤਾਪ ਸੂਰਜ ਗੰ੍ਰਥ’ ਵਿਚ ਜ਼ਿਕਰ ਕਰਦੇ ਹਨ ਕਿ:
ਸੁਨਿ ਕਾਰੀਗਰ ਲਗੇ ਉਸਾਰਨਿ। ਸੁੰਦਰ ਘਰ ਸਮੇਤ ਬਿਸਤਾਰਨਿ॥
ਇਕ ਧਰਮਸ਼ਾਲਾ ਬਡੀ ਬਨਾਈ। ਜਿਸ ਮਹਿ ਸੰਗਤ ਉਤਰਹਿ ਆਈ॥
ਤਤਕਾਲੀ ਹੁਕਮਰਾਨ ਔਰੰਗਜ਼ੇਬ ਦੇ ਕੱਟੜ ਰਵੱਈਏ ਨੇ ਪੂਰੇ ਹਿੰਦੁਸਤਾਨ ਵਿਚ ਇਸਲਾਮ ਨੂੰ ਕਬੂਲਣ ਦਾ ਆਦੇਸ਼ ਦਿੱਤਾ ਹੋਇਆ ਸੀ। ਜੋ ਲੋਕ ਦੀਨ-ਏ-ਇਲਾਹੀ ਭਾਵ ਇਸਲਾਮ ਧਰਮ ਨੂੰ ਕਬੂਲ ਨਹੀਂ ਸਨ ਕਰ ਰਹੇ, ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਦੇਣ ਦਾ ਦੌਰ ਜਾਰੀ ਕੀਤਾ ਗਿਆ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਮੁਗ਼ਲ ਹਾਕਮਾਂ ਦੀ ਇਸ ਕੱਟੜ ਅਤੇ ਇਸਲਾਮ ਤੋਂ ਇਲਾਵਾ ਕਿਸੇ ਦੂਜੇ ਧਰਮ ਨੂੰ ਬਰਦਾਸ਼ਤ ਨਾ ਕੀਤੇ ਜਾਣ ਦੀ ਨੀਤੀ ਤਹਿਤ ਹੀ ਸਿੱਖਾਂ ਦੇ ਪੰਜਵੇਂ ਗੁਰੂ, ਸ੍ਰੀ ਗੁਰੂ ਅਰਜਨ ਦੇਵ ਜੀ ਦੀ ਤਤਕਾਲੀ ਬਾਦਸ਼ਾਹ ਜਹਾਂਗੀਰ ਦੇ ਹੁਕਮਾਂ ਨਾਲ ਸ਼ਹੀਦੀ ਹੋਈ ਸੀ। ਜਿਸ ਤੋਂ ਬਾਅਦ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦੀ ਨੀਤੀ ਅਪਣਾਅ ਕੇ ਸਿੱਖਾਂ ਵਿਚ ਇਕ ਨਵੀਂ ਸਪਿਰਟ ਭਰੀ, ਜਿਸ ਦੀ ਸਿਖਰ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ’ਤੇ ‘ਖਾਲਸੇ’ ਦੇ ਰੂਪ ਵਿਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਗਟ ਕੀਤੀ। ਔਰੰਗਜ਼ੇਬ ਵੱਲੋਂ ਵੀ ਇਸੇ ਤਰ੍ਹਾਂ ਇਸਲਾਮ ਤੋਂ ਛੁਟ ਦੂਜੇ ਧਰਮਾਂ ਵਿਸ਼ੇਸ਼ਕਰ ਬ੍ਰਾਹਮਣ (ਹਿੰਦੂ) ਵਰਗ ਦਾ ਜੋ ਹਾਲ ਕੀਤਾ ਗਿਆ, ਉਸ ਦੀ ਸਥਿਤੀ ਇੰਨੀ ਤਰਸਯੋਗ ਸੀ ਕਿ ਬਿਆਨ ਤੋਂ ਵੀ ਬਾਹਰ ਹੈ। ਗੈਰ-ਇਸਲਾਮੀ ਧਾਰਮਿਕ ਕੇਂਦਰਾਂ ਨੂੰ ਢਾਹ ਕੇ ਉਨ੍ਹਾਂ ਉੱਪਰ ਮਸੀਤਾਂ ਬਣਵਾਈਆਂ ਜਾਣ ਲੱਗੀਆਂ। ਵਿਸ਼ੇਸ਼ਕਰ ਉੱਤਰ-ਭਾਰਤ ਦੇ ਖੇਤਰ ਪੰਜਾਬ ਤੇ ਕਸ਼ਮੀਰ ਇਸ ਤਹਿਤ ਵੱਡਾ ਸੰਤਾਪ ਭੋਗਣ ਲੱਗੇ।
ਦੁਨੀਆ ਉੱਤੇ ਜੰਨਤ ਮੰਨੇ ਜਾਣ ਵਾਲੇ ਕਸ਼ਮੀਰ ਪ੍ਰਾਂਤ ਵਿਚ ਸੂਬਾ ਸ਼ੇਰ ਅਫਗਾਨ ਨੇ ਔਰੰਗਜ਼ੇਬ ਦੇ ਕੱਟੜ ਸ਼ਰੱਈ ਹੁਕਮਾਂ ਦੀ ਪਾਲਣਾ ਕਰਦਿਆਂ ਹੋਇਆਂ ਜਦੋਂ ਕਸ਼ਮੀਰ ਦੇ ਪੰਡਤਾਂ ਨੂੰ ਦੀਨ ਕਬੂਲ ਕਰਨ ਦਾ ਹੁਕਮ ਕੀਤਾ ਤਾਂ ਉਨ੍ਹਾਂ ਵਿਚ ਹਾਹਾਕਾਰ ਮੱਚ ਗਈ। ਕਸ਼ਮੀਰੀ ਪੰਡਤਾਂ ਨੂੰ ਜਦ ਆਪਣੇ ਧਰਮ ਦਾ ਬਚਾਅ ਕਰਨ ਲਈ ਕੋਈ ਹੋਰ ਰਾਹ ਨਾ ਲੱਭਾ ਤਾਂ ਉਸ ਸਮੇਂ ਕਸ਼ਮੀਰੀ ਪੰਡਤਾਂ ਦਾ ਇਕ ਜਥਾ ਪੰਡਤ ਕਿਰਪਾ ਰਾਮ ਦੀ ਅਗਵਾਈ ਵਿਚ ਆਪਣੇ ਧਰਮ ਦੀ ਰੱਖਿਆ ਖਾਤਰ ਸ੍ਰੀ ਅਨੰਦਪੁਰ ਸਾਹਿਬ (ਚੱਕ ਨਾਨਕੀ) ਦੇ ਰਾਹੇ ਪੈ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਵਿਚ ਆਇਆ। ਇਸ ਦਾ ਜ਼ਿਕਰ ‘ਭੱਟ ਵਹੀ’ ਵਿਚ ਇੰਝ ਮਿਲਦਾ ਹੈ:
ਕਿਰਪਾ ਰਾਮ ਬੇਟਾ ਅੜੂ ਰਾਮ ਕਾ ਪੋਤਾ ਨਰੈਣ ਦਾਸ ਕਾ
ਥੋੜਸ ਮੁਖੀ ਬ੍ਰਾਹਮਣ ਕਾ ਸੰਗ ਲੈ ਕੇ ਚੱਕ ਨਾਨਕੀ ਆਇਆ।
ਬੱਸ ਫਿਰ ਕੀ ਸੀ, ਇੱਥੋਂ ਹੀ ਇਤਿਹਾਸ ਅੰਦਰ ਉਹ ਮੋੜ ਮੁੜਿਆ ਜਿਸ ਤਹਿਤ ਜਿੱਥੇ ਸਿੱਖ ਧਰਮ ਦੇ ਗੁਰੂ-ਸਾਹਿਬਾਨ ਨੇ ਆਪਣੇ ਧਰਮ ’ਤੇ ਅਟੱਲ ਰਹਿਣ ਲਈ ਜੋ ਕੁੱਲ ਦੁਨੀਆ ਨੂੰ ਸੁਨੇਹਾ ਦਿੱਤਾ ਸੀ, ਉਸੇ ਸਿਧਾਂਤ ’ਤੇ ਖ਼ੁਦ ਚੱਲਦਿਆਂ ਇਹ ਗੱਲ ਵਿਹਾਰਕ ਤੌਰ ’ਤੇ ਸਪੱਸ਼ਟ ਵੀ ਕਰ ਦਿੱਤੀ ਕਿ ਮਜ਼ਲੂਮ ਦੀ ਅਤੇ ਧਾਰਮਿਕ ਸੁਤੰਤਰਤਾ ਦੀ ਰੱਖਿਆ ਲਈ ਕਿਵੇਂ ਤਤਪਰ ਰਹਿਣਾ ਹੈ।
ਸੋ ਇਸੇ ਤਹਿਤ ਬਾਲ ਗੋਬਿੰਦ ਰਾਏ ਜੀ ਨੇ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਭਾਰਤੀ ਲੋਕਾਂ ਦੇ ਧਰਮ ਅਤੇ ਉਨ੍ਹਾਂ ਦੇ ਤਿਲਕ-ਜੰਝੂ ਦੀ ਰੱਖਿਆ ਖਾਤਰ ਦਿੱਲੀ ਵਿਖੇ ਬਲੀਦਾਨ ਦੇਣ ਲਈ ਭੇਜਿਆ। ਗੁਰੂ ਜੀ ਦੀ ਦਿੱਲੀ ਵਿਖੇ ਇਸ ਸ਼ਹਾਦਤ ਦਾ ਇਕ ਵੱਖਰਾ ਗੌਰਵਮਈ ਇਤਿਹਾਸ ਹੈ। ਸ੍ਰੀ ਅਨੰਦਪੁਰ ਸਾਹਿਬ ਉਸ ਸਮੇਂ ਉਨ੍ਹਾਂ ਲੋਕਾਂ ਲਈ ਢਾਲ ਬਣ ਕੇ ਪ੍ਰਗਟ ਹੋਇਆ, ਜਿਨ੍ਹਾਂ ਉੱਪਰ ਹਾਕਮ ਧਿਰਾਂ ਨੇ ਆਪਣੇ ਜ਼ੋਰ ਨਾਲ ਸ਼ਰੱਈ ਕੱਟੜਤਾ ਦੀ ਤਲਵਾਰ ਦਾ ਵਾਰ ਕੀਤਾ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਉਦੋਂ ਸਦਾ ਲਈ ਅਮਰ ਕਰ ਦਿੱਤਾ, ਜਦ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਤੋਂ ਆਈ ਲੋਕਾਈ ਵਿੱਚੋਂ ਪੰਜ ਮਰਜੀਵੜਿਆਂ ਨੂੰ ਅਮ੍ਰਿਤ ਦੀ ਦਾਤ ਬਖ਼ਸ਼ ਕੇ ਅਤੇ ਖ਼ੁਦ ਉਨ੍ਹਾਂ ਤੋਂ ਅਮ੍ਰਿਤ ਛਕ ਕੇ ‘ਖਾਲਸਾ’ ਭਾਵ ਉਸ ਸ਼ੁੱਧਤਾ ਦਾ ਰੂਪ ਦਿੱਤਾ, ਜਿਸ ਅੰਦਰ ਨਾ ਤਾਂ ਡਰ ਸੀ, ਨਾ ਹੀ ਕਿਸੇ ਦੀ ਅਧੀਨਗੀ ਨੂੰ ਕਬੂਲ ਕਰਨ ਦੀ ਭਾਵਨਾ, ਬਲਕਿ ਖਾਲਸਾ ਮਜ਼ਲੂਮਾਂ ਦੀ ਢਾਲ ਬਣ ਕੇ, ਜਬਰ ਅਤੇ ਜ਼ੁਲਮ ਦੀ ਜੜ੍ਹ ਨੂੰ ਮੁੱਢੋਂ ਹੀ ਪੁੱਟ ਦੇਣ ਦਾ ਜਜ਼ਬਾ ਰੱਖਦਾ ਸੀ, ਜਿਸ ਨੇ ਵਾਕਇ ਇਹ ਸਭ ਕੁਝ ਕਰ ਦਿਖਾਇਆ। ਇਸ ਜਜ਼ਬੇ ਦਾ ਗਵਾਹ ਬਾਅਦ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਬਣਿਆ।
ਇਹ ਸ੍ਰੀ ਅਨੰਦਪੁਰ ਸਾਹਿਬ ਦੇ ਅਮ੍ਰਿਤ ਅਤੇ ਉਸ ਵਿਚਲੀ ਸ਼ਕਤੀ ਦਾ ਸੰਦੇਸ਼ ਹੀ ਸੀ, ਜਿਸ ਨੇ ‘ਸਵਾ ਲਾਖ ਸੇ ਏਕ ਲੜਾਊ’ ਦਾ ਹੌਂਸਲਾ ਪੈਦਾ ਕੀਤਾ।
ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸ੍ਰੀ ਅਨੰਦਪੁਰ ਦੀ ਧਰਤੀ ’ਤੇ ਖਾਲਸੇ ਦੀ ਸਾਜਣਾ ਤੋਂ ਬਾਅਦ ਸਦੀਆਂ ਤੋਂ ਚੱਲਦੀਆਂ ਆ ਰਹੀਆਂ ਉਨ੍ਹਾਂ ਪਰੰਪਰਾਵਾਂ ਨੂੰ ਵੀ ਇਕ ਨਵੀਂ ਦਿਸ਼ਾ ਅਤੇ ਨਵਾਂ ਰੂਪ ਦਿੱਤਾ, ਜੋਕਿ ਲੋਕਾਂ ਅੰਦਰ ਬੁਜ਼ਦਿਲੀ ਅਤੇ ਫਜ਼ੂਲ ਦੇ ਕਰਮ-ਕਾਂਡਾਂ ਨੂੰ ਉਤਸ਼ਾਹਿਤ ਕਰਦੀਆਂ ਸਨ।
ਦਸਵੇਂ ਪਾਤਸ਼ਾਹ ਨੇ ਇਸ ਧਰਤੀ ਤੋਂ ਇਕ ਨਵੀਂ ‘ਰਹਿਤ ਮਰਯਾਦਾ’ ਸਥਾਪਿਤ ਕਰ ਕੇ, ਖਾਲਸੇ ਨੂੰ ਪੰਜ ਬਾਣੀਆਂ ਅਤੇ ਪੰਜ ਕਕਾਰ ਬਖਸ਼ ਕੇ, ਭਗਤੀ ਅਤੇ ਸ਼ਕਤੀ ਦਾ ਸੁਮੇਲ ਦਿੱਤਾ। ਹੋਲੀ ਵਰਗੇ ਇਕ-ਦੂਜੇ ਉੱਪਰ ਰੰਗ ਤੇ ਗੰਦ ਪਾਉਣ ਵਾਲੇ ਤਿਉਹਾਰਾਂ ਨੂੰ ਬਦਲ ਕੇ ‘ਹੋਲਾ ਮਹੱਲਾ’ ਦਾ ਰੂਪ ਦੇ ਕੇ ਇੱਕ ਅਕਾਲ ਪੁਰਖ ਦੀ ਫੌਜ ਬਣਾ ਕੇ ਸੂਰਬੀਰਤਾ ਅਤੇ ਅਧਿਆਤਮਕ ਦੇ ਰੰਗ ਵਿਚ ਰਗਿਆ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਸ ਨਗਰ ਦੀ ਰੱਖਿਆ ਲਈ ਪੰਜ ਕਿਲ੍ਹੇ:- ਕਿਲ੍ਹਾ ਅਨੰਦਗੜ੍ਹ, ਕਿਲ੍ਹਾ ਹੋਲਗੜ੍ਹ, ਕਿਲ੍ਹਾ ਫਤਿਹਗੜ੍ਹ, ਕਿਲ੍ਹਾ ਕੇਸਗੜ੍ਹ ਤੇ ਕਿਲ੍ਹਾ ਲੋਹਗੜ੍ਹ ਬਣਵਾਏ। ਇਸ ਤੋਂ ਇਲਾਵਾ ਇੱਥੇ ਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬਧਿਤ ਅਨੇਕਾਂ ਗੁਰਦੁਆਰਾ ਸਾਹਿਬਾਨ ਹਨ, ਜਦਕਿ ਕੇਸਗੜ੍ਹ ਸਾਹਿਬ ਸਿੱਖ ਧਰਮ ਦੇ ਪੰਜ ਤਖਤਾਂ ਵਿੱਚੋਂ ਇਕ ਤਖਤ ਹੈ।
ਵਰਤਮਾਨ ਸਮੇਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਬਾਹਰਵਾਰ ਪਰਕਰਮਾ ਵਿਚ ਖਲੋਂਦਿਆਂ, ਦੂਰ-ਦੂਰ ਤਕ ਨਜ਼ਰ ਮਾਰਿਆਂ, ਇਕ ਪਾਸੇ ਜਿੱਥੇ ਖੁੱਲ੍ਹੇ ਮੈਦਾਨ ਤੇ ਦੂਜੇ ਪਾਸੇ ਪਹਾੜੀਆਂ ਨਜ਼ਰ ਆਉਂਦੀਆਂ ਹਨ, ਉੱਥੇ ਨਾਲ ਹੀ ਇਤਿਹਾਸਿਕ ਕਿਲ੍ਹੇ, ਗੁਰਦੁਆਰਾ ਸਾਹਿਬਾਨ ਅਤੇ ਉਨ੍ਹਾਂ ਉੱਪਰ ਝੂਲਦੇ ਖਾਲਸਾਈ ਨਿਸ਼ਾਨ ਸਾਹਿਬ, ਸਵੈ-ਮਾਣ ਅਤੇ ਮਨੁੱਖੀ ਅਜ਼ਾਦੀ ਦਾ ਹੋਕਾ ਭਰਦੇ ਹੋਏ, ਸਦਾ ਆਪਣੇ ਤੇ ਦੂਜਿਆਂ ਦੇ ਹੱਕ ਅਤੇ ਸੱਚ ਲਈ ਜੂਝਣ ਦੀ ਪ੍ਰੇਰਨਾ ਕਰਦੇ ਹਨ। ਇਸੇ ਅਸਥਾਨ ’ਤੇ ਖਾਲਸਾ ਪੰਥ, ਪੰਜਾਬੀ ਸੱਭਿਆਚਾਰ ਅਤੇ ਪੰਜਾਬ ਦੇ ਬਹੁਮੁੱਲੇ ਇਤਿਹਾਸ ਨੂੰ ਦਰਸਾਉਣ ਵਾਲਾ ਦੁਨੀਆ ਦੇ ਅਠਵੇਂ ਅਜੂਬੇ ਦੇ ਰੂਪ ਵਿਚ ਪ੍ਰਗਟ ਹੋਇਆ ‘ਖਾਲਸਾ ਵਿਰਾਸਤ ਕੰਪਲੈੱਕਸ’ ਵੀ ਇੱਥੇ ਆਉਣ ਵਾਲੇ ਵਿਸ਼ਵ ਭਰ ਦੇ ਸ਼ਰਧਾਲੂਆਂ ਦੀ ਖਿੱਚ ਦਾ ਕੇਂਦਰ ਹੈ।
ਸ੍ਰੀ ਅਨੰਦਪੁਰ ਸਾਹਿਬ ਉਸ ਅਜ਼ਾਦੀ ਦੀ ਪ੍ਰਤੀਕ ਹੈ, ਜਿਸ ਨੇ ਦੁਨੀਆ ਦੇ ਤਮਾਮ ਲੋਕਾਂ ਅੰਦਰ ਬਰਾਬਰਤਾ, ਸਮਾਨਤਾ, ਧਾਰਮਿਕ ਅਜ਼ਾਦੀ ਦੀ ਭਾਵਨਾ ਪੈਦਾ ਕਰ ਕੇ ਕੱਟੜਤਾ ਦੀ ਸੌੜੀ ਸੋਚ ਨੂੰ ਮਨੁੱਖੀ ਮਨਾਂ ਅੰਦਰੋਂ ਪਰ੍ਹਾਂ ਵਗਾਹ ਮਾਰਿਆ। ਸ੍ਰੀ ਅਨੰਦਪੁਰ ਸਾਹਿਬ ਉਸ ਜਜ਼ਬੇ ਦਾ ਪ੍ਰਤੀਕ ਹੈ, ਜਿਸ ਨੇ ਸਮੁੱਚੀ ਮਾਨਵਤਾ ਨੂੰ ਆਪਣੇ ਉਨ੍ਹਾਂ ਹਿੱਤਾਂ ਦੀ ਰਾਖੀ ਕਰਨੀ ਸਿਖਾਈ, ਜਿਹੜੇ ਸਦੀਆਂ ਤੋਂ ਚੱਲੀ ਆ ਰਹੀ ਭਾਰਤੀ ਜਨਤਾ ਦੀ ਮਾਨਸਿਕਤਾ ਵਿਚ ਕਾਇਰਤਾ ਵਾਲੀ ਭਾਵਨਾ ਦੇ ਪਨਪਣ ਕਰਕੇ ਕਿਧਰੇ ਗੁਆਚ ਚੁੱਕੇ ਸਨ।
ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨੇ ਸਦਾ ਲਈ ਉਨ੍ਹਾਂ ਲੋਕਾਂ ਨੂੰ ਵੰਗਾਰਿਆ ਜੋ ਧੱਕੇ ਨਾਲ ਆਪਣੀ ਬਾਦਸ਼ਾਹਤ ਸਥਾਪਿਤ ਕਰਨਾ ਚਾਹੁੰਦੇ ਸਨ। ਭਾਵੇਂ ਮੁਗ਼ਲ ਹਕੂਮਤ ਸੀ ਤੇ ਭਾਵੇਂ ਪਹਾੜੀ ਰਾਜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ’ਤੇ ‘ਰਣਜੀਤ ਨਗਾਰੇ’ ਦੀ ਚੋਟ ਨਾਲ ਉਨ੍ਹਾਂ ਸਾਰਿਆਂ ਨੂੰ ਇਸ ਗੱਲ ਤੋਂ ਆਗਾਹ ਕਰਵਾਇਆ ਕਿ ਜਿਉਂ-ਜਿਉਂ ਧਰਤੀ ’ਤੇ ਜ਼ਾਲਮ ਦਾ ਜ਼ੁਲਮ ਤੇ ਜਬਰ ਵਧੇਗਾ, ਤਿਉਂ-ਤਿਉਂ ਹੀ ਲੋਕ-ਮਨਾਂ ਅੰਦਰ ਰੋਹ ਤੇ ਰੋਸ ਦੀ ਭਾਵਨਾ ਪ੍ਰਬਲ ਹੋਵੇਗੀ ਤੇ ਕਿਸੇ ਨਵੀਂ ਕ੍ਰਾਂਤੀ ਦਾ ਆਗ਼ਾਜ਼ ਹੋਵੇਗਾ। ਇਹੀ ਨਵੀਂ ਕ੍ਰਾਂਤੀ ‘ਖਾਲਸੇ’ ਦੇ ਰੂਪ ਵਿਚ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਦੁਨੀਆ ਦੇ ਸਾਹਮਣੇ ਆਉਂਦੀ ਹੈ, ਜਿਸ ਨੇ ਵਿਸ਼ਵ ਧਰਮਾਂ ਦੇ ਇਤਿਹਾਸ ਵਿਚ ਇਕ ਨਵਾਂ ਮੀਲ ਪੱਥਰ ਸਥਾਪਿਤ ਕਰ ਕੇ ਦੁਨੀਆ ਦੇ ਲੋਕਾਂ ਨੂੰ ਆਪਣੇ ਧਰਮ, ਗਰੀਬ-ਗੁਰਬੇ ਅਤੇ ਮਜ਼ਲੂਮ ਧਿਰਾਂ ਦੀ ਰਾਖੀ ਕਰਨੀ ਸਿਖਾਈ। ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ’ਤੇ ਸਾਜਿਆ ‘ਖਾਲਸਾ ਪੰਥ’ ਨਿਵੇਕਲੀ ਹੋਂਦ-ਵਿਧੀ ਕਾਰਨ ਅੱਜ ਪੂਰੀ ਦੁਨੀਆ ਵਿਚ ਆਪਣੀ ਵੱਖਰੀ ਪਛਾਣ ਰੱਖਦਾ ਹੈ।

ਲੇਖਕ : ਬਿਕਰਮਜੀਤ ਸਿੰਘ ਜੀਤ ਹੋਰ ਲਿਖਤ (ਇਸ ਸਾਇਟ 'ਤੇ): 17
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :2206
ਲੇਖਕ ਬਾਰੇ
ਆਪ ਜੀ ਬਤੌਰ ਪਰੂਫ਼ ਰੀਡਰ ਅੈਸ.ਜੀ.ਪੀ.ਸੀ. ਵਿੱਚ ਕੰਮ ਕਰ ਰਹੇ ਹੋ। ਆਪ ਜੀ ਉੱਚ ਵਿਚਾਰਕ ਅਤੇ ਪੰਜਾਬੀ ਚਿੰਤਕ ਹੋ ਆਪ ਜੀ ਦੇ ਅਖਬਾਰਾ ਵਿਚ ਲੇਖ ਛਪਦੇ ਰਹਿੰਦੇ ਹਨ ਅਤੇ ਪੰਜਾਬੀ ਭਾਸ਼ਾ ਦੀ ਪ੍ਰਫੁਲੱਤਾ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ