ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਅਮਨਦੀਪ ਸਿੰਘ ਦੀ ਬੇਹੱਦ ਕੀਮਤੀ ਪੁਸਤਕ ਹੈ “ਕੰਕਰ-ਪੱਥਰ”

ਬੇਹੱਦ ਕੀਮਤੀ ਪੁਸਤਕ “ਕੰਕਰ-ਪੱਥਰ” ਅਮਨਦੀਪ ਸਿੰਘ ਦੀ 193ਨਜ਼ਮਾਂ, ਗ਼ਜਲਾਂ ਤੇ ਗੀਤਾਂ ਦਾ ਸੰਗ੍ਰਿਹ ਹੈ। ਇਸ ਪੁਸਤਕ ਦੇ 234 ਸਫੇ ਹਨ ਅਤੇ ਇਹ ਪੇਪਰ ਬੈਕ 'ਚ ਬਹੁਤ ਹੀ ਸੁੰਦਰ ਢੰਗ ਨਾਲ ਛਾਪੀ ਗਈ ਹੈ। ਪੁਸਤਕ ਕੰਕਰ-ਪੱਥਰ [ਕਾਵਿ-ਸੰਗ੍ਰਿਹ] ਕਵੀ ਦੇ ਆਪਣੇ ਲਫ਼ਜ਼ਾਂ ਵਿਚ ਕੋਰੇ ਪੰਨਿਆਂ ਨੂੰ ਲਿਬਾਸ ਪਹਿਨਾਣ ਦਾ ਯਤਨ ਹੈ। ਲੇਖਕ ਇਸ ਤੋਂ ਪਹਿਲਾਂ “ਟੁਟਦੇ ਤਾਰਿਆਂ ਦੀ ਦਾਸਤਾਨ” [ਵਿਗਿਆਨ ਗਲਪ ਕਹਾਣੀ ਸੰਗ੍ਰਿਹ] ਪੰਜਾਬੀ ਪਾਠਕਾਂ ਨੂੰ ਦੇ ਚੁੱਕਾ ਹੈ!
ਜ਼ਿੰਦਗੀ ਨੂੰ ਸਿਦਕ ਅਤੇ ਖੁਲ-ਦਿਲੀ ਨਾਲ ਜੀਉਦਿਆਂ ਲੇਖਕ ਨੇ ਉਨਾਂ ਪਲਾਂ -ਛਿਣਾਂ ਨੂੰ ਨਿਵੇਕਲੇ ਅੰਦਾਜ਼ ਵਿਚ ਕਲਮਬੰਦ ਕੀਤਾ ਹੈ, ਜਿਸ ਨਾਲ ਸੱਚੀ-ਸੁੱਚੀ ਸੋਚ ਵਾਲਾ, ਕੋਈ ਵੀ ਚਿੰਤਕ ਦਿਨ-ਪ੍ਰਤੀ ਜ਼ਿੰਦਗੀ ਨਾਲ ਦੋ-ਚਾਰ ਹੁੰਦਾ ਹੈ, ਖਾਸ ਕਰਕੇ ਉਦੋਂ ਜਦੋਂ ਉਹ ਆਪਣਿਆਂ ਤੋਂ ਦੂਰ ਪ੍ਰਵਾਸ ਹੰਡਾ ਰਿਹਾ ਹੋਵੇ।
ਉਹਦੇ 'ਗੀਤ' ਉਸਦੇ ਸਵੈ ਦੀ ਦਾਸਤਾਨ ਕਹਿੰਦੇ ਹਨ।ਉਹਦੀਆਂ ਕਵਿਤਾਵਾਂ ਉਹਦੇ ਵੇਦਨਾ ਬਿਆਨ ਕਰਦੀਆਂ ਹਨ। ਉਹਦੀਆਂ ਗ਼ਜ਼ਲਾਂ ਜ਼ਿੰਦਗੀ ਦੀ ਜੱਦੋ ਜਹਿਦ ਦੀ ਤਸਵੀਰ ਪੇਸ਼ ਕਰਦੀਆਂ ਹਨ।
ਗ਼ਜਲਾਂ ਦਾ ਰੰਗ ਵੇਖੋ! ਦਿਲ 'ਚੋਂ ਧੂੰਆ ਨਿਕਲਦਾ ਹੈ, ਧੂੰਏ 'ਚੋਂ ਪ੍ਰਛਾਵੇਂ ਪੈਦਾ ਹੁੰਦੇ ਹਨ, ਵਿਸਮਾਦ ਉਮੜਦਾ ਹੈ, ਅਹਿਦੇ-ਵਫ਼ ਨਾਲ ਪੁਰੰਨਿਆ ਪਿਆਰ ਸੁਪਨੇ ਸਿਰਜਦਾ ਹੈ, ਮਨ ਪਾਗਲ ਹੋ ਉਠਦਾ ਹੈ, ਪਰ ਖਾਲੀਪਨ ਦਾ ਅਹਿਸਾਸ ਫਿਰ ਵੀ ਮਨੁੱਖ ਦਾ ਪਿੱਛਾ ਨਹੀਂ ਛੱਡਦਾ। ਤੜਪ, ਮਨ ਨੂੰ ਲੂੰਹਦੀ ਹੈ, ਫ਼ਰਕਤ [ਜੁਦਾਈ] ਮਨ ਨੂੰ ਹੋਰੂੰ ਹੋਰੂੰ ਕਰ ਦਿੰਦੀ ਹੈ ਤੇ ਇਕ ਅਜਨਬੀ ਆਸ ਫਿਰ ਵੀ ਦਿਲ ਨੂੰ ਹੁਲਾਰਾ ਪ੍ਰਦਾਨ ਕਰਦੀ ਹੈ। ਸਵਾਲਾਂ ਦਾ ਜਵਾਬ ਲੱਭਦੀ ਹੈ ਅਤੇ ਅੱਜ ਦੀ ਰਾਤ ਨਾਲ ਜੀਊਣ ਦੀ ਆਸ ਅਤੇ ਚਾਹ ਨਾਲ ਮੰਜ਼ਿਲਾਂ ਦੇ ਪੈਂਡੇ ਸਰ ਕਰਨ ਦਾ ਬਲ ਬਖ਼ਸਦੀ ਹੈ। ਇਹੀ ਹੈ ਮੁਹੱਬਤ ਇਹੀ ਹੀ ਹੈ ਬੇਚੈਨੀ ਇਹੀ ਹੈ ਬੇਕਰਾਰੀ ,ਇਹੀ ਹੈ ਜ਼ਿੰਦਗੀ, ਇਹੀ ਹੈ ਪਿਆਰ, ਇਹੀ ਹੈ ਪਿਆਰ ਦਾ ਕਰਜ਼, ਇਹੀ ਹੈ ਵਿਸਾਲੇ-ਯਾਰ ਦਾ ਚਾਂਦਨੀ ਰਾਤ ਦਾ ਮਿਲਾਪ, ਬੇਕਰਾਰ ਮਨ ਜੀਹਦੇ ਲਈ ਤਾਂਘਦਾ ਉਮਰਾਂ ਉਡੀਕਦਾ ਹੈ, ਹਰ ਕਿਸੇ ਨੂੰ ਨਹੀਂ, ਆਪਣੇ ਮਿੱਤਰ ਨੂੰ, ਯਾਰ ਨੂੰ, ਪਿਆਰੇ ਨੂੰ, ਆਪਣੀ ਮੰਜ਼ਿਲ ਨੂੰ। ਇਹ ਯਾਦ, ਇਹ ਉਡੀਕ ਉਸਦਾ ਅਜ਼ਬ ਹਾਲ ਬਣਾ ਦਿੰਦੀ ਹੈ। ਪਰ ਮਨ ਆਪਣੇ ਜੀਅ ਨੂੰ ਬਹਿਲਾਉਂਦਾ ਰਾਤਾਂ ਦੇ, ਸੁਪਨਿਆਂ ਨੂੰ ਅੱਖਾਂ 'ਚ ਸਿਰਜਦਾ, ਜ਼ਿੰਦਗੀ ਦੇ ਸਫਰ ਤੇ ਇਹ ਕਹਿਕੇ ਤੁਰਿਆ ਜਾਂਦਾ ਹੈ “ਤੇਰ-ਮੇਰ ਕਾਹਦੀ, ਦੋ ਮੂਰਤਾਂ 'ਚ ਜੋਤ ਤਾਂ ਇਕੋ ਹੈ, ਇੱਕੋ ਦਿਲ ਹੈ, ਜੋ ਧੜਕਦਾ ਭਾਵੇਂ ਵੱਖੋ ਵੱਖ ਸਰੀਰਾਂ 'ਚ ਹੈ। ਕਦੇ ਉਦਾਸੀ, ਉਦਾਸ ਦਿਲ ਦਾ ਉਦਾਸ ਆਈਨਾ ਪ੍ਰਤੀਬਿੰਬਤ ਕਰਦੀ ਹੈ ਤੇ ਕਦੇ ਦਿਲ ਖੁਸ਼ੀ 'ਚ ਟਹਿਕ, ਪਿਆਰੇ ਦੇ ਜ਼ਿੰਦਗੀ ਦੇ ਦਰਸ਼ਨ ਦੀਦਾਰੇ ਕਰਦਾ ਗਦ-ਗਦ ਹੋਇਆ, ਸੁੰਨੇ ਅਕਾਸ਼ ਵਿਚ ਵੀ ਤਾਰੇ ਵੇਖਦਾ ਹੈ। ਪਿਆਰੇ ਦੀ ਯਾਦ, ਉਸਦੀ ਯਾਦ ਦੇ ਨਕਸ਼ ਲੱਭਦਾ ਦਿਲ, ਕਈ ਵੇਰ ਮਿੱਟੀ ਹੋਇਆ ਦਿਸਦਾ ਹੈ ਤੇ ਕਦੇ ਸੋਨਾ। ਦਿਲ ਇਸੇ ਵਿੱਚ ਜੀਵਨ ਤਲਾਸ਼ਦਾ ਹੈ। ਦਿਲ ਪਿਆਰ ਦਾ ਸਾਗਰ ਹੈ, ਜਿਸ ਅੱਗੇ ਪਿਆਰੇ ਬੇਵੱਸ ਹੋ ਭਾਵੇਂ ਮੂਧੇ ਮੂੰਹ ਡਿਗਦੇ ਹਨ ਜ਼ਿੰਦਗੀ ਦੇ ਆਸ਼ਕ ,ਇਸੇ ਨੂੰ ਉਹ ਜ਼ਿੰਦਗੀ ਦਾ ਰਾਜ਼ ਗਿਣਦੇ ਹਨ, ਡਿਗਣਾ, ਢਹਿਣਾ, ਮੁੜ ਉਠ ਬੈਠਣਾ ਤੇ ਪਿਆਰ ਦਾ ਗੁਲਜ਼ਾਰ ਫੁਲਾਂ ਵਾਂਗਰ ਖਿੜਾਈ ਰੱਖਣਾ। ਪਿਆਰੇ ਦੀਆਂ ਯਾਦਾਂ, ਆਸ ਦੀ ਜੋਤ ਜਗਾਉਦੀਆਂ ਜ਼ਿੰਦਗੀ ਨੂੰ ਨਵੇਂ ਅਰਥ ਦਿੰਦੀਆਂ ਹਨ, ਦਰਦ ਵਿਚੋਂ ਵੀ ਅਨੰਦ ਦਿੰਦੀਆਂ ਹਨ, ਤੇ ਪੰਛੀ ਵਾਂਗਰ ਭਟਕਦਾ ਮਨੁੱਖ, ਮੁਸਕਰਾਹਟਾਂ ਦੇ ਦੀਵੇ ਜਗਾ ਕੇ, ਪਿਆਰ ਦੀ ਖੁਮਾਰੀ 'ਚ ਮੁੜ ਆਪਣੇ ਆਪ ਨੂੰ ਤਰੋ ਤਾਜਾ ਕਰਦਾ ਹੈ, ਇਹ ਆਖਕੇ ਕਿ ਮੈਂ “ਤੇਰੇ ਵਗੈਰ” ਕਾਹਦਾ? ਜੀਵਨ ਦੀ ਇਹੋ ਹੀ ਤਾਂ ਮਰਿਆਦਾ ਹੈ, ਇੱਕ ਨਵੀਂ ਕਰਾਂਤੀ ਵਰਗੀ।
ਗਜ਼ਲਾਂ ਵਾਂਗਰ ਅਮਨਦੀਪ ਸਿੰਘ ਦੀਆਂ ਕਵਿਤਾਵਾਂ ਦੇ ਰੰਗ ਵੀ ਉਘਰਵੇਂ ਹਨ ਅਤੇ ਗੀਤਾਂ ਦੇ ਵੀ। ਡਾ: ਡੀ.ਪੀ. ਸਿੰਘ ਦੇ ਸ਼ਬਦਾਂ ਵਿੱਚ ਕਵੀ ਅਮਨਦੀਪ ਸਿੰਘ ਨੇ ਆਪਣੇ ਗੀਤਾਂ ਵਿਚ ਸੁਰਮਈ ਸ਼ਾਮ, ਧਰਤੀ ਦਾ ਨਾਚ, ਸੂਰਜ ਦਾ ਘੁੰਮਰ, ਉਦਾਸੀ ਦੇ ਖੰਭ, ਹਿਜ਼ਰ ਪਿਆਲਾ ਤੇ ਦਰਦ ਦੀ ਪੀਂਘ ਵਰਗੇ ਬਿੰਬਾਂ ਨੂੰ ਖੂਬਸੂਰਤੀ ਨਾਲ ਨਿਬਾਹਿਆ ਅਤੇ ਉਸਦੇ ਅਨੇਕ ਗੀਤ ਸਵੈ ਦੀ ਤਲਾਸ਼ ਦਾ ਸਫਰ ਬਿਆਨਦੇ ਹਨ।
ਪ੍ਰਵਾਸੀ ਇੰਜੀਨੀਅਰ ਕਵੀ ਅਮਨਦੀਪ ਆਸ਼ਾਵਾਦੀ ਕਵੀ ਹੈ ਅਮਨਦੀਪ। ਉਸਦੇ ਮਨ 'ਚ ਉਤਰਾਅ- ਚੜਾਅ ਤਾਂ ਆਉਂਦੇ ਹਨ, ਪਰ ਜ਼ਿੰਦਗੀ ਦੀ ਜਦੋ-ਜਹਿਦ ਦੇ ਸੰਘਰਸ਼ 'ਚ ਉਹਦੇ ਸ਼ਬਦਾਂ 'ਚੋਂ ਉਦਾਸੀ ਕਿਧਰੇ ਵੀ ਵਿਖਾਈ ਨਹੀਂ ਦਿੰਦੀ। ਨਵੇਂ ਤਜ਼ਰਬੇ ਕਰਨਾ ਉਸਦੀ ਜ਼ਿੰਦਗੀ ਦਾ ਉਦੇਸ਼ ਜਾਪਦਾ ਹੈ ਅਤੇ ਸਮੱਸਿਆਵਾਂ, ਚਿੰਤਾਵਾਂ ਨਾਲ ਦੋ ਚਾਰ ਹੋਣਾ ਉਸਦਾ ਕਰਮ। ਮਾਨਵਤਾ ਦੇ ਦਰਦ ਨੂੰ ਆਪਣਾ ਦਰਦ ਸਮਝਦਿਆਂ, “ਨਾ ਕੋਈ ਹਿੰਦੂ ਨਾ ਮੁਸਲਮਾਨ” ਦਾ ਬਾਬੇ ਨਾਨਕ ਦਾ ਜਗਤ ਪ੍ਰਸਿੱਧ ਹੋਕਾ, ਉਸਦੀ ਕਲਮ ਦੀ ਨੋਕ ਦਾ ਜਿਵੇਂ ਆਦਰਸ਼ ਹੈ। ਕਵੀ “ਮੈਂ ਕੌਣ ਹਾਂ” ਕਵਿਤਾ 'ਚ ਆਪੇ ਦੀ ਤਲਾਸ਼ ਕਰਦਾ ਹੈ। ਅਤੇ ਆਪੇ ਆਪਣੇ ਆਪ ਨੂੰ ਪੂਰਨ ਦੀ ਚਾਂਦਨੀ ਆਖਦਾ ਉਸਦਾ ਜਵਾਬ ਦਿੰਦਾ ਹੈ। ਕਵੀ ਸੂਖਮਤਾ ਨਾਲ ਜਿਥੇ ਪ੍ਰਵਾਸ ਦੇ ਦਰਦ ਦਾ ਬਿਆਨ ਕਰਦਾ ਹੈ, ਉਥੇ 1984 ਦੇ ਸਿੱਖ ਕਤਲੇਆਮ ਨੂੰ ਯਾਦ ਕਰਕੇ ਤੜਫਦਾ ਹੈ। ਕਵੀ ਜਿਥੇ ਯੁੱਧ ਨੂੰ ਨਫਰਤ ਕਰਦਾ ਹੈ, ਉਥੇ ਅਮਨ ਨੂੰ ਆਪਣੇ ਗਲ ਲਗਾਕੇ ਵਿਸ਼ਵ ਸ਼ਾਤੀ ਦੀ ਪ੍ਰਤਿਗਿਆ ਕਰਦਾ ਹੈ। ਅਜ਼ਨਬੀ ਰਾਹ ਦੇ ਪਰਛਾਵੇਂ ਫੜਦਾ ਅਮਨਦੀਪ ਸਿੰਘ ਕਦੇ ਕਦੇ ਆਪਣੇ ਆਪ ਵਿੱਚ ਗੁਆਚਿਆ ਨਜ਼ਰ ਆਉਂਦਾ ਹੈ, ਪਰ ਸਿਰਫ ਜ਼ਜਬਿਆਂ ਦਾ ਪੱਲਾ ਫੜਕੇ ਉਹ ਜ਼ਿੰਦਗੀ ਦੇ ਸੱਚ ਅਤੇ ਮਾਨਵੀ ਦੁੱਖਾਂ-ਦਰਦਾਂ ਦਾ ਸੱਚ ਬਿਆਨ ਕਰਨ ਦੇ ਫਰਜ਼ ਤੋਂ ਕੰਨੀ ਨਹੀਂ ਕਤਰਾਉਂਦਾ।
ਅਮਨਦੀਪ ਸਿੰਘ ਦੀ ਪੁਸਤਕ ਕੰਕਰ-ਪੱਧਰ ਸਚਮੁੱਚ ਉਹਦੇ ਅੰਦਰਲੀ ਕਵਿਤਾ ਦੇ ਦਰਿਆ ਦਾ ਵਹਿਣ ਹੈ, ਉਸਦੇ ਆਪਣੇ ਸ਼ਬਦਾਂ 'ਚ ਉਹਦੇ ਨੈਣਾਂ ਦੀ ਚਮਕਣ ਹੈ। ਇਸ ਪੁਸਤਕ ਨੂੰ ਪੰਜਾਬੀ ਪਾਠਕਾਂ ਵਲੋਂ ਜੀਅ ਆਇਆਂ ਕਹਿਣਾ ਬਣਦਾ ਹੈ। ਇਸ ਪੁਸਤਕ ਉੱਤੇ ਪੁਸਤਕ ਦੀ ਕੋਈ ਕੀਮਤ ਦਰਜ ਨਹੀਂ। ਅਮਨਦੀਪ ਸਿੰਘ ਦੁਆਬੇ [ਪੰਜਾਬ] ਦੇ ਪ੍ਰਸਿੱਧ ਪਿੰਡ ਨੌਰਾ [ਸ਼ਹੀਦ ਭਗਤ ਸਿੰਘ ਨਗਰ, ਪੰਜਾਬ] ਦਾ ਵਸਨੀਕ ਹੈ, ਅਤੇ ਅਮਰੀਕਾ ਦੇ ਬੌਸਟਨ ਸ਼ਹਿਰ 'ਚ ਅੱਜਕਲ ਰਹਿੰਦਾ ਹੈ।

ਲੇਖਕ : ਗੁਰਮੀਤ ਪਲਾਹੀ ਹੋਰ ਲਿਖਤ (ਇਸ ਸਾਇਟ 'ਤੇ): 7
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :710

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ