ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਕੀ ਮੈਂ ਮਨੁੱਖ ਹਾਂ

ਸਦੀਆਂ ਬੀਤ ਜਾਣ ਤੇ ਵੀ ਅਸੀਂ ਜਗਤ ਬਾਬਾ ਨਾਨਕ ਜੀ ਦੀ ਰਚਨਾਂ ਨੂੰ ਸਹੀ ਮਾਨਿਆਂ ਵਿੱਚ ਸਮਝ ਨਹੀਂ ਸਕੇ, ਜੇ ਗੁਰੂ ਜੀ ਦੇ ਸਿਧਾਂਤ ਨੂੰ ਸਮਝ ਜਾਂਦੇ ਤਾਂ ਸਾਨੂੰ ਸਾਡੇ ਅਸਲ ਰੂਪ ਦਾ ਵੀ ਪਤਾ ਲੱਗ ਜਾਣਾ ਸੀ ਗੁਰਬਾਣੀ ਮਨੁੱਖ ਦੇ ਜੀਵਨ ਵਿੱਚ ਹਰ ਤਰ੍ਹਾਂ ਦੀ ਆਈ ਕਮਜ਼ੋਰੀ ਨੂੰ ਬਾ-ਦਲੀਲ ਪਰਗਟ ਕਰਦੀ ਹੈ ਅਤੇ ਲਾ-ਜ਼ਵਾਬ ਵਗਿਆਨਿਕ ਢੰਗ ਨਾਲ ਉਸ ਆਈ ਕਮਜੋਰੀ ਨੂੰ ਦੂਰ ਕਰਨ ਦਾ ਤਰੀਕਾ (ਵੱਲ) ਵੀ ਦਰਸਾਉਂਦੀ ਹੈ। ਸਰਬ ਰੋਗ ਕਾ ਅਉਖਦੁ ਨਾਮੁ ॥ ਦਾ ਨਾਹਰਾ ਵੀ ਲਾਉਂਦੀ ਹੈ। ਗੁਰੂ ਜੀ ਦੇ ਉਪਦੇਸ਼ ਨੂੰ ਸਮਝਕੇ ਆਪਣੇ ਆਪ ਦੀ ਪਰਖ ਕਰਨ ਵਾਲਾ ਮਨੁੱਖ ਮਨੁੱਖਾਂ ਵਾਲੇ ਸਰੀਰ ਵਿੱਚ ਕਿਸ ਤਰ੍ਹਾਂ ਦੀਆਂ ਜਾਨਵਰ ਜਾਂ ਪਸ਼ੂਆਂ ਵਾਲੀਆਂ ਜੂਨਾਂ ਭੋਗ ਰਿਹਾ ਹੈ ਇਸਦਾ ਨਿਰਣਾ ਸੌਖਿਆਂ ਹੀ ਕਰ ਸਕਦਾ ਹੈ। ਸਵੇਰ ਤੋਂ ਸ਼ਾਮ ਅਤੇ ਸ਼ਾਮ ਤੋਂ ਸਵੇਰ ਤੱਕ ਦੇ ਸਮੇਂ ਦੀ ਇਮਾਨਦਾਰੀ ਨਾਲ ਪਰਖ ਕੀਤੀ ਜਾਵੇ ਤਾਂ ਮਨੁੱਖ ਕਿਸੇ ਨੂੰ ਦੱਸ ਵੀ ਨਹੀਂ ਸਕਦਾ ਕਿ ਮੈਂ ਕਿਹੜੀਆਂ ਜੂਨਾਂ ਵਿੱਚ ਦੀ ਵਿਚਰ ਕਿ ਆਇਆ ਹਾਂ। ਪਰ ਬਾਹਰ ਦੀ ਸ਼ੂਸ਼ਾ ਬੂਸ਼ੀ (ਬਾਹਰ ਦਾ ਸੂਟ ਬੂਟ ਵਾਲਾ ਪਹਿਰਾਵਾ) ਬਹੁਤ ਹੀ ਸੁੰਦਰ ਬਣਾ ਕਿ ਪੇਸ਼ ਕਰਦਾ ਹੈ। ਧਰਮੀ ਲਿਬਾਸ ਹੇਠਾਂ ਜੇ ਕਰ ਅੰਦਰ ਦੀਆਂ ਚੱਲ ਰਹੀਆਂ ਵੀਚਾਰਾਂ ਨੂੰ ਬਾਹਰ ਸਰੀਰ ਤੇ ਦੇਖਣ ਦਾ ਕੋਈ ਜੰਤਰ ਬਣ ਜਾਵੇ ਤਾਂ ਮਨੁੱਖ ਕਦੇ ਵੀ ਮਨੁੱਖ ਨਹੀਂ ਦਿਸ ਸਕਦਾ, ਖੁਦ ਹੀ ਆਤਮ ਹੱਤਿਆ ਕਰਨ ਵਾਸਤੇ ਮਜ਼ਬੂਰ ਹੋ ਸਕਦਾ ਹੈ। ਧੰਨਵਾਦੀ ਹੋਣਾ ਚਾਹੀਦਾ ਹੈ ਉਸ ਸਮਰਥ ਅਕਾਲ ਪੁਰਖ ਦਾ (ਅਟੱਲ ਵਰਤ ਰਹੇ ਨਿਯਮ ਦਾ) ਜਿਸ ਅਧੀਨ ਮਨੁੱਖ ਦੀ ਸੋਚ ਅੰਦਰੂਨੀ ਹੈ। ਇਸ ਅਟੱਲ ਨਿਯਮਾਂ ਦੇ ਬਾਵਜ਼ੂਦ ਵੀ ਅਸੀਂ ਮਨੁੱਖ ਮਨੁੱਖ ਨਹੀਂ, ਕਈ ਜੂਨੀਆਂ ਵਿੱਚ ਵਿਚਰਦੇ ਆਮ ਹੀ ਦੁਨੀਆਂ ਵਿੱਚ ਦਿਖਾਈ ਦੇ ਰਹੇ ਹਾਂ। ਗੁਰੂਆਂ ਅਤੇ ਉਸ ਸਮੇਂ ਦੇ ਕ੍ਰਾਂਤੀਕਾਰੀ ਗਿਆਨਵਾਨ ਭਗਤਾਂ ਦਾ ਸਾਰਾ ਉਪਦੇਸ਼ ਹੀ ਮਨੁੱਖ ਨੂੰ ਮਨੁੱਖਾਂ ਵਾਲੀ ਜੂਨ ਦਾ ਅਹਿਸਾਸ ਕਰਵਾਉਂਦਾ ਹੈ ਅਤੇ ਅਸਲ ਮਨੁੱਖ ਬਣਨ ਦਾ ਸੰਦੇਸ਼ ਦਿੰਦਾ ਹੈ ਸਾਡੇ ਵਿੱਚੋਂ ਬਹੁ ਸਾਰੇ ਮਨੁੱਖ ਆਪਣੇ ਆਪ ਨੂੰ ਧਰਮੀ ਹੋਣ ਦਾ ਦਾਹਵਾ ਕਰਦੇ ਹੋਏ ਹੋਰਨਾਂ ਨੂੰ ਨਾਸਤਕ ਸਮਝਦੇ ਹਨ, ਹਮੇਸ਼ਾ ਹੀ ਦੂਜਿਆਂ ਨੂੰ ਧਰਮੀ ਬਣਨ ਦਾ ਹੋਕਾ ਵੀ ਦਿੰਦੇ ਹਨ, ਬਹੁਤ ਵਧੀਆ ਅਤੇ ਸ਼ਲਾਘਾ ਯੋਗ ਗੱਲ ਹੈ। ਪਰ ਜਦ ਐਸੇ ਧਰਮੀਆਂ ਦੇ ਜੀਵਨ ਚਾਲ ਵੱਲ ਧਿਆਨ ਮਾਰਿਆ ਜਾਵੇ ਤਾਂ ਬਹੁ ਛੇਤੀ ਹੀ ਉਨ੍ਹਾਂ ਵਿੱਚ ਮਨੁੱਖ ਨਹੀਂ ਕੋਈ ਹੋਰ ਜੂਨ ਨਜ਼ਰ ਆ ਜਾਂਦੀ ਹੈ। ਆਉ ਆਪਾਂ ਜਿਸ ਧਰਮ ਦੇ ਪੈਰੋਕਾਰ ਆਪਣੇ ਆਪ ਨੂੰ ਅਖਵਾਉਂਦੇ ਹਾਂ ਉਸ ਵੱਲ ਧਿਆਨ ਮਾਰ ਲਈਏ, ਲੱਗਭਗ ਸਾਰੇ ਡੇਰੇ ਅਤੇ ਬਹੁ ਸਾਰੇ ਗੁਰਦੁਆਰਿਆਂ ਵਿੱਚ ਜਿਨ੍ਹਾਂ ਨੂੰ ਅਸੀਂ ਧਰਮ ਦੇ ਕੇਂਦਰ ਸਮਝਦੇ ਹਾਂ ਨਿਤਾ ਪ੍ਰਤੀ ਲੜਾਈਆਂ, ਹੇਰਾ ਫੇਰੀਆਂ, ਹੁਕਮਦਾਰੀਆਂ, ਆਪਣੇ ਆਪ ਨੂੰ ਊਚੇ ਤੇ ਦੂਜਿਆਂ ਨੂੰ ਨੀਚ ਸਮਝਣ ਦਾ ਹੰਕਾਰ, ਕਈ ਥਾਈਂ ਬਲਾਤਕਾਰ ਵਰਗੀਆਂ ਘਟਨਾਵਾਂ, ਪ੍ਰਧਾਨਗੀ ਵਾਸਤੇ ਹਰ ਹੀਲਾ ਵਸੀਲਾ ਵਰਤਦੇ ਆਮ ਹੀ ਦੇਖ ਸਕਦੇ ਹਾਂ। ਤਾਂ ਫਿਰ ਸਾਨੂੰ ਗੁਰੂ ਜੀ ਦੀ ਬਾਣੀ ਨੂੰ ਅੱਖਾਂ ਦੇ ਸਾਹਮਣੇ ਰੱਖ ਫੈਸਲਾ ਕਰਨਾ ਹੀ ਪਊਗਾ ਕਿ ਅਸੀਂ ਮਨੁੱਖ ਹਾਂ ਜਾਂ ਪਸ਼ੂ?। ਆਪੋ ਆਪਣੀ ਧਾਂਕ ਜਮਾਉਣ ਵਾਸਤੇ ਝੋਟਿਆਂ ਵਾਗੂੰ ਇਕ ਦੂਜੇ ਨਾਲ ਭਿੜ੍ਹਦੇ ਆਮ ਹੀ ਨਜ਼ਰ ਆਉਂਦੇ ਹਾਂ। ਚਾਹੇ ਛੋਟਾ ਗੁਰਦੁਆਰਾ ਹੈ ਤੇ ਚਾਹੇ ਕੋਈ ਵੱਡੇ ਅਸਥਾਨ ਦੀ ਕਮੇਟੀ ਦੀ ਵੋਟਿੰਗ ਹੈ। ਜਿਸ ਨੂੰ ਗੁਰੂ ਜੀ ਨੇ ਬੜ੍ਹੇ ਹੀ ਸਪੱਸ਼ਟ ਅਖਰਾਂ ਵਿੱਚ ਬਿਆਨ ਕੀਤਾ ਹੈ:- 5/267:-ਕਰਤੂਤਿ ਪਸੂ ਕੀ ਮਾਨਸ ਜਾਤਿ ॥ ਲੋਕ ਪਚਾਰਾ ਕਰੈ ਦਿਨੁ ਰਾਤਿ ॥ ਫਿਰ ਤਾਂ ਸਾਨੂੰ ਆਖਣਾ ਹੀ ਪਵੇਗਾ ਕਿ ਕੀ ਅਸੀਂ ਮਨੁੱਖ ਹਾਂ? ਅੰਦਰਲੀ ਸੋਚ ਬਾਹਰ ਆਉਣ ਤੇ ਹੀ ਅਸੀਂ ਦੂਜੇ ਨੂੰ ਪਛਾਣ ਸਕਦੇ ਹਾਂ ਪਰ ਆਪਣੇ ਆਪ ਨੂੰ ਅੰਦਰੇ ਹੀ ਅੰਦਰ ਪਹਿਚਾਨਿਆਂ ਜਾ ਸਕਦਾ ਹੈ ਕਿ ਕੀ ਮੈਂ ਮਨੁੱਖ ਹਾਂ ਜਾਂ ਕੁੱਝ ਹੋਰ ਹਾਂ ਜਿਸ ਨੂੰ ਗੁਰਬਾਣੀ ਆਖਦੀ ਹੈ :-{ ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥ } { ਖੋਜਤ ਖੋਜਤ ਨਿਜ ਘਰੁ ਪਾਇਆ ॥ ਅਮੋਲ ਰਤਨੁ ਸਾਚੁ ਦਿਖਲਾਇਆ ॥ } ਸਾਡੀ ਸਭਨਾਂ ਦੀ ਹਾਲਤ ਕੇਵਲ ਬਾਹਰੀ ਦਿਖਾਵੇ ਦੀ ਹੀ ਹੈ। ਹਾਂ ! ਇਹ ਗੱਲਾਂ ਸਾਨੂੰ (ਮੈਨੂੰ ਵੀ) ਠੀਕ ਤਾਂ ਨਹੀਂ ਲੱਗਦੀਆਂ ਪਰ ਅਸਲ ਸੱਚ ਇਹੋ ਹੀ ਹੈ ਅਸੀਂ ਅੱਜ ਆਪਣੇ ਉਨ੍ਹਾਂ ਵਡੇਰਿਆਂ ਵੱਲ ਝਾਤ ਮਾਰਦੇ ਹਾਂ ਜਿਨ੍ਹਾਂ ਨੇ ਆਪਣੇ ਆਪ ਨੂੰ ਇਸ ਤਰ੍ਹਾਂ ਦੀਆਂ ਪਸ਼ੂਆਂ ਤੇ ਜਾਨਵਰਾਂ ਵਾਲੀਆਂ ਜੂਨਾਂ ਵਿੱਚੋਂ ਬਾਹਰ ਕੱਢਿਆ ਉਨ੍ਹਾਂ ਆਪਣੇ ਕਿਸੇ ਅਹੁਦੇ ਦੀ, ਬੱਲਕਿ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕੀਤੀ ਲੋਕ ਭਲਾਈ ਵਾਸਤੇ ਐਨੇ ਵੱਡੇ ਵੱਡੇ ਕਾਰਨਾਮੇ ਕਰ ਦਿਖਾਏ ਜਿਨ੍ਹਾਂ ਬਾਰੇ ਅਸੀਂ ਕਦੇ ਸੋਚ ਵੀ ਨਹੀਂ ਸਕਦੇ ਅਤੇ ਉਹ ਆਪਣੀਆਂ ਸਦੀਵੀਂ ਯਾਦਾਂ ਨੂੰ ਸਾਡੀ ਸੋਚ ਦਾ ਹਿਸਾ ਬਣਾ ਗਏ। ਅੱਜ ਸਾਨੂੰ ਕੋਈ 10 ਸਾਲ, ਕੋਈ 20 ਸਾਲ, ਕੋਈ 40 ਤੇ ਕੋਈ 70-80 ਸਾਲ ਹੋ ਗਏ ਹਨ ਗੁਰੂ ਪਾਸੋਂ ਸੱਚ ਦਾ ਮਾਰਗ ਹੀ ਪੁੱਛ ਰਹੇ ਹਾਂ, ਸੋਚ ਕਰਕੇ ਪਸ਼ੂਆਂ ਵਾਲੀਆਂ ਜੂਨਾਂ ਹੀ ਭੋਗ ਰਹੇ ਹਾਂ ਭਾਈ ਗੁਰਦਾਸ ਜੀ ਦਾ ਕਥਨ ਹੈ:- ਪੂਛਤ ਪਥਕਿ ਤਿਹ ਮਾਰਗ ਨ ਧਾਰੈ ਪਗਿ ॥ ਪ੍ਰੀਤਮ ਕੈ ਦੇਸ ਕੈਸੇ ਬਾਤਨੁ ਸੇ ਜਾਈਐ ॥ ਪੂਛਤ ਹੈ ਬੈਦ ਖਾਤ ਅਉਖਦ ਨ ਸੰਜਮ ਸੈ ਕੈਸੇ ਮਿਟੈ ਰੋਗ ਸੁਖ ਸਹਜ ਸਮਾਈਐ ॥ ਪੂਛਤ ਸੁਹਾਗਨ ਕਰਮ ਹੈ ਦੁਹਾਗਨਿ ਕੈ ਰਿਦੈ ਬਿਬਿਚਾਰ ਕਤ ਸਿਹਜਾ ਬੁਲਾਈਐ ॥ ਗਾਏ ਸੁਨੇ ਆਂਖੇ ਮੀਚੈ ਪਾਈਐ ਨ ਪਰਮਪਦੁ॥ ਗੁਰ ਉਪਦੇਸੁ ਗਹਿ ਜਉ ਲਉ ਨ ਕਮਾਈਐ ॥ 439॥ ਸਾਨੂੰ ਸੱਚ ਦੇ ਮਾਰਗ ਦਾ ਰਾਹ ਪੁੱਛਦਿਆਂ ਨੂੰ ਸਾਰੀ ਉਮਰ ਲੰਘ ਜਾਂਦੀ ਹੈ ਪਰ ਉਸ ਸੱਚ ਦੇ ਮਾਰਗ ਉਪਰ ਚਲਣ ਵਾਸਤੇ ਯਤਨ ਕਦੇ ਵੀ ਨਹੀਂ ਕਰਦੇ, ਇਸ ਤਰ੍ਹਾਂ ਨਿਰ੍ਹਾ ਪੁੱਛਦੇ ਰਹਿਣ ਨਾਲ ਕਦੇ ਵੀ ਕਿਸੇ ਮੰਜ਼ਲ ਉਪਰ ਨਹੀਂ ਚਹੁਚਿਆਂ ਜਾ ਸਕਦਾ। ਇਸੇ ਹੀ ਤਰ੍ਹਾਂ ਜੇ ਡਾਕਟਰ ਪਾਸੋਂ ਦਵਾਈ ਤਾਂ ਲੈ ਲਈਏ ਪਰ ਉਸ ਨੂੰ ਪੂਰੀ ਰਹਿਤ ਨਾਲ ਖਾਈਏ ਹੀ ਨਾਂ, ਤਾਂ ਰੋਗ ਕਦੇ ਵੀ ਨਹੀਂ ਮਿਟ ਸਕਦਾ। ਸੱਚ ਦੇ ਪਾਧੀਆਂ ਪਾਸੋ ਸੱਚ ਤੇ ਚਲਣ ਦੇ ਤਰੀਕੇ ਤਾਂ ਪੁੱਛਦੇ ਰਹੀਏ ਪਰ ਸਾਡੀਆਂ ਕਰਤੂਤਾਂ, ਸਾਡੀਆਂ ਆਦਤਾਂ ਬੁਰੀਆਂ ਹੀ ਰਹਿਣ ਤਾਂ ਪ੍ਰਭੂ ਪਤੀ ਨਾਲ ਕਦੇ ਵੀ ਮਿਲਾਪ ਨਹੀਂ ਹੋ ਸਕਦਾ। ਧਰਮ ਦਾ ਦਿਖਾਵਾ ਕਰਦੇ ਹੋਏ ਅਸੀਂ ਅੱਖਾਂ ਬੰਦ ਕਰ ਕਰਕੇ ਘਟਿਆਂ ਬੰਦੀ ਨਿਰ੍ਹਾ ਤੋਤਾ ਰਟਨ ਕਰਦੇ ਰਹੀਏ ਕਦੇ ਵੀ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ। ਗੁਰੂ ਜੀ ਦੇ ਉਪਦੇਸ਼ (ਨਿਰੋਲ ਸੱਚ ਦੇ ਗਿਆਨ) ਅਨੁਸਾਰ ਜੀਵਨ ਬਣਾਉਣ ਨਾਲ ਹੀ ਸਾਨੂੰ ਅਸਲ ਮਨੁੱਖ ਜੂਨ ਦੀਆਂ ਕਦਰਾਂ ਕੀਮਤਾਂ ਦਾ ਪਤਾ ਲੱਗ ਸਕਦਾ ਹੈ ਨਹੀਂ ਤਾਂ ਖੂਹ ਦੇ ਬੈਲ ਵਾਂਗੂੰ ਜਿਨੇ ਮਰਜ਼ੀ ਗੇੜੇ ਕੱਢੀ ਜਾਈਏ ਕੋਈ ਵੀ ਪ੍ਰਾਪਤੀ ਨਹੀਂ ਹੈ। ਜੇ ਇਮਾਨਦਾਰੀ ਨਾਲ ਅਸੀਂ ਧਰਮ ਅਸਥਾਨਾਂ ਵਿੱਚ ਬੈਠੇ ਆਪਣੀ ਸੋਚ ਦੀ ਪਰਖ ਕਰੀਏ ਤਾਂ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਕਿਨੇ ਤਰ੍ਹਾਂ ਦੇ ਜਾਨਵਰ ਅੱਜ ਇਥੇ ਪਹੁੰਚੇ ਹੋਏ ਹਨ ਪਾਠ ਜਾਂ ਕੀਰਤਨ ਸੁਣਦਾ ਹੋਇਆ ਹੰਸਾਂ ਦੀ ਬਿਰਤੀ ਰੱਖਣ ਵਾਲਾ ਮਨੁੱਖ ਪਤਾ ਨਹੀਂ ਕਦੋਂ ਇਕ ਸੈਕਿੰਟ ਵਿੱਚ ਕਾਂ ਬਣ ਲੌਂ-ਲੌਂ ਕਰਦਾ ਕਿਥੇ ਕਿਥੇ ਗੰਦ ਵਿੱਚ ਮੂੰਹ ਮਾਰਨ ਲੱਗ ਪੈਂਦਾ ਹੈ। ਮੈਂ ਸਾਢੇ ਚਾਰ+ਪੰਜ ਫੁੱਟ ਦਾ ਦੋ ਲੱਤਾਂ ਵਾਲਾ ਮਨੁੱਖ ਅੱਖਾਂ ਬੰਦ ਕਰੀ ਸਾਜ਼ਾਂ ਦੀ ਧੁੱਨੀ ਵਿੱਚੋਂ ਬਾਹਰ ਨਿਕਲ ਖੋਤੇ ਦੀ ਨਿਆਈਂ ਗੰਦ ਵਿੱਚ ਪਤਾ ਨਹੀਂ ਕਦ ਲੇਟਣਾ ਸ਼ੁਰੂ ਕਰ ਦਿੰਦਾ ਹਾਂ। ਹਰ ਪੱਲ ਹਰ ਮਨੁੱਖ ਆਪਣੀ ਖੋਜ਼ ਆਪ ਕਰ ਸਕਦਾ ਹੈ। ਕਦੇ ਮਨੁੱਖ ਦਾਨੀ ਬਣ ਹੋਰਨਾ ਅਗੇ ਨਿਮਰਤਾ ਨਾਲ ਪੇਸ਼ ਆਉਣ ਵਾਲਾ ਧਰਮੀ ਦਿਖਾਈ ਦਿੰਦਾ ਹੈ ਅਤੇ ਥੋੜ ਸਮੇਂ ਬਾਅਦ ਹੀ ਆਪਣੀ ਦੋ ਨੰਬਰ ਦੀ ਕਮਾਈ ਕਰਦਾ ਹੋਇਆ ਹੋਰਨਾਂ ਦਾ ਗਲ ਵਢਦਾ ਰਤਾ ਭਰ ਵੀ ਨਹੀਂ ਝਿਝਕਦਾ। ਫਿਰ ਤਾਂ ਸੋਚਣਾ ਹੀ ਪਊਗਾ ਕਿ ਕੀ ਮੈਂ ਮਨੁੱਖ ਹਾਂ?। ਗੁਰਬਾਣੀ ਵਾਰ ਵਾਰ ਸਾਨੂੰ ਸਮਝਾਉਂਦੀ ਹੈ ਕਿ ਹੇ ਮਨੁੱਖ ਦੇਖ ! ਤੂੰ ਇੱਕ ਮਿੱਟੀ ਦਾ ਪੁਤਲਾ ਹੈ ਅਤੇ ਇਹ ਮਿੱਟੀ ਦੇ ਪੁਤਲੇ ਨੇ ਫਿਰ ਦੁਆਰਾ ਮਿੱਟੀ ਵਿੱਚ ਹੀ ਮਿਲ ਜਾਣਾ ਹੈ ਇਸ ਮਿੱਟੀ ਦੇ ਪੁਤਲੇ ਸਰੀਰ ਪਾਸੋਂ ਨੇਕ ਕਾਰਜ਼ ਕਰਵਾ ਲੈ ਜਿਵੇ:-{ ਮਾਟੀ ਕੋ ਪੁਤਰਾ ਕੈਸੇ ਨਚਤੁ ਹੈ ॥ ਦੇਖੈ ਦੇਖੈ ਸੁਨੈ ਬੋਲੈ ਦਉਰਿਓ ਫਿਰਤੁ ਹੈ ॥ 1॥ ਰਹਾਉ ॥ } { ਕਬੀਰਾ ਧੂਰਿ ਸਕੇਲਿ ਕੈ ਪੁਰੀਆ ਬਾਂਧੀ ਦੇਹ ॥ ਦਿਵਸ ਚਾਰਿ ਕੋ ਪੇਖਨਾ ਅਤਿ ਖੇਹ ਕੀ ਖੇਹ ॥ 178॥ } { ਪੁਤਰੀ ਤੇਰੀ ਬਿਧਿ ਕਰਿ ਥਾਟੀ ॥ ਜਾਨੁ ਸਤਿ ਕਰਿ ਹੋਇਗੀ ਮਾਟੀ ॥ 1॥ } ਆਖਦੇ ਹਨ ਕਿ ਇਸ ਮਿੱਟੀ ਦੇ ਭਾਂਡੇ ਦਾ ਕੋਈ ਵਿਸਾਹ ਨਹੀਂ ਹੈ ਕਦ ਇਸ ਨੇ ਟੁੱਟ ਜਾਣਾ ਹੈ ਅਤੇ ਫਿਰ ਆਪਣੇ ਹੀ ਵਜ਼ੂਦ ਵਿੱਚ ਰਲ ਜਾਣਾ ਹੈ ਪਰ ਮੈਂ ਇਸ ਵੀਚਾਰ ਤੋਂ ਸੱਖਣਾ ਹਾਂ, ਕਿ ਜਦ ਇਸ ਸਰੀਰ ਮਿੱਟੀ ਨੇ ਮਿੱਟੀ ਵਿੱਚ ਹੀ ਰਲ ਜਾਣਾ ਹੈ ਤਾਂ ਇਸ ਤੋਂ ਜੀਵਨ ਦੌਰਾਨ ਕੋਈ ਵਧੀਆ ਕੰਮ ਕਰਵਾ ਲਵਾਂ । ਮੈਂ ਕੇਵਲ ਹੰਕਾਰ ਅਧੀਨ ਹੀ ਸਾਰੀ ਉਮਰ ਵੱਖ ਵੱਖ ਜੂਨਾਂ ਵਿੱਚ ਗੇੜੇ ਕੱਢੀ ਜਾ ਰਿਹਾ ਹਾਂ।
1/466:-ਹਉ ਵਿਚਿ ਆਇਆ ਹਉ ਵਿਚਿ ਗਇਆ ॥ ਹਉ ਵਿਚਿ ਜਮਿਆ ਹਉ ਵਿਚਿ ਮੁਆ ॥ ਹਉ ਵਿਚਿ ਦਿਤਾ ਹਉ ਵਿਚਿ ਲਇਆ ॥ ਹਉ ਵਿਚਿ ਖਟਿਆ ਹਉ ਵਿਚਿ ਗਇਆ ॥ ਹਉ ਵਿਚਿ ਸਚਿਆਰੁ ਕੂੜਿਆਰੁ ॥ ਹਉ ਵਿਚਿ ਪਾਪ ਪੁੰਨ ਵੀਚਾਰੁ ॥ ਹਉ ਵਿਚਿ ਨਰਕਿ ਸੁਰਗਿ ਅਵਤਾਰੁ ॥ ਹਉ ਵਿਚਿ ਹਸੈ ਹਉ ਵਿਚਿ ਰੋਵੈ ॥ ਹਉ ਵਿਚਿ ਭਰੀਐ ਹਉ ਵਿਚਿ ਧੋਵੈ ॥ ਹਉ ਵਿਚਿ ਜਾਤੀ ਜਿਨਸੀ ਖੋਵੈ ॥ ਹਉ ਵਿਚਿ ਮੂਰਖੁ ਹਉ ਵਿਚਿ ਸਿਆਣਾ ॥ ਮੋਖ ਮੁਕਤਿ ਕੀ ਸਾਰ ਨ ਜਾਣਾ ॥ ਹਉ ਵਿਚਿ ਮਾਇਆ ਹਉ ਵਿਚਿ ਛਾਇਆ ॥ ਹਉਮੈ ਕਰਿ ਕਰਿ ਜੰਤ ਉਪਾਇਆ ॥ ਹਉਮੈ ਬੂਝੈ ਤਾ ਦਰੁ ਸੂਝੈ ॥ ਗਿਆਨ ਵਿਹੂਣਾ ਕਥਿ ਕਥਿ ਲੂਝੈ ॥ ਨਾਨਕ ਹੁਕਮੀ ਲਿਖੀਐ ਲੇਖੁ ॥ ਜੇਹਾ ਵੇਖਹਿ ਤੇਹਾ ਵੇਖੁ ॥ 1॥
ਅੱਖਰਾਂ ਦੀ ਬੰਧਸ਼ ਵਿੱਚ ਇਸ ਤਰ੍ਹਾਂ ਹੀ ਪ੍ਰਤੀਤ ਹੋਣ ਲੱਗ ਪਿਆ ਕਿ ਜਿਵੇਂ ਗੁਰੂ ਜੀ ਆਖਦੇ ਹਨ ਕਿ ਮਨੁੱਖ ਹੰਕਾਰ ਲੈ ਕੇ ਹੀ ਜੰਮਦਾ ਹੈ ਅਤੇ ਹੰਕਾਰ ਵਿੱਚ ਹੀ ਮਰਦਾ ਹੈ। ਪਰ ਹੰਕਾਰ ਮਨੁੱਖ ਦੀ ਸੋਚ ਦਾ, ਸੁਭਾਅ ਦਾ ਹਿਸਾ ਹੈ ਜੋ ਜਨਮ ਤੋਂ ਬਾਅਦ ਵਿੱਚ ਹੋਲੀ-ਹੋਲੀ ਬਣਦਾ ਹੈ। ਇਸ ਕਰਕੇ ਹੰਕਾਰ ਲੈ ਕਿ ਕੋਈ ਵੀ ਨਹੀਂ ਜੰਮਦਾ। ਸੋ ਭਾਵ ਅਰਥ ਹਨ ਕਿ ਮਨੁੱਖ ਹੰਕਾਰ (ਮੈਂ ਮੇਰੀ) ਵਾਲੇ ਸੁਭਾਅ ਅਧੀਨ ਜਨਮ ਤੋਂ ਮੌਤ ਤੱਕ ਦਾ ਸਮਾਂ ਗੁਜਾਰਦਾ ਹੋਇਆ ਆਪਣਾ ਸਾਰਾ ਜੀਵਨ ਖੂਨਖਾਰ ਜੂਨ ਵਾਲੇ ਪਸ਼ੂਆਂ ਦੀ ਨਿਆਈਂ ਵਿਅਰਥ ਹੀ ਗੁਆ ਜਾਂਦਾ ਹੈ। ਹੰਕਾਰੀ ਸੁਭਾਅ ਵਿੱਚ ਜੀਵਨ ਬਤੀਤ ਕਰਦਾ ਮਨੁੱਖ ਆਤਮਿਕ ਤੱਲ ਤੇ ਕਈ ਵਾਰੀ ਮਰਦਾ ਹੈ ਅਤੇ ਕਈ ਵਾਰੀ ਜੰਮਦਾ ਹੈ (ਮਨੁੱਖਾ ਜੂਨ ਨੂੰ ਛੱਡ ਕਈ ਹੋਰ ਜੂਨਾਂ ਦਾ ਸਫਰ ਕਰਦਾ ਰਹਿੰਦਾ ਹੈ)। ਮਨੁੱਖ ਹੰਕਾਰੀ ਸੁਭਾਅ, ਹੰਕਾਰੀ ਬਿਰਤੀ ਅਧੀਨ ਹੀ ਕਈ ਵਾਰੀ ਹੋਰਨਾਂ ਨੂੰ ਕੁੱਝ ਦੇਣ ਦਾ ਦਾਤਾ ਬਣ ਬੈਠਦਾ ਹੈ ਅਤੇ ਕਈ ਵਾਰੀ ਕਿਸੇ ਪਾਸੋਂ ਕੁੱਝ ਲੈਣ ਵਾਸਤੇ ਆਜ਼ਜ਼ ਬਣ ਜਾਂਦਾ ਹੈ। ਹੰਕਾਰੀ ਬਿਰਤੀ ਕਾਰਣ ਹੀ ਮਨੁੱਖ ਜੀਵਨ ਦੌਰਾਨ ਪਸ਼ੂ ਬਿਰਤੀ ਵਾਲੇ ਸੁਭਾਅ ਅਧੀਨ ਕਈ ਵਾਰੀ ਐਸੇ ਕੰਮ ਕਰ ਬੈਠਦਾ ਹੈ ਕਿ ਹੋਰਨਾਂ ਪਾਸੋਂ ਬਦਨਾਮੀਂ ਖੱਟਦਾ ਹੈ ਅਤੇ ਇਸੇ ਤਰ੍ਹਾਂ ਦੇ ਸੁਭਾਅ ਅਧੀਨ ਜੀਵਨ ਵਿਅਰਥ ਗੁਆ ਜਾਂਦਾ ਹੈ। ਗੁਰੂ ਜੀ ਅਗਿਆਨਤਾ ਅਧੀਨ ਹੰਕਾਰੀ ਬਿਰਤੀ ਵਾਲੇ ਮਨੁੱਖ ਬਾਬਤ ਹੀ ਗੱਲ ਕਰ ਰਹੇ ਹਨ ਕਿ ਹੰਕਾਰੀ ਸੋਚ ਵਾਲਾ ਮਨੁੱਖ ਕਦੇ ਵੀ ਸੋਚ ਦੀ ਇੱਕਸਾਰਤਾ ਨਹੀਂ ਪਾ ਸਕਦਾ ਕਦੇ ਸੱਚਾ ਤੇ ਕਦੇ ਝੂਠਾ ਸਾਬਤ ਹੁੰਦਾ ਰਹਿੰਦਾ ਹੈ। ਹੰਕਾਰੀ ਸੁਭਾਅ ਵਾਲਾ ਮਨੁੱਖ ਪਾਪ ਪੁੰਨ ਦੀ ਵੀਚਾਰ ਵਿੱਚ ਹੀ ਜੀਵਨ ਗੁਜਾਰ ਜਾਂਦਾ ਹੈ। ਅਸਲ ਧਰਮ ਦਾ ਗਿਆਨ ਹਾਸਲ ਨਹੀਂ ਕਰ ਸਕਦਾ। ਜੀਵਨ ਵਿੱਚ ਕਈ ਵਾਰੀ ਮਾੜੇ ਕੰਮ ਕਰ ਲੈਂਦਾ ਹੈ ਅਤੇ ਫਿਰ ਉਨ੍ਹਾਂ ਮਾੜੇ ਕੰਮਾਂ ਦੇ ਬਰਾਬਰ ਪੁੰਨ ਕਰਮਾਂ ਨੂੰ ਕਰਨ ਲੱਗ ਪੈਂਦਾ ਹੈ। ਨਿਰੋਲ ਸੱਚ ਦੇ ਗਿਆਨ ਤੋਂ ਸੱਖਣਾ ਮਨੁੱਖ ਹੰਕਾਰੀ ਸੋਚ ਅਧੀਨ ਜੀਵਨ ਦੌਰਾਨ ਦੁੱਖਾਂ ਸੁਖਾਂ ਨੂੰ ਨਰਕਾਂ ਸਵਰਗਾਂ ਵਾਂਗੂੰ ਸੋਚਦਾ ਜੀਵਨ ਗੁਜਾਰਦਾ ਹੈ। ਗੁਰੂ ਜੀ ਆਖਦੇ ਹਨ ਕਿ ਅਗਿਆਨਤਾ ਅਧੀਨ ਹੰਕਾਰੀ ਸੋਚ ਵਾਲੇ ਮਨੁੱਖ ਦੀ ਮਾਨਸਿਕ ਹਾਲਤ ਇੱਕਸਾਰਤਾ ਕਦੇ ਵੀ ਹਾਸਲ ਨਹੀਂ ਕਰ ਸਕਦੀ ਜਿਸ ਕਰਕੇ ਕਦੇ ਖੁਸ਼ੀ ਵਿੱਚ ਹੱਸਦਾ ਹੈ ਅਤੇ ਕਿਸੇ ਗਮੀ ਕਾਰਣ ਰੋਂਦਾ ਹੈ। ਖੁਸ਼ੀ ਗਮੀ ਉਸ ਨੂੰ ਜੀਵਨ ਦੌਰਾਨ ਹਸਾਉਂਦੀ ਰਵਾਉਂਦੀ ਰਹਿੰਦੀ ਹੈ। ਆਖਦੇ ਹਨ ਕਿ ਅਸਲ ਅਗਿਆਨਤਾ ਹੀ ਹੰਕਾਰ ਨੂੰ ਜਨਮ ਦਿੰਦੀ ਹੈ। ਅਗਿਆਨਤਾ ਕਾਰਣ ਮਨੁੱਖ ਜੀਵਨ ਦੌਰਾਨ ਕਈ ਗਲਤ ਕੰਮ ਕਰਦਾ ਰਹਿੰਦਾ ਹੈ ਜਿਸ ਨਾਲ ਉਸ ਦੀ ਸੋਚ ਹੋਰ ਹੋਰ ਅਉਗਣਾ ਨਾਲ ਭਰਦੀ ਰਹਿੰਦੀ ਹੈ ਅਤੇ ਫਿਰ ਐਸਾ ਅਗਿਆਨੀ ਹੰਕਾਰੀ ਬਿਰਤੀ ਅਧੀਨ ਹੀ ਧਰਮ ਦੇ ਮਿੱਥ ਲਏ ਕਰਮਕਾਂਡਾਂ ਨਾਲ ਕੀਤੇ ਹੋਏ ਅਉਗਣਾ ਨੂੰ ਧੋਣ ਵਿੱਚ ਲੱਗਾ ਰਹਿੰਦਾ ਹੈ। ਮਨੁੱਖ ਦੀ ਅਗਿਆਨਤਾ ਭਰੀ ਸੋਚ ਹੀ ਵੱਡਾ ਹੰਕਾਰ ਹੈ ਜਿਸ ਦੇ ਅਧੀਨ ਮਨੁੱਖ ਆਪਣੀ ਉਚੀ ਜਾਤ-ਪਾਤ ਦੇ ਹੰਕਾਰ ਵਿੱਚ ਫਸਿਆ ਆਪਣੇ ਆਪ ਵਿੱਚ ਹੀ ਉਲਝਿਆ ਰਹਿੰਦਾ ਹੈ। ਨਿਰੋਲ ਸੱਚ ਦੇ ਗਿਆਨ ਤੋਂ ਸੱਖਣਾ ਮਨੁੱਖ ਹੀ ਹੰਕਾਰੀ ਹੈ ਅਤੇ ਆਪਣੇ ਹੰਕਾਰ ਅਧੀਨ ਹੀ ਆਪਣੇ ਆਪ ਨੂੰ ਚਤੁਰ, ਚਲਾਕ, ਸਿਆਣਾ ਸਮਝੀ ਬੈਠਾ ਹੈ। ਭਾਵ ਹੰਕਾਰੀ ਸੋਚ ਵਾਲਾ ਮਨੁੱਖ ਕੋਈ ਵੀ ਗਿਆਨ ਵਾਲੀ ਮੱਤ ਲੈਣ ਵਾਸਤੇ ਕਦੇ ਵੀ ਤਿਆਰ ਨਹੀਂ ਹੁੰਦਾ। ਮਨੁੱਖ ਹੰਕਾਰੀ ਸੁਭਾਅ ਕਰਕੇ ਕਰਮਕਾਂਡਾਂ ਵਿੱਚ ਫਸਿਆ ਸਾਰੀ ਉਮਰ ਗੁਜਾਰ ਜਾਂਦਾ ਹੈ ਜੀਵਨ ਦੌਰਾਨ ਵਿਕਾਰਾਂ ਅਤੇ ਹੰਕਾਰੀ ਬਿਰਤੀ ਵਲੋਂ ਛੁਟਕਾਰਾ ਨਹੀਂ ਪਾ ਸਕਦਾ। ਵਿਕਾਰਾਂ ਵਲੋਂ ਮੁਕਤ ਹੋ ਕਿ ਅਸਲ ਮਨੁੱਖੀ ਜੀਵਨ ਦੀ ਸ੍ਰੇਸ਼ਟਤਾ, ਮਹਾਨਤਾ ਨੂੰ ਨਹੀਂ ਜਾਣ ਪਾਉਂਦਾ। ਗੁਰੂ ਜੀ ਸਾਨੂੰ ਹੰਕਾਰੀ ਬਿਰਤੀ ਦੇ ਸੁਭਾਅ ਵਾਲੇ ਮਨੁੱਖ ਬਾਰੇ ਹੀ ਸਮਝਾ ਰਹੇ ਹਨ ਕਿ ਹੰਕਾਰੀ ਬਿਰਤੀ ਵਾਲਾ ਮਨੁੱਖ ਅਗਿਆਨਤਾ ਅਧੀਨ ਸਾਰੀ ਉਮਰ ਮਾਇਆ ਦੀਆਂ ਰੰਗ ਰਲੀਆਂ ਦੇ ਪਰਭਾਵ ਥੱਲੇ ਮਸਤ ਜੀਵਨ ਗੁਜਾਰ ਜਾਂਦਾ ਹੈ। ਹੰਕਾਰੀ ਸੋਚ, ਅਗਿਆਨਤਾ ਵਾਲੇ ਸੁਭਾਅ ਦੇ ਅਧੀਨ ਮਨੁੱਖ ਕਰਮ ਕਾਂਡ ਹੀ ਕਰ ਰਹੇ ਹਨ। ਦੁਨੀਆਂ ਵਿੱਚ ਮਨੁੱਖ ਹੀ ਪੈਦਾ ਹੋਏ ਹਨ ਜਿਹੜੇ ਗਿਆਨ ਤੋਂ ਸੱਖਣੇ ਹੰਕਾਰ ਅਧੀਨ ਫਸੇ ਨਿਰ੍ਹਾ ਕਰਮਕਾਂਡ ਕਰੀ ਜਾ ਰਹੇ ਹਨ। ਗੁਰੂ ਜੀ ਨੇ ਇਨ੍ਹਾਂ ਲਾਈਨਾਂ ਅੰਦਰ ਸਾਨੂੰ ਸਪੱਸ਼ਟ ਕਰਕੇ ਸਮਝਾ ਦਿੱਤਾ ਹੈ ਕਿ ਗਿਆਨ ਤੋਂ ਸੱਖਣਾ ਮਨੁੱਖ ਹੀ ਹੰਕਾਰੀ ਬਿਰਤੀ ਵਾਲਾ ਬਣ ਜਾਂਦਾ ਹੈ ਅਤੇ ਐਸਾ ਮਨੁੱਖ ਗਿਆਨ ਤੋਂ ਸੱਖਣਾ ਸਾਰੀ ਉਮਰ ਝੂਠ ਬੋਲਦਾ ਰਹਿੰਦਾ ਹੈ ਅਤੇ ਸਦਾ ਹੀ ਖੁਆਰ ਹੁੰਦਾ ਰਹਿੰਦਾ ਹੈ ਗੁਰੂ ਜੀ ਅਟੱਲ ਸਚਾਈ ਸਾਨੂੰ ਦਰਸਾ ਰਹੇ ਹਨ ਕਿ ਜਦ ਤੱਕ ਇਹ ਅਗਿਆਨਤਾ (ਹੰਕਾਰੀ ਬਿਰਤੀ) ਖਤਮ ਨਹੀਂ ਹੁੰਦੀ ਤਦ ਤੱਕ ਮਨੁੱਖ ਨੂੰ ਉਸ ਅਟੱਲ ਪ੍ਰਭੂ ਜੀ ਦੇ ਹੁਕਮਾਂ ਦੀ, ਰਜ਼ਾ ਦੀ, ਨਿਯਮਾਵਲੀ ਦੀ ਸਮਝ ਨਹੀਂ ਪੈਂਦੀ। ਹੰਕਾਰ ਬਿਰਤੀ ਮੁੱਕਣ ਨਾਲ (ਭਾਵ ਅਗਿਆਨਤਾ ਖਤਮ ਹੋਣ ਨਾਲ) ਹੀ ਅਸਲ ਮਨੁੱਖਾ ਜੀਵਨ ਦੇ ਮਕਸਦ ਦੀ ਸਮਝ ਆਉਂਦੀ ਹੈ ਉਸ ਰੱਬ ਜੀ ਦੇ ਦਰ ਦਾ (ਹੁਕਮਾਂ ਦਾ, ਰਜ਼ਾ ਦਾ) ਪਤਾ ਲੱਗ ਸਕਦਾ ਹੈ। ਨਾਨਕ ਪਾਤਸ਼ਾਹ ਸ਼ਬਦ ਦੇ ਆਖਰੀ ਬੰਦ ਅੰਦਰ ਉਸ ਰੱਬ ਜੀ ਦੇ ਅਟੱਲ ਵਰਤ ਰਹੇ ਨਿਯਮ ਬਾਰੇ ਦਰਸਾਉਂਦੇ ਹਨ ਕਿ ਮਨੁੱਖ ਜੀਵਨ ਦੌਰਾਨ ਜਿਸ ਤਰ੍ਹਾਂ ਦੀ ਵਿਦਿਆ ਪੜ੍ਹਦਾ ਹੈ, ਜਿਸ ਤਰ੍ਹਾਂ ਦਾ ਗਿਆਨ ਹਾਸਲ ਕਰਦਾ ਹੈ ਜਾਂ ਜਿਸ ਤਰ੍ਹਾਂ ਦਾ ਲਗਾਤਾਰ ਕੰਮ ਕਰਦਾ ਹੈ ਉਸ ਦਾ ਸੁਭਾਅ, ਉਸ ਦੀ ਸੋਚ, ਉਸ ਦੇ ਜੀਵਨ ਬਿਤਾਉਣ ਦੀ ਆਦਤ ਵੀ ਉਸੇ ਤਰ੍ਹਾਂ ਦੀ ਹੀ ਬਣ ਜਾਂਦੀ ਹੈ ਇਹ ਇਕ ਰੱਬ ਜੀ ਦਾ ਅਟੱਲ ਨਿਯਮ ਹੈ ਕਿ ਮਨੁੱਖ ਜਿਸ ਤਰ੍ਹਾਂ ਦੀ ਵਿਦਿਆ ਲਵੇਗਾ ਉਸ ਦਾ ਸੁਭਾਅ ਵੀ ਉਸੇ ਹੀ ਤਰ੍ਹਾਂ ਦਾ ਬਣ ਜਾਵੇਗਾ ਅਤੇ ਇਹ ਅਟੱਲ ਨਿਯਮ ਹਰ ਮਨੁੱਖ ਦੇ ਨਾਲ ਹੀ ਵਰਤਦਾ ਹੈ। ਇਹੋ ਹੀ ਲੇਖ ਲਿਖਣੇ ਹਨ, ਭਾਵ ਹੈ ਕਿ ਜਿਸ ਤਰ੍ਹਾਂ ਦੀ ਸੋਚ ਹੈ ਜੀਵਨ ਵੀ ਉਸੇ ਹੀ ਤਰ੍ਹਾਂ ਦਾ ਗੁਜਰਦਾ ਹੈ। ਗੁਰੂ ਨਾਨਕ ਜੀ ਆਖਦੇ ਹਨ ਕਿ ਮਨੁੱਖ ਪਾਸ ਜਿਸ ਤਰ੍ਹਾਂ ਦੀ ਅਕਲ ਹੈ, ਜਿਸ ਤਰ੍ਹਾਂ ਦੀ ਵਿਦਿਆ ਉਸ ਪਾਸ ਹੈ, ਉਸ ਦਾ ਸੁਭਾਅ ਵੀ ਉਸ ਅਨੁਸਾਰ ਹੀ ਹੈ ਅਤੇ ਉਹ ਆਪਣੀ ਅਕਲ ਮੁਤਾਬਿਕ ਜੋ ਦੇਖਣਾ ਚਾਉਂਦਾ ਹੈ ਉਸ ਨੂੰ ਉਹੋ ਕੁੱਝ ਹੀ ਦਿਸਦਾ ਹੈ। ਭਾਵ ਹੈ ਕਿ ਅਗਿਆਨਤਾ ਅਧੀਨ ਮਨੁੱਖ ਜਿਸ ਤਰ੍ਹਾਂ ਦੀ ਸੋਚ ਰੱਖਦਾ ਹੈ ਉਸਦੀ ਦੇਖਣੀ ਵੀ ਉਸੇ ਹੀ ਤਰ੍ਹਾਂ ਦੀ ਹੁੰਦੀ ਹੈ ਇਹ ਉਸ ਰੱਬ ਜੀ ਦਾ ਅਟੱਲ ਨਿਯਮ ਹੈ।1। ਸੋ ਇਹ ਹੈ ਮਨੁੱਖਾ ਸਰੀਰ ਵਿੱਚ ਹੁਦਿਆਂ ਹੋਇਆਂ ਹੋਰ ਪਸ਼ੂਆਂ ਵਾਲੀਆਂ ਮਾਰ ਖੋਰੀਆਂ ਜੂਨਾਂ ਵਿੱਚ ਦੀ ਵਿਚਰਨਾ। ਤਾਂ ਫਿਰ ਸਾਨੂੰ ਨਰੀਖਣ ਕਰਨਾਂ ਹੀ ਪਵੇਗਾ ਕਿ ਕੀ ਅਸੀਂ ਮਨੁੱਖ ਹਾਂ? ਗੁਰੂ ਜੀ ਅਗੇ ਫੁਰਮਾਉਂਦੇ ਹਨ { 1/140:-ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ ॥ } ਅਸੀਂ ਦੁਨਿਆਵੀ ਪੜ੍ਹਾਈ ਤਾਂ ਬਹੁਤ ਕਰ ਲਈ ਪਰ ਸਮਾਜ਼ ਵਿੱਚ ਰਹਿਦਿਆਂ ਆਪਣੇ ਆਪ ਨੂੰ ਹੋਰਨਾਂ ਨਾਲੋਂ ਉਤਮ ਸਮਝਕੇ ਹੰਕਾਰ ਨਾਲ ਭਰ ਜਾਂਦੇ ਹਾਂ, ਸਾਡੀ ਬਿਰਤੀ ਕੁੱਤੇ ਦੀ ਨਿਆਈਂ ਲਾਲਚੀ ਬਣ ਜਾਂਦੀ ਹੈ ਤਾਂ ਫਿਰ ਸਾਨੂੰ ਆਪਣਾ ਨਰੀਖਣ ਆਪ ਕਰਨ ਦੀ ਜਰੂਰਤ ਹੈ ਕਿ ਅਸੀਂ ਪੜ੍ਹੇ ਹੋਏ ਹੋਣ ਦੇ ਬਾਵਜ਼ੂਦ ਵੀ ਮੂਰਖਾਂ ਭਰੇ ਕੰਮ ਕਰਦੇ ਲਾਲਚੀ ਬਿਰਤੀ ਵਾਲੇ ਕੁੱਤੇ ਦੀ ਤਰ੍ਹਾਂ ਤਾਂ ਨਹੀਂ ਹਾਂ? ਇਸ ਤਰ੍ਹਾਂ ਦੀਆਂ ਜੂਨਾਂ ਭੋਗ ਰਹੇ ਇਨਸਾਨਾਂ ਦਾ ਨਕਸ਼ਾ ਗੁਰੂ ਨਾਨਕ ਜੀ ਨੇ ਖੂਬ ਸਾਡੇ ਸਾਹਮਣੇ ਪੇਸ਼ ਕੀਤਾ ਹੈ ਜਿਵੇ:-{ ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨਿ੍ ਬੈਠੇ ਸੁਤੇ ॥ ਚਾਕਰ ਨਹਦਾ ਪਾਇਨਿ੍ ਘਾਉ ॥ ਰਤੁ ਪਿਤੁ ਕੁਤਿਹੋ ਚਟਿ ਜਾਹੁ ॥ } ਤਾਂ ਪਰਤੱਖ ਨੂੰ ਪ੍ਰਮਾਣ ਦੀ ਜਰੂਰਤ ਨਹੀਂ ਹੋਇਆ ਕਰਦੀ, ਇਹ ਹੈ ਸਾਡੀ ਮਨੁੱਖ ਜੂਨ ਦੀ ਹਾਲਤ ਤੇ ਅਸੀਂ ਫਿਰ ਵੀ ਆਪਣੇ ਆਪ ਨੂੰ ਮਨੁੱਖ ਅਖਵਾ ਰਹੇ ਹਾਂ। ਕੀ ਇਸ ਤਰ੍ਹਾਂ ਦੀ ਬਿਰਤੀ ਨੂੰ ਮਨੁੱਖ ਆਖਿਆ ਜਾ ਸਕਦਾ ਹੈ?। ਵੈਸੇ ਸਾਡੇ ਮਾਂ-ਬਾਪ ਨੇ ਸਾਡਾ ਨਾਮ ਇਕ ਹੀ ਰੱਖਿਆ ਹੈ ਪਰ ਜਦ ਗੁਰੂ ਜੀ ਦੀ ਵੀਚਾਰਧਾਰਾ ਨਾਲ ਆਪਣੇ ਆਪ ਦੀ ਤੁਲਣਾ ਕਰਦੇ ਹਾਂ ਤਾਂ ਸਾਡੇ ਨਾਮ ਬਹੁਤ ਹੀ ਬਣ ਜਾਂਦੇ ਹਨ ਕਦੇ ਅਸੀਂ ਆਪਣੇ ਹੀ ਭਰਾਵਾਂ ਨੂੰ ਲੁੱਟਣ ਵਾਸਤੇ ਸੱਪ ਦੀ ਜੂਨ ਵਿੱਚ ਪੈ ਡੰਗ ਮਾਰਦੇ ਹਾਂ, ਕਦੇ ਕਾਮ ਦੇ ਅਧੀਨ ਹਾਥੀ ਬਣ ਜਾਂਦੇ ਹਾਂ, ਕਦੇ ਜੀਭ ਦੇ ਸਵਾਦਾਂ ਦੀ ਖਾਤਰ ਮੱਛੀ ਵਾਂਗੂੰ ਦੁੱਖ ਭੋਗਦੇ ਹੋਏ ਮੱਛੀ ਦੀ ਜੂਨ ਵਿੱਚ ਚਲੇ ਜਾਂਦੇ ਹਾਂ, ਕਦੇ ਖੋਤਿਆਂ ਦੀ ਤਰ੍ਹਾਂ ਪਰਾਇਆ ਬੋਝਾ ਦੀ ਚੁੱਕੀ ਫਿਰਦੇ ਹਾਂ, ਕਦੇ ਕਾਂ, ਕਦੇ ਸੂਰ, ਕਦੇ ਕੁੱਤਾ, ਕਦੇ ਕੋਈ ਹੋਰ ਜਾਨਵਰ ਬਣ ਜਾਂਦੇ ਹਾਂ, ਤਾਂ ਫਿਰ ਸਾਡੇ ਨਾਮ ਵੀ ਕਈ ਬਣ ਜਾਂਦੇ ਹਨ। ਗੁਰੂ ਜੀ ਤਾਂ ਹੀ ਮੇਰੇ ਵਾਸਤੇ ਕਈ ਜੂਨਾਂ ਦੇ ਨਾ ਵਰਤ ਵਰਤਕੇ ਮੈਨੂੰ ਸਮਝਾਉਣਾ ਚਾਹੁੰਦੇ ਹਨ ਕਿ ਹੇ ਮਨੁੱਖਾ ਤੂੰ ਆਪਣੇ ਮੂਲ ਨੂੰ ਸਮਝਦਾ ਹੋਇਆ ਇਨ੍ਹਾਂ ਜੂਨਾਂ ਵਿੱਚੋਂ ਬਾਹਰ ਨਿਕਲ ਜਾ। ਉਸ ਅਟੱਲ ਤੇ ਸਦੀਵੀਂ ਵਰਤ ਰਹੇ ਨਿਯਮਾਂ ਦਾ (ਰੱਬ ਜੀ ਦਾ) ਸਾਨੂੰ ਵਾਰ ਵਾਰ ਧੰਨਵਾਦ ਕਰਨਾ ਚਾਹੀਦਾ ਹੈ ਕਿਉਂ ਕਿ ਜੇ ਕਰ ਸਾਡੀ ਸੋਚ ਦੇ ਅਧਾਰ ਤੇ ਪੱਲ ਪੱਲ ਵਿੱਚ ਬਦਲ ਰਹੀਆਂ ਜੂਨੀਆਂ ਦੇ ਨਾਲ ਸਾਡਾ ਬਾਹਰੀ ਸਰੀਰ ਵੀ ਬਦਲਦਾ ਹੁੰਦਾ ਤਾਂ ਧਾਰਮਿਕ ਅਸਥਾਨਾਂ ਤੇ ਕੀ ਵਾਪਰਨਾ ਸੀ ਇਸ ਦਾ ਇਦਾਜ਼ਾ ਨਹੀਂ ਲਾਇਆ ਜਾ ਸਕਦਾ। ਹਰ ਘਰ, ਹਰ ਗਲੀ, ਹਰ ਮਹੱਲੇ, ਹਰ ਨਗਰ ਵਿੱਚ ਰੰਗ ਬਰੰਗੇ ਦੋ-ਦੋ ਟੰਗਾਂ ਵਾਲੇ ਵੱਡੇ-ਵੱਡੇ ਸਿੰਗਾਂ ਵਾਲੇ ਪਸ਼ੂਆਂ ਦੀਆਂ ਹੇੜਾਂ ਦੀਆਂ ਹੇੜਾਂ ਹੀ ਫਿਰਨੀਆਂ ਸਨ। ਗੁਰਦੁਆਰਿਆਂ ਵਿੱਚ ਪਹਿਲਾਂ ਹੀ ਪ੍ਰਧਾਨਗੀ ਵਾਸਤੇ ਵੱਡੇ ਵੱਡੇ ਸਿੰਗਾਂ ਵਾਲੇ ਮਾਰ-ਖੋਰੇ ਜਾਨਵਰ ਬੈਠ ਜਾਣੇ ਸਨ ਤਾਂ ਫਿਰ ਆਮ ਆਦਮੀ’ ਕੀ ਉਥੇ ਜਾ ਸਕਿਆ ਕਰਨਾ ਸੀ?। ਬੜੇ ਹੀ ਅਸੀਂ ਭਾਗਾਂਵਾਲੇ ਹਾਂ ਜੋ ਗੁਰੂ ਜੀ ਨੇ ਵਾਰ ਵਾਰ ਸਾਨੂੰ ਇਨ੍ਹਾਂ ਜੂਨੀਆਂ ਵਿੱਚੋਂ ਬਾਹਰ ਕੱਢਕੇ ਅਸਲ ਮਨੁੱਖਾਂ ਵਾਲੀ ਜੂਨ ਦਾ ਰਾਹ ਦਰਸਾਇਆ ਹੈ। { 5/802:-ਪਸੂ ਪਰੇਤ ਮੁਗਧ ਕਉ ਤਾਰੇ ਪਾਹਨ ਪਾਰਿ ਉਤਾਰੈ ॥ ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੈ ॥ 4॥ 1॥ 4॥ } ਗੁਰੂ ਜੀ ਮੈਨੂੰ ਪਸ਼ੂਆਂ ਵਾਲੀ ਜੂਨ ਵਿੱਚੋਂ, ਪਰੇਤਾਂ ਤੇ ਮੂਰਖਾਂ ਵਾਲੀ ਜੂਨ ਵਿੱਚੋਂ ਤਾਰਨਾ ਚਾਉਂਦੇ ਹਨ, ਪਥਰ ਦੀ ਤਰ੍ਹਾਂ ਇਕੋ ਥਾਂ ਖੜ੍ਹੀ ਮੇਰੀ ਸੋਚ ਨੂੰ ਗਿਆਨ ਦੇ ਹਥੌੜੇ ਨਾਲ ਤਰਾਸ਼ਣਾ ਚਾਉਂਦੇ ਹਨ, ਇਸ ਤਰ੍ਹਾਂ ਦੀਆਂ ਜੂਨੀਆਂ ਮੈਂ ਹੀ ਭੋਗ ਰਿਹਾ ਹਾਂ ਹੋਰ ਕੋਈ ਗੁਰੂ ਜੀ ਮੱਝਾਂ-ਗਾਵਾਂ ਦੇ ਵਾੜ੍ਹੇ ਵਿੱਚ ਜਾ ਕਿ ਉਨ੍ਹਾਂ ਨੂੰ ਮਨੁੱਖ ਵਾਲੀ ਜੂਨ ਵਿੱਚ ਨਹੀਂ ਬਦਲ ਰਹੇ, ਕਿਸੇ ਮੜ੍ਹੀ ਮਸਾਣਾ ਵਿੱਚ ਮੰਨ ਲਏ ਗਏ ਪਰੇਤਾਂ ਨੂੰ ਉਪਦੇਸ਼ ਨਹੀਂ ਦੇ ਰਹੇ, ਕਿਸੇ ਪਥਰਾਂ ਦੇ ਸਰਾਣੇ ਬੈਠ ਅਲਾਹੀ ਕੀਰਤਨ ਨਹੀਂ ਕਰ ਰਹੇ, ਕਿਤੇ ਰੰਗ ਬਰੰਗੇ ਚੋਲੇ ਪਾ ਢੋਲਕੀਆਂ ਛੈਣਿਆਂ ਨਾਲ ਲੋਕਾਂ ਦਾ ਮੰਨ ਪ੍ਰਚਾਵਾ ਨਹੀਂ ਕਰਨਾ ਸੋਚਦੇ, ਇਹ ਸਾਰਾ ਉਪਦੇਸ਼ ਮੇਰੇ ਵਾਸਤੇ (ਸਾਡੇ ਵਾਸਤੇ) ਹੈ, ਸਾਨੂੰ ਇਨ੍ਹਾਂ ਮਾਰ ਖੋਰੀਆਂ ਜੂਨਾਂ ਵਿੱਚੋਂ ਬਾਹਰ ਕੱਢਣ ਦਾ ਉਪਰਾਲਾ ਕਰ ਰਹੇ ਹਨ ਸੋਚਣਾ ਅਸੀਂ ਹੈ ਕਿ ਇਸ ਤਰ੍ਹਾਂ ਦੀਆਂ ਜੂਨੀਆਂ ਦਾ ਸਵਾਦ ਮਾਣਦੇ ਹੋਏ ਕੀ ਅਸੀਂ ਮਨੁੱਖ ਹਾਂ?। { 5/251:-ਸਲੋਕੁ ॥ ਆਵਨ ਆਏ ਸ੍ਰਿਸਟਿ ਮਹਿ ਬਿਨੁ ਬੂਝੇ ਪਸੁ ਢੋਰ ॥ ਨਾਨਕ ਗੁਰਮੁਖਿ ਸੋ ਬੁਝੈ ਜਾ ਕੈ ਭਾਗ ਮਥੋਰ ॥ 1 } ਗੁਰੂ ਅਰਜਨ ਸਾਹਿਬ ਜੀ ਇਨ੍ਹਾਂ ਲਾਈਨਾਂ ਰਾਹੀਂ ਸਾਨੂੰ ਬੜਾ ਹੀ ਮਹਤਵ ਪੂਰਨ ਸੰਦੇਸ਼ ਦੇ ਰਹੇ ਹਨ ਕਿ ਅਸੀਂ ਮਨੁੱਖ ਦੁਨੀਆਂ ਵਿੱਚ ਉਤਮ ਜੂਨ ਪਾ ਕੇ ਆਏ ਹਾਂ ਪਰ ਅਸਲ ਮਨੁੱਖਾ ਜੂਨ ਦੀਆਂ ਕਦਰਾਂ ਕੀਮਤਾਂ ਨੂੰ ਜਾਣੈ ਤੋਂ ਬਿਨ੍ਹਾਂ ਪਸ਼ੂਆਂ ਵਾਲੀਆਂ ਜੂਨਾਂ ਹੀ ਭੋਗ ਰਹੇ ਹਾਂ ਪਰ ਜੇ ਮਨੁੱਖ ਗੁਰੂ ਦੀ ਸਿਖਿਆ (ਨਿਰੋਲ ਸੱਚ ਵਾਲੀ ਸਿਖਿਆ) ਨੂੰ ਆਪਣੇ ਜੀਵਨ ਦਾ ਅਧਾਰ ਬਣਾ ਲਵੇ ਤਾਂ ਹੀ ਇਸ ਨੂੰ ਸਮਝ ਆ ਸਕਦੀ ਹੈ ਨਹੀਂ ਤਾਂ ਸਾਰੀ ਉਮਰ ਹੀ ਹੋਰਨਾਂ ਨੂੰ ਪਸ਼ੂਆਂ ਵਾਂਗੂੰ ਢੁੱਢਾਂ ਮਾਰਦੇ ਲੰਘਾਹ ਦਿੰਦੇ ਹਾਂ, ਆਪਣੇ ਜੀਵਨ ਦੀ ਸੱਚ ਨਾਲ ਤੁਲਣਾ ਕਰਕੇ ਦੇਖਿਆਂ ਸਹਿਜੇ ਹੀ ਪਤਾ ਲੱਗ ਜਾਂਦਾ ਹੈ ਕਿ ਕੀ ਮੈਂ ਮਨੁੱਖ ਹਾਂ?।
ਅਸਲ ਵਿੱਚ ਮੈਂ ਜੋ ਹਾਂ ਉਸ ਨਾਲ ਮੇਰਾ ਕੋਈ ਵੀ ਰਿਸ਼ਤਾ ਨਾਤਾ ਹੀ ਨਹੀਂ ਹੈ ਗੁਰੂ ਜੀ ਵਾਰ ਵਾਰ ਮੈਨੂੰ ਸਮਝਾਉਂਦੇ ਹਨ ਕਿ ਹੇ ਮਨੁੱਖ ਦੇਖ ਤੂੰ ਹਰੀ ਦਾ ਰੂਪ ਹੈ’ ਆਪਣੇ ਮੂਲ ਨੂੰ ਪਛਾਣ ਲੈ, ਨਹੀਂ ਤਾਂ ਸਾਰਾ ਜੀਵਨ ਵਿਅਰਥ ਚਲੇ ਜਾਵੇਗਾ ਪਰ ਮੈਂ ਇਨ੍ਹਾਂ ਗੱਲਾਂ ਨੂੰ ਸਮਝਣਾ ਹੀ ਨਹੀਂ ਚਾਹੁੰਦਾ, ਇਸ ਪਾਸੇ ਵੱਲ ਕਦੇ ਧਿਆਨ ਹੀ ਨਹੀਂ ਦਿੰਦਾ, ਆਪਣੇ ਮਨ ਦੀ ਮੱਤ ਮਗਰ ਲੱਗਾ ਹੋਇਆ ਨਿਤ ਭਟਕਣਾ ਵਿੱਚ ਪਇਆ ਹੀ ਰਹਿੰਦਾ ਹਾਂ।
{ 3/30:-ਮਨਮੁਖ ਮਨੁ ਤਨੁ ਅੰਧੁ ਹੈ ਤਿਸ ਨਉ ਠਉਰ ਨ ਠਾਉ ॥ ਬਹੁ ਜੋਨੀ ਭਉਦਾ ਫਿਰੈ ਜਿਉ ਸੁੰੈਂ ਘਰਿ ਕਾਉ ॥ ਗੁਰਮਤੀ ਘਟਿ ਚਾਨਣਾ ਸਬਦਿ ਮਿਲੈ ਹਰਿ ਨਾਉ ॥ 2॥ } ਅਗਿਆਨਤਾ ਭਰੀ ਸੋਚ ਦੇ ਕਾਰਨ ਅੱਨ੍ਹਾਂ ਹੋਇਆ ਮਨੁੱਖ ਥਾਂ-ਥਾਂ ਦੀ ਭਟਕਣਾ ਵਿੱਚ ਭਟਕਦਾ ਰਹਿੰਦਾ ਹੈ ਕਦੇ ਇਹ ਮਨੁੱਖਾਂ ਵਾਲੀ ਜੂਨ ਵਾਲੇ ਸਰੀਰ ਨੂੰ ਇਥੇ ਹੀ ਛੱਡਕੇ ਕਾਂ ਦੀ ਜੂਨ ਵਿੱਚ ਚਲੇ ਜਾਂਦਾ ਹੈ ਅਤੇ ਕਦੇ ਕਿਸੇ ਹੋਰ ਜੂਨ ਵਿੱਚ ਰਲੀਆਂ ਮਾਣਦਾ ਹੈ ਥਾਂ-ਥਾਂ ਦੁਰਕਾਰਿਆ ਜਾਂਦਾ ਹੈ ਪਰ ਜਦ ਕਦੇ ਇਸ ਨੂੰ ਗੁਰੂ ਦੀ ਸਿਖਿਆ ਹਾਸਲ ਹੁੰਦੀ ਹੈ ਤਾਂ ਸਮਝ ਆਉਂਦੀ ਹੈ ਕਿ ਮੈਂ ਤਾਂ ਰੱਬ ਦਾ ਹੀ ਰੂਪ ਹਾਂ, ਉਸ ਵਿੱਚੋਂ ਹੀ ਪਰਗਟ ਹੋਇਆ ਹਾਂ, ਫਿਰ ਵੀ ਜੇ ਇਹ ਮੁੜ ਮਨੁੱਖਾਂ ਵਾਲੀ ਜੂਨ ਵਿੱਚ ਆ ਜਾਵੇ ਤਾਂ ਇਸ ਨੂੰ ਮਨੁੱਖ ਆਖਿਆ ਜਾ ਸਕਦਾ ਹੈ ਨਹੀਂ ਤਾਂ ਸੋਚਣਾ ਪਊਗਾ ਕਿ ਕੀ ਮੈਂ ਮਨੁੱਖ ਹਾਂ?।
ਜਦ ਮਨੁੱਖ ਕਦੇ ਖੁਦ ਆਪ ਆਪਣੀ ਅੰਦਰੂਨੀ ਪਰਖ ਕਰਨ ਵੀ ਲੱਗਦਾ ਹੈ ਤਾਂ ਅੰਦਰੋ ਅੰਦਰ ਹੀ ਜ਼ੰਗਲ ਵਿੱਚ ਗੁਆਚ ਜਾਂਦਾ ਹੈ, ਪਤਾ ਹੀ ਨਹੀਂ ਲੱਗਦਾ ਕਿ ਇਸ ਅੰਦਰਲੇ ਜੰਗਲ ਵਿੱਚ ਕਿਨ੍ਹੀਆਂ ਕੁ ਤਰ੍ਹਾਂ ਦੇ ਜਾਨਵਰ, ਪੰਛੀ ਫਿਰ ਰਹੇ ਹਨ। ਕਿਤੇ ਨਵੇਂ ਜੰਮੇ ਘੋੜੇ ਦੇ ਬਛੇਰੇ ਵਾਂਗੂੰ ਦਲੱਤੇ ਮਾਰਦਾ ਹਾਂ ਤੇ ਕਿਤੇ ਬਿਮਾਰ ਪਏ ਮੱਝ ਦੇ ਕੱਟੜੂ ਵਰਗਾ ਧੌਣ ਸੁੱਟੀ ਪਿਆ ਨਜ਼ਰ ਆਉਂਦਾ ਹਾਂ, ਕਿਤੇ ਸ਼ੇਰਾਂ ਵਾਂਗੂੰ ਭੁੱਬਾਂ ਮਾਰਦਾ ਹਾਂ ਤੇ ਕਿਤੇ ਗਊ ਦਾ ਜਾਇਆ ਬਣ ਜਾਂਦਾ ਹਾਂ, ਗੱਲ ਕੀ ਹਰ ਮਨੁੱਖ ਆਪੋ ਆਪਣੀ ਖੁਦ ਪਰਖ ਕਰ ਸਕਦਾ ਹੈ ਕਿ ਕਿਹੜੀਆਂ ਕਿਹੜੀਆਂ ਜੂਨਾਂ ਵਿੱਚ ਦੀ ਵਿਚਰ ਰਿਹਾ ਹੈ ਪਰ ਫਿਰ ਵੀ ਆਪਣੇ ਆਪ ਨੂੰ ਮਨੁੱਖ ਸਮਝੀ ਬੈਠਾ ਹੈ। ਕੀ ਇਸ ਤਰ੍ਹਾਂ ਦਾ ਮਨੁੱਖ ਹੁੰਦਾ ਹੈ?।
{ 5/50:-ਜਿਉ ਕੂਕਰੁ ਹਰਕਾਇਆ ਧਾਵੈ ਦਹ ਦਿਸ ਜਾਇ ॥ ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ ॥ ਕਾਮ ਕ®ੋਧ ਮਦਿ ਬਿਆਪਿਆ ਫਿਰਿ ਫਿਰਿ ਜੋਨੀ ਪਾਇ ॥ 2॥ } ਗੁਰੂ ਜੀ ਕਿਸੇ ਸ਼ਿਕਾਰੀ ਦੇ ਘਰ ਰੱਖੇ ਹੋਏ ਕੁੱਤਿਆਂ ਨੂੰ ਮਨੁੱਖ ਬਣਾਉਣ ਵਿੱਚ ਨਹੀਂ ਸਨ ਲੱਗੇ ਹੋਏ ਉਨ੍ਹਾਂ ਨੇ ਸਾਡੇ ਮਨੁੱਖਾਂ ਵਿੱਚ ਹੀ ਕੁੱਤੇ ਦੀਆਂ ਜੂਨਾਂ ਭੋਗ ਰਹਿਆਂ ਨੂੰ ਉਪਦੇਸ਼ ਦਿੱਤਾ ਹੈ। ਆਖਦੇ ਹਨ ਕਿ ਲਾਲਚੀ ਮਨੁੱਖ ਇਕੱਠਾ ਤਾਂ ਕਰਦਾ ਹੀ ਕਰਦਾ ਹੈ ਪਰ ਇਸ ਨੂੰ ਬਦਿਆਂ ਵਾਂਗੂੰ ਖਾਣਾ ਵੀ ਨਹੀਂ ਖਾਣਾ ਆਉਂਦਾ, ਲਾਲਚ ਅਧੀਨ ਹਲਕੇ ਕੁੱਤੇ ਵਾਂਗੂੰ ਦਸੇ ਦਿਸ਼ਾਵਾਂ ਵੱਲ ਦੋੜ੍ਹਿਆ ਫਿਰਦਾ ਹੈ ਅਤੇ ਕਾਮ ਵਾਸ਼ਨਾਵਾਂ ਦੇ ਨਸ਼ੇ ਅਧੀਨ ਮਨੁੱਖ ਵਾਲੀ ਜੂਨ ਨੂੰ ਇਕ ਮਿੰਟ ਵਿੱਚ ਛੱਡ ਕਈ ਜਾਨਵਰਾਂ ਵਾਲੀਆਂ ਜੂਨਾਂ ਵਿੱਚ ਜਨਮ ਲੈ ਲੈਂਦਾ ਹੈ। ਤਾਂ ਫਿਰ ਇਸ ਤਰ੍ਹਾਂ ਦੀ ਮਨੁੱਖ ਦੀ ਹਾਲਤ ਨੂੰ ਦੇਖ ਸਮਝ ਕੇ ਨਿਰਣਾ ਕਰਨਾ ਹੀ ਪੈ ਜਾਂਦਾ ਹੈ ਕਿ ਕੀ ਅਸੀਂ ਮਨੁੱਖ ਹਾਂ?।
{ 3/1414:-ਕਾਮ ਕਰੋਧ ਕਾ ਚੋਲੜਾ ਸਭ ਗਲਿ ਆਏ ਪਾਇ ॥ ਇਕਿ ਉਪਜਹਿ ਇਕਿ ਬਿਨਸਿ ਜਾਂਹਿ ਹੁਕਮੇ ਆਵੈ ਜਾਇ ॥ ਜੰਮਣੁ ਮਰਣੁ ਨ ਚੁਕਈ ਰੰਗੁ ਲਗਾ ਦੂਜੈ ਭਾਇ ॥ ਬੰਧਨਿ ਬਧਿ ਭਵਾਈਅਨੁ ਕਰਣਾ ਕਛੂ ਨ ਜਾਇ ॥ 17॥ } ਗੁਰੂ ਜੀ ਵਾਰ ਵਾਰ ਸਾਨੂੰ ਮਨੁੱਖ ਜੂਨ ਦਾ ਅਹਿਸਾਸ ਕਰਵਾਉਂਦੇ ਹਨ ਪਰ ਸਾਡਾ ਸਰੀਰ ਹੀ ਮਨੁੱਖਾਂ ਵਾਲਾ ਦਿਖਾਈ ਦਿੰਦਾ ਹੈ ਅੰਦਰੋਂ ਅਸੀਂ ਮਨੁੱਖ ਨਹੀਂ ਹਾਂ। ਕਾਮ ਵਾਸ਼ਨਾਵਾਂ ਦੀ ਪੂਰਤੀ ਵਾਸਤੇ ਅਸੀਂ ਇਨਸਾਨੀ ਜੀਵਨ ਦੀਆਂ ਸਾਰੀਆਂ ਹੱਦਾਂ ਨੂੰ ਪਾਰ ਕਰ ਕਈ ਨੀਚ ਕੰਮ ਕਰ ਜਾਂਦੇ ਹਾਂ, ਜੇ ਕਿਤੇ ਵਾਸ਼ਨਾਂ ਪੂਰੀ ਨਾ ਹੋਵੇ ਤਾਂ ਕ੍ਰੋਧ ਰੂਪੀ ਚੋਲਾ ਪਹਿਣ ਕੇ ਚਾਰ ਚੁਫੇਰੇ ਹਫੜਾ-ਦਫੜੀ ਮਚਾ ਦਿੰਦੇ ਹਾਂ। ਇਸ ਵਰਤਾਰੇ ਦੇ ਅਧੀਨ ਹੀ ਪੂਰਾਂ ਦੇ ਪੂਰ ਆ ਰਹੇ ਹਨ ਅਤੇ ਪੂਰਾਂ ਦੇ ਪੂਰ ਇਥੋਂ ਜਾ ਰਹੇ ਹਨ, ਮਨੁੱਖ ਆਪਣੀ ਅਸਲ ਜਾਤ ਨੂੰ ਛੱਡ ਕਾਮ ਕ੍ਰੋਧ ਦੇ ਅਧੀਨ ਕਈ ਜੂਨਾਂ ਵਿੱਚ ਜੰਮਦਾ ਅਤੇ ਮਰਦਾ ਰਹਿੰਦਾ ਹੈ, ਆਪਣੀ ਹੀ ਸੋਚ ਦਾ ਬੱਧਾ ਹੋਇਆ ਭਵਾਟਣੀਆਂ ਖਾਈ ਜਾਂਦਾ ਹੈ ਅਤੇ ਦੋਸ਼ ਹੋਰਨਾਂ ਨੂੰ ਦੇ ਰਿਹਾ ਹੈ ਕੀ ਇਹੋ ਜਿਹੀ ਹਾਲਤ ਵਾਲੇ ਜੀਵਨ ਨੂੰ ਮਨੁੱਖੀ ਜੀਵਨ ਆਖਿਆ ਜਾ ਸਕਦਾ ਹੈ?।
{ 1/729:-ਬਗਾ ਬਗੇ ਕਪੜੇ ਤੀਰਥ ਮਝਿ ਵਸਨਿ੍ ॥ ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨਿ੍ ॥ 3॥ } ਗੁਰੂ ਨਾਨਕ ਜੀ ਸਾਡੇ ਮਨੁੱਖੀ ਸਰੀਰ ਵਿੱਚ ਦੀ ਵਿਚਰ ਰਹਿਆਂ ਦਾ ਅਸਲੀ ਸਰੂਪ ਦਾ ਨਕਸ਼ਾ ਸਾਡੇ ਸਾਹਮਣੇ ਪੇਸ਼ ਕਰਦੇ ਹਨ ਕਿ ਅਸੀਂ ਬਾਹਰੋਂ ਚਿੱਟੇ ਸੋਹਣੇ ਚਿਲਕਵੇਂ ਕਪੜੇ ਪਾ ਆਪਣੇ ਆਪ ਨੂੰ ਪਵਿਤਰ ਧਰਮੀ ਸਮਝ ਰਹੇ ਹਾਂ, ਐਸੇ ਸੋਹਣੇ ਬਾਣੇ ਪਾ ਆਮ ਹੀ ਧਾਰਮਿਕ ਅਸਥਾਨਾਂ ਉਪਰ ਬੈਠੇ ਲੋਕਾਂ ਨੂੰ ਲੁੱਟ ਖਾਣ ਦੀ ਤਾੜ ਲਾਈ ਬੈਠੇ ਹਾਂ, ਕਿਸੇ ਵੀ ਹੀਲੇ ਵਸੀਲੇ ਲੋਕਾਂ ਦੀ ਮਾਇਕੀ ਲੁੱਟ ਦੇ ਨਾਲ ਨਾਲ ਉਨ੍ਹਾਂ ਦਾ ਆਤਮਿਕ ਜੀਵਨ ਵੀ ਤਬਾਹ ਕਰ ਰਹੇ ਹਾਂ, ਕੀ ਇਸ ਤਰ੍ਹਾਂ ਦੇ ਦਿਖਾਵੇ ਵਾਲੇ ਜੀਵਨ ਨੂੰ ਮਨੁੱਖਾਂ ਵਾਲਾ ਜੀਵਨ ਆਖਿਆ ਜਾ ਸਕਦਾ ਹੈ?।
{ 1/85:-ਗਲੀਂ ਅਸੀ ਚੰਗੀਆ ਆਚਾਰੀ ਬੁਰੀਆਹ ॥ ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ ॥ } ਕੀ ਇਸ ਤਰ੍ਹਾਂ ਦੇ ਜੀਵਨ ਨੂੰ ਵੀ ਅਸਲ ਮਨੁੱਖਾ ਜੂਨ ਆਖੀ ਜਾ ਸਕਦੀ ਹੈ? ਇਸ ਬਾਰੇ ਅਸੀਂ ਹਰ ਕੋਈ ਆਪ ਹੀ ਨਿਰਣਾ ਕਰ ਸਕਦੇ ਹਾਂ, ਪਰ ਅਸੀਂ ਆਪਣੇ ਆਪ ਨੂੰ ਫਿਰ ਵੀ ਮਨੁੱਖ ਸਮਝ ਰਹੇ ਹਾਂ।ਲੇਖਕ : ਕੁਲਵੰਤ ਸਿੰਘ ਭੰਡਾਲ ਹੋਰ ਲਿਖਤ (ਇਸ ਸਾਇਟ 'ਤੇ): 6
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1368
ਸਰਬ ਰੋਗ ਕਾ ਅਉਖਦੁ ਨਾਮੁ ॥ ਦਾ ਨਾਹਰਾ ਵੀ ਲਾਉਂਦੀ ਹੈ। ਗੁ"/>

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ