ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਆਸਤਕ, ਨਾਸਤਕ, ਅਤੇ ਰੱਬ ਵਾਲਾ ਝਗੜਾ

ਅੱਜ ਰੱਬ ਦੇ ਨਾਂ ਤੇ ਪੜ੍ਹੇ ਲਿਖੇ ਵੀ ਲੁੱਟ ਹੋ ਰਹੇ ਹਨ ਅਤੇ ਰੱਬ ਨੂੰ ਇੱਕ ਹਊਆ ਕਰਕੇ ਪੇਸ਼ ਕੀਤਾ ਜਾ ਰਿਹਾ ਹੈ। ਧਿਆਨ ਦਿਉ ਕਿ ਆਸਾ ਰੱਖਣ ਵਾਲਾ ਆਸਤਕ ਅਤੇ ਨਾਂ ਰੱਖਣ ਵਾਲਾ ਨਾਸਤਕ ਹੈ ਪਰ ਅੰਨ੍ਹੀ ਸ਼ਰਧਾ ਦੀ ਆਸਾ ਨਾਲੋਂ ਸੁਜਾਖੀ ਨਾਸਤਕਤਾ ਚੰਗੀ ਹੈ। ਗਿਆਨ ਨਾਲਜ ਵੱਲੋਂ ਅੱਖਾਂ ਅਤੇ ਕੰਨ ਬੰਦ ਕਰ ਲੈਣੇ ਹੀ ਅਸਲ ਨਾਸਤਕਤਾ ਹੈ। ਸਦੀਆਂ ਤੋਂ ਰੱਬ ਅਤੇ ਧਰਮ ਬਾਰੇ ਲੋਟੂ ਪੁਜਾਰੀਆਂ ਤੇ ਅਖੌਤੀ ਸੰਤਾਂ ਨੇ ਅਨੇਕਾਂ ਭਰਮ, ਭੁਲੇਖੇ ਤੇ ਭੰਬਲ ਭੂਸੇ ਪਾਏ ਹੋਏ ਹਨ ਜਿਨ੍ਹਾਂ ਨਾਲ ਉਨ੍ਹਾਂ ਦਾ ਹਲਵਾ ਮੰਡਾ ਖੂਬ ਚੱਲ ਰਿਹਾ ਹੈ। ਜਰਾ ਸੋਚੋ! ਮੰਨਿਆ ਗਿਆ ਰੱਬ ਐਡਾ ਹੀ ਤਾਕਤਵਰ ਹੁੰਦਾ ਤਾਂ ਘੱਟ ਤੋਂ ਘੱਟ ਧਰਮੀ ਅਖਵਾਉਣ ਵਾਲੇ ਲੋਕ ਤਾਂ ਚੋਰ, ਡਾਕੂ, ਡਕੈਤ, ਕਾਤਲ, ਭੇਖੀ ਅਤੇ ਬੇਇਨਸਾਫ ਨਾਂ ਹੁੰਦੇ। ਅੱਜ ਜਿਨਾਂ ਅਨਰਥ ਧਰਮ ਅਸਥਾਨਾਂ ਵਿੱਚ ਆਸਤਕ ਜਾਂ ਧਰਮੀ ਲੋਕ ਕਰ ਰਹੇ ਹਨ ਓਨ੍ਹਾਂ ਆਮ ਲੋਕ ਨਹੀਂ। ਭਲਿਓ! ਅਸਲ ਵਿੱਚ ਰੱਬ ਤਾਂ ਇੱਕ ਸਿਸਟਮ ਹੈ ਜੇ ਤੁਸੀਂ ਉਸ ਵਿੱਚ ਆ ਜਾਂਦੇ ਹੋ ਤਾਂ ਬਚਾ ਨਹੀਂ ਤਾਂ ਤਬਾਹੀ ਹੁੰਦੀ ਰਹਿੰਦੀ ਹੈ। ਦੀਪ ਗਿੱਲ ਜੀ! ਆਪ ਜੀ ਨੇ ਫੇਸ ਬੁੱਕ ਤੇ ਠੀਕ ਹੀ ਲਿਖਿਆ ਹੈ ਕਿ ਬੇਗਾਨੀਆਂ ਧੀਆਂ ਨਾਲ ਬਲਾਤਕਾਰ ਹੋ ਰਹੇ ਹਨ ਤੇ ਮੰਨਿਆ ਗਿਆ ਰੱਬ ਕਿਤੇ ਲੰਮੀਆਂ ਤਾਨ ਕੇ ਸੁੱਤਾ ਪਿਆ ਹੈ। ਉਸ ਅੰਤਰਜਾਮੀ ਰੱਬ ਨੂੰ ਭਲਾ ਦਿਸ ਨਹੀਂ ਰਿਹਾ ਕਿ ਕੀ ਕੀ ਜ਼ੁਲਮ, ਪਾਪ, ਧੱਕੇਸ਼ਾਹੀ, ਸੀਨਾਜੋਰੀ ਜਾਂ ਅਨਰਥ ਹੋ ਰਿਹਾ ਹੈ? ਜਿਨੀ ਮਾਰ ਦੁਨੀਆਂ ਨੇ ਧਰਮ ਅਤੇ ਰੱਬ ਦੇ ਨਾਂ ਤੇ ਖਾਧੀ ਹੈ ਓਨੀ ਤਰਕ ਜਾਂ ਸਾਂਇੰਸ (ਵਿਗਿਆਨ) ਦੇ ਨਾਂ ਤੇ ਨਹੀਂ। ਅੱਜ ਸੱਚ ਬੋਲਣ, ਲਿਖਣ, ਕਿਰਤ ਕਮਾਈ ਕਰਨ ਅਤੇ ਸਦਾਚਾਰੀ ਰਹਿਣ ਵਾਲਾ ਨਾਸਤਕ ਅਤੇ ਧਰਮ ਦੇ ਨਾਂ ਤੇ ਸਭ ਕੁਝ ਲੁੱਟਣ ਜਾਂ ਲੁਟਾ ਦੇਣ ਵਾਲਾ, ਇੱਥੋਂ ਤੱਕ ਕੇ ਬਲਾਤਕਾਰੀ ਸਾਧਾਂ ਦੇ ਡੇਰਿਆਂ ਤੇ ਜਵਾਨ ਧੀਆਂ ਸੇਵਾ ਲਈ ਛੱਡਣ ਵਾਲਾ ਆਸਤਕ ਮੰਨਿਆਂ ਜਾ ਰਿਹਾ ਹੈ।
ਸੋ ਮਿਤਰੋ! ਇਨਸਾਨੀਅਤ ਧਾਰਨ ਕਰਨਾ ਹੀ ਧਰਮੀ ਅਤੇ ਇਨਸਾਨੀਅਤ ਤੋਂ ਗਿਰਨਾ ਹੀ ਨਾਸਤਕ ਹੋਣਾ ਹੈ। ਕੁਦਰਤੀ ਨਿਯਮਾਂ ਦੀ ਪਾਲਣਾ ਕਰਦੇ ਹੋਏ ਕਿਰਤ ਕਰਨੀ, ਵੰਡ ਛਕਣਾ ਅਤੇ ਰੱਬੀ ਨਿਯਮਾਂ ਤੇ ਪਹਿਰਾ ਦੇਣਾ ਹੀ ਧਰਮੀ ਜਾਂ ਆਸਤਕ ਹੋਣਾਂ ਹੈ। ਸੋ ਕੁਦਰਤੀ ਨਿਯਮ (ਸਿਸਟਮ)ਹੀ ਰੱਬ ਹੈ ਨਾਂ ਕਿ ਕੋਈ ਗੈਬੀ ਸ਼ਕਤੀ। ਸਾਰੀ ਦੁਨੀਆਂ ਹੀ ਕੁਦਰਤਿ ਦਾ ਰੂਪ ਹੈ-ਜੋ ਦੀਸੈ ਸੋ ਤੇਰਾ ਰੂਪੁ॥ ਗੁਣ ਨਿਧਾਨ ਗੋਵਿੰਦ ਅਨੂਪੁ॥ (724) ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ॥ ਕੁਰਦਤਿ ਪਾਤਾਲੀਂ ਅਕਾਸੀ ਕੁਦਰਤਿ ਸਰਬ ਅਕਾਰੁ॥.....॥ ॥੨॥ (464)
ਸੋ ਕੁਦਰਤਿ ਰਚਨਾ ਨੂੰ ਖੋਜਣਾ, ਸਮਝਣਾ ਤੇ ਕੁਦਰਤੀ ਜੀਵਨ ਜੀਣਾ ਹੀ ਆਸਤਕਪੁਣਾ ਤੇ ਇਸ ਦੇ ਉਲਟ ਚੱਲਣਾ ਹੀ ਨਾਸਤਕ ਹੋਣਾ ਹੈ। ਬਾਕੀ ਵੱਖ ਵੱਖ ਮਜ਼ਹਬਾਂ ਦੇ ਆਪੋ ਆਪਣੇ ਮੰਨੇ ਜਾਂ ਬਣਾਏ ਗਏ ਰੱਬ ਮਨੁੱਖਤਾ ਵਿੱਚ ਵੰਡੀਆਂ ਪਾ ਕੇ, ਨਫਰਤ ਦਾ ਕਾਰਨ ਬਣ ਰਹੇ ਹਨ ਜਦ ਕਿ ਰੱਬ ਸਾਰੀ ਦੁਨੀਆਂ ਦਾ ਇੱਕ ਹੀ ਹੈ ਅਤੇ ਆਪੋ ਆਪਣੀ ਭਾਸ਼ਾ ਅਨੁਸਾਰ ਉਸ ਦੇ ਨਾਮ ਵੱਖ ਵੱਖ ਜਾਪਦੇ (ਲੱਗਦੇ) ਹਨ। ਜਿਨ੍ਹਾਂ ਗਿਆਨੀਆਂ ਜਾਂ ਵਿਗਿਆਨੀਆਂ ਨੇ ਕੁਦਰਤੀ ਭੇਦਾਂ ਨੂੰ ਖੋਜਿਆ ਓਨ੍ਹਾਂ ਨੇ ਰੱਬੀ ਭੇਦ ਜਾਣ ਲਿਆ ਕਿ ਰੱਬ ਇੱਕ ਕੁਦਰਤੀ ਸਿਸਟਮ ਹੈ ਨਾਂ ਕਿ ਮੰਨੀ ਗਈ ਕੋਈ ਗੈਬੀ ਸ਼ਕਤੀ। ਕਰਮਕਾਂਡੀ ਅਤੇ ਅੰਧਵਿਸ਼ਵਾਸ਼ੀ ਲੋਕ, ਆਪਣੇ ਆਪ ਨੂੰ ਆਸਤਕ ਅਤੇ ਕਰਮਯੋਗੀ ਗਿਆਵਾਨੀ ਕਿਰਤੀਆਂ ਨੂੰ ਨਾਸਤਕ ਆਖ ਕੇ ਨਫਰਤ ਭਰਿਆ ਪ੍ਰਚਾਰ ਕਰਦੇ ਹਨ। ਭਗਤ ਅਤੇ ਗੁਰੂ ਸਾਹਿਬਾਨ ਸਾਨੂੰ ਗੁਰਬਾਣੀ ਰਾਹੀਂ ਅਸਲੀ ਆਸਤਕ, ਨਾਸਤਕ ਅਤੇ ਕੁਦਰਤੀ ਰੱਬ ਦਾ ਭੇਦ ਦਸਦੇ ਹਨ। ਇਸ ਲਈ ਸਾਨੂੰ ਗੁਰੂਆਂ-ਭਗਤਾਂ ਦੀ ਬਾਣੀ ਜੋ “ਗੁਰੂ ਗ੍ਰੰਥ ਸਾਹਿਬ” ਵਿਖੇ ਅੰਕਿਤ ਹੈ ਨੂੰ ਫਾਲੋ ਕਰਨਾ ਚਾਹੀਦਾ ਹੈ ਨਾਂ ਕਿ ਵਿਹਲੜ, ਲੋਟੂ ਸਾਧਾਂ-ਸੰਤਾਂ ਪੁਜਾਰੀਆਂ ਦੀਆਂ ਗਪੌੜਾਂ ਮੱਗਰ ਲੱਗ, ਜੀਵਨ ਦਾ ਅਸਲ ਮਨੋਰਥ ਭੁੱਲ ਕੇ, ਵਹਿਮਾਂ, ਭਰਮਾਂ ਅਤੇ ਮਨਘੜਤ ਡਰਾਵਿਆਂ ਦੇ ਜਾਲ ਵਿੱਚ ਫਸ ਕੇ, ਖੂਨ ਪਸੀਨੇ ਦੀ ਕਮਾਈ ਨਾਲ ਕਮਾਇਆ ਧੰਨ ਅਤੇ ਕੁਦਰਤੀ ਰੱਬ ਵੱਲੋਂ ਦਿੱਤਾ ਦੁਰਲੱਭ ਮਾਨਸ ਜਨਮ ਬਰਬਾਦ ਕਰਨਾ ਚਾਹੀਦਾ ਹੈ? ਜਰਾ ਸੋਚੋ ਇਸ ਬਾਰੇ ਆਪਸ ਵਿੱਚ ਮਿਲ ਬੈਠੋ ਨਾਂ ਕਿ ਵਿਚਾਰਾਂ ਦੀ ਭਿੰਨਤਾ ਕਰਕੇ ਇੱਕ ਦੂਜੇ ਦੀਆਂ ਲੱਤਾਂ ਖਿੱਚੋ ਜਾਂ ਬਦਨਾਮ ਕਰੋ-ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥ ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ॥ (੧੧੮੫)

ਲੇਖਕ : ਅਵਤਾਰ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 2
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1244

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਵਿਸ਼ਵ ਪੰਜਾਬੀ ਕਾਨਫ਼ਰੰਸ 2017