ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਨਸ਼ਿਆਂ ਅਤੇ ਗਲੀਆਂ ਚ ਰੁਲਦੀ ਜਵਾਨੀ ਤੋਂ ਦੇਸ਼ ਦੇ ਭਵਿੱਖ ਦੀ ਕੀ ਆਸ ਰੱਖੀ ਜਾ ਸਕਦੀ ਹੈ ?

ਹਰ ਇਕ ਦੇਸ਼ ਦਾ ਭਵਿਖ ਉਸ ਦੇਸ਼ ਦੇ ਨੌਜੁਆਨਾਂ ਨੂੰ ਹੀ ਕਿਹਾ ਜਾਂਦਾ ਹੈ ।ਆਮ ਹੀ ਸੁਣਦੇ ਹਾਂ ਕਿ ਨੌਜੁਆਨ ਦੇਸ਼ ਦਾ ਭਵਿਖ ਹੁੰਦੇ ਹਨ,ਦੇਸ਼ ਦੀ ਵਾਗਡੋਰ ਸੰਭਾਲਣ ਲਈ ਜਵਾਨੀ ਦੀਆਂ ਹਰ ਨਾਗਰਿਕ ਨੂੰ ਆਸਾਂ ਹੁੰਦੀਆਂ ਹਨ। ਤੰਦਰੁਸਤ ਸਮਾਜ ਅਤੇ ਦੇਸ਼ ਦੀ ਤਰੱਕੀ ਦੀਆਂ ਆਸਾਂ ਆਪਾਂ ਸਾਰੇ ਹੀ ਨੌਜੁਆਨ ਪੀੜੀ ਨੂੰ ਹੀ ਸਮਝਦੇ ਹਾਂ। ਅਨਪੜ ਆਦਮੀ ਦਾ ਆਪਣਾ ਭਵਿਖ ਖਤਰੇ ਵਿਚ ਸਮਝਿਆ ਜਾਂਦਾ ਹੈ,ਪਰ ਅੱਜ ਹਾਲਾਤ ਇਹ ਹੋਏ ਪਏ ਹਨ ਕੇ ਪੜੇ ਲਿਖੇ ਨੌਜੁਆਨਾਂ ਦਾ ਭਵਿਖ ਵੀ ਬੇਰੁਜਗਾਰੀ ਦੀ ਭੇਂਟ ਚੜ ਕੇ ਨਸ਼ਿਆਂ ਦਾ ਆਦੀ ਹੋ ਚੁੱਕਾ ਹੈ। “ਨੌਜੁਆਨ ਦੇਸ਼ ਦਾ ਭਵਿਖ “ ਸੁਣਨ ਨੂੰ ਵਧੀਆ ਲਗਦਾ ਹੈ,ਪਰ ਦੇਸ਼ ਦਾ ਭਵਿਖ ਨੌਜੁਆਨ ਪੀੜੀ ਪੜ ਲਿਖ ਕੇ ਵੀ ਗਲੀਆਂ ਵਿਚ ਰੁਲਣ ਲਈ ਮਜਬੂਰ ਹੈ। ਦੇਸ਼ ਦੇ ਭਵਿਖ ਦੀ ਕਿਸੇ ਨੂੰ ਕੋਈ ਚਿੰਤਾ ਨਹੀਂ, ਸਭ ਨੂੰ ਆਪੋ ਆਪਣੀ ਪਈ ਹੋਈ ਹੈ। ਨੌਜੁਆਨ ਮੁੰਡੇ ਕੁੜੀਆਂ ਪੜ ਲਿਖ ਕੇ ਵੀ ਚਿੰਤਾ ਵਿਚ ਡੁੱਬੇ ਰਹਿੰਦੇ ਹਨ ਕਿ ਸਾਡਾ ਭਵਿਖ ਕਿਹੋ ਜਿਹਾ ਹੋਵੇਗਾ ਸਾਰੇ ਜਾਣਦੇ ਹਾਂ ਕਿ ਪੜਿਆ ਲਿਖਿਆ ਨੌਜੁਆਨ ਤਬਕਾ ਡਿਗਰੀਆਂ ਲੈ ਕੇ ਜਦੋਂ ਆਪਣੇ ਹੱਕ ਭਾਵ ਨੌਕਰੀ ਦੀ ਮੰਗ ਕਰਦਾ ਹੈ ਤਾਂ ਉਸ ਨਾਲ ਕੀ ਵਾਪਰਦਾ ਹੈ, ਕਿਸੇ ਵੀ ਨਾਗਰਿਕ ਤੋਂ ਗੱਲ ਗੁੱਝੀ ਨਹੀਂ ਹੈ। ਕੁਟ-ਕੁਟਾਪਾ ਅਤੇ ਥੱਪੜਾਂ ਤੋਂ ਬਿਨਾਂ ਉਨਾਂ ਦੇ ਪੱਲੇ ਕੁਝ ਵੀ ਨਹੀਂ ਪਿਆ। ਪੜਾਈ ਕਰਕੇ ਵੀ ਸਾਡੀ ਨੌਜੁਆਨ ਪੀੜੀ ਨੂੰ ਮਜਬੂਰੀ ਵਸ ਐਸੇ ਕੰਮ ਕਰਨੇ ਪੈਂਦੇ ਹਨ ਜਿਸ ਦਾ ਕਦੇ ਸੁਪਨਾ ਵੀ ਨਹੀਂ ਚਿਤਵਿਆ ਹੁੰਦਾ। ਅੱਖੀਂ ਵੇਖਿਆ ਦਿ੍ਸ਼ਟਾਂਤ ਹੈ ਇਕ ਰਿਕਸ਼ਾ ਚਾਲਕ ਬਹੁਤ ਸਾਰੀ ਪੜਾਈ ਕਰਕੇ ਨੌਕਰੀ ਕਿਤੇ ਵੀ ਨਾ ਮਿਲਣ ਕਰਕੇ ਰਿਕਸ਼ਾ ਚਲਾਉਣ ਲਈ ਮਜਬੂਰ ਹੈ, ਜਦੋਂ ਉਸ ਤੋਂ ਪੈਸੇ ਪੁਛੇ ਜਾਂਦੇ ਹਨ ਤਾਂ ਇਸਦਾ ਜਵਾਬ ਅੰਗਰੇਜੀ ਵਿਚ Twenty ਬੋਲ ਕੇ ਹੀ ਦਸਦਾ ਹੈ। ਜਦੋਂ ਉਸ ਤੋਂ ਪੁਛਿਆ ਕਿ ਤੂੰ ਕਿੰਨਾ ਪੜਿਆ ਹੈ,ਤਾਂ ਉਹ B.A ਦਸਦਾ ਹੈ। ਇਸਤੋਂ ਸਾਡੇ ਦੇਸ਼ ਦੇ ਭਵਿਖ ਦਾ ਭਲੀਭਾਂਤ ਅੰਦਾਜਾ ਲਗਾਇਆ ਜਾ ਸਕਦਾ ਹੈ। ਆਪਾਂ ਅਕਸਰ ਹੀ ਵੇਖਦੇ ਹਾਂ ਕਿ ਨੌਜੁਆਨ ਮੁੰਡੇ ਕੁੜੀਆਂ ਕਿਸੇ ਕੰਪਨੀ ਦੇ ਪੋ੍ਡੈਕਟ ਗਲੀਆਂ ਵਿਚ ਵੇਚ ਰਹੇ ਹੁੰਦੇ ਹਨ,ਉਨਾ ਨਾਲ ਗਲਬਾਤ ਤੋਂ ਵੀ ਇਹੀ ਪਤਾ ਲਗਦਾ ਹੈ ਕਿ ਬਹੁਤ ਪੜ ਲਿਖ ਕੇ ਨੌਕਰੀ ਕਿਤੇ ਨਾ ਮਿਲਣ ਕਰਕੇ, ਘਰਦਿਆਂ ਦੀਆਂ ਝਿੜਕਾਂ ਤੋਂ ਡਰਦੇ ਉਹ ਮਜਬੂਰੀ ਵਸ ਥੋੜੇ ਪੈਸਿਆਂ ਤੇ ਐਸੀਆਂ ਕੰਪਨੀਆਂ ਵਿਚ ਕੰਮ ਕਰ ਰਹੇ ਹਨ। ਸਾਡੇ ਦੇਸ਼ ਦੇ ਭਵਿਖ ਦਾ ਕੀ ਬਣੇਗਾ ? ਕੀ ਇਹੀ ਹੈ ਸਾਡਾ ਦੇਸ਼ ਅਤੇ ਉਸਦਾ ? ਭਵਿਖ ਲੀਡਰ ਸਾਹਿਬਾਨ ਬਿਆਨ ਤਾਂ ਵੱਡੇ-ਵੱਡੇ ਦਾਗਦੇ ਹਨ ਦੇਸ਼ ਦਾ ਭਵਿਖ ਖਤਰੇ ਵਿਚ ਹੈ ਪਰ ਨੌਜੁਆਨਾਂ ਦੇ ਭਵਿਖ ਦਾ ਕਿਸੇ ਨੂੰ ਵੀ ਕੋਈ ਫਿਕਰ ਨਹੀਂ ਹੈ। ਜੇਕਰ ਨੌਜੁਆਨਾਂ ਦਾ ਭਵਿਖ ਸੁਰੱਖਿਅਤ ਹੋਵੇਗਾ ਤਾਂਹੀ ਦੇਸ਼ ਦਾ ਭਵਿਖ ਖੁਸ਼ਹਾਲ ਹੋਵੇਗਾ।
ਅੱਜਕਲ ਦਾ ਪੜਿਆ ਲਿਖਿਆ ਨੌਜੁਆਨ ਕੀ ਲੜਕੇ ਜਾਂ ਲੜਕੀਆਂ ਨਸ਼ਿਆਂ ਦੀ ਦਲਦਲ ਵਿਚ ਬਹੁਤ ਬੁਰੀ ਤਰਾਂ ਫਸ ਚੁੱਕੇ ਹਨ ਸ਼ਰਾਬ,ਸਮੈਕ,ਤੰਬਾਕੂ,ਮੈਡੀਕਲ ਨਸ਼ਾ,ਚਰਸ,ਅਫੀਮ,ਇਹ ਨਸ਼ੇ ਕਰਦੇ ਤਾਂ ਆਮ ਹੀ ਦੇਖਿਆ ਹੋਵੇੇਗਾ। ਪਰ ਅੱਜਕੱਲ ਸੱਪ ਦੇ ਡੰਗ ਦਾ ਨਸ਼ਾ,ਡੱਡੂ ਦੇ ਪਸੀਨੇ ਦਾ ਨਸ਼ਾ,ਕਿਰਲੀ ਦਾ ਨਸ਼ਾ,ਆਇਓਡੈਕਸ ਦੇ ਨਵੇਂ ਨਸ਼ਿਆਂ ਵਿਚ ਨੌਜੁਆਨ ਪੀੜੀ ਗਲਤਾਨ ਹੋ ਚੁੱਕੀ ਹੈ। ਪਰਮਜੀਤ ਨਾਮ ਦੇ ਇਕ ਵਿਅਕਤੀ ਦੇ ਕਹਿਣ ਮੁਤਾਬਕ ਉਹ ਛੋਟਾ ਹੁੰਦਾ ਹੀ ਆਪਣੇ ਦੋਸਤਾਂ ਨਾਲ ਰਲਕੇ ਨਸ਼ਿਆਂ ਦਾ ਆਦੀ ਹੋ ਚੁਕਾ ਹੈ ਜੋ ਇਸ ਸਮੇਂ ਗੁਰਦਾਸਪੁਰ ਦੇ ਨਸ਼ਾ ਛੁਡਾਊ ਕੇਂਦਰ ਵਿਚ ਇਸ ਨਾਮੁਰਾਦ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਦਾਖਲ ਹੈ। ਉਹ ਜਦੋਂ ਦੱਸਦਾ ਹੈ ਕਿ ਸੱਪ ਦੇ ਡੰਗ ਦਾ ਨਸ਼ਾ ਵੀ ਉਸਨੇ ਕੀਤਾ ਹੈ ਤਾਂ ਆਮ ਸੁਣਨ ਵਾਲਾ ਆਦਮੀ ਕੰਬ ਜਾਂਦਾ ਹੈ। ਸੱਪ ਤੋਂ ਡੰਗ ਮਰਾ ਕੇ ਉਹ ਲੱਤ ਨੂੰ ਦੋ ਪਾਸੇ ਤੋਂ ਬੰਨ ਲੈਂਦਾ ਹੈ,ਇਕ ਪਾਸਾ ਖੋਲਣ ਨਾਲ ਹੀ ਉਸਨੂੰ ਘੱਟੋ ਘੱਟ 10 ਦਿਨ ਨਸ਼ਾ ਰਹਿੰਦਾ ਹੈ। ਫਿਰ ਜਦੋਂ ਦੂਜੇ ਪਾਸੇ ਤੋਂ ਰੱਸੀ ਖੋਲਦਾ ਹੈ ਤਾਂ 10 ਦਿਨ ਹੋਰ ਨਸ਼ਾ ਰਹਿੰਦਾ ਹੈ ਭਾਵ 1 ਵਾਰ ਸੱਪ ਲੜਾ ਕੇ 20 ਦਿਨ ਨਸ਼ਾ ਰਹਿੰਦਾ ਹੈ। ਇਸੇ ਤਰਾਂ ਉਹ ਦੱਸਦਾ ਹੈ ਕਿ ਡੱਡੂ ਛੱਪੜ ਵਿਚੋਂ ਫੜ ਕੇ ਉਸਨੂੰ 15-20 ਮਿੰਟ ਦੌੜਾਨ ਤੋਂ ਬਾਦ ਜਦੋਂ ਪਸੀਨਾ ਆ ਜਾਂਦਾ ਹੈ ਤਾਂ ਉਹ ਚੂਸ ਲੈਂਦਾ ਹੈ ਇਸ ਨਾਲ ਵੀ ਕਾਫੀ ਦੇਰ ਨਸ਼ਾ ਰਹਿੰਦਾ ਹੈ। ਕੋਹੜ ਕਿਰਲੀਆਂ ਦੇ ਨਸ਼ੇ ਬਾਰੇ ਉਸਨੇ ਦੱਸਿਆ ਕਿ 15-20 ਕਿਰਲੀਆਂ ਲਿਆ ਕੇ ਪਿੰਜਰੇ ਵਿਚ ਕਾਪਰ ਦੇ ਕਵਰ ਤੇ ਵਿਛਾ ਲੈਂਦਾ ਹੈ,ਕਰੀਬ 15 ਦਿਨ ਬਾਅਦ ਕਿਰਲੀਆਂ ਦਾ ਥੁਕਿਆ ਜਹਿਰ ਬਲੇਡ ਨਾਲ ਕਾਪਰ ਤੋਂ ਉਤਾਰ ਕੇ ਸਿਗਰਟ ਵਿਚ ਭਰਕੇ ਪੀਣ ਨਾਲ ਵੀ ਕਾਫੀ ਦੇਰ ਨਸ਼ਾ ਰਹਿੰਦਾ ਹੈ। ਪਰ ਹੁਣ ਮੈਂ ਇਸ ਗੰਦੀ ਦਲਦਲ ਚੋਂ ਨਿਕਲਣਾ ਚਾਹੁੰਦਾ ਹਾਂ,ਮੈਂ ਆਪਣੀ ਜਿੰਦਗੀ ਵਿਚ ਸਾਰੇ ਹੀ ਨਸ਼ੇ ਕਰਕੇ ਵੇਖ ਲਏ ਹਨ, ਪਰ ਹੁਣ ਮੈਨੂੰ ਨਸ਼ਿਆਂ ਵਾਲੀ ਗੰਦੀ ਜਿੰਦਗੀ ਤੋੰ ਨਫਰਤ ਹੋ ਗਈ ਹੈ ਮੈਂ ਇਸ ਵਿਚੋਂ ਨਿਕਲਣਾ ਚਾਹੁੰਦਾ ਹਾਂ। ਇਹ ਹਾਲ ਹੈ ਸਾਡੇ ਦੇਸ਼ ਦੇ ਭਵਿਖ ਦਾ ਜਿਨਾ ਤੋਂ ਸਾਨੂੰ ਬਹੁਤ ਸਾਰੀਆਂ ਆਸਾਂ ਹਨ। ਵੈਸੇ ਰੌਲਾ ਰੱਪਾ ਬਥੇਰਾ ਪੈਂਦਾ ਹੈ ਕਿ ਨੌਜੁਆਨ ਬਾਹਰਲੇ ਮੁਲਕਾਂ ਨੂੰ ਜਾ ਰਹੇ ਹਨ,ਪਰ ਮਜਬੂਰੀ ਵਸ ਉਹ ਸਾਰੇ ਘਰ ਬਾਰ ਅਤੇ ਜਮੀਨਾਂ ਵੇਚ ਕੇ ਬਾਹਰ ਜਾਣ ਲਈ ਮਜਬੂਰ ਹਨ,ਉਨਾਂ ਨੂ ਪਤਾ ਹੈ ਕਿ ਸਾਡਾ ਭਵਿਖ ਸਾਡੇ ਆਪਣੇ ਦੇਸ਼ ਵਿਚ ਹੀ ਖਤਰੇ ਵਿਚ ਹੈ।
ਜੇਕਰ ਸਾਡੇ ਨੌਜੁਆਨਾਂ ਦਾ ਭਵਿਖ ਹੀ ਖਤਰੇ ਵਿਚ ਹੈ ਤਾਂ ਅਸੀਂ ਦੇਸ਼ ਦੇ ਭਵਿਖ ਦੀ ਕੀ ਆਸ ਰੱਖ ਸਕਦੇ ਹਾਂ ? ਜੇਕਰ ਸਮੇਂ ਦੀਆਂ ਸਰਕਾਰਾਂ ਇਸ ਪਾਸੇ ਧਿਆਨ ਦੇ ਕੇ ਰੁਜਗਾਰ ਦੇ ਵਸੀਲੇ ਪੈਦਾ ਕਰਕੇ ਨੌਜੁਆਨ ਪੀੜੀ ਨੂੰ ਚੰਗੀਆਂ ਨੌਕਰੀਆਂ ਦੇਣ ਤਾਂਹੀ ਦੇਸ਼ ਦਾ ਭਵਿਖ ਸੰਵਰ ਸਕਦਾ ਹੈ ਅਤੇ ਬਾਹਰ ਜਾਣ ਦਾ ਰੁਝਾਨ ਘਟ ਸਕਦਾ ਹੈ। ਭਾਰਤ ਦੇਸ਼ ਦੀ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਸਖਤ ਜਰੂਰਤ ਹੈ ਤਾਂ ਕਿ ਗਲੀਆਂ ਵਿਚ ਰੁਲਦੀ ਜਵਾਨੀ ਅਤੇ ਨਸ਼ਿਆਂ ਦੀ ਗੰਦੀ ਦਲਦਲ ਵਿਚ ਦੇਸ਼ ਦੇ ਨੌਜੁਆਨਾਂ ਨੂੰ ਜਾਣ ਤੋਂ ਰੋਕਿਆ ਜਾ ਸਕੇ। ਬਾਹਰ ਜਾਣ ਦਾ ਰੁਝਾਨ ਵੀ ਤਾਂਹੀ ਘੱਟ ਹੋਵੇਗਾ ਜੇਕਰ ਸਾਡੇ ਆਪਣੇ ਦੇਸ਼ ਵਿਚ ਨੌਕਰੀਆਂ ਮਿਲਣਗੀਆਂ। ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ,ਜਦੋਂ ਮੁੰਡੇ ਕੁੜੀਆਂ ਡਿਗਰੀਆਂ ਹੱਥਾਂ ਵਿਚ ਲੈ ਕੇ ਨੌਕਰੀ ਦੀ ਭਾਲ ਕਰਦੇ ਹਨ,ਐਜੀਟੇਸ਼ਨਾਂ,ਹੜਤਾਲਾਂ,ਧਰਨੇ,ਮੁਜਾਹਰੇ,ਸੜਕਾਂ ਜਾਮ ਕਰਦੇ ਹਨ, ਨਿਰਸੰਦੇਹ ਇਸ ਰੁਝਾਨ ਨੂੰ ਠੱਲ ਪਵੇਗੀ ਅਤੇ ਵਿਹਲਾ ਮਨ ਹੀ ਨਸ਼ਿਆਂ ਦੀ ਗੰਦੀ ਜਿੰਦਗੀ ਚ ਜਾਣ ਤੋਂ ਵੀ ਤਾਂਹੀ ਬਚ ਸਕਦਾ ਹੈ ਜੇਕਰ ਸਮੇਂ ਦੀਆਂ ਸਰਕਾਰਾਂ ਇਸ ਗੰਭੀਰ ਮਸਲੇ ਨੂੰ ਗੰਭੀਰਤਾ ਨਾਲ ਲੈਣਗੀਆਂ,ਨਹੀਂ ਤਾਂ ਭਾਰਤ ਦੇਸ਼ ਦਾ ਤਾਂ ਰੱਬ ਹੀ ਰਾਖਾ ਹੈ।

ਲੇਖਕ : ਜਸਵੀਰ ਸ਼ਰਮਾ ਦੱਦਾਹੂਰ ਹੋਰ ਲਿਖਤ (ਇਸ ਸਾਇਟ 'ਤੇ): 39
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :2330
ਲੇਖਕ ਬਾਰੇ
ਆਪ ਜੀ ਦੇ ਲੇਖ ਪੰਜਾਬੀ ਅਖਬਾਰਾ ਵਿੱਚ ਆਮ ਛਪਦੇ ਰਹਿੰਦੇ ਹਨ। ਆਪ ਜੀ ਪੰਜਾਬੀ ਸੱਭਿਆਚਾਰ ਅਤੇ ਲੋਕ ਧਾਰਾਈ ਚਿਨ੍ਹਾ ਦੀ ਪਛਾਨਦੇਹੀ ਕਰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ