ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਦਿੱਲੀ ਪ੍ਰਦੇਸ਼ ਭਾਜਪਾ ਦਾ ਬਾਦਲ ਅਕਾਲੀ ਦਲ ਤੋਂ ਮੋਹ ਭੰਗ?

ਮਨਿਆ ਜਾਂਦਾ ਹੈ ਕਿ ਜਿਵੇਂ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੀ ਕਾਰਜ-ਕਾਰਨੀ ਦਾ ਪੁਨਰਗਠਨ ਕਰਦਿਆਂ, ਹਿੰਦੁਆਂ ਨੂੰ ਦਲ ਵਿੱਚ ਮਹਤੱਤਾਪੂਰਣ ਅਹੁਦੇ ਦੇ ਅਤੇ ਉਨ੍ਹਾਂ ਨੂੰ ਸ਼ਹਿਰੀ ਜਥਿਆਂ ਦੇ ਜੱਥੇਦਾਰ ਥਾਪ ਕੇ, ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਇਹ ਸੰਦੇਸ਼ ਦਿੱਤਾ ਕਿ ਉਹ, ਹਿੰਦੁਆਂ ਨਾਲ ਸਿੱਧਾ ਸੰਪਰਕ ਕਾਇਮ ਕਰ ਪੰਜਾਬ ਵਿੱਚ ਅਕਾਲੀ ਦਲ ਦੀ ਭਾਜਪਾ ਪੁਰ ਨਿਰਭਰਤਾ ਖਤਮ ਕਰ, ਉਸਨੂੰ ਉਨ੍ਹਾਂ ਦੇ ਦਬਾਉ ਤੋਂ ਉਭਾਰਨਾ ਚਾਹੁੰਦੇ ਹਨ, ਤਾਂ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਆਗੂਆਂ ਨੇ ਵੀ ਉਸੇ ਹੀ ਤਰ੍ਹਾਂ ਦਿੱਲੀ ਦੇ ਆਪਣੇ ਸਿੱਖ ਵਿਧਾਇਕ ਆਰ. ਪੀ. ਸਿੰਘ ਨੂੰ ਪਾਰਟੀ ਦਾ ਕੌਮੀ ਸਕਤੱਰ ਥਾਪ, ਉਸਨੂੰ ਦਿੱਲੀ ਦੇ ਸਿੱਖਾਂ ਨਾਲ ਸੰਪਰਕ ਸਾਧ, ਉਨ੍ਹਾਂ ਨੂੰ ਸਿੱਧਾ ਭਾਜਪਾ ਨਾਲ ਜੋੜਨ ਦੀ ਮੁਹਿੰਮ ਸ਼ੁਰੂ ਕਰਨ ਦੀ ਜ਼ਿਮੇਂਦਾਰੀ ਸੌਂਪ, ਬਾਦਲ ਅਕਾਲੀ ਦਲ ਦੇ ਆਗੂਆਂ ਨੂੰ ਜਵਾਬੀ ਸੰਦੇਸ਼ ਦੇ ਦਿੱਤਾ ਕਿ ਉਹ ਵੀ ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਦੀ ਬਾਦਲ ਅਕਾਲੀ ਦਲ ਪੁਰ ਨਿਰਭਰਤਾ ਨੂੰ ਖਤਮ ਕਰ, ਆਂਪਣੇ-ਆਪਨੂੰ ਉਨ੍ਹਾਂ ਦੇ ਦਬਾਉ ਤੋਂ ਆਜ਼ਾਦ ਕਰਨ ਪ੍ਰਤੀ ਵਚਨਬੱਧ ਹਨ। ਇਸਦੇ ਨਾਲ ਹੀ ਵਰਲØਡ ਸਿੱਖ ਕੌਂਸਿਲ ਵਲੋਂ ਆਰ. ਪੀ. ਸਿੰਘ ਦੇ ਸਨਮਾਨ ਵਿੱਚ ਕੀਤੇ ਗਏ ਸਮਾਗਮ ਵਿੱਚ ਕੌਂਸਲ ਦੇ ਪ੍ਰਧਾਨ ਸ. ਪ੍ਰਹਿਲਾਦ ਸਿੰਘ ਚੰਡੋਕ ਨੇ ਆਰ. ਪੀ. ਸਿੰਘ ਨੂੰ ਵਧਾਈ ਦਿਦਿਆਂ ਇਹ ਆਸ ਪ੍ਰਗਟ ਕਰ ਕਿ ਉਹ ਸਿੱਖਾਂ ਨਾਲ ਆਪਣੇ ਨਿਜੀ ਅਤੇ ਸਦਭਾਵਨਾ-ਪੂਰਣ ਸੰਬੰਧਾਂ ਦੇ ਚਲਦਿਆਂ ਆਮ ਸਿੱਖਾਂ ਅਤੇ ਭਾਜਪਾ ਵਿਚ ਚਲੀ ਆ ਰਹੀ ਦੁਰੀ ਨੂੰ ਮਿੱਟਾ, ਉਨ੍ਹਾਂ ਨੂੰ ਭਾਜਪਾ ਦੇ ਨੇੜੇ ਲਿਆਉਣ ਵਿੱਚ ਸਫਲ ਹੋਣਗੇ, ਇਸ ਗਲ ’ਤੇ ਮੋਹਰ ਲਾ ਦਿੱਤੀ ਕਿ ਆਰ. ਪੀ. ਸਿੰਘ ਮਿਲੀ ਜ਼ਿਮੇਂਦਾਰੀ ਨੂੰ ਨਿਭਾਉਣ ਵਿੱਚ ਸਫਲ ਰਹਿਣਗੇ।
ਰਾਜਧਾਨੀ ਦੇ ਰਾਜਸੀ ਹਲਕਿਆਂ ਦਾ ਮੰਨਣਾ ਹੈ ਕਿ ਸੰਨ-1984 ਦੇ ਨੀਲਾਤਾਰਾ ਸਾਕੇ ਅਤੇ ਸਿੱਖ ਕਤਲੇਆਮ ਦੇ ਕਾਰਣ ਜਦੋਂ ਸਿੱਖ ਕਾਂਗ੍ਰਸ ਨਾਲੋਂ ਪੂਰੀ ਤਰ੍ਹਾਂ ਟੁੱਟ ਗਏ ਹੋਏ ਸਨ ਅਤੇ ਕਾਂਗ੍ਰਸ ਦਾ ਸਾਥ ਦੇਣ ਦੀ ਗਲ ਸੁਣਦਿਆਂ ਹੀ ਭੜਕ ਉਠਦੇ ਸਨ, ਉਸ ਦੌਰਾਨ (ਸੰਨ-1997 ਵਿੱਚ) ਸ. ਪ੍ਰਹਿਲਾਦ ਸਿੰਘ ਚੰਡੋਕ ਨੇ ਹੀ ਨੈਸ਼ਨਲ ਸਿੱਖ ਕੌਂਸਲ ਦੇ ਬੈਨਰ ਹੇਠ ਸਿੱਖਾਂ ਦਾ ਇੱਕ ਵਿਸ਼ਾਲ ਇਕੱਠ ਕਰ, ਕਾਂਗ੍ਰਸ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਨੂੰ ਉਸ ਵਿੱਚ ਸਦ ਅਤੇ ਉਨ੍ਹਾਂ ਪਾਸੋਂ ਨੀਲਾਤਾਰਾ ਸਾਕੇ ਅਤੇ ਸਿੱਖ ਕਤਲੇਆਮ ਦੇ ਕਾਂਡਾਂ ਪੁਰ ਅਫਸੋਸ ਪ੍ਰਗਟ ਕਰਵਾ, ਰਾਜਧਾਨੀ ਦੇ ਸਿੱਖਾਂ ਨੂੰ ਕਾਂਗ੍ਰਸ ਨਾਲ ਜੋੜਨ ਵਿੱਚ ਮੁੱਖ ਭੂਮਕਾ ਅਦਾ ਕੀਤੀ ਸੀ। ਸ਼ਾਇਦ ਇਸੇ ਕਾਰਣ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਵਾਰ ਸ. ਚੰਡੋਕ ਵਲੋਂ ਆਰ. ਪੀ. ਸਿੰਘ ਦੇ ਸਨਮਾਨ ਵਿੱਚ ਕਰਵਾਇਆ ਗਿਆ ਸਮਾਗਮ ਰਾਜਧਾਨੀ ਦੇ ਆਮ ਸਿੱਖਾਂ ਨੂੰ ਭਾਜਪਾ ਨਾਲ ਜੁੜਨ ਲਈ ਪ੍ਰੇਰਤ ਕਰਨ ਵਿੱਚ ਮਦਦਗਾਰ ਹੋਵੇਗਾ।
ਇਥੇ ਇਹ ਗਲ ਵੀ ਵਰਣਨਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਭਾਜਪਾ ਦੇ ਗੜ੍ਹ, ਅਰਥਾਤ ਸ਼ਹਿਰੀ ਇਲਾਕਿਆਂ ਵਿੱਚ ਸੰਨ੍ਹ ਲਾਣ ਅਤੇ ਭਾਜਪਾ ਨਾਲ ਗਠਜੋੜ ਦੀਆਂ ਮਾਨਤਾਵਾਂ ਨੂੰ ਨਜ਼ਰ-ਅੰਦਾਜ਼ ਕਰ, ਹਰਿਆਣਾ ਵਿੱਚ ਭਾਜਪਾ ਦੇ ਵਿਰੁਧ ਇਨੈਲੋ ਦਾ ਸਾਥ ਦੇਣ ਦੀ ਜੋ ਨੀਤੀ ਅਪਨਾਈ ਗਈ ਹੈ, ਉਸਨੂੰ ਭਾਜਪਾ ਦੀ ਕੇਂਦ੍ਰੀ ਲੀਡਰਸ਼ਿਪ ਆਪਣੇ ਗਲੇ ਨਹੀਂ ਉਤਾਰ ਪਾ ਰਹੀ, ਜਿਸਦੇ ਚਲਦਿਆਂ ਉਸਨੇ ਦਿØੱਲੀ ਵਿੱਚ ਬਾਦਲ ਅਕਾਲੀ ਦਲ ਪੁਰ ਆਪਣੀ ਨਿਰਭਰਤਾ ਖਤਮ ਕਰ ਦੇਣ ਦੀ ਰਣਨੀਤੀ ਅਪਨਾ ਲਈ ਹੈ। ਇਨ੍ਹਾਂ ਹਾਲਾਤ ਵਿੱਚ ਇਹ ਸੁਆਲ ਵੀ ਜ਼ੋਰ ਪਕੜਦਾ ਜਾ ਰਿਹਾ ਹੈ ਕਿ ਜਿਵੇਂ ਕਿ ਅਟਕਲਾਂ ਲਾਈਆਂ ਜਾ ਰਹੀਆਂ ਹਨ, ਜੇ ਭਾਜਪਾ ਦਿੱਲੀ ਵਿੱਚ ਆਪਣੀ ਸਰਕਾਰ ਬਣਾਉਣ ਵਿੱਚ ਸਫਲ ਹੁੰਦੀ ਹੈ ਤਾਂ ਉਸ ਵਲੋਂ ਸਰਕਾਰ ਵਿੱਚ ਸਿੱਖਾਂ ਦੀ ਪ੍ਰਤਨਿਧਤਾ ਕਰਨ ਦੀ ਜ਼ਿੰਮੇਂਦਾਰੀ ਅਕਾਲੀ ਦਲ ਨੂੰ ਸ਼ੌਂਪੀ ਜਾਇਗੀ ਜਾਂ ਭਾਜਪਾ ਦੇ ਹੀ ਸਿੱਖ ਵਿਧਾਇਕ ਨੂੰ?
ਨਾਨਕਸ਼ਾਹੀ ਕਲੰਡਰ ਦਾ ਵਿਵਾਦ : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਆਪਣੀ ਪਾਕਿਸਤਾਨ ਯਾਤਰਾ ਤੋਂ ਵਾਪਸ ਆ ਪਤ੍ਰਕਾਰਾਂ ਨੂੰ ਦਸਿਆ ਕਿ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਾਨਕਸ਼ਾਹੀ ਕਲੰਡਰ ਦੇ ਮੁੱਦੇ ’ਤੇ ਵਿਚਾਰ ਕਰਨ ਲਈ 5 ਨਵੰਬਰ ਨੂੰ ਵਿਸ਼ਵ ਸਿੱਖ ਸੰਮੇਲਨ ਦਾ ਅਯੋਜਨ ਕੀਤਾ ਜਾ ਰਿਹਾ ਹੈ। ਸ. ਸਰਨਾ ਦੇ ਇਸ ਬਿਆਨ ਨੂੰ ਪੜ੍ਹ-ਸੁਣ ਕੇ ਹੈਰਾਨੀ ਹੋਈ ਕਿ ਨਾਨਕਸਾਹੀ ਕਲੰਡਰ ਨੂੰ ਲੈ ਕੇ ਜੋ ਵਿਵਾਦ ਸੰਨ-203 ਵਿੱਚ, ਇਸਨੂੰ ਜਾਰੀ ਕੀਤੇ ਜਾਣ ਦੇ ਨਾਲ ਹੀ, ਸ਼ੁਰੂ ਹੋ ਗਿਆ ਸੀ, ਉਹ ਅੱਜ, 11 ਵਰ੍ਹੇ ਦੇ ਕਰੀਬ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕਿਸੇ ਕਿਨਾਰੇ ਲਗਦਾ ਨਜ਼ਰ ਨਹੀਂ ਆ ਰਿਹਾ। ਹੈਰਾਨੀ ਤਾਂ ਇਸ ਗਲ ਦੀ ਵੀ ਹੈ ਕਿ ਇਸ ਵਿਵਾਦ ਦੇ ਵਧਦਿਆਂ ਜਾਣ ਕਾਰਣ, ਸਿੱਖਾਂ ਵਿੱਚ ਫੁੱਟ ਪੈਣ ਅਤੇ ਸਿੱਖ ਧਰਮ ਦਾ ਘਾਣ ਹੋਣ ਦੀਆਂ ਜੋ ਸੰਭਾਵਨਾਵਾਂ ਬਣਦੀਆਂ ਜਾ ਰਹੀਆਂ ਹਨ, ਉਨ੍ਹਾਂ ਨੂੰ ਕੋਈ ਵੀ ਗੰਭੀਰਤਾ ਨਾਲ ਲੈਣ ਨੂੰ ਤਿਆਰ ਨਹੀਂ। ਸਾਰੇ ਹੀ ਹਊਮੈ ਦੇ ਸ਼ਿਕਾਰ ਹੋ ਸਵਾਰਥ ਦੀਆਂ ਗੋਟੀਆਂ ਬਿਠਾਣ ਵਿੱੱਚ ਲਗੇ ਹੋਏ ਹਨ।
ਇਸ ਗਲ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਕਿ ਜੇ ਇਸ ਵਿਵਾਦ ਨੂੰੂ ਸੁਲਝਾਣ ਪ੍ਰਤੀ ਈਮਾਨਦਾਰ ਹੋਣ ਦੀ ਬਜਾਏ ਰਾਜਨੈਤਿਕ ਸੁਆਰਥ ਅਧੀਨ ਇਸਨੂੰ ਵਧਾਇਆ ਜਾਂਦਾ ਰਿਹਾ ਤਾਂ ਇੱਕ ਸਮਾਂ ਅਜਿਹਾ ਆ ਸਕਦਾ ਹੈ, ਜਦੋਂ ਇਹ ਵਿਵਾਦ ਸਿੱਖਾਂ ਵਿਚ ਸ਼ੀਆ-ਸੁੰਨੀ ਜਿਹੀਆਂ ਵੰਡੀਆਂ ਪਾ, ਇਕ ਅਜਿਹੀ ਸਦੀਵੀ ਖਾਨਾ-ਜੰਗੀ ਦੀ ਨੀਂਹ ਰਖ ਦੇਵੇਗਾ, ਜੋ ਸਿੱਖਾਂ ਅਤੇ ਸਿੱਖੀ ਦੇ ਲਈ ਅੱਤ ਦੀ ਘਾਤਕ ਸਾਬਤ ਹੋਵੇਗੀ।
ਇਹ ਮੰਨ ਲੈਣਾ ਕਿ ਨਾਨਕਸ਼ਾਹੀ ਕੈਲੰਡਰ ਬਿਨਾਂ ਸਿੱਖ ਧਰਮ ਦੀ ਸੁਤੰਤਰ ਹੋਂਦ ਅਤੇ ਸਿੱਖਾਂ ਦੀ ਅੱਡਰੀ ਪਛਾਣ ਖ਼ਤਮ ਹੋ ਜਾਇਗੀ, ਜੇ ਅੰਧਵਿਸ਼ਵਾਸ ਨਹੀਂ ਤਾਂ ਬ੍ਰਾਹਮਣਵਾਦੀ-ਸੋਚ ਜ਼ਰੂਰ ਹੈ, ਜੋ ਇਹ ਭਰਮ ਪੈਦਾ ਕਰੀ ਰਖਦੀ ਹੈ ਕਿ ਜੇ ‘ਫਲਾਂ’ ਕਰਮਕਾਂਡ ਨਾ ਕੀਤਾ ਗਿਆ ਤਾਂ, ਨਾ ਤਾਂ ਆਪਣੀ ਮੁਕਤੀ ਹੋਵੇਗੀ ਅਤੇ ਨਾ ਹੀ ਪੁਰਖਿਆਂ ਦੀ। ਜੇ ਕੋਈ ਕੈਲੰਡਰ ਹੀ ਕਿਸੇ ਕੌਮ ਦੀ ਅਲਗ ਪਛਾਣ ਕਾਇਮ ਕਰਨ ਜਾਂ ਰਖਣ ਦੇ ਸਮਰਥ ਹੁੰਦਾ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖੀ ਦਾ ਪ੍ਰਚਾਰ ਅਰੰਭਣ ਤੋਂ ਪਹਿਲਾਂ ਕੈਲੰਡਰ ਦੀ ਹੀ ਸਿਰਜਣਾ ਕਰਦੇ। ਪਰ ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿਚ :
ਪੂਛਨਿ ਫ਼ੋਲਿ ਕਿਤਾਬ ਨੋ ਹਿੰਦੂ ਵੱਡਾ ਕਿ ਮੁਸਲਮਾਨੋਈ। ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝਹੁੰ ਦੋਨੋਂ ਰੋਈ।
ਅਰਥਾਤ ਗੁਰੂ ਸਾਹਿਬ ਦੀ ਸੋਚ ਅਤੇ ਉਨ੍ਹਾਂ ਦੇ ਵਿਸ਼ਵਾਸ ਅਨੁਸਾਰ ਕੇਵਲ ਸ਼ੁਭ ਅਮਲ ਹੀ ਮਨੁਖ ਦਾ ਦੀਨ-ਦੁਨੀ ਵਿਚ ਪਾਰ-ਉਤਾਰਾ ਕਰਨ ਦੇ ਸਮਰਥ ਹਨ, ਨਾ ਕਿ ਵਿਖਾਵੇ ਦਾ ਅਡੰਬਰ।
ਇਸਲਈ ਇਸ ਸਚਾਈ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ ਕਿ ਜੇ ਸਿੱਖੀ ਦੀ ਹੋਂਦ ਅਤੇ ਸਿੱਖਾਂ ਦੀ ਪਛਾਣ ਨੂੰ ਬਚਾਈ ਰਖਣ ਪ੍ਰਤੀ ਈਮਾਨਦਾਰੀ ਹੋਵੇ, ਤਾਂ ਨਾਨਕਸ਼ਾਹੀ ਕੈਲੰਡਰ ਅਤੇ ਦਸਮ ਗ੍ਰੰਥ ਦੇ ਵਿਵਾਦ ਨੂੰ ਵਧਾਣ ਵਿਚ, ਜਿਸ ਸਮੇਂ ਅਤੇ ਸ਼ਕਤੀ ਨੂੰ ਬਰਬਾਦ ਕੀਤਾ ਜਾ ਰਿਹਾ ਹੈ, ਉਸਨੂੰ ਅਮਲ ਸੁਧਾਰਣ ਪੁਰ ਜ਼ੋਰ ਦੇਣ ਤੇ ਲਾਇਆ ਜਾਏ ਤਾਂ ਉਹ ਸਿੱਖੀ ਅਤੇ ਸਿੱਖਾਂ ਦੇ ਵੱਡੇ ਹਿਤਾਂ ਵਿਚ ਹੋਵੇਗਾ। ਜੇ ਆਪਣੇ ਅੰਦਰ ਅਤੇ ਆਸੇ-ਪਾਸੇ ਝਾਤੀ ਮਾਰ ਕੇ ਵਖਿਆ ਜਾਏ, ਤਾਂ ਕੀ ਵਿਸ਼ਵਾਸ ਨਾਲ ਇਹ ਕਿਹਾ ਜਾ ਸਕਦਾ ਹੋ ਕਿ ਇਤਿਹਾਸਕ ਤੇ ਦੂਸਰੇ ਗੁਰਦੁਆਰਿਆਂ ਅਤੇ ਗੁਰਦੁਆਰਾ ਕਮੇਟੀਆਂ ਦੇ ਕਿਤਨੇ-ਕੁ ਪ੍ਰਬੰਧਕ ਅਤੇ ਮੈਂਬਰ ਅਜਿਹੇ ਹਨ, ਜਿਨ੍ਹਾਂ ਦੇ ਅਮਲ ਸ਼ੁਭ ਹਨ ਅਤੇ ਜਿਨ੍ਹਾਂ ਨੂੰ ਭਵਿਖ ਦੀ ਪੀੜੀ ਲਈ ਪੇ੍ਰਰਨਾ ਦੇ ਸ੍ਰੋਤ ਮਨਿਆ ਜਾ ਸਕਦਾ ਹੈ?
ਕੀ ਇਹ ਸਚਾਈ ਨਹੀਂ ਕਿ ਛੋਟੀਆਂ ਸਿੰਘ ਸਭਾਵਾਂ ਤੋਂ ਲੈ ਕੇ ਵਡੀਆਂ ਗੁਰਦੁਆਰਾ ਕਮੇਟੀਆਂ ਤਕ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵਿਚੋਂ ਟਾਂਵੇਂ-ਟਾਂਵੇਂ ਵੀ, ਜਾਂ ਸ਼ਾਇਦ ਉਂਗਲੀਆਂ ਪੁਰ ਗਿਣੇ ਜਾਣ ਜਿਤਨੇ ਵੀ, ਅਜਿਹੇ ਵਿਅਕਤੀ ਨਹੀਂ ਹੋਣਗੇ, ਜਿਨ੍ਹਾਂ ਦੇ ਆਚਰਣ ਪੁਰ ਉਂਗਲ ਨਾ ਉਠਾਈ ਜਾ ਸਕਦੀ ਹੋਵੇ। ਬਹੁਤੇ ਤਾਂ ਅਜਿਹੇ ਹੀ ਹੋਣਗੇ, ਜਿਨ੍ਹਾਂ ਦਾ ਆਚਰਣ, ਪੰਥ ਪ੍ਰਵਾਨਿਤ ਮਰਿਅਦਾ ਦੀ ਕਸੌਟੀ ਪੁਰ ਕਸਿਆਂ, ਤਨਖ਼ਾਹੀਆਂ ਅਤੇ ਕੁਰਹਿਤੀਆਂ ਦੀ ਸੂਚੀ ਵਿਚ ਦਰਜ ਕੀਤੇ ਜਾਣ ਦੇ ਲਾਇਕ ਹੀ ਜਾਪੇਗਾ।
…ਅਤੇ ਅੰਤ ਵਿੱਚ : ਸਭ ਕੁਝ ਜਾਣਦਿਆਂ-ਬੁਝਦਿਆਂ ਹੋਇਆਂ ਵੀ ਅਜ ਤਕ ਕਿਸੇ ਨੇ ਆਮ ਸਿੱਖਾਂ ਨੂੰ ਇਸ ਪਖੋਂ ਜਾਗਰੂਕ ਕਰਨ ਦਾ ਉਪਰਾਲਾ ਕਰਨ ਦੀ ਲੋੜ ਨਹੀਂ ਸਮਝੀ ਕਿ ਉਹ ਰਾਜਸੀ ਅਤੇ ਧਾਰਮਕ ਅਦਾਰਿਆਂ ਲਈ ਆਪਣੇ ਪ੍ਰਤੀਨਿਧੀਆਂ ਦੀ ਚੋਣ ਕਰਨ ਲਗਿਆਂ, ਦੋਹਾਂ ਵਿਚਲੀ ਭਿੰਨਤਾ ਨੂੰ ਮੁਖ ਰਖ ਲਿਆ ਕਰਨ। ਹਾਂ, ਇਸਦੀ ਬਜਾਏ ਇਹ ਜ਼ਰੂਰ ਕੀਤਾ ਜਾਂਦਾ ਚਲਿਆ ਆ ਰਿਹਾ ਹੈ ਕਿ ਕਿਸੇ ਤਰ੍ਹਾਂ ਆਚਰਣਕ ਪਖੋਂ ਉਚੇ-ਸੁਚੇ ‘ਵਿਰੋਧੀਆਂ’ ਨੂੰ ਸਿੱਖੀ ਦੇ ਸਭ ਤੋਂ ਵੱਡੇ ਦੁਸ਼ਮਣ ਅਤੇ ਆਚਰਣਕ ਤੋਰ ਪਖੋਂ ‘ਗਏ ਗੁਜ਼ਰਿਆਂ’, ਆਪਣਿਆਂ, ਨੂੰ ਸਿੱਖੀ ਦੇ ਸਭ ਤੋਂ ਵੱਡੇ ਸ਼ੁਭਚਿੰਤਕ, ਸਿੱਖੀ ਦੀਆਂ ਮਰਿਆਦਾਵਾਂ ਅਤੇ ਪਰੰਪਰਾਵਾਂ ਦੇ ਰਖਿਅਕ ਅਤੇ ਪਾਲਕ ਵਜੋਂ ਪੇਸ਼ ਕਰ, ਰਾਜਨੈਤਿਕ ਸੁਆਰਥ ਦੀ ਪੂਰਤੀ ਕੀਤੀ ਜਾਂਦੀ ਰਹੇ।

ਲੇਖਕ : ਜਸਵੰਤ ਸਿੰਘ 'ਅਜੀਤ' ਹੋਰ ਲਿਖਤ (ਇਸ ਸਾਇਟ 'ਤੇ): 11
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1274

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ