ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਗੁਰਬਾਣੀ ਅਨੁਸਾਰ ਧਰਮ ਕੀ ਹੈ

ਲੋਕਾਂ ਦੇ ਵੱਖ ਵੱਖ ਤਰ੍ਹਾਂ ਦੇ ਵਿਸ਼ਵਾਸਾਂ ਤੇ ਰਵਾਇਤਾ ਅਨੁਸਾਰ ਦੁਨੀਆਂ ਵਿਚ ਅਨੇਕਾਂ ਧਰਮ ਚਲ ਰਹੇ ਹਨ। ਧਰਮ ਨੂੰ ਮਜ੍ਹਬ, ਦੀਨ, ਮਤ, ਪੁੰਨ ਜਾਂ ਨੇਕੀ ਆਦਿ ਵੀ ਕਹਿੰਦੇ ਹਨ। ਜਿਆਦਾਤਰ ਧਰਮਾਂ ਦਾ ਮੰਤਵ ਰਬ, ਅੱਲ੍ਹਾਂ, ਗੌਡ ਆਦਿ ਨੂੰ ਮਿਲਣ ਜਾਂ ਉਸ ਨਾਲ ਸਬੰਧ ਜੋੜਨ ਲਈ ਹੀ ਹੁੰਦਾ ਹੈ, ਤੇ ਉਸ ਨੂੰ ਪਾਣ ਲਈ ਤਰ੍ਹਾਂ ਤਰ੍ਹਾਂ ਦੀਆਂ ਰਵਾਇਤਾਂ, ਪੂਜਾ ਜਾਂ ਕਰਮ ਕਾਂਡ ਆਦਿ ਕਰਦੇ ਹਨ। ਦੁਨੀਆਂ ਵਿਚ ਅਨੇਕਾਂ ਪੈਗੰਬਰ ਜਾਂ ਮਹਾਨ ਹੱਸਤੀਆਂ ਹੋਈਆਂ ਹਨ, ਜਿਨ੍ਹਾਂ ਨੇ ਆਪਣੇ ਆਪਣੇ ਤਰੀਕੇ ਨਾਲ ਰਸਤੇ ਦੱਸੇ ਹਨ, ਜਿਸ ਕਰਕੇ ਕਈ ਧਰਮ ਗ੍ਰੰਥ ਹੋਂਦ ਵਿਚ ਆ ਗਏ। ਈਸਾਈ ਬਾਈਬਲ ਅਨੁਸਾਰ ਚਲਦੇ ਹਨ ਤੇ ਮੁਸਲਮਾਨ ਕੁਰਾਨ ਤੋਂ ਅਗਵਾਈ ਲੈਂਦੇ ਹਨ। ਵੱਖ ਵੱਖ ਧਰਮਾਂ ਨੇ ਆਪਣੇ ਰਬ ਦੇ ਵੱਖ ਵੱਖ ਤਰ੍ਹਾਂ ਦੇ ਰੂਪ ਮੰਨੇ ਹਨ, ਤੇ ਉਸ ਰਬ ਦੇ ਰਹਿਣ ਵਾਲੇ ਸਥਾਨ ਤੇ ਪਾਣ ਵਾਲੇ ਤਰੀਕੇ ਵੀ ਭਿੰਨ ਭਿੰਨ ਹਨ।
ਈਸਾਈ ਮਜ੍ਹਬ ਦੀ ਸਾਇੰਸ ਅਤੇ ਰਾਜਨੀਤੀ ਨਾਲ ਟੱਕਰ ਹੋਈ। ਇਸ ਲਈ ਸਾਇੰਸਦਾਨਾਂ ਅਤੇ ਰਾਜਸੀ ਪੁਰਸ਼ਾਂ ਨੇ ਧਰਮ ਦੀ ਵਿਰੋਧਤਾ ਕੀਤੀ। ਗੈਲੀਲੀਓ ਨੇ ਕਿਹਾ ਕਿ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ, ਪਰ ਚਰਚ ਵਾਲਿਆ ਅਨੁਸਾਰ ਸੂਰਜ ਧਰਤੀ ਦੇ ਦੁਆਲੇ ਘੁੰਮਦਾ ਸੀ। ਚਰਚ ਵਾਲਿਆ ਦੇ ਪ੍ਰਭਾਵ ਹੇਠ ਹਾਕਮਾਂ ਨੇ ਗੈਲੀਲੀਓ ਨੂੰ ਪਹਿਲਾਂ ਉਮਰ ਕੈਦ ਦੀ ਸਜਾ ਸੁਣਾਈ, ਜੋ ਕਿ ਬਾਅਦ ਵਿਚ ਘਰ ਅੰਦਰ ਨਜਰਬੰਦ ਕਰਨ ਦੀ ਕਰ ਦਿਤੀ ਗਈ। ਅੱਜਕਲ ਦੀਆਂ ਰਾਜਨੀਤਕ ਪਾਰਟੀਆਂ ਵੀ ਆਪਣਾ ਸਵਾਰਥ ਹਲ ਕਰਨ ਲਈ ਲੋਕਾਂ ਦੇ ਮਨ ਅੰਦਰ ਧਰਮ ਬਾਰੇ ਤਰ੍ਹਾਂ ਤਰ੍ਹਾਂ ਦੇ ਭੁਲੇਖੇ ਪਾਉਂਦੇ ਰਹਿੰਦੇ ਹਨ।
ਅੱਜਕਲ ਦੀ ਸਮੱਸਿਆ ਇਹ ਹੈ, ਕਿ ਕੁਝ ਲੋਕਾਂ ਅੰਦਰ ਧਰਮ ਪ੍ਰਤੀ ਵਿਸ਼ਵਾਸ ਤਾਂ ਹੈ, ਪਰ ਗਿਆਨ ਨਹੀਂ, ਜਿਸ ਦਾ ਨਤੀਜਾ ਇਹ ਹੋਇਆ ਹੈ ਕਿ ਅਜੇਹੇ ਲੋਕਾਂ ਅੰਦਰ ਅੰਧ ਵਿਸ਼ਵਾਸ ਬਹੁਤ ਪੈਦਾ ਹੋ ਗਿਆ ਹੈ। ਕਈ ਲੋਕ ਅਜੇਹੇ ਵੀ ਹਨ, ਜਿਨ੍ਹਾਂ ਨੂੰ ਦੁਨਿਆਵੀ ਗਿਆਨ ਤਾਂ ਹੈ, ਪਰ ਧਰਮ ਪ੍ਰਤੀ ਵਿਸ਼ਵਾਸ ਨਹੀਂ, ਉਸ ਦਾ ਨਤੀਜਾ ਇਹ ਹੁੰਦਾ ਕਿ ਅਜੇਹੇ ਲੋਕਾਂ ਅੰਦਰ ਹੰਕਾਰ ਵਸ ਜਾਂਦਾ ਹੈ।
ਲੋਕਾਂ ਨੂੰ ਗੁਮਰਾਹ ਕਰਨ ਵਾਲੇ ਬਾਬਿਆਂ ਦੀ ਤਾਂ ਭਰਮਾਰ ਹੋ ਗਈ ਹੈ। ਨਤੀਜਾ ਇਹ ਹੋਇਆਂ ਹੈ, ਕਿ ਸੱਚੇ ਗੁਰੂ ਨੂੰ ਅਪਨਾਉਂਣ ਵਾਲਾ ਕੋਈ ਵਿਰਲਾ ਹੀ ਦਿਖਾਈ ਦਿੰਦਾ ਹੈ। ਅਸਲੀ ਸੱਚਾ ਗੁਰੂ ਉਹ ਹੈ, ਜਿਹੜਾ ਸਾਡੇ ਮਨ ਅੰਦਰ ਸੰਤੋਖ ਪੈਦਾ ਕਰ ਸਕਦਾ ਹੈ। ਪੂਰਨ ਗੁਰੂ ਮਾਨੋ, ਇਕ ਰੁੱਖ ਦੀ ਤਰ੍ਹਾਂ ਹੈ, ਜਿਸ ਨੂੰ ਧਰਮ ਰੂਪੀ ਫੁੱਲ ਲੱਗਦਾ ਹੈ ਤੇ ਗਿਆਨ ਰੂਪੀ ਫਲ ਲੱਗਦੇ ਹਨ। ਪ੍ਰੇਮ ਦੇ ਜਲ ਨਾਲ ਰਸਿਆ ਹੋਇਆ ਅਜੇਹਾ ਰੁੱਖ ਸਦਾ ਹਰਾ ਭਰਾ ਰਹਿੰਦਾ ਹੈ। ਅਕਾਲ ਪੁਰਖੁ ਦੀ ਬਖ਼ਸ਼ਸ਼ ਨਾਲ ਉਸ ਦੇ ਚਰਨਾਂ ਵਿਚ ਧਿਆਨ ਜੋੜਨ ਨਾਲ ਇਹ ਗਿਆਨ ਰੂਪੀ ਫਲ ਪੱਕਦਾ ਹੈ, ਭਾਵ, ਜਿਹੜਾ ਮਨੁੱਖ ਸਬਦ ਗੁਰੂ ਦੁਆਰਾ ਅਕਾਲ ਪੁਰਖੁ ਦੀ ਮਿਹਰ ਨਾਲ ਉਸ ਦੇ ਚਰਨਾਂ ਵਿਚ ਸੁਰਤਿ ਜੋੜਦਾ ਹੈ, ਉਸ ਨੂੰ ਪੂਰਨ ਗਿਆਨ ਪ੍ਰਾਪਤ ਹੁੰਦਾ ਹੈ। ਅਜੇਹਾ ਮਨੁੱਖ ਆਪਣੇ ਜੀਵਨ ਵਿਚ ਸਦਾ ਆਨੰਦ ਮਾਣਦਾ ਰਹਿੰਦਾ ਹੈ।
ਸਲੋਕ ਮ: 1 ॥ ਨਾਨਕ ਗੁਰੁ ਸੰਤੋਖੁ ਰੁਖੁ ਧਰਮੁ ਫੁਲੁ ਫਲ ਗਿਆਨੁ ॥ ਰਸਿ ਰਸਿਆ ਹਰਿਆ ਸਦਾ ਪਕੈ ਕਰਮਿ ਧਿਆਨਿ ॥ ਪਤਿ ਕੇ ਸਾਦ ਖਾਦਾ ਲਹੈ ਦਾਨਾ ਕੈ ਸਿਰਿ ਦਾਨੁ ॥ 1॥ (147)
ਗੁਰੂ ਸਾਹਿਬ ਸਮਝਾਉਂਦੇ ਹਨ ਕਿ ਹੇ ਭਾਈ, ਇਹ ਸੋਹਣਾ ਮਨੁੱਖਾ ਸਰੀਰ ਵਡੇ ਭਾਗਾਂ ਤੇ ਨੇਕ ਕਮਾਈ ਸਦਕਾ ਮਿਲਦਾ ਹੈ। ਅਕਾਲ ਪੁਰਖੁ ਨੂੰ ਮਿਲਣ ਦਾ ਤੇਰੇ ਲਈ ਇਹੀ ਇਕ ਮੌਕਾ ਹੈ। ਜੇ ਕਰ ਉਸ ਅਕਾਲ ਪੁਰਖੁ ਨੂੰ ਮਿਲਣ ਲਈ ਕੋਈ ਉੱਦਮ ਉਪਰਾਲਾ ਨਾ ਕੀਤਾ, ਤਾਂ ਤੇਰੇ ਹੋਰ ਕੀਤੇ ਹੋਏ ਕੰਮ ਕਿਸੇ ਵੀ ਅਰਥ ਨਹੀਂ ਆਉਂਣੇ, ਤੇਰੀ ਜਿੰਦ ਨੂੰ ਕੋਈ ਲਾਭ ਨਹੀਂ ਦੇ ਸਕਣਗੇ। ਇਸ ਲਈ ਸਾਧ ਸੰਗਤਿ ਵਿਚ ਮਿਲ ਬੈਠਿਆ ਕਰ ਤੇ ਸਿਰਫ਼ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਿਆ ਕਰ ਤੇ ਉਸ ਦੀ ਸਿਫ਼ਤਿ ਸਾਲਾਹ ਵਿਚ ਜੁੜਿਆ ਕਰ। ਮਾਇਆ ਦੇ ਪਿਆਰ ਵਿਚ ਆਪਣਾ ਕੀਮਤੀ ਮਨੁੱਖਾ ਜਨਮ ਵਿਅਰਥ ਨਾ ਗਵਾ ਤੇ ਇਸ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘਣ ਦੇ ਆਹਰ ਵਿਚ ਲੱਗ ਜਾ। ਅਕਾਲ ਪੁਰਖੁ ਨੂੰ ਮਿਲਣ ਲਈ ਉੱਦਮ ਕਰ, ਮਨ ਨੂੰ ਵਿਕਾਰਾਂ ਵਲੋਂ ਰੋਕਣ ਦਾ ਜਤਨ ਕਰ ਤੇ ਅਕਾਲ ਪੁਰਖੁ ਦੇ ਦਰ ਤੇ ਅਰਦਾਸ ਕਰ, ਕਿ ਅਸੀਂ ਮੰਦ ਕਰਮੀ ਜੀਵ ਤੇਰੀ ਸਰਨ ਵਿਚ ਪਏੇ ਹੋਏ ਹਾਂ ਤੇ ਆਪਣੇ ਸਰਨ ਵਿਚ ਪਏ ਹੋਏ ਸੇਵਕਾਂ ਦੀ ਲਾਜ ਰੱਖ।
ਆਸਾ ਮਹਲਾ 5 ॥ ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ ਅਵਰਿ ਕਾਜ ਤੇਰੈ ਕਿਤੈ ਨ ਕਾਮ ॥ ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥1॥ ਸਰੰਜਾਮਿ ਲਾਗੁ ਭਵਜਲ ਤਰਨ ਕੈ ॥ ਜਨਮੁ ਬ੍ਰਿਥਾ ਜਾਤ ਰਗਿ ਮਾਇਆ ਕੈ ॥1॥ ਰਹਾਉ ॥ (12)
ਗੁਰੂ ਸਾਹਿਬ ਨੇ ਸਾਧ ਸੰਗਤਿ ਆਮ ਲੋਕਾਂ ਦੇ ਇਕੱਠ ਨੂੰ ਨਹੀਂ ਕਿਹਾ ਹੈ। ਸੰਗਤ ਦਾ ਲਫਜ਼ ਆਮ ਤੌਰ ਤੇ ਕਿਸੇ ਵੀ ਇਕੱਠ ਨੂੰ ਸੰਬੋਧਨ ਕਰਨ ਲਈ ਵਰਤਿਆ ਜਾਂਦਾ ਹੈ। ਆਮ ਤੌਰ ਤੇ ਜਿਥੇ ਸ਼ਰਾਬਾਂ ਪੀਣ ਵਾਲੇ ਲੋਕ, ਗਲਤ ਗੱਲਾਂ ਕਰਨ ਵਾਲੇ, ਝਗੜਾਲੂ ਲੋਕ ਇਕੱਠੇ ਹੁੰਦੇ ਹਨ, ਉਸ ਨੂੰ ਕੁਸੰਗਤ ਕਿਹਾ ਜਾਂਦਾ ਹੈ। ਵੈਸੇ ਭਾਵੇਂ ਕਿਸੇ ਤਰ੍ਹਾਂ ਦਾ ਵੀ ਇਕੱਠ ਹੋਵੇ, ਲੋਕ ਆਪਣੇ ਆਪ ਨੂੰ ਸੰਗਤ ਹੀ ਕਹਿੰਦੇ ਹਨ। ਇਸ ਸਬੰਧੀ ਭੁਲੇਖਾ ਦੂਰ ਕਰਨ ਲਈ ਗੁਰਮਤਿ ਵਿਚ ਸਤਸੰਗਤਿ, ਸਾਧਸੰਗਤ ਦਾ ਸ਼ਬਦ ਹੀ ਵਰਤਿਆ ਗਿਆ ਹੈ।
ਕਿਹੋ ਜਿਹੇ ਇਕੱਠ ਨੂੰ ਸਤਿਸੰਗਤਿ ਸਮਝਣਾ ਚਾਹੀਦਾ ਹੈ? ਗੁਰਬਾਣੀ ਵਿਚ ਸਪੱਸ਼ਟ ਕਰਕੇ ਸਮਝਾ ਦਿਤਾ ਗਿਆ ਹੈ। ਸਤਿਸੰਗਤਿ ਉਹ ਹੈ, ਜਿਥੇ ਸਿਰਫ ਅਕਾਲ ਪੁਰਖੁ ਦਾ ਨਾਮੁ ਸਲਾਹਿਆ ਜਾਂਦਾ ਹੈ। ਸਤਿ ਸੰਗਤਿ ਵਿਚ ਸਿਰਫ ਅਕਾਲ ਪੁਰਖੁ ਦਾ ਨਾਮੁ ਜਪਣਾ ਹੀ ਉਸ ਦਾ ਹੁਕਮ ਹੈ। ਨਾਮੁ ਤੇ ਹੁਕਮੁ ਦੀ ਸੋਝੀ ਸਿਰਫ ਸਤਿਗੁਰੂ ਹੀ ਦੇ ਸਕਦਾ ਹੈ।
ਸਤਸੰਗਤਿ ਕੈਸੀ ਜਾਣੀਐ ॥ ਜਿਥੈ ਏਕੋ ਨਾਮੁ ਵਖਾਣੀਐ ॥ ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥5॥ (72)
ਸਤਸੰਗਤਿ ਸਤਿਗੁਰੂ ਦੀ ਪਾਠਸ਼ਾਲਾ ਹੈ, ਜਿਥੇ ਅਕਾਲ ਪੁਰਖੁ ਦੇ ਗੁਣ ਸਿਖੇ ਜਾ ਸਕਦੇ ਹਨ। ਧੰਨ ਹੈ ਉਹ ਜੀਭ ਜਿਹੜੀ ਅਕਾਲ ਪੁਰਖੁ ਦਾ ਨਾਮੁ ਜਪਦੀ ਹੈ, ਧੰਨ ਹਨ ਉਹ ਹੱਥ ਜਿਹੜੇ ਸਾਧਸੰਗਤਿ ਵਿਚ ਸੇਵਾ ਕਰਦੇ ਹਨ, ਧੰਨ ਹੈ ਉਹ ਗੁਰੂ ਜਿਸ ਦੀ ਰਾਹੀਂ ਅਕਾਲ ਪੁਰਖੁ ਨੂੰ ਮਿਲ ਕੇ ਉਸ ਦੀ ਸਿਫ਼ਤਿ ਸਾਲਾਹ ਦੀਆਂ ਗੱਲਾਂ ਕਰ ਸਕਦੇ ਹਾਂ। ਜਿਸ ਤਰ੍ਹਾਂ ਬੱਚੇ ਜਦੋਂ ਸਕੂਲ ਜਾਂਦੇ ਹਨ ਤਾਂ ਉਹ ਆਪਣੀਆਂ ਕਾਪੀਆਂ, ਕਿਤਾਬਾਂ, ਪੈਨ, ਪੈਨਸਲ ਨਾਲ ਲੈ ਕੇ ਜਾਂਦੇ ਹਨ। ਅਧਿਆਪਕ ਜੋ ਵੀ ਪੜਾਉਂਦਾ ਹੈ, ਬੱਚੇ ਉਸ ਨੂੰ ਨਾਲੋ ਨਾਲ ਨੋਟ ਕਰਦੇ ਹਨ, ਘਰ ਆ ਕੇ ਉਸ ਨੂੰ ਦੁਬਾਰਾ ਪੜ੍ਹ ਕੇ ਯਾਦ ਕਰਦੇ ਹਨ। ਅਸੀਂ ਵੀ ਸਤਿਗੁਰੂ ਦੀ ਪਾਠਸ਼ਾਲਾ ਭਾਵ ਗੁਰਦੁਆਰਾ ਸਾਹਿਬ ਜਾਂਦੇ ਹਾਂ। ਕੀ ਅਸੀਂ ਕਦੇ ਆਪਣੇ ਨਾਲ ਕਾਪੀ, ਪੈਨ, ਪੈਨਸਲ ਲੈ ਕੇ ਗਏ ਹਾਂ, ਤਾਂ ਜੋ ਗੁਰਬਾਣੀ ਰਾਹੀ ਦੱਸੀ ਗਈ ਮਤ ਨੋਟ ਕਰ ਸਕੀਏ? ਗੁਰਦੁਆਰਾ ਸਾਹਿਬ ਵਿਚ ਜੋ ਸ਼ਬਦ ਗਾਇਨ ਕੀਤਾ ਗਿਆ, ਗੁਰਮਤਿ ਵਿਚਾਰ ਦੱਸੀ ਗਈ, ਗੁਰ ਇਤਿਹਾਸ ਸਬੰਧੀ ਜਾਣਕਾਰੀ ਦਿਤੀ ਗਈ, ਕੀ ਅਸੀਂ ਕਦੇ ਘਰ ਆ ਕੇ ਉਸ ਨੂੰ ਦੁਬਾਰਾ ਪੜ੍ਹਕੇ ਯਾਦ ਕਰਦੇ ਹਨ? ਜਿਹੜੇ ਬੱਚੇ ਸਬਕ ਯਾਦ ਨਹੀਂ ਕਰਦੇ ਹਨ, ਅਧਿਆਪਕ ਉਨ੍ਹਾਂ ਨੂੰ ਸਜਾ ਦਿੰਦਾ ਹੈ, ਤੇ ਉਹ ਫੇਲ ਹੋ ਜਾਂਦੇ ਹਨ। ਜੇ ਕਰ ਗੁਰਬਾਣੀ ਨੂੰ ਘਰ ਆ ਕੇ ਉਸ ਨੂੰ ਦੁਬਾਰਾ ਪੜ੍ਹਦੇ ਨਹੀਂ, ਸਮਝਦੇ ਨਹੀਂ ਤੇ ਵਿਚਾਰਦੇ ਨਹੀਂ, ਤਾਂ ਅਸੀਂ ਗੁਰੂ ਸਾਹਿਬ ਕੋਲ ਕਿਵੇਂ ਪਰਵਾਨ ਹੋ ਸਕਦੇ ਹਾਂ?
ਸਤਸੰਗਤਿ ਸਤਿਗੁਰ ਚਟਸਾਲ ਹੈ ਜਿਤੁ ਹਰਿ ਗੁਣ ਸਿਖਾ ॥ (1316)
ਸਿਖ ਧਰਮ ਅਨੁਸਾਰ ਸਤਸੰਗਤਿ ਕੋਈ ਰਵਾਇਤੀ ਜਾਂ ਆਮ ਇਕੱਠ ਨਹੀਂ ਹੈ, ਸਤਸੰਗਤਿ ਨੂੰ ਬਹੁਤ ਉਚਾ ਦਰਜ਼ਾ ਦਿਤਾ ਗਿਆ ਹੈ। ਆਪਣੇ ਆਪ ਨੂੰ ਸਤਸੰਗਤਿ ਦਾ ਹਿਸਾ ਤਾਂ ਹੀ ਕਹਿ ਸਕਦੇ ਹਾਂ, ਜੇ ਕਰ ਗੁਰੂ ਦੀ ਸ਼ਰਨ ਵਿਚ ਆਉਂਦੇ ਹਾਂ, ਤੇ ਸਬਦ ਗੁਰੂ ਦੀ ਸੰਗਤ ਕਰਦੇ ਹਾਂ। ਅਸੀਂ ਗੁਰੂ ਦੀ ਸ਼ਰਨ ਵਿਚ ਤਾਂ ਹੀ ਸਵਿਕਾਰੇ ਜਾ ਸਕਦੇ ਹਾਂ, ਜੇ ਕਰ ਗੁਰੂ ਨੂੰ ਅਪਨਾਈਏ, ਗੁਰੂ ਨੂੰ ਆਪਣਾ ਬਣਾਈਏ। ਜੇ ਕਰ ਖੰਡੇ ਕੀ ਪਾਹੁਲ ਲਈਏ ਨਾ, ਗੁਰੂ ਨਾਲ ਕੋਈ ਵਾਇਦਾ ਕਰੀਏ ਨਾ, ਬਾਣੀ ਪੜ੍ਹੀਏ ਨਾ, ਸਮਝੀਏ ਨਾ, ਜੀਵਨ ਵਿਚ ਅਪਨਾਈਏ ਨਾ, ਤਾਂ ਗੁਰੂ ਨੂੰ ਆਪਣਾ ਕਿਸ ਤਰ੍ਹਾਂ ਬਣਾ ਸਕਦੇ ਹਾਂ? ਖਾਲੀ ਗੁਰਦੁਆਰਾ ਸਾਹਿਬ ਆਪਣੀ ਹਾਜ਼ਰੀ ਲਵਾ ਕੇ, ਲੰਗਰ ਖਾ ਕੇ ਵਾਪਿਸ ਆ ਜਾਣਾ ਤਾਂ ਇਸ ਤਰ੍ਹਾਂ ਹੋਇਆ ਕਿ ਸਕੂਲੇ ਤਾਂ ਗਏ, ਹਾਜ਼ਰੀ ਵੀ ਲਵਾ ਲਈ, ਪਰ ਪੜ੍ਹਿਆ ਕੁਝ ਵੀ ਨਾ, ਸਮਝਿਆ ਕੁਝ ਵੀ ਨਾ। ਕੀ ਕੋਈ ਇਸ ਤਰ੍ਹਾਂ ਬਿਨਾ ਪੜ੍ਹਿਆਂ ਪਾਸ ਹੋ ਸਕਦਾ ਹੈ? ਜੇ ਨਹੀਂ ਤਾਂ ਅਸੀਂ ਸਿੱਖੀ ਦੇ ਇਮਤਿਹਾਨ ਵਿਚੋਂ ਕਿਸ ਤਰ੍ਹਾਂ ਪਾਸ ਹੋ ਸਕਦੇ ਹਾਂ?
ਧਰਮ ਇਕ ਮੂਲ ਤੱਤ ਤੇ ਸਚਿਆਈ ਹੈ, ਜਿਸ ਦੇ ਆਸਰੇ ਸੰਸਾਰ ਕਾਇਮ ਹੈ। ਪਰ ਦੁਨੀਆਂ ਵਿਚ ਵੱਖ ਵੱਖ ਮਜ੍ਹਬ ਹਨ। ਦੁਨੀਆਂ ਵਿਚ ਲੋਕਾਂ ਦੇ ਵੱਖ ਵੱਖ ਤਜਰਬੇ ਅਤੇ ਅਨੁਭਵ ਹੁੰਦੇ ਹਨ। ਜਿਸ ਅਨੁਸਾਰ ਅਨੇਕਾਂ ਤਰ੍ਹਾਂ ਦੇ ਮਜ੍ਹਬ ਜਾਂ ਵਿਚਾਰਧਾਰਾਵਾਂ ਪੈਦਾ ਹੋ ਜਾਂਦੀਆਂ ਹਨ। ਪਰੰਤੂ ਸਚਾਈ ਤਾਂ ਇਕ ਹੀ ਹੋ ਸਕਦੀ ਹੈ। ਇਹ ਬਿਲਕੁਲ ਉਸੇ ਤਰ੍ਹਾਂ ਹੈ, ਜਿਸ ਤਰ੍ਹਾਂ ਕਿ ਇਕੋ ਚੀਜ਼ ਨੂੰ ਵੱਖ ਵੱਖ ਰੰਗਾਂ ਜਾਂ ਤਰ੍ਹਾਂ ਤਰ੍ਹਾਂ ਦੀਆਂ ਐਨਕਾਂ ਨਾਲ ਵੇਖਿਆ ਜਾਂਦਾ ਹੈ, ਨਤੀਜਾ ਇਹ ਹੁੰਦਾ ਹੈ, ਕਿ ਹਰੇਕ ਮਨੁੱਖ ਨੂੰ ਵੱਖ ਵੱਖ ਦਿਖਾਈ ਦਿੰਦੀ ਹੈ। ਇਹੀ ਕਾਰਨ ਹੈ ਕਿ ਹਰ ਕੋਈ ਆਪਣੇ ਆਪ ਨੂੰ ਪੂਰਾ ਕਹਿੰਦਾ ਹੈ।
ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ ॥ ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ ॥2॥ (468-469)
ਅਸੀਂ ਦੁਨੀਆਂਦਾਰੀ ਦੀਆਂ ਜੋ ਵੀ ਰਵਾਇਤਾ ਕਰਦੇ ਹਾਂ, ਉਸ ਉਪਰ ਆਪਣੀ ਧਰਮ ਦੀ ਮੋਹਰ ਲਾ ਦਿੰਦੇ ਹਾਂ। ਬਹੁਤ ਘਟ ਲੋਕ ਹਨ ਜੋ ਵਿਚਾਰਦੇ ਹਨ, ਕਿ ਜੋ ਕੁਝ ਅਸੀਂ ਕਰ ਰਹੇ ਹਾਂ, ਉਹ ਠੀਕ ਵੀ ਹੈ ਕਿ ਨਹੀਂ? ਕਬੀਰ ਸਾਹਿਬ ਸਮਝਾਂਉਂਦੇ ਹਨ, ਕਿ ਗ਼ਾਫ਼ਲ ਮਨੁੱਖ ਨੇ ਦੁਨੀਆਂ ਦੇ ਧਨ ਪਦਾਰਥ ਤੇ ਕਰਮ ਕਾਂਡਾਂ ਦੀ ਖ਼ਾਤਰ ਆਪਣਾ ਅਸਲੀ ਦੀਨ ਗਵਾ ਲਿਆ ਹੈ। ਮਨੁੱਖ ਲੋਕਾਚਾਰੀ ਬਾਰੇ ਤਾਂ ਬਹੁਤ ਸੋਚਦਾ ਹੈ, ਪਰ ਅਖ਼ੀਰ ਵੇਲੇ ਇਹ ਦੁਨੀਆਂ ਮਨੁੱਖ ਦੇ ਨਾਲ ਨਹੀਂ ਤੁਰਦੀ। ਅਣਜਾਣ ਤੇ ਲਾਪਰਵਾਹ ਮਨੁੱਖ, ਆਪਣੇ ਪੈਰ ਉਪਰ, ਆਪਣੇ ਹੀ ਹੱਥ ਨਾਲ, ਆਪ ਹੀ ਕੁਹਾੜਾ ਮਾਰ ਰਿਹਾ ਹੈ, ਭਾਵ, ਆਪਣਾ ਨੁਕਸਾਨ ਆਪ ਹੀ ਕਰ ਰਿਹਾ ਹੈ।
ਕਬੀਰ ਦੀਨੁ ਗਵਾਇਆ ਦੁਨੀ ਸਿਉ ਦੁਨੀ ਨ ਚਾਲੀ ਸਾਥਿ ॥ ਪਾਇ ਕੁਹਾੜਾ ਮਾਰਿਆ ਗਾਫਲਿ ਅਪੁਨੈ ਹਾਥਿ ॥13॥ (1365)
ਗੁਰੂ ਅਰਜਨ ਸਾਹਿਬ ਸਮਝਾਂਉਂਦੇ ਹਨ, ਕਿ ਧਰਮ ਦਾ ਕੰਮ ਕਰਨ ਵਿਚ ਦੇਰੀ ਨਾਂ ਕਰੋ, ਪਰੰਤੂ ਪਾਪ ਕਰਨ ਵਿਚ ਜਰੂਰ ਢਿਲ ਕਰੋ। ਅਕਾਲ ਪੁਰਖੁ ਦਾ ਨਾਮੁ, ਭਾਵ ਗੁਣਾਂ ਨੂੰ ਦ੍ਰਿੜ ਕਰਨਾ ਹੈ ਤੇ ਲੋਭ ਦਾ ਤਿਆਗ ਕਰਨਾ ਹੈ। ਗੁਰਮੁਖਾਂ ਦੀ ਸੰਗਤ ਕਰ ਕੇ ਪਾਪ ਨਾਸ਼ ਹੁੰਦੇ ਹਨ, ਇਹ ਧਰਮ ਦੀ ਪ੍ਰਾਪਤੀ ਦੇ ਲੱਛਣ ਹਨ।
ਸਲੋਕ ਸਹਸਕਿ®ਤੀ ਮਹਲਾ 5 ॥ ਨਹ ਬਿਲµਬ ਧਰਮੰ ਬਿਲµਬ ਪਾਪੰ ॥ ਦ੍ਰਿੜੰਤ ਨਾਮੰ ਤਜੰਤ ਲੋਭੰ ॥ ਸਰਣਿ ਸੰਤੰ ਕਿਲਬਿਖ ਨਾਸੰ ਪ੍ਰਾਪਤੰ ਧਰਮ ਲਖਿ´ਣ ॥ ਨਾਨਕ ਜਿਹ ਸੁਪ੍ਰਸੰਨ ਮਾਧਵਹ ॥10॥ (1354)
ਭਾਈ ਗੁਰਦਾਸ ਜੀ ਸਮਝਾਂਉਂਦੇ ਹਨ ਕਿ ਇਹ ਮਨੁੱਖਾ ਜਨਮ ਦੁਰਲਭ ਹੈ, ਇਸ ਲਈ ਗੁਰੂ ਦੀ ਸਰਨ ਵਿਚ ਆ ਕੇ ਆਪਣਾ ਉਧਾਰ ਕਰ ਲੈ। ਸਾਧ ਸੰਗਤ ਵਿਚ ਜਾ ਕੇ ਗੁਰੂ ਦੇ ਸਬਦ ਨੂੰ ਧਿਆਨ ਨਾਲ ਸੁਣ, ਤੇ ਪ੍ਰੇਮ ਨਾਲ ਲਿਵ ਲਾ ਕੇ ਗੁਰੂ ਦੇ ਦੱਸੇ ਹੋਏ ਗਿਆਨ ਨੂੰ ਵੀਚਾਰ। ਇਹ ਸਬਦ ਗੁਰੂ ਹੀ ਹੈ, ਜਿਸ ਸਦਕਾ ਮਨੁੱਖ ਪਰਉਪਕਾਰੀ ਤੇ ਗੁਰੂ ਦਾ ਪਿਆਰਾ ਬਣ ਸਕਦਾ ਹੈ।
ਮਾਨਸ ਜਨਮ ਦੁਲµਭ ਹੈ ਸਫਲ ਜਨਮ ਗੁਰ ਸਰਣ ਉਧਾਰੇ॥ ਸਾਧ ਸੰਗ ਗੁਰੁਸਬਦ ਸੁਣ ਭਾਇ ਭਗਤ ਗੁਰ ਗÎਾਨ ਬੀਚਾਰੇ॥ ਪਰ ਉਪਕਾਰੀ ਗੁਰੂ ਪਿਆਰੇ ॥1॥ (4-1-8)
ਦੁਨੀਆਂ ਦਾ ਕੋਈ ਕਾਨੂੰਨ ਅਗਿਆਨੀ ਤੋਂ ਗਿਆਨੀ ਨਹੀਂ ਬਣਾ ਸਕਦਾ ਹੈ। ਇਹ ਸਿਰਫ ਅਕਾਲ ਪੁਰਖੁ ਦੇ ਧਰਮ ਨੂੰ ਅਪਨਾਉਂਣ ਨਾਲ ਹੀ ਅਜੇਹਾ ਹੋ ਸਕਦਾ ਹੈ। ਇਸ ਲਈ ਧਰਮ ਦੇ ਰਸਤੇ ਤੇ ਚਲ ਕੇ ਅਣਖ ਨਾਲ ਜੀਊਣਾਂ ਸਿਖਣਾ ਹੈ।
ਸਬਦ ਰੋਸ਼ਨੀ ਦੇਣ ਵਾਲਾ ਹੈ, ਜਿਸ ਦੁਆਰਾ ਜੀਵਨ ਵਿਚ ਚਲਣ ਲਈ ਸੋਝੀ ਪ੍ਰਾਪਤ ਹੁੰਦੀ ਹੈ। ਸਬਦ ਸੁਣ ਸਕਦੇ ਹਾਂ, ਪਰ ਵੇਖ ਨਹੀਂ ਸਕਦੇ, ਇਸੇ ਲਈ ਸਿੱਖ ਧਰਮ ਵਿਚ ਮੂਰਤੀ ਪੂਜਾ ਦਾ ਕੋਈ ਮਹੱਤਵ ਨਹੀਂ ਹੈ। ਜੋਗੀਆਂ ਦੇ ਧਰਮ ਦਾ ਮੰਤਵ ਗਿਆਨ ਪ੍ਰਾਪਤ ਕਰਨਾ ਹੈ। ਬ੍ਰਾਹਮਣਾਂ ਦੇ ਧਰਮ ਦਾ ਮੰਤਵ ਵੇਦਾਂ ਦੀ ਵਿਚਾਰ ਹੈ। ਖਤ®ੀਆਂ ਦਾ ਧਰਮ ਸੂਰਮਿਆਂ ਵਾਲੇ ਕੰਮ ਕਰਨਾ ਹੈ, ਅਤੇ ਸ਼ੂਦਰਾਂ ਦਾ ਧਰਮ ਦੂਜਿਆਂ ਦੀ ਸੇਵਾ ਕਰਨੀ। ਗੁਰੂ ਸਾਹਿਬ ਨੇ ਸਾਰਿਆਂ ਦਾ ਮੁੱਖ ਧਰਮ, ਉਸ ਅਕਾਲ ਪੁਰਖੁ ਨੂੰ ਹਰੇਕ ਜੀਵ ਵਿਚ ਵਸਦਾ ਵੇਖਣਾ, ਅਕਾਲ ਪੁਰਖੁ ਨੂੰ ਆਪਣੇ ਹਿਰਦੇ ਵਿਚ ਵਸਾਉਂਣਾਂ ਤੇ ਗੁਰਬਾਣੀ ਦੁਆਰਾ ਉਸ ਦੇ ਗੁਣ ਗਾਇਨ ਕਰਨਾ ਦੱਸਿਆ ਹੈ। ਜੋ ਮਨੁੱਖ ਇਸ ਭੇਦ ਨੂੰ ਜਾਣਦਾ ਹੈ, ਨਾਨਕ ਉਸ ਦਾ ਦਾਸ ਹੈ, ਉਹ ਮਨੁੱਖ ਅਕਾਲ ਪੁਰਖੁ ਦਾ ਰੂਪ ਹੈ। ਗੁਰੂ ਸਾਹਿਬਾਂ ਨੇ ਸਮੁੱਚੀ ਮਨੁੱਖਤਾ ਲਈ ਇਕੋ ਧਰਮ ਹੀ ਮਨਿਆ ਹੈ, ਉਹ ਹੈ ‘ਸਬਦ”। ਪੂਰੇ ਗੁਰੂ ਗਰੰਥ ਸਾਹਿਬ ਵਿਚ ਸਬਦ ਦਾ ਭੇਦ ਹੀ ਸਾਂਝਾ ਕੀਤਾ ਗਿਆ ਹੈ, ਤਾਂ ਜੋ ਅਸੀਂ ਅਕਾਲ ਪੁਰਖੁ ਦਾ ਹੁਕਮੁ ਤੇ ਉਸ ਦੀ ਅਸਲੀਅਤ ਨੂੰ ਸਮਝ ਸਕੀਏ।
ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ ॥ ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ॥3॥ (469)
ਗੁਰੂ ਨਾਨਕ ਸਾਹਿਬ ਨੇ ਸਿੱਖ ਧਰਮ ਦਾ ਮੂਲ ਸਿਧਾਂਤ ਤਾਂ ਜਪੁਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਹੀ ਸਮਝਾ ਦਿੱਤਾ ਹੈ ਕਿ ਜੇ ਕਰ ਅਕਾਲ ਪੁਰਖੁ ਨੂੰ ਪਾਉਣਾਂ ਹੈ ਤਾਂ ਅਕਾਲ ਪੁਰਖੁ ਦੇ ਹੁਕਮੁ ਤੇ ਉਸ ਦੀ ਰਜ਼ਾ ਅਨੁਸਾਰ ਚਲਣਾ ਪਵੇਗਾ, ਜੋ ਕਿ ਧੁਰ ਤੋਂ ਹੀ ਜੀਵ ਦੇ ਨਾਲ ਲਿਖਿਆ ਹੋਇਆ ਹੈ।
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥1॥ (1)
ਜੇ ਕਰ ਗੁਰਬਾਣੀ ਨੂੰ ਧਿਆਨ ਨਾਲ ਵੀਚਾਰਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਗੁਰੂ ਗਰੰਥ ਸਾਹਿਬ ਅਨੁਸਾਰ ਨਾਮੁ ਜਪਣ ਦਾ ਭਾਵ ਹੈ, ਕਿ ਅਕਾਲ ਪੁਰਖੁ ਦੇ ਗੁਣਾਂ ਨੂੰ ਗੁਰਬਾਣੀ ਦੀ ਸਹਾਇਤਾ ਨਾਲ ਪੜ੍ਹਨਾਂ, ਸੁਣਨਾ, ਸਮਝਣਾਂ, ਵਿਚਾਰਨਾਂ ਤੇ ਅਮਲੀ ਜੀਵਨ ਵਿਚ ਅਪਨਾਉਣਾ ਹੈ। ਗੁਰੂ ਦੇ ਸੇਵਕ ਨੇ ਭਾਵੇਂ ਉਹ ਸੁਤਾ ਹੋਵੇ ਜਾਂ ਜਾਗਦਾ, ਕੰਮ ਕਰਦਾ ਹੋਵੇ ਜਾਂ ਖਾਣਾ ਖਾਂਦਾ ਹੋਵੇ, ਗੱਡੀ ਚਲਾਉਂਦਾ ਹੋਵੇ ਜਾਂ ਮਸ਼ੀਨ ਤੇ ਕੰਮ ਕਰਦਾ ਹੋਵੇ, ਹਰ ਸਮੇਂ ਦਿਨ ਰਾਤ ਲਗਾਤਾਰ ਗੁਰਬਾਣੀ ਅਨੁਸਾਰ ਆਪਣੇ ਜੀਵਨ ਵਿਚ ਵਿਚਰਦੇ ਰਹਿੰਣਾਂ ਹੈ। ਜੇਕਰ ਅਸੀਂ ਆਪਣਾ ਮਨ ਬਣਾ ਕੇ ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰਨਾ ਚਾਹੀਏ ਤਾਂ ਬੜੇ ਸਹਿਜ ਤਰੀਕੇ ਨਾਲ ਕਰ ਸਕਦੇ ਹਾਂ। ਇਸ ਲਈ ਭਾਵੇਂ ਅਸੀਂ ਸੁੱਤੇ ਹੋਈਏ ਜਾਂ ਜਾਗਦੇ ਹੋਈਏ, ਹਰ ਸਮੇਂ ਅਕਾਲ ਪੁਰਖੁ ਦੇ ਹੁਕਮੁ ਤੇ ਰਜ਼ਾ ਵਿਚ ਚਲ ਸਕਦੇ ਹਾਂ।
ਜੇ ਕਰ ਵਿਚਾਰਧਾਰਾ ਇਕ ਹੈ ਤਾਂ ਆਪਸ ਵਿਚ ਬਣਦੀ ਹੈ, ਨਹੀਂ ਤਾਂ ਆਪਸੀ ਸਾਂਝ ਬਹੁਤ ਮੁਸ਼ਕਲ ਹੋ ਜਾਂਦੀ ਹੈ। ਅੱਜਕਲ ਪੂਰੀ ਦੁਨੀਆਂ ਵਿਚ ਕਲੇਸ਼ ਦਾ ਕਾਰਨ ਇਹੀ ਹੈ ਕਿ ਆਪਸੀ ਵਿਚਾਰਧਾਰਾ ਇਕ ਨਹੀਂ। ਪਰਿਵਾਰ ਇਸ ਲਈ ਟੁਟ ਰਹੇ ਹਨ, ਕਿਉਂਕਿ ਪਤੀ ਪਤਨੀ ਦੀ ਆਪਸੀ ਵਿਚਾਰਧਾਰਾ ਇਕ ਦੂਜੇ ਨਾਲ ਨਹੀਂ ਮਿਲਦੀ। ਪੂਰੇ ਗੁਰੂ ਗਰੰਥ ਸਾਹਿਬ ਵਿਚ, “ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ” ਤੋਂ ਲੈ ਕੇ “ਮੁੰਦਾਵਣੀ ਮਹਲਾ 5” ਤਕ ਵਿਚਾਰਧਾਰਾ ਇਕ ਹੀ ਹੈ। ਸਿੱਖ ਧਰਮ ਅਨੁਸਾਰ ਅਕਾਲ ਪੁਰਖੁ ਇਕ ਹੈ ਅਤੇ ਧਰਮ ਵੀ ਇਕ ਹੀ ਹੈ।
ਮÚ 3 ॥ ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥ (646)
ਵਿਚਾਰਧਾਰਾ ਇਕ ਤਾਂ ਹੀ ਹੋ ਸਕਦੀ ਹੈ, ਜੇ ਕਰ ਅਸੀਂ ਸਮਝ ਸਕੀਏ ਕਿ ਇਹ ਸਾਰੀ ਖਲਕਤ ਉਸ ਅਕਾਲ ਪੁਰਖੁ ਨੇ ਪੈਦਾ ਕੀਤੀ ਹੈ, ਇਹ ਸਾਰੇ ਜੀਵ ਜੰਤੂ ਕੁਦਰਤ ਦੇ ਹੀ ਬਣਾਏ ਹੋਏ ਹਨ, ਉਸ ਦੀ ਹੀ ਜੋਤ ਤੋਂ ਸਾਰਾ ਜਗਤ ਪੈਦਾ ਹੋਇਆ ਹੈ। ਅਕਾਲ ਪੁਰਖੁ ਸਾਰੀ ਖ਼ਲਕਤ ਨੂੰ ਪੈਦਾ ਕਰਨ ਵਾਲਾ ਹੈ ਤੇ ਸਾਰੀ ਖ਼ਲਕਤ ਵਿਚ ਆਪ ਮੌਜੂਦ ਹੈ ਤੇ ਸਭ ਥਾਂ ਭਰਪੂਰ ਹੈ। ਉਹੀ ਮਨੁੱਖ ਅਕਾਲ ਪੁਰਖੁ ਦਾ ਪਿਆਰਾ ਬੰਦਾ ਕਿਹਾ ਜਾ ਸਕਦਾ ਹੈ, ਜੋ ਉਸ ਦੇ ਹੁਕਮੁ ਨੂੰ ਪਛਾਣਦਾ ਹੈ ਤੇ ਉਸ ਇਕ ਅਕਾਲ ਪੁਰਖੁ ਨਾਲ ਸਾਂਝ ਪਾਂਦਾ ਹੈ।
ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ ॥3॥ (1350)
ਜਿਹੜਾ ਮਨੁੱਖ ਆਪਣੇ ਹਿਰਦੇ ਵਿਚ ਇਹ ਨਿਸ਼ਚਾ ਬਣਾ ਲੈਂਦਾ ਹੈ ਕਿ ਸਦਾ ਥਿਰ ਰਹਿੰਣ ਵਾਲੇ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਨਾ ਹੀ ਇਕੋ ਇਕ ਤੇ ਠੀਕ ਧਰਮ ਹੈ, ਫਿਰ ਉਹ ਮਨੁੱਖ ਗੁਰੂ ਦੀ ਮਤਿ ਦਾ ਓਟ ਆਸਰਾ ਲੈ ਕੇ ਵਿਕਾਰਾਂ ਨਾਲ ਟਾਕਰੇ ਲਈ ਹਮੇਸ਼ਾਂ ਤਿਆਰ ਬਰ ਤਿਆਰ ਰਹਿੰਦਾ ਹੈ ਤੇ ਅਡੋਲ ਅਵਸਥਾ ਵਿਚ ਟਿਕਿਆ ਰਹਿੰਦਾ ਹੈ। ਅਜੇਹਾ ਮਨੁੱਖ ਗੁਰੂ ਦੇ ਸ਼ਬਦ ਦੁਆਰਾ ਅਕਾਲ ਪੁਰਖੁ ਨਾਲ ਆਪਣੀ ਸੁਰਤਿ ਜੋੜੀ ਰੱਖਦਾ ਹੈ ਤੇ ਉਸ ਦੇ ਗੁਣਾਂ ਵਿਚ ਮਸਤ ਰਹਿੰਦਾ ਹੈ।
ਏਕੋ ਧਰਮੁ ਦ੍ਰਿੜੈ ਸਚੁ ਕੋਈ ॥ ਗੁਰਮਤਿ ਪੂਰਾ ਜੁਗਿ ਜੁਗਿ ਸੋਈ ॥ (1188)
ਆਪਣੇ ਮਨ ਨੂੰ ਸਮਝਾਂਉਂਣਾ ਹੈ ਕਿ ਅਕਾਲ ਪੁਰਖੁ ਦਾ ਨਾਮੁ ਜਪ ਤੇ ਪਵਿਤਰ ਆਚਰਨ ਬਣਾ। ਇਹ ਧਰਮ ਸਾਰੇ ਧਰਮਾਂ ਨਾਲੋ ਚੰਗਾ ਹੈ। ਗੁਰੂ ਦੀ ਸਤਿਸੰਗਤ ਵਿਚ ਅਕਾਲ ਪੁਰਖੁ ਦੇ ਗੁਣ ਗਾਇਨ ਕਰਕੇ ਆਪਣੀ ਭੈੜੀ ਮਤਿ ਦੂਰ ਕਰਨੀ, ਹੋਰ ਸਾਰੀਆਂ ਧਾਰਮਿਕ ਰਸਮਾਂ ਨਾਲੋਂ ਉੱਤਮ ਹੈ।
ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥ (266)
ਧਰਮ ਸੱਚ ਦੇ ਆਧਾਰ ਤੇ ਟਿਕ ਸਕਦਾ ਹੈ, ਝੂਠ ਦੇ ਆਧਾਰ ਤੇ ਨਹੀਂ। ਇਸ ਲਈ ਹਮੇਸ਼ਾਂ ਸੱਚ ਦੇ ਮਾਰਗ ਤੇ ਚਲਣਾ ਹੈ।
ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ ॥ ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ ॥3॥ (488)
ਅਕਾਲ ਪੁਰਖ ਨੇ ਮਨੁੱਖ ਦੇ ਨਿਰਬਾਹ ਲਈ ਰਾਤਾਂ, ਰੁੱਤਾਂ, ਥਿਤਾਂ ਅਤੇ ਵਾਰ, ਹਵਾ, ਪਾਣੀ, ਅੱਗ, ਪਾਤਾਲ ਆਦਿ ਬਣਾਏ ਹਨ ਤੇ ਇਨ੍ਹਾਂ ਸਾਰਿਆਂ ਦੇ ਇਕੱਠ ਵਿਚ ਧਰਤੀ ਨੂੰ ਧਰਮ ਕਮਾਣ ਦਾ ਅਸਥਾਨ ਬਣਾ ਕੇ ਟਿਕਾ ਦਿੱਤਾ ਹੈ। ਇਸ ਧਰਤੀ ਉੱਤੇ ਕਈ ਜੁਗਤੀਆਂ ਅਤੇ ਰੰਗਾਂ ਦੇ ਜੀਵ ਰਹਿੰਦੇ ਹਨ, ਜਿਨ੍ਹਾਂ ਦੇ ਅਨੇਕਾਂ ਤੇ ਅਨਗਿਣਤ ਹੀ ਨਾਂ ਹਨ। ਇਨ੍ਹਾਂ ਅਨੇਕਾਂ ਜੀਵਾਂ ਦਾ ਆਪੋ ਆਪਣੇ ਕੀਤੇ ਕਰਮਾਂ ਦੇ ਅਨੁਸਾਰ ਅਕਾਲ ਪੁਰਖ ਦੇ ਦਰ ਤੇ ਨਿਬੇੜਾ ਹੁੰਦਾ ਹੈ, ਜਿਸ ਵਿਚ ਕੋਈ ਉਕਾਈ ਨਹੀ ਹੁੰਦੀ, ਕਿਉਂਕਿ ਨਿਆਂ ਕਰਨ ਵਾਲਾ ਅਕਾਲ ਪੁਰਖ ਆਪ ਸੱਚਾ ਹੈ, ਉਸ ਦਾ ਦਰਬਾਰ ਵੀ ਸੱਚਾ ਹੈ।
ਰਾਤੀ ਰੁਤੀ ਥਿਤੀ ਵਾਰ ॥ ਪਵਣ ਪਾਣੀ ਅਗਨੀ ਪਾਤਾਲ ॥ ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ ॥ (7)
ਪਹਿਲੀ ਆਤਮਕ ਅਵਸਥਾ ਦਾ ਨਾਂ ਧਰਮ ਖੰਡ ਰੱਖਿਆ ਹੈ। ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ, ਵਿਚੋਂ ਹੁੰਦੇ ਹੋਏ ਅਕਾਲ ਪੁਰਖ ਨਾਲ ਇਕ ਰੂਪ ਹੋਣ ਲਈ ਸੱਚ ਖੰਡ ਦੀ ਅਵਸਥਾ ਤਕ ਪਹੁੰਚਣਾ ਹੈ। ਗੁਰਬਾਣੀ ਅਨੁਸਾਰ ਕੁਝ ਰੀਤਾਂ ਰਸਮਾਂ ਜਾਂ ਕਰਮ ਕਾਂਡਾਂ ਨੂੰ ਨਿਭਾਅ ਲੈਣ ਵਾਲਾ ਧਰਮੀ ਨਹੀਂ ਮਨਿਆ ਜਾ ਸਕਦਾ ਹੈ। ਜੇ ਕਰ ਗੁਰਬਾਣੀ ਦੇ ਸਾਰੇ ਸਬਦ ਇਕੱਠੇ ਕੀਤੇ ਜਾਣ ਤਾਂ ਅਸੀਂ ਧਰਮ ਦੀ ਹੇਠ ਲਿਖੀ ਪ੍ਰੀਭਾਸ਼ਾ ਕਹਿ ਸਕਦੇ ਹਾਂ।
ਸਿੱਖ ਧਰਮ ਅਨੁਸਾਰ ਮਨੁੱਖਾ ਜੀਵਨ ਦੀ ਜਾਚ, ਪਵਿਤਰ ਆਚਰਨ, ਅਕਾਲ ਪੁਰਖੁ ਦੇ ਹੁਕਮੁ ਨੂੰ ਗੁਰੁ ਗਰੰਥ ਸਾਹਿਬ ਵਿਚ ਅਕਿਤ ਗੁਰਬਾਣੀ ਦੁਆਰਾ ਪਛਾਨਣਾਂ, ਅਕਾਲ ਪੁਰਖੁ ਦੇ ਹੁਕਮੁ ਤੇ ਉਸ ਦੀ ਰਜ਼ਾ ਅਨੁਸਾਰ ਚਲਣਾ ਅਤੇ ਉਸ ਅਨੰਤ ਸ਼ਕਤੀ ਦੇ ਮਾਲਕ ਅਕਾਲ ਪੁਰਖੁ ਨਾਲ ਅਭੇਦ ਹੋਣ ਨੂੰ ਧਰਮ ਕਹਿੰਦੇ ਹਨ।
ਅੱਜ ਦਾ ਸਮਾਜ ਮਾਇਆਵਾਦ, ਸਾਇੰਸ ਤੇ ਰਾਜਨੀਤੀ ਦੇ ਜੁੱਗ ਵਿਚੋਂ ਲੰਘ ਰਿਹਾ ਹੈ। ਆਮ ਲੋਕਾਂ ਅੰਦਰ ਧਰਮ ਲਈ ਰੁਚੀ ਘਟ ਰਹੀ ਹੈ, ਜਿਸ ਕਰਕੇ ਮਾਨਸਿਕ ਅਸ਼ਾਂਤੀ ਵਧ ਰਹੀ ਹੈ। ਜੇ ਚੀਜ਼ ਧੁਰੇ ਨਾਲ ਜੁੜੀ ਹੈ ਤਾਂ ਉਹ ਟਿਕੀ ਰਹਿੰਦੀ ਹੈ, ਨਹੀਂ ਤਾਂ ਗੁੰਮ ਜਾਂਦੀ ਹੈ। ਇਸੇ ਤਰ੍ਹਾਂ ਜੇ ਕਰ ਅਸੀਂ ਅਕਾਲ ਪੁਰਖੁ ਦੇ ਹੁਕਮੁ (ਗੁਰੂ ਗਰੰਥ ਸਾਹਿਬ) ਅਨੁਸਾਰ ਜੀਵਨ ਬਤੀਤ ਕਰ ਰਹੇ ਹਾਂ, ਤਾਂ ਸੁਖੀ ਹਾਂ, ਨਹੀਂ ਤਾਂ ਦੁਖ ਹੀ ਦੁਖ। ਇਸ ਲਈ ਆਪਣੇ ਆਪ ਤੇ ਆਪਣੇ ਬੱਚਿਆਂ ਨੂੰ ਗੁਰਬਾਣੀ ਅਨੁਸਾਰ ਦਰਸਾਏ ਗਏ ਧਰਮ ਬਾਰੇ ਜਾਣਕਾਰੀ ਦੇਣੀ ਹੈ ਤੇ ਸਬਦ ਗੁਰੂ ਨਾਲ ਜੋੜਨਾਂ ਹੈ ਤਾਂ ਜੋ ਉਨ੍ਹਾਂ ਦਾ ਭਵਿਖ ਸ਼ਾਤਮਈ ਤੇ ਖੁਸ਼ਹਾਲ ਹੋ ਸਕੇ।

ਲੇਖਕ : ਸਰਬਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 8
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :3158
ਲੇਖਕ ਬਾਰੇ
ਆਪ ਜੀ ਪੰਜਾਬੀ ਦੇ ਇੱਕ ਹਰਮਨ ਪਿਆਰੇ ਵਿਦਵਾਨ ਹੋ। ਆਪ ਜੀ ਭੌਤਿਕ ਵਿਗਿਆਨ ਦੇ ਬਹੁੱਤ ਵੱਡੇ ਵਿਦਵਾਨ ਹੋ ਅਤੇ ਆਪ ਜੀ ਸਾਇੰਟੀਫੀਕ ਅਫ਼ਸਰ ਰਹਿ ਚੁਕੇ ਹੋ। ਆਪ ਜੀ 2003 ਤੋਂ ਗੁਰਮਤਿ ਦੇ ਵਾਕਾ ਅਨੁਸਾਰ ਜਿੰਦਗੀ ਦੇ ਹਰ-ਪਲ ਅਤੇ ਖੁਸ਼ੀ ਨਾਲ ਜੀਵਨ ਬਤੀਤ ਕਰਨ ਦੇ ਉੱਪਰ 60 ਦੇ ਕਰੀਬ ਲੇਖ ਲਿੱਖ ਚੁਕੇ ਹੋ ਜੋ ਵੱਖਰੇ-ਵਖਰੇ ਅਖਬਾਰਾ, ਮੈਗਜ਼ੀਨ ਵਿੱਚ ਆਮ ਵੇਖਣ ਨੂੰ ਮਿਲਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ