ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਪੰਜਵਾਂ ਥੰਮ ਮਿੰਨੀ ਕਹਾਣੀ ਸੰਗ੍ਰਹਿ ਇੱਕ ਅਧਿਐਨ

 ਪੰਜਵਾਂ ਥੰਮ ਮਿੰਨੀ ਕਹਾਣੀ ਸੰਗ੍ਰਹਿ ਇੱਕ ਨਵਾਂ ਤਜਰਬਾ ਹੈ ਕਿਉਂਕਿ ਇਹ ਵਿਗਿਆਨ ਦੇ ਨਵੇਂ ਖੇਤਰ ਬਾਰੇ ਪਹਿਲਾ ਕਦਮ ਹੈ। ਵਿਗਿਆਨਕ ਖੋਜਾਂ ਦੇ ਚੰਗੇ ਅਤੇ ਮਾੜੇ ਦੋਵੇਂ ਪਹਿਲੂ ਹੁੰਦੇ ਹਨ। ਅਸਲ ਵਿਚ ਵਿਗਿਆਨ ਦੀ ਖ਼ੋਜ ਹਮੇਸ਼ਾ ਲੋਕਾਂ ਦੇ ਭਲੇ ਲਈ ਹੀ ਕੀਤੀ ਜਾਂਦੀ ਹੈ ਪ੍ਰੰਤੂ ਸਮਾਜ ਵਿਚ ਹਰ ਕਿਸਮ ਦੇ ਲੋਕ ਹੋਣ ਕਰਕੇ ਖ਼ੋਜ ਦੀ ਮਾੜੇ ਕੰਮਾ ਲਈ ਵੀ ਵਰਤੋਂ ਸ਼ੁਰੂ ਹੋ ਜਾਂਦੀ ਹੈ। ਇਸੇ ਤਰਾਂ ਸ਼ੋਸ਼ਲ ਮੀਡੀਆ ਦੀ ਵੀ ਦੋਵੇਂ ਕੰਮਾ ਲਈ ਵਰਤੋ ਕੀਤੀ ਜਾ ਰਹੀ ਹੈ। ਪੱਤਰਕਾਰੀ ਨੂੰ ਪਰਜਾਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਹੈ। ਆਧੁਨਿਕ ਤਕਨਾਲੋਜੀ ਦੇ ਆਉਣ ਨਾਲ ਸ਼ੋਸ਼ਲ ਮੀਡੀਆ ਨੂੰ ਵੀ ਪੰਜਵਾਂ ਥੰਮ ਕਿਹਾ ਜਾਣ ਲੱਗ ਪਿਆ ਹੈ। ਨਾ ਤਾਂ ਪੱਤਰਕਾਰੀ ਅਤੇ ਨਾ ਹੀ ਸ਼ੋਸ਼ਲ ਮੀਡੀਆ ਵਿਚ ਸਭ ਕੁਝ ਅੱਛਾ ਹੈ। ਸਾਹਿਤਕ ਸਮਾਗਮ ਦੀ ਖ਼ਬਰ ਕਿਸੇ ਅਖ਼ਬਾਰ ਵਿਚ ਲਗਾਉਣ ਲਈ ਉਪਰਾਲੇ ਕਰਨੇ ਪੈਂਦੇ ਹਨ ਅਤੇ ਕਈ ਵਾਰ ਉਹ ਉਪਰਾਲੇ ਸਾਰਥਿਕ ਵੀ ਨਹੀਂ ਹੁੰਦੇ। ਕਿਉਂਕਿ ਖ਼ਬਰ ਲਗਵਾਉਣ ਦੀਆਂ ਵੀ ਕਈ ਸਟੇਜਾਂ ਹਨ। ਸਭ ਤੋਂ ਪਹਿਲਾਂ ਪੱਤਰਕਾਰ ਖ਼ਬਰ ਭੇਜਦਾ ਹੈ, ਫਿਰ ਅਖ਼ਬਾਰ ਦੇ ਡੈਸਕ ਉਪਰ ਜੋ ਉਪ ਸੰਪਾਦਕ ਬੈਠੇ ਹੁੰਦੇ ਹਨ, ਉਹ ਖ਼ਬਰ ਦੀ ਛਾਣ ਬੀਣ ਤੇ ਕਾਂਟ ਛਾਂਟ ਕਰਕੇ ਉਸ ਖ਼ਬਰ ਨੂੰ ਲਾਉਣ ਬਾਰੇ ਫ਼ੈਸਲਾ ਕਰਦੇ ਹਨ। ਉਸ ਉਪਰੰਤ ਉਸ ਖ਼ਬਰ ਬਾਰੇ ਪਤਾ ਨਹੀਂ ਹੁੰਦਾ ਕਿ ਉਹ ਸਥਾਨਕ, ਪੰਜਾਬ ਜਾਂ ਨੈਸ਼ਨਲ ਐਡੀਸ਼ਨ ਵਿਚ ਪ੍ਰਕਾਸ਼ਤ ਹੁੰਦੀ ਹੈ। ਸ਼ੋਸ਼ਲ ਮੀਡੀਆ ਜਿਸ ਵਿਚ ਫੇਸ ਬੁੱਕ, ਇੰਨਸਟਾਗ੍ਰਾਮ, ਟਵਿਟਰ, ਹਾਈਕ ਅਤੇ ਵਟਸ ਅਪ ਆਦਿ ਸ਼ਾਮਲ ਹਨ ਦੇ ਆ ਜਾਣ ਨਾਲ ਕੋਈ ਵੀ ਵਿਅਕਤੀ ਜਿਸਦਾ ਇਨਾਂ ਸਾਧਨਾ ਵਿਚ ਆਪਣਾ ਅਕਾੳੂਂਟ ਹੁੰਦਾ ਹੈ, ਆਪਣੀ ਖ਼ਬਰ ਜਾਂ ਸਾਹਿਤ ਦਾ ਹਰ ਰੂਪ ਜਿਸ ਵਿਚ ਲੇਖ, ਕਹਾਣੀ, ਮਿੰਨੀ ਕਹਾਣੀ, ਨਾਟਕ, ਕਵਿਤਾ, ਗੀਤ ਜਾਂ ਗ਼ਜ਼ਲ ਇਸ ਵਿਚ ਪੋਸਟ ਕਰ ਸਕਦਾ ਹੈ, ਜਿਹੜੀ ਮਿੰਟਾਂ ਸਕਿੰਟਾਂ ਵਿਚ ਹੀ ਦੁਨੀਆਂ ਵਿਚ ਵਸਦੇ ਉਸਦੇ ਮਿੱਤਰਾਂ ਕੋਲ ਪਹੁੰਚ ਜਾਂਦੀ ਹੈ। ਆਧੁਨਿਕ ਤਕਨਾਲੋਜੀ ਨੇ ਕ੍ਰਾਂਤੀ ਹੀ ਲਿਆ ਦਿੱਤੀ ਹੈ। ਪੱਤਰਕਾਰਾਂ ਤੇ ਨਿਰਭਰਤਾ ਵੀ ਖ਼ਤਮ ਕਰ ਦਿੱਤੀ ਹੈ। ਇੱਕ ਕਿਸਮ ਨਾਲ ਸ਼ੋਸ਼ਲ ਮੀਡੀਆ ਆਪਣੀ ਹਓਮੈ ਨੂੰ ਪੱਠੇ ਪਾਉਣ ਲਈ ਸਭ ਤੋਂ ਸੌਖਾ ਸਾਧਨ ਬਣ ਗਿਆ ਹੈ। ਭਾਵੇਂ ਇਸ ਮੀਡੀਆ ਦੇ ਕਈ ਬੁਰੇ ਪਹਿਲੂ ਵੀ ਹਨ ਫਿਰ ਵੀ ਹਰ ਨਵਾਂ ਅਤੇ ਪੁਰਾਣਾ ਲੇਖਕ ਇਸ ਸਮੇਂ ਇਸੇ ਸਾਧਨ ਦੀ ਵਰਤੋਂ ਕਰਕੇ ਆਪਣੇ ਆਪ ਨੂੰ ਸਥਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਮੀਡੀਏ ਨਾਲ ਸੰਬੰਧਤ ‘‘ਪੰਜਵਾਂ ਥੰਮ’’ ਮਿੰਨੀ ਕਹਾਣੀ ਸੰਗ੍ਰਹਿ ਜਿਸ ਨੂੰ ਜਗਦੀਸ਼ ਰਾਏ ਕੁਲਰੀਆ ਨੇ ਸੰਪਾਦਿਤ ਅਤੇ ਉਡਾਨ ਪਬਲੀਕੇਸ਼ਨਜ਼ ਮਾਨਸਾ ਨੇ ਪ੍ਰਕਾਸ਼ਤ ਕੀਤਾ ਹੈ, ਵਿਚ ਇਸ ਪੰਜਵੇਂ ਥੰਮ ਅਰਥਾਤ ਸ਼ੋਸ਼ਲ ਮੀਡੀਆ ਨਾਲ ਸੰਬੰਧਤ 95 ਪੰਨਿਆਂ ਦੀ ਪੁਸਤਕ ਵਿਚ 60 ਮਿੰਨੀ ਕਹਾਣੀਆਂ ਹਨ। ਸ਼ੋਸ਼ਲ ਮੀਡੀਆ ਬਾਰੇ ਮਿੰਨੀ ਕਹਾਣੀਆਂ ਦੀ ਪੁਸਤਕ ਪ੍ਰਕਾਸ਼ਤ ਕਰਕੇ ਸੰਪਾਦਕ ਨੇ ਚੰਗਾ ਉਦਮ ਕੀਤਾ ਹੈ ਕਿਉਂਕਿ ਲੋਕਾਂ ਦੇ ਸ਼ੋਸ਼ਲ ਮੀਡੀਆ ਵੱਲ ਵੱਧ ਰਹੇ ਮਾਨਸਿਕ ਰੁਝਾਨ ਦਾ ਪਾਜ ਵੀ ਉਘੇੜਿਆ ਹੈ। ਪ੍ਰੰਤੂ ਇਸ ਪੁਸਤਕ ਵਿਚ ਸੰਪਾਦਕ ਨੇ ਹਿੰਦੀ ਦੇ 18 ਮਿੰਨੀ ਕਹਾਣੀਕਾਰਾਂ ਦੀਆਂ ਕਹਾਣੀਆਂ ਦਾ ਆਪ ਹੀ ਅਨੁਵਾਦ ਕਰਕੇ ਪ੍ਰਕਾਸ਼ਤ ਕੀਤੀਆਂ ਹਨ। ਪੁਸਤਕ ਵਿਚ 11 ਲੇਖਕਾਂ ਦੀਆਂ 2-2 ਕਹਾਣੀਆਂ ਅਤੇ 1 ਲੇਖਕ ਦੀਆਂ 3 ਕਹਾਣੀਆਂ ਹਨ। ਇਸ ਤੋਂ ਇਉਂ ਮਹਿਸੂਸ ਹੋ ਰਿਹਾ ਹੈ ਕਿ ਅਜੇ ਪੰਜਾਬੀ ਦੀ ਮਿੰਨੀ ਕਹਾਣੀ ਨੇ ਉਤਨਾ ਵਿਕਾਸ ਨਹੀਂ ਕੀਤਾ, ਜਿਸ ਕਰਕੇ ਸੰਪਾਦਕ ਨੂੰ ਹਿੰਦੀ ਦੀਆਂ ਮਿੰਨੀ ਕਹਾਣੀਆਂ ਅਨੁਵਾਦ ਅਤੇ ਕੁਝ ਲੇਖਕਾਂ ਦੀਆਂ 2-2 ਕਹਾਣੀਆਂ ਸ਼ਾਮਲ ਕਰਨੀਆਂ ਪਈਆਂ ਹਨ। ਹਿੰਦੀ ਤੋਂ ਅਨੁਵਾਦ ਕੀਤੀਆਂ ਕਹਾਣੀਆਂ ਬਿਹਤਰੀਨ ਕਹੀਆਂ ਜਾ ਸਕਦੀਆਂ ਹਨ ਪ੍ਰੰਤੂ ਪੰਜਾਬੀ ਦੀਆਂ ਕੁਝ ਕਹਾਣੀਆਂ ਵੀ ਪ੍ਰਸੰਸ਼ਾਯੋਗ ਹਨ। ਅਸਲ ਵਿਚ ਪੰਜਵਾਂ ਥੰਮ ਜਿਸਨੂੰ ਸ਼ੋਸ਼ਲ ਮੀਡੀਆ ਨਾਲ ਜਾਣਿਆਂ ਜਾਂਦਾ ਹੈ, ਅੱਜ ਦਿਨ ਸਮਾਜ ਦੇ ਹਰ ਵਰਗ ਭਾਵੇਂ ਬੱਚਾ, ਬਜ਼ੁਰਗ, ਨੌਜਵਾਨ ਵਿਸ਼ੇਸ਼ ਤੌਰ ਤੇ ਵਿਦਿਆਰਥੀ ਵਰਗ ਤਾਂ ਇਉਂ ਲੱਗ ਰਿਹਾ ਹੈ ਜਿਵੇਂ ਇਸ ਦਾ ਸ਼ੈਦਾਈ ਤੇ ਗ਼ੁਲਾਮ ਹੀ ਹੋ ਗਿਆ ਹੈ। ਇਸ ਪੁਸਤਕ ਦੀ ਖ਼ਾਸੀਅਤ ਇਹੋ ਹੈ ਕਿ ਇਸ ਦੇ ਬੁਰੇ ਪ੍ਰਭਾਵਾਂ ਨੂੰ ਸਾਹਿਤਕ ਪਾਣ ਦੇ ਕੇ ਦੱਸਿਆ ਗਿਆ ਹੈ। ਮਾਂ ਬਾਪ ਸਮਝਦੇ ਹਨ ਕਿ ਉਨਾਂ ਦੇ ਬੱਚੇ ਆਧੁਨਿਕ ਤਕਨਾਲੋਜੀ ਦੇ ਸਹਾਰੇ ਮੋਬਾਈਲ ਰਾਹੀਂ ਜਾਣਕਾਰੀ ਇਕੱਤਰ ਕਰਕੇ ਪੜ ਰਹੇ ਹਨ ਪ੍ਰੰਤੂ ਸਹੀ ਮਾਅਨਿਆਂ ਵਿਚ ਲੜਕੇ ਤੇ ਲੜਕੀਆਂ ਹੜ ਰਹੇ ਹਨ। ਗ਼ਲਤ ਰਸਤੇ ਪੈ ਰਹੇ ਹਨ, ਇਸ ਪੁਸਤਕ ਦੀਆਂ ਬਹੁਤੀਆਂ ਮਿੰਨੀ ਕਹਾਣੀਆਂ ਇਨਾਂ ਘਟਨਾਵਾਂ ਤੋਂ ਚਿੰਤਤ ਹੋ ਕੇ ਲਿਖੀਆਂ ਗਈਆਂ ਲੱਗਦੀਆਂ ਹਨ। ਅੰਜੂ ਵ ਰੱਤੀ ਕਸਕ ਦੀ ਯਕੀਨ ਸਿਰਲੇਖ ਵਾਲੀ ਕਹਾਣੀ ਲੜਕੀਆਂ ਦੇ ਗੁਮਰਾਹ ਹੋਣ ਦੀ ਤ੍ਰਾਸਦੀ ਦਾ ਬਿਆਨ ਕਰਦੀ ਹੈ। ਪੁਸਤਕ ਵਿਚ ਬਹੁਤ ਸਾਰੇ ਪੱਖਾਂ ਤੋਂ ਸੁਚੇਤ ਕੀਤਾ ਗਿਆ ਹੈ। ਨੌਜਵਾਨਾ ਅਤੇ ਬਜ਼ੁਰਗਾਂ ਵਿਚ ਪਾੜਾ ਪਾਉਣ ਵਿਚ ਵੀ ਸ਼ੋਸ਼ਲ ਮੀਡੀਆ ਵੱਡਾ ਯੋਗਦਾਨ ਪਾ ਰਿਹਾ ਹੈ। ਹਰ ਵਿਅਕਤੀ ਆਪਣੀ ਹਰ ਛੋਟੀ ਮੋਟੀ ਪ੍ਰਾਪਤੀ ਜਾਂ ਐਵੇਂ ਹੀ ਬਿਨਾ ਵਜਾਹ ਹੀ ਫੇਸ ਬੁਕ ਤੇ ਪੋਸਟ ਕਰ ਦਿੰਦਾ ਹੈ। ਜਿਸਦਾ ਸਮਾਜ ਨਾਲ ਕੋਈ ਤੁਅਲਕ ਹੀ ਨਹੀਂ ਹੁੰਦਾ। ਇਥੋਂ ਤੱਕ ਕਿ ਆਪਣੀ ਮੂਵਮੈਂਟ ਵੀ ਪੋਸਟ ਕਰ ਦਿੰਦੇ ਹਨ ਜਿਸ ਕਰਕੇ ਚੋਰੀਆਂ ਹੋ ਰਹੀਆਂ ਹਨ। ਫੇਸ ਬੁਕ ਫਰੈਂਡ ਬਣਾਉਣ ਦੀ ਉਤਸੁਕਤਾ ਕਰਕੇ ਬਿਨਾ ਪੜਤਾਲ ਕੀਤਿਆਂ ਹੀ ਦੋਸਤੀ ਦਾ ਦਾਇਰਾ ਵਧਾ ਰਹੇ ਹਨ, ਉਹ ਦੋਸਤੀ ਮਾਨਸਿਕ ਤਸੱਲੀ ਤਾਂ ਦੇ ਸਕਦੀ ਹੈ ਪ੍ਰੰਤੂ ਸਥਾਈ ਨਹੀਂ ਹੁੰਦੀ। ਹਰ ਦੁੱਖ ਸੁੱਖ ਦੀ ਖ਼ਬਰ ਪਹਿਲਾਂ ਰਿਸ਼ਤੇਦਾਰਾਂ ਨੂੰ ਦੱਸਣ ਦੀ ਥਾਂ ਫੇਸ ਬੁਕ ਤੇ ਪੋਸਟ ਕੀਤੀ ਜਾਂਦੀ ਹੈ। ਜਿਸਦਾ ਕੋਈ ਮਾਇਨਾ ਨਹੀਂ ਹੁੰਦੀ। ਲਾਈਕ ਜਾਂ ਕੁਮੈਂਟ ਲੈ ਕੇ ਫੋਕੀ ਵਾਹਵਾ ਸ਼ਾਹਵਾ ਲਈ ਜਾਂਦੀ ਹੈ। ਡਾ. ਸ਼ਿਆਮ ਸੁੰਦਰ ਦੀਪਤੀ ਦੀਆਂ ਲੈਪਟਾਪ 1, 2 ਅਤੇ 3ਅਤੇਗੋਦੀ ਦਾ ਨਿੱਘ ਕਹਾਣੀਆਂ ਮਾਪਿਆਂ ਦੀ ਬੱਚਿਆਂ ਵੱਲੋਂ ਅਣਵੇਖੀ ਅਤੇ ਲੈਪਟਾਪ ਦੇ ਕੇ ਮਾਪਿਆਂ ਨੂੰ ਪ੍ਰਚਾਉਣ ਦਾ ਪ੍ਰਗਟਾਵਾ ਕਰਦੀਆਂ ਸੰਦੇਸ਼ ਦਿੰਦੀਆਂ ਹਨ ਕਿ ਇਹ ਬਨਾਵਟੀ ਸਾਧਨ ਸਾਂਝੇ ਪਰਿਵਾਰਾਂ ਦਾ ਸਥਾਨ ਨਹੀਂ ਲੈ ਸਕਦੇ। ਸੁਖਦੇਵ ਸਿੰਘ ਸ਼ਾਂਤ ਦੀ ਕਹਾਣੀ ਰਿਸ਼ਤੇਦਾਰੀ ਵੀ ਦਸਦੀ ਹੈ ਕਿ ਛੋਟੇ ਬੱਚੇ ਵੀ ਬਜ਼ੁਰਗਾਂ ਨਾਲ ਸੰਬੰਧ ਮੋਬਾਈਲ ਵਰਤਣ ਲਈ ਲੈਣ ਕਰਕੇ ਹੀ ਰੱਖਦੇ ਹਨ। ਦੂਜੇ ਚੰਗੇ ਪੱਖ ਬਾਰੇ ਵੀ ਕੁਝ ਕਹਾਣੀਆਂ ਹਨ, ਜਿਵੇਂ ਡਿਜਟਲ ਸੁਖ ਸਿਰਲੇਖ ਵਾਲੀ ਕਹਾਣੀ ਜਿਸ ਦਾ ਸਮਾਜ ਉਪਰ ਉਸਾਰੂ ਅਸਰ ਪੈਣ ਦੀ ਸੰਭਾਵਨਾ ਹੋ ਸਕਦੀ ਹੈ, ਜਿਸ ਵਿਚ ਪੂਜਾ ਕਰਨ ਵਿਚ ਪੰਡਤਾਂ ਵੱਲੋਂ ਵੱਧ ਪੈਸੇ ਲੈਣ ਤੋਂ ਰੋਕਣਾ ਅਤੇ ਆਧੁਨਿਕ ਤਕਨਾਲੋਜੀ ਨਾਲ ਇੰਟਰਨੈਟ ਤੋਂ ਡਾੳੂਨ ਲੋਡ ਕਰਕੇ ਆਪ ਹੀ ਪੂਜਾ ਕਰਨ ਦਾ ਤਰੀਕਾ ਦੱਸਿਆ ਗਿਆ ਹੈ। ਹਥਿਆਰ, ਆਸ ਦੀ ਕਿਰਨ, ਸ਼ੋਸ਼ਲ ਸਾਈਟਸ, ਆਪਣਾ ਦਰਦ ਅਤੇ ਰੋਜ਼ੀ ਰੋਟੀ ਕਹਾਣੀਆਂ ਰਾਹੀਂ ਸ਼ੋਸ਼ਲ ਮੀਡੀਆ ਦਾ ਉਸਾਰੂ ਪੱਖ ਦਰਸਾਇਆ ਗਿਆ ਹੈ। ਫੇਸ ਬੁਕ ਉਪਰ ਖ਼ੂਨ ਦਾਨ ਕਰਨ ਦੀ ਲੋੜ, ਐਕਸੀਡੈਂਟ ਦੀ ਜਾਣਕਾਰੀ ਅਤੇ ਗ਼ਰੀਬ ਦੇ ਇਲਾਜ ਲਈ ਮੰਗੀ ਮਦਦ ਦੀ ਪੋਸਟ ਪਾਉਣ ਤੋਂ ਬਾਅਦ ਖ਼ੂਨ ਦਾਨੀ ਅਤੇ ਆਰਥਿਕ ਮਦਦ ਦੇਣ ਵਾਲੇ ਤੁਰੰਤ ਆ ਜਾਂਦੇ ਹਨ। ਇਸੇ ਤਰਾਂ ਗੁਆਂਢ ਦੇ ਰਿਸ਼ਤੇਦਾਰ ਕਹਾਣੀ ਵਿਚ ਆਨ ਲਾਈਨ ਖ਼੍ਰੀਦ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ ਅਤੇ ਨਾਲ ਹੀ ਰਿਸ਼ਤਿਆਂ ਦੀ ਅਣਵੇਖੀ ਬਾਰੇ ਵੀ ਸੁਚੇਤ ਕੀਤਾ ਹੈ। ਗੋਲ ਚਕਰ ਕਹਾਣੀ ਵਿਚ ਦੱਸਿਆ ਗਿਆ ਹੈ ਕਿ ਇੰਟਰਨੈਟ ਸਮੇਂ ਦੀ ਲੋੜ ਹੈ। ਸੂਚਨਾ ਜਲਦੀ ਮਿਲ ਜਾਂਦੀ ਹੈ। ਸੰਸਾਰ ਇੱਕ ਗਲੋਬਲ ਪਿੰਡ ਬਣ ਗਿਆ ਹੈ। ਇਤਰਾਜ, ਫੇਸ ਬੁਕ, ਕਾਗਜੀ ਦੋਸਤ, ਬਦਲਦੀ ਸੋਚ, ਅਪਡੇਟ, ਸੈਕੰਡ ਹੈਂਡ ਅਤੇ ਸੌਂਕਣ ਕਹਾਣੀਆਂ ਫੇਸ ਬੁੱਕ ਦੀ ਜ਼ਿਆਦਾ ਵਰਤੋਂ ਨਾਲ ਗੰਭੀਰ ਮੁੱਦਿਆਂ ਤੇ ਚਿੰਤਾ ਪ੍ਰਗਟ ਕਰਦੀਆਂ ਹਨ। ਕੁਝ ਕਹਾਣੀਆਂ ਜਿਵੇਂ ਕਿ ਜਾਅਲੀ ਫੇਸ ਬੁਕ ਅਕਾੳੂਂਟ ਬਣਾਕੇ ਅਸ਼ਲੀਲ ਚੈਟਿੰਗ ਕਰਨ ਕਰਕੇ ਲੜਕੀਆਂ ਨੂੰ ਪਿਆਰ ਦੇ ਜਾਲ ਵਿਚ ਫਸਾਕੇ ਖੱਜਲ ਖ਼ੁਆਰ ਕਰਨ ਬਾਰੇ ਸੰਜੀਦਾ ਜਾਣਕਾਰੀ ਦਿੰਦੀਆਂ ਹਨ। ਇਨਬੌਕਸ ਜਾਅਲੀ ਅਕਾੳੂਂਟ ਬਣਾਕੇ ਬੁਅਏ ਫਰੈਂਡ, ਫੇਸ ਬੁਕ ਫਰੈਂਡ ਅਤੇ ਹੰਝੂ ਕਹਾਣੀਆਂ ਭੈਣ ਭਰਾ, ਪਤੀ ਪਤਨੀ ਅਤੇ ਹੋਰ ਨਜ਼ਦੀਕੀ ਰਿਸ਼ਤਿਆਂ ਦੇ ਪਿਆਰ ਸੰਬੰਧਾਂ ਦਾ ਪਾਜ ਉਘੇੜਦੀਆਂ ਹਨ ਜਦੋਂ ਉਹ ਨਿਸਚਤ ਥਾਂ ਤੇ ਜਾ ਕੇ ਮਿਲਦੇ ਹਨ ਅਤੇ ਸ਼ਰਮਸ਼ਾਰ ਹੁੰਦੇ ਹਨ। ਇਹੋ ਜਹੀਆਂ ਗੱਲਾਂ ਇਨਸਾਨੀ ਕਿਰਦਾਰ ਦੀ ਗਿਰਾਵਟ ਬਾਰੇ ਖਦਸ਼ਾ ਪ੍ਰਗਟਾਉਂਦੀਆਂ ਹਨ। ਸੰਪਾਦਕ ਨੇ ਇੱਕੋ ਅਤੇ ਇੱਕੋ ਜਹੇ ਸਿਰਲੇਖ ਵਾਲੀਆਂ ਕਹਾਣੀਆਂ ਵੀ ਸ਼ਾਮਲ ਕੀਤੀਆਂ ਹਨ, ਜਿਨਾਂ ਦੇ ਸਿਰਲੇਖ ਲੇਖਕਾਂ ਦੀ ਸਲਾਹ ਨਾਲ ਬਦਲਣੇ ਚਾਹੀਦੇ ਸਨ।
  ਸਾਰੀ ਪਰੀਚਰਚਾ ਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਪੰਜਵਾਂ ਥੰਮ ਸ਼ੋਸ਼ਲ ਮੀਡੀਆ ਬਾਰੇ ਮਿੰਨੀ ਕਹਾਣੀਆਂ ਦਾ ਸੰਗ੍ਰਹਿ ਵਿਲੱਖਣ ਕਿਸਮ ਦਾ ਤਜਰਬਾ ਹੈ ਕਿ ਜਿਹੜਾ ਸ਼ੋਸ਼ਲ ਮੀਡੀਆ ਦੀਆਂ ਉਸਾਰੂ ਅਤੇ ਨਕਾਰੂ ਗੱਲਾਂ ਬਾਰੇ ਪਾਠਕਾਂ ਨੂੰ ਭਰਪੂਰ ਜਾਣਕਾਰੀ ਦੇਵੇਗਾ। ਇਸ ਪੁਸਤਕ ਨੂੰ ਪੜਨ ਤੋਂ ਬਾਅਦ ਇਹ ਪ੍ਰਭਾਵ ਪ੍ਰਗਟ ਹੁੰਦਾ ਹੈ ਕਿ ਇਸ ਮੀਡੀਏ ਦੀ ਸੰਜੀਦਗੀ ਨਾਲ ਜੇਕਰ ਵਰਤੋਂ ਉਸਾਰੂ ਪੱਖਾਂ ਨੂੰ ਧਿਆਨ ਵਿਚ ਰੱਖਕੇ ਕੀਤੀ ਜਾਵੇ ਤਾਂ ਉਹ ਆਮ ਲੋਕਾਂ ਲਈ ਲਾਹੇਬੰਦ ਹੋ ਸਕਦੀ ਹੈ ਪ੍ਰੰਤੂ ਜੇਕਰ ਇਸ ਦੀ ਵਰਤੋਂ ਇਸੇ ਤਰਾਂ ਜਾਰੀ ਰਹੀ ਜਿਵੇਂ ਹੁਣ ਹੋ ਰਹੀ ਹੈ ਤਾਂ ਨੌਜਵਾਨ ਪੀੜੀ ਲਈ ਘਾਤਕ ਸਾਬਤ ਹੋ ਸਕਦੀ ਹੈ।
   

ਲੇਖਕ : ਉਜਾਗਰ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 14
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :735

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ