ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਗਾਂਧੀ ਜੀ ਬਿਮਾਰ ਪੁਰਸੀ ਲਈ ਆਏਜ਼ਿੰਦਗੀ ਦੇ ਅਠਵੇਂ ਦਹਾਕੇ ਦੀ ਸਰਦਲ ਤੇ ਪੈਰ ਕਾਹਦਾ ਧਰਿਆ ਕਿ ਆਏ ਦਿਨ ਕੋਈ ਨਾ ਕੋਈ ਚੂਲ ਵਿੰਗੀ ਹੋਣ ਲਗ ਪਈ। ਚੀਸਾਂ ਦਰਦਾਂ ਦੇ ਖੁਲੇ ਗੱਫੇ ਮਿਲ ਗਏ। ਦਿਨ ਭਰ ਭੱਜਾ ਫਿਰਨ ਵਾਲਾ ਬੰਦਾ ਬਸ ਆਰੀ ਹੋ ਕੇ ਰਹਿ ਗਿਆ। ਮਾਯੂਸੀ ਦਿਲ ਦਿਮਾਗ ਤੇ ਹਾਵੀ ਹੋਣ ਲੱਗੀ। ਕਿਸੇ ਭੱਖੜੇ ਦੀਆਂ ਪਿੱਨੀਆਂ ਦਾ ਸੁਝਾ ਦਿਤਾ ਕੋਈ ਅੱਲਸੀ ਦੀ ਵਰਤੋਂ ਕਰਨ ਨੂੰ ਕਹਿੰਦਾ। ਭਾਰ ਘਟਾਉਣ ਲਈ ਮੀਲ ਦੋ ਮੀਲ ਤੁਰਿਆ ਕਰ ਦੇ ਸੁਝ੍ਹਾ ਆਏ। ਗੋਡੇ ਤਾਂ ਪੰਜਾਲੀ ਸੁਟ ਬੈਠੇ ਤੁਰਾਂ ਤੇ ਕਿਦਾਂ ਤੁਰਾਂ। ਦੇਸੀ ਦਵਾਈਆਂ ਦਾ ਓਹੜ ਪੋਹੜ ਕੀਤਾ ਐਲੋਪੈਥਕ ਕੈਪਸੂਲ ਵਰਤੇ ਲੇਪਾਂ ਕੀਤੀਆਂ ਪਰ ਮਕਰੇ ਬਲਦ ਵਾਂਗ ਠਰਿਆ ਗੋਡਾ ਬਸ ਨਾਂਹ ਹੀ ਕਰ ਗਿਆ। ਮੇਰੇ ਡਾਕਟਰ ਨੇ ਸਰਜਰੀ ਦਾ ਸੁਝ੍ਹਾ ਦਿਤਾ ਤਾਂ ਨਾ ਚਾਹੂੰਦਿਆਂ ਹੋਇਆਂ ਵੀ ਮਰਦਾ ਕੀ ਨਾ ਕਰਦਾ ਦੇ ਅਖਾਣ ਅਨੁਸਾਰ ਡਾਕਟਰ ਦੀ ਛੁਰੀ ਅਗੇ ਧੌਣ ਸੁਟ ਦਿਤੀ :
ਨਵਾਂ ਗੋਡਾ ਪਾ ਦਿਤਾ ਗਿਆ । ਦਰਦ ਨੂੰ ਘਟਾਉਣ ਲਈ ਡਾਕਟਰ ਨੇ ਮੋਰਫੀਨ ਦੀ ਖੁਲ ਕੇ ਵਰਤੋਂ ਕੀਤੀ ।
ਜਿਸ ਕਾਰਨ ਦਿਮਾਗ ਸੋਚ ਵਿਚਾਰ ਦਾ ਕੰਮ ਛੱਡ ਛੱਡਾ ਦਰਦ ਮਾਰੂ ਗੋਲੀਆਂ ਖਾ ਕੇ ਊਂਘਦੇ ਰਹਿਣ ਵਿਚ ਹੀ ਭਲਾ ਸਮਝਣ ਲਗਾ। ਗੱਲ ਕੀ ਬਸ ਨੱਸ਼ੇਈ ਹੋ ਗਏ ।
ਸਰਜਰੀ ਤੋਂ ਤੀਜੇ ਦਿਨ ਜਦ ਤੋਰਨ ਲਗੇ ਤਾਂ ਗੋਡਾ ਫਿਟੇ ਮੂੰਹ ਫਿਟੇ ਮੂੰਹ ਕਰੇ ਜ਼ਰਾ ਜਿਨਾ ਭਾਰ ਵੀ ਨਾ ਚੁੱਕੇ। ਰੋਸਾ ਕਰਦਿਆਂ ਮੇਂ ਨਰਸ ਨੂੰ ਆਖਿਆ ਮੇਰਾ ਗੋਡਾ ਬਣਾਇਆ ਕਿ ਖਰਾਬ ਕੀਤਾ । ਤਸੱਲੀ ਦਿੰਦਿਆਂ ਨਰਸ ਆਖਣ ਲਗੀ “ ਮਿਸਟਰ ਸਿੰਘ , ਦਰਦ ਨੂੰ ਰੋਕਣ ਲਈ ਗੋਡੇ ਵਿਚ ਮੋਰਫੀਨ ਲਾਈ ਹੋਈ ਹੈ ਜਿਸ ਨਾਲ ਮਸਲ ਰੀਲੈਕਸ ਹੋਏ ਹੋਇ ਹਨ ਮੋਰਫੀਨ ਬੰਦ ਕਰਨ ਨਾਲ ਸਭ ਕੁਝ ਠੀਕ ਹੋ ਜਾਇਗਾ।“ ਨਰਸ ਦੇ ਇਸ ਉਤਰ ਨਾਲ ਮੇਰੀ ਸੋਚ ਤੇ ਨੌਜਵਾਨ ਪੀੜ੍ਹੀ ਦਾ ਭਵਿਖ ਭਾਰੂ ਹੋ ਗਿਆ ਕਿਵੇਂ ਨਸ਼ਿਆਂ ਦੀ ਵਰਤੌਂ ਆਉਣ ਵਾਲੀ ਨਸਲ ਦੀ ਸੋਚਣ ਸ਼ੱਕਤੀ ਨੂੰ ਨਿਸਲ ਕਰੀ ਜਾ ਰਹੀ ਹੈ। ਇਦਾਂ ਹੀ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦ ਨਵੀਂ ਪੀੜੀ ਨਿਕੱਮੀ ਬਲਹੀਨ ਸਾਹਸ ਹੀਣ ਤੁਰਦੀਆਂ ਫਿਰਦੀਆਂ ਲਾਸ਼ਾਂ ਵਿਚ ਬਦਲ ਜਾਵੇਗੀ । ਫੇਰ ਖਿਆਲਾਂ ਨੇ ਮੋੜ ਕਟਿਆ, ਤੂੰ ਆਉਣ ਵਾਲੀ ਪੀੜੀ ਨੂੰ ਰੋਂਦਾਂ ਅਜ ਦੀ ਪ੍ਹੀੜੀ ਨੂੰ ਸਮਝਾ ਲੈ , ਵਈ ਨਸ਼ੇ ਦੀ ਬੋਤਲ ਪਿਛੇ ਮਤ ਦਾਨ ਦੀ ਗੱਲਤ ਵਰਤ ਕੇ ਲੋਟੂ ਰਾਜ ਨੂੰ ਨਾਂ ਪਾਲਣ। ਬਸ ਸਮਝ ਲੈ ਮੋਰਚਾ ਮਾਰ ਲਿਆ । ਇਹਨਾਂ ਸੋਚਾਂ ਵਿਚ ਰੁਝੇ ਹੋਏ ਨੂੰ ਨਰਸ ਕਦ ਬੈਡ ਤੇ ਪਾ ਗਈ ਪਤਾ ਹੀ ਨਾ ਲਗਾ।
ਹਸਪਤਾਲ ਦੀ ਹਾਜ਼ਰੀ ਭਰਨ ਉਪਰੰਤ ਜਦ ਡਾਕਟਰ ਨੇ ਬਿਰਧ ਆਸ਼ਰਮ ( ਸੀਨੀਅਰ ਸਿਟੀਜਨ ਸੈਂਟਰ) ਭੇਜਣ ਦਾ ਸੁਝਾ ਦਿਤਾ ਤਾਂ ਸੁਣੀਆਂ ਸੁਣਾਈਆਂ ਗੱਲਾਂ ( ਉਥੇ ਸਫਾਈ ਨਹੀਂ ਹੁੰਦੀ, ਨਰਸਾ ਮਰੀਜ ਦੀ ਦੇਖ ਭਾਲ ਨਹੀਂ ਕਰਦੀਆਂ ਖੁਰਾਕ ਵੀ ਚੰਗੀ ਨਹੀਂ) ਤੇ ਯਕੀਨ ਕਰਦਿਆਂ ਮੈਂ ਮੁਖਾਲਫਤ ਕਰਦਿਆਂ ਘਰ ਵਾਪਸ ਜਾਣ ਬਾਰੇ ਆਪਣਾ ਵਿਚਾਰ ਜ਼ਾਹਰ ਕੀਤਾ ।
“ਘਰ ਦਿਆਂ ਨੂੰ ਵਖਤ ਪਾਉਣ ਦੀ ਬਜਾਏ ਤੁਸੀਂ ਮੇਰੀ ਗੱਲ ਮਨੋਂ ਤੇ ਪੰਜ ਦਿਨ ਲਈ ਸੀਨੀਅਰ ਸਿਟੀਜ਼ਨ ਸੈਂਟਰ ਚਲੇ ਜਾਓ ਉਥੇ ਡਾਕਟਰ ਵੀ ਹਨ , ਨਰਸਾਂ ਵੀ, ਥਰਪੀ ਵਾਲੇ ਵੀ ਹਨ ਤੁਹਾਡੇ ਲਈ ਥਰਪੀ ਬਹੁਤ ਜ਼ਰੂਰੀ ਹੈ।“ ਬਸ ਡਾਕਟਰ ਦੀ ਦਲੀਲ ਅਗੇ ਸਿਰ ਝੁਕਾ ਕੇ ਬਿਰਧ ਆਸ਼ਰਮ ਆ ਦਾਖਲ ਹੋਇਆ।
ਬਿਰਧ ਆਸ਼ਰਮ ਵਿਚ ਪੰਜਾਬੀ ਨਰਸਾਂ ਦੀ ਰੀਸੇ ਗੋਰੀਆਂ ਨਰਸਾਂ ਵੀ ਸਤਿ ਸ੍ਰੀ ਅਕਾਲ ਸ਼ਬਦ ਨਾਲ ਸੰਬੋਦਨ ਕਰਨ। ਇਕ ਮੈਕਸੀਕਨ ਨਰਸ ਹੈਲੋ ਪਾਪਾ ਕਹਿ ਕੇ ਅੱਪਣੱਤ ਜ਼ਾਹਰ ਕਰਦੀ। ਬੜੀ ਵਧੀਆ ਦੇਖ ਭਾਲ ਹੋਣ ਲਗੀ, ਇਕ ਕੁਝ ਸਿਆਣੀ ਉਮਰ ਦੀ ਨਰਸ ਹਰ ਰੋਜ਼ ਜਦ ਸ਼ਾਮ ਨੂੰ ਮੇਰੀਆਂ ਲਤਾਂ ਦੀ ਮਾਲਸ਼ ਕਰਦੀ ਅਡੀਆਂ ਨੂੰ ਲੋਸ਼ਨ ਲਾਉਂਦੀ ਤਾਂ ਮੈਂਨੂੰ ਬਚਪਨ ਵਿਚ ਮਾਂ ਵਲੋਂ ਕੀਤਾ ਪਾਲਣ ਪੋਸਣ ਯਾਦ ਆ ਗਿਆ। ਇਕ ਦਿਨ ਮੈਂ ਆਖ ਹੀ ਦਿਤਾ ਕਿ ਤੂੰ ਤਾਂ ਮਾਂ ਵਾਂਗ ਮੇਰੀ ਸੇਵਾ ਕਰਦੀ ਹੈਂ। ਹਸ ਕੇ ਆਖਣ ਲਗੀ ਮਾਂ ਦਾ ਪਿਆਰ ਹੈ ਹੀ ਨਿਆਰਾ ਜੋ ਭੁਲਾਇਆ ਨਹੀਂ ਜਾ ਸਕਦਾ।
ਬਿਰਧ ਆਸ਼ਰਮ ਵਿਚ ਹੋਈ ਸੇਵਾ ਤੋਂ ਪ੍ਰਭਾਵਤ ਹੋ ਕੇ ਮੈਂ ਆਪਣੇ ਆਪ ਨੂੰ ਸਮਝਾਇਆ ਦੇਖ ਬਿਰਧ ਆਸ਼ਰਮ ਬਾਰੇ ਤੇਰੇ ਵਿਚਾਰ ਕਿਨੇ ਗੱਲਤ ਸਨ ।ਸੁਣੀਆਂ ਸੁਣਾਈਆਂ ਗੱਲਾਂ ਤੇ ਮਨ ਬਣਾਉਣ ਵਾਲਾ ਬੰਦਾ ਗੱਲਤ ਫਹਿਮੀ

.ਦਾ ਸ਼ਿਕਾਰ ਹੋ ਜਾਂਦਾ ਹੈ । ਸੁਣੀ ਸੁਣਾਈ ਗੱਲ ਨੂੰ ਜਾਂਚ ਦੀ ਕਸੌਟੀ ਤੇ ਪਰਖਣ ਤੋਂ ਬਾਅਦ ਹੀ ਕੋਈ ਫੈਸਲਾ ਲੈਣਾ ਚਾਹੀਦਾ ਹੈ। ਪੰਜ ਦਿਨ ਲਈ ਆਇਆ ਸੀ ਅਠਾਰਾਂ ਦਿਨ ਕਿਦਾਂ ਲੰਘ ਗਏ ਪਤਾ ਹੀ ਨਾ ਲਗਾ ।
ਹਰ ਰੋਜ਼ ਦੋ ਵਕਤ ਜਿਮ ਵਿਚ ਜਾਂਦਾ ਜਿਥੇ ਦੌ ਮਰਦ ਅਤੇ ਦੋ ਔਰਤਾਂ ਦਵਾਰਾ ਥਰਪੀ ਹੁੰਦੀ। ਅਠਾਰਵੇਂ ਦਿਨ ਇਮਤਿਹਾਨ ਦੇ ਨਾਂ ਤੇ ਕੁਝ ਜ਼ਿਆਦਾ ਹੀ ਖਿਚਾ ਧੂਈ ਹੋਈ ਅੰਗ ਅੰਗ ਦੁਖਣ ਲਗਾ ਵਾਪਸ ਆ ਕੇ ਮੈਂ ਨਰਸ ਨੂੰ ਆਖਿਆ ਮੇਰਾ ਜਿਸਮ ਦਰਦ ਕਰ ਰਿਹਾ ਹੈ ਤਾਂ ਉਹ ਮੇਨੂੰ ਦੋ ਦਰਦ ਮਾਰੂ ਨਸ਼ੇ ਦੀਆਂ ਗੋਲੀਆਂ ਦੇ ਗਈ । ਪਾਣੀ ਦੇ ਘੁਟ ਨਾਲ ਗੋਲੀਆਂ ਲੰਘਾ ਮੈਂ ਬਿਸਤਰ ਤੇ ਸਜੇ ਪਾਸੇ ਨੂੰ ਵਖ ਲੈ ਹਾਲੇ ਅੱਖ ਮੀਟੀ ਹੀ ਸੀ ਕਿ ਇਕ ਜਾਣੀ ਪਹਿਚਾਣੀ ਆਵਾਜ਼ “ ਰੁਲੀਆ ਰਾਮਾਂ ਤੂੰ ਤਾਂ ਐਵੇਂ ਫਿਕਰ ਕਰੀ ਜਾਂਦਾ ਸੀ ਦੇਖ ਕਿਦਾਂ ਬੇਫਿਕਰ ਹੋ ਕੇ ਸੁੱਤਾ ਪਿਆ। ਫੌਜ ਵਿਚ ਹੁੰਦਾ ਤਾਂ ਬੇ ਵਕਤ ਸੌਣ ਕਾਰਨ ਪਿੱਠੂ ਲੱਗ ਜਾਣਾ ਸੀ।
ਪਾਸਾ ਪਰਤਦਿਆਂ ਮੈਂ ਆਖਿਆ ਫੌਜੀਆ , ਕਈ ਵਰ੍ਹੇ ਹੋ ਗਏ ਨੇ ਰਿਟਾਇਰ ਹੋਏ ਨੂੰ ਪਰ ਹਾਲੇ ਵੀ ਤੂੰ ਫੋਜੀ ਡਸਿਪਲਨ ਦੀ ਗੱਲ ਕਰਨੋਂ ਨਹੀਂ ਹਟਦਾ। “ ਇਹੀ ਤਾਂ ਮੈਂ ਕਹਿਨਾ ਵਈ ਬਚਿਆਂ ਨੂੰ ਲਾਡ ਲਡਾਉਣ ਦੀ ਬਜਾਏ ਜੇ ਮਾਪੇ ਡਸਿਪਲਨ ਵਿਚ ਰੱਖਣ ਦਾ ਯਤਨ ਕਰਨ ਤਾਂ ਉਹ ਤਾਅ ਜ਼ਿੰਦਗੀ ਮਾੜਾ ਕੰਮ ਕਰਨ ਤੋਂ ਪਹਿਲਾਂ ਸੌ ਵਾਰੀ ਸੋਚਣ ਗੇ।“
ਇਨੇ ਨੂੰ ਕਮਰੇ ਅੰਦਰ ਲੰਘਦਿਆਂ ਪੁਰੇਵਾਲ ਆਖਣ ਲਗਾ “ ਆ ਜਾਓ- ਆ ਜਾਓ ਗਾਂਧੀ ਜੀ ਲੱਭ ਲਿਆ ਜੇ।“
ਗਾਂਧੀ ਜੀ ਦਾ ਨਾਂ ਸੁਣਕੇ ਸਾਰਿਆਂ ਦੀ ਨਿਗਾਹ ਦਰਵਾਜ਼ੇ ਤੇ ਟਿਕ ਗਈ । ਲਮੇਂ ਲੰਝੇ ਪੁਰੇਵਾਲ ਦੇ ਪਿਛੇ ਪਿਛੇ ਇਕ ਮਾੜਕੂ ਜਿਹੇ ਕੁਬੇ ਹੋਏ ਹੋਏ ਬਜੁਰਗ ਨੂੰ ਅੰਦਰ ਲੰਘਦਿਆਂ ਦੇਖ ਤਿੰਨੇ ਜਣੇ ਖੜ੍ਹੇ ਹੋ ਗਏ।
ਕੁਰਸੀ ਅਗੇ ਕਰਦਾ ਹੋਇਆ ਰੁਲੀਆ ਰਾਮ ਆਖਣ ਲਗਾ “ ਮਹਾਤਮਾਂ ਜੀ ਤੁਸੀਂ ਬੈਠੋ , ਮੈਂ ਕੁਝ ਹੋਰ ਕੁਰਸੀਆਂ ਦਾ ਇੰਤਜ਼ਾਮ ਵੀ ਕਰਦਾ ਹਾਂ ਨਾਲੇ ਜੋ ਦੇਵੀਆਂ ਤੁਹਾਡੇ ਨਾਲ ਆਈਆਂ ਹਨ ਉਹਨਾਂ ਨੂੰ ਵੀ ਸਦ ਲਿਆਉਂਦਾ ਹਾਂ ।
ਪੁਰੇ ਵਾਲ ਦੇ ਉਤਰ “ਗਾਂਧੀ ਜੀ ਤਾਂ ਇਕਲੇ ਹੀ ਆਏ ਹਨ “ ਨਾਲ ਰੁਲੀਆ ਰਾਮ ਦੀ ਤਸੱਲੀ ਨਾ ਹੋਈ ਤਾਂ ਉਸ ਨੇ ਆਪਣੀ ਗੱਲ ਨੂੰ ਦੁਹਰਾਊਦਿਆਂ ਆਖਿਆ “ ਪੁਰੇਵਾਲ ਜੀ ਗਾਂਧੀ ਜੀ ਆਖਿਆ ਕਰਦੇ ਸਨ ਕਿ ਮੁਟਿਆਰਾਂ ਦੇ ਮੌਡਿਆਂ ਦਾ ਆਸਰਾ ਲੈ ਕੇ ਤੁਰਨ ਨਾਲ ਉਹਨਾਂ ਨੂੰ ਬਲ ਮਿਲਦਾ ਹੈ । ਇਸ ਬੁਢਾਪੇ ਵਿਚ ਤਾਂ ਮੁਟਿਆਰਾਂ ਦੇ ਮੋਡਿਆਂ ਦਾ ਸਹਾਰਾ ਹੋਰ ਵੀ ਜ਼ਰੂਰੀ ਹੈ ।“
“ ਉਥੇ ਮੁਟਿਆਰਾਂ ਨਾ ਮਿਲਦੀਆਂ ਹੋਣਗੀਆਂ “ ਪੁਰੇਵਾਲ ਨੇ ਗੱਲ ਨੂੰ ਖਤਮ ਕਰਨਾ ਚਾਹਿਆ।
“ ਅੱਲਾ ਖੈਰ ਕਰੇ! ਸਾਡੇ ਮੁਲਾਣੇ ਸੱਤਰ ਹੂਰਾਂ ਦਾ ਲਾਰਾ ਲਾ ਕੇ ਗੱਭਰੂਆਂ ਦੇ ਲੱਕ ਨਾਲ ਬਾਰੂਦੀ ਪੇਟੀ ਬੰਨ੍ਹ ਕੇ ਦੀਨ ਲਈ ਮਰਨ ਲਈ ਤੋਰ ਦਿੰਦੇ ਹਨ ਜੇ ਕਿਤੇ ਝੂਠ ਹੋਇਆ ਤਾਂ ਉਹਨਾਂ ਵਿਚਾਰਿਆਂ ਦਾ ਕੀ ਬਣੂ।“ ਰਹਿਮਤ ਅ਼ਲੀ ਨੇ ਤੌਖਲਾ ਜ਼ਾਹਰ ਕੀਤਾ।
ਗੱਲ ਦਾ ਰੁਖ ਬਦਲਨ ਲਈ ਮੈਂ ਗਾਂਧੀ ਜੀ ਦਾ ਧੰਨਵਾਦ ਕਰਦਿਆਂ ਆਖਿਆ “ ਗਾਂਧੀ ਜੀ ਕਿਹਨਾਂ ਸ਼ਬਦਾਂ ਨਾਲ ਤੁਹਾਡਾ ਧੰਨਵਾਦ ਕਰਾਂ , ਤੁਸੀਂ ਸਵਰਗਾਂ ਦਾ ਸੁਖ ਆਰਾਮ ਤਿਆਗ ਕੇ ਇਡਾ ਲੰਬਾ ਸਫਰ ਕਰਕੇ ਮੇਰੀ ਬੀਮਾਰ ਪੁਰਸੀ ਲਈ ਆਏ ਹੋ।
“ ਕੌਨ ਸੇ ਸਵਰਗ ਕੀ ਬਾਤ ਕਰਤਾ ਹੈ , ਹਮ ਕਿਸੀ ਸਵਰਗ ਸੇ ਨਹੀਂ ਆਏ , ਹਮਾਰਾ ਤੋ ਅਬ ਤਕ ਫੈਸਲਾ ਹੀ ਨਹੀਂ ਹੋ ਪਾਇਆ ਕਿ ਹਮਾਰਾ ਠਿਕਾਨਾ ਸਵਰਗ ਮੇਂ ਹੋਗਾ ਯਾ ਨਰਕ ਮੇਂ । ਔਰ ਨਾਂ ਹੀ ਵਹਾਂ ਕੋਈ ਹੂਰ ਮਿਲਤੀ ਹੈ , ਬਸ ਵਹਾਂ ਤੋ ਭੱਟਕਨ ਹੀ ਭੱਟਕਨ ਹੈ ਪਤਾ ਨਹੀਂ ਇਸ ਮੁਸੀਬਤ ਕਾ ਕਭੀ ਅੰਤ ਹੋਗਾ ਭੀ ਕਿ ਨਹੀਂ।“
“ ਗਾਂਧੀ ਜੀ ਇਥੇ ਤਾਂ ਤੁਸੀਂ ਭੁਖ ਹੜਤਾਲ ਕਰਕੇ ਆਪਣੀ ਗੱਲ ਮਨਾ ਲੈਂਦੇ ਸੀ ਉਥੇ…“ ਗੱਲ ਨੂ ਬੋਚਦਾ ਹੋਇਆ ਫੌਜੀ ਆਖਣ ਲਗਾ “ ਰੁਲੀਆ ਰਾਮਾਂ ,ਦੀਹਦਾ ਨਹੀਂ ਕਿਨੇ ਕਮਜ਼ੋਰ ਹੋ ਗਏ ਹਨ ਇਹ ਵੀ ਕਦੇ ਹੋ ਸਕਦਾ ਹੈ ਕਿ ਗਾਂਧੀ ਜੀ ਨੇ ਸੱਤਿਆ ਗ੍ਰਿਹ ਅਤੇ ਭੁਖ ਹੜਤਾਲ ਦਾ ਹਥਿਆਰ ਨਾ ਵਰਤਿਆ ਹੋਵੇ।“
“ ਭੂਖ ਹੜਤਾਲ ਕਾ ਪਾਖੰਡ ਸਿਰਫ ਇਸ ਦੁਨੀਆਂ ਮੈਂ ਚਲਤਾ ਹੈ । ਔਰ ਸ਼ਾਂਤਮਈ ਸੱਤਿਆ ਗ੍ਰਿਹ ਵੀ ਕਹਿਨੇ ਸੁਨਨੇ ਕੀ ਬਾਤੇਂ ਹੈਂ ਤਾਕਤ ਵਰ ਕੇ ਸਾਮਨੇ ਇਸ ਕਾ ਕੋਈ ਮਤਲਬ ਨਹੀਂ ਲੋਹੇ ਕੋ ਲੋਹਾ ਕਾਟਤਾ ਹੈ ਲਕੜੀ ਨਹੀਂ।“ ਗਾਂਧੀ ਜੀ ਦੀ ਬੋਲਾਂ ਵਿਚ ਕੁਝ ਕੜਵਾਹਟ ਸੀ।
“ ਗਾਂਧੀ ਜੀ ਤੁਸੀਂ ਭੱਟਕਣ ਦੀ ਗੱਲ ਕੀਤੀ ਹੈ ਆਜ਼ਾਦੀ ਦੀ ਲੜਾਈ ਵਿਚ ਸਰਦਾਰ ਭਗਤ ਸਿੰਘ ,ਰਾਜਗੁਰੂ , ਸੁਖਦੇਵ ਅਤੇ ਹੋਰ ਬਹੁਤ ਸਾਰੇ ਲੋਕਾਂ ਨੇ ਕੁਰਬਾਨੀਆਂ ਦਿਤੀਆਂ ਹਨ ਕੀ ਉਹ ਸਾਰੇ ਭੱਟਕ ਰਹੇ ਹਨ ? “
ਫੌਜੀ ਦੇ ਸਵਾਲ ਦਾ ਉਤਰ ਦਿੰਦਿਆਂ ਗਾਂਧੀ ਜੀ ਨੇ ਕਿਹਾ “ ਵੋਹ ਸਭ ਕਬੂਲ ਹੋ ਚੁਕੇ ਹੈਂ ।“
ਗਾਂਧੀ ਜੀ ਦੇ ਉਤਰ ਨਾਲ ਸਭ ਦੀ ਹੈਰਾਨੀ ਨੂੰ ਦੂਰ ਕਰਨ ਲਈ ਫੌਜੀ ਨੇ ਦੁਬਾਰਾ ਸਵਾਲ ਕਰ ਦਿਤਾ।“ ਗਾਂਧੀ ਜੀ ਇਹ ਕਿਦਾਂ ਹੋ ਸਕਦਾ ਕਿ ਇਕੋ ਮਕਸਦ ਲਈ ਜੂਝਣ ਵਾਲੇ ਕੁਝ ਕਬੂਲ ਹੋ ਜਾਣ ਅਤੇ ਕੁਝ ਭਟਕਣ ?”
ਉਸ ਅਦਾਲਤ ਮੇਂ ਵੀ ਫੇਸਲਾ ਗਵਾਹੌਂ ਕੀ ਬਨਾ ਪਰ ਹੋਤਾ ਹੈ “ਮੇਰੇ ਪਰ ਇਲਜ਼ਾਮ ਆਤਾ ਹੈ ਕਿ ਮੇਰੀ ਜ਼ਿਦ ਔਰ ਮੇਰੇ ਸਤਿਆ ਗ੍ਰਿਹ ਕੀ ਨੀਤੀ ਸੇ ਦੇਸ਼ ਕੌ ਆਜ਼ਾਦੀ ਹਾਸਲ ਕਰਨੇ ਮੇਂ ਦੇਰ ਲਗੀ ਹੈ। ਦੇਸ਼ ਕੀ ਤਕਸੀਮ ਔਰ 1947 ਮੇਂ ਜੋ ਕਤਲੇਆਮ ਹੂਆ ਉਸ ਕਾ ਇਲਜ਼ਾਮ ਮੇਰੇ ਔਰ ਬਹੁਤ ਸਾਰੇ ਮੇਰੀ ਹਾਂ ਮੇਂ ਹਾਂ ਮਿਲਾਨੇ ਵਾਲੇ ਨੇਤਾ ਲੋਗੌਂ ਪਰ ਆਤਾ ਹੈ । ਅਬ ਮੈਂ ਭੀ ਸਮਝਨੇ ਲਗਾ ਹੂੰ ਕਿ ਉਸ ਜੰਗੇ ਆਜ਼ਾਦੀ ਮੇਂ ਅਪਨੀ ਜ਼ਿਦ ਕੀ ਬਜਾਏ ਅਗਰ ਮੇਂ ਲੋਗੌਂ ਕਾ ਸਾਥ ਦੇਤਾ ਤੋ ਖੂਨ ਖਰਾਬਾ ਵੀ ਇਸ ਸੇ ਕੰਮ ਹੋਤਾ ਔਰ ਆਜ਼ਾਦੀ ਵੀ ਬਹੁਤ ਪਹਿਲੇ ਮਿਲ ਜਾਤੀ।“
“ ਮਹਾਤਮਾਂ ਜੀ ਤੁਹਾਡਾ ਕੀ ਗਿਆ, ਪੁਛੋ ਉਹਨਾਂ ਲੋਕਾਂ ਨੂੰ ਜੋ ਦੋਹੀਂ ਪਾਸੀ ਘਰ ਲੁਟਾ ਕੇ ਬੰਦੇ ਮਰਵਾ ਕੇ ਇਜ਼ਤ ਲੁਟਾ ਕੇ ਹਾਲੋਂ ਬਹਾਲ ਹੋਏ, ਉਹਨਾਂ ਦੀਆਂ ਬਦਸੀਸਾਂ… “
ਵਿਚੋਂ ਟੋਕਦਾ ਹੋਇਆ ਪੁਰੇਵਾਲ ਆਖਣ ਲਗਾ “ ਗਾਂਧੀ ਜੀ ਮੇਰੇ ਪਾਸ ਕੁਝ ਸ਼ੰਕੇ ਲੈ ਕੇ ਆਏ ਸਨ ਮੈਂ ਸੋਚਿਆ ਨਾਲੇ ਛੋਟੇ ਵੀਰ ਦੀ ਖਬਰ ਲੈ ਆਉਨੇ ਆਂ ਨਾਲੇ ਦੋਵੇਂ ਜਣੇ ਸਲਾਹ ਨਾਲ ਇਹਨਾਂ ਦੇ ਸੰਕੇ ਦੂਰ ਕਰ ਦਿਆਂ ਗੇ। ਕਿਨਾਂ ਚੰਗਾ ਹੋਇਆਂ ਜੋ ਤੁਸੀਂ ਵੀ ਸਬੱਬ ਨਾਲ ਆਏ ਹੋਏ ਹੋ।“
“ ਗਾਂਧੀ ਜੀ ਨੇ ਤਾਂ ਕਦੇ ਕਿਸੇ ਦਾ ਸ਼ੰਕਾ ਦੂਰ ਨਹੀਂ ਸੀ ਕੀਤਾ ਹਰ ਗੱਲ ਤੇ ਆਪਣੀ ਅੱੜੀ ਪੁਗਾਈ ਸੀ ਪਰ ਆਪਾਂ ਇਹਨਾਂ ਦੇ ਸੰਕੇ ਜਰੂਰ ਦੂਰ ਕਰਾਂਗੇ ਕਰੋ ਗੱਲ ।“ ਫੌਜੀ ਨੇ ਪੁਰੇਵਾਲ ਵਲ ਹੱਥ ਦਾ ਇਸ਼ਾਰਾ ਕਰਦਿਆਂ ਆਖਿਆ।
“ ਗਾਂਧੀ ਜੀ ਦਾ ਪਹਿਲਾ ਸ਼ੰਕਾ ਟੋਪੀ ਬਾਰੇ ਹੈ ਕਿ ਉਸ ਟੋਪੀ ਦਾ ਕੀ ਬਣਿਆਂ।“
“ ਗਾਂਧੀ ਜੀ ਦਾ ਸ਼ੰਕਾ ਜਾਇਜ਼ ਹੈ । ਉਸ ਥਰੀ ਨੋਟ ਥਰੀ ਦੀ ਗੋਲੀ ਦੀ ਤਾਕਤ ਰਖਣ ਵਾਲੀ ਟੋਪੀ ਨੂੰ ਗਾਂਧੀ ਜੀ ਦੇ ਸੇਵਕਾਂ ਨੇ ਅਫਸਰ ਸ਼ਾਹੀ ਤੋਂ ਬੇਨਿਯਮੀਆਂ ਕਰਾ ਕੇ ਲਾਹਾ ਲੈਣ ਵਿਚ ਖੂਬ ਵਰਤਿਆ । ਅਤੇ ਫੇਰ ਕੁਝ ਸਮੇਂ ਬਾਅਦ ਕਿਤੇ ਕਿਲੀ ਟੰਗ ਦਿਤੀ । ਹੁਣ ਉਹੀ ਟੋਪੀ ਅੰਨਾ ਹਾਜਰੇ ਨੇ ਸਾਂਭ ਲਈ ਹੈ। ਉਸ ਟੋਪੀ ਦੇ ਅਸਰ ਥਲੇ ਗਾਂਧੀ ਜੀ ਵਾਂਗ ਅੰਨਾ ਹਾਜਰੇ ਵੀ ਜ਼ਿਦ ਕਰਨ , ਮੈਂ ਹੀ ਮੈਂ ਅਤੇ ਬਲੈਕਮੇਲ ਕਰਨ ਵਿਚ ਮਾਹਰ ਹੋ ਗਿਆ ਹੈ। ਲੋਕਾਂ ਦਾ ਮਨ ਪਸੰਦ ਨਾਅਰਾ ਲਾ ਕੇ ਉਹ ਵੀ ਚੰਗਾ ਕੱਠ ਮੱਠ ਕਰ ਲੈਂਦਾ ਹੈ।ਜੇ ਏਦਾਂ ਹੀ ਰਿਹਾ ਤਾਂ ਭਾਰਤ ਵਰਸ਼ ਦਾ ਇਕ ਹੋਰ ਬਾਪੂ ਵੀ ਬਣ ਸਕਦਾ ਹੈ ।“ ਰੁਲੀਆ ਰਾਮ ਨੇ ਟੋਪੀ ਬਾਰੇ ਦਲੀਲ ਦਿਤੀ।
ਗਾਂਧੀ ਜੀ ਦਾ ਦੂਜਾ ਸ਼ੰਕਾ ਹੈ ਕਿ ਕੀ ਦੇਸ਼ ਦੇ ਨੇਤਾ ਗਣਾ ਨੇ ਕੀ ਉਹਨਾਂ ਵਰਗੀ ਸਾਦਗੀ ਅਪਨਾਈ ਹੋਈ ਹੈ।
“ ਜ਼ਰੂਰ ਅਪਨਾਈ ਹੈ । ਬੀਜ ਨਾਸ ਤਾਂ ਕਦੇ ਕਿਸੇ ਵੀ ਚੀਜ ਦਾ ਨਹੀਂ ਹੁੰਦਾ ਅਜ ਵੀ ਸੋਨੀਆ ਜੀ , ਰਾਹੁਲ ਅਤੇ ਮਨਮੋਹਣ ਸਿੰਘ ਜੀ ਨੂੰ ਸਾਦਗੀ ਦੇ ਰਾਹ ਦੇ ਤੁਰਦਿਆਂ ਦੇਖਿਆ ਜਾ ਸਕਦਾ ਹੈ ਅਤੇ ਉਸ ਦੇ ਉਲਟ ਕਈ ਇਕ ਨੇਤਾ ਭੁਖੇ ਜਟ ਕਟੋਰਾ ਲੱਭਾ ਪਾਣੀ ਪੀ ਪੀ ਆਫਰਿਆ ਦੇ ਅਖਾਣ ਅਨੁਸਾਰ ਜਨਮ ਦਿਨ ਅਤੇ ਸੌਂਹ ਚੁਕ ਸਮਾਗਮਾਂ ਤੇ ਕਰੋੜਾ ਰੁਪੇਇ ਸਰਕਾਰੀ ਖਜਾਨੇ ਵਿਚੋ ਲੁਟਾ ਦਿੰਦੇ ਹਨ।“ ਫੌਜੀ ਨੇ ਊਤਰ ਦਿਤਾ
“ਤੀਜੀ ਗੱਲ ਗਾਂਧੀ ਜੀ ਈਮਾਨਦਾਰੀ ਦੀ ਕਰਦੇ ਹਨ। “ ਪੁਰੇ ਵਾਲ ਨੇ ਆਖਿਆ।
“ ਗਾਂਧੀ ਜੀ ਨੇ ਜਿਹਨਾਂ ਨੂੰ ਕੌਮ ਦੀ ਵਾਗ ਡੋਰ ਸੰਭਾਲੀ ਸੀ ਉਹਨਾਂ ਨੇ ਗਾਂਧੀ ਟੋਪੀ ਅਤੇ ਨੈਹਰੂ ਜੈਕਟ ਵਰਗੇ ਹਥਿਆਰ ਵਰਤ ਕੇ ਸਾਰੇ ਮੁਲਕ ਚੋਂ ਈਮਾਨਦਾਰੀ ਇਕੱਠੀ ਕਰਕੇ ਸਵਿਸ ਬੈੰਕਾ ਵਿਚ ਰਖੀ ਹੋਈ ਹੈ ਹੁਣ ਨਾ ਚੋਰ ਦੇਖੇ ਨਾ ਕੁਤਾ ਭੌਕੇਂ ਵਾਲੀ ਗੱਲ ਬਣੀ ਹੋਈ ਹੈ।“ “ਰੁਲੀਆ ਰਾਮ ਨੇ ਆਖਿਆ।
“ਗਾਂਧੀ ਜੀ ਜਾਨਣਾ ਚਾਹੁੰਦੇ ਹਨ ਕਿ ਉਹਨਾਂ ਦੀ ਐਨਕ ਦਾ ਕੀ ਬਣਿਆਂ।“ ਪੁਰੇਵਾਲ ਨੇ ਕਿਹਾ।
“ ਐਨਕ ਰਾਹੀ ਗਾਂਧੀ ਜੀ ਦੂਰ ਦੀ ਦੇਖਦੇ ਸਨ ਕਿ ਕਿਦਾਂ ਰਾਜ ਭਾਗ ਸੰਭਾਲ ਕੇ ਰਾਮ ਰਾਜ ਦਾ ਸੁਪਨਾ ਪੂਰਾ ਕਰਨਾ ਹੈ। ਗਾਂਧੀ ਜੀ ਦਾ ਰਾਸ਼ਟਰ ਵਾਦ ਰਘਪਤ ਰਾਜ ਬਰਾਜਾ ਰਾਮ ਤਕ ਸੀਮਤ ਸੀ, ਇਸ ਲਈ ਗਾਂਧੀ ਜੀ ਨੇ ਆਜ਼ਾਦੀ ਲਈ ਉਠੀ ਕਿਸੇ ਲਹਿਰ ਨੂੰ ਵੀ ਸਮਰਥਨ ਨਹੀਂ ਦਿਤਾ ਜਿਸ ਕਾਰਨ ਹਿੰਦੋਸਤਾਨ ਦੀ ਆਜ਼ਾਦੀ ਦੀ ਜੰਗ ਲੰਮੀ ਹੁੰਦੀ ਗਈ। ਗਾਂਧੀ ਜੀ ਦੀ ਦਿਲੀ ਖਾਹਸ਼ ਸੀ ਕਿ ਦੇਸ਼ ਆਜ਼ਾਦ ਹੋਣ ਨੂੰ ਦੇਰ ਭਾਵੇਂ ਲਗ ਜਾਵੇ ਪਰ ਹਕੂਮਤ ਦੀ ਵਾਗ ਡੋਰ ਆਪਣੇ ਸੇਵਕਾਂ ਦੇ ਹੱਥ ਹੀ ਦਿਤੀ ਜਾਵੇ। ਅਜ ਵੀ ਗਾਂਧੀ ਜੀ ਦਾ ਸੁਪਨਾ ਪੂਰਾ ਕਰਨ ਲਈ ਕਾਂਗਰਸ ਅੰਦਰੋ ਅੰਦਰੀ ਅਤੇ ਬੀ ਜੇ ਪੀ ਜ਼ਾਹਰਾ ਤੌਰ ਤੁਲੇ ਹੋਏ ਹਨ। ਪਰ ਮਨਮੋਹਣ ਸਿੰਘ ਜੀ ਉਸ ਐਨਕ ਥਾਣੀ ਭਾਰਤ ਨੂੰ ਸੰਸਾਰ ਦੀਆਂ ਵਡੀਆਂ ਤਾਕਤਾਂ ਦੇ ਬਰੋਬਰ ਖੜਾ ਕਰਨ ਦਾ ਸੁਪਨਾ ਦੇਖ ਰਹੇ ਹਨ।ਅਤੇ ਕਾਫੀ ਸੱਫਲਤਾ ਵੀ ਮਿਲ ਰਹੀ ਹੈ।“
ਆਖਰੀ ਗੱਲ ਹੈ ਗਾਂਧੀ ਜੀ ਦਾ ਡੰਡਾ
ਤਾਂ ਸਾਰਿਆਂ ਨੇ ਇਕੋ ਆਵਾਜ਼ ਵਿਚ ਉਤਰ ਦਿਤਾ ਘਬਰਾਉਣ ਵਾਲੀ ਗੱਲ ਨਹੀਂ, ਗਾਂਧੀ ਜੀ ਦਾ ਡੰਡਾ ਹਰ ਪਾਰਟੀ ਆਪਣੇ ਰਾਜਕਾਲ ਸਮੇਂ ਲੋਕ ਸੇਵਾ ਵਿਚ ਵਰਤਦੀ ਆਈ ਹੈ ਅਤੇ ਵਰਤਦੀ ਰਹੇਗੀ ।
ਗਾਂਧੀ ਜੀ ਦਾ ਝੁਰੜੀਆਂ ਭਰਿਆ ਚੇਹਰਾ ਸਮੱਝ ਨਹੀਂ ਸੀ ਆਉਣ ਦਿੰਦਾ ਕਿ ਉਹ ਖੁਸ਼ ਸਨ ਜਾਂ ਨਾਰਾਜ਼।
ਪੁਰੇਵਾਲ ਦੇ ਆਖਣ ਤੇ ਸਾਰੇ ਇਹ ਆਖਦੇ ਹੋਏ ਚੰਗਾ ਤੂੰ ਵੀ ਹੁਣ ਆਰਾਮ ਕਰ ਉਠ ਕੇ ਤੁਰ ਗਏ।
ਬਾਂਹ ਉਪਰ ਨੂੰ ਕਰ ਜਦ ਮੈਂ ਉਹਨਾਂ ਨੂੰ ਬਾਏ ਬਾਏ ਆਖੀ ਤਾਂ ਕੋਲ ਖੜੀ ਧਰਮ ਪਤਨੀ ਹੱਥ ਫੜ ਕੇ ਆਖਣ ਲਗੀ ਹੁਣ ਕਿਧਰ ਨੂੰ ਉੜਾਨ ਭਰਨ ਲਗੇ ਹੋ, ਕਿਨੀ ਵੇਰ ਕਿਹਾ ਕਿ ਇਸ ਸਿਰ ਨੂੰ ਕਦੇ ਆਰਾਮ ਕਰ ਲੈਣ ਦਿਆ ਕਰੋ ਪਰ ਮੰਨਦੇ ਹੀ ਨਹੀਂ ਇਦਾਂ ਦਿਨੇ ਰਾਤ ਸੁਪਨਿਆਂ ਦੇ ਜਾਲ ਵਿਚ ਉਲਝੇ ਰਹਿਣਾ ਚੰਗੀ ਗੱਲ ਨਹੀੰ
ਸੁਪਨਾਂ ਟੁਟ ਗਿਆ ਅੱਖ ਖੁਲ ਗਈ ਤਾਂ ਆਪਣੇ ਪੋਤੇ ਅਤੇ ਧਰਮ ਪਤਨੀ ਨੂੰ ਸਾਹਮਣੇ ਖੜਾ ਦੇਖ ਕੇ ਮੈਂ ਚੁਪ ਰਹਿਣ ਵਿਚੱ ਹੀ ਭਲਾਈ ਸਮਝੀ।

ਲੇਖਕ : ਮੁਹਿੰਦਰ ਘੱਗ ਹੋਰ ਲਿਖਤ (ਇਸ ਸਾਇਟ 'ਤੇ): 34
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1535

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ