ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਪਿਆਰ ਅਤੇ ਰੰਗਾਂ ਦਾ ਤਿਉਹਾਰ—ਹੋਲੀ ਅਤੇ ਹੋਲਾ

ਭਾਰਤੀ ਲੋਕਾਂ ਨੇ ਬਹੁਤ ਸਾਰੇ ਤਿਉਹਾਰ ਸਿਰਜੇ ਜਾਂ ਪਰੰਪਰਾਵਾਂ ਤੋਂ ਗ੍ਰਹਿਣ ਕੀਤੇ ਹਨ ਜਿਨ੍ਹਾਂ ਨੂੰ ਬੜੇ ਚਾਵਾਂ, ਉਮੰਗਾਂ ਅਤੇ ਇਛਾਵਾਂ ਦੀ ਤ੍ਰਿਪਤੀ ਹਿੱਤ ਮਨਾਉਂਦੇ ਹਨ ਅਤੇ ਮਾਣਦੇ ਹਨ। "ਨੌਂ ਦਿਨ ਅਤੇ ਤੇਰ੍ਹਾਂ ਤਿਉਹਾਰ" ਜਿਹੀ ਪ੍ਰਸਿਧ ਕਹਾਵਤ ਤਿਉਹਾਰਾਂ ਦੇ ਨਿਰੰਤਰ ਚਲਦੇ ਕਾਫਲੇ ਦੀ ਉਪਜ ਹੈ। ਤਿਉਹਾਰ ਮਨੁੱਖੀ ਜੀਵਨ ਦੀ ਰੰਗੀਨ ਝਲਕ ਹੈ। ਮਨੁੱਖ ਦੇ ਸੁਹਜ ਦੀ ਅਨੁਭੂਤੀ ਦਾ ਬਾਹਰੀ ਪ੍ਰਗਟਾਵਾ ਹੈ ਅਤੇ ਉਸ ਦੀ ਸਮੂਹਿਕ ਤਰੱਕੀ ਦੀ ਭਾਵਨਾ ਵਿਚ ਬੱਝਿਆ ਅਤੇ ਸਮੋਇਆ ਹੋਇਆ ਸ਼ਿਰੋਮਣੀ ਜਜ਼ਬਾ ਹੈ। ਏਕਤਾ, ਭਾਈਵਾਲਤਾ, ਸਾਂਝ, ਪਿਆਰ, ਕੁਰਬਾਨੀ ਆਦਿ ਅਨੇਕ ਸਰੋਕਾਰਾਂ ਦਾ ਪ੍ਰਗਟਾਵਾ, ਕਾਰਜ ਅਤੇ ਪ੍ਰਕਾਰਜ ਤਿਉਹਾਰਾਂ ਵਿਚ ਨਿਹਿਤ ਹੈ। ਹੋਲੀ ਵੀ ਇਕ ਅਜਿਹਾ ਤਿਉਹਾਰ ਹੈ, ਜਿਸ ਵਿਚ ਮਾਨਵੀ ਏਕਤਾ ਅਤੇ ਸਾਂਝਾਂ ਦੇ ਅਮੁੱਕ ਅਤੇ ਨਿਰੰਤਰ ਵਹਿਣ ਵਗਦੇ ਹੋਏ ਪ੍ਰਤੀਤ ਹੁੰਦੇ ਹਨ।
ਤਿਉਹਾਰਾਂ ਦੇ ਵਰਗੀਕਰਨ ਦੀਆਂ ਅਵਤਾਰੀ ਪੁਰਵ, ਖੇਤਰੀ ਜਾਂ ਸਥਾਨਕ ਪੱਧਰ ਦੇ ਤਿਉਹਾਰ, ਮੌਸਮੀ ਜਾਂ ਰੁੱਤਾਂ ਨਾਲ ਸੰਬੰਧਿਤ ਤਿਉਹਾਰ, ਇਤਿਹਾਸਕ ਪੱਖੋਂ ਵਿਲੱਖਣਤਾ ਰੱਖਣ ਵਾਲੇ ਤਿਉਹਾਰ ਆਦਿ ਕਈ ਵੰਨਗੀਆਂ ਹਨ ਜਿਨ੍ਹਾਂ ਦੀਆਂ ਅੱਗੋਂ ਹੋਰ ਅੱਨੇਕ ਵੰਨਗੀਆਂ ਦੱਸੀਆਂ ਜਾ ਸਕਦੀਆਂ ਹਨ। ਇਸੇ ਤਰ੍ਹਾਂ ਹੋਲੀ ਮੌਸਮੀ ਯਾਨਿ ਰੁੱਤ ਸੰਬੰਧੀ ਤਿਉਹਾਰਾਂ ਵਿਚੋਂ ਇਕ ਹੈ, ਜਦ ਕਿ ਹੋਲਾ ਇਤਿਹਾਸਕ ਪ੍ਰਸੰਗਤਾ ਨਾਲ ਵਿਸ਼ੇਸ਼ ਕਰਕੇ ਜੁੜਿਆ ਹੋਇਆ ਤਿਉਹਾਰ ਹੈ।
ਏਕਤਾ ਅਤੇ ਸਾਂਝਾਂ ਦੇ ਪ੍ਰਤੀਕ ‘ਹੋਲੀ' ਤਿਉਹਾਰ ਨੂੰ ਮਨਾਉਣ ਦਾ ਆਰੰਭ, ਮਾਨਵ ਜਾਤੀ ਦੇ ਖੁਸ਼ੀਆਂ-ਖੇੜਿਆਂ ਨੂੰ ਅਨੁਭਵ ਕਰਨ ਵਾਲੀਆਂ ਅਵਸਥਾਵਾਂ ਜਾਂ ਮੌਕਿਆਂ ਤੋਂ ਹੋਇਆ ਮੰਨਿਆ ਜਾ ਸਕਦਾ ਹੈ। ਇਸਦਾ ਸਮਾਂ-ਸਾਲ ਨਿਰਧਾਰਿਤ ਕਰਨਾ ਭਾਂਵੇਂ ਨਿਸਚਿਤ ਨਹੀਂ ਹੋ ਸਕਦਾ ਪਰ ਇਹ ਤਿਉਹਾਰ ਮਨੁੱਖੀ ਚੇਤਨਾ, ਪੜਾਅ ਦੇ ਕਾਲ ਦਾ ਜ਼ਰੂਰ ਆਖਿਆ ਜਾ ਸਕਦਾ ਹੈ। ਭਾਵ ਇਹ ਕਿ ਇਤਿਹਾਸਕ ਸਮਿਆਂ ਤੋਂ ਪਹਿਲਾਂ ‘ ਹੋਲੀ ' ਨੇ ਜਨਮ ਲੈ ਲਿਆ ਸੀ ਭਾਵੇਂ ਉਸ ਵੇਲੇ ਇਸ ਤਿਉਹਾਰ ਦਾ ਨਾਮਕਰਨ ਕੁਝ ਹੋਰ ਹੀ ਕੀਤਾ ਗਿਆ ਹੋਵੇ, ਜਾਂ ਨਾਮ ਨਾ ਵੀ ਰੱਖਿਆ ਜਾ ਸਕਿਆ ਹੋਵੇ।
ਭਾਰਤ ਵਿਚ ਉਪਲਬਧ ਪ੍ਰਾਚੀਨ ਗ੍ਰੰਥਾਂ ਤੋਂ ਮਿਥਿਕ ਕਾਲ ਦੇ ਸਮਿਆਂ ਵਿਚ ਇਸ ਤਿਉਹਾਰ ਨੂੰ ਮਨਾਏ ਜਾਣ ਦੇ ਆਮ ਪ੍ਰਮਾਣ ਮਿਲਦੇ ਹਨ। ਮਹਾਂਭਾਰਤ ਅਤੇ ਉਸ ਤੋਂ ਵੀ ਪਹਿਲੇ ਸਮਿਆਂ ਵਿਚ ਇਹ ਤਿਉਹਾਰ ਪ੍ਰਚਲਿਤ ਹੋ ਚੁੱਕਾ ਸੀ ਅਤੇ ਲੋਕ-ਮਾਨਸਿਕਤਾ ਦਾ ਪ੍ਰਗਟਾਵਾ ਮਹਿਜ਼ ਕੁਦਰਤੀ ਰੰਗਾਂ ਦੀ ਆਪਸੀ ਆਦਾਨ-ਪ੍ਰਦਾਨ ਕਰਨ ਵਾਲੀ ਜੁਗਤ ਰਾਹੀਂ ਪ੍ਰਗਟ ਕਰਨਾ ਸ਼ੁਰੂ ਹੋ ਚੁੱਕਾ ਸੀ। ਇਨ੍ਹਾਂ ਕਾਲ ਖੰਡਾਂ ਤਕ ਇਸ ਤਿਉਹਾਰ ਨੇ ਰੁੱਤਾਂ-ਤਿਉਹਾਰਾਂ ਤੋਂ ਇਲਾਵਾ ਆਪਣਾ ਮਿਥਿਹਾਸਕ, ਇਤਿਹਾਸਕ ਅਤੇ ਧਾਰਮਿਕ ਸਰੂਪ ਵੀ ਲੋਕਤਾ ਦੇ ਰੰਗ ਵਿਚ ਪ੍ਰਗਟ ਕਰਨ ਦੇ ਲੱਛਣਾਂ ਨੂੰ ਆਪਣੀ ਦਿੱਖ ਜਾਂ ਮਨਾਉਣ ਦੀ ਪ੍ਰਦਰਸ਼ਨੀ ਵਿਚ ਸਮੋਅ ਲਿਆ ਸੀ। ਇਸ ਪ੍ਰਕਾਰ, ਹੋਲੀ ਦਾ ਤਿਉਹਾਰ, ਮਾਨਵੀ ਸਾਂਝਾਂ ਦੇ ਨਾਲ ਸਮਿਆਂ ਦੇ ਵਿਭਿੰਨ ਕਾਲ ਖੰਡਾਂ ਦੇ ਵਿਚੋਂ ਪ੍ਰਵਾਹਮਾਨ ਹੁੰਦਾ ਹੋਇਆ ਵਿਸ਼ਾਲ ਏਕਤਾ ਦੇ ਪ੍ਰਗਟਾਵੇ ਦਾ ਪ੍ਰਤੀਕ ਹੋ ਨਿਬੜਿਆ ਸੀ। ਤਾਂ ਹੀ ਤਾਂ ਕਿਹਾ ਗਿਆ ਹੈ-
“ ਗ਼ਮ ਅਸਾਡੇ ਦੂਰ ਕਰਕੇ, ਭਰ ਦਈਂ ਖੁਸ਼ੀਆਂ ਦੀ ਝੋਲੀ ।
ਦੂਈ, ਦਵੈਤ ਸਭ ਦੂਰ ਕਰਕੇ, ਸਭ ਨੂੰ ਗਲੇ ਲਗਾਂਦੀ ਹੋਲੀ।”
ਬਸੰਤ ਰੁੱਤ ਦਾ ਇਹ ਪ੍ਰਮੁੱਖ ਤਿਉਹਾਰ ਪ੍ਰਾਚੀਨ ਸਮਿਆਂ ਵਿਚ ਚਾਲੀ ਦਿਨ ਤਕ ਮਨਾਇਆ ਜਾਂਦਾ ਸੀ। ਅੱਜ ਕੱਲ੍ਹ ਕੁਝ ਖੇਤਰਾਂ ਵਿਚ ਹਫਤਾ ਦਸ ਦਿਨ ਤਕ ਅਤੇ ਅਤਿ-ਆਧੁਨਿਕ ਦੌਰ ਵਿਚ ਤਾਂ ਇਕ-ਦੋ ਦਿਨਾਂ ਵਿਚ ਹੀ ਇਸ ਨੂੰ ਮਨਾਉਣ ਦੀ ਰੁਚੀ ਵੇਖੀ ਜਾ ਸਕਦੀ ਹੈ। ਇਸ ਗਿਰਾਵਟ ਦੇ ਕਈ ਕਾਰਨ ਦੱਸੇ ਜਾ ਸਕਦੇ ਹਨ। ਸੰਖੇਪ ਵਿਚ, ਇਨਾਂ ਹੀ ਕਿਹਾ ਜਾ ਸਕਦਾ ਹੈ ਕਿ ਅਜੋਕਾ ਮਨੁੱਖ ਸੰਕੀਰਨ ਅਤੇ ਬਾਜ਼ਾਰੂ ਰੁਚੀਆਂ ਦਾ ਵਧੇਰੇ ਗੁਲਾਮ ਹੋ ਚੁੱਕਾ ਹੈ। ਪਰ ਤਿਉਹਾਰ ਪ੍ਰਤੀ ਅਜੇ ਵੀ ਮਾਨਵੀ ਸੰਵੇਦਨਾਂਵਾਂ ਦਾ ਖਾਤਮਾ ਨਹੀਂ ਹੋਇਆ, ਇਹ ਅਟੱਲ ਸਚਾਈ ਹੈ।
ਮਨੁੱਖਤਾ ਦੀ ਮਾਨਸਿਕਤਾ ਜਦੋਂ ਪ੍ਰਕਿਰਤਕ ਖੁਸ਼ੀ ਨੂੰ ਆਧਾਰ-ਭੂਮੀ ਮੰਨ ਕੇ ਖ਼ਿੜ ਉੱਠਦੀ ਹੈ ਤਾਂ ਸਭਨੀਂ ਪਾਸੀਂ ਖੇੜਾ ਛਾ ਜਾਂਦਾ ਹੈ। ਇਨ੍ਹਾਂ ਦਿਨਾਂ ਵਿਚ ਕਣਕਾਂ ਦੇ ਸਿੱਟੇ ਅਥਵਾ ਬੱਲੀਆਂ ਭਰਪੂਰ ਜੋਬਨ ਤੇ ਹੁੰਦੀਆਂ ਹਨ। ਇਨ੍ਹਾਂ ਹੋਲੀ ਦੇ ਦਿਨਾਂ ਤੋਂ ਮਗਰੋਂ ਹੀ ਉਨ੍ਹਾਂ ਨੇ ਹਰਿਆਵਲ ਨੂੰ ਛੱਡ ਕੇ ਸੁਨਹਿਰੀ ਰੰਗ ਵੱਲ ਪਲਸੇਟਾ ਮਾਰਨਾ ਹੁੰਦਾ ਹੈ। ਸਰੋਂ ਦੇ ਖੇਤ ਪੀਲੀ ਪੁਸ਼ਾਕ ਪਾਈ ਦੂਰੋਂ ਅਨੋਖੀ ਝਲਕ ਪ੍ਰਦਾਨ ਕਰ ਰਹੇ ਹੁੰਦੇ ਹਨ ਅਤੇ ਲੋਕ-ਰੰਗ ਵਿਚ ਹੋਰ ਇਜ਼ਾਫਾ ਕਰ ਰਹੇ ਹੁੰਦੇ ਹਨ। ਇਸ ਸੰਬੰਧੀ ਲੋਕ-ਗੀਤ ਦੇ ਬੋਲ ਹਨ ਕਿ-
‘‘ ਫੱਗਣ ਦੇ ਮਹੀਨੇ ਸਰੋਂ ਖੇਤੀ ਫੁੱਲੀ ਏ, ਹੋਲੀ ਦੀ ਬਹਾਰ ਧਰਤੀ ' ਤੇ ਡੁੱਲ੍ਹੀ ਏ। ''
ਫੁੱਲਾਂ ਦਾ ਖਿੜਨਾ ਤੇ ਉਨ੍ਹਾਂ ਦਾ ਪੀਲਾ, ਲਾਲ, ਗੁਲਾਬੀ, ਉਨ੍ਹਾਬੀ , ਚਿੱਟਾ ਆਦਿ ਰੰਗ ਵਿਸ਼ੇਸ਼ ਕਰਕੇ ਮਾਨਵੀ ਅਨੇਕਤਾ ਵਿਚ ਏਕਤਾ ਦਾ ਬਿੰਬ ਉਭਾਰਦਾ ਪ੍ਰਤੀਤ ਹੁੰਦਾ ਹੈ। ਅੰਬ, ਜਾਮਣਾਂ ਅਤੇ ਸ਼ਹਿਤੂਤ ਆਦਿ ਰੁੱਖਾਂ ' ਤੇ ਪੋਂਗਰ ਭਾਵ ਨਵੀਆਂ ਕਰੂੰਬਲਾਂ ਦੀ ਫੁਟਾਰ ਦੇ ਨਾਲ ਫਲ ਪੈਣ ਦੀ ਮੁੱਢਲੀ ਨਿਸ਼ਾਨੀ-ਬੂਰ ਦਾ ਨਜ਼ਾਰਾ ਆਪਣੇ ਵੱਖਰੇ ਦਿਲ- ਖਿੱਚਵੇਂ ਅੰਦਾਜ਼ ਦਾ ਸੰਦੇਸ਼ ਅਤੇ ਸੁਹੱਪਣ ਸੁਹਜ ਦਾ ਦਿ੍ਰਸ਼ ਪ੍ਰਦਾਨ ਕਰ ਰਿਹਾ ਹੁੰਦਾ ਹੈ। ਨਾਖਾਂ, ਬੱਗੂਗੋਸ਼ਿਆਂ, ਅਨਾਰਾਂ, ਆੜੂਆਂ ਅਤੇ ਅਮਰੂਦਾਂ ਆਦਿ ਦੇ ਦਰੱਖਤ ਰੰਗ-ਬਰੰਗੇ ਪੱਤਿਆਂ ਅਤੇ ਫੁੱਲਾਂ ਸਹਿਤ ਦਿਲਕਸ਼ ਝਲਕ ਦੀ ਸਾਕਾਰ ਮੂਰਤ ਹੋ ਨਿਬੜਦੇ ਹਨ। ਇਹ ਸਾਰਾ ਪ੍ਰਕਿਰਤਕ ਦ੍ਰਿਸ਼ ਅਤੇ ਵਾਤਾਵਰਨ ਮਨੁੱਖਤਾ ਨੂੰ ਉਸ ਕਿਸਮ ਦਾ ਖੇੜਾ, ਉਲਾਸ ਅਤੇ ਖੁਸ਼ੀਆਂ ਅਰਪਿਤ ਕਰਦਾ ਹੈ ਜਿਸ ਵਿਚੋਂ ਮਾਨਵੀ ਸਾਂਝ ਨੇ ਜਨਮ ਲੈਣਾ ਹੁੰਦਾ ਹੈ।
ਹੋਲੀ ਦੇ ਤਿਉਹਾਰ ਨੂੰ ਮਨਾਉਣ ਦੀ ਪ੍ਰਸੰਗਤਾ ਵਿਚ ਬਹੁਤ ਸਾਰੇ ਮਿਥਿਹਾਸਕ ਅਤੇ ਇਤਿਹਾਸਕ ਹਵਾਲੇ ਉਪਲੱਬਧ ਹਨ। ਇਸੇ ਪ੍ਰਸੰਗ ਵਿਚ ਪ੍ਰਹਿਲਾਦ ਭਗਤ ਦਾ ਵਿਸ਼ੇਸ਼ ਜ਼ਿਕਰ ਆਉਂਦਾ ਹੈ। ਉਸਦਾ ਪਿਤਾ ਹਰਨਾਕਸ਼ ਸੀ, ਜੋ ਹੈ ਤਾਂ ਰਾਜਾ ਸੀ ਪਰ ਈਸ਼ਵਰ ਭਗਤੀ ਦਾ ਵਿਰੋਧੀ ਅਰਥਾਤ ਨਾਸਤਿਕ ਸੀ। ਰਾਜਾ ਹਰਨਾਕਸ਼ ਨੇ ਆਪਣੀ ਹਊਮੈ ਇੰਨੀ ਵਧਾ ਲਈ ਹੋਈ ਸੀ ਕਿ ਉਹ ਪ੍ਰਹਿਲਾਦ ਨੂੰ ਰੱਬ ਦੀ ਭਗਤੀ ਤੋਂ ਹਟਾ ਕੇ ਖਤਮ ਕਰ ਦੇਣਾ ਚਾਹੁੰਦਾ ਸੀ। ਪਿਤਾ ਹਰਨਾਕਸ਼ ਨੇ ਪੁੱਤਰ ਪ੍ਰਹਿਲਾਦ ਨੂੰ ਮਾਰਨ ਦੇ ਕਈ ਉਪਰਾਲੇ ਕੀਤੇ, ਅਨੇਕ ਕਸ਼ਟ ਦਿੱਤੇ, ਸਾਰੇ ਦੁੱਖਾਂ, ਕਸ਼ਟਾਂ ਅਤੇ ਮਾਰੂ ਚਾਲਾਂ ਦੇ ਬਾਵਜੂਦ ਪ੍ਰਹਿਲਾਦ ਬੱਚ ਜਾਂਦਾ ਰਿਹਾ। ਅੰਤ ਵਿਚ, ਹਰਨਾਕਸ਼ ਨੇ ਆਪਣੀ ਭੈਣ, ਜਿਸਦਾ ਨਾਮ ‘ ਹੋਲਿਕਾ ' ਸੀ ਅਤੇ ਜਿਸ ਨੂੰ ਵਰਦਾਨ ਹਾਸਿਲ ਸੀ ਕਿ ਉਹ ਅੱਗ ਵਿਚ ਸੜ ਨਹੀਂ ਸਕਦੀ, ਦੀ ਪਿਆਰ ਕਰਨ ਦੇ ਬਹਾਨੇ ਆਪਣੀ ਗੋਦ ਵਿਚ ਲੈ ਕੇ ਲੱਕੜਾਂ ਦੇ ਢੇਰ, ਜਿਸ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ, ਵਿਚ ਬੈਠ ਜਾਂਦੀ ਹੈ-ਪਰ ਭਾਣਾ ਉਲਟ ਵਾਪਰਦਾ ਹੈ, ਭਾਵ ਹੋਲਿਕਾ ਤਾਂ ਸੜ ਜਾਂਦੀ ਹੈ ਪਰ ਪ੍ਰਹਿਲਾਦ ਨੌਂ-ਬਰ-ਨੌਂ ਬੱਚ ਜਾਂਦਾ ਹੈ। ਇਸ ਕਥਾ ਤੋਂ ਭਾਰਤੀ ਅਤੇ ਖਾਸ ਕਰਕੇ ਪੰਜਾਬੀ ਲੋਕ-ਮਾਨਸਿਕਤਾ ਨੇ ਇਹ ਭਾਵ ਕਬੂਲਿਆ ਹੈ ਕਿ ਭਗਤੀ ਭਾਵ ਸ਼ਿਰੋਮਣੀ ਹੈ ਅਤੇ ਸੱਚ ਨੂੰ ਆਂਚ ਨਹੀਂ। ਇਸ ਅਨੁਸਾਰ, ਜਿਸ ਦਿਨ ਹੋਲਿਕਾ ਸੜ ਗਈ ਅਤੇ ਹਰਨਾਕਸ਼ ਦਾ ਮਾਣ-ਹੰਕਾਰ ਟੁੱਟ ਗਿਆ ਅਤੇ ਪ੍ਰਹਿਲਾਦ ਬੱਚ ਗਿਆ, ਉਸੇ ਦਿਨ ਤੋਂ ਹੋਲੀ ਦੇ ਤਿਉਹਾਰ ਦਾ ਮਨਾਉਣਾ ਆਰੰਭ ਹੋਇਆ। ਅੱਜ ਕੱਲ੍ਹ ਵੀ ਭਾਰਤ ਦੇ ਕਈ ਰਾਜਾਂ ਦੇ ਲੋਕ ਇਨ੍ਹੀ ਦਿਨੀਂ ਅੱਗ ਬਾਲ ਕੇ ਹੋਲਿਕਾ ਸਾੜਦੇ ਹਨ ਅਤੇ ਇਸ ਉਪਰੰਤ ਇਕ ਦੂਜੇ ਉੱਤੇ ਰੰਗ ਸੁੱਟਦੇ ਹੋਏ, ਰੰਗਾਂ ਦਾ ਤਿਉਹਾਰ ਹੋਲੀ ਖੇਡਦੇ, ਖੁਸ਼ੀਆਂ ਸਾਂਝੀਆਂ ਕਰਦੇ ਹਨ। ਹਰਿਆਣਾ, ਉੱਤਰ ਪ੍ਰਦੇਸ਼, ਉਤਰਾਖੰਡ ਅਤੇ ਕਈ ਹੋਰ ਰਾਜਾਂ ਵਿਚ ਇਹ ਪਰੰਪਰਾ ਅਜੇ ਵੀ ਨਿਰੰਤਰ ਜਾਰੀ ਹੈ।
ਇਸੇ ਕਥਾ ਵਾਂਗ ਮਹਾਭਾਰਤ ਦੇ ਕਾਲ-ਖੰਡ ਸਮੇਂ ਭਗਵਾਨ ਕਿ੍ਰਸ਼ਨ ਅਤੇ ਗੋਪੀਆਂ ਦੇ ਆਪਸੀ ਹੋਲੀ ਖੇਡਣ ਦੇ ਅਨੇਕ ਪ੍ਰਸੰਗ ਪ੍ਰਚਲਿਤ ਹਨ। ਲੋਕ-ਨਾਚ ‘ ਫਾਗ ' ਦਾ ਮੁੱਢ ਫੱਗਣ ਮਹੀਨੇ ਵਿਚ ਹੋਲੀਆਂ ਖੇਡਣ ਦੇ ਤਿਉਹਾਰ ਤੋਂ ਹੀ ਹੋਇਆ ਮੰਨਿਆ ਜਾਂਦਾ ਹੈ। ਉਂਜ ਤਾਂ ਸਾਰੇ ਭਾਰਤ ਵਿਚ ‘ ਹੋਲੀ ' ਬੜੇ ਜੋਸ਼ ਨਾਲ ਮਨਾਈ ਜਾਂਦੀ ਹੈ, ਪਰ ‘ਬ੍ਰਜ' ਖੇਤਰ ਦੀ ਹੋਲੀ ਦਾ ਕੋਈ ਮੁਕਾਬਲਾ ਨਹੀਂ। ਉਥੇ ਹਰ ਨੌਜਵਾਨ, ਗਭਰੂ, ਮੁਟਿਆਰ, ਮਰਦ-ਤੀਂਵੀਂ ਇਸ ਜਸ਼ਨਾਂ ਭਰੇ ਸਮਾਰੋਹ ਨੂੰ ਕਈ ਕਈ ਦਿਨਾਂ ਤਕ, ਗਲੀਆਂ, ਮੁਹੱਲਿਆਂ, ਘਰਾਂ ਜਾਂ ਹੋਰ ਸਾਂਝੀਆਂ ਥਾਂਵਾਂ ਤੇ ਰੰਗ-ਗੁਲਾਲ ਇਕ ਦੂਸਰੇ ਨੂੰ ਮਲਦੇ, ਇਕ ਦੂਜੇ 'ਤੇ ਸੁੱਟਦੇ , ਪਿਚਕਾਰੀਆਂ ਭਰ ਭਰ ਦੂਸਰਿਆਂ 'ਤੇ ਮਾਰ ਕੇ ਰੰਗੋ-ਰੰਗ ਕਰਦੇ ਦਿਸਦੇ ਹਨ। ਇਸ ਸੰਬੰਧੀ ਇਕ ਲੋਕ- ਗੀਤ ਹੈ-
‘‘ ਓ ਰੰਗੀਲਾ ਛੈਲ ਖੇਲੋ ਹੋਰੀ, ਓ ਮਹਾਰਾਜਾ ਰੰਗੀਲਾ ਛੈਲ ਖੇਲੋ ਹੋਰੀ । ''
ਪੰਜਾਬ ਵਿਚ ਗੁਰੂ ਸਾਹਿਬਾਨਾਂ ਦੇ ਕਾਲ ਵਿਚ ਵੀ ਇਸ ਤਿਉਹਾਰ ਨੂੰ ਮਨਾਏ ਜਾਣ ਦੀ ਪਰੰਪਰਾ ਰਹੀ ਹੈ। ਉਨ੍ਹਾਂ ਨੇ ਆਪਣੀ ਅੰਮ੍ਰਿਤ ਬਾਣੀ ਵਿਚ ਅਧਿਆਤਮਕ ਰੰਗਣ ਵਿਚ ਆਪੇ ਨੂੰ ਰੰਗ ਕੇ ਹੋਲੀ ਮਨਾਉਣ ਦਾ ਸੁਨੇਹਾ ਦਿੱਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਹੋਲੀ ਆਮ ਪ੍ਰਚਲਿਤ ਤਿਉਹਾਰ ਸੀ। ਉਨ੍ਹਾਂ ਨੇ ਹੋਲੀ ਦੇ ਤਿਉਹਾਰ ਤੋਂ ਇਕ ਦਿਨ ਉਪਰੰਤ ਇਸ ਨੂੰ ਮਨਾਉਂਦਿਆਂ ਹੋਇਆਂ ‘ ਹੋਲਾ-ਮਹੱਲਾ ' ਯਾਨਿ ‘ ਹੋਲੇ ' ਦਾ ਨਾਮ ਦਿੱਤਾ। ਹੋਲਾ ਦੀ ਵਿਸ਼ੇਸ਼ਤਾ ਇਹ ਹੈ ਕਿ ਜਿਥੇ ਪਹਿਲਾਂ ਇਸ ਤਿਉਹਾਰ ਵਿਚ ਪਿਆਰ, ਉਮਾਹ, ਲਗਨ, ਸਾਂਝ ਆਦਿ ਦੀ ਭਾਵਨਾ ਹੀ ਭਾਰੂ ਸੀ, ਉਥੇ ਗੁਰੂ ਸਾਹਿਬ ਨੇ ਉਸ ਸਭ ਕਾਸੇ ਦੇ ਨਾਲ- ਨਾਲ ਬੀਰ ਰਸ ਭਰ ਕੇ, ਸੂਰਮਗਤੀ ਦੀਆਂ ਖੇਡਾਂ ਜਿਵੇਂ ਗਤਕਾਬਾਜ਼ੀ, ਤਲਵਾਰਬਾਜ਼ੀ, ਨੇਜ਼ਾਬਾਜ਼ੀ ਆਦਿ ਦੀ ਸ਼ਮੂਲੀਅਤ ਕਰਕੇ, ਇਸਦੇ ਸਰੂਪ ਨੂੰ ਹੋਰ ਵੀ ਨਿਖਾਰ ਦਿੱਤਾ। ਹੋਲਾ ਮਨਾਉਂਦੇ ਸਮੇਂ ਪ³ਜਾਬੀ ਲੋਕ ਅਤੇ ਖਾਸ ਕਰਕੇ ਸਿੱਖ ਕੌਮ ਬੀਰਤਾ ਭਰਪੂਰ, ਜੋਸ਼ ਭਰਪੂਰ ਅਤੇ ਜੰਗਜੂ ਪੱਧਰ ਦੀਆਂ ਖੇਡਾਂ ਅਤੇ ਕਰਤਬਾਂ ਆਦਿ ਦਾ ਪ੍ਰਦਰਸ਼ਨ ਵੀ ਕਰਦੇ ਹਨ ਅਤੇ ਆਪਣੇ ਪੂਰਵਜਾਂ ਦੀਆਂ ਕੁਰਬਾਨੀਆਂ ਦੀਆਂ ਗਾਥਾਂਵਾਂ ਵੀ ਗਾਉਂਦੇ ਹਨ।
ਇਸੇ ਤਰ੍ਹਾਂ ਹੋਰ ਵੀ ਕਈ ਧਾਰਮਿਕ, ਮਿਥਿਹਾਸਕ ਅਤੇ ਇਤਿਹਾਸਕ ਪ੍ਰਸੰਗ ਹਨ ਜਿਨ੍ਹਾਂ ਤੋਂ ਭਾਰਤੀ ਏਕਤਾ, ਲੋਕਾਂ ਦੀਆਂ ਖੁਸ਼ੀਆਂ, ਖੁਸ਼ਹਾਲੀਆਂ,ਖੇੜੇ ਦੀ ਰੁੱਤ ਦਾ ਸਵਾਦ ਤੇ ਸੁਹਜ ਦਾ ਪਤਾ ਲਗਦਾ ਹੈ। ਪਰ ਕਈ ਵਾਰ ਮਨੁੱਖ ਦੇ ਖੁਸ਼ੀਆਂ ਮਨਾਉਣ ਦੀਆਂ ਅਵਸਥਾਵਾਂ ਜਾਂ ਸਥਿਤੀਆਂ ਵਿਚ ਉਲਾਰ ਬਿਰਤੀ ਸਦਕਾ ਕੁਝ ਸਮਾਜਕ ਕੁਰੀਤੀਆਂ ਵੀ ਆ ਸ਼ਾਮਿਲ ਹੁੰਦੀਆਂ ਹਨ ਜੋ ਸਰਬ-ਸਾਂਝੇ ਤਿਉਹਾਰ ਵਿਚ ਫਿੱਕਾਪਣ ਲੈ ਆਉਂਦੀਆਂ ਹਨ। ਰੰਗਾਂ ਦਾ ਆਦਾਨ-ਪ੍ਰਦਾਨ ਕਰਨ ਦੀ ਥਾਂ ਨੌਜਵਾਨ, ਗਭਰੂ-ਮੁਟਿਆਰਾਂ ਜਦੋਂ ਚਿੱਕੜ, ਗੰਦਾ ਪਾਣੀ ਜਾਂ ਹੋਰ ਨਿੱਕ-ਸੁੱਕ ਇਕ ਦੂਜੇ ਉਪਰ ਜਾਂ ਜਾਂਦੇ ਰਾਹੀਆਂ ਉਤੇ ਸੁੱਟਣਾ ਸ਼ੁਰੂ ਕਰ ਦਿੰਦੇ ਹਨ ਜਾਂ ਹੋਰ ਅਸ਼ਲੀਲ ਜਾਂ ਵਰਜਿਤ ਹਰਕਤਾਂ ਆਦਿ ਕਰਨੀਆਂ ਸ਼ੁਰੂ ਕਰ ਦਿੰਦੇ ਹਨ ਤਾਂ ਸਭਨਾਂ ਲਈ ਖੁਸ਼ੀਆਂ ਦੇ ਰੰਗ ਵਿਚ ਭੰਗ ਪੈ ਜਾਣ ਵਾਲੀ ਗਲ ਹੋ ਜਾਂਦੀ ਹੈ। ਸਿੱਟੇ ਵਜੋਂ, ਕਈ ਥਾਂਈਂ ਲੜਾਈਆਂ-ਝਗੜੇ ਜਾਂ ਮਾਰੋ-ਮਾਰੀ ਵੀ ਹੋ ਜਾਂਦੀ ਹੈ। ਹੋਲੀ ਦਾ ਪ੍ਰਕਾਰਜ ਇਹ ਨਹੀਂ ਹੈ। ਹੋਲੀ ਤਾਂ ਸਭਨਾਂ ਰੰਗਾਂ ਨੂੰ ਮਾਣ-ਸਤਿਕਾਰ ਦੇ ਕੇ, ਮਰਿਆਦਾ ਵਿਚ ਰਹਿ ਕੇ ਮਾਨਣ ਦਾ ਨਾਮ ਹੈ। ਲੜਾਈਆਂ—ਝਗੜਿਆਂ, ਵੈਰ-ਵਿਰੋਧਾਂ, ਈਰਖਾ-ਰੁਸੇਵਿਆਂ ਆਦਿ ਦੇ, ਹੋਲੀ ਵਿਰੋਧ ਵਿਚ ਹੈ।
ਹੋਲੀ ਦਾ ਤਿਉਹਾਰ ਭਾਰਤੀ ਸੰਸਕ੍ਰਿਤੀ ਦੀ ਮਹਿਕ ਹੈ। ਇਹ ਕਿਸੇ ਇਕ ਵਰਗ ਜਾਂ ਇਲਾਕੇ ਦੇ ਲੋਕਾਂ ਦਾ ਤਿਉਹਾਰ ਨਹੀਂ, ਸਗੋਂ ਸਭੇ ਸਾਂਝੀਵਾਲਤਾ ਦਾ ਤਿਉਹਾਰ ਹੈ। ਇਸ ਪਿੱਛੇ ਛਿਪੀ ਅਮੀਰ ਵਿਰਾਸਤ ਨੂੰ ਪਛਾਨਣਾ ਅਤੇ ਰੰਗਾਂ ਦੀ ਮਹਿਕ ਨੂੰ ਮਾਣਦਿਆਂ ਹੋਇਆਂ ‘‘ ਹੋਲੀ ਆਈ ਉਏ ਜਾਂ ਹੋਲੀ ਆਈ ਰੇ, ਰੰਗ ਲਿਆਈ ਰੇ, '' ਦਾ ਪੈਗ਼ਾਮ ਇਕ ਸੁਰ ਹੋ ਕੇ ਉੱਚੇ ਕਰਨਾ ਸਾਡਾ ਸਾਂਝਾਂ ਕਰਤੱਵ ਹੈ। ਹੋਲੀ ਅਤੇ ਹੋਲੇ ਦੀ ਇਹੋ ਅਸਲ ਪ੍ਰਕਿਰਤੀ ਹੈ, ਇਹੋ ਇਸਦਾ ਪ੍ਰਕਾਰਜ ਹੈ।

ਲੇਖਕ : ਡਾ. ਜਗੀਰ ਸਿੰਘ ਨੂਰ ਹੋਰ ਲਿਖਤ (ਇਸ ਸਾਇਟ 'ਤੇ): 1
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1539
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਵਿੱਚ ਕਾਫ਼ੀ ਲੰਮੇ ਅਰਸੇ ਤੋਂ ਜੂੜੇ ਹੋਏ ਹੋ ਅਤੇ ਬਤੋਰ ਲੇਖਕ, ਅਲੋਚਕ ਅਤੇ ਪੰਜਾਬੀ ਚਿੰਤਕ ਦੀ ਵਜੋਂ ਲੋਕਾਂ ਦੇ ਦਿਲਾਂ ਵਿੱਚ ਖ਼ਾਸ ਜਗ੍ਹਾ ਰਖਦੇ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਵਿਸ਼ਵ ਪੰਜਾਬੀ ਕਾਨਫ਼ਰੰਸ 2017