ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਅਮਰਿੰਦਰ ਸਿੰਘ ਸੋਹਲ ਦੀ ਪੁਸਤਕ ਸਰੋਕਾਰਾਂ ਦੀ ਅਵਾਜ਼

ਅਮਰਿੰਦਰ ਸਿੰਘ ਸੋਹਲ ਦੀ ਪੁਸਤਕ ਨੈਣਾਂ ਵਿਚਲਾ ਟਾਪੂ ਸਮਾਜਿਕ ਸਰੋਕਾਰਾਂ ਦੀ ਅਵਾਜ਼

ਅਮਰਿੰਦਰ ਸਿੰਘ ਸੋਹਲ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਮਾਨਵਵਾਦੀ ਸਰੋਕਾਰਾਂ ਦਾ ਉਭਰਦਾ ਗ਼ਜ਼ਲਗੋ ਹੈ। ਨੈਣਾਂ ਵਿਚਲਾ ਟਾਪੂ ਉਸਦੀ ਗ਼ਜ਼ਲਾਂ ਦੀ ਪਲੇਠੀ ਪੁਸਤਕ ਹੈ। ਉਸਦੀਆਂ ਗ਼ਜ਼ਲਾਂ ਪੜਨ ਤੋਂ ਪਤਾ ਲੱਗਦਾ ਹੈ ਕਿ ਭਾਵੇਂ ਇਹ ਉਸਦੀ ਗ਼ਜ਼ਲਾਂ ਦੀ ਪਹਿਲੀ ਪੁਸਤਕ ਹੈ ਪ੍ਰੰਤੂ ਸੰਜੀਦਗੀ, ਸਰਲਤਾ, ਸਾਦਗੀ, ਸਹਿਜਤਾ, ਚੇਤੰਨਤਾ, ਸਾਕਾਰਤਮਿਕਤਾ ਅਤੇ ਗ਼ਜ਼ਲਾਂ ਦੀ ਪਰਪੱਕਤਾ ਤੋਂ ਉਹ ਇੱਕ ਸਾਧਨਾ ਵਾਲਾ ਸੁਦਿ੍ਰੜ ਗ਼ਜ਼ਲੋ ਮਹਿਸੂਸ ਹੁੰਦਾ ਹੈ। ਉਸ ਵੱਲੋਂ ਵਰਤੇ ਗਏ ਬਿੰਬ ਅਤੇ ਪ੍ਰਤੀਕ ਪਾਠਕਾਂ ਦੇ ਸੌਖਿਆਂ ਹੀ ਸਮਝ ਵਿਚ ਆਉਣ ਵਾਲੇ ਅਤੇ ਦਿਹਾਤੀ ਜੀਵਨ ਵਿਚੋਂ ਲਏ ਗਏ ਹਨ ਕਿਉਂਕਿ ਲੇਖਕ ਦਾ ਵਿਰਸਾ ਪਿੰਡਾਂ ਦਾ ਹੈ। ਉਸਨੇ ਕਵੀਆਂ ਦੀ ਨਰਸਰੀ ਕਹੀ ਜਾਣ ਵਾਲੇ ਰਾਮਪੁਰ ਪਿੰਡ ਦੀ ਸਾਹਿਤ ਸਭਾ ਤੋਂ ਪ੍ਰੇਰਨਾ ਲਈ ਹੈ। ਉਸਦੀਆਂ ਗ਼ਜ਼ਲਾਂ ਵਿਚਲੇ ਰੂਪਕਾਂ, ਅਲੰਕਾਰਾਂ ਅਤੇ ਬਿੰਬਾਂ ਦੀ ਸਰਲਤਾ ਕਰਕੇ ਮਹਿਕਾਂ ਖ਼ਿਲਾਰਦੀਆਂ ਲੱਗਦੀਆਂ ਹਨ। ਸਾਹਿਤ ਸਭਾ ਰਾਮਪੁਰ ਦੀਆਂ ਮੀਟਿੰਗਾਂ ਵਿਚੋਂ ਸਹਿਜਤਾ, ਸੰਜੀਦਗੀ ਅਤੇ ਸੰਖੇਪਤਾ ਦਾ ਗੁਣ ਗ੍ਰਹਿਣ ਕਰਕੇ ਸਬਰ ਸੰਤੋਖ਼ ਦਾ ਪੱਲਾ ਫੜਿਆ ਹੈ। ਉਭਰਦੇ ਨਵੇਂ ਲੇਖਕਾਂ ਦੀ ਤਰਾਂ ਝੱਟ ਪੱਟ ਪੁਸਤਕ ਨਹੀਂ ਪ੍ਰਕਾਸ਼ਤ ਕੀਤੀ ਪ੍ਰੰਤੂ ਜ਼ਿੰਦਗੀ ਦਾ ਵਿਸ਼ਾਲ ਤਜ਼ਰਬਾ ਪ੍ਰਾਪਤ ਕਰਨ ਤੋਂ ਬਾਅਦ ਇਹ ਪਲੇਠੀ ਪੁਸਤਕ ਪ੍ਰਕਾਸ਼ਤ ਕਰਨ ਦਾ ਕਦਮ ਚੁੱਕਿਆ ਹੈ। ਪੁਸਤਕ ਦੇ ਨਾਮ ਤੇ ਸਰਸਰੀ ਨਜ਼ਰ ਮਾਰਿਆਂ ਪੁਸਤਕ ਰੋਮਾਂਟਿਕ ਭਾਵਨਾਵਾਂ ਦੇ ਵੇਗ ਵਿਚ ਵਹਿ ਕੇ ਲਿਖੀ ਲੱਗਦੀ ਹੈ ਪ੍ਰੰਤੂ ਇਸਨੂੰ ਪੜਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਉਸਦੀਆਂ ਗ਼ਜ਼ਲਾਂ ਦੇ ਵਿਸ਼ੇ ਸਮਾਜਿਕ, ਆਰਥਿਕ ਅਤੇ ਰਾਜਨੀਤਕ ਸਰੋਕਾਰਾਂ ਨਾਲ ਸੰਬੰਧਤ ਹਨ, ਨਿਰੇ ਰੁਮਾਂਸਵਾਦੀ ਨਹੀਂ ਹਨ। ਉਸ ਦੀਆਂ ਗ਼ਜ਼ਲਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਉਹ ਸਮਾਜ ਵਿਚ ਹਓਮੈ ਦੇ ਸ਼ਿਕਾਰ ਲੋਕਾਂ ਦਾ ਪਰਦਾ ਫਾਸ਼ ਵੀ ਕਰਦਾ ਹੈ, ਜਿਹੜੇ ਲੋਕ ਇਨਸਾਨ ਨੂੰ ਇਨਸਾਨ ਨਹੀਂ ਸਮਝਦੇ ਸਗੋਂ ਆਪਣੇ ਆਪ ਨੂੰ ਖੱਬੀ ਖ਼ਾਨ ਸਮਝਦੇ ਹੋਏ ਅਸਮਾਨ ਨੂੰ ਟਾਕੀ ਲਾਉਣ ਦੀ ਕੋਸ਼ਿਸ਼ ਕਰਦੇ ਹਨ। ਹਰ ਵਿਅਕਤੀ ਆਮ ਦੀ ਥਾਂ ਖ਼ਾਸ ਬਣਕੇ ਜੀਵਨ ਜਿਓਣਾ ਲੋਚਦੇ ਹਨ, ਉਨਾਂ ਬਾਰੇ ਉਸਦੀ ਗ਼ਜ਼ਲ ਦਾ ਇੱਕ ਸ਼ੇਅਰ ਹੈ-
ਅੱਜ ਕਲ ਤਾਂ ਸਾਰੇ ਲੋਕੀਂ ਸੂਰਜ ਬਣ ਬੈਠੇ, ਦੀਵਾ ਬਣਿਆਂ ਨਜ਼ਰੀਂ ਆਵੇ ਟਾਵਾਂ ਟਾਵਾਂ। 
 ਗ਼ਜ਼ਲਗੋ ਦੀ ਵਿਚਾਰਧਾਰਾ ਵਿਚ ਪਰਪੱਕਤਾ ਵੀ ਉਸਦੀਆਂ ਗ਼ਜ਼ਲਾਂ ਤੋਂ ਪਤਾ ਲੱਗਦੀ ਹੈ ਕਿਉਂਕਿ ਉਹ ਆਪਣੀਆਂ ਗ਼ਜ਼ਲਾਂ ਵਿਚ ਬੜੀਆਂ ਸੰਜੀਦਗੀ ਵਾਲੀਆਂ ਸੰਕੇਤਕ ਟਿਪਣੀਆਂ ਕਰਦਾ ਹੈ। ਅਮੀਰ ਲੋਕਾਂ ਦੇ ਗ਼ਰੀਬਾਂ ਉਪਰ ਕੀਤੇ ਜਾਂਦੇ ਅਤਿਆਚਾਰਾਂ ਦੇ ਸੰਕੇਤ ਦਿੰਦਿਆਂ ਉਹ ਇੱਕ ਗ਼ਜ਼ਲ ਵਿਚ ਲਿਖਦਾ ਹੈ ਕਿ ਸਰਮਾਏਦਾਰ ਲੋਕਾਂ ਨੂੰ ਗ਼ਰੀਬਾਂ ਵੱਲੋਂ ਆਪਣੇ ਹੱਕਾਂ ਲਈ ਕੀਤੀ ਜਾਂਦੀ ਜਦੋਜਹਿਦ ਵੀ ਚੰਗੀ ਨਹੀਂ ਲੱਗਦੀ। ਉਸਨੂੰ ਦੁਨੀਆਂ ਵਿਚ ਧੋਖ਼ੇਬਾਜਾਂ, ਫਰੇਬੀਆਂ ਅਤੇ ਖ਼ੁੰਦਕੀਆਂ ਦੀ ਭਰਮਾਰ ਮਹਿਸੂਸ ਹੁੰਦੀ ਹੈ। ਸਿਆਸਤਦਾਨਾ ਦੀਆਂ ਨੀਤੀਆਂ ਤੋਂ ਵੀ ਉਹ ਦੁੱਖੀ ਲਗਦਾ ਹੈ, ਜਿਹੜੇ ਲੋਕਾਂ ਨੂੰ ਸਬਜ਼ਬਾਗ ਵਿਖਾਉਂਦੇ ਹਨ ਪ੍ਰੰਤੂ ਅਸਲੀਅਤ ਕੁਝ ਹੋਰ ਹੀ ਹੈ। ਉਲਟਾ ਚੋਰ ਕੋਤਵਾਲ ਨੂੰ ਡਾਂਟ ਰਿਹਾ ਹੈ। ਜਿਸ ਬਾਰੇ ਉਹ ਲਿਖਦਾ ਹੈ-
          ਨਾ ਹਨੇਰੇ ਨੂੰ ਹੈ ਚੰਗਾ ਲੱਗਿਆ ਨਾ ਲੱਗਣਾ ਹੈ, 
          ਹੱਕ ਖ਼ਾਤਰ ਜਦ ਵੀ ਚਾਨਣ ਜੂਝਿਆ ਜਾਂ ਜੂਝਣਾ ਹੈ।
          ਨੀਤੀ ਤੇਰੀ ਦਿਨ ਦਿਹਾੜੇ ਸੂਰਜਾਂ ਦੇ ਚਿਤਰ ਵਾਹੁਣਾ।
          ਰਾਤ ਦੇ ਨੇਰੇ ‘ਚ ਪਰ ਜਗ ਰਹੇ ਦੀਵੇ ਬੁਝਾਉਣਾ।
          ਸਿਲਸਿਲਾ ਜਾਰੀ ਹੈ ਤੇਰਾ ਅਗਨੀ ਜੰਗਲ ਵਿਚ ਲੁਕਾਉਣਾ।
          ਪੰਛੀਆਂ ਦੇ ਆਲਣੇ ਆਪੇ ਜਲਾਕੇ ਦੁੱਖ ਮਨਾਉਣਾ।
   ਗ਼ਜ਼ਲਗੋ ਨੇ ਹਨੇਰੇ ਸ਼ਬਦ ਨੂੰ ਸਰਮਾਏਦਾਰੀ ਦੇ ਸੰਕੇਤ ਦੇ ਤੌਰ ਤੇ ਵਰਤਿਆ ਹੈ। ਚਾਨਣ ਨੂੰ ਗ਼ਰੀਬ ਲਈ ਵਰਤਿਆ ਹੈ। ਇਥੇ ਹਨੇਰੇ ਦੇ ਅਰਥ ਇਹ ਵੀ ਹੋ ਸਕਦੇ ਹਨ ਕਿ ਅਮੀਰ ਲੋਕ ਹਰ ਗ਼ਲਤ ਕੰਮ ਹਨੇਰੇ ਦੀ ਆੜ ਵਿਚ ਹੀ ਕਰਦੇ ਹਨ। ਇੱਕ ਹੋਰ ਸ਼ੇਅਰ ਵੀ ਕਮਾਲ ਦਾ ਹੈ ਜਿਸਦਾ ਭਾਵ ਇਹ ਹੈ ਕਿ ਉਹ ਸਰਮਾਏਦਾਰਾਂ ਨੂੰ ਵੰਗਾਰਦਾ ਹੋਇਆ ਲਿਖਦਾ ਹੈ ਕਿ ਉਹ ਆਪਣੇ ਤੌਰ ਤਰੀਕੇ ਬਦਲ ਲੈਣ ਹੁਣ ਸਮਾਜ ਜਾਗਰਿਤ ਹੋ ਗਿਆ ਹੈ, ਮਨਮਰਜ਼ੀਆਂ ਦਾ ਸਮਾਂ ਲੰਘ ਗਿਆ ਹੈ। ਲੋਕ ਆਪਣਾ ਹੱਕ ਆਪ ਹੀ ਖੋਹ ਲੈਣਗੇ। ਸ਼ੇਅਰ ਹੈ-
          ਕਹੋ ਉਸਨੂੰ ਬਦਲ ਦੇਵੇ ਉਹ ਐਨਕ ਦੇ ਸ਼ੀਸ਼ੇ ਹੁਣ,
          ਜਿਨੂੰ ਇਹ ਸਾਰੀ ਹੀ ਧਰਤੀ ਅਜੇ ਦਿਸਦੀ ਹਰੀ ਹੈ।
  ਲੇਖਕ ਨੇ ਅਨੇਕਾਂ ਹੀ ਵਿਸ਼ਿਆਂ ਨੂੰ ਛੋਹਿਆ ਹੈ। ਸਮਾਜ ਵਿਚ ਹੋ ਰਹੇ ਦੁਰਾਚਾਰਾਂ ਦੇ ਹਰ ਪੱਖ ਨੂੰ ਸੁਚੱਜੇ ਢੰਗ ਨਾਲ ਉਜਾਗਰ ਕੀਤਾ ਹੈ। ਭਰਾ-ਭਰਾ ਵਿਚ ਜ਼ਮੀਨਾ ਦੀ ਲੜਾਈ, ਸ਼ਹਿਰੀ ਜ਼ਿੰਦਗੀ ਦੇ ਨੁਕਸਾਨ ਅਤੇ ਅਜੋਕੇ ਸਮਾਜ ਵਿਚ ਰਿਸ਼ਤਿਆਂ ਵਿਚ ਆ ਰਹੀ ਗਿਰਾਵਟ ਵੀ ਉਸਨੂੰ ਕੁਰੇਦਦੀ ਹੈ, ਜਿਸ ਕਰਕੇ ਉਹ ਲਿਖਦਾ ਹੈ ਕਿ ਸਮਾਜ ਤੇ ਆਧੁਨਿਕਤਾ ਦਾ ਅਸਰ ਇਤਨਾ ਗਹਿਰਾ ਹੋ ਗਿਆ ਹੈ ਕਿ ਇਨਸਾਨ ਆਪਣਿਆਂ ਨੂੰ ਹੀ ਅਣਡਿਠ ਕਰਨ ਲੱਗ ਪਿਆ ਹੈ। ਰਿਸ਼ਤਿਆਂ ਵਿਚੋਂ ਨਿੱਘ, ਮਿਠਾਸ ਅਤੇ ਅਪਣੱਤ ਖ਼ਤਮ ਹੋਣ ਕਰਕੇ ਖਟਾਸ ਪੈਦਾ ਹੋ ਗਈ ਹੈ। ਦੋਸਤ ਆਪਣੇ ਦੋਸਤਾਂ ਨਾਲ ਦੋਸਤੀ ਨਿਭਾਉਣੀ ਹੀ ਭੁੱਲ ਗਏ ਹਨ। ਪੈਸੇ ਦੇ ਨਸ਼ੇ ਵਿਚ ਇਨਸਾਨ ਦੀ ਮੱਤ ਮਾਰੀ ਗਈ ਹੈ। ਉਹ ਲਿਖਦਾ ਹੈ-
          ਇਨਾਂ ਵਿਚ ਰੰਗ ਸੀ, ਮੋਹ ਸੀ, ਖ਼ੁਸ਼ੀ ਸੀ, 
          ਬੜੇ ਦਿਸਦੇ ਨੇ ਅੱਜ ਲਾਚਾਰ ਰਿਸ਼ਤੇ।
          ਦੁੱਖ, ਨਮੋਸ਼ੀ ਲੈ ਕੇ ਮੁੜਿਆ ਹੋਰ ਵੀ,
          ਅੱਜ ਸੁਦਾਮਾ ਿਸ਼ਨ ਦੇ ਜਦ ਘਰ ਗਿਆ।
 ਮਿਥਿਹਾਸ ਵਿਚੋਂ ਉਦਾਹਰਣ ਦੇ ਕੇ ਗ਼ਜ਼ਲਗੋ ਦੱਸਣਾ ਚਾਹੁੰਦਾ ਹੈ ਕਿ ਸਮਾਜ ਦੀਆਂ ਕਦਰਾਂ ਕੀਮਤਾਂ ਵਿਚ ਅਥਾਹ ਗਿਰਾਵਟ ਆ ਚੁੱਕੀ ਹੈ। ਲੇਖਕ ਨੇ ਘੱਟੋ ਘੱਟ 10 ਗ਼ਜ਼ਲਾਂ ਵਿਚ ਆਪਸੀ ਵਿਸ਼ਵਾਸ਼ ਦੇ ਟੁੱਟਣ ਬਾਰੇ ਸ਼ਿਅਰਾਂ ਵਿਚ ਜ਼ਿਕਰ ਕੀਤਾ ਹੈ। ਭਾਵੇਂ ਲੋਕ ਆਪਸ ਵਿਚ ਦੋਸਤ ਹਨ, ਹਮੇਸ਼ਾ ਇਕੱਠੇ ਰਹਿੰਦੇ ਹਨ ਪਰਿਵਾਰ ਤੇ ਵਿਓਪਾਰ ਇਕੱਠੇ ਕਰਦੇ ਹਨ ਪ੍ਰੰਤੂ ਉਨਾਂ ਦਿਲਾਂ ਵਿਚ ਖੋਟ ਹੈ। ਲੋਕ ਬਨਾਵਟੀ ਵਿਖਾਵੇ ਦਾ ਜੀਵਨ ਜਿਓ ਰਹੇ ਹਨ, ਜਿਓਂਦੇ ਜੀਆ ਇਨਸਾਨ ਦੀ ਕਦਰ ਨਹੀਂ ਕਰਦੇ ਪ੍ਰੰਤੂ ਮਰਨ ਉਪਰੰਤ ਸਨੇਹ ਜਤਾਉਂਦੇ ਹਨ। ਨਿੱਕੀਆਂ ਨਿੱਕੀਆਂ ਗੱਲਾਂ ਤੇ ਆਪਸ ਵਿਚ ਲੜਦੇ ਰਹਿੰਦੇ ਹਨ। ਬਜ਼ੁਰਗਾਂ ਨੂੰ ਆਪਣੇ ਬੱਚੇ ਹੀ ਆਪਣੇ ਉਪਰ ਭਾਰ ਸਮਝਣ ਲੱਗ ਪਏ ਹਨ, ਜਦੋਂ ਕਿ ਬਜ਼ੁਰਗਾਂ ਨੇ ਆਪਣੇ ਖ਼ੂਨ ਪਸੀਨੇ ਦੀ ਕਮਾਈ ਨਾਲ ਉਨਾਂ ਦਾ ਪਾਲਣ ਪੋਸ਼ਣ ਕੀਤਾ ਹੈ, ਦਸਾਂ ਨਹੁੰਾਂ ਦੀ ਕਮਾਈ ਕਰਕੇ ਰੈਣ ਬਸੇਰੇ ਬਣਾਏ ਹਨ, ਪ੍ਰੰਤੂ ਮਾਂ ਬਾਪ ਨੂੰ ਪਿੱਛੇ ਛੱਡਕੇ ਪਰਦੇਸਾਂ ਨੂੰ ਉਚ ਪੱਧਰਾ ਜੀਵਨ ਜਿਓਣ ਦੀ ਲਾਲਸਾ ਨਾਲ ਉਡਾਰੀ ਮਾਰ ਜਾਂਦੇ ਅਤੇ ਮਾਪੇ ਇਕਲਾਪੇ ਵਿਚ ਰੁਲਦੇ ਰਹਿੰਦੇ ਹਨ। ਭਾਵੇਂ ਉਨਾਂ ਦੀ ਅੰਤਰ ਆਤਮਾ ਕੋਸਦੀ ਰਹਿੰਦੀ ਹੈ। ਇਸ ਬਾਰੇ ਸ਼ੇਅਰ ਹਨ-
          ਮਰ ਗਏ ਬੁੱਢੇ ਪਰਿੰਦੇ ਆਲਣਾ ਖ਼ਾਲੀ ਪਿਆ ਸੀ।
          ਦੇਰ ਪਿੱਛੋਂ ਜਦ ਪਰਿੰਦਾ ਚੋਗ ਚੁਗਕੇ ਪਰਤਿਆ ਸੀ।
          ਜਦੋਂ ਮੈਂ ਮੁੱਦਤਾਂ ਮਗਰੋਂ ਨਗਰ ਸਾਂ ਆਪਣੇ ਪੁੱਜਾ,
          ਤਾਂ ਮਿੱਟੀ ਪੈਰ ਸੀ ਚੁੰਮਦੀ ਬਸ਼ਰ ਹਰ ਇੱਕ ਪਰਾਇਆ ਸੀ। 
ਗ਼ਜ਼ਲਗੋ ਰੁਮਾਂਟਿਕ ਗ਼ਜ਼ਲਾਂ ਵੀ ਲਿਖਦਾ ਹੈ ਪ੍ਰੰਤੂ ਨੀਝ ਨਾਲ ਵਾਚਣ ਤੇ ਉਨਾਂ ਗ਼ਜ਼ਲਾਂ ਵਿਚੋਂ ਵੀ ਆਸ ਦੀ ਕਿਰਨ ਵਿਖਾਈ ਦਿੰਦੀ ਹੈ ਕਿਉਂਕਿ ਉਹ ਆਸ਼ਾਵਾਦੀ ਰੁਚੀ ਦਾ ਮਾਲਕ ਹੈ, ਇਹੋ ਲੇਖਕ ਦੀ ਖਾਸੀਅਤ ਹੈ, ਸ਼ਬਦਾਂ ਦੀ ਚੋਣ ਵੀ ਬਹੁਰੰਗੀ ਹੈ, ਜਿਸ ਵਿਚੋਂ ਮਹਿਕ ਦੀ ਖ਼ੁਸ਼ਬੋਅ ਆਉਂਦੀ ਹੈ-
          ਰੰਗ, ਖ਼ੁਸ਼ਬੂ, ਰੌਸ਼ਨੀ, ਨਾਖ਼ਾਬ, ਕਾਲੇ ਦਿਵਸ ਨੇ ਸਭ,
          ਬਿਨ ਤੇਰੇ ਜੀਵਨ ‘ਚ ਮੇਰੇ ਨਾ ਕਦੇ ਸੁਰਤਾਲ ਆਇਆ।
          ਮੈਂ ਸਦੀਵੀ ਲੀਕ ਬਣਕੇ ਰਹੂੰ ਦਿਲ ਤੇਰੇ ‘ਤੇ,
          ਚਾਹੇ ਤੇਰੀ ਜ਼ਿੰਦਗੀ ‘ਚੋਂ ਮੈਂ ਖ਼ਾਰਜ ਹੋ ਗਿਆ।
         ਵਰਕਾ ਪੜਾਂ ਮੈਂ ਹਰ ਘੜੀ ਹਰ ਪਲ ਤੇਰੇ ਹੀ ਖਿਆਲ ਦਾ,
         ਮੇਰਾ ਕਮਾਲ ਦੇਖ ਅਜ ਤਕ ਇਸ ਨੂੰ ਪਲਟਿਆ ਨਹੀਂ।
 ਪਿਆਰ ਮੁਹੱਬਤ ਜ਼ਿੰਦਗੀ ਨੂੰ ਸੁਹਾਵਣਾ ਵੀ ਬਣਾਉਂਦੀ ਹੈ ਪ੍ਰੰਤੂ ਇਸ ਦੇ ਰਾਹ ਵਿਚ ਅਨੇਕਾਂ ਔਕੜਾਂ ਵੀ ਆਉਂਦੀਆਂ ਹਨ, ਇਸ ਕਰਕੇ ਉਹ ਮੁਹੱਬਤ ਦੀਆਂ ਕਲਪਨਾਵਾਂ ਬਾਰੇ ਲਿਖਦਾ ਹੈ-
         ਇਹ ਜਾਦੂਗਰਨੀ ਹੱਦੋਂ ਵੱਧ ਹੈ ਖੋਟੀ, 
         ਸਦਾ ਅਮਿ੍ਰੰਤ ਦਿਖਾਕੇ ਵਿਸ਼ ਪਿਲਾਉਂਦੀ ਹੈ।
         ਜਨੂੰਨ ਹੈ, ਸ਼ੌਕ ਹੈ, ਮੁਹੱਬਤ ਹੈ, ਸ਼ਿਲਪ ਹੈ, ਜਾਂ ਅਵਾਰਗੀ ਹੈ,
         ਕਿ ਦੇਖਿਆ ਨਾ ਜਿਹਨੂੰ ਕਦੇ ਉਸਨੂੰ ਨਿੱਤ ਅੱਖਾਂ ‘ਚ ਦੇਖਦਾ ਹਾਂ।
  ਵਹਿਮਾਂ ਭਰਮਾ ਦੇ ਜਾਲ ਵਿਚੋਂ ਜਨਤਾ ਨੂੰ ਨਿਕਲਣ ਦੀ ਤਾਕੀਦ ਕਰਦਾ ਲੇਖਕ ਲਿਖਦਾ ਹੈ, ਟੂਣੇ ਟਮੁੰਣਾ ਨਲ ਕੋਈ ਲਾਭ ਨਹੀਂ ਹੁੰਦਾ, ਇਸ ਲਈ ਇਨਸਾਨ ਨੂੰ ਵਿਗਿਆਨਕ ਲੀਹਾਂ ਤੇ ਚਲਦਿਆਂ ਸਾਰਥਿਕ ਕਦਮ ਚੁੱਕਣੇ ਚਾਹੀਦੇ ਹਨ। ਆਦਮੀ ਨੂੰ ਆਪਣੀ ਸੋਚ ਵਿਚ ਤਬਦੀਲੀ ਲਿਆਉਣੀ ਚਾਹੀਦੀ ਹੈ, ਉਸਦਾ ਇੱਕ ਸ਼ਿਅਰ ਹੈ-
      ਕਦ ਹੜ ਦਾ ਪਾਣੀ ਹਥ ਬੰਨੇ ‘ਤੇ ਪਿੱਛੇ ਹੈ ਮੁੜਦਾ ,
      ਕਦ ਜੰਗਲ ਦੀ ਅੱਗ ਭਲਾਂ ਬੁਝਦੀ ਹੈ ਫੂਕਾਂ ਨਾਲ।
  ਇਸ ਸਾਰੇ ਕੁਝ ਦੇ ਹੁੰਦਿਆਂ ਵੀ ਉਸਦੇ ਮਨ ਵਿਚ ਆਸ ਦੀ ਕਿਰਨ ਬਾਕੀ ਹੈ। ਉਸਨੇ ਆਪਣੀਆਂ ਗ਼ਜ਼ਲਾਂ ਵਿਚ ਸਮਾਜ ਵਿਚ ਹੋ ਰਹੀਆਂ ਘਿਨਾਉਣੀਆਂ ਹਰਕਤਾਂ ਬਾਰੇ ਵੀ ਲਿਖਿਆ ਹੈ। ਅਜਿਹੀਆਂ ਗੱਲਾਂ ਲਿਖਣ ਲੱਗਿਆਂ ਉਹ ਸ਼ਬਦਾਵਲੀ ਦੀ ਚੋਣ ਸੰਕੇਤਕ ਕਰਦਾ ਹੈ। ਜਿਨਾਂ ਵਿਚ ਬਲਾਤਕਾਰ ਬਾਰੇ ਉਸਨੇ ਤਿਤਲੀਆਂ ਨੂੰ ਬਿੰਬ ਦੇ ਤੌਰ ਤੇ ਵਰਤਿਆ ਹੈ ਜਿਵੇਂ-
       ਮੁੱਖ ਸੂਹਾ ਲੈ ਕੇ ਤਿਤਲੀ ਜੋ ਗੁਫ਼ਾ ਅੰਦਰ ਗਈ ਸੀ।
       ਪਰਤਕੇ ਆਈ ਜਦੋਂ ਹਉਕਾ ਜਿਹਾ ਬਣਕੇ ਖੜੀ ਸੀ।
 ਲੇਖਕ ਸਿਅਸਤਦਾਨਾ ਦੀਆਂ ਕੋਝੀਆਂ ਚਾਲਾਂ ਅਤੇ ਹਰਕਤਾਂ ਤੋਂ ਵੀ ਚਿੰਤਤ ਲਗਦਾ ਹੈ ਜਿਹੜੇ ਆਮ ਲੋਕਾਂ ਨੂੰ ਧਰਮਾਂ ਦੇ ਨਾਂ ਤੇ ਲੜਾ ਕੇ ਆਪ ਆਪਣਾ ਉਲੂ ਸਿੱਧਾ ਕਰਦੇ ਹੋਏ ਆਨੰਦ ਮਾਣਦੇ ਹਨ। ਆਪਣੀ ਇੱਕ ਗ਼ਜ਼ਲ ਵਿਚ ਲਿਖਦਾ ਹੈ-
       ਲੜਦੀ ਖ਼ਲਕਤ ਨੂੰ ਨਿਤ ਦੇਖਦਾ ਬਾਰੀ ‘ਚੋਂ,
       ਸ਼ੂਗਲ ਹਾਕਮ ਦਾ ਦਿਲ ਨੂੰ ਇਹ ਪਰਚਾਉਣ ਦਾ।
ਸ਼ਹਿ ਵਿਚ ਮੰਦਰਾਂ ਮਸਜਿਦਾਂ ਨੂੰ ਕਦੇ, ਢਾਉਣ ਦਾ ਤੇ ਕਦੇ ਅੱਗ ਲਗਵਾਉਣ ਦਾ।
ਇਹ ਪੰਛੀਆਂ ਨੂੰ ਪਾ ਕੇ ਮੁੱਠੀ ਭਰ ਦਾਣੇ, ਇਵਜ਼ ਵੱਜੋਂ ਇਹ ਸੱਤਾ ਆਸਮਾਨ ਲੈਂਦੀ ਹੈ।
  ਧਾਰਮਿਕ ਲੋਕਾਂ ਦੀਆਂ ਗੁਮਰਾਹਕੁਨ ਚਾਲਾਂ ਤੋਂ ਬਚਕੇ ਮਿਹਨਤ ਮਜ਼ਦੂਰੀ ਕਰਨ ਲਈ ਪ੍ਰੇਰਦਾ ਲੇਖਕ ਵਿਸ਼ਵਾਸ਼ ਦਿਵਾਉਂਦਾ ਹੈ ਕਿ ਸਮਾਜ ਵਿਚ ਨਾਬਰਾਬਰੀ ਖ਼ਤਮ ਕਰਨ ਲਈ ਦਿ੍ਰੜਤਾ ਜ਼ਰੂਰੀ ਹੈ। ਜਿਹੜਾ ਵਿਅਕਤੀ ਹਾਰ ਨਹੀਂ ਮੰਨਦਾ ਸਫਲਤਾ ਉਸਦੇ ਪੈਰ ਚੁੰਮਦੀ ਹੈ। ਉਹ ਲਿਖਦਾ ਹੈ-
        ਹਾਰ ਵੀ ਉਸ ਸ਼ਖ਼ਸ਼ ਅੱਗੇ ਹਾਰ ਆਪਣੀ ਮੰਨਦੀ ਹੈ, 
        ਹਾਰਕੇ ਵੀ ਮੰਨਦਾ ਨਈਂ ਜੋ ਕਦੇ ਹਾਰ ਨੂੰ।
        ਦੀਵੇ ਰਹਿੰਦੇ ਨੇ ਮਨਾਂ ਵਿਚ ਸਾਡੇ ਜਗਦੇ ਉਹ ਸਦਾ,
        ਸੀਨੇ ਸਹਿ ਲੈਂਦੇ ਨੇ ਜੋ ਝੱਖ਼ੜਾਂ ਦੀ ਮਾਰ ਨੂੰ।
  ਇਸ ਪੁਸਤਕ ਵਿਚ 81 ਗ਼ਜ਼ਲਾਂ ਹਨ ਜਿਨਾਂ ਵਿਚੋਂ ਬਹੁਤੀਆਂ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਹਨ, ਜਿਹੜੀਆਂ ਆਮ ਲੋਕਾਂ ਨਾਲ ਹੋ ਰਹੀਆਂ ਜਿਆਦਤੀਆਂ ਅਤੇ ਸਮਾਜਿਕ ਅਨਿਆਂ ਦਾ ਪਰਦਾ ਫਾਸ਼ ਕਰਦੀਆਂ ਹਨ। ਜਦੋਂ ਕਿ ਆਮ ਤੌਰ ਤੇ ਗ਼ਜ਼ਲ ਨੂੰ ਰੁਮਾਂਸਵਾਦੀ ਹੀ ਗਿਣਿਆਂ ਜਾਂਦਾ ਹੈ। ਅਸਲ ਵਿਚ ਲੇਖਕ ਜਿਸ ਸਮਾਜ ਵਿਚ ਰਹਿ ਰਿਹਾ ਹੈ, ਉਸ ਸਮਾਜ ਵਿਚ ਜੋ ਕੁਝ ਵਾਪਰ ਰਿਹਾ ਹੈ ਉਸਦੇ ਪ੍ਰਭਾਵ ਦਾ ਉਸ ਦੀਆਂ ਗ਼ਜ਼ਲਾਂ ਉਪਰ ਗਹਿਰਾ ਪ੍ਰਭਾਵ ਹੈ। ਉਸਨੇ ਗ਼ਰੀਬੀ, ਮਾਂ ਬਾਪ ਦੀ ਨਿਰਾਦਰੀ, ਧੋਖਾ, ਫ਼ਰੇਬ ਅਤੇ ਹੋਰ ਸਮਾਜਿਕ ਅਨਿਅਏ ਵਾਲੇ ਵਿਸ਼ਿਆਂ ਨੂੰ ਲੈਕੇ ਸਿੱਧੇ ਤੌਰ ਤੇ ਨਹੀਂ ਸਗੋਂ ਸਾਹਿਤਕ ਗ਼ਲੇਫ ਵਿਚ ਲਪੇਟਕੇ ਦਰਸਾਇਆ ਹੈ। ਲੇਖਕ ਦਾ ਇਹੋ ਪੱਖ ਉਸਨੂੰ ਮਾਨਵਵਾਦੀ ਲੇਖਕ ਦੇ ਤੌਰ ਸਥਾਪਤ ਹੋਣ ਵਿਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ।

                   
                     ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
                        ਮੋਬਾਈਲ-94178 13072
                 
   

ਲੇਖਕ : ਉਜਾਗਰ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 14
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :589

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ