ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਅਣਮੁੱਲੀ ਸਖਸੀਅਤ ਸੀ ਬਿਹਾਰੀ ਮਾਮਾ

ਹੁਣ ਜਮਾਨਾ ਬਦਲ ਗਿਆ ਹੈ ਤੇ ਐਂ ਲਗਦਾ ਹੈ ਯਾਨੀ ਰਿਸਤੇਦਾਰੀਆਂ ਦਾ ਕਾਲ ਜਿਹਾ ਹੀ ਪੈ ਗਿਆ। ਪਹਿਲੀ ਗੱਲ ਤਾਂ ਛੋਟੇ ਪਰਿਵਾਰਾਂ ਦੀ ਹੋਦ ਕਰਕੇ ਬਹੁਤੇ ਰਿਸ਼ਤੇ ਹੀ ਖਤਮ ਹੋ ਗਏ। ਕਿਸੇ ਦੇ ਮਾਮਾ ਹੈ ਤਾਂ ਮਾਸੀ ਨਹੀ । ਤਾਇਆ ਹੈ ਤਾਂ ਭੂਆ ਨਹੀ। ਭੂਆ ਹੈ ਤਾਂ ਚਾਚਾ ਨਹੀ। ਗੱਲ ਕੀ ਰਿਸ਼ਤੇ ਘੱਟ ਗਏ। ਜੇ ਕਿਸੇ ਦੇ ਕੋਈ ਇੱਕ ਅੱਧਾ ਹੈ ਤਾਂ ਉਹ ਬੋਲਦਾ ਨਹੀ ਗੁੱਸੇ ਗਿਲ੍ਹੇ ਹੈ।ਉਂਜ ਹੀ ਵਿੱਟਰਿਆ ਹੋਇਆ ਹੈ। ਬਾਕੀ ਸੁਖ ਨਾਲ ਕਿਸੇ ਕੋਲੇ ਸਮਾਂ ਹੀ ਨਹੀ ਰਿਸ਼ਤੇਦਾਰੀਆਂ ਨਿਭਾਉਣ ਦਾ।ਦੋ ਤਿੰਨ ਘਟਿਆਂ ਚ ਵਿਆਹ ਸਿਮਟ ਗਏ ਹਨ। ਪੈਲੇਸ ਚ ਆਏ ਤੇ ਪੈਲੇਸ ਚੋ ਵਾਪਿਸ। ਚਾਰ ਦਿਨਾਂ ਚ ਮਰਨਾ ਨਿਪਟ ਜਾਂਦਾ ਹੈ। ਅੱਜ ਸੰਸਕਾਰ, ਕਲ੍ਹ ਫੁੱਲ ਚੁਗਾਈ ਤੇ ਚੋਥੇ ਦਿਨ ਭੋਗ।ਜਦੋ ਜੰਮਣੇ ਮਰਨੇ ਵਿਆਹ ਲਈ ਕਿਸੇ ਕੋਲੇ ਸਮਾਂ ਨਹੀ ਤਾਂ ਫਿਰ ਮੇਲ ਮਿਲਾਪ ਕਿਵੇ ਹੋਵੇ । ਕਿਵੇ ਰਿਸ਼ਤੇਦਾਰੀਆਂ ਦਾ ਮੋਹ ਵੀ ਕਿਵੇ ਉਪਜੇ?
ਰੱਬ ਦੀ ਮਿਹਰ ਸਦਕਾ ਮੈਨੂੰ ਸੁਰੂ ਤੋ ਹੀ ਰਿਸ਼ਤਿਆਂ ਦਾ ਬਹੁਤ ਨਿੱਘ ਮਾਨਣ ਦਾ ਮੋਕਾ ਮਿਲਿਆ । ਚਾਹੇ ਮੇਰੇ ਦਾਦਾ ਜੀ ਦਾ ਕੋਈ ਭਰਾ ਨਹੀ ਸੀ ਫਿਰ ਵੀ ਮੇਰਾ ਦਾਦਕਾ ਪਰਿਵਾਰ ਕਾਫੀ ਲੰਬਾ ਚੋੜਾ ਸੀ ਤੇ ਇਹੀ ਹਾਲ ਮੇਰੇ ਨਾਨਕਿਆਂ ਦਾ ਸੀ । ਮੇਰੇ ਦਾਦਾ ਜੀ ਦੀਆਂ ਚਾਰ ਭੈਣਾਂ ਤੇ ਅੱਗੇ ਉਹਨਾ ਦੇ ਪੰਜ ਪੰਜ ਮੁੰਡੇ। ਮੇਰੀਆਂ ਦੋ ਭੂਆ ਤੇ ਉਹਨਾ ਦੇ ਪੰਜ ਪੰਜ ਜੁਆਕ। ਮੇਰੇ ਆਪਣੇ ਪੰਜ ਮਾਮੇ ਤੇ ਚਾਰ ਮਾਸੀਆਂ ਅੋਸਤਨ ਹਰ ਇੱਕ ਦੇ ਚਾਰ ਪੰਜ ਬੱਚੇ। ਸਾਡਾ ਮੇਰੀ ਮਾਂ ਦੀਆਂ ਮਾਸੀਆਂ ਤੇ ਮੇਰੇ ਦਾਦਾ ਜੀ ਦੀਆਂ ਭੂਆ ਦੇ ਪਰਿਵਾਰਾਂ ਤੱਕ ਵਰਤ ਵਰਤੇਵਾ ਸੀ । ਮੇਰੇ ਦਾਦਾ ਜੀ ਦੇ ਸਰੀਕੇ ਵਿੱਚੋ ਲੱਗਦੇ ਮੇਰੇ ਚਾਚੇ ਦੇ ਪਰਿਵਾਰਾਂ ਨਾਲ ਵੀ ਸਾਡੀ ਅਜੇ ਤੱਕ ਸੁਖ ਦੁਖ ਦੀ ਸਾਂਝ ਹੈ। ਪਾਪਾ ਜੀ ਦੀਆਂ ਭੂਆਂ ਦਾ ਲਾਣਾ ਵੀ ਅਜੇ ਤੱਕ ਹਰ ਖੁਸੀ ਗਮੀ ਤੇ ਸ਼ਰੀਕ ਹੁੰਦਾ ਹੈ।
ਮੇਰੇ ਮਾਮਿਆਂ ਵਿੱਚੋ ਮਾਮਾ ਬਿਹਾਰੀ ਲਾਲ ਦਾ ਦੀ ਸਖਸ਼ੀਅਤ ਕਾਫੀ ਰੰਗੀਨ ਤੇ ਦਿਲਚਸਪ ਸੀ। ਉਸ ਨਾਲ ਮੇਰੀ ਜਿੰਦਗੀ ਦੀਆਂ ਬਹੁਤ ਸਾਰੀਆਂ ਘਟਨਾਵਾਂ ਜੁੜੀਆਂ ਹੋਈਆਂ ਹਨ। ਮਾਮਾ ਬਿਹਾਰੀ ਮੇਰਾ ਵਿਚਾਲੜਾ ਮਾਮਾ ਸੀ । ਚਾਹੇ ਮੇਰੇ ਪੰਜੇ ਮਾਮੇ ਹੀ ਸਾਡੇ ਨਾਲ ਪੂਰੀ ਤਰਾਂ ਵਰਤਦੇ ਰਹੇ ਹਨ। ਪਰ ਮਾਮਾ ਬਿਹਾਰੀ ਦਾ ਦੇਣ ਅਸੀ ਨਹੀ ਦੇ ਸਕਦੇ। ਉਸ ਦਾ ਹਰ ਚੰਗੇ ਮੰਦੇ ਕੰਮ ਵਿੱਚ ਜਿਕਰ ਆਉਂਦਾ ਹੈ।
ਮੇਰੀ ਮਾਂ ਦੱਸਦੀ ਹੁੰਦੀ ਸੀ ਕਿ ਬਿਹਾਰੀ ਅਕਸਰ ਛੋਟਾ ਹੁੰਦਾ ਸਾਡੇ ਘਰੇ ਮਹੀਨਾ ਮਹੀਨਾ ਸਾਡੇ ਪਿੰਡ ਲਾ ਜਾਂਦਾ। ਤੇ ਦੁਕਾਨ ਤੇ ਮੇਰੇ ਦਾਦਾ ਜੀ ਦੀ ਖੂਬ ਮੱਦਦ ਕਰਦਾ। ਸੁਰੂ ਤੋ ਹੀ ਉਹ ਮਿਲਾਪੜੇ ਸੁਭਆ ਦਾ ਸੀ। ਗੱਲ ਉਨੀ ਸੋ ਸੱਠ ਬਾਹਟ ਦੇ ਨੇੜ ਤੇੜ ਦੀ ਹੈ ਛੱਤ ਤੋ ਡਿਗਣ ਕਰਕੇ ਮੇਰੇ ਪਾਪਾ ਜੀ ਦੇ ਪੱਟ ਦੀ ਹੱਡੀ ਟੁਟ ਗਈ। ਤੇ ਪਾਪਾ ਜੀ ਨੂੰ ਹੱਡੀਆਂ ਦੇ ਮਸਹੂਰ ਡਾਕਟਰ ਕ੍ਰਿਪਾਲ ਸਿੰਘ ਕੋਲ ਅੰ੍ਰਮਿਤਸਰ ਲੈ ਜਾਇਆ ਗਿਆ। ਕਿਉਕਿ ਉਸ ਸਮੇ ਡਾਕਟਰੀ ਸਹੂਲਤਾਂ ਆਮ ਨਹੀ ਸਨ।ਮਾਮਾ ਬਿਹਰੀ ਲਾਲ ਨੂੰ ਪਾਪਾ ਜੀ ਦੀ ਤੀਮਾਰਦਾਰੀ ਲਈ ਅ੍ਰਮਿਤਸਰ ਨਾਲ ਭੇਜਿਆ ਗਿਆ। ਅਪ੍ਰੇਸ਼ਨ ਕਰਨ ਲਈ ਇੱਕ ਬੋਤਲ ਖੂਨ ਦੀ ਲੋੜ ਪਈ।ਪਰ ਕੋਈ ਵੀ ਕਰੀਬੀ ਖੂਨ ਦੇਣ ਲਈ ਤਿਆਰ ਨਹੀ ਸੀ। ਮਾਮਾ ਬਿਹਾਰੀ ਜੋ ਅਜੇ ਅੱਠਵੀ ਕਲਾਸ ਵਿੱਚ ਹੀ ਪੜ੍ਹਦਾ ਸੀ। ਭੈਣ ਦੇ ਸੁਹਾਗ ਦੀ ਰੱਖਿਆ ਲਈ ਮਾਮਾ ਜੀ ਨੇ ਝੱਟ ਆਪਣਾ ਖੂਨ ਦੇ ਦਿੱਤਾ। ਪਰ ਨਾਲ ਇਹ ਸ਼ਰਤ ਲਾ ਦਿੱਤੀ ਕਿ ਮਾਂ ਨੂੰ ਯਾਨੀ ਮੇਰੀ ਨਾਨੀ ਜੀ ਨੂੰ ਨਾ ਦੱਸਿਆ ਜਾਵੇ। ਮਾਮਾ ਜੀ ਦੁਆਰਾ ਕੀਤੇ ਇਸ ਉਪਕਾਰ ਨੂੰ ਮੇਰੀ ਮਾਂ ਨੇ ਮਰਦੇ ਦਮ ਤੱਕ ਯਾਦ ਰੱਖਿਆ।
ਮਾਮਾ ਬਿਹਾਰੀ ਬਚਪਨ ਤੋ ਹੀ ਮਜਾਕੀਆ ਸੁਭਾਅ ਦਾ ਸੀ ਤੇ ਰੇਡੀਓ ਸੁਨਣ ਦਾ ਸੁਕੀਨ ਸੀ। ਕਹਿੰਦੇ ਜਦੋ ਘਰੇ ਦੇਸ਼ ਦੀ ਵੰਡ ਵੰਡਾਈ ਨੂੰ ਲੈਕੇ ਕੋਈ ਚਰਚਾ ਹੁੰਦੀ ਤਾਂ ਮਾਮਾ ਜੀ ਕਹਿ ਦਿੰਦੇ ਕਿ ਮੇਰੇ ਤਾਂ ਅਜੇ ਰੰਨ ਨਹੀ ਕੰਨ ਨਹੀ ਜਦੋ ਰੋਲਾ ਪਿਆ ਤਾਂ ਮੈ ਤਾਂ ਰੇਡੀਓ ਲੈ ਕੇ ਦੋੜ ਜਾਣਾ ਹੈ। ਜਦੋ ਮੇਰੇ ਵੱਡੇ ਮਾਮੇ ਨੂੰ ਰਿਸ਼ਤਾ ਕਰਨ ਆਏ ਤਾਂ ਉਹਨਾ ਵੱਡੇ ਮਾਮੇ ਦੀ ਤਲੀ ਤੇ ਰੁਪਈਆ ਰੱਖ ਦਿੱਤਾ ਤੇ ਇਸਨੇ ਕਲੇਸ ਪਾ ਲਿਆ। ਅਖੇ ਮੈਨੂੰ ਤੇ ਧੇਲੀ ਨਹੀ ਦਿੱਤੀ। ਵੱਡੇ ਮਾਮੇ ਦੇ ਸਹੁਰਾ ਸਾਹਿਬ ਨੇ ਬੱਚਾ ਸਮਝਕੇ ਇੱਕ ਆਨਾ ਮਾਮੇ ਬਿਹਾਰੀ ਦੀ ਤਲੀ ਤੇ ਵੀ ਰੱਖ ਦਿੱਤਾ। ਉਸ ਦੇ ਜਾਣ ਤੋ ਬਾਦ ਮਾਮੇ ਬਿਹਾਰੀ ਨੇ ਗੱਲ ਹਾਸੇ ਵਿੱਚ ਪਾ ਲਈ ਤੇ ਕਹਿੰਦਾ ਮੇਰਾ ਵੀ ਵਹੁਟੀ ਵਿੱਚ ਸੋਲਵਾਂ ਹਿੱਸਾ ਹੋ ਗਿਆ ਹੈ।
ਦਸਵੀ ਕਰਕੇ ਮਾਮਾ ਜੀ ਨੇ ਬਹੁਤ ਕੰਮ ਕੀਤੇ ਤੇ ਬਹੁਤ ਧੰਦੇ ਬਦਲੇ। ਪਰ ਉਸਨੇ ਕਿਤੇ ਵੀ ਟਿਕਕੇ ਕੰਮ ਨਾ ਕੀਤਾ। ਪਰ ਉਹ ਅਸਲ ਜੁਗਾੜੀ ਸੀ। ਕਿਵੇ ਨਾ ਕਿਵੇ ਰੋਟੀ ਦਾ ਮਸਲਾ ਹੱਲ ਕਰ ਲੈਂਦਾ ਸੀ। ਜਿੱਥੇ ਵੀ ਜਾਂਦਾ ਜਾ ਜਿਸ ਕੰਮ ਨੂੰ ਹੱਥ ਪਾਉਂਦਾ ਰੋਟੀ ਜੋਗੇ ਤਾਂ ਕਮਾ ਹੀ ਲੈੰਦਾ ਸੀ। ਕਹਿੰਦੇ ਇੱਕ ਵਾਰੀ ਘਰ ਵਾਸਤੇ ਆਚਾਰੀ ਅੰਬ ਲੈਣ ਗਿਆ ਤੇ ਉਹ ਅੰਬੀਆਂ ਰਸਤੇ ਵਿੱਚ ਹੀ ਵੇਚ ਆਇਆ ਤੇ ਮੁਨਾਫਾ ਕਮਾ ਲਿਆ। ਇਸ ਤਰਾਂ ਉਸ ਨੇ ਆਪਣੀ ਸੂਝਬੂਝ ਨਾਲ ਆਪਣੀ ਕਬੀਲਦਾਰੀ ਸੋਹਣੀ ਚਲਾਈ। ਉਸਦੀ ਬਰਫ ਦੇ ਕਾਰਖਾਨੇ ਵਾਲੇ ਕਿਸੇ ਵਰਕਰ ਨਾਲ ਲਿਹਾਜ ਸੀ ਉਹ ਦਿਨ ਵੇਲੇ ਡੋਲੂ ਵਿੱਚ ਦੁੱਧ ਤੇ ਅੰਬ ਪਾਕੇ ਕਾਰਖਾਨੇ ਵਿੱਚ ਰੱਖ ਆਉਂਦਾ ਤੇ ਅਸੀ ਰਾਤ ਨੂੰ ਅੰਬ ਆਲੀ ਆਈਸ ਕਰੀਮ ਖਾਂਦੇ।ਮੈ ਅਕਸਰ ਹੀ ਛੋਟਾ ਹੁੰਦਾ ਮਾਮੇ ਬਿਹਾਰੀ ਲਾਲ ਕੋਲੇ ਜਾਂਦਾ ਹੁੰਦਾ ਸੀ।
ਕੇਰਾਂ ਮੈ ਮਾਮੇ ਕੋਲ ਗਿਆ ਸੀ ਮਲੋਟ। ਮੇਰਾ ਫਿਲਮ ਵੇਖਣ ਤੇ ਦਿਲ ਸੀ। ਮੈ ਮਾਮਾ ਜੀ ਨੁੰ ਆਖਿਆ। ਪਰ ਮਾਮਾ ਜੀ ਕਹਿੰਦੇ ਤੂੰ ਤੇਰੇ ਨਾਨਾ ਜੀ ਨੂੰ ਆਖ ਤੇ ਪੈਸੇ ਲੈ ਲਾ। ਮੈ ਬੜੀ ਮਿੰਨਤ ਨਾਲ ਨਾਨਾ ਜੀ ਤੋ ਫਿਲਮ ਜੋਗੇ ਪੈਸੇ ਲਏ। ਸਾਇਦ ਇੱਕ ਰੁਪਈਆ ਤੇ ਦੱਸ ਪੈਸਿਆਂ ਦੀ ਟਿਕਟ ਸੀ। ਅਸੀ ਮਾਮਾ ਭਾਣਜਾ ਫਿਲਮ ਦੇਖਣ ਚਲੇ ਗਏ। ਪਰ ਨਾਨਕਿਆਂ ਦਾ ਵਾਧੂ ਮਾਲ ਖਾਧਾ ਹੋਣ ਕਰਕੇ ਮੇਰਾ ਪੇਟ ਖਰਾਬ ਹੋ ਗਿਆ। ਫਿਰ ਮਾਮੇ ਬਿਹਾਰੀ ਨੂੰ ਹੀ ਮੇਰੀ ਸੇਵਾ ਕਰਨੀ ਪਈ ਤੇ ਅਸੀ ਫਿਲਮ ਵਿੱਚੇ ਹੀ ਛੱਡਕੇ ਵਾਪਿਸ ਆ ਗਏੇ।ਮੇਰੇ ਪਾਪਾ ਜੀ ਮਜਾਕ ਨਾਲ ਮਾਮੇ ਨੂੰ ਬਿਹਾਰੀ ਬੇਈਮਾਨ ਆਖਦੇ ਹੁੰਦੇ ਸੀ। ਪਰ ਉਹ ਕਦੇ ਗੁੱਸਾ ਨਹੀ ਸੀ ਕਰਦਾ। ਪਰ ਇੱਕ ਵਿਆਹ ਵਿੱਚ ਮੈ ਸੇਹਰਾ ਬੋਲਣ ਵਾਲੇ ਨੂੰ ਦੋ ਰੁਪਏ ਦੇ ਬਿਹਾਰੀ ਲਾਲ ਬੇਈਮਾਨ ਦੇ ਨਾਮ ਤੇ ਅਨਾਉਂਸਮੈਟ ਕਰਵਾ ਦਿੱਤੀ। ਮਾਮਾ ਜੀ ਇਸ ਗੱਲ ਦਾ ਬੁਰਾ ਮੰਨ ਗਏ ਤੇ ਕਹਿੰਦੇ ਜੀਜਾ ਜੀ ਮੈਨੂੰ ਕੁਝ ਵੀ ਕਹਿ ਲੈਣ ਪਰ ਭਾਣਜੇ ਦਾ ਹੱਕ ਨਹੀ ਬਣਦਾ ਮੈਨੂੰ ਬੇਈਮਾਨ ਕਹਿਣ ਦਾ । ਕਿਉਕਿ ਗਲਤੀ ਮੇਰੀ ਸੀ ਤੇ ਮੈ ਮਾਮਾ ਜੀ ਤੋ ਮੁਆਫੀ ਮੰਗ ਲਈ ਤੇ ਗੱਲ ਆਈ ਗਈ ਹੋ ਗਈ। ਫਿਰ ਕਦੇ ਮਾਮਾ ਜੀ ਨੇ ਇਸ ਘਟਨਾ ਦਾ ਜਿਕਰ ਨਹੀ ਕੀਤਾ ਤੇ ਨਾ ਹੀ ਦਿਲ ਵਿੱਚ ਮੈਲ ਰੱਖੀ।
ਮਾਮਾ ਬਿਹਾਰੀ ਲਾਲ ਹਰ ਅੋਖੇ ਸੋਖੇ ਵੇਲੇ ਕੰਮ ਆਉਣ ਵਾਲਾ ਬੰਦਾ ਸੀ। 1995 ਚ ਵਾਪਰੇ ਡੱਬਵਾਲੀ ਅਗਣੀ ਕਾਂਡ ਦਾ ਸੇਕ ਵੀ ਸਾਨੂੰ ਝਲਣਾ ਪਿਆ ਤੇ ਜਿਸ ਕਰਕੇ ਪੰਜ ਛੇ ਮਹੀਨੇ ਸਾਨੂੰ ਲੁਧਿਆਣੇ ਦੇ ਦਇਆ ਨੰਦ ਹਸਪਤਾਲ ਵਿੱਚ ਗੁਜਾਰਨੇ ਪਏ। ਇਸ ਦੁੱਖ ਦੇ ਮੋਕੇ ਤੇ ਮਾਮਾ ਬਿਹਾਰੀ ਲਾਲ ਕਈ ਮਹੀਨੇ ਸਾਡੇ ਨਾਲ ਰਿਹਾ। ਹਸਪਤਾਲ ਵਿੱਚ ਉਸ ਸਾਨੂੰ ਮਲਾਈ ਪਾਕੇ ਛੋਲੂਏ ਦੀ ਸਬਜੀ ਬਣਾਕੇ ਖਵਾਉਂਦਾ ਜਿਸ ਨੂੰ ਅੱਜ ਵੀ ਮੇਰੇ ਬੇਟੇ ਯਾਦ ਕਰਦੇ ਹਨ।ਬੇਸੱਕ ਉਹ ਮੇਰਾ ਮਾਮਾ ਸੀ ਪਰ ਮੇਰੇ ਬੱਚੇ ਵੀ ਉਸ ਨੂੰ ਅਜੇ ਤੱਕ ਯਾਦ ਕਰਦੇ ਹਨ। ਮਾਮਾ ਬਿਹਾਰੀ ਇੱਕ ਅਣ ਮੁੱਲੀ ਸਖਸੀਅਤ ਸੀ।

ਲੇਖਕ : ਰਮੇਸ਼ ਸੇਠੀ ਬਾਦਲ ਹੋਰ ਲਿਖਤ (ਇਸ ਸਾਇਟ 'ਤੇ): 54
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :996
ਲੇਖਕ ਬਾਰੇ
ਆਪ ਜੀ ਇੱਕ ਕਹਾਣੀਕਾਰ ਵਜੋਂ ਪੰਜਾਬੀ ਸਾਹਿਤ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹੋ। ਆਪ ਜੀ ਦਾ ਪਹਿਲਾ ਕਹਾਣੀ ਸੰਗ੍ਰਿਹ "ਇੱਕ ਗਧਾਰੀ ਹੋਰ" ਬਹੁ ਪ੍ਰਚਲਤ ਹੋਇਆ ਹੈ। ਆਪ ਜੀ ਦੀਆਂ ਰਚਨਾਵਾ ਅਕਸਰ ਅਖਬਾਰਾ ਵਿੱਚ ਛਾਪਦੀਆ ਰਹਿੰਦੀਆ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ