ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਅੱਜ ਦੀਆਂ ਸਮਾਜਿਕ ਕਦਰਾਂ ਕੀਮਤਾਂ ਨਾਲ ਲਬਰੇਜ਼: ਕਾਗਜ਼

ਪੰਜਾਬੀ ਕਹਾਣੀ ਇਸ ਸਮੇਂ ਸਫ਼ਲਤਾਂ ਦੀਆਂ ਬੁਲੰਦੀਆਂ ’ਤੇ ਹੈ, ਇਸ ’ਚ ਕੋਈ ਅਤਕਥਨੀ ਨਹੀਂ ਹੈ ਕਿ ਪੰਜਾਬੀ ਕਹਾਣੀ ਵਿਸ਼ਵ ਪੱਧਰ ਦੀ ਹੈ। ਪੰਜਾਬੀ ਕਹਾਣੀ ਅਨੇਕ ਰੂਪਾਂ ’ਚ ਲਿਖੀ ਜਾ ਰਹੀ ਹੈ, ਹਰ ਰੂਪ ਦਾ ਆਪਣਾ ਆਪਣਾ ਮਹਤੱਵ ਹੁੰਦਾ ਹੈ। ਇਹ ਗੱਲ ਅਲੱਗ ਹੈ ਕਿ ਅਲੋਚਕ ਵਰਗ ਇਸ ਨੂੰ ਕਿਸ ਢੰਗ ਨਾਲ ਲੈਂਦਾ ਹੈ, ਹਰ ਇੱਕ ਲੇਖਕ ਅਤੇ ਅਲੋਚਕ ਆਪਣੇ-ਆਪਣੇ ਤਰੀਕੇ ਨਾਲ ਸੋਚਦਾ ਹੈ ਅਤੇ ਲਿਖਦਾ ਹੈ। ਅਗਰ ਅਸੀਂ ਇਸ ਵਿਸ਼ੇ ਤੇ ਗੱਲ ਕਰਦੇ ਹਾਂ ਤਾਂ ਅਸੀਂ ਆਪਣੇ ਵਿਸ਼ੇ ਤੋਂ ਭਟਕ ਜਾਵਾਂਗੇ। ਅਸੀਂ ਗੱਲ ਸੁਧਾਰਵਾਦੀ ਸਾਹਿਤ ਦੀ ਕਰਦੇ ਹਾਂ।
ਪੰਜਾਬੀ ਸਾਹਿਤ ਦਾ ਅਰੰਭ ਹੀ ਸੁਧਾਰਵਾਦੀ ਸਹਿਤ ਤੋਂ ਹੋਇਆ। ਪੰਜਾਬੀ ਸਾਹਿਤ ’ਚ ਅਨੇਕ ਸੁਧਾਰਵਾਦੀ ਲੇਖਕ ਪੈਦਾ ਹੋਏ। ਪੰਜਾਬੀ ਸਾਹਿਤ ਦੇ ਪਿਤਾਮਾਂ ਨਾਨਕ ਸਿੰਘ ਨੇ ਸਮਾਜ ਨੂੰ ਝੰਜੋੜ ਕੇ ਰੱਖ ਦੇਣ ਵਾਲੀਆਂ ਰਚਨਾਵਾਂ ਸਮਾਜ ਨੂੰ ਦਿੱਤੀਆਂ । ਸਾਹਿਤ ਨਾਨਕ ਸਿੰਘ ਵਾਸਤੇ ਕਿਸੇ ਇਬਾਦਤ ਤੋਂ ਘੱਟ ਨਹੀਂ ਸੀ, ਚਿੱਟਾ ਲਹੂ ਪਵਿੱਤਰ ਪਾਪੀ, ਗਰੀਬ ਦੀ ਦੁਨੀਆਂ, ਅਣਸੀਤੇ ਜਖ਼ਮ, ਮਤਰੇਈ ਮਾਂ ਤੋਂ ਇਲਾਵਾ ਬਹੁਤ ਸਾਰੀਆਂ ਰਚਨਾਵਾਂ ਸਾਹਿਤਕ ਜਗਤ ਨੂੰ ਦਿੱਤੀਆਂ।
ਸਮਾਜ ਨੂੰ ਅੱਜ ਵੀ ਸੁਧਾਰਵਾਦੀ ਸਾਹਿਤ ਦੀ ਜ਼ਰੂਰਤ ਹੈ। ਸਾਨੂੰ ਆਪਣੀ ਸੱਭਿਅਤਾ ਅਤੇ ਸਮਾਜਿਕ ਢਾਂਚੇ ਨੂੰ ਸਹੀ ਦਿਸ਼ਾ ਵੱਲ ਲਿਜਾਣਾ ਹੋਵੇਗਾ, ਨਾ ਕਿ ਦੂਸਰੀਆਂ ਪੱਛਮੀ ਸਭਿਅਤਾਵਾਂ ਵੱਲ ਦੋੜਣਾ ਹੈ। ਸਾਡੀ ਆਪਣੀ ਸਭਿਅਤਾ ਹੀ ਬਹੁਤ ਅਮੀਰ ਵਿਰਸੇ ਦੀ ਮਾਲਕ ਹੈ, ਫਿਰ ਵੀ ਸਾਡਾ ਸਮਾਜ ਅੱਜ ਵੀ ਸਮਾਜਿਕ ਨਾ ਬਰਬਾਰੀ ਵੱਲ ਵੱਧ ਰਿਹਾ ਹੈ। ਸਾਡੀ ਸਮਾਜਿਕ ਊਚ-ਨੀਚ, ਜਾਤ-ਪਾਤ, ਧਾਰਮਿਕ ਕੱਟੜਤਾ ਸਮਾਜ ਦੇ ਕਣ ਕਣ ਵਿੱਚ ਸਮਾਈ ਹੋਈ ਹੈ। ਪੱਛਮੀ ਦੇਸ਼ ਤਰੱਕੀ ਦੀਆਂ ਰਾਹਾਂ ਤੇ ਹਨ। ਉਹ ਇਸ ਕੋਹੜ ਤੋਂ ਕੋਸੋਂ ਦੂਰ ਹਨ, ਅਸੀਂ ਚਾਹੇ ਲੱਖ ਤਰੀਕੇ ਦੇ ਦਾਅਵੇ ਕਰੀਏ ਸਚਾਈ ਤਾਂ ਇਹ ਹੈ ਮਨੋਵਿਗਿਆਨਿਕ ਤੌਰ ਤੇ ਰੂੜੀਵਾਦੀ ਹਾਂ, ਅਸੀਂ ਧਰਮ ਅਤੇ ਸੱਭਿਆਚਾਰ ਦੇ ਨਾਂ ਤੇ ਹੇਠਾਂ ਅਣਮਨੁਖੀ ਕਾਰੇ ਕਰ ਰਹੇ ਹਾਂ।
ਅੱਜ ਦਾ ਨੌਜਵਾਨ ਕਾਫ਼ੀ ਜਾਗ੍ਰਿਤ ਹੋ ਚੁੱਕਿਆ ਹੈ। ਨੌਜਵਾਨ ਹੀ ਸਮਾਜ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾ ਸਕਦਾ ਹੈ ਕਿਉਂਕਿ ਉਸ ਵਿਚ ਜੋਸ਼, ਲਗਨ ਤੇ ਕੰਮ ਕਰਨ ਦਾ ਜਾਨੂੰਨ ਹੁੰਦਾ ਹੈ। ਜਿਸ ਸਮਾਜ ਦੇ ਨੌਜਵਾਨ ਨੂੰ ਸਹੀ ਦਿਸ਼ਾ ਨਿਰਦੇਸ਼ ਮਿਲਦੇ ਹਨ ਅਤੇ ਉਹ ਸਮਾਜ ਤਰੱਕੀ ਦੀਆਂ ਬੁਲੰਦੀਆਂ ਸਰ ਕਰ ਲੈਂਦਾ ਹੈ। ਬਦਕਿਸਮਤੀ ਨਾਲ ਜੇਕਰ ਕਿਸੇ ਸਮਾਜ ਦੇ ਨੌਜਵਾਨਾਂ ਨੂੰ ਉਸੇ ਸਮਾਜ ਦੇ ਜਿੰਮੇਵਾਰ ਲੋਕ ਗਲਤ ਅਗਵਾਈ ਦਿੰਦੇ ਹਨ ਤਾਂ ਉਹ ਗਲਤ ਅਗਵਾਈ ਹੀ ਨੌਜਵਾਨ ਹੱਥੋਂ ਸਮਾਜ ਨੂੰ ਤਹਿਸ ਨਹਿਸ ਕਰਨ ’ਚ ਕੋਈ ਕਸਰ ਨਹੀਂ ਛਡਦੀ ਨਤੀਜੇ ਵੱਜੋਂ ਸਮਾਜ ’ਚ ਸਿਵਾਏ ਤਬਾਹੀ ਅਤੇ ਬਰਬਾਦੀ ਦੇ ਕੁੱਝ ਨਹੀਂ ਰਹਿੰਦਾ।
ਅੱਜ ਅਸੀਂ ਗੱਲ ਕਰਦੇ ਹਾਂ ਸਮਾਜ ਦੇ ਉਸ ਨੌਜਵਾਨ ਦੀ ਜਿਸਦਾ ਨਾਂ ਹੈ ਇਕਵਾਕ ਸਿੰਘ ਪੱਟੀ । ਛੋਟੀ ਉਮਰ ਦੇ ਇਸ ਵੱਡੇ ਲੇਖਕ ਦੀਆਂ ਰਚਨਾਵਾਂ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਅਖ਼ਬਾਰਾਂ, ਰਸਾਲਿਆਂ, ਵੈੱਬ-ਸਾਈਟਾਂ ਤੇ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। ਸਰਕਾਰੀ ਸਕੂਲ ਕੋਟ ਬਾਬਾ ਦੀਪ ਸਿੰਘ ਤੋਂ ਦੱਸਵੀਂ ਪਾਸ ਕਰਨ ਉਪਰੰਤ ਪੜ੍ਹਾਈ ਛੱਡ ਦਿੱਤੀ ਅਤੇ ਫਿਰ ਪ੍ਰਾਈਵੇਟ ਤੌਰ ਤੇ ਅੱਗੇ ਦੀ ਪੜ੍ਹਾਈ ਨੂੰ ਜਾਰੀ ਰੱਖਿਆ। ਲੇਖਣੀ ਦੇ ਨਾਲ-ਨਾਲ, ਸੰਗੀਤ ਨਾਲ ਵੀ ਜੁੜਿਆਂ ਹੋਇਆ ਹੈ ਅਤੇ ਕੈਨੇਡਾ ਦੇ ਮਸ਼ਹੂਰ ‘ਵਿਰਾਸਤ ਰੇਡੀਉ’ ਤੋਂ ਧਰਮ ਪ੍ਰਚਾਰ ਦੇ ਸੇਵਾ ਵੀ ਬਾਖੂਬੀ ਨਿਭਾਅ ਰਿਹਾ ਹੈ।ਪੱਟੀ ਦੀਆਂ ਸਾਹਿਤ, ਧਰਮ ਅਤੇ ਸਮਾਜ ਦੇ ਗੰਭੀਰ ਵਿਸ਼ਿਆਂ ਨਾਲ ਸਬਧਿਤ ਕਈ ਪੁਸਤਕਾਂ ਪ੍ਰਕਾਸ਼ਿਤ ਹੋਈਆਂ, ਜਿਨ੍ਹਾਂ ’ਚ ਪੁਸਤਕ ਆਉ ਨਾਨਕ ਵਾਦ ਦੇ ਧਾਰਨੀ ਬਣੀਏ, ਗੁਰੂ ਮੁਰਤਿ ਗੁਰ ਸ਼ਬਦ ਹੈ, ਤਬਲਾ-ਸਿਧਾਂਤਕ ਪੱਖ, ਨਸੀਬ ਕਹਾਣੀ ਸੰਗ੍ਰਹਿ (ਸੰਪਾਦਤ) ਅਤੇ ਹੱਥਲੀ ਪੁਸਤਕ ਕਾਗਜ਼ ਉਸ ਦੀ ਮੌਲਿਕ ਪੁਸਤਕ ਹੈ।
ਹੱਥਲਾ ਕਹਾਣੀ ਸੰਗ੍ਰਹਿ ਕਾਗਜ਼ ਰਤਨ ਬ੍ਰਦਰਜ਼, ਅਮ੍ਰਿਤਸਰ ਪ੍ਰਕਾਸ਼ਨ ਦੀ ਦੇਣ ਹੈ। ਇਸ ਪੁਸਤਕ ਵਿੱਚ 15 ਛੋਟੀਆਂ ਵੱਡੀਆਂ ਕਹਾਣੀਆਂ ਕੁੱਲ ਸਫੇ 136 ਕੀਮਤ 150/-ਰੁ: (ਭਾਰਤ) 7 $ (ਵਿਦੇਸ਼) ਅਤੇ ਪੁਸਤਕ ਪ੍ਰਾਪਤ ਕਰਨ ਲਈ ਸੰਪਰਕ ਨੰਬਰ +91-98037-17699 ਹੈ। ਕਿਤਾਬ ਦੀ ਛਪਾਈ, ਜਿਲਦ, ਟਾਈਟਲ ਅਤੇ ਕਾਗਜ਼ ਤੇ ਵੀ ਵਿਸ਼ੇਸ਼ ਧਿਆਨ ਦੇ ਕੇ ਇੱਕ ਮਿਆਰੀ ਪੁਸਤਕ ਮਾਂ-ਬੋਲੀ ਪੰਜਾਬੀ ਦੇ ਪਾਠਕਾਂ ਦੀ ਝੋਲੀ ਵਿੱਚ ਪਾਈ ਹੈ।
‘ਕਾਗਜ਼’ ਕਹਾਣੀ ਸੰਗ੍ਰਹਿ ਇਹ ਇੱਕ ਲਵ ਸਟੋਰੀ ਹੈ। ਪਿਆਰ ਜੋ ਕਿਸੇ ਪਲ, ਕਦੋਂ, ਕਿੱਥੇ, ਕਿਸ ਨੂੰ ਹੋ ਜਾਵੇ ਇਸ ਬਾਰੇ ਕੁਝ ਵੀ ਕਹਿਣਾ ਮੁਸ਼ਕਲ ਹੈ। ਇਕਵਾਕ ਸਿੰਘ ਨੌਜਵਾਨ ਹੋਣ ਦੇ ਨਾਤੇ ਪਿਆਰ ਮੁਹੱਬਤ ਦੀ ਗੱਲ ਕਰਦਾ ਹੈ। ਹਰ ਕਹਾਣੀ ਉਸਦੀ ਆਪਣੀ ਕਹਾਣੀ ਲੱਗਦੀ ਹੈ ਜਿਵੇਂ ਉਸਨੇ ਖੁਦ ਆਪਣੇ ਪਿੰਡੇ ਤੇ ਹੰਢਾ ਕੇ ਸੱਭ ਕੁੱਝ ਲਿਖਿਆ ਹੋਵੇ। ਪਿਆਰ ਤਾਂ ਇਨਸਾਨ ਸਦੀਆਂ ਤੋਂ ਕਰਦਾ ਆਇਆ ਹੈ, ਸਮਾਜ ਵਿੱਚ ਅਨੇਕ ਪ੍ਰੇਮ ਕਹਾਣੀਆਂ ਜਨਮ ਲੈਂਦੀਆਂ ਹਨ, ਪ੍ਰਵਾਨ ਚੜ੍ਹਾਦੀਆਂ ਹਨ ਜਾਂ ਅੱਧ ਵੱਟੇਉ ਟੁੱਟਦੀਆਂ ਹਨ। ਇਹ ਸਿਲਸਿਲਾ ਤਾਂ ਚਲਦਾ ਆਇਆ, ਚੱਲ ਰਿਹਾ ਅਤੇ ਅੱਗੋਂ ਚਲਦਾ ਹੀ ਰਹੇਗਾ। ਸੱਚਾ ਪਿਆਰ ਤਾਂ ਰੱਬ ਦੀ ਇਬਾਦਤ ਵਾਂਗ ਹੁੰਦਾ ਹੈ। ਪਿਆਰ ਵਿੱਚ ਔਰਤ ਮਰਦ ਦੇ ਸਬੰਧਤਾ ਵਿੱਚ ਹਦੋਂ ਵੱਧ ਨੇੜਤਾ ਜਦੋਂ ਮੈਂ ਅਤੇ ਤੂੰ ਤੋਂ ਸਿਰਫ਼ ਅਸੀਂ ਹੋ ਜਾਂਦੇ ਹਾਂ ਦਾ ਨਾਮ ਹੈ। ਪਿਆਰ ਨੂੰ ਸਿਰਫ ਪਾਉਣ ਨੂੰ ਹੀ ਨਹੀਂ ਕਿਹਾ ਜਾਂਦਾ, ਪਿਆਰ ਤਾਂ ਇੱਕ ਅਹਿਸਾਸ ਹੈ। ਪਿਆਰ ਆਪਾ ਸਮਰਪਣ ਕਰਨਾ ਹੈ। ਸੂਫੀ ਲੋਕ ਸੱਚੇ ਪਿਆਰ ਨੂੰ ਰੱਬ ਦੀ ਇਬਾਦਤ ਦਾ ਦਜਾ ਦਿੰਦੇ ਹਨ ਪਰ ਅਜੋਕੇ ਦੌਰ ਵਿੱਚ ਇਹ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਪਿਆਰ ਦੀ ਆੜ ਵਿੱਚ ਜਿਸਮਾਂ ਦੀ ਹਵਸ, ਅੱਖਾਂ ਦਾ ਅਕਰਸ਼ਨ, ਨਿੱਜੀ ਸਵਾਰਥ ਇਹ ਇਨਸਾਨ ਤੇ ਅਕਸਰ ਹਾਵੀ ਹੁੰਦਾ ਜਾ ਰਿਹਾ ਹੈ, ਜੋ ਸਮਾਜ ਅਤੇ ਪਿਆਰ ਨੂੰ ਗੁੰਮਰਾਹ ਕਰਦਾ ਹੈ।
ਲੇਖਕ ਨੇ ਕਾਗਜ਼ ਕਾਹਣੀ ਸੰਗ੍ਰਹਿ ਨੂੰ ਇੱਕ ਮਿਸ਼ਨ ਦੇ ਤੌਰ ਤੇ ਲਿਆ ਹੈ ਅਤੇ ਮਿਸ਼ਨ ਦੇ ਤੌਰ ਤੇ ਹੀ ਤਬਦੀਲੀ ਅਤੇ ਇਨਕਲਾਬ ਦੀ ਗੱਲ ਕਰਦਾ ਹੈ। ਪਿਆਰ ਕਰਨ ਵਾਲਿਆਂ ਨੂੰ ਉਸ ਨੇ ਸੁਚੇਤ ਕੀਤਾ ਹੈ, ਜਿਸ ਸਮਾਜ ’ਚ ਅਸੀਂ ਵਿਚਾਰ ਰਹੇ ਹਾਂ ਉਸ ਅਨੁਸਾਰ ਹੀ ਸਾਨੂੰ ਕਈ ਵਾਰ ਚਲਣਾ ਪੈਂਦਾ ਹੈ, ਕਈ ਵਾਰ ਸਮਾਜ ਵਿੱਚ ਕੀਤੀ ਬਗਾਵਤ ਬਹੁਤ ਮਹਿੰਗੀ ਪੈਂਦੀ ਹੈ। ਇਸ ਦੇ ਬਦਲੇ ਕੇਵਲ ਇੱਕ ਰਿਸ਼ਤਾ ਜੋੜਨ ਲਈ, ਕਈ ਵਾਰ ਬਹੁਤ ਸਾਰੇ ਰਿਸ਼ਤੇ ਟੁੱਟ ਜਾਂਦੇ ਹਨ, ਕਈ ਕੀਮਤੀ ਜਾਨਾਂ ਦੀ ਅਹੂਤੀ ਦੇਣੀ ਪੈ ਜਾਂਦੀ ਹੈ ਅਤੇ ਕਈ ਆਤਮਾਂਵਾਂ ਨੂੰ ਜਿੰਦਗੀ ਭਰ ਤੜਫਣ ਲਈ ਛੱਡਣ ਤੋਂ ਸਿਵਾਏ ਕੁੱਝ ਵੀ ਹਾਸਲ ਨਹੀਂ ਹੁੰਦਾ, ਅਜਿਹੇ ਹਾਲਤ ਵਿੱਚ ਬਿਨ੍ਹਾਂ ਸਮਝੌਤੇ ਦੇ ਕੋਈ ਚਾਰਾ ਨਹੀਂ ਹੁੰਦਾ ਅਤੇ ਸਹੀ ਹੁਦਿਆਂ ਵੀ ਕਈ ਵਾਰ ਖਾਮੋਸ਼ੀ ਇਖਤਿਆਰ ਕਰਨੀ ਹੀ ਅਕਲਮੰਦੀ ਹੁੰਦੀ ਹੈ।
ਚਾਹੇ ਇਸ ਸੰਗ੍ਰਹਿ ਦੀ ਟਾਈਟਲ ਕਹਾਣੀ ‘ਕਾਗਜ਼’ ਹੈ ਪਰ ਇਸ ਕਾਹਣੀ ਸੰਗ੍ਰਹਿ ਦੀ ਪ੍ਰਤੀਨਿੱਧਤਾ ‘ਨਸੀਬ’ ਨਾਮ ਦੀ ਕਹਾਣੀ ਕਰਦੀ ਹੈ, ਕਿਉਂਕਿ ਇਸ ਕਾਹਣੀ ਦੇ ਨਾਇਕ ਅਤੇ ਨਾਇਕਾ ਜਿੱਥੇ ਉਹ ਸਮਾਜਿਕ ਤਬਦੀਲੀ ਦੀ ਗੱਲ ਕਰਦੇ ਹਨ ਉੱਥੇ ਉਹ ਸਮਾਜ ਦੀ ਨਬਜ਼ ਨੂੰ ਪਹਿਚਾਣ ’ਚ ਸਫ਼ਲ ਰਹੇ ਹਨ।ਉਹ ਪਿਆਰ ਨੂੰ ਪਾਉਣ ’ਚ ਵਿਸ਼ਵਾਸ ਨਹੀਂ ਰੱਖਦੇ, ਪਿਆਰ ਨੂੰ ਉਹ ਅਹਿਸਾਸ ਮੰਨਦੇ ਹਨ। ਜਿਸ ਚਾਹਤ ਨੂੰ ਪਾਉਣ ਦੀ ਖਾਤਰ ਹੋਰ ਜਿੰਦਗੀਆਂ ਨੂੰ ਖਤਰਾ ਪੈਦਾ ਹੋ ਜਾਵੇ ਉਹ ਪਿਆਰ ਨਿੱਜੀ ਸੁਆਰਥ ਅਤੇ ਹਵਸ ਤੋਂ ਛੁੱਟ ਹੋਰ ਕੁਝ ਨਹੀਂ। ਉਹ ਦੋਂਵੇ ਆਸ਼ਾਵਾਦੀ ਹਨ। ਉਨ੍ਹਾ ਦੀ ਸੋਚ ਹੈ ਕਿ ਅਸੀਂ ਦੋਨ੍ਹਾਂ ਦੇ ਆਪਣਾ ਆਪਣਾ ਘਰ ਵਸਾ ਕੇ ਬੱਚੇ ਪੈਦਾ ਹੋਣ ਤੇ ਉਨ੍ਹਾਂ ਨੂੰ ਸੱਚੇ ਪਿਆਰ ਦੇ ਅਰਥ ਦੱਸ ਕੇ ਪਿਆਰ ਦੇ ਬੂਟੇ ਨੂੰ ਅੱਗੇ ਵਧਾਵਾਂਗੇ।
‘ਡਬਲ ਸਟੈਂਡਰਡ’ ਕਹਾਣੀ ਵਿੱਚ ਇਨਸਾਨੀ ਪਾਖੰਡ ਨੂੰ ਉਭਾਰਿਆ ਗਿਆ ਹੈ। ਇਕ ਪਾਸੇ ਤਾਂ ਇਨਸਾਨ ਆਪਣੀ ਐਸ਼ ਅਤੇ ਖੁਸ਼ੀ ਲਈ ਸਭ ਕੁਝ ਕਰਨ ਲਈ ਤਿਆਰ ਹੈ ਅਤੇ ਦੂਜੇ ਪਾਸੇ ਝੂਠੀ ਸ਼ਾਨ ਅਤੇ ਹੰਕਾਰ ਉਸ ਨੂੰ ਜਿਊਣ ਨਹੀਂ ਦਿੰਦਾ। ਆਪਣੀ ਬੇਟੀ ਦੇ ਪ੍ਰੇਮੀ ਦਾ ਕਤਲ ਕਰਕੇ ਕਿਸੇ ਦੇ ਇਕਲੌਤੇ ਚਿਰਾਗ ਨੂੰ ਬੁਝਾਉਣ ਤੋਂ ਵੀ ਗੁਰੇਜ਼ ਨਹੀਂ ਕਰਦਾ। ਇਸ ਕਹਾਣੀ ਦੀ ਇੱਕ ਹੋਰ ਵਿਸ਼ੇਸ਼ਤਾ ਹੈ ਕਹਾਣੀ ਦੀ ਨਾਇਕਾ ਡਬਲ ਸਟੈਂਡਰਡ ਦਾ ਪਰਦਾ ਫਾਸ਼ ਹੋਈ ਆਪਣੇ ਪਿਉ ਦੇ ਵਿਰੁਧ ਜੰਗ ਦਾ ਐਲਾਣ ਕਰਦੀ ਹੈ। ਨਤੀਜਾ ਪਿਉ ਦੀ ਝੂਠੀ ਸ਼ਾਨ ਦੀ ਧੱਜੀਆਂ ਉਡਾਉਂਦੀ ਹੈ ਤੇ ਪਿਉ ਜੇਲ੍ਹ ਅੰਦਰ ਜਾਂਦਾ ਹੈ।
ਬਾਪੂ ਕਹਾਣੀ ਇਸ ਦੀ ਵੱਖਰੀ ਕਹਾਣੀ ਹੈ ਮਾਂ-ਬਾਪ ਬੱਚਿਆਂ ਲਈ ਸਭ ਕੁਝ ਕੁਰਬਾਨ ਕਰ ਦਿੰਦੇ ਹੈ ਤੇ ਔਲਾਦ ਆਪਣੇ ਪਿਉ ਨੂੰ ਬਿਰਧ ਆਸ਼ਰਮ ’ਚ ਮਰਨ ਲਈ ਛੱਡ ਦਿੰਦੀ ਹੈ, ਦੂਜੇ ਪਾਸੇ ਉਹ ਵੀ ਔਲਾਦਾਂ ਹਨ ਜੋ ਆਪਣੇ ਮਾਂ-ਬਾਪ ਦੇ ਸੁਖ ਲਈ ਸਭ ਕੁਝ ਕੁਰਬਾਨ ਲਈ ਵੀ ਤਿਆਰ ਹੈ।
‘ਗੁਲਾਬ ਤੋਂ..’ ਇਸ ਕਹਾਣੀ ’ਚ ਇਕ ਤਰਫਾ ਪਿਆਰ, ਖੁਦਗਰਜ਼ੀ ਅਤੇ ਹਵਸ ਤੋਂ ਛੁੱਟ ਤੋਂ ਬਿਨ੍ਹਾਂ ਕੁਝ ਨਹੀਂ, ਪਿਆਰ ਪਾਉਣ ਦੇ ਨਾਮ ਤੇ ਹਵਸ ਦੇ ਭੁਖੇ ਭੇੜੀਏ ਕਿਵੇਂ ਨੌਜਵਾਨਾਂ ਲੜਕੀਆ ਉਪਰ ਤੇਜ਼ਾਰ ਵਗੈਰਾ ਸੁੱਟ ਕੇ ਇਨਸਾਨੀਅਤ ਗਿਰਿਆ ਹੋਇਆ ਕੰਮ ਕਰਨ ਲੱਗਿਆਂ ਵੀ ਨਹੀਂ ਕੰਬਦੇ।
ਮਾਫ਼ ਕਰ ਦੇਵੀਂ ਪਿਆਰ ਜਿਥੇ ਕੁਰਬਾਨੀ ਦੀ ਗੱਲ ਕਰਦੀ ਹੈ ਉਥੇ ਦੱਸਦੀ ਹੈ ਕਿ ਇਨਸਾਨ ਪੈਸਿਆਂ, ਦਾਜ-ਦਹੇਜ ਦੇ ਲਾਲਚ ਪਿੱਛੇ ਦੂਜਿਆਂ ਦੀ ਜਿੰਦਗੀ ਨੂੰ ਤਬਾਹ ਕਰ ਤੋਂ ਪਿੱਛੇ ਨਹੀਂ ਹਟਦਾ।
ਤਲਾਕ ਕਹਾਣੀ ਲਾਲਚ, ਖੁਦਗਰਜ਼ੀ ਦੀ ਜ਼ਿੰਦਾ ਮਿਸਾਲ ਹੈ ਕਿ ਬੰਦਾ ਆਪਣੇ ਨਿਜ਼ੀ ਸੁਆਰਥ ਦੀ ਖਾਤਰ ਆਪਣੀ ਔਲਾਦ ਤੱਕ ਨੂੰ ਵੇਚ ਦਿੰਦਾ ਹੈ।
ਇਸ ਸੰਗ੍ਰਹਿ ਦੀ ਮੁੱਖ ਕਹਾਣੀ ਕਾਗਜ਼ ਆਪਣੇ ਆਪ ’ਚ ਮਿਸਾਲ ਹੈ। ਸੱਚਾ ਪਿਆਰ ਕਿਸੇ ਇਬਾਦਤ ਤੋਂ ਘੱਟ ਨਹੀਂ ਹੁੰਦਾ, ਪਿਆਰ ਤਾਂ ਦੂਜੇ ਲਈ ਸਭ ਕੁਝ ਕੁਰਬਾਨ ਕਰਨ ਦਾ ਜ਼ਜ਼ਬਾ ਆਪਣੇ ਆਪ ’ਚ ਮਿਸਾਲ ਹੈ, ਪਿਆਰ ਤਾਂ ਸਰੀਰ ਨਾਲ ਨਹੀਂ ਆਤਮਾ ਨਾਲ ਹੁੰਦਾ ਹੈ।
ਇਸ ਤੋਂ ਇਲਾਵਾ ਮੁਕੰਮਲ ਲਾਸ਼, ਅਣਸੁੱਲਝੀ ਮੁਹੱਬਤ, ਮੈਡਮ ਸਾਹਿਬਾ, ਭਲਾ ਕਰ ਦਾਤਿਆ, ਕੁਪੱਤ, ਇਨਸਾਨੀਅਤ, ਤਿੜਕੇ ਰਿਸ਼ਤੇ, ਗਲਤ ਜਾਂ ਠੀਕ ਸਾਰੀਆਂ ਹੀ ਕਹਾਣੀਆਂ ਗੰਭੀਰ ਅਤੇ ਅਤੇ ਆਪਣੇ ਵਿਸ਼ੇ ਵਿੱਚ ਮੁਕੰਮਲ ਹਨ।
ਅੰਤ ਵਿੱਚ ਇਸ ਸੰਗ੍ਰਹਿ ਬਾਰੇ ਇਹ ਕਿਹਾ ਜਾ ਸਕਦਾ ਹੈ। ਇਹ ਸੰਗ੍ਰਹਿ ਸਾਡੇ ਸਮਾਜ ਅਤੇ ਨੌਜਵਾਨ ਵਰਗ ਨੂੰ ਸਹੀ ਸੁਨੇਹਾ ਦੇਣ ਵਿੱਚ ਪੂਰੀ ਤਰ੍ਹਾਂ ਸਫਲ ਹੋਵੇਗੀ।

ਲੇਖਕ : ਵਰਿੰਦਰ ਅਜ਼ਾਦ ਹੋਰ ਲਿਖਤ (ਇਸ ਸਾਇਟ 'ਤੇ): 6
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1212

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ