ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਦਇਆ ਕਪਾਹ ਸੰਤੋਖ ਸੂਤ

ਸੂਰਜ ਅੱਸਤ ਹੁੰਦੇ ਹੀ ਕੱਤਕ ਸ਼ੁਦੀ ਪੂਰਨ ਮਾਸ਼ੀ ਦਾ ਚੰਦਰਮਾ ਪੂਰੇ ਜੋਬਨ ਵਿਚ ਚਾਨਣਾ ਵੰਡਣ ਲਗ ਪਿਆ । ਕੰਮਾ ਕਾਰਾਂ ਤੋਂ ਬੇ ਫਿਕਰ ਹੋ ਕੇ ਲੋਕੀਂ ਬਿਸਤਰ ਦਾ ਨਿੱਘ ਮਾਣਦੇ ਨੀਂਦ ਦੀ ਆਗੋਸ਼ ਵਿਚ ਚਲੇ ਗਏ ਪਰ ਰਾਏ ਭੋਏ ਦੀ ਤਲਵੰਡੀ ਦਾ ਵਸਨੀਕ ਮਹਿਤਾ ਕਾਲੂ ਜੀ( ਕਲਿਆਣ ਦਾਸ ) ਦਾ ਪ੍ਰਵਾਰ ਕਿਸੇ ਸ਼ੁਭ ਘੱੜੀ ਦੀ ਉਡੀਕ ਵਿਚ ਜਾਗ ਰਿਹਾ ਸੀ। ਆਖਰ ਅਮ੍ਰਿਤ ਵੇਲੇ ਉਹ ਸ਼ੁਭ ਘੱੜੀ ਸ਼ੁਭ ਸਮਾ ਵੀ ਆ ਗਿਆ ਜਦ ਨਵ ਜੀਵ ਬਾਲਕ ਦੇ ਪਰਵੇਸ਼ ਨਾਲ ਮਹਿਤਾ ਕਾਲੂ ਜੀ ਅਤੇ ਉਹਨਾਂ ਦੀ ਧਰਮ ਪਤਨੀ ਤ੍ਰਿਪਤਾ ਜੀ ਦਾ ਘਰ, ਘਰ ਦੇ ਚਰਾਗ ਨਾਲ ਨੂਰੋ ਨੂਰ ਹੋ ਗਿਆ।ਪ੍ਰਿਵਾਰ ਖੁਸ਼ੀਆਂ ਨਾਲ ਝੂੰਮ ਉਠਿਆ। ਨਵ ਜੀਵ ਦੀ ਆਮਦ ਨਾਲ ਸੁਪਨਿਆਂ ਸੱਧਰਾਂ ਦਾ ਜਨਮ ਹੋਇਆ, ਨਾਮ ਕਰਨ ਦੀ ਸੱਧਰ, ਜਨੇਊ ਦੀ ਰਸਮ ਸਮੇਂ( ਦੂਸਰਾ ਜਨਮ) ਸਕੇ ਸੱਭੰਦੀਆਂ ਨਾਲ ਖੁਸ਼ੀਆਂ ਵਡਣ ਦੀ ਸੱਧਰ, ਵਿਦਿਆ ਪ੍ਰਾਪਤੀ ਦੀ ਸੱਧਰ, ਯੋਗ ਜੀਵਨ ਸਾਥੀ ਮਿਲ ਜਾਵੇ , ਸਫਲ ਜੀਵਨ ਦੀ ਖਾਹਸ਼ ਅਤੇ ਜੱਦ ਅਗੇ ਤੁਰੇ ਵਗੈਰਾ ਵਗੈਰਾ ਗਰਜ਼-ਕਿ ਜੀਵਨ ਭਰ ਮਾਪੇ ਆਪਣੇ ਬਚਿਆਂ ਦੀ ਸਫਲਤਾ ਲਈ ਫਿਕਰਮੰਦ ਰਹਿੰਦੇ ਹਨ।
ਦਿਨ ਚੜ੍ਹਿਆ ਤਾਂ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲਗ ਗਿਆ ਬਾਲਕ ਦੀ ਵਡੀ ਭੈਣ ਨਾਨਕੀ ਜੀ ਵੀਰ ਦੀ ਪ੍ਰਾਪਤੀ ਨਾਲ ਖੁਸ਼ੀ ਵਿਚ ਝੂੰਮ ਉਠੀ, ਬੜੇ ਹੀ ਚਾਵਾਂ ਨਾਲ ਆਪਣੀ ਖੁਸ਼ੀ ਸਖੀਆਂ ਸਹੇਲੀਆਂ ਵਿਚ ਵੰਡ ਰਹੀ ਸੀ।ਮਹਿਤਾ ਜੀ ਵੀ ਖੁਸ਼ੀ ਖੁਸ਼ੀ ਵਧਾਈਆਂ ਕਬੂਲਦੇ ਹੋਏ ਝੋਲੀਆਂ ਭਰ ਭਰ ਕੇ ਵੰਡ ਰਹੇ ਸਨ।
ਉਹਨਾਂ ਸਮਿਆਂ ਵਿਚ ਮਰਨ ਜੰਮਣ ਦਾ ਵੇਰਵਾ ਸਿਰਫ ਖਾਂਦੇ ਪੀਂਦੇ ਘਰਾਂ ਵਿਚ ਹੀ ਰਖਿਆ ਜਾਂਦਾ ਸੀ ਗਰੀਬ ਤਾਂ ਸਿਰਫ ਇਕ ਵਸਤੂ ਸੀ ਕਦ ਆਇਆ ਕਦ ਚਲਾ ਗਿਆ ਕਿਸੇ ਨੂੰ ਕੋਈ ਫਰਕ ਨਹੀਂ ਸੀ। ਰੱਜੇ ਪੁੱਜੇ ਘਰਾਂ ਵਾਂਗ ਮਹਿਤਾ ਕਾਲੂ ਜੀ ਨੇ ਬਾਲਕ ਦੇ ਜਨਮ ਸਮੇ ਜਨਮ ਪਤ੍ਰਾ ਬਣਾਉਣ ਲਈ ਕੁਲ ਪਰੋਹਤ ਪੰਡਤ ਹਰਦਿਆਲ ਜੀ ਨੂੰ ਬੁਲਾਇਆ ਤਾਂ ਕਿ ਬਾਲਕ ਦੇ ਜੀਵਨ ਕਾਲ ਵਿਚ ਆAuਣ ਵਾਲੇ ਗ੍ਰਹਿਆਂ ਦਾ ਸਮੇਂ ਸਿਰ ਉਪਾ ਕੀਤਾ ਜਾ ਸਕੇ।
ਰਸਮ ਮੁਤਾਬਕ ਤੇਰਾਂ ਦਿਨ ਤੋਂ ਬਾਅਦ ਜ਼ਚਾ, ਬਚਾ ਦੋਵਾਂ ਦਾ ਇਸ਼ਨਾਨ ਕਰਵਾਇਆ ਗਿਆ। ਕੁਲ ਪਰੋਹਤ ਹਰਦਿਆਲ ਨੇ ਆ ਕੇ ਪੂਜਾ ਪਾਠ ਕੀਤਾ ਅਤੇ ਗਾਇਤਰੀ ਦੇ ਮੰਤਰ ਅਨੁਸਾਰ ਨ ਅਖਰ ਨਾਲ ਬਾਲਕ ਦਾ ਨਾਮ ਨਾਨਕ ਰਖਿਆ। ਕਾਲੂ ਜੀ ਨੇ ਬੇਨਤੀ ਕੀਤੀ ਪੰਡਤ ਜੀ, ਬਾਲਕ ਦਾ ਨਾਮ ਬੜਾ ਅਜੀਬ ਜਿਹਾ ਲਗਦਾ ਹੈ ਇਸ ਨਾਲ ਬਾਲਕ ਦੀ ਪਛਾਣ ਹਿੰਦੂ ਵਜੋਂ ਨਹੀਂ ਹੋ ਪਾਇਗੀ। ਤਾਂ ਪੰਡਤ ਜੀ ਨੇ ਉਤਰ ਦਿਤਾ ਮਹਿਤਾ ਜੀ ਆਪਣੇ ਜੀਵਨ ਵਿਚ ਇਹ ਪਹਿਲੀ ਬਾਰ ਇਡੇ ਸ਼ੁਭ ਲਗਨ ਵਿਚ ਬਾਲ ਦਾ ਜਨਮ ਦੇਖਿਆ ਹੈ ਜੇ ਇਸ ਦਾ ਜਨਮ ਰਾਤ ਦੇ ਪਹਿਲੇ ਹਿਸੇ ਵਿਚ ਹੁੰਦਾ ਤਾਂ ਵਡਾ ਸ਼ਾਹੂਕਾਰ ਹੋਣਾ ਸੀ। ਬਾਲਕ ਦਾ ਜਨਮ ਰਾਤ ਦੇ ਆਖਰੀ ਹਿਸੇ ਵਿਚ ਹੋਇਆ ਹੈ ਇਸ ਦੇ ਸਿਰ ਤਾਂ ਛੱਤਰ ਝੁਲੇਗਾ, ਕਿਹੋ ਜਿਹਾ ਛੱਤਰ ਹੋਵਿਗਾ ਮੈਂ ਕਹਿ ਨਹੀਂ ਸਕਦਾ। ਭਗਵਾਨ ਰਾਮਚੰਦਰ ਜੀ ਅਤੇ ਭਗਵਾਨ ਕ੍ਰਿਸ਼ਨ ਜੀ ਸਿਰਫ ਹਿੰਦੂਆਂ ਦੇ ਅਵਤਾਰ ਹੋਏ ਹਨ ਪਰ ਇਸ ਬਾਲਕ ਦੀ ਕੁੰਡਲੀ ਵਿਚ ਸਤਾਰਿਆਂ ਦਾ ਮੇਲ ਕਿਸੇ ਸਾਂਝ ਦੀ ਗੱਲ ਕਰਦਾ ਹੈ, ਇਹੋ ਜਿਹਾ ਯੋਗ ਮੈਂ ਪਹਿਲੀ ਵੇਰ ਦੇਖ ਰਿਹਾ ਹਾਂ।
ਸਤ ਸਾਲ ਦੀ ਉਮਰ ਪੂਰੀ ਹੋਣ ਤੇ ਪੰਡਤ ਹਰਦਿਆਲ ਜਨੇਊ ਦੀ ਰਸਮ ਲਈ ਮਹੂਰਤ ਦੀ ਭਾਲ ਵਿਚ ਜੁਟ ਗਿਆ।ਪੰਡਤ ਹਰਦਿਆਲ ਦੀ ਸੋਚ ਅਨੁਸਾਰ ਚੰਗਾ ਮਹੂਰਤ ਮਹਿਤਾ ਜੀ ਦੇ ਪੁਤਰ ਦੇ 9 ਸਾਲ ਪੂਰੇ ਹੋਣ ਤੇ ਆਇਆ। ਪੰਡਤ ਹਰਦਿਆਲ ਨੇ ਜਦ ਮਹਿਤਾ ਕਾਲੂ ਜੀ ਦੇ ਪੁਤਰ ਨਾਨਕ ਦੇ ਜਨੇਊ ਪਹਿਨਣ ਲਈ ਸ਼ੁਭ ਲਗਨ ਕੱਢਿਆ ਤਾਂ ਪਿਤਾ ਕਾਲੂ ਜੀ ਦੀਆਂ ਖੁਸ਼ੀਆਂ ਦਾ ਕੋਈ ਪਾਰਾਵਾਰ ਨਹੀਂ ਸੀ। ਅੰਗ ਸਾਕ ਇਲਾਕੇ ਦੇ ਬ੍ਰਾਹਮਣ ਹੋਰ ਗਰੀਬ ਗੁਰਬਾ ਸਭ ਨੂੰ ਸਦਾ ਦਿਤਾ ਗਿਆ। ਸ਼ਰੀਕਾ ਭਾਈਚਾਰਾ ਇਕ ਵੱਡੇ ਇਕੱਠ ਦੇ ਰੂਪ ਵਿਚ ਜੁੜ ਬੈਠਾ ਪਕਵਾਨ ਪੱਕਣ ਲਗੇ।ਜਨੇਊ ਦੀ ਰਸਮ ਤੇ ਇਡਾ ਵਡਾ ਇਕਠ ਕਰਨਾਂ ਆਖਰ ਕਿਊਂ? ਇਸ ਕਿਊਂ ਦਾ ਉਤਰ ਮੈਂ ਜੱਨੇਊ ਦਾ ਸਫਰ ਲੇਖ ਵਿਚ ਲਿਖ ਚੁਕਾ ਹਾਂ।
ਰਸਮ ਅਨੁਸਾਰ ਮੰਤਰਾਂ ਦੇ ਉਚਾਰਨ ਦੇ ਨਾਲ ਨਾਲ ਜਗਾਹ ਸਾਫ ਕਰਕੇ ਇਕ ਚੌਕੀ ਰੱਖੀ ਗਈ ਮੰਤਰਾਂ ਦਾ ਉਚਾਰਨ ਕਰਦਿਆਂ ਬਾਲ ਨਾਨਕ ਨੂੰ ਇਸ਼ਨਾਨ ਕਰਵਾਇਆ ਗਿਆ ਨਵੇਂ ਬੱਸਤਰ ਪਹਿਨਾ ਕੇ ਜਦ ਚੌਕੀ ਤੇ ਬਠਾਇਆ ਤਾਂ ਇੰਜ ਪਰਤੀਤ ਹੋ ਰਿਹਾ ਸੀ ਜਿਵੇਂ ਚੰਦਰਮਾਂ ਪੂਰੇ ਪ੍ਰਕਾਸ਼ ਨਾਲ ਸਿਤਾਰਿਆਂ ਵਿਚ ਬਿਰਾਜਮਾਨ ਹੋਵੇ ।ਬਾਲ ਨਾਨਕ ਦੇ ਮਾਤਾ ਪਿਤਾ ਭੈਣ ਨਾਨਕੀ ਅਤੇ ਹੋਰ ਸਾਕ ਸੰਭਦੀਆਂ ਦੀ ਖੁਸ਼ੀ ਦਾ ਅੰਦਾਜ਼ਾ ਕਲਮ ਦੀ ਪਹੁੰਚ ਤੋਂ ਬਾਹਰ ਹੈ। ਕੁਲ ਪਰੋਹਤ ਪੰਡਤ ਹਰਦਿਆਲ ਜੀ ਨੇ ਗਾਇਤਰੀ ਦਾ ਪਾਠ ਉਚਾਰਨ ਕਰਨ ਉਪਰੰਤ ਜਦ ਨਾਨਕ ਜੀ ਨੂੰ ਜਨੇਊ ਪਹਿਨਾਣ ਦਾ ਯਤਨ ਕੀਤਾ ਤਾਂ ਬਾਲਕ ਨਾਨਕ ਨੇ ਹੱਥ ਖੜਾ ਕਰਕੇ ਸਵਾਲੀਆ ਲਹਿਜੇ ਵਿਚ ਆਖਿਆ” ਮਿਸਰ ਜੀ ਕੀ ਕਰਨ ਲਗੇ ਹੋ।“
“ਐ ਨਾਨਕ ਯੁਗਾਂ ਯੁਗਾਂਤਰਾਂ ਤੋਂ ਚਲੀ ਆ ਰਹੀ ਪੰਰਪਰਾ ਅਨੁਸਾਰ ਤੈਨੂੰ ਜਨੇਊ ਪਹਿਨਾਉਣ ਲੱਗਾ ਹਾਂ “
“ਸਿਰਫ ਪੰਰਪਰਾ ? ਤਾਂ ਤੇ ਜੇ ਨਾ ਵੀ ਪਾਵਾਂ ਤਾਂ ਕੋਈ ਹਰਜ ਨਹੀਂ ਹੋ ਸਕਦਾ “
ਪੰਡਤ ਹਰਦਿਆਲ ਜੀ ਨੇ ਸਮਝਾਉਣ ਦਾ ਯਤਨ ਕਰਦਿਆਂ ਆਖਿਆ “ ਐ ਨਾਨਕ ਉਚ ਕੁਲ ਵਿਚ ਪੈਦਾ ਹੋਣ ਵਾਲੇ ਲਈ ਜਨੇਊ ਪਹਿਨਣਾ ਅਤੀ ਜ਼ਰੂਰੀ ਹੈ। ਜਨੇਊ ਪਹਿਨਣ ਨਾਲ ਉਸ ਦੀ ਕੁਲ ਪਹਿਚਾਣ ਹੋ ਜਾਂਦੀ ਹੈ।“
“ਮਿਸਰ ਜੀ! ਮੰਨਿਆਂ ਜਨੇਊ ਪਹਿਨਣ ਨਾਲ ਮੇਰੀ ਉਚ ਕੁਲ ਦੀ ਪਹਿਚਾਣ ਹੋ ਜਾਵੇਗੀ ਪਰ ਕੀ ਜਨੇਊ ਮੈਨੂੰ ਨੀਚ-ਕਰਮ ਕਰਨ ਤੋਂ ਰੋਕੇਗਾ।“
ਪੰਡਤ ਹਰਦਿਆਲ ਨੂੰ ਚੁਪ ਦੇਖ ਕੇ ਬਾਲ ਨਾਨਕ ਨੇ ਆਖਿਆ “ ਮਿਸਰ ਜੀ ਇਸ ਵਡੇ ਇਕੱਠ ਵਿਚ ਤੁਸੀਂ ਮੈਂਨੂੰ ਜਨੇਊ ਪਵਾ ਕੇ ਆਪਣਾ ਫਰਜ਼ ਪੂਰਾ ਕਰਨ ਆਏ ਹੋ, ਮੈਂ ਤੁਹਾਨੂੰ ਨਿਰਾਸ਼ ਨਹੀਂ ਕਰਾਂਗਾ, ਜਨੇਊ ਜ਼ਰੂਰ ਪਹਿਨਾਂਗਾ ਪਰ ਜੇ ਉਹ ਜਨੇਊ ਮੇਰੇ ਲਈ ਸਿਰਫ ਪਹਿਚਾਣ ਚਿੰਨ ਨਾ ਹੋ ਕੇ ਮੇਰੇ ਮੰਨ ਨੂੰ ਵਿਧਾਨ ਵਿਚ ਲੈ ਆਵੇ ਤਾ ਕਿ ਮੇਂ ਕੋਈ ਵੀ ਨਵਿਰਤੀ ਕਰਮ ਨਾ ਕਰਾਂ।“
ਬ੍ਰਾਹਮਣ ਨੂੰ ਸਵਾਲ ਕਰਨਾ ਯਗੋਂ ਬਾਹਰੀ ਗੱਲ ਸੀ ਮੁਸੀਬਤਾਂ ਨੂੰ ਸੱਦਾ ਦੇਣ ਦੇ ਬਰਾਬਰ ਸੀ। ਪੰਡਾਲ ਵਿਚ ਜੁੜ ਬੈਠੇ ਲੋਕਾਂ ਦੇ ਦਿਲਾਂ ਦੀ ਧੱੜਕਣ ਵੱਧ ਗਈ ਹਰ ਇਕ ਦੇ ਮਨ ਵਿਚ ਇਕ ਸਵਾਲ , ਅਗੋਂ ਕੀ ਹੋਣ ਵਾਲਾ ਹੈ ਉਤਪਨ ਹੋ ਗਿਆ।
“ ਹੇ ਬਾਲਕ ਮੈਂ ਤਾਂ ਸਦੀਆਂ ਤੋਂ ਚਲੀ ਆ ਰਹੀ ਪਰੰਪਰਾ ਅਨੁਸਾਰ ਇਹੋ ਸੂਤ ਦਾ ਜਨੇਊ ਪਹਿਨਾਉਂਦਾ ਆਇਆ ਹਾਂ।ਜਿਸ ਜਨੇਊ ਦੀ ਤੂੰ ਗੱਲ ਕਰਦਾ ਹੈਂ ਮੇਰੇ ਗਿਆਨ ਵਿਚ ਤਾਂ ਐਸਾ ਕੋਈ ਜਨੇਊ ਨਹੀਂ ਅਗਰ ਤੇਰੇ ਗਿਆਨ ਵਿਚ ਹੈ ਤਾਂ ਦਸ।“
ਤਾਂ ਬਾਲ ਨਾਨਕ ਨੇ ਸ਼ਬਦ ਉਚਾਰਨ ਕੀਤਾ।
(ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥ ਇਹੁ ਜਨੇਊ ਜੀਅ ਕਾ ਹਈ ਤਾਂ ਪਾਡੇ ਘਤੁ॥ ਨਾ ਇਹੁ ਤੁਟੈ ਨਾ ਮਲੁ ਲਗੇ ਨਾ ਇਹੁ ਜਲੈ ਨਾ ਜਾਇ। ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ॥ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ॥ ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣ ਥੀਆ॥ ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ॥)
ਇਸ ਫਾਨੀ ਸੰਸਾਰ ਤੋਂ ਸੂਤ ਦਾ ਜਨੇਊ ਪਹਿਨਣ ਵਾਲਾ ਅੱਤੇ ਗੁਰ ਮੰਤਰ ਦੇ ਕੇ ਪਹਿਨਾਉਣ ਵਾਲਾ ਇਕ ਦਿਨ ਜਦ ਵਿਦਾ ਹੋ ਜਾਂਦੇ ਨੇ ਇਹ ਸੂਤ ਦਾ ਜਨੇਊ ਨਾਲ ਨੰਹੀ ਜਾਂਦਾ ਪਰ ਦਇਆ, ਸੰਤੋਖ ,ਜਤੁ ਸਤੁ ਕੰਮਾਉਣ ਅਤੇ ਲੋੜ ਵੰਦ ਦੀ ਸਹਾਇਤਾ ਕਰਨ ਵਾਲੀ ਆਤਮਾਂ ਨੂੰ ਧਰਮੀ ਆਤਮਾਂ ਦਾ ਨਾਮ ਮਿਲ ਜਾਂਦਾ ਹੈ। ਸਰੀਰ ਤਿਆਗਣ ਤੋਂ ਬਾਅਦ ਵੀ ਲੋਕਾਈ ਦੀ ਯਾਦਾਂ ਦਾ ਹਿਸਾ ਬਣ ਅਮਰ ਹੋ ਜਾਂਦੀ ਹੇ।
ਜੁੜਿਆ ਇਕਠ ਹੈਰਾਨ ਸੀ ਪੰਡਤ ਹਰਦਿਆਲ ਚੁਪ ਸੀ।
ਮਹਿਤਾ ਕਲਿਆਨ ਚੰਦ ਦੀ ਸੋਚ ਤੇ ਸਮਾਜਕ ਰਹੁ ਰੀਤ ਭਾਰੂ ਹੋਣ ਕਾਰਨ ਉਹ ਕਿਸੇ ਵੀ ਕੀਮਤ ਤੇ ਜਨੇਊ ਦੀ ਰਸਮ ਪੂਰੀ ਕਰਨੀ ਚਾਹੰਦਾ ਸੀ।“ਪੰਡਤ ਜੀ ਇਹ ਤਾਂ ਬਾਲਕ ਹੈ ਤੁਸੀਂ ਆਪਣਾ ਕੰਮ ਕਰੋ।“
ਪੰਡਤ ਹਰਦਿਆਲ ਨੂੰ ਹੌਸਲਾ ਹੋ ਗਿਆ ਉਸ ਨੇ ਦੁਬਾਰਾ ਜਨੇਊ ਪਾਉਣ ਲਈ ਹੱਥ ਵਧਾਇਆ ਤਾਂ ਗੁਰੂ ਜੀ ਨੇ ਫੇਰ ਰੋਕ ਦਿਤਾ”।ਮਿਸਰ ਜੀ ਇਸ ਜਨੇਊ ਨੂੰ ਪਾਉਣ ਤੋਂ ਮੈਂ ਇਨਕਾਰ ਕਰ ਚੁਕਾ ਹਾਂ।“
“ ਹੇ ਬਾਲਕ ਉਚ ਕੁਲ ਲਈ ਜਨੇਊ ਪਹਿਨਣਾ ਅਤੀ ਜ਼ਰੂਰੀ ਹੈ । ਬਗੈਰ ਜਨੇਊ ਤੇ ਉਹ ਸ਼ੂਦਰ ਗਿਣਿਆ ਜਾਂਦਾ ਹੈ। ਪਹਿਨਣ ਨਾਲ ਧਰਮ ਕਰਮ ਦੀ ਸੋਝੀ ਆ ਜਾਂਦੀ ਹੈ ਕੁਲ ਪਹਿਚਾਣ ਹੋ ਜਾਂਦੀ ਹੈ।ਜਨੇਊ ਨਹੀਂ ਪਹਿਨੋਗੇ ਤਾਂ ਅਪਵਿਤਰ ਮਨੇ ਜਾਉਗੇ ਕਿਸੇ ਧਰਮ ਕਰਮ ਵਿਚ ਹਿਸਾ ਨਹੀਂ ਲੈ ਸਕੋਗੇ।“
ਤਾਂ ਬਾਲ ਨਾਨਕ ਨੇ ਇਕ ਹੋਰ ਸਲੋਕ ਉਚਾਰਿਆ।
“ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲ॥
ਲਖ ਠਗੀਆ ਪਹਿਨਾਮੀਆ ਰਾਤ ਦਿਨਸ ਜੀ ਨਾਲ॥
ਤਗ ਕਪਾਹੋ ਕਤੀਐ ਬਾਮ੍ਹਣ ਵਟੇ ਆਇ॥ ਕੁਹਿ ਬਕਰਾ ਰਿੰਨ ਖਾਇਆ ਸਭੁ ਕੋ ਆਖੈ ਪਾਇ॥ ਹੋਇ ਪੁਰਾਣਾ ਸੁਟੀਐ ਭੀ ਫਿਰ ਪਾਈਐ ਹੋਰੁ॥ਨਾਨਕ ਤਗੁ ਨ ਤੁਟਈ ਜੇ ਤਗੁ ਹੋਵੈ ਜੋਰੁ॥
ਬ੍ਰਾਹਮਣ ਨੇ ਕਪਾਹ ਤੋਂ ਕਤਿਆ ਤਗ ਨੂੰ ਵਟ ਦੇ ਕੇ ਜਨੇਊ ਆਖ ਕੇ ਪੁਆ ਦਿਤਾ। ਪਰ ਚੌਰੀਆਂ , ਯਾਰੀਆਂ , ਠੱਗੀਆਂ ਅਤੇ ਬੇਨਿਯਮੀਆਂ ਕਰਨ ਸਮੇਂ ਉਹ ਤਗੁ ਨਾ ਤਨ ਨੂੰ ਹੋੜ ਸਕਿਆ ਅਤੇ ਨਾ ਹੀ ਮਨ ਨੂੰ ਮੋੜ ਸਕਿਆ।ਸਮੇਂ ਨਾਲ ਉਹ ਪੁਰਾਣਾ ਹੋ ਕੇ ਟੁਟ ਗਿਆ ਪਹਿਚਾਣ ਨੂੰ ਕਾਇਮ ਰਖਣ ਲਈ ਫੇਰ ਉਹੋ ਜਿਹਾ ਹੋਰ ਪਾ ਲਿਆ। ਧਰਮ ਕਰਮ ਦਾ ਜਨੇਊ ਪਾਓ ਜੋ ਨਰੋਆ ਹੁੰਦਾ ਹੈ ਕਦੇ ਟੁਟਦਾ ਨਹੀਂ।
ਪੰਡਤ ਹਰਦਿਆਲ ਨੇ ਜ਼ਰਾ ਜੋਰ ਦੇ ਕੇ ਆਖਿਆ “ ਨਾਨਕ ਤੇਰੇ ਲਈ ਇਨੀ ਜ਼ਿਦ ਕਰਨੀ ਚੰਗੀ ਨਹੀਂ। ਇਹ ਇਕ ਪੰਰਪਰਾ ਹੈ ਸਮਾਜਕ ਅਤੇ ਧਾਰਮਕ ਰਸਮ ਹੈ। ਸਦੀਆਂ ਤੋਂ ਚਲਦੀ ਆ ਰਹੀ ਹੈ। ਇਸ ਵਿਚ ਰੁਕਾਵਟ ਪਾ ਕੇ ਸਭ ਦਾ ਅਪਮਾਨ ਕਰਨਾ ਸ਼ੋਭਾ ਨਹੀਂ ਦਿੰਦਾ।“
ਤਾਂ ਬਾਲ ਨਾਨਕ ਨੇ ਇਕ ਹੋਰ ਸ਼ਲੋਕ ਉਚਾਰਿਆ।
“ਤਗ ਨਾ ਇੰਦ੍ਰੀ ਤਗੁ ਨ ਨਾਰੀ॥ ਭਲਕੇ ਥੁਕ ਪਵੈ ਨਿਤ ਦਾੜੀ॥ ਤਗੁ ਨ ਪੈਰੀ ਤਗੁ ਨ ਹਥੀ॥ਤਗੁ ਨ ਜਿਹਵਾ ਤਗੁ ਨ ਅਖੀ॥ ਵੇਤਗਾ ਆਪੇ ਵਤੈ॥ ਵਟ ਧਾਗੇ ਅਵਰਾ ਘਤੈ॥ ਲੈ ਭਾੜਿ ਕਰੇ ਵੀਆਹੁ॥ ਕਢਿ ਕਾਗਲੁ ਦਸੇ ਰਾਹੁ॥ਸੁਣ ਵੇਖਹੁ ਏਹੁ ਵਿਡਾਣੁ॥ ਮਨਿ ਅੰਧਾ ਨਾਉ ਸੁਜਾਣੁ॥“
ਇਹ ਸੁਣ ਕੇ ਪੰਡਤ ਹਰਦਿਆਲ ਮਹਿਤਾ ਜੀ ਨੂੰ ਇਕ ਪਾਸੇ ਕਰਕੇ ਆਖਣ ਲਗਾ” ਮਹਿਤਾ ਜੀ ਵਕਤ ਵਿਚਾਰੋ ਸਮੇਂ ਦੀ ਉਡੀਕ ਕਰੋ ਇਹ ਰਸਮ ਫੇਰ ਵੀ ਹੋ ਸਕਦੀ ਹੈ ਹੁਣ ਤੁਸੀਂ ਮਹਿਮਾਨਾਂ ਦੀ ਸੇਵਾ ਸੰਭਾਲ ਕਰੋ ਮੈਂ ਚਲਦਾ ਹਾਂ।“ ਆਖ ਕੇ ਪੰਡਤ ਹਰਦਿਆਲ ਤਾਂ ਚਲੇ ਗਿਆ ਪਰ ਜੁੜੇ ਇਕਠ ਵਿਚ ਕਈ ਸ਼ੰਕੇ ਛਡ ਗਿਆ।
ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਦੇ ਸਮੇਂ ਉਹੀ ਪੁਰਾਤਨ ਰਸਮ ਹੁਣ ਸਮੇਂ ਨਾਲ ਰੱਸੀ ਤੋਂ ਬਦਲ ਕੇ ਗਾਤਰੇ ਦੇ ਰੂਪ ਵਿਚ ਆ ਹਾਜ਼ਰ ਹੋਈ। ਗੁਰੂ ਮਹਾਰਾਜ ਨੇ ਆਪਣੇ ਸੇਵਕਾਂ ਨੂੰ ਸਵੇ ਰਖਿਆ ਲਈ ਕਿਰਪਾਨ ਪਹਿਨਣ ਲਈ ਪ੍ਰੇਰਿਆ। ਇਸ ਤੋਂ ਹੋਰ ਅਗੇ ਗੁਰੂ ਨਾਨਕ ਦੀ ਦਸਵੀਂ ਜੋਤ ਗੁਰੂ ਗੋਬਿੰਦ ਸਿੰਘ ਜੀ ਨੇ 30 ਮਾਰਚ 1699 ਨੂੰ ਆਪਣੇ ਸੇਵਕਾਂ ਨੂੰ ਅਮ੍ਰਿਤ ਦੀ ਦਾਤ ਬਖਸ਼ ਕੇ ਨਿਯਮਬੱਧ ਕਰ ਦਿਤਾ। ਆਪਣੇ ਖਾਲਸੇ ਨੂੰ ਪੰਜ ਕਕਾਰਾਂ ਦਾ ਧਾਰਨੀ ਕਰ ਦਿਤਾ ਜਿਹਨਾਂ ਵਿਚ ਛੋਟੀ ਕਟਾਰ ਗਾਤਰੇ ਦੇ ਰੂਪ ਵਿਚ ਜੀਵਨ ਦਾ ਇਕ ਅਨਿਖੜਵਾਂ ਅੰਗ ਬਣ ਗਈ ਜਿਸ ਨਾਲ ਉਸਨੂੰ ਮਨੋਬਲ ਮਿਲਿਆ (ਇਕ ਕਹਾਵਤ ਹੈ ਚੋਰ ਤੇ ਲਾਠੀ ਦੋ ਜਣੇ ਮੈਂ ਤੇ ਬਾਪੂ ਕਲੇ ) ਖਾਲਸਾ ਭਾਰੀ ਪੈਣ ਤੇ ਆਪਣੀ ਰਖਿਆ ਕਰਨ ਯੋਗ ਹੋ ਗਿਆ।ਬਰਤਾਨੀਆਂ ਤੋਂ ਆਜ਼ਾਦੀ ਪ੍ਰਾਪਤ ਕਰਨ ਉਪਰੰਤ ਅਮ੍ਰੀਕਾ ਦੇ ਲੋਕ ਵੀ ਹਥਿਆਰ ਰਖਣ ਨੂੰ ਆਪਣਾ ਜਮਾਂਦਰੂ ਹੱਕ ਸਮਝਦੇ ਹਨ।
ਅਜ ਅਸੀਂ ਮੱਗਰਬੀ ਦੇਸ਼ਾਂ ਵਿਚ ਆ ਗਏ ਹਾਂ।
ਗੁਰੂ ਗੋਬਿੰਦ ਸਿੰਘ ਜੀ ਦਾ ਬਖਸ਼ਿਆ ਬਾਣਾ ਹੁਣ ਸਾਡਾ ਪਹਿਚਾਣ ਚਿੰਨ ਹੈ। ਇਸ ਬਾਣੇ ਨਾਲ ਕੁਝ ਨਿਯਮ ਵੀ ਆਉਂਦੇ ਹਨ ਨਿਯਮ ਅਪਨਾਉਣ ਤੋਂ ਬਗੈਰ ਇਹ ਬਾਣਾ ਸਿਰਫ ਜਨੇਊ ਹੋ ਨਿਬੜੇਗਾ ਇਹ ਹੁਣ ਸਾਡੇ ਵਿਉਹਾਰ ਤੇ ਹੈ ਅਸੀਂ ਇਸ ਦਾ ਸਤਕਾਰ ਕਾਇਮ ਰਖਣਾ ਹੈ ਜਾਂ ਇਸ ਬਾਣੇ ਨੂੰ ਜਨੇਊ ਵਾਂਗ ਪਹਿਨਣਾ ਹੈ।

ਲੇਖਕ : ਮੁਹਿੰਦਰ ਘੱਗ ਹੋਰ ਲਿਖਤ (ਇਸ ਸਾਇਟ 'ਤੇ): 34
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1463

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ