ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਅਕਲ

ਹੈਲੋ! ਕੌਣ ਬੋਲ ਰਿਹਾ ? ''ਮੈਂ ਰਣਬੀਰ ਬੋਲਦਾ ਮੰਮੀ, ਸਤ ਸ਼ਰੀ ਕਾਲ। ਹੋਰ ਦੱਸੋ ਠੀਕ-ਠਾਕ ਹੋ ?'' ਹਾਂ ਪੁੱਤ ਠੀਕ-ਠਾਕ ਆ ਸਭ ਏਥੇ।'' ਤੇਰਾ ਡੈਡੀ ਕਿੱਥੇ ਆ ਤੇਰਾ, ਤੇਰੇ ਦਾਦਾ ਜੀ ਦਾਦੀ ਜੀ ਦੀ ਸਿਹਤ ਕਿਵੇਂ ਆਂ। ਜੀਅ ਲੱਗਾ ਤੁਹਾਡਾ ਸਭ ਦਾ, ਮੇਰੇ ਬਗ਼ੈਰ।'' ਰਣਬੀਰ ਦੀ ਮੰਮੀ ਸਾਰਾ ਕੁੱਝ ਇਕੋ ਸਾਹੇ ਹੀ ਪੁੱਛਣ ਲੱਗੀ।
''ਹਾਂ ਮੰਮੀ ਠੀਕ ਆ ਸਭ ਏਥੇ। ਬਸ ਚੱਲੀ ਜਾਂਦਾ ਸਭ ਕੁੱਝ। ਤੁਸੀਂ ਸੁਣਾਓ ਕਨੇਡਾ ਦੀ, ਠੀਕ ਆ ਮਾਮਾ-ਮਾਮੀ ?'' ''ਹਾਂ ਠੀਕ ਆ ਉਹ ਵੀ। ਗੱਲ ਸੁਣ ਮੇਰਾ ਜੀਅ ਨੀ ਲਗਦਾ ਇੱਥੇ। ਮੈਂ ਆ ਜਾਣਾ ਵਾਪਿਸ ਤੁਹਾਡੇ ਕੋਲ। ਤੇਰੇ ਮਾਮੇ ਨੂੰ ਕਹਿ ਤਾ ਮੈਂ, ਟਿਕਟ ਬੁੱਕ ਕਰਾਉਣ ਲਈ। ਮਸਾਂ ਮਨਾਇਆ ਆਉਣ ਨਹੀਂ ਦਿੰਦੇ ਮੈਨੂੰ। ਬਾਹਲਾ ਮੋਹ ਕਰਦੇ। ਪਰ ਮੈਂ ਆ ਜਾਣਾ। ਮੈਂ ਤੈਨੂੰ ਦੱਸ ਦਿਉ ਜਦੋਂ ਟਿਕਟ ਹੋਗੀ ਤੇ ਲੈਣ ਆਜੀ ਮੈਨੂੰ ਏਅਰਪੋਰਟ ਤੇ।'' ਰਣਬੀਰ ਦੀ ਮੰਮੀ ਫਿਰ ਬੋਲਣ ਲੱਗੀ।
ਲੈ ਹੈਂ ਮੰਮੀ ਤੂੰ ਆ ਜਾਣਾ। ਲੋਕ ਤਾਂ ਇਧਰੋਂ ਕਾਲ੍ਹੇ ਪਏ ਆ ਬਾਹਰਲੇ ਮੁਲਖ ਜਾਣ ਨੂੰ, ਤੇ ਤੇਰਾ ਸੁੱਕਾ ਈ ਸਾਰਤਾ ਮਾਮੇ ਹੋਰਾਂ ਨੇ, ਤੇ ਤੂੰ ਆਉਂਣ ਨੂੰ ਫਿਰਦੀ ਆਂ, ਕਮਾਲ ਆ ਤੇਰੀ ਤਾਂ। ਲੈ ਡੈਡੀ ਵੀ ਆ ਗਿਆ, ਕਰ ਲਾ ਇਹਦੇ ਨਾਲ ਵੀ ਗੱਲ।'' ਰਣਬੀਰ ਨੇ ਆਪਣੇ ਡੈਡੀ ਨੂੰ ਫੋਨ ਫੜ੍ਹਾਉਂਦਿਆਂ ਕਿਹਾ।
''ਹੋਰ ਜੀ ਕੀ ਹਾਲ ਚਾਲ ਨੇ,'' ਰਣਬੀਰ ਦੇ ਡੈਡੀ ਨੇ ਫੋਨ ਫੜ੍ਹਦਿਆਂ ਈ ਗੱਲ ਸ਼ੁਰੂ ਕਰ ਦਿੱਤੀ। ਉਹ ਅੱਗੋਂ ਫਿਰ ਉਹੀ ਆਉਂਣ ਦਾ ਰਾਗ ਅਲਾਪਣ ਲੱਗੀ। ਉਹ ਅੱਗੋਂ ਕਹਿੰਦਾ, ''ਆਜਾ ਭਾਗਵਾਨੇ ਜੇ ਆਉਂਣਾ ਤਾਂ, ਜੇ ਤੇਰਾ ਜੀ ਈ ਨਹੀਂ ਲੱਗਦਾ, ਫਿਰ ਤੂੰ ਇਥੇ ਰਹਿ ਕੇ ਕੀ ਕਰਨਾ। ਉਹਨੇ ਗੱਲ ਲੰਮੀ ਕਰਨ ਦੀ ਮਾਰੀ ਨੇ ਫੋਨ ਕੱਟਣ ਤੋਂ ਪਹਿਲਾਂ ਆਉਂਣ ਦੀ ਸਹਿਮਤੀ ਜਿਹੀ ਲੈ ਲਈ।
ਰਣਬੀਰ ਦਾ ਡੈਡੀ ਫੋਨ ਰੱਖਦਿਆਂ ਹੀ ਕਹਿੰਦਾ, ''ਲੈ ਬਈ ਕਾਕਾ, ਤੇਰੀ ਮਾਂ ਨੇ ਆ ਜਾਣਾ, ਓਦਰੀ ਪਈ ਵਿਚਾਰੀ ਕਨੇਡੇ ਆਪਣੇ ਤੋਂ ਬਿਨਾਂ। ਆਪਣਾ ਘਰ ਤਾਂ ਆਪਣਾ ਈ ਹੁੰਦੈ, ਖੱਬਲ ਵਾਂਗੂੰ। ਆਪਾਂ ਤਾਂ ਐਵੇਂ ਛੀ ਮਹੀਨਿਆਂ ਤੋਂ ਬਹਾਦਰ ਦੇ ਹੱਥਾਂ ਦੀਆਂ ਰੋਟੀਆਂ ਖਾ-ਖਾ ਕੇ ਅੱਕ ਗਏ ਆ।'' ਅੱਗੋਂ ਰਣਬੀਰ ਆਪਣੇ ਡੈਡੀ ਨੂੰ ਮੂੰਹ ਜਿਹਾ ਬਣਾ ਕੇ ਬੋਲਿਆ, ''ਲੈ ਡੈਡੀ ਉੱਥੇ ਕੀ ਤਕਲੀਫ਼ ਆ ਚੰਗੀ ਭਲੀ ਨੂੰ ਉਹਨੂੰ। ਸਾਰੀ ਦੁਨੀਆਂ ਕਨੇਡਾ ਭੱਜਣ ਨੂੰ ਕਰਦੀ ਆ ਤੇ ਉਹ ਵਾਪਸ ਮੁੜੀ ਆਉਂਦੀ ਆ। ਸਾਡਾ ਕੀ ਬਣੂੰ। ਮੈਂ ਤਾਂ ਸੋਚਿਆ ਸੀ ਬਈ ਜੇ ਉਹ ਪੱਕੀ ਹੋ ਗਈ ਤਾਂ ਸਾਨੂੰ ਵੀ ਕੱਢ ਕੇ ਲੈ ਜਾਊ ਇਸ ਦਲਦਲ ਵਿਚੋਂ। ਐਵੇਂ ਰੋਜ਼ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ, ਬਣਦਾ ਕੁੱਝ ਵੀ ਨਹੀਂ। ਇਥੋਂ ਦਾ ਤਾਂ ਬੁਰਾ ਹਾਲ ਆ। ਇਥੇ ਨੌਕਰੀ ਤੋਂ ਸੌਖਾ ਤਾਂ ਨਸ਼ਾ ਮਿਲਦਾ, ਜਿੰਨਾ ਮਰਜੀ ਲੈ ਲਉ। ਨਾਲੇ ਮੰਮੀ ਦੇ ਆਉਣ ਦਾ ਆਪਾਂ ਨੂੰ ਲਾਭ ਵੀ ਕੀ ਆ ? ਮਹੀਨੇ ਦੀ ਦਸ-ਬਾਰਾਂ ਹਜ਼ਾਰ ਦੀ ਦਵਾਈ ਆਉਂਦੀ ਲੁਧਿਆਣਿਉਂ ਉਹਦੀ, ਤੇ ਨਾਲੇ ਆਪਾਂ ਵਿਚੋਂ ਕਿਸੇ ਇੱਕ ਨੂੰ ਵਖ਼ਤ ਨੂੰ ਫੜ੍ਹਾਈ ਰੱਖਦੀ ਆ ਸਾਰਾ ਦਿਨ, ਤੇ ਗੱਡੀ 'ਚ ਤੇਲ ਵੱਖਰਾ ਬਲਦਾ ਹਜ਼ਾਰ ਦਾ। ਨੇੜਿਉਂ-ਤੇੜਿਉਂ ਕਿਤੇ ਇਹਦੀ ਬਿਮਾਰੀ ਰੋਕ ਨੀ ਆਉਂਦੀ। ਸਾਰਾ ਦਿਨ ਡਾਕਟਰਾਂ ਦੀ ਵਾਰੀ ਉਡੀਕੀ ਜਾਉ, ਬਹਿ ਕੇ ਕਮਲਿਆਂ ਵਾਂਗੂੰ। ਬੰਦੇ ਨੇ ਹੋਰ ਵੀ ਕੰਮ-ਧੰਦੇ ਵੀ ਕਰਨੇ ਹੁੰਦੇ ਆ ਸਾਰਾ ਦਿਨ। ਇਹ ਤਾਂ ਸਾਰਾ ਦਿਨ ਉਥੇ ਈ ਲਵਾ ਦਿੰਦੀ ਆ।''
ਉਹਦੇ ਡੈਡੀ ਨੇ ਉਹਦੇ ਮੂੰਹ ਵੱਲ ਭੇਦ-ਭਰੇ ਅੰਦਾਜ਼ ਵਿਚ ਵੇਖਿਆ ਪਰ ਉਹ ਆਪਣੀ ਗੱਲ ਜਾਰੀ ਰੱਖਦਾ ਹੋਇਆ ਫਿਰ ਬੋਲਣ ਲੱਗਾ ਕਿ, ''ਡੈਡੀ, ਨਾਲੇ ਆ ਜਿਹੜਾ ਬਹਾਦਰ ਆਪਾਂ ਪੰਜ ਹਜ਼ਾਰ ਤੇ ਰੱਖਿਆ ਉਹਦੇ ਜਾਣ ਮਗਰੋਂ, ਡੰਗਰ-ਪਾਣੀ ਦਾ ਕੰਮ ਵੀ ਕਰਦਾ, ਘਰ ਦੀ ਸਫ਼ਾਈ ਵੀ ਕਰਦਾ ਤੇ ਰੋਟੀ ਟੁੱਕ ਵੀ ਵਧੀਆ ਲਾਹੁੰਦਾ। ਦਾਦੀ ਤਾਂ ਉੱਠਣ ਜੋਗੀ ਨਹੀਂ ਬਸ ਘਰ ਦੀ ਰਾਖੀ ਜੋਗੀ ਰਹਿਗੀ, ਮੰਜੇ ਤੇ ਬੈਠੀ। ਆਪਣਾ ਪੰਜ-ਸੱਤ ਹਜ਼ਾਰ ਸਿੱਧਾ ਬਚਦਾ ਉਹਦੇ ਉੱਥੇ ਰਹਿਣ ਤੇ। ਨਾਲੇ ਜਦੋਂ ਮਰਜੀ ਉੱਠੋ, ਨ੍ਹਾਉ, ਜਿੰਨਾ ਮਰਜੀ ਖਿਲਾਰਾ ਪਾਓ। ਮੰਮੀ ਵਾਂਗੂੰ ਬੁੜ-ਬੁੜ ਤੁੜ-ਤੁੜ ਵੀ ਨੀ ਕਰਦਾ।
ਪਤਾ ਨੀ ਕੀ ਹੋ ਗਿਆ ਪੁਰਾਣੀ ਪੀੜ੍ਹੀ ਨੂੰ, ਸਮਝਦੀ ਈ ਨਹੀਂ। ਪਤਾ ਨੀ ਕਦੋਂ ਵੇਲਾ ਆਊ ਜਦੋਂ ਅਕਲ ਟਿਕਾਣੇ ਆਉ ਇਹਨਾਂ ਅਨਪੜ੍ਹਾਂ ਦੀ।'' ਰਣਬੀਰ ਦੀ ਗੱਲ ਸੁਣ ਕੇ ਉਹਦਾ ਬਾਪੂ ਹੱਕਾ-ਬੱਕਾ ਰਹਿ ਗਿਆ ਤੇ ਬੈਠਾ ਕਿੰਨੀ ਦੇਰ ਸੋਚਦਾ ਰਿਹਾ। ਉਹ ਸੋਚਦਾ ਇੰਝ ਲੱਗ ਰਿਹਾ ਸੀ ਜਿਵੇਂ ਕਿਸੇ ਕਸੌਟੀ ਤੇ ਦੋਹਾਂ ਪੀੜ੍ਹੀਆਂ ਦੀ ਅਕਲ ਨੂੰ ਪਰਖ ਰਿਹਾ ਹੋਵੇ।

ਲੇਖਕ : ਡਾ. ਹਰਿੰਦਰ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 1
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :974

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ