ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਪੰਜਾਬ ਵਿਧਾਨ ਸਭਾ ਚੋਣਾਂ ਵਿਚ ਪੰਜਾਬੀਆਂ ਦਾ ਸਿਆਣਪ ਵਾਲਾ ਫ਼ੈਸਲਾ

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਪੰਜਾਬੀਆਂ ਨੇ ਸਿਆਣਪ ਦਾ ਸਬੂਤ ਦਿੰਦਿਆਂ ਦਲੇਰੀ ਵਾਲਾ ਫ਼ੈਸਲਾ ਕੀਤਾ ਹੈ ਕਿਉਂਕਿ ਪੰਜਾਬ ਦੀ ਡੁਬਦੀ ਬੇੜੀ ਨੂੰ ਆਰਥਿਕ ਮੰਦਹਾਲੀ ਵਿਚੋਂ ਇੱਕੋ ਇੱਕ ਧੜੱਲੇਦਾਰ ਲੀਡਰ ਕੈਪਟਨ ਅਮਰਿੰਦਰ ਸਿੰਘ ਹੀ ਹੈ ਜਿਹੜਾ ਬਾਹਰ ਕੱਢਕੇ ਪੰਜਾਬੀਆਂ ਦੀ ਬਾਂਹ ਫੜਨ ਦੀ ਸਮਰੱਥਾ ਰੱਖਦਾ ਹੈ। ਸਿਆਸਤਦਾਨਾ ਅਤੇ ਅਫ਼ਸਰਸ਼ਾਹੀ ਦੀ ਮਿਲੀ ਭੁਗਤ ਕਰਕੇ ਪੰਜਾਬ ਦੇ ਲੋਕ ਇਨਸਾਫ ਤੋਂ ਵਿਹੂਣੇ ਹੋ ਗਏ ਸਨ। ਹਲਕਾ ਇਨਚਾਰਜ ਹਲਕੇ ਪਏ ਸਨ ਜਿਨਾਂ ਆਪਣੀਆਂ ਝੋਲੀਆਂ ਪੰਜਾਬ ਦੇ ਲੋਕਾਂ ਦੀਆਂ ਜੇਬਾਂ ਕੱਟਕੇ ਭਰ ਲਈਆਂ ਸਨ। ਅਧਿਕਾਰੀਆਂ ਖਾਸ ਤੌਰ ਤੇ ਪੁਲਿਸ ਨੇ ਅਕਾਲੀ ਦਲ ਦੀ ਅਸਫਲਤਾ ਅਤੇ ਭਰਿਸ਼ਟਾਚਾਰ ਵਿਚ ਗੜੂੰਦ ਹੋਣ ਦਾ ਲਾਭ ਉਠਾਕੇ ਮਨਮਾਨੀਆਂ ਕੀਤੀਆਂ ਸਨ। ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਪੰਜਾਬ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਨੂੰ ਪ੍ਰਵਾਨ ਕਰਦਿਆਂ ਠੋਸ ਬਹੁਮਤ ਦੇ ਕੇ ਪੰਜਾਬ ਦੇ ਸੁਨਹਿਰੇ ਭਵਿਖ ਦੀ ਆਸ ਕੀਤੀ ਹੈ। ਪੰਜਾਬ ਦੇ ਹਾਲਾਤ ਹੀ ਅਜਿਹੇ ਬਣ ਗਏ ਸਨ ਕਿ ਦਲੇਰ, ਧੜੱਲੇਦਾਰ, ਪੜੇ ਲਿਖੇ , ਸਖ਼ਤ ਅਤੇ ਸਫਲ ਪ੍ਰਬੰਧਕੀ ਤਜਰਬੇ ਵਾਲੇ ਸਿਆਸਤਦਾਨ ਦੀ ਅਗਵਾਈ ਦੀ ਲੋੜ ਸੀ ਕਿਉਂਕਿ ਪੰਜਾਬ ਸਿਰ ਇਸ ਸਮੇਂ 1 ਲੱਖ 78 ਕਰੋੜ ਰੁਪਏ ਦਾ ਕਰਜ਼ਾ ਹੈ। ਕੈਪਟਨ ਅਮਰਿੰਦਰ ਸਿੰਘ ਤੋਂ ਬਿਨਾ ਪੰਜਾਬ ਦੇ ਵੋਟਰਾਂ ਨੂੰ ਹੋਰ ਕੋਈ ਅਜਿਹਾ ਸਿਆਸਤਦਾਨ ਨਹੀਂ ਲੱਭਿਆ ਜਿਹੜਾ ਕਰੜੇ ਹੱਥੀਂ ਫ਼ੈਸਲੇ ਕਰਕੇ ਪੰਜਾਬ ਦੀ ਆਰਥਿਕਤਾ ਨੂੰ ਲੀਹੇ ਪਾ ਸਕਦਾ ਹੋਵੇ। ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਉਨਾਂ ਜਿਤਨੇ ਵੱਡੇ ਸਿਆਸੀ ਕੱਦ ਵਾਲਾ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਕੋਲ ਕੋਈ ਨੇਤਾ ਹੈ ਹੀ ਨਹੀਂ ਸੀ। ਇਹ ਜਿੱਤ ਇੱਕ ਕਿਸਮ ਨਾਲ ਪੰਜਾਬ ਕਾਂਗਰਸ ਦੀ ਨਹੀਂ ਸਗੋਂ ਕੈਪਟਨ ਅਮਰਿੰਦਰ ਸਿੰਘ ਦੀ ਹੀ ਜਿੱਤ ਕਹੀ ਜਾ ਸਕਦੀ ਹੈ ਕਿਉਂਕਿ ਵੋਟਰਾਂ ਨੇ ਪਾਰਟੀ ਪੱਧਰ ਤੋਂ ਉਪਰ ਉਠਕੇ ਕਾਂਗਰਸ ਦੇ ਉਮੀਦਵਾਰਾਂ ਨੂੰ ਨਹੀਂ ਸਗੋਂ ਕੈਪਟਨ ਅਮਰਿੰਦਰ ਸਿੰਘ ਦੀ ਵਿਲੱਖਣ ਸ਼ਖ਼ਸ਼ੀਅਤ ਨੂੰ ਹੀ ਵੋਟਾਂ ਪਾਈਆਂ ਹਨ। ਇਸ ਫੈਸਲੇ ਤੋਂ ਬਾਅਦ ਇਉਂ ਮਹਿਸੂਸ ਹੋ ਰਿਹਾ ਹੈ ਕਿ ਪੰਜਾਬ ਦੇ ਵੋਟਰ ਵੀ ਹੁਣ ਸੁਚੇਤ, ਸੁਘੜ ਅਤੇ ਸੰਜੀਦਾ ਬਣ ਗਏ ਲਗਦੇ ਹਨ, ਜਿਨਾਂ ਤਿ੍ਰਸ਼ੰਕੂ ਨਤੀਜੇ ਆਉਣ ਦੀਆਂ ਸਾਰੀਆਂ ਸਿਆਸੀ ਕਿਆਸ ਅਰਾਈਆਂ ਨੂੰ ਠੱਲ ਪਾਕੇ ਸ਼ਪੱਸ਼ਟ ਬਹੁਮੱਤ ਦਿੱਤਾ ਹੈ। ਪਿਛਲੀ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਭਾਵੇਂ 48 ਸੀਟਾਂ ਜਿੱਤਕੇ 40 ਫ਼ੀ ਸਦੀ ਵੋਟਾਂ ਪ੍ਰਾਪਤ ਕਰਕੇ ਵੀ ਹਾਰ ਗਈ ਸੀ, ਪ੍ਰੰਤੂ ਇਸ ਵਾਰੀ 38.5 ਫ਼ੀ ਸਦੀ ਵੋਟਾਂ ਲੈ ਕੇ 77 ਸੀਟਾਂ ਤੋਂ ਜਿੱਤਕੇ ਰਾਜ ਭਾਗ ਤੇ ਕਾਬਜ਼ ਹੋ ਗਈ ਹੈ। ਆਮ ਆਦਮੀ ਪਾਰਟੀ 24 ਫੀ ਸਦੀ ਵੋਟਾਂ ਲੈ ਕੇ 20 ਸੀਟਾਂ, ਅਕਾਲੀ ਦਲ 25 ਫ਼ੀ ਸਦੀ ਵੋਟਾਂ ਨਾਲ 15 ਅਤੇ ਭਾਰਤੀ ਜਨਤਾ ਪਾਰਟੀ 1.5 ਫ਼ੀ ਸਦੀ ਵੋਟਾਂ ਨਾਲ 3 ਸੀਟਾਂ ਜਿੱਤ ਸਕੀ ਹੈ। 2 ਸੀਟਾਂ ਲੋਕ ਇਨਸਾਫ ਪਾਰਟੀ ਨੇ ਜਿੱਤੀਆਂ ਹਨ। ਹੈਰਾਨੀ ਦੀ ਗੱਲ ਹੈ ਜਿਹੜਾ ਆਮ ਆਦਮੀ ਪਾਰਟੀ ਦਾ ਸਰਕਾਰ ਬਣਾਉਣ ਦਾ ਰੌਲਾ ਗੌਲਾ ਸੀ ਉਸਦੇ 26 ਉਮੀਦਵਾਰਾਂ ਦੀਆਂ ਜਮਾਨਤਾਂ ਹੀ ਜ਼ਬਤ ਹੋ ਗਈਆਂਹਨ। ਕੁਲ 1146 ਉਮੀਦਵਾਰਾਂ ਵਿਚੋਂ 820 ਦੀਆਂ ਜਮਾਨਤਾਂ ਜ਼ਬਤ ਹੋ ਗਈਆਂ ਜਿਨਾਂ ਵਿਚ ਅਕਾਲੀ ਦਲ ਦੇ ਪਟਿਆਲਾ ਤੋਂ ਉਮੀਦਵਾਰ ਸੇਵਾ ਮੁਕਤ ਜਨਰਲ ਜੇ.ਜੇ ਸਿੰਘ, ਆਮ ਆਦਮੀ ਪਾਰਟੀ ਦੇ ਜਰਨੈਲ ਸਿੰਘ ਅਤੇ ਹਿੰਮਤ ਸਿੰਘ ਸ਼ੇਰਗਿੱਲ, ਅਕਾਲੀ ਦਲ ਮਾਨ ਦੇ ਪਰਧਾਨ ਸਿਮਰਨਜੀਤ ਸਿੰਘ ਮਾਨ ਸਮੇਤ ਮਾਨ ਦਲ ਦੇ ਸਾਰੇ ਉਮੀਦਵਾਰਾਂ ਅਤੇ ਆਪ ਪਾਰਟੀ ਦੇ ਸੁੱਚਾ ਸਿੰਘ ਛੋਟੇਪੁਰ ਸਮੇਤ ਸਾਰੇ ਉਮੀਦਵਾਰ ਵੀ ਸ਼ਾਮਲ ਹਨ। ਬਹੁਜਨ ਸਮਾਜ ਪਾਰਟੀ ਦੇ ਅਵਤਾਰ ਸਿੰਘ ਕਰੀਮਪੁਰੀ ਤੋਂ ਇਲਾਵਾ ਸਾਰੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਵੀ ਜ਼ਬਤ ਹੋ ਗਈਆਂ। 11 ਉਮੀਦਵਾਰਾਂ ਨੂੰ 100 ਤੋਂ ਵੀ ਘੱਟ ਵੋਟਾਂ ਪਈਆਂ ਹਨ। ਹੈਰਾਨੀ ਦੀ ਗੱਲ ਹੈ ਕਿ ਬਹੁਜਨ ਸਮਾਜ ਪਾਰਟੀ ਦੇ ਬਹੁਤੇ ਉਮੀਦਵਾਰਾਂ ਨੂੰ 1500 ਤੋਂ ਵੀ ਘੱਟ ਵੋਟਾਂ ਪਈਆਂ ਹਨ। ਇਹ ਵੀ ਸੋਚਣ ਵਾਲੀ ਗੱਲ ਹੈ ਕਿ ਪਹਿਲੀ ਵਾਰ 1 ਲੱਖ ਵੋਟਰਾਂ ਨੇ ਨੋਟਾ ਦੀ ਵਰਤੋਂ ਕਰਕੇ ਸਾਰੇ ਉਮੀਦਵਾਰਾਂ ਨੂੰ ਅਪ੍ਰਵਾਨ ਕਰ ਦਿੱਤਾ ਹੈ। ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਸਭ ਤੋਂ ਜਿਆਦਾ 52407 ਵੱਧ ਵੋਟਾਂ ਅਤੇ ਦਵਿੰਦਰ ਸਿੰਘ ਘੁਬਾਇਆ ਸਭ ਤੋਂ ਘੱਟ 265 ਵੋਟਾਂ ਦੇ ਫਰਕ ਨਾਲ ਜਿੱਤੇ ਹਨ। ਕਾਂਗਰਸ ਦੇ 7 ਉਮੀਦਵਾਰ 30 ਹਜ਼ਾਰ ਤੋਂ ਵੱਧ ਅਤੇ 35 ਉਮੀਦਵਾਰ 20 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਚੋਣ ਜਿੱਤੇ ਹਨ। ਕਾਂਗਰਸ ਨੇ 34 ਰਾਖਵੀਆਂ ਸੀਟਾਂ ਵਿਚੋਂ 20 ਸੀਟਾਂ ਜਿੱਤਕੇ ਇਨਾਂ ਵਰਗਾਂ ਦੇ ਵੋਟਰਾਂ ਨੂੰ ਆਪਣੇ ਨਾਲ ਜੋੜ ਲਿਆ ਹੈ। 2012 ਵਿਚ ਕਾਂਗਰਸ ਨੇ 10 ਰਾਖਵੀਆਂ ਸੀਟਾਂ ਜਿੱਤੀਆਂ ਸਨ। ਆਮ ਆਦਮੀ ਪਾਰਟੀ ਦਾ ਨੌਕਰੀ ਵਿਚੋਂ ਕੱਢਿਆ ਲਾਈਨਮੈਨ ਪਿਰਮਲ ਸਿੰਘ ਧੌਲਾ ਭਦੌੜ ਤੋਂ ਅਕਾਲੀ ਦਲ ਦੇ ਅਤੇ ਰੋਪੜ ਤੋਂ ਅਮਰਜੀਤ ਸਿੰਘ ਟੈਕਸੀ ਡਰਾਈਵਰ ਸਿਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੂੰ ਹਰਾਕੇ ਵਿਧਾਨਕਾਰ ਬਣ ਗਿਆ ਹੈ। ਪਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ 12 ਮੰਤਰੀਆਂ ਤੋਂ ਇਲਾਵਾ ਭਗਵੰਤ ਮਾਨ, ਜਰਨੈਲ ਸਿੰਘ, ਗੁਰਪ੍ਰੀਤ ਸਿੰਘ ਘੁਗੀ, ਸੁੱਚਾ ਸਿੰਘ ਛੋਟੇਪੁਰ ਅਤੇ ਹਿੰਮਤ ਸਿੰਘ ਸ਼ੇਰਗਿੱਲ ਚੋਣ ਹਾਰ ਗਏ ਹਨ। ਕਾਂਗਰਸ ਪਾਰਟੀ ਦੇ ਇੱਕ ਦਰਜਨ ਦਿਗਜ਼ ਲੀਡਰ ਵੀ ਚੋਣ ਹਾਰ ਗਏ ਹਨ, ਜਿਨਾਂ ਵਿਚ ਰਾਜਿੰਦਰ ਕੌਰ ਭੱਠਲ, ਮਹਿੰਦਰ ਸਿੰਘ ਕੇ ਪੀ, ਸੁਨੀਲ ਜਾਖੜ, ਕੇਵਲ ਢਿਲੋਂ, ਕਰਨ ਕੌਰ ਬਰਾੜ, ਰਵਨੀਤ ਸਿੰਘ ਬਿੱਟੂ, ਅਸ਼ਵਨੀ ਸੇਖੜੀ, ਅਜੀਤਇੰਦਰ ਸਿੰਘ ਮੋਫ਼ਰ ਅਤੇ ਜਗਮੋਹਨ ਸਿੰਘ ਕੰਗ ਸ਼ਾਮਲ ਹਨ। 12 ਸਾਬਕਾ ਅਧਿਕਾਰੀ ਚੋਣ ਲੜੇ ਉਨਾਂ ਵਿਚੋਂ 3 ਸੋਮ ਪ੍ਰਕਾਸ਼, ਕੁਲਦੀਪ ਸਿੰਘ ਅਤੇ ਅਜਾਇਬ ਸਿੰਘ ਭੱਟੀ ਚੋਣ ਜਿੱਤ ਗਏ। ਸਾਰੇ ਕਲਾਕਾਰ ਉਮੀਦਵਾਰ ਚੋਣ ਹਾਰ ਗਏ ਹਨ। ਦੋ ਖਿਡਾਰੀ ਨਵਜੋਤ ਸਿੰਘ ਸਿੱਧੂ ਅਤੇ ਪ੍ਰਗਟ ਸਿੰਘ ਚੋਣ ਜਿੱਤ ਗਏ ਹਨ। 81 ਇਸਤਰੀ ਉਮੀਦਵਾਰਾਂ ਵਿਚੋਂ 6 ਇਸਤਰੀਆਂ 3 ਕਾਂਗਰਸ ਅਤੇ 3 ਆਮ ਆਦਮੀ ਦੀਆਂ ਜਿੱਤ ਗਈਆਂ ਹਨ। ਇਸ ਵਾਰ ਸਾਰੀ ਚੋਣ ਨੌਜਵਾਨਾ ਦੇ ਆਲੇ ਦੁਆਲੇ ਘੁੰਮਦੀ ਰਹੀ ਕਿਉਂਕਿ ਆਮ ਕਿਹਾ ਜਾਂਦਾ ਸੀ ਕਿ ਸਰਕਾਰ ਬਣਾਉਣ ਦਾ ਸਾਰਾ ਦਾਰੋਮਦਾਰ ਨੌਜਵਾਨ ਵੋਟਰ ਹਨ ਕਿਉਂਕਿ 18 ਤੋਂ 39 ਸਾਲ ਦੇ 53 ਫ਼ੀ ਸਦੀ ਵੋਟਰ ਹਨ। ਉਨਾਂ ਵਿਚੋਂ ਬਹੁਤੇ ਆਮ ਆਦਮੀ ਪਾਰਟੀ ਦਾ ਪੱਲਾ ਫੜੀ ਫਿਰਦੇ ਦੱਸੇ ਜਾਂਦੇ ਸਨ। ਇਸ ਲਈ ਆਮ ਆਦਮੀ ਪਾਰਟੀ ਨੇ 25 ਤੋਂ 35 ਸਾਲ ਦੇ 16 ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ। ਕਾਂਗਰਸ ਨੇ 6 ਅਕਾਲੀ ਦਲ ਨੇ 2 ਨੌਜਵਾਨ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਜਦੋਂ ਕਿ ਸਾਰੀਆਂ ਪਾਰਟੀਆਂ ਦੇ 60 ਉਮੀਦਵਾਰ 50 ਸਾਲ ਤੋਂ ਘੱਟ ਉਮਰ ਦੇ ਸਨ। ਕਾਂਗਰਸ ਪਾਰਟੀ ਦੇ ਦੋ ਉਮੀਦਵਾਰ 25 ਸਾਲ ਦੇ ਦਵਿੰਦਰ ਸਿੰਘ ਘੁਬਾਇਆ ਅਤੇ ਅੰਗਦ ਸਿੰਘ ਸੈਣੀ ਅਤੇ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਹੇਅਰ ਸਭ ਤੋਂ ਛੋਟੀ ਉਮਰ ਦੇ ਹਨ। ਤਿੰਨੋ ਚੋਣ ਜਿੱਤ ਗਏ ਹਨ। ਪੰਜਾਬ ਨੂੰ ਤਿੰਨ ਖਿਤਿਆਂ ਮਾਲਵਾ, ਮਾਝਾ ਅਤੇ ਦੁਆਬਾ ਵਿਚ ਵੰਡਿਆ ਜਾਂਦਾ ਹੈ। ਮਾਲਵਾ ਵਿਚ 69 ਸੀਟਾਂ ਹਨ ਜਿਸਨੂੰ ਆਮ ਆਦਮੀ ਪਾਰਟੀ ਦਾ ਗੜ ਸਮਝਿਆ ਜਾਂਦਾ ਸੀ। ਇਥੋਂ ਕਾਂਗਰਸ ਪਾਰਟੀ 40 ਸੀਟਾਂ, ਆਮ ਆਦਮੀ 18, ਅਕਾਲੀ ਦਲ 8, ਲੋਕ ਇਨਸਾਫ ਪਾਰਟੀ 2 ਅਤੇ ਭਾਰਤੀ ਜਨਤਾ ਪਾਰਟੀ ਨੇ 1 ਸੀਟ ਜਿੱਤੀ ਹੈ। ਮਾਝਾ ਵਿਚ 25 ਸੀਟਾਂ ਹਨ ਜਿਸ ਵਿਚੋਂ ਕਾਂਗਰਸ ਪਾਰਟੀ ਨੇ 22, ਅਕਾਲੀ ਦਲ ਨੇ 2 ਅਤੇ ਇੱਕ ਭਾਰਤੀ ਜਨਤਾ ਪਾਰਟੀ ਨੇ ਜਿੱਤੀ ਹੈ। ਦੁਆਬਾ ਵਿਚ 23 ਸੀਟਾਂ ਹਨ ਜਿਸ ਵਿਚੋਂ ਕਾਂਗਰਸ ਨੇ 15, ਅਕਾਲੀ ਦਲ ਨੇ 5, ਆਮ ਆਦਮੀ ਨੇ 2 ਅਤੇ ਭਾਰਤੀ ਜਨਤਾ ਪਾਰਟੀ ਨੇ 1 ਸੀਟ ਜਿੱਤੀ ਹੈ। ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੂੰ ਇਨਾਂ ਚੋਣਾ ਵਿਚ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ 2012 ਵਿਚ ਬੀ.ਜੇ.ਪੀ.ਨੇ 12 ਅਤੇ ਅਕਾਲੀ ਦਲ ਨੇ 56 ਸੀਟਾਂ ਜਿੱਤੀਆਂ ਸਨ। ਆਮ ਆਦਮੀ ਪਾਰਟੀ ਨੇ ਤਾਂ ਪਹਿਲੀ ਵਾਰੀ ਹੀ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਹਨ। ਉਨਾਂ ਦੀ ਕਾਰਗੁਜ਼ਾਰੀ ਨੂੰ ਮਾੜੀ ਨਹੀਂ ਗਿਣਿਆਂ ਜਾ ਸਕਦਾ। ਅਕਾਲੀਆਂ ਦੇ ਵੱਡੇ ਲੀਡਰਾਂ ਦੇ 28 ਰਿਸ਼ਤੇਦਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਸਨ, ਜਿਨਾਂ ਵਿਚ ਸਪੁੱਤਰ ਅਤੇ ਜਵਾਈ ਸ਼ਾਮਲ ਸਨ। ਇਨਾਂ ਵਿਚੋਂ 15 ਜਿੱਤ ਗਏ ਹਨ ਪ੍ਰੰਤੂ ਤਿੰਨੋ ਜਵਾਈ ਚੋਣ ਹਾਰ ਗਏ ਹਨ। ਕਾਂਗਰਸ ਪਾਰਟੀ ਨੇ ਪਹਿਲੀ ਵਾਰ ਕੈਪਟਨ ਅਮਰਿੰਦਰ ਸਿੰਘ ਦੀ ਸ਼ਿਫਾਰਸ਼ ਤੇ ਇੱਕ ਪਰਿਵਾਰ ਦੇ ਇੱਕ ਮੈਂਬਰ ਨੂੰ ਹੀ ਟਿਕਟ ਦੇਣ ਦੇ ਫ਼ੈਸਲੇ ਦਾ ਬਹੁਤ ਚੰਗਾ ਪ੍ਰਭਾਵ ਪਿਆ, ਜਿਸ ਕਰਕੇ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਟਿਕਟਾਂ ਮਿਲੀਆਂ ਅਤੇ ਜਿੱਤ ਪ੍ਰਾਪਤ ਹੋਈ। ਕਾਂਗਰਸ ਪਾਰਟੀ ਨੇ ਪਰਿਵਾਰਵਾਦ ਪ੍ਰਣਾਲੀ ਨੂੰ ਖ਼ਤਮ ਕਰਨ ਵਿਚ ਪਹਿਲ ਕੀਤੀ ਹੈ ਅਤੇ ਅਕਾਲੀ ਦਲ ਨੇ ਉਤਸ਼ਾਹਤ ਕੀਤਾ ਹੈ।
    ਆਮ ਆਦਮੀ ਪਾਰਟੀ ਵਿਚੋਂ ਸੁੱਚਾ ਸਿੰਘ ਛੋਟੇਪੁਰ ਦਾ ਬਾਹਰ ਨਿਕਲਣਾ, ਚੋਣ ਮਨੋਰਥ ਪੱਤਰ ਉਪਰ ਹਰਿਮੰਦਰ ਸਾਹਿਬ ਦੀ ਤਸਵੀਰ ਨਾਲ ਝਾੜੂ ਦੀ ਤਸਵੀਰ ਪ੍ਰਕਾਸ਼ਤ ਕਰਨਾ, ਕਿਸੇ ਪੰਜਾਬੀ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਣ ਦਾ ਫ਼ੈਸਲਾ ਕਰਨ ਵਿਚ ਅਸਫਲ ਰਹਿਣਾ, ਮੌੜ ਮੰਡੀ ਵਿਖੇ ਬੰਬ ਫਟਣ ਅਤੇ ਦਿੱਲੀ ਦੇ ਮੁੱਖ ਮੰਤਰੀ ਦੇ ਚੋਣਾਂ ਸਮੇਂ ਇੱਕ ਕਥਿਤ ਅਤਵਾਦੀ ਦੇ ਘਰ ਠਹਿਰਨ ਦਾ ਇਵਜਾਨਾ ਪਾਰਟੀ ਨੂੰ ਭੁਗਤਣਾ ਪਿਆ ਕਿਉਂਕਿ ਪੰਜਾਬੀ ਹਿੰਦੂਆਂ ਵਿਚ ਡਰ ਅਤੇ ਸਹਿਮ ਪੈਦਾ ਹੋ ਗਿਆ, ਜਿਸ ਕਰਕੇ ਬਹੁਤੇ ਹਿੰਦੂਆਂ ਨੇ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਦਿੱਤੀਆਂ। ਟਿਕਟਾਂ ਦੇਣ ਸਮੇਂ ਵਾਲੰਟੀਅਰਜ਼ ਨੂੰ ਅਣਡਿਠ ਕਰਨਾ ਅਤੇ ਦੂਜੀਆਂ ਪਾਰਟੀਆਂ ਵਿਚੋਂ ਆਏ ਨੇਤਾਵਾਂ ਨੂੰ ਟਿਕਟਾਂ ਦੇਣੀਆਂ ਵੀ ਆਮ ਆਦਮੀ ਪਾਰਟੀ ਲਈ ਭਾਰੂ ਪਿਆ। ਸਭ ਤੋਂ ਵੱਡਾ ਕਾਰਣ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਨੂੰ ਜ਼ਿਆਦਾ ਅਹਿਮੀਅਤ ਦੇਣਾ ਅਤੇ ਪੰਜਾਬੀਆਂ ਤੇ ਵਿਸ਼ਵਾਸ਼ ਨਾ ਕਰਨਾ ਵੀ ਵੋਟਰਾਂ ਦੇ ਮਨਾਂ ਵਿਚ ਗੁੱਸਾ ਪੈਦਾ ਕਰ ਗਿਆ। ਅਕਾਲੀਆਂ ਦੀਆਂ ਜੜਾਂ ਵਿਚ ਡੇਰਾ ਸੱਚਾ ਸੌਦਾ ਤੋਂ ਸਹਾਇਤਾ ਲੈਣਾ, ਭਰਿਸ਼ਟਾਚਾਰ, ਇਸਤਰੀਆਂ ਉਪਰ ਜ਼ੁਲਮ, ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ, ਗੁੰਡਾਗਰਦੀ, ਹਲਕਾ ਇਨਚਾਰਜਾਂ ਦੀਆਂ ਜ਼ਿਆਦਤੀਆਂ ਅਤੇ ਰੇਤਾ ਬਜ਼ਰੀ ਤੇ ਕਬਜ਼ਾ ਕਰਕੇ ਸੋਨੇ ਦੇ ਭਾਅ ਵੇਚਣਾ ਆਦਿ ਮਹਿੰਗਾ ਪਿਆ। ਇਨਾਂ ਚੋਣਾਂ ਵਿਚ ਸਾਰੇ ਧਾਰਮਿਕ ਡੇਰਿਆਂ ਦਾ ਯੋਗਦਾਨ ਮਹੱਤਵਪੂਰਨ ਰਿਹਾ।
  ਕੈਪਟਨ ਅਮਰਿੰਦਰ ਸਿੰਘ ਦੀ ਇੱਕ ਖਾਸੀਅਤ ਹੈ ਕਿ ਆਪਣੇ ਫ਼ੈਸਲੇ ਆਪ ਕਰਦਾ ਹੈ। ਉਹ ਹੋਰ ਲੀਡਰਾਂ ਦੀ ਤਰਾਂ ਅਫ਼ਸਰਸ਼ਾਹੀ ਤੇ ਨਿਰਭਰ ਨਹੀਂ ਕਰਦਾ। ਸਗੋਂ ਅਫ਼ਸਰਸ਼ਾਹੀ ਉਸਨੂੰ ਗ਼ਲਤ ਜਾਣਕਾਰੀ ਦੇਣ ਦੀ ਹਿੰਮਤ ਹੀ ਨਹੀਂ ਕਰਦੀ ਕਿਉਂਕਿ ਉਸਦਾ ਰੋਹਬ ਦਾਬ ਹੀ ਐਨਾ ਹੈ ਕਿ ਅਧਿਕਾਰੀ ਉਸਤੋਂ ਥਰ ਥਰ ਕੰਬਦੇ ਹਨ। ਇੱਕ ਸੁਯੋਗ, ਸਮਝਦਾਰ ਸਿਆਸਤਦਾਨ ਅਤੇ ਸਫਲ ਪ੍ਰਬੰਧਕ ਹਨ ਪ੍ਰੰਤੂ ਪੰਜਾਬ ਸਰਕਾਰ ਦੀ ਵਰਤਮਾਨ ਆਰਥਿਕ ਹਾਲਤ ਨੂੰ ਮੁੜ ਲੀਹ ਤੇ ਲਿਆਉਣਾ ਬੜਾ ਔਖਾ ਕੰਮ ਹੈ। ਉਨਾਂ ਨੂੰ ਪੰਜਾਬ ਦੇ ਹਿਤ ਵਿਚ ਸਖ਼ਤ ਫ਼ੈਸਲੇ ਲੈਣੇ ਪੈਣਗੇ। ਉਨਾਂ ਲਈ ਸਤਲੁਜ ਯਮੁਨਾ ਨਹਿਰ ਦੀ ਸਮੱਸਿਆ ਨਾਲ ਨਿਪਟਣਾ, ਨਸ਼ਿਆਂ ਨੂੰ ਖ਼ਤਮ ਕਰਨਾ, ਨੌਜਵਾਨਾ ਨੂੰ ਰੋਜ਼ਗਾਰ ਦੇਣਾ, ਮੁਫ਼ਤ ਰਿਆਇਤਾਂ ਚਾਲੂ ਰੱਖਣਾ ਅਤੇ ਕਿਸਾਨ ਖ਼ੁਦਕਸ਼ੀਆਂ ਨੂੰ ਰੋਕਣਾ ਜੋਖ਼ਮ ਭਰੇ ਕੰਮ ਹਨ। ਸਖ਼ਤ ਕਦਮ ਚੁੱਕਣੇ ਸਮੇਂ ਦੀ ਮੰਗ ਹੋਵੇਗੀ ਤਾਂ ਹੀ ਪੰਜਾਬੀਆਂ ਦਾ ਭਲਾ ਹੋ ਸਕਦਾ ਹੈ। ਉਮੀਦ ਹੈ ਕਿ ਕੈਪਟਨ ਇਨਾਂ ਸਮੱਸਿਆਵਾਂ ਦਾ ਹਲ ਕਰਨ ਵਿਚ ਸਫਲ ਹੋਣਗੇ।

ਲੇਖਕ : ਉਜਾਗਰ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 14
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :410

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ