ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸਿੱਖ ਸਿਆਸਤ ਦਾ ਬਾਬਾ ਬੋਹੜ ਟੌਹੜਾ ਅਕਾਲੀਆਂ ਭੁਲਾਇਆ ਕੈਪਟਨ ਨੇ ਅਪਣਾਇਆ

 ਜਥੇਦਾਰ ਗੁਰਚਰਨ ਸਿੰਘ ਟੌਹੜਾ ਇੱਕ ਸਾਧਾਰਨ ਦਿਹਾਤੀ ਪਰਿਵਾਰ ਵਿਚੋਂ ਉਠਕੇ ਪੰਜਾਬ ਦੀ ਸਿੱਖ ਸਿਆਸਤ ਵਿਚ ਧਰੂ ਤਾਰੇ ਦੀ ਤਰਾਂ ਚਮਕਦੇ ਰਹੇ। ਉਨਾਂ ਨੂੰ ਸਿੱਖਾਂ ਦਾ ਦਿਮਾਗ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਸਿੱਖਾਂ ਦੀ ਮਾਨਸਿਕਤਾ ਦੀ ਉਨਾਂ ਨੂੰ ਤੀਖਣ ਜਾਣਕਾਰੀ ਸੀ। ਉਹ ਇੱਕ ਰੌਸ਼ਨ ਦਿਮਾਗ ਇਨਸਾਨ ਸਨ ਜਿਨਾਂ ਦੀ ਇਨਸਾਨੀਅਤ ਰੁਚੀ ਨੇ ਉਨਾਂ ਨੂੰ ਲੋਕਾਂ ਦੇ ਮਨਾਂ ਤੇ ਰਾਜ ਕਰਨ ਲਾ ਦਿੱਤਾ। ਪਰੰਤੂ ਦੁੱਖ ਦੀ ਗੱਲ ਹੈ ਕਿ ਸਿੱਖ ਸਿਆਸਤ ਦੇ ਬਾਬਾ ਬੋਹੜ ਅਤੇ ਸ਼ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਸਤਾਈ ਸਾਲ ਲਗਾਤਰ ਪਰਧਾਨਗੀ ਕਰਨ ਵਾਲੇ ਸੁਘੜ-ਸੂਝਵਾਨ- ਸਿਆਣੇ ਅਤੇ ਸਿੱਖ ਸਿਆਸਤ ਦੀ ਗੂੜੀ ਜਾਣਕਾਰੀ ਰੱਖਣ ਵਾਲੇ ਬਹੁਚਰਚਿਤ ਸਿਆਸਤਦਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਉਨਾਂ ਦੀ ਆਪਣੀ ਪਿਤਰੀ ਪਾਰਟੀ ਅਕਾਲੀ ਦਲ ਨੇ ਭੁਲਾਕੇ ਅਤੇ ਉਨਾਂ ਦੇ ਪਰਿਵਾਰ ਨੂੰ ਰੁਲਾਕੇ ਰੱਖ ਦਿੱਤਾ ਹੈੈ। ਜਿਸ ਪਾਰਟੀ ਵਿਚ ਉਸਨੇ ਬਚਪਨ ਤੋਂ ਹੀ ਤਨਦੇਹੀ ਨਾਲ ਕੰਮ ਕਰਕੇ ਅਨੇਕਾਂ ਪਰਾਣੀਆਂ ਨੂੰ ਗੁਰੂ ਦੇ ਲੜ ਲਾਇਆ ਸੀ। ਉਹ ਚੌਦਾਂ ਸਾਲ ਦੀ ਅੱਲੜ ਉਮਰ ਵਿਚ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਕਿਉਂਕਿ ਆਪਦੇ ਮਾਤਾ ਬਸੰਤ ਕੌਰ ਅਤੇ ਪਿਤਾ ਦਲੀਪ ਸਿੰਘ ਧਾਰਮਿਕ ਬਿਰਤੀ ਦੇ ਮਾਲਕ ਸਨ। ਅਕਾਲੀ ਦਲ ਇੱਕ ਧਾਰਮਿਕ ਪਾਰਟੀ ਹੈ। ਜਿਸਦੀ ਸਥਾਪਨਾ ਹੀ ਗੁਰਦੁਆਰਾ ਸਾਹਿਬਾਨ ਦੀ ਵੇਖ ਭਾਲ ਕਰਨ ਲਈ ਕੀਤੀ ਗਈ ਸੀ। ਅਕਾਲੀ ਦਲ ਆਜ਼ਾਦੀ ਤੋਂ ਬਾਅਦ ਉਨੀ ਸੌ ਸਤਵੰਜਾ ਵਿਚ ਸਿਆਸੀ ਪਾਰਟੀ ਬਣਿਆਂ ਸੀ। ਇਸ ਤੋਂ ਪਹਿਲਾਂ ਅਕਾਲੀ ਦਲ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਉਪਰ ਚੋਣਾਂ ਲੜਦਾ ਸੀ। ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਬੜੇ ਸਾਰਥਿਕ ਕੰਮ ਕੀਤੇ ਕਿਉਂਕਿ ਜੇਕਰ ਧਰਮ ਦਾ ਪਰਚਾਰ ਹੋਵੇਗਾ ਤਾਂ ਪਾਰਟੀ ਦਾ ਮਜ਼ਬੂਤ ਹੋਣਾ ਕੁਦਰਤੀ ਸੀ। ਮਹਿਜ ਵੀਹ ਸਾਲ ਦੀ ਉਮਰ ਵਿਚ ਉਹਨਾਂ ਅਕਾਲੀ ਦਲ ਦੇ ਮੋਰਚੇ ਵਿਚ ਸ਼ਮੂਲੀਅਤ ਕੀਤੀ ਅਤੇ ਉਨਾਂ ਨੂੰ ਜੇਲ ਵਿਚ ਡੱਕ ਦਿੱਤਾ ਗਿਆ। ਉਹ ਸਿਆਤਦਾਨ ਨਾਲੋਂ ਬਿਹਤਰ ਧਾਰਮਿਕ ਵਿਅਕਤੀ ਸਨ। ਸਿਆਸਤ ਵਿਚ ਇਮਾਨਦਾਰੀ ਅਤੇ ਦਿਆਨਤਦਾਰੀ ਦੇ ਪਰਤੀਕ ਦੇ ਤੌਰ ਤੇ ਜਾਣੇ ਜਾਂਦੇ ਜਥੇਦਾਰ ਟੌਹੜਾ ਨੂੰ ਉਨਾਂ ਦੇ ਜੀਵਨ ਦੇ ਅਖ਼ੀਰਲੇ ਦਿਨਾ ਵਿਚ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ ਜਦੋਂ ਅਕਾਲੀ ਦਲ ਨੇ ਉਨਾਂ ਨੂੰ ਸ਼ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੀ ਪਰਧਾਨਗੀ ਤੋਂ ਹਟਾ ਦਿੱਤਾ ਸੀ। ਉਨਾਂ ਦੇ ਪਰਿਵਾਰ ਨੂੰ ਅਕਾਲੀ ਦਲ ਤੋਂ ਕਿਨਾਰਾ ਕਰਨ ਲਈ ਵਾਰ-ਵਾਰ ਮਜ਼ਬੂਰ ਹੋਣਾ ਪਿਆ। ਇੱਕ ਵਾਰ ਲੋਕ ਸਭਾ ਅਤੇ ਤਿੰਨ ਵਾਰ ਰਾਜ ਸਭਾ ਦੇ ਮੈਂਬਰ ਅਤੇ ਉਨੀ ਸੌ ਸੱਠ ਤੋਂ ਚੁਤਾਲੀ ਸਾਲ ਲਗਾਤਾਰ ਸ਼ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਮੈਂਬਰ ਰਹਿਣ ਦੇ ਬਾਵਜੂਦ ਵੀ ਉਨਾਂ ਆਪਣਾ ਕਿਰਦਾਰ ਅਤੇ ਅਕਸ ਸਾਫ ਸੁਥਰਾ ਰੱਖਿਆ। ਜਿਹੜੀ ਜਾਇਦਾਦ ਪਿਤਾ ਪੁਰਖੀ ਵਿਰਾਸਤ ਵਿਚ ਮਿਲੀ ਸੀ ਉਸ ਵਿਚ ਇੱਕ ਧੇਲੇ ਦਾ ਵੀ ਵਾਧਾ ਨਹੀਂ ਕੀਤਾ ਜਦੋਂ ਕਿ ਸਿਆਸਤਦਨਾਂ ਦੀਆਂ ਜਾਇਦਾਦਾਂ ਵਿਚ ਅਣਕਿਆਸੇ ਵਾਧੇ ਹੋਏ ਹਨ। ਜੇਕਰ ਅਜਿਹੇ ਸਾਫ ਕਿਰਦਾਰ ਵਾਲੇ ਸਿਆਸਤਦਾਨ ਅਤੇ ਉਨਾਂ ਦੇ ਆਪਣੇ ਪਰਿਵਾਰਾਂ ਨੂੰ ਉਨਾਂ ਦੀ ਪਿਤਰੀ ਪਾਰਟੀ ਅਣਡਿਠ ਕਰ ਸਕਦੀ ਹੈ ਤਾਂ ਸਿਆਸਤ ਵਿਚ ਇਮਾਨਦਾਰੀ ਖੰਭ ਲਾ ਕੇ ਉਡ ਜਾਵੇਗੀ। ਪਰੰਤੂ ਸ਼ੁਭ ਸੰਕੇਤ ਹਨ ਕਿ ਅਜਿਹੇ ਨੇਤਾਵਾਂ ਦੀ ਵਿਰਾਸਤ ਤੇ ਕੈਪਟਨ ਅਮਰਿੰਦਰ ਸਿੰਘ ਨੇ ਫ਼ਰਾਕਦਿਲੀ ਦਾ ਸਬੂਤ ਦਿੰਦਿਆਂ ਪਹਿਰਾ ਦੇਣ ਦਾ ਫੈਸਲਾ ਕੀਤਾ ਹੈ। ਇਸ ਕਰਕੇ ਨੌਜਵਾਨ ਸਿਆਸੀ ਨੇਤਾਵਾਂ ਵਿਚ ਇਮਾਨਦਾਰੀ ਦਾ ਪੱਲਾ ਫੜਨ ਦੀ ਆਸ ਕੀਤੀ ਜਾ ਸਕਦੀ ਹੈ। ਪਾਰਟੀ ਪੱਧਰ ਤੋਂ ਉਠਕੇ ਕੈਪਟਨ ਅਮਰਿੰਦਰ ਸਿੰਘ ਦਾ ਇਹ ਫੈਸਲਾ ਸ਼ਲਾਘਯੋਗ ਹੈ। ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਪਹਿਲੀ ਅਪਰੈਲ ਦੋ ਹਜ਼ਾਰ ਵਿਚ ਸਵਰਗਵਾਸ ਹੋਏ ਸਨ ਤਾਂ ਉਨਾਂ ਦੀ ਪਤਨੀ ਨੂੰ ਕੈਬਨਿਟ ਮੰਤਰੀ ਦਾ ਸਟੇਟਸ ਦੇ ਕੇ ਮੰਤਰੀ ਵਾਲੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਸਨ। ਉਨਾਂ ਉਦੋਂ ਪੰਜਾਬ ਸਰਕਾਰ ਵੱਲੋਂ ਜਥੇਦਾਰ ਟੌਹੜਾ ਦੀ ਬਰਸੀ ਦੇ ਸਮਾਗਮ ਰਾਜ ਪੱਧਰੀ ਤੌਰ ਤੇ ਮਨਾਉਣ ਦਾ ਫੈਸਲਾ ਕੀਤਾ ਸੀ। ਉਸੇ ਤਰਾਂ ਇਸ ਵਾਰ ਵੀ ਪਹਿਲੀ ਅਪਰੈਲ ਨੂੰ ਉਨਾਂ ਦੀ ਬਰਸੀ ਪੰਜਾਬ ਸਰਕਾਰ ਵੱਲੋਂ ਰਾਜ ਪੱਧਰ ਦਾ ਸਮਾਗਮ ਕਰਕੇ ਮਨਾਈ ਜਾ ਰਹੀ ਹੈ। ਇਸ ਵਾਰ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਯਾਦ ਵਿਚ ਉਨਾਂ ਦੇ ਜੱਦੀ ਪਿੰਡ ਟੌਹੜਾ ਵਿਖੇ ਰਾਜ ਪੱਧਰੀ ਸਮਾਗਮ ਕਰਨ ਦਾ ਐਲਾਨ ਕੀਤਾ ਤਾਂ ਕਿਤੇ ਜਾ ਕੇ ਅਕਾਲੀ ਦਲ ਨੇ ਆਪਣੀ ਬੇਇਜ਼ਤੀ ਮਹਿਸੂਸ ਕਰਦਿਆਂ ਟੌਹੜਾ ਸਾਹਿਬ ਦੇ ਜੱਦੀ ਪਿੰਡ ਤੋਂ ਪੱਚੀ ਕਿਲੋਮੀਟਰ ਦੂਰ ਪਟਿਆਲਾ ਨਜ਼ਦੀਕ ਗੁਰਦੁਆਰਾ ਬਹਾਦਰਗੜ ਸਾਹਿਬ ਵਿਖੇ ਸ਼ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਖ਼ਰਚੇ ‘ਤੇ ਸਮਾਗਮ ਕਰਨ ਦਾ ਕਾਹਲੀ ਵਿਚ ਫੈਸਲਾ ਕੀਤਾ। ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਪਰਿਵਾਰ ਨੂੰ ਅਕਾਲੀ ਦਲ ਨੇ ਅਣਡਿਠ ਕਰ ਦਿੱਤਾ ਸੀ ਇਸ ਕਰਕੇ ਉਹ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਿਆ ਸੀ। ਇਸ ਲਈ ਅਕਾਲੀ ਦਲ ਨੇ ਜਥੇਦਾਰ ਟੌਹੜਾ ਦੀ ਬਰਸੀ ਮਨਾਉਣ ਤੋਂ ਟਾਲਾ ਵੱਟ ਲਿਆ ਸੀ। ਸ਼ਰੋਮਣੀ ਅਕਾਲੀ ਦਲ ਉਪਰ ਵਰਤਮਾਨ ਕਾਬਜ ਧੜੇ ਨੇ ਗ਼ਲਤ ਰਾਜਨੀਤੀ ਕਰਦਿਆਂ ਜਥੇਦਾਰ ਟੌਹੜਾ ਦੇ ਪਰਿਵਾਰ ਅਤੇ ਸਮੱਰਥਕਾਂ ਨੂੰ ਅਣਡਿਠ ਕਰਕੇ ਅਤੇ ਚਾਪਲੂਸ ਲੋਕਾਂ ਨੂੰ ਤਰਜੀਹ ਦੇ ਕੇ ਸਥਾਪਤ ਕਦਰਾਂ ਕੀਮਤਾਂ ਦਾ ਨਿਰਾਦਰ ਕੀਤਾ ਹੈ। ਪੰਜਾਬ ਦੇ ਲੋਕ ਅੱਜ ਵੀ ਜਥੇਦਾਰ ਟੌਹੜਾ ਦੀ ਦਿਆਨਤਦਾਰੀ ਅਤੇ ਨੇਕ ਨੀਤੀ ਨੂੰ ਯਾਦ ਕਰਦੇ ਹੋਏ ਸਤਿਕਾਰ ਭੇਂਟ ਕਰਦੇ ਹਨ। ਅੱਜ ਉਨਾਂ ਦੇ ਜੱਦੀ ਪਿੰਡ ਟੌਹੜਾ ਵਿਖੇ ਜਥੇਦਾਰ ਟੌਹੜਾ ਦਾ ਪਰਿਵਾਰ ਉਨਾਂ ਦੇ ਘਰ ਵਿਚ ਸਮਾਗਮ ਕਰ ਰਿਹਾ ਹੈ। ਪੰਜਾਬ ਸਰਕਾਰ ਅਨਾਜ ਮੰਡੀ ਵਿਚ ਸਮਾਗਮ ਕਰ ਰਹੀ ਹੈ ਜਿਸ ਵਿਚ ਟੌਹੜਾ ਪਰਿਵਾਰ ਦੇ ਸ਼ਾਮਲ ਹੋਣ ਦੀ ਉਮੀਦ ਹੈ।

ਲੇਖਕ : ਉਜਾਗਰ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 14
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :525

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ