ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਗੁਰਭਜਨ ਗਿੱਲ ਦੀ ਪੁਸਤਕ ਮਿਰਗਾਵਲੀ:ਮਿਰਗਤਿਸ਼ਨਾ ਨੂੰ ਪਕੜਨ ਦੀ ਕੋਸ਼ਿਸ਼

ਗੁਰਭਜਨ ਗਿੱਲ ਇੱਕ ਸੁਲਝਿਆ ਹੋਇਆ ਗ਼ਜ਼ਲਕਾਰ, ਕਵੀ ਅਤੇ ਗਲਪਕਾਰ ਹੈ, ਜਿਸ ਦੀਆਂ ਹੁਣ ਤੱਕ ਆਪਣੀਆਂ 12 ਮੌਲਿਕ ਅਤੇ 5 ਸੰਪਾਦਿਤ ਪੁਸਤਕਾਂ ਪਕਾਸ਼ਤ ਹੀ ਨਹੀਂ ਹੋਈਆਂ ਬਲਕਿ ਪੜ੍ਹੀਆਂ ਗਈਆਂ ਹਨ। ਮਿਰਗਾਵਲੀ 112 ਪੰਨਿਆਂ ਅਤੇ 102 ਗ਼ਜ਼ਲਾਂ ਵਾਲੀ ਪੁਸਤਕ 2016 ਵਿਚ ਸੰਗਮ ਪਕਾਸ਼ਨ ਸਮਾਣਾ ਨੇ ਪਕਾਸ਼ਤ ਕੀਤੀ ਗਈ, ਉਸਦੀ ਗ਼ਜ਼ਲਾਂ ਦੀ ਪੁਸਤਕ ਹੈ। ਗੁਰਭਜਨ ਗਿੱਲ ਦੀਆਂ ਰਚਨਾਵਾਂ ਦੀ ਖ਼ਾਸੀਅਤ ਇਹ ਹੈ ਕਿ ਇਹ ਪਾਠਕਾਂ ਲਈ ਬੋਝ ਨਹੀਂ ਬਣਦੀਆਂ ਬਲਕਿ ਸਾਦੀ, ਸਰਲ ਅਤੇ ਸ਼ਪਸ਼ਟ ਭਾਸ਼ਾ ਵਿਚ ਲਿਖੀਆਂ ਹੋਣ ਕਰਕੇ ਪਾਠਕ ਲਈ ਪੜ੍ਹਨ ਦੀ ਉਤੇਜਨਾ ਵਿਚ ਵਾਧਾ ਕਰਦੀਆਂ ਹੋਈਆਂ ਅਰਥ ਭਰਪੂਰ ਹੋਣ ਕਰਕੇ ਪਾਠਕ ਦੇ ਮਨ ਤੇ ਆਪਣਾ ਗਹਿਰਾ ਪਭਾਵ ਛੱਡਦੀਆਂ ਹਨ। ਪਾਠਕ ਪੁਸਤਕ ਨੂੰ ਇੱਕ ਬੈਠਕ ਵਿਚ ਹੀ ਸੰਪੂਰਨ ਕਰ ਲੈਂਦਾ ਹੈ। ਗ਼ਜ਼ਲ ਨੂੰ ਆਮ ਤੌਰ ਤੇ ਇਸਤਰੀ ਲਿੰਗ ਸਮਝਿਆ ਜਾਂਦਾ ਹੈ। ਗ਼ਜ਼ਲ ਰੁਮਾਂਸਵਾਦ ਦਾ ਪਤੀਕ ਵੀ ਗਿਣੀ ਜਾਂਦੀ ਹੈ ਪੰਤੂ ਗੁਰਭਜਨ ਗਿੱਲ ਦੀਆਂ ਰੁਮਾਂਟਿਕ ਗ਼ਜ਼ਲਾਂ ਵੀ ਸਮਾਜਿਕ ਸਰੋਕਾਰਾਂ ਦੀ ਪਿਉਂਦ ਵਿਚ ਲਿਪਟੀਆਂ ਹੋਈਆਂ ਹੁੰਦੀਆਂ ਹਨ, ਜਿਹੜੀਆਂ ਪਾਠਕਾਂ ਨੂੰ ਕਈ ਦਿਸ਼ਾਵਾਂ ਵਲ ਲੈ ਤੁਰਦੀਆਂ ਹਨ। ਪਾਠਕ ਇਹੋ ਅੰਦਾਜ਼ੇ ਲਾਉਂਦਾ ਰਹਿ ਜਾਂਦਾ ਹੈ ਕਿ ਗੁਰਭਜਨ ਗਿੱਲ ਦੀ ਸੂਈ ਕਿਸ ਨੁਕਤੇ ਵਲ ਇਸ਼ਾਰਾ ਕਰਦੀ ਹੈ। ਬਹੁ ਪੱਖੀ ਰੰਗਤਾਂ ਵਲ ਇਸ਼ਾਰੇ ਕਰਦੀਆਂ ਹਨ। ਇੱਕ ਗ਼ਜ਼ਲ ਵਿਚ ਹੀ ਕਈ ਨੁਕਤੇ ਉਠਾਏ ਹੁੰਦੇ ਹਨ। ਪਾਠਕ ਆਪਣੀ ਵਿਚਾਰਧਾਰਾ ਜਾਂ ਸਮਝ ਅਨੁਸਾਰ ਅਰਥ ਕੱਢਦੇ ਰਹਿੰਦੇ ਹਨ। ਗ਼ਜ਼ਲਾਂ ਦੇ ਵਿਸ਼ੇ, ਭਾਈਚਾਰਕ ਸਾਂਝ, ਕਿਸਾਨੀ, ਰਾਜਨੀਤਕ, ਸਮਾਜਿਕ, ਆਰਥਿਕ, ਸਮਾਜਿਕ ਨਾਬਰਾਬਰੀ, ਨਸ਼ੇ, ਭਰੂਣ ਹੱਤਿਆ, ਪਦਾਰਥਵਾਦ, ਅਨਿਆਇ, ਆਦਿ ਅਣਗਿਣਤ ਮੁੱਦਿਆਂ ਦੇ ਦੁਆਲੇ ਘੁੰਮਦੇ ਹਨ। ਸਮਾਜ ਵਿਚ ਤੱਤਕਾਲੀਨ ਵਾਪਰ ਰਹੀਆਂ ਘਟਨਾਵਾਂ ਵੀ ਉਸ ਦੀਆਂ ਕਵਿਤਾਵਾਂ ਅਤੇ ਗ਼ਜ਼ਲਾਂ ਦਾ ਵਿਸ਼ਾ ਬਣਦੀਆਂ ਹਨ। ਉਹ ਕਿਸੇ ਵੀ ਵਿਅਕਤੀ, ਸਮਾਜਿਕ ਸੰਸਥਾ ਅਤੇ ਸਿਆਸੀ ਪਾਰਟੀਆਂ ਨੂੰ ਬਖ਼ਸ਼ਦਾ ਨਹੀਂ ਪੰਤੂ ਮਿੱਠੇ ਮਿੱਠੇ ਤੁਣਕੇ ਮਾਰਦਾ ਹੋਇਆ ਆਪਣਾ ਕਿੰਤੂ ਪੰਤੂ ਕਰ ਜਾਂਦਾ ਹੈ। ਉਸਦੀਆਂ ਗ਼ਜ਼ਲਾਂ ਦੱਸ ਰਹੀਆਂ ਹਨ ਕਿ ਸਾਡਾ ਸਮਾਜ ਪਦਾਰਥਵਾਦੀ ਹੈ, ਸਾਹਿਤਕ ਖ਼ਜਾਨੇ ਦਾ ਮੁੱਲ ਨਹੀਂ ਪਾਉਂਦਾ, ਉਸਨੂੰ ਪੜ੍ਹਨ ਦੀ ਹੀ ਖੇਚਲ ਨਹੀਂ ਕਰਦਾ, ਸਗੋਂ ਉਸ ਅਮੀਰ ਖ਼ਜਾਨੇ ਦਾ ਨਿਰਾਦਰ ਕਰਦਾ ਹੋਇਆ ਆਪਣੇ ਗੁਨਾਹਾਂ ਤੋਂ ਡਰਦਾ ਆਪੇ ਵਿਚੋਂ ਬਾਹਰ ਹੀ ਨਹੀਂ ਨਿਕਲ ਰਿਹਾ। ਕੁਦਰਤ ਨਾਲ ਖਿਲਵਾੜ ਕਰ ਰਿਹਾ ਹੈ। ਆਪਣੀ ਵੋਟ ਦੀ ਅਹਿਮੀਅਤ ਨੂੰ ਸਮਝਦਾ ਹੀ ਨਹੀਂ ਸਗੋਂ ਗ਼ੈਰ ਸਮਾਜੀ ਸਿਆਸਤਦਾਨਾ ਹੱਥ ਆਪਣੇ ਭਵਿਖ ਨੂੰ ਫੜਾ ਦਿੰਦਾ ਹੈ। ਅਫ਼ਸਰਸ਼ਾਹੀ, ਰਾਜਨੀਤਕ ਲੋਕ ਅਤੇ ਕੁਝ ਕੁ ਪੱਤਰਕਾਰ ਆਪਸ ਵਿਚ ਅੰਦਰਖ਼ਾਤੇ ਮਿਲੇ ਹੋਣ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਦੇ ਹਲ ਨਹੀਂ ਹੋ ਰਹੇ। ਚੋਰ ਤੇ ਸਾਧ ਵੀ ਰਲੇ ਹੋਏ ਹਨ। ਸਾਹਿਤਕ ਇਨਾਮ ਵੀ ਅਸਰਰਸੂਖ਼ਾਂ ਦੀ ਝੋਲੀ ਪੈਂਦੇ ਹਨ। ਉਸ ਦੀਆਂ ਗ਼ਜ਼ਲਾਂ ਲੋਕਾਂ ਨੂੰ ਦੁੱਖਾਂ ਦਾ ਮੁਕਾਬਲਾ ਕਰਨ ਲਈ ਪੇਰਦੀਆਂ ਹਨ। ਗ਼ਜ਼ਲਾਂ ਦੇ ਰੰਗ ਵਿਲੱਖਣ ਹਨ, ਕਦੀਂ ਵੱਡੇ ਸਰਮਾਏਦਾਰਾਂ ਵੱਲੋਂ ਛੋਟੇ ਦੁਕਾਨਦਾਰਾਂ ਦੇ ਹੱਕਾਂ ਨੂੰ ਹੜੱਪਣ ਦੀ ਗੱਲ ਕਰਦੀਆਂ ਹਨ ਅਤੇ ਕਦੀਂ ਸ਼ਹਿਰੀ ਜੀਵਨ ਦੇ ਪੇਂਡੂ ਜੀਵਨ ਨੂੰ ਪਭਾਵਤ ਕਰਨ ਦਾ ਹੋਕਾ ਦਿੰਦੀਆਂ ਹਨ, ਕਦੀਂ ਕਿਸਾਨੀ ਦੀ ਦੁਰਦਸ਼ਾ ਦੀ ਗੱਲ ਕਰਦੀਆਂ ਹਨ, ਕਦੀਂ ਧਾਰਮਿਕ ਲੋਕਾਂ ਵੱਲੋਂ ਧਰਮ ਦੇ ਨਾਂ ਤੇ ਉਨ੍ਹਾਂ ਨੂੰ ਭੜਕਾਉਣ ਦੇ ਗੰਭੀਰ ਨਤੀਜਿਆਂ ਬਾਰੇ ਖ਼ਦਸ਼ਾ ਪਗਟਾਉਂਦੀਆਂ ਹਨ। ਹੈਰਾਨੀ ਦੀ ਗੱਲ ਹੈ ਕਿ ਗੁਰਭਜਨ ਗਿੱਲ ਸਮਾਜਿਕ ਢਾਂਚੇ ਤੇ ਕਿੰਤੂ ਪੰਤੂ ਕਰਦਿਆਂ ਫਿਟਕਾਰਾਂ ਵੀ ਪਾਉਂਦਾ ਹੈ ਪੰਤੂ ਮਿੱਠ-ਮਿੱਠੇ, ਸਹਿੰਦੇ-ਸਹਿੰਦੇ, ਕੋਸੇ-ਕੋਸੇ, ਨਿਹੋਰੇ ਤੇ ਟਕੋਰਾਂ ਕਰਕੇ ਉਨ੍ਹਾਂ ਨੂੰ ਸ਼ਰਮਿੰਦਾ ਕਰਦਾ ਹੈ। ਨਾਲ ਦੀ ਨਾਲ ਮਰਮ ਦਾ ਫੰਬਾ ਵੀ ਧਰ ਦਿੰਦਾ ਹੈ ਕਿਉਂਕਿ ਸਾਹਿਤਕ ਦਿਲ ਕਿਸੇ ਨੂੰ ਠੋਸ ਪਹੁੰਚਾਉਣੀ ਨਹੀਂ ਚਾਹੁੰਦਾ ਪੰਤੂ ਆਪਣੀ ਗੱਲ ਕਹੇ ਬਿਨਾ ਰਹਿ ਵੀ ਨਹੀਂ ਸਕਦਾ। ਉਸ ਦੀਆਂ ਗ਼ਜ਼ਲਾਂ ਵਿਚ ਮਨੁੱਖ ਦੀ ਆਦਮਖ਼ੋਰ ਫਿਤਰਤ ਨੂੰ ਦਰਸਾਇਆ ਗਿਆ ਹੈ ਜੋ ਸੱਚ ਤੇ ਪਹਿਰਾ ਦੇਣ ਤੋਂ ਝਿਜਕਦਾ ਹੈ। ਅਸਲੀਅਤ ਨੂੰ ਜਾਣਦਾ ਹੋਇਆ ਵੀ ਪਾਸਾ ਵੱਟਕੇ ਗਰਜ ਪੂਰੀ ਕਰਨ ਲਈ ਫਰਜਾਂ ਨੂੰ ਤਿਲਾਂਜਲੀ ਦੇ ਦਿੰਦਾ ਹੈ। ਜਦੋਂ ਸਾਧ ਤੇ ਚੋਰ ਮਿਲੇ ਹੋਏ ਹਨ ਤਾਂ ਲੋਕਾਂ ਨੂੰ ਇਨਸਾਫ਼ ਕਿਥੋਂ ਮਿਲਣਾ ਹੈ। ਉਹ ਲੋਕਾਂ ਨੂੰ ਅਹਿਸਾਸ ਕਰਵਾਉਂਦਾ ਹੈ ਕਿ ਔਹਦੇ ਤੇ ਕੁਰਸੀਆਂ ਸਦਾ ਨਹੀਂ ਰਹਿਣੇ। ਸੱਚ ਦਾ ਮਾਰਗ ਛੱਡਕੇ ਜਾਂਬਾਜ ਨਹੀਂ ਬਣਿਆਂ ਜਾ ਸਕਦਾ। ਅਜਿਹੇ ਅਨੇਕਾਂ ਸਵਾਲ ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਕਰਦੀਆਂ ਹਨ। ਇਨਸਾਨ ਦੀ ਮਾਨਸਿਕ ਤਿਪਤੀ ਕਦੀਂ ਪੂਰੀ ਨਹੀਂ ਹੁੰਦੀ ਤਾਂ ਹੀ ਪਾਪਤੀ ਲਈ ਮਿਰਗਤਿਸ਼ਨਾ ਬਣੀ ਰਹਿੰਦੀ ਹੈ। ਧੱਕੇ ਅਤੇ ਜ਼ੋਰਜ਼ਬਰਦਸਤੀ ਨਾਲ ਪਾਪਤ ਕੀਤੀ ਜਾਇਦਾਦ ਕਦੀਂ ਵੀ ਸਥਾਈ ਨਹੀਂ ਰਹਿ ਸਕਦੀ ਕਿਉਂਕਿ ਵਿਕਾਊ ਮਾਲ ਦੀ ਅਣਖ਼ ਨਹੀਂ ਹੁੰਦੀ। ਇਸ ਲਈ ਇਨਸਾਨ ਨੂੰ ਆਪਣੀ ਸੋਚ ਬਦਲਣੀ ਪਵੇਗੀ। ਫੋਕੇ ਦਾਅਵਿਆਂ ਨਾਲ ਕੁਝ ਪਾਪਤ ਨਹੀਂ ਕੀਤਾ ਜਾ ਸਕਦਾ। ਇਨਸਾਫ ਦੀ ਲੜਾਈ ਬਿਨਾ ਲੜਿਆਂ ਜਿੱਤੀ ਨਹੀਂ ਜਾ ਸਕਦੀ। ਪਾਪ ਦਾ ਭਾਂਡਾ ਆਖ਼ਰ ਡੋਬਣਾ ਹੀ ਪੈਂਦਾ। ਹਓਮੈ ਨੂੰ ਮਾਰਕੇ ਹੀ ਇਨਸਾਨੀਅਤ ਦਾ ਪੱਲਾ ਫੜਿਆ ਜਾ ਸਕਦੈ। ਹਥਿਆਰਾਂ ਨਾਲੋਂ ਸ਼ਬਦਾਂ ਦੇ ਤੀਰ ਜ਼ਿਆਦਾ ਤਾਕਤਵਰ ਹੁੰਦੇ ਹਨ। ਜਿਹੜੇ ਲੋਕ ਮੰਜ਼ਲ ਵੱਲ ਵੱਧਦੇ ਨਹੀਂ ਉਨ੍ਹਾਂ ਲਈ ਰਸਤਿਆਂ ਦੇ ਕੋਈ ਅਰਥ ਨਹੀਂ ਹੁੰਦੇ। ਸਾਡੇ ਦੇਸ਼ ਦੇ ਲੋਕ ਮਾਨਸਿਕ ਤੌਰ ਤੇ ਅਜ਼ਾਦ ਨਹੀਂ ਹੋਏ। ਕੁਰਸੀ ਲਈ ਜ਼ਮੀਰ ਮਾਰ ਲੈਂਦੇ ਹਨ। ਸੱਚ ਨੂੰ ਹਮੇਸ਼ਾ ਵੰਗਾਰਾਂ ਦਾ ਮੁਕਾਬਲਾ ਕਰਨਾ ਪੈਂਦਾ ਹੈ ਪੰਤੂ ਆਖ਼ਰ ਜਿੱਤ ਸੱਚ ਦੀ ਹੀ ਹੁੰਦੀ ਹੈ। ਪੂਜਾ ਸਥਾਨਾ ਬਾਰੇ ਵੀ ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਸਾਫ ਤੌਰ ‘ਤੇ ਕਹਿੰਦੀਆਂ ਹਨ ਕਿ ਸੰਗਮਰਮਰ ਲਗਾਉਣ ਨਾਲੋਂ ਵਿਚਾਰਧਾਰਾ ਤੇ ਅਮਲ ਕਰਨਾ ਜ਼ਰੂਰੀ ਹੈ। ਇਨਸਾਨ ਪਦਾਰਥਵਾਦੀ ਯੁਗ ਵਿਚ ਭੱਟਕਿਆ ਪਿਆ ਹੈ। ਇਸ ਭੱਟਕਣਾ ਵਿਚੋਂ ਨਿਕਲਣਾ ਜ਼ਰੂਰੀ ਹੈ। ਪੰਜਾਬ ਦੇ ਮਾੜੇ ਦਿਨਾ ਵੱਲ ਇਸ਼ਾਰਾ ਕਰਦੀਆਂ ਉਸ ਦੀਆਂ 5-6 ਗ਼ਜ਼ਲਾਂ ਧਰਮ ਦੇ ਠੇਕੇਦਾਰਾਂ ਵੱਲੋਂ ਨੌਜਵਾਨਾ ਨੂੰ ਲਾਰੇ ਲਾ ਕੇ ਭੜਕਾਉਣ ਸਮੇਂ ਪੁਲਿਸ, ਸਿਆਸਤਦਾਨਾ ਅਤੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਤੇ ਨਿਸ਼ਨੀਆਂ ਚਿੰਨ੍ਹ ਲਗਾਉਂਦੀਆਂ ਹਨ:
              ਪੌਣਾਂ ਵਿਚ ਜ਼ਹਿਰੀਲਾ ਧੂੰਆਂ, ਧਰਮ ਕਰਮ ਦੇ ਨਾਂ ਦੇ ਥੱਲੇ,
               ਇਨਸਾਨਾ ਨੂੰ ਫੇਰ ਕੁਰਾਹੇ, ਪਾ ਨਾ ਬਲੀ ਚੜ੍ਹਾਵੇ ਰੱਬਾ।
     ਉਹ ਆਪਣੀਆਂ ਗ਼ਜ਼ਲਾਂ ਵਿਚ ਲਿਖਦਾ ਹੈ ਕਿ ਜ਼ਿੰਦਗੀ ਵਿਚ ਸਫਲਤਾ ਪਾਪਤ ਕਰਨ ਲਈ ਮਿਹਨਤ, ਦਲੇਰੀ, ਸਿਰੜ੍ਹ ਅਤੇ ਆਪਣੇ ਆਪੇ ਦੀ ਪੁਣ-ਛਾਣ ਕਰਨ ਦੀ ਲੋੜ ਹੁੰਦੀ ਹੈ। ਕਈ ਵਾਰ ਕੁਝ ਪਾਪਤ ਕਰਨ ਲਈ ਗੁਆਉਣਾ ਵੀ ਪੈਂਦਾ ਹੈ। ਇਨਸਾਨ ਨੂੰ ਆਪਣੀ ਔਕਾਤ ਨਹੀਂ ਭੁਲਣੀ ਚਾਹੀਦੀ। ਕਈ ਲੋਕ ਮੁਖੌਟੇ ਪਹਿਨੀ ਬੈਠੇ ਹਨ। ਧਾਰਮਿਕ ਸਥਾਨਾ ਤੇ ਵੀ ਸੌਦੇ ਹੀ ਵੇਚ ਰਹੇ ਹਨ:
                   ਕਾਫ਼ਰ ਪਹਿਨ ਰਹੇ ਨੇ ਧੋਬੀ ਧੋਤੇ ਚਿੱਟੇ ਬਾਣੇ।
                  ਅਕਲਾਂ ਤੇ ਵੀ ਕਾਬਜ਼ ਓਹੀ, ਜਿਨ੍ਹਾਂ ਦੀ ਕੋਠੀ ਦਾਣੇ।
    ਕਿਸ ਤਰ੍ਹਾਂ ਅਸੀਂ ਆਪਣੀ ਪੱਗੜੀ ਆਪ ਹੀ ਰੋਲੀ ਹੈ। ਅੰਦਰੂਨੀ ਅਤੇ ਬੈਰੂਨੀ ਲੜਾਈ ਦੇ ਖ਼ਤਰਨਾਕ ਨਤੀਜਿਆਂ ਬਾਰੇ ਲਿਖਿਆ ਹੈ। ਪੰਜਾਬ ਵਿਚ ਖ਼ਾਨਾਜੰਗੀ ਦੀ ਡੋਰ ਕਿਸਦੇ ਹੱਥ ਸੀ, ਉਸ ਬਾਰੇ ਵੀ ਸਵਾਲ ਕੀਤਾ ਹੈ। ਰਾਜਨੀਤਕ ਲੋਕ ਅਤੇ ਅਫ਼ਸਰਸ਼ਾਹੀ ਪਰਿਵਾਰਵਾਦ ਵਿਚ ਫਸੀ ਹੋਈ ਵਿਖਾਈ ਗਈ ਹੈ। ਹਰ ਅਹੁਦਾ ਉਹ ਆਪਣੇ ਕਬਜ਼ੇ ਤੋਂ ਬਾਹਰ ਨਹੀਂ ਜਾਣ ਦਿੰਦੇ:
              ਕੁਰਸੀ ਵੱਲ ਨੂੰ ਅਹੁਲ ਰਿਹਾ ਏ, ਹਰ ਘੋੜੀ ਦੇ ਮਗਰ ਵਛੇਰਾ,
             ਅਜ਼ਾਦੀ ਤੇ ਕਾਬਜ਼ ਹੁਣ ਵੀ, ਟੋਡੀ ਪੁੱਤਰ ਰਾਜੇ ਰਾਣੇ।
      ਸਿਆਸਤਦਾਨਾ ਦੇ ਸਤਾਏ ਲੋਕ ਇੱਕ ਦਿਨ ਤਾਕਤ ਖੋਹ ਲੈਣਗੇ ਕਿਉਂਕਿ ਚੁੱਪ ਦਾ ਪਿਆਲਾ ਜਦੋਂ ਭਰ ਜਾਵੇਗਾ ਤਾਂ ਉਛਾਲ ਜ਼ਰੂਰ ਆਏਗਾ ਜੋ ਤੂਫ਼ਨ ਬਣਕੇ ਹੂੰਝਾ ਫੇਰੇਗਾ। ਇਸ ਲਈ ਇਨਸਾਨ ਨੂੰ ਐਨਾ ਮਾਣ ਨਹੀਂ ਕਰਨਾ ਚਾਹੀਦਾ। ਆਦਮੀ ਆਪਣੀ ਗ਼ਰਜ ਪੂਰੀ ਕਰਨ ਲਈ ਫ਼ਰਜਾਂ ਨੂੰ ਭੁੱਲ ਜਾਂਦਾ ਹੈਂ ਤਾਂ ਫਿਰ ਉਹ ਜੀਂਦੇ ਜੀਅ ਮਰ ਜਾਂਦਾ ਹੈ। ਆਦਰਸ਼ਾਂ ਤੇ ਚਲਣ ਨਾਲ ਸਫਲਤਾ ਮਿਲਦੀ ਹੈ:
                     ਦੋ ਚਿੱਤੀ ਵਿਚ ਹਰ ਪਲ ਰਹਿ ਕੇ, ਆਦਰਸ਼ਾਂ ਦੀ ਲੀਹੋਂ ਲਹਿ ਕੇ,
                    ਫ਼ਰਜ਼ ਵਿਸਾਰੇਂ ਗਰਜ਼ਾਂ ਪਿੱਛੇ, ਜੀਂਦੇ ਜੀਅ ਨਾ ਮਰਿਆ ਕਰ।
   ਆਪਣੀ ਇੱਕ ਗ਼ਜ਼ਲ ਵਿਚ ਉਹ ਲਿਖਦਾ ਹੈ ਕਿ ਸਾਰੇ ਧਰਮਾ ਵਾਲੇ ਆਪੋ ਆਪਣੇ ਧਰਮ ਦੇ ਪੈਰੋਕਾਰ ਬਣਾਉਣ ਵਿਚ ਲੱਗੇ ਹੋਏ ਹਨ ਪੰਤੂ ਧਰਮ ਦੀਆਂ ਪਰੰਪਰਾਵਾਂ ਤੇ ਪਹਿਰਾ ਦੇਣ ਦੀ ਥਾਂ ਅਹੁਦਿਆਂ ਤੇ ਕੁਰਸੀਆਂ ਪਿਛੇ ਲੜਦੇ ਹਨ। ਉਨ੍ਹਾਂ ਆਪਣਾ ਮਕੜਜਾਲ ਪਿੰਡਾ ਵਿਚ ਵੀ ਪਾ ਲਿਆ ਹੈ:
                  ਅਜਬ ਹੈ ਇਹ ਗਜ਼ਬ ਵੀ ਹੈ, ਧਰਮ ਦੀ ਸੌਦਾਗਰੀ।
                   ਕਰ ਰਹੇ ਧਰਮਾਤਮਾ ਵੀ ਕੁਰਸੀਆਂ ਦੀ ਚਾਕਰੀ।
                  ਇੱਕ ਹੀ ਉਂਕਾਰ ਸਾਡਾ, ਜਾਪਦਾ ਖ਼ਤਰੇ ਅਧੀਨ,
                   ਪਿੰਡ ਗੇੜਾ ਮਾਰਦੇ ਹੁਣ ਮੌਲਵੀ ਤੇ ਪਾਦਰੀ।
       ਵਾਤਾਵਰਨ ਪਤੀ ਬਹੁਤ ਹੀ ਸੁਚੇਤ ਗ਼ਜ਼ਲਕਾਰ ਬੇਰਹਿਮੀ ਨਾਲ ਦਰੱਖਤਾਂ ਦੀ ਕਟਾਈ ਬਾਰੇ ਚਿੰਤਾਤੁਰ ਹੈ ਕਿਉਂਕਿ ਦਰੱਖਤਾਂ ਦੇ ਕੱਟਣ ਨਾਲ ਵਾਤਾਰਨ ਗੰਧਲਾ ਹੋ ਜਾਂਦਾ ਹੈ ਜਿਸ ਨਾਲ ਸਾਹ ਲੈਣਾ ਵੀ ਔਖਾ ਹੁੰਦਾ ਹੈ ਅਤੇ ਅਨੇਕਾਂ ਬਿਮਾਰੀਆਂ ਲੋਕਾਈ ਨੂੰ ਘੇਰ ਲੈਂਦੀਆਂ ਹਨ।
               ਦਿਨ ਦੀਵੀਂ ਕੀ ਨੇਰ੍ਹ ਪਿਆ ਤੇ ਰਖਵਾਲੇ ਵੀ ਨਾਲ ਮਿਲੇ,
               ਲੈ ਫਰਨਾਹੀ ਚੀਰੀ ਜਾਵਣ ਸ਼ਾਮਲਾਟ ਦੀ ਟਾਹਲੀ ਨੂੰ।
              ਬਲਦ ਖਲੋਤੇ ਬਿਰਖ਼ਾਂ ਥੱਲੇ, ਮਾਲਕ ਦੇ ਗਲ ਫਾਹੀਆਂ ਨੇ,
             ਬਿਨ ਬੋਲਣ ਤੋਂ ਕੇਰਨ ਅਥਰੂ ਵੇਖ ਵੇਖ ਕੇ ਹਾਲੀ ਨੂੰ।
   ਗੁਰਭਜਨ ਗਿੱਲ ਚੇਤੰਨ ਗ਼ਜ਼ਲਕਾਰ ਹੈ ਜਿਹੜਾ ਸਮਾਜ ਪਤੀ ਬਹੁਤ ਹੀ ਸੰਜੀਦਾ ਹੈ ਕਿਉਂਕਿ ਸਮਾਜ ਵਿਚ ਵਾਪਰਨ ਵਾਲੀ ਹਰ ਘਟਨਾ ਉਸਦੇ ਸਾਹਿਤਕ ਮਨ ਨੂੰ ਜਖ਼ਮੀ ਕਰ ਜਾਂਦੀ ਹੈ ਤੇ ਫਿਰ ਉਹ ਆਪਣੀ ਕਲਮ ਦੇ ਸ਼ਬਦ ਰੂਪੀ ਬਾਣ ਚਲਾਉਣ ਲੱਗਿਆਂ ਕਿਸੇ ਨੂੰ ਵੀ ਮੁਆਫ ਨਹੀਂ ਕਰਦਾ। ਨਸ਼ੇ, ਬਲਾਤਕਾਰ, ਆਪਣੇ ਘਰਾਂ ਵਿਚ ਹੀ ਲੜਕੀਆਂ ਦੀ ਬੇਹੁਰਮਤੀ, ਧਾਰਮਿਕ ਗੰਥਾਂ ਦੀ ਬੇਅਦਬੀ, ਖ਼ੁਦਕਸ਼ੀਆਂ ਅਤੇ ਹੋਰ ਅਨੇਕਾਂ ਸਿਲਸਿਲਿਆਂ ਬਾਰੇ ਬੇਖ਼ੌਫ਼ ਹੋ ਕੇ ਟਿਪਣੀਆਂ ਕਰਦਾ ਹੈ। ਮਿਰਗਾਵਲੀ ਪੁਸਤਕ ਉਸਦੀ ਤੀਖਣ ਬੁਧੀ ਦਾ ਪਗਟਾਵਾ ਕਰਦੀ ਹੋਈ ਮਿਰਗ ਤਿਸ਼ਨਾ ਤੇ ਕਾਬੂ ਪਾਉਣ ਦੀ ਪਰਨਾ ਦਿੰਦੀ ਹੋਈ ਇਨਸਾਨੀਅਤ ਨੂੰ ਜਗਾਉਣ ਦੀ ਇੱਕ ਨਿਮਾਣੀ ਜਹੀ ਕੋਸ਼ਿਸ ਹੈ।

ਲੇਖਕ : ਉਜਾਗਰ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 14
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :547

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ