ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਗਿਆਨ ਅਤੇ ਸ਼ਰਧਾ

ਸੰਸਾਰ ਭਰ ਅੰਦਰ ਧਰਮਾਂ ਦੇ ਆਗੂਆਂ ਦੇ ਜੀਵਨ ਦੀ ਪੜਚੋਲ ਕੀਤਿਆਂ ਅਤੇ ਉਨ੍ਹਾਂ ਦੀਆਂ ਲਿਖਤਾਂ ਨੂੰ ਪੜ੍ਹਿਆਂ ਪਤਾ ਲੱਗਦਾ ਹੈ ਕਿ ਧਰਮ ਦੇ ਰਾਹ ਉਪਰ ਚਲਣ ਵਾਸਤੇ ਨਿਰ੍ਹਾ ਫੋਕਾ ਗਿਆਨ ਮਨੁੱਖ ਨੂੰ ਹੰਕਾਰੀ ਬਣਾਂ ਦਿੰਦਾ ਹੈ ਅਤੇ ਗਿਆਨ ਤੋਂ ਸੱਖਣੀ ਅੱਖਾਂ ਬੰਦ ਕਰਕੇ ਬਣਾਈ ਅੱਨ੍ਹੀ ਸ਼ਰਧਾ ਵੀ ਮਨੁੱਖ ਨੂੰ ਗੈਰਤਹੀਣ ਬਣਾਂ ਦਿੰਦੀ ਹੈ। ਧਰਮ ਦੀ ਮੰਜ਼ਲ ਉਪਰ ਤੁਰਨ ਵਾਲੇ ਵਾਸਤੇ ਗਿਆਨ ਦਾ ਹੋਣਾ ਬਹੁਤ ਜਰੂਰੀ ਹੈ ਜੇ ਮਨੁੱਖ ਪਾਸ ਗਿਆਨ ਨਹੀਂ ਹੈ ਤਾਂ ਮਨੁੱਖ ਅਸਲ ਵਿੱਚ ਧਰਮੀ ਨਹੀਂ ਹੋ ਸਕਦਾ। ਗਿਆਨ ਵਿਹੂਣੇ ਮਨੁੱਖ ਨੂੰ ਦੁਨੀਆਂ ਅੰਦਰ ਕੋਈ ਵੀ ਲੁੱਟ ਸਕਦਾ ਹੈ, ਮਾਰ ਸਕਦਾ ਹੈ, ਧੋਖਾ ਕਰ ਸਕਦਾ ਹੈ, ਬੇ-ਪੱਤ ਕਰ ਸਕਦਾ ਹੈ, ਕੁਰਾਹੇ ਪਾ ਸਕਦਾ ਹੈ, ਗਿਆਨ ਤੋਂ ਸੱਖਣਾ ਮਨੁੱਖ ਜੀਵਨ ਦੌਰਾਨ ਬਹੁ ਸਾਰੇ ਖੇਤਰਾਂ ਵਿੱਚ ਪਛੜ ਜਾਂਦਾ ਹੈ। ਅੱਜ ਅਸੀਂ ਸਹਿਜੇ ਹੀ ਨਰੀਖਣ ਕਰ ਸਕਦੇ ਹਾਂ ਕਿ ਜੇ ਮਨੁੱਖ ਪਾਸ ਕੋਈ ਵੀ ਗਿਆਨ ਜਾਂ ਕੋਈ ਹੋਰ ਵਿਦਿਆ ਨਹੀਂ ਹੈ ਤਾਂ ਉਸ ਨੂੰ ਬਾਹਰ ਕਿਤੇ ਜਾਣ ਦੇ ਸਫਰ ਵਿੱਚ ਕਿਨੀਆਂ ਕੁ-ਮੁਸ਼ਕਲਾਂ ਆਉਂਦੀਆਂ ਹਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਫੁਰਮਾਣ ਹੈ { 1372:-ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ ॥ 155॥ ਜਿਸ ਮਨੁੱਖ ਪਾਸ ਗਿਆਨ ਹੈ ਉਸ ਨੂੰ ਹੀ ਸਮਝ ਹੈ ਕਿ ਜੀਵਨ ਅੰਦਰ ਕਿਹੜੇ ਕੰਮ ਕਰਨ ਯੋਗ ਹਨ ਅਤੇ ਕਿਹੜੇ ਨਹੀਂ ਕਰਨ ਯੋਗ। ਗਿਆਨ ਨਾਲ ਹੀ ਅਸਲ ਮਨੁੱਖਾ ਜਨਮ ਦੀ ਸੋਝੀ ਆਉਂਦੀ ਹੈ, ਗਿਆਨ ਹਾਸਲ ਕਰਨ ਨਾਲ ਹੀ ਮਨੁੱਖ ਦੀ ਸੋਚ ਉਚ ਦਰਜ਼ੇ ਦੇ ਗਿਆਨ ਵਾਲੀ ਬਣਦੀ ਹੈ ਇਸ ਵਾਸਤੇ ਗੁਰਬਾਣੀ ਨੇ ਸਾਨੂੰ ਵਾਰ ਵਾਰ ਗਿਆਨ ਨੂੰ ਹਾਸਲ ਕਰਨ ਵਾਸਤੇ ਪਰੇਰਣਾ ਕੀਤੀ ਹੈ, ਗਿਆਨ ਨਾਲ ਹੀ ਮਾਨਸਿਕ ਹਾਲਤ ਉਚੀ ਬਣ ਸਕਦੀ ਹੈ, ਸਰਬ ਪੱਖੀ ਗਿਆਨ ਪ੍ਰਾਪਤ ਹੋ ਸਕਦਾ ਹੈ ਇਸ ਵਾਸਤੇ ਹਜ਼ੂਰ ਦਾ ਹੁਕਮ ਹੈ { 340:-ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ ॥ 5॥ } ਜਾਂ { 469:-ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ ॥ 5॥ } ਅਤੇ {331:-ਦੇਖੌ ਭਾਈ ਗ੍ਹਾਨ ਕੀ ਆਈ ਆਂਧੀ ॥ ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ ॥ 1॥ ਰਹਾਉ ॥ } ਗਿਆਨ ਮਨੁੱਖ ਦੇ ਜੀਵਨ ਵਿੱਚ ਆਉਣ ਵਾਲੀਆਂ ਅਨੇਕਾਂ ਹੀ ਮੁਸ਼ਕਲਾਂ ਦੀ ਦਵਾਈ ਹੈ, ਮਨੁੱਖ ਦੇ ਆਪਣੇ ਹੀ ਪੈਦਾ ਕੀਤੇ ਹੋਏ ਅਨੇਕ ਕਿਸਮ ਦੇ ਵਹਿਮ, ਭਰਮ, ਭਲੇਖਿਆਂ ਨੂੰ ਗਿਆਨ ਹਮੇਸ਼ਾਂ ਵਾਸਤੇ ਦੂਰ ਕਰ ਦਿੰਦਾ ਹੈ ਅਤੇ ਜਿਸ ਨੂੰ ਗੁਰੂ ਜੀ ਨੇ ਆਖਿਆ ਹੈ ਕਿ ਇਹ ਹਾਸਲ ਕੀਤਾ ਗਿਆਨ ਹਮੇਸ਼ਾਂ ਹੀ ਮਨੁੱਖ ਦੇ ਨਾਲ ਨਿਭਦਾ ਹੈ {394:-ਗੁਰੁ ਮੇਰੈ ਸਗਿ ਸਦਾ ਹੈ ਨਾਲੇ ॥ ਸਿਮਰਿ ਸਿਮਰਿ ਤਿਸੁ ਸਦਾ ਸਮਾਲੇ ॥ 1॥ ਰਹਾਉ ॥ } ਜਿਹੜਾ ਮਨੁੱਖ ਗਿਆਨ ਨੂੰ ਇਕ ਵਾਰੀ ਹਾਸਲ ਕਰ ਲੈਂਦਾ ਹੈ ਤਾਂ ਉਸ ਮਨੁੱਖ ਪਾਸੋਂ ਉਸ ਦਾ ਗਿਆਨ ਕੋਈ ਵੀ ਚੋਰੀ ਨਹੀਂ ਕਰ ਸਕਦਾ ਗੁਰ ਫੁਰਮਾਣ ਹੈ:-{5/679:-ਗੁਰ ਕਾ ਬਚਨੁ ਬਸੈ ਜੀਅ ਨਾਲੇ ॥ ਜਲਿ ਨਹੀ ਡੂਬੈ ਤਸਕਰੁ ਨਹੀ ਲੇਵੈ ਭਾਹਿ ਨ ਸਾਕੈ ਜਾਲੇ ॥ 1॥ ਰਹਾਉ ॥ } ਸੰਸਾਰ ਵਿੱਚ ਜੀਵਨ ਨੂੰ ਉਤਮ ਤੇ ਵਧੀਆ ਬਣਾਉਂਣ ਵਾਸਤੇ ਕਿਸੇ ਵੀ ਤਰ੍ਹਾਂ ਦਾ ਗਿਆਨ ਹੋਵੇ ਉਸ ਨੂੰ ਪ੍ਰਾਪਤ ਕਰਨ ਵਾਸਤੇ ਹਰ ਮਨੁੱਖ ਦਾ ਖੁਦ ਦਾ ਕਰਮ ਹੈ ਅਤੇ ਇਸ ਵਾਸਤੇ ਸਖਤ ਮਹਿਨਤ ਕਰਨ ਦੀ ਜਰੂਰਤ ਹੁੰਦੀ ਹੈ। ਗਿਆਨ ਕਦੇ ਵੀ ਪੈਸਿਆਂ ਨਾਲ ਨਹੀਂ ਖਰੀਦਿਆ ਜਾ ਸਕਦਾ, ਜੇ ਕਰ ਪੈਸਿਆਂ ਨਾਲ ਸੱਚ ਦੇ ਗਿਆਨ ਦੀ ਪ੍ਰਾਪਤੀ ਹੁੰਦੀ ਹੋਵੇ ਤਾਂ ਦੁਨੀਆਂ ਦੇ ਸਾਰੇ ਅਮੀਰ ਲੋਕ ਬਹੁਤ ਸਿਆਣੇ ਹੋਣੇ ਚਾਹੀਦੇ ਹਨ ਪਰ ਨਿਗ੍ਹਾ ਮਾਰਿਆਂ ਧਰਮ ਦੇ ਖੇਤਰ ਵਿੱਚ ਜਿਨੇ ਅਗਿਆਨੀ ਅਮੀਰ ਲੋਕ ਹਨ ਉਤਨੇ ਗਰੀਬ ਨਹੀਂ ਹਨ। ਗਿਆਨ ਕਿਸੇ ਵੀ ਤਰੀਕੇ ਪੈਸਿਆਂ ਦਾ ਮੁਥਾਜ਼ੀ ਨਹੀਂ ਹੈ ਗੁਰ ਫੁਰਮਾਣ ਹੈ:-{5/1363:-ਸੰਮਨ ਜਉ ਇਸ ਪ੍ਰੇਮ ਕੀ ਦਮ ਕਿ´ਹੁ ਹੋਤੀ ਸਾਟ ॥ ਰਾਵਨ ਹੁਤੇ ਸੁ ਰੰਕ ਨਹਿ ਜਿਨਿ ਸਿਰ ਦੀਨੇ ਕਾਟਿ ॥ 1॥ } ਧਰਮ ਦੇ ਪਾਂਧੀ ਕੋਲ ਸੱਚ ਦਾ ਗਿਆਨ ਹੋਣਾ ਅਤੀ ਜਰੂਰੀ ਹੈ, ਦੁਨੀਆਂ ਦੇ ਕਿਸੇ ਵੀ ਖੇਤਰ ਵੱਲ ਧਿਆਨ ਮਾਰ ਲਵੋ ਜਿਸ ਮਨੁੱਖ ਪਾਸ ਗਿਆਨ ਹੈ ਉਹ ਹਮੇਸ਼ਾਂ ਹੀ ਤਰੱਕੀ ਵਾਲੇ ਰਾਹ ਤੁਰਿਆ ਰਹਿੰਦਾ ਹੈ ਪਰ ਅਗਿਆਨੀ ਮਨੁੱਖ ਸਦਾ ਹੀ ਦਰ-ਦਰ ਦੀਆਂ ਠੋਕਰਾਂ ਖਾਂਦਾ ਰਹਿੰਦਾ ਹੈ ਜਿਸ ਮਨੁੱਖ ਪਾਸ ਗਿਆਨ ਹੈ ਉਹੋ ਹੀ ਕਿਸੇ ਨ ਕਿਸੇ ਕਾਰਜ਼ ਦੀ ਖੋਜ਼ ਕਰ ਸਕਦਾ ਹੈ ਅਤੇ ਗੁਰੂ ਜੀ ਦਾ ਅਟੱਲ ਫੈਸਲਾ ਵੀ ਹੈ ਕਿ ਜਿਹੜਾ ਮਨੁੱਖ ਖੋਜ਼ ਕਰਦਾ ਹੈ ਉਹ ਹਮੇਸ਼ਾਂ ਹੀ ਤਰੱਕੀ ਕਰ ਸਕਦਾ ਹੈ {1/1255:-ਖੋਜੀ ਉਪਜੈ ਬਾਦੀ ਬਿਨਸੈ ਹਉ ਬਲਿ ਬਲਿ ਗੁਰ ਕਰਤਾਰਾ ॥ } ਅਤੇ ਅਗਿਆਨੀ ਮਨੁੱਖ ਹਮੇਸ਼ਾਂ ਬੈਂਸ ਮੁਬਾਸੈ ਵਿੱਚ ਉਲਝਿਆ ਹੋਇਆ ਆਪਣੇ ਜੀਵਨ ਨੂੰ ਤਬਾਹ ਕਰਦਾ ਰਹਿੰਦਾ ਹੈ। ਗਿਆਨ ਇਕ ਐਸਾ ਹਥਿਆਰ ਹੈ ਜਿਹੜਾ ਮਨੁੱਖ ਦੇ ਨਾਲ ਸਦੀਵੀਂ ਹਰ ਜਗ੍ਹਾ ਤੇ ਨਾਲ ਹੀ ਵਰਤਦਾ ਹੈ ਮੰਨ ਲਉ ਕਿਸੇ ਮਨੁੱਖ ਨੇ ਡਾਕਟਰੀ ਦਾ ਕੋਰਸ ਕੀਤਾ ਹੈ ਤਾਂ ਉਹ ਮਨੁੱਖ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਵੇ ਉਸ ਦਾ ਹਾਸਲ ਕੀਤਾ ਗਿਆਨ ਉਸ ਦੇ ਨਾਲ ਹਮੇਸ਼ਾਂ ਹੀ ਜਾਵੇਗਾ, ਉਹ ਜਿਥੇ ਵੀ ਜਾਵੇਗਾ ਉਥੇ ਕਿਸੇ ਵੀ ਮਰੀਜ਼ ਦਾ ਇਲਾਜ਼ ਕਰ ਸਕਦਾ ਹੈ। ਪਰ ਗਿਆਨ ਤੋਂ ਸੱਖਣੇ ਮਨੁੱਖ ਦੇ ਪੱਲੇ ਥਾਂ-ਥਾਂ ਦੀਆਂ ਠੋਕਰਾਂ ਹੀ ਹੁੰਦੀਆਂ ਹਨ ਜਿਸ ਨੂੰ ਹਜ਼ੂਰ ਨੇ ਫੁਰਮਾਇਆ ਹੈ {1/466:-ਗਿਆਨ ਵਿਹੂਣਾ ਕਥਿ ਕਥਿ ਲੂਝੈ ॥ } ਜਦ ਅਸੀਂ ਭਾਰਤ ਦੇਸ ਦੇ ਵਾਸੀਆਂ ਦੀ ਧਰਮ ਪ੍ਰਤੀ ਜੀਵਨ ਸ਼ੈਲੀ ਨੂੰ ਪਰਖਣ ਪੜਚੋਲਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਧਰਮ ਦੇ ਰਾਹ ਤੇ ਗਿਆਨ ਵਾਲੇ ਪੱਖ ਦਾ ਕੋਈ ਨਾਂ-ਨਿਸ਼ਾਨ ਨਹੀਂ ਮਿਲਦਾ। ਅੱਜ ਤੋਂ ਸਦੀਆਂ ਪਹਿਲਾਂ ਅਤੇ ਅੱਜ ਵੀ ਧਰਮ ਨੂੰ ਮੰਨਣ ਵਾਲਿਆਂ ਨੇ ਧਰਮ ਦੇ ਰਾਹ ਉਪਰ ਤੁਰਨ ਵਾਸਤੇ ਅੱਨ੍ਹੀ ਸ਼ਰਧਾ ਅਧੀਨ ਅੱਖਾਂ ਤੇ ਕਾਲੀ ਪੱਟੀ ਬੰਨ੍ਹੀ ਹੋਈ ਹੈ ਜਿਸ ਦਾ ਲਾਭ ਸ਼ੈਤਾਨ ਬੁੱਧੀ ਵਾਲੇ ਸ਼ਾਤਰ ਪੁਜ਼ਾਰੀ ਲੋਕ ਖੂਬ ਲੈ ਰਹੇ ਹਨ। ਕਿਸੇ ਵੀ ਧਰਮ ਦੇ ਧਾਰਮਿਕ ਅਸਥਾਨ ਤੇ ਜਾ ਕਿ ਦੇਖ ਲਵੋ ਉਥੇ ਬੈਠਾ ਪੁਜ਼ਾਰੀ, ਭਾਈ, ਪਾਠੀ, ਅਰਦਾਸੀਆ ਹਮੇਸ਼ਾਂ ਹੀ ਆਉਣ ਵਾਲੇ ਸ਼ਰਧਾਲੂ ਨੂੰ ਸ਼ਰਧਾ ਦੀਆਂ ਗੱਲਾਂ ਹੀ ਸੁਣਾਵੇਗਾ। ਹਮੇਸ਼ਾਂ ਹੀ ਸੇਵਾ ਕਰਨ ਦਾ ਢੋਲ ਪਿੱਟੇਗਾ ਜਿਸ ਦਾ ਕਾਰਣ ਲੰਮੇਂ ਸਮੇਂ ਤੋਂ ਐਸਾ ਸੁਣਦੇ ਰਹਿਣ ਨਾਲ ਆਮ ਲੋਕਾਂ ਨੂੰ ਵੀ ਅੱਨ੍ਹੀ ਸ਼ਰਧਾ ਦੇ ਅਧੀਨ ਸੇਵਾ ਕਰਨੀ ਹੀ ਧਰਮ ਦਾ ਅਸਲ ਕਰਮ ਲੱਗਣ ਲੱਗ ਪਿਆ ਹੈ ਅਤੇ ਗਿਆਨ ਹਾਸਲ ਕਰਨ ਵਾਲਾ ਪਾਸਾ ਬੰਦ ਹੀ ਕਰ ਦਿੱਤਾ ਗਿਆ ਹੈ ਜਿਸ ਕਰਕੇ ਅਸੀਂ ਸਾਰੇ ਹੀ ਸੇਵਾ ਕਰੀ ਅਤੇ ਕਰਵਾਈ ਜਾ ਰਹੇ ਹਾਂ ਅਤੇ ਹਰ ਦਿਨ ਆਪਣੀ ਖੂਬ ਲੁੱਟ ਵੀ ਕਰਵਾ ਰਹੇ ਹਾਂ। ਅੱਜ ਇੱਕਵੀਂ ਸਦੀ ਅੰਦਰ ਕਈ ਦੇਸ਼ਾਂ ਦੇ ਲੋਕ ਚੰਦ ਸੂਰਜ਼ ਨੂੰ ਹੱਥ ਲਾਉਂਦੇ ਹਨ ਪਰ ਸਾਡੇ ਸਾਧ, ਸੰਤ, ਬ੍ਰਹਮਗਿਆਨੀ, ਭਾਈ, ਪਾਠੀ, ਕਥਾਕਾਰ, ਢਾਢੀ, ਕੀਰਤਨੀਏ ਅਜੇ ਵੀ ਸਾਨੂੰ ਸਦੀਆਂ ਪੁਰਾਣੀਆਂ ਕਲਪਤ ਕਰਾਮਾਤੀ ਕਹਾਣੀਆਂ ਹੀ ਸੁਣਾਉਂਦੇ ਹਨ ਅਤੇ ਅਸੀਂ ਵੀ ਇਨ੍ਹਾਂ ਕਹਾਣੀਆਂ ਨੂੰ ਹੀ ਅਸਲ ਧਰਮ ਦੀਆਂ ਗੱਲਾਂ ਸਵੀਕਾਰ ਕਰ ਬੈਠੇ ਹਾਂ। ਬਹੁ ਸਾਰੇ ਕਥਾਕਾਰ ਅਤੇ ਸਾਰੇ ਦੇ ਸਾਰੇ ਸਾਧ ਲੰਮੇਂ ਸਮੇਂ ਤੋਂ ਇਹ ਵੀ ਸੁਣਾ ਰਹੇ ਹਨ ਕਿ ਬਾਬਾ ਨਾਨਕ ਜੀ ਕਿਹੜੇ ਪੜ੍ਹੇ ਹੋਏ ਸਨ, ਓਹ ਭਲਿਓ ਜ਼ਰਾ ਨਿਗ੍ਹਾ ਖੋਲਕੇ ਵੀਚਾਰਨ ਦੀ ਕੋਸ਼ਿਸ਼ ਕਰੋ ਅੱਜ ਇੱਕ ਗਰੀਬ ਦਿਹਾੜੀਦਾਰ ਮਨੁੱਖ ਵੀ ਆਪਣੇ ਬਚਿਆਂ ਨੂੰ ਪੜਾਉਂਣ ਵਾਸਤੇ ਸਾਰਾ ਜ਼ੋਰ ਲਾ ਰਿਹਾ ਹੈ ਬਾਬਾ ਨਾਨਕ ਜੀ ਉਸ ਸਮੇਂ ਦੇ ਅਮੀਰ ਪਟਵਾਰੀ ਮਹਿਤਾ ਕਾਲੂ ਜੀ ਦੇ ਪੁੱਤਰ ਸਨ ਅਤੇ ਐਸਾ ਪੜ੍ਹਿਆ ਲਿਖਿਆ ਬਾਪ ਕੀ ਆਪਣੀ ਉਲਾਦ ਨੂੰ ਅਣਪੜ ਰੱਖੇਗਾ ਕਦੇ ਸੋਚਿਆ ਵੀ ਨਹੀਂ ਜਾ ਸਕਦਾ। ਜਿਸ ਗੁਰੂ ਨਾਨਕ ਜੀ ਨੇ ਉਨੀਂ ਰਾਗਾਂ ਵਿੱਚ ਬਾਣੀ ਉਚਾਰੀ ਹੈ ਕੀ ਉਹ ਚਿੱਟੇ ਅਣਪੜ ਸਨ, ਨਹੀਂ ਜੀ! ਗੁਰੂ ਜੀ ਨੇ ਲੱਗਭਗ ਸਾਰੇ ਹੀ ਉਸ ਸਮੇਂ ਦੇ ਪ੍ਰਚੱਲਤ ਧਰਮਾਂ ਦੇ ਗੰ੍ਰਥਾਂ ਨੂੰ ਖੂਬ ਘੋਖਿਆ, ਵੀਚਾਰਿਆ ਸੀ ਤਾਂ ਹੀ ਹਰ ਧਰਮ ਦੇ ਆਗੂ ਨਾਲ ਬੈਠਕੇ ਬਾ-ਦਲੀਲ ਉਨ੍ਹਾਂ ਦੇ ਧਰਮਾਂ ਦੀਆਂ ਰਵਾਇਤਾਂ ਰਾਹੀਂ ਉਨ੍ਹਾਂ ਨੂੰ ਸਮਝਾਇਆ ਸੀ। ਮੋਲਵੀਆਂ ਨਾਲ ਵੀਚਾਰਾਂ ਕੀਤੀਆਂ, ਬ੍ਰਹਮਣਾ ਨਾਲ ਚਰਚਾ ਕਰਦੇ ਰਹੇ, ਆਪਣੇ ਆਪ ਨੂੰ ਮੰਨੇ ਪ੍ਰਮੰਨੇ ਯੋਗੀਆਂ ਨਾਲ ਗੋਸ਼ਟੀਆਂ ਕੀਤੀਆਂ ਉਨ੍ਹਾਂ ਨੂੰ ਉਨ੍ਹਾਂ ਦੇ ਹੀ ਧਾਰਮਿਕ ਗ੍ਰੰਥਾਂ ਦੇ ਹਵਾਲੇ ਦਿੱਤੇ, ਇਥੋਂ ਹੀ ਸਾਨੂੰ ਪਤਾ ਲੱਗਦਾ ਹੈ ਕਿ ਬਾਬਾ ਨਾਨਕ ਜੀ ਨੇ ਉਸ ਸਮੇਂ ਦੇ ਸਾਰੇ ਗ੍ਰੰਥਾ ਦਾ ਚੰਗੀ ਤਰ੍ਹਾਂ ਅਧਿਐਨ ਕੀਤਾ ਹੋਵੇਗਾ, ਬਾਬਾ ਜੀ ਇਨ੍ਹਾਂ ਸਾਧੜਿਆਂ ਦੇ ਕਹਿਣ ਅਨੁਸਾਰ ਅਨਪੜ ਨਹੀਂ ਸਨ। ਜੇ ਅੱਜ ਅਸੀਂ ਇਨ੍ਹਾਂ ਅਨਪੜ੍ਹਾ ਦੀਆਂ ਦਰਸਾਈਆਂ ਗੱਲਾਂ ਤੇ ਹੀ ਵਿਸ਼ਵਾਸ਼ ਕਰਦੇ ਹਾਂ ਕਿ ਗੁਰੂ ਜੀ ਪੜ੍ਹੇ ਨਹੀਂ ਸਨ ਤਾਂ ਫਿਰ ਸਾਨੂੰ ਵੀ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੀ ਜਰੂਰਤ ਨਹੀਂ ਹੈ ਆਪੇ ਹੀ ਰੱਬ ਜੀ ਦੀ ਮੇਹਰ ਨਾਲ ਇਨ੍ਹਾਂ ਨੂੰ ਗਿਆਨ ਹਾਸਲ ਹੋ ਜਾਵੇਗਾ। ਪਰ ਇਸ ਤਰ੍ਹਾਂ ਕਦੇ ਵੀ ਨਹੀਂ ਹੋਇਆ ਅਤੇ ਨਾਂ ਹੀ ਕਦੇ ਹੋ ਸਕਦਾ ਹੈ, ਹਾਂ! ਇਹ ਸਾਰੇ ਖੁਦ ਆਪ ਅਨਪੜ ਹਨ ਜੇ ਕਿਤੇ ਸਾਨੂੰ ਵਿਦਿਆ ਹਾਸਲ ਕਰਨ ਵਾਸਤੇ ਆਖਣ ਲੱਗ ਪਏ ਤਾਂ ਫਿਰ ਅਸੀਂ ਇਨ੍ਹਾਂ ਨੂੰ ਸਵਾਲ ਪੁੱਛਣ ਯੋਗੇ ਹੋ ਜਾਣਾ ਹੈ ਇਸ ਕਰਕੇ ਇਹ ਸਾਨੂੰ ਵੀ ਆਪਣੇ ਵਰਗੇ ਅਨਪੜ ਹੀ ਰੱਖਣਾ ਚਾਹੁੰਦੇ ਹਨ। ਜਗਤ ਬਾਬਾ ਨਾਨਕ ਜੀ ਨੇ ਉਸ ਸਮੇਂ ਜਿਹੜੇ ਧਰਮ ਦੀ ਅੱਨ੍ਹੀ ਸ਼ਰਧਾ ਅਧੀਨ ਅੱਖਾਂ ਬੰਦ ਕਰਕੇ ਆਪਣੇ ਆਪ ਨੂੰ ਤਿੱਨਾਂ ਲੋਕਾਂ ਦਾ ਗਿਆਤਾ ਆਖਦੇ ਹਨ ਉਨ੍ਹਾਂ ਦੀਆਂ ਅੱਖਾਂ ਖੁਲਾਹ ਦਿੱਤੀਆਂ, ਜੋ ਧਾਰਮਿਕ ਮੰਦਰਾਂ, ਮਸੀਤਾਂ ਵਿੱਚ ਧਰਮ ਦੇ ਨਾਂ ਤੇ ਕਰਮਕਾਂਡ ਹੋ ਰਹੇ ਸਨ ਉਨ੍ਹਾਂ ਨੂੰ ਲੋਕਾਂ ਦੇ ਸਾਹਮਣੇ ਬਿਆਨ ਕੀਤਾ, ਜਿਹੜੇ ਅੱਖਾਂ ਮੀਟੀ ਚੜ੍ਹਦੇ ਸੂਰਜ਼ ਨੂੰ ਪਾਣੀ ਦਿੰਦੇ ਸਨ ਉਨ੍ਹਾਂ ਦੀਆਂ ਅੱਖਾਂ ਤੇ ਗਿਆਨ ਦੀ ਐਨਕ ਲਾ ਦਿੱਤੀ, ਜਿਹੜੇ ਲੰਮੀਆਂ ਸਮਾਧੀਆਂ ਲਾਉਣ ਦਾ ਢੌਂਗ ਕਰਦੇ ਸਨ ਉਨ੍ਹਾਂ ਨੂੰ ਗਿਆਨ ਦੇ ਡੰਡੇ ਨਾਲ ਅਸਲ ਧਰਮ ਦਾ ਰਾਹ ਦਰਸਾਇਆ ਪਰ ਅੱਜ ਉਸੇ ਬਾਬਾ ਨਾਨਕ ਜੀ ਦੇ ਪੈਰੋਕਾਰਾਂ ਨੇ ਮੁੜ ਸਾਡੀਆਂ ਅੱਖਾਂ ਬੰਦ ਕਰਵਾ ਕੇ ਘਟਿਆਂ ਬੱਧੀ ਸਮਾਧੀਆਂ ਲਵਾ ਦਿੱਤੀਆਂ ਹਨ। ਗੁਰੂ ਨੂੰ ਪਿਆਰ ਕਰਨ ਵਾਲੇ ਸੰਗੀਓ ਜ਼ਰਾ-ਕ-ਜਿਨੀਂ ਪੰਛੀ ਝਾਤ ਮਾਰਿਆਂ ਹੀ ਸਾਨੂੰ ਸਮਝ ਆ ਜਾਂਦੀ ਹੈ ਕਿ ਇਤਨੇ ਵੱਡੇ ਖ਼ਲਜੀਰੇ ਦੀ ਸੋਝੀ ਅੱਖਾਂ ਬੰਦ ਕਰਕੇ ਰਾਤੋ ਰਾਤ ਕਦੇ ਵੀ ਨਹੀਂ ਆ ਸਕਦੀ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਖਰ-ਅੱਖਰ ਪੜ੍ਹਕੇ ਦੇਖ ਲਵੋ ਗੁਰੂ ਜੀ ਨੇ ਕਿਤੇ ਵੀ ਨਹੀਂ ਦਰਸਾਇਆ ਕਿ ਧਰਮ ਪ੍ਰਤੀ ਅੱਨ੍ਹੀ ਸ਼ਰਧਾ ਰੱਖ ਅੱਖਾਂ ਬੰਦ ਕਰਕੇ ਸਾਰੇ ਜਗਤ ਦੀ ਸੋਝੀ ਆ ਸਕਦੀ ਹੈ। ਗੁਰੂ ਜੀ ਦਾ ਫੁਰਮਾਨ ਹੈ:-{ 3/594:- ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥ } { 1/469:-ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ ॥ ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ ॥ 5॥ } ਗੁਰੂ ਜੀ ਨੇ ਸਾਨੂੰ ਕਈ ਥਾਈਂ ਸਮਝਾਇਆ ਹੈ ਕਿ ਗਿਆਨ ਹੀ ਮਨੁੱਖ ਨੂੰ ਸਹੀ ਜੀਵਨ ਸੇਧ ਦੇਣ ਵਾਲਾ ਹੈ ਇਸ ਕਰਕੇ ਮਨੁੱਖ ਨੂੰ ਕੇਵਲ ਗੁਰੂ ਜੀ ਨੂੰ ਅੱਖਾਂ ਨਾਲ ਦੇਖਣ ਨਾਲ ਕੁੱਝ ਨਹੀਂ ਬਦਲਣ ਵਾਲਾ, ਗੁਰੂ ਜੀ ਦੇ ਉਪਦੇਸ਼ ਦੀ ਵੀਚਾਰ ਕਰਨ ਦੀ ਜਰੂਰਤ ਹੈ। ਜਿਸ ਤਰੀਕੇ ਨਾਲ ਵਿਸਥਾਰ ਵਿੱਚ ਗੁਰੂ ਜੀ ਨੇ ਆਪਣੀ ਬਾਣੀ ਅੰਦਰ ਉਸ ਸਮੇਂ ਦੇ ਮੰਦਰਾਂ ਦਾ, ਦਰਿਆਵਾਂ ਦਾ, ਪਹਾੜਾਂ ਦਾ, ਵੱਖ ਵੱਖ ਥਾਂ ਪੁਰ ਬਣੇ ਤੀਰਥਾਂ ਦਾ ਜ਼ਿਕਰ ਕੀਤਾ, ਕੀ ਇਸ ਸਾਰੇ ਕੁੱਝ ਦੀ ਸੋਝੀ ਅੱਖਾਂ ਬੰਦ ਕਰਕੇ ਆ ਸਕਦੀ ਹੈ? ਨਹੀਂ ਜੀ ਇਸ ਤਰ੍ਹਾਂ ਕਦੇ ਵੀ ਨਹੀਂ ਹੋ ਸਕਦਾ। ਗੁਰੂ ਜੀ ਨੇ ਉਸ ਸਮੇਂ ਦੇ ਧਾਰਮਿਕ, ਰਾਜ਼ਨੀਤਕ, ਸਮਾਜਿਕ ਢਾਂਚੇ ਨੂੰ ਗੋਹ ਨਾਲ ਦੇਖਿਆ ਪਰਖਿਆ ਤਾਂ ਹੀ ਉਸ ਦੀ ਬਿਆਨਗੀ ਵਾਰ ਵਾਰ ਆਪਣੀ ਬਾਣੀ ਵਿੱਚ ਦਰਸਾਈ ਹੈ ਜਿਵੇ: {1/662:-ਕਾਦੀ ਕੂੜੁ ਬੋਲਿ ਮਲੁ ਖਾਇ ॥ ਬ੍ਰਾਹਮਣੁ ਨਾਵੈ ਜੀਆ ਘਾਇ ॥ ਜੋਗੀ ਜੁਗਤਿ ਨ ਜਾਣੈ ਅੰਧੁ ॥ ਤੀਨੇ ਓਜਾੜੇ ਕਾ ਬੰਧੁ ॥ 2॥ } {1/1288:-ਰਾਜੇ ਸੀਹ ਮੁਕਦਮ ਕੁਤੇ ॥ ਜਾਇ ਜਗਾਇਨਿ@ ਬੈਠੇ ਸੁਤੇ ॥ {1/417:-ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ ॥ ਸਾਹਾਂ ਸੁਰਤਿ ਗਵਾਈਆ ਰਗਿ ਤਮਾਸੈ ਚਾਇ ॥ ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ ॥ 5॥ } ਇਸ ਸਾਰੇ ਵਰਤਾਰੇ ਦੀ ਜਾਣਕਾਰੀ ਵਾਸਤੇ ਸਾਲਾਂ ਬੱਧੀ ਸਮਾਂ ਲੱਗ ਜਾਂਦਾ ਹੈ ਤਾਂ ਹੀ ਗਿਆਨ ਹਾਸਲ ਹੁੰਦਾ ਹੈ ਅਤੇ ਗੁਰੂ ਜੀ ਨੇ ਇਹੋ ਹੀ ਕੀਤਾ ਹੋਵੇਗਾ ਜੋ ਸਾਨੂੰ ਵੀ ਗੁਰੂ ਜੀ ਵਾਰ ਵਾਰ ਗਿਆਨ ਹਾਸਲ ਕਰਨ ਵਾਸਤੇ ਆਖਦੇ ਹਨ। ਗਿਆਨ ਹੀ ਮਨੁੱਖ ਨੂੰ ਕਰਮਕਾਂਡਾਂ ਅਤੇ ਵਿਕਾਰਾਂ ਦੇ ਪਏ ਸੰਗਲਾਂ ਨੂੰ ਤੋੜ ਸਕਦਾ ਹੈ, ਵਹਿਮਾਂ ਭਰਮਾਂ ਤੋ ਮੁਕਤ ਕਰਵਾ ਸਕਦਾ ਹੈ ਅਤੇ ਗਿਆਨ ਹੀ ਮਨੁੱਖ ਦੀ ਸੋਚ ਨੂੰ ਪਈਆਂ ਬੈੜੀਆਂ ਤੋਂ ਅਜ਼ਾਦ ਕਰਵਾ ਸਕਦਾ ਹੈ ਜਿਸ ਤਰ੍ਹਾਂ ਗੁਰ ਫੁਰਮਾਣ ਹੈ:-{ 5/102:-ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪਰਗਾਸੁ ॥ ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬਦਿ ਖਲਾਸੁ ॥ 1॥ } ਜੇ ਅਸੀਂ ਜਾਂ ਸਾਡੇ ਬਹੁ ਸਾਰੇ ਪ੍ਰਚਾਰਕ ਅਤੇ ਸਾਧ, ਸੰਤ, ਬ੍ਰਹਮਗਿਆਨੀ ਆਖਦੇ ਹਨ ਕਿ ਗੁਰੂ ਤੇ ਸ਼ਰਧਾਂ ਹੋਣੀ ਚਾਹੀਦੀ ਹੈ ਗੁਰੂ ਕਿਰਪਾ ਆਪ ਹੀ ਕਰ ਦੇਵੇਗਾ ਤਾਂ ਫਿਰ ਹੁਣ ਤੱਕ ਬਹੁ ਕੁੱਝ ਬਦਲ ਜਾਣਾ ਚਾਹੀਦਾ ਸੀ ਪਰ ਸਿੱਖ ਧਰਮ ਵੱਲ ਨਿਗ੍ਹਾ ਮਾਰਿਆਂ ਧਰਮ ਦੇ ਤੱਤਪਰਾਂ ਦੀ ਹੂਕ ਨਿਕਲ ਜਾਂਦੀ ਹੈ, ਹਰ ਆਏ ਦਿਨ ਸਿੱਖਾਂ ਨੂੰ ਜਲੀਲ ਕੀਤਾ ਜਾਂਦਾ ਹੈ ਅਤੇ ਇਹ ਲੋਕ ਫਿਰ ਵੀ ਅੱਖਾਂ ਬੰਦ ਕਰਵਾ ਕਿ ਕੇਵਲ ਨਾਮ ਜਪਣ ਦਾ ਹੀ ਆਖਦੇ ਹਨ ਜੇ ਸਾਨੂੰ ਦੁਨੀਆਂ ਵਿੱਚ ਵਾਪਰਨ ਵਾਲੀ ਘਟਨਾ ਦਾ ਗਿਆਨ ਹੋਵੇ, ਆਪਣੇ ਹੱਕਾਂ ਨੂੰ ਲੈਣ ਦੀ ਸੋਝੀ ਹੋਵੇ, ਆਪਣੇ ਸਵੈ-ਮਾਣ ਨੂੰ ਬਰਕਰਾਰ ਰੱਖਣ ਵਾਲੇ ਗੁਣਾਂ ਦਾ ਗਿਆਨ ਹੋਵੇ ਤਾਂ ਹੀ ਅਸੀਂ ਆਪਣੇ ਹੱਕਾਂ ਦੀ ਰਾਖੀ ਕਰ ਸਕਦੇ ਹਾਂ, ਅੱਖਾਂ ਬੰਦ ਕੀਤਿਆਂ ਅੱਜ ਤੱਕ ਕਿਸੇ ਨੇ ਵੀ ਥਾਲੀ ਵਿੱਚ ਪ੍ਰੋਸ ਕੇ ਨਹੀਂ ਦਿੱਤਾ ਅਤੇ ਨਾਂ ਹੀ ਕਦੇ ਦੇਣਾ ਹੈ। ਜੇ ਸਾਡੇ ਪਾਸ ਧਾਰਮਿਕ, ਰਾਜਨੀਤਕ, ਸਮਾਜਿਕ ਵਰਤਾਰੇ ਦਾ ਗਿਆਨ ਹੋਵੇਗਾ ਤਾਂ ਹੀ ਅਸੀਂ ਇਨ੍ਹਾਂ ਦਾ ਸਧਾਰ ਕਰ ਸਕਦੇ ਹਾਂ ਨਹੀਂ ਤਾਂ ਗਿਆਨ ਤੋਂ ਬਗੈਰ ਅੱਜ ਸਾਡੀ ਹਾਲਤ ਦਾ ਸਹਿਜੇ ਹੀ ਪਤਾ ਲੱਗ ਰਿਹਾ ਹੈ ਹਰ ਖੇਤਰ ਵਿੱਚ ਹੱਥ ਜੋੜ ਮਿਨਤਾਂ ਕਰ ਰਹਿਮ ਦਿਲੀ ਦੀਆਂ ਅਪੀਲਾਂ ਤੋਂ ਬਿਨ੍ਹਾਂ ਕੁੱਝ ਵੀ ਨਹੀਂ ਹੈ। ਸਾਡੀਆਂ ਅੱਖਾਂ ਦੇ ਸਾਹਮਣੇ 1984 ਦੇ ਹਲਾਤਾਂ ਦੇ ਇਨਸਾਫ ਵਾਸਤੇ ਅੱਜ ਵੀ ਦਰ-ਦਰ ਤੇ ਫਿਰ ਰਹੇ ਹਾਂ। ਭਾਗਾਂ ਵਾਲਿਓ ਜੇ ਅੱਖਾਂ ਬੰਦ ਕਰਕੇ ਧਰਮ ਦੀ ਅੱਨ੍ਹੀ ਸ਼ਰਧਾ ਰੱਖਿਆਂ ਸਾਰਾ ਕੁੱਝ ਹੱਲ ਹੋਣਾ ਹੁੰਦਾ ਤਾਂ ਪੰਜਾਬ ਦੀ ਧਰਤੀ ਤੇ ਬਾਰ੍ਹਾਂ ਹਜ਼ਾਰ ਸੱਤ ਸੋ ਨੱਬ੍ਹੇ ਪਿੰਡਾਂ ਅੰਦਰ ਡੇਰੇ ਬਣਾਈ ਬੈਠੇ ਗੋਗੜਧਾਰੀ ਸਾਧ ਤਾਂ ਹਰ ਰੋਜ਼ ਹੀ ਸ਼ਰਧਾਂ ਦਾ ਢੰਢੋਰਾ ਪਿੱਟ ਰਹੇ ਹਨ ਹੁਣ ਤੱਕ ਸਿੱਖਾਂ ਦੇ ਵਿਰੋਧੀਆਂ ਦਾ ਵਾਲ ਵਿੰਗਾ ਨਹੀਂ ਕਰ ਸਕੇ ਅਤੇ ਨਾਂ ਹੀ ਇਸ ਤਰੀਕੇ ਨਾਲ ਹੋ ਸਕਦਾ ਹੀ ਹੈ ਗੁਰੂ ਨਾਨਕ ਜੀ ਦੇ ਸਮੇਂ ਵੀ ਇਸ ਤਰ੍ਹਾਂ ਦੇ ਚਿੱਟੇ ਨੀਲੇ ਚੋਲਿਆਂ ਵਾਲੇ ਬਹੁਤ ਸਨ ਗੁਰੂ ਜੀ ਆਪ ਹੀ ਫੁਰਮਾਉਂਦੇ ਹਨ {1/418:-ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ ॥ ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ ॥ ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ ॥ 4॥ }
ਇਸੇ ਹੀ ਤਰ੍ਹਾਂ ਭਾਈ ਲਹਿਣਾ ਜੀ ਧੰਨ ਬਾਬਾ ਨਾਨਕ ਜੀ ਦੀ ਸ਼ਰਣ ਵਿੱਚ ਆਉਣ ਤੋਂ ਪਹਿਲਾਂ ਵੀ ਆਪਣੇ ਆਮ ਨੂੰ ਧਰਮੀ ਅਖਵਾਉਂਦੇ ਸਨ ਅਤੇ ਆਮ ਲੋਕਾਈ ਉਨ੍ਹਾਂ ਨੂੰ ਧਰਮੀ ਵੀ ਮੰਨਦੀ ਸੀ। ਪਰ ਗੁਰੂ ਨਾਨਕ ਜੀ ਨੇ ਉਨ੍ਹਾਂ ਨੂੰ ਅਸਲ ਧਰਮ ਸਿਖਾਇਆ, ਬਾਬਾ ਜੀ ਦੇ ਨਾਲ ਭਾਈ ਲਹਿਣਾ ਜੀ ਲੰਮਾਂ ਸਮਾਂ ਰਹੇ ਅਤੇ ਸੰਸਾਰ ਵਿੱਚ ਵਰਤ ਰਹੇ ਵਰਤਾਰੇ ਦੇ ਹਰ ਪੱਖ ਦਾ ਗਿਆਨ ਹਾਸਲ ਕੀਤਾ। ਰਾਗ ਵਿਦਿਆ, ਕਾਵਿਕ ਰਚਨਾਂ ਦੀਆਂ ਬੰਧਸ਼ਾਂ, ਸਮਾਜ਼ਿਕ ਮਿਲ ਵਰਤਣ ਦਾ ਗਿਆਨ, ਮਨੁੱਖੀ ਅਧਿਕਾਰਾਂ ਦੀ ਸੂਝ-ਬੂਝ, ਸੱਚ ਦੀ ਅਵਾਜ਼ ਨੂੰ ਘਰ ਘਰ ਤੱਕ ਪਹੁੰਚਾਉਣ ਦੇ ਤਰੀਕੇ, ਸਿਰਮੋਲ ਮਨੁੱਖਾ ਜੀਵਨ ਦਾ ਅਸਲੀ ਮਕਸਦ, ਆਮ ਲੋਕਾਂ ਦੀ ਮਾਨਸਿਕ ਸਤਾ ਅਨੁਸਾਰ ਵਿਦਿਆ ਦੇ ਅਦਾਰਿਆਂ ਦੇ ਪ੍ਰਬੰਧ ਕਰਨ ਦੇ ਤਰੀਕਿਆਂ ਦੀ ਜਾਣਕਾਰੀ ਹਾਸਲ ਕੀਤੀ, ਏਕ ਪਿਤਾ ਏਕਸ ਕੇ ਹਮ ਬਾਲਕ ਦੇ ਸਿਧਾਂਤ ਨੂੰ ਪੂਰੀ ਤਰ੍ਹਾਂ ਨਾਲ ਸਮਝਿਆ ਅਤੇ ਉਸ ਹਾਸਲ ਕੀਤੇ ਹੋਏ ਗਿਆਨ ਅਨੁਸਾਰ ਸਮਾਜ਼ ਸਧਾਰ ਦਾ ਕੰਮ ਕਰਨਾਂ ਸ਼ੁਰੂ ਕੀਤਾ। ਇਸ ਹਾਸਲ ਕੀਤੇ ਗਿਆਨ ਤੋਂ ਬਾਅਦ ਕਦੇ ਵੀ ਅੱਖਾਂ ਬੰਦ ਕਰਕੇ ਸਮਾਧੀਆਂ ਨਹੀਂ ਲਾਈਆਂ, ਤੀਰਥਾਂ ਦਾ ਰਟਨ ਨਹੀਂ ਕੀਤਾ, ਦੇਵੀ ਦੇਵਤਿਆਂ ਦੀਆਂ ਮੂਰਤੀਆਂ ਅਗੇ ਆਰਤੀ ਦੇ ਥਾਲ ਨਹੀਂ ਘੁੰਮਾਏ, ਇਸ ਨੂੰ ਹੀ ਅਸਲ ਧਰਮ ਬਾਬਾ ਜੀ ਨੇ ਆਖਿਆ ਹੈ ਅਤੇ ਇਹ ਸਾਰੇ ਦਾ ਸਾਰਾ ਗਿਆਨ ਕਿਤੇ ਵੀ ਅੱਖਾਂ ਬੰਦ ਕਰਕੇ ਲੰਮੀਆਂ ਸਮਾਧੀਆਂ ਲਾ ਕਿ ਹਾਸਲ ਨਹੀਂ ਹੋਇਆ ਜਿਸ ਤਰੀਕੇ ਨਾਲ ਅੱਜ ਸਾਨੂੰ ਦਰਸਾਇਆ ਜਾ ਰਿਹਾ ਹੈ। ਇਸ ਨੂੰ ਹਾਸਲ ਕਰਨ ਵਾਸਤੇ ਬੜੀ ਹੀ ਸਖਤ ਮਹਿਨਤ ਦੀ ਜਰੂਰਤ ਹੈ, ਲੋੜ ਹੈ ਜਿਹੜੀ ਭਾਈ ਲਹਿਣਾ ਜੀ ਨੇ ਕੀਤੀ। ਦੁਨੀਆਂ ਅੰਦਰ ਕਿਸੇ ਵੀ ਤਰ੍ਹਾਂ ਦਾ ਗਿਆਨ ਕੋਈ ਰਾਤੋ-ਰਾਤ ਮੁੱਠੀ ਚਾਬੀ ਕਰਨ ਨਾਲ ਹਾਸਲ ਨਹੀਂ ਹੁੰਦਾ ਅਤੇ ਨਾਂ ਹੀ ਹੋ ਸਕਦਾ ਹੈ। ਭਾਈ ਲਹਿਣਾ ਜੀ ਨੇ ਐਨੀ ਦਿਲ ਚੱਸਪੀ ਨਾਲ ਲਗਾਤਾਰ ਮਹਿਨਤ ਕਰਕੇ ਹਾਸਲ ਕੀਤਾ ਅਤੇ ਗੁਰੂ ਨਾਨਕ ਜੀ ਦੀ ਚਲਾਈ ਹੋਈ ਸੱਚ ਹੱਕ ਦੀ ਲਹਿਰ ਦੇ ਅਗਲੇ ਉਤਰਾ ਅਧਿਕਾਰੀ ਬਣ ਗਏ ਜਿਸ ਨੂੰ ਅਸੀਂ ਗੁਰੂ ਅੰਗਦ ਸਾਹਿਬ ਜੀ ਦੇ ਨਾਮ ਨਾਲ ਯਾਦ ਕਰਦੇ ਹਾਂ ਜਿਨ੍ਹਾਂ ਦੇ ਸਿਰੀ ਗੁਰੂ ਗ੍ਰੰਥ ਜੀ ਵਿੱਚ 63 ਸ਼ਲੋਕ ਦਰਜ਼ ਹਨ। ਗੁਰੂ ਅੰਗਦ ਜੀ ਨੇ ਫਿਰ ਲਗਾਤਾਰ ਆਪਣੀ ਸਾਰੀ ਉਮਰ ਸਮਾਜ਼ਿਕ ਸਧਾਰ ਵਾਸਤੇ ਲਾ ਦਿੱਤੀ ਇਹ ਸਾਰਾ ਗਿਆਨ ਕਿਤੇ ਵੀ ਅੱਖਾਂ ਬੰਦ ਕਰਕੇ ਸਮਾਧੀ ਲਾ ਕੇ ਜਾਂ ਕਿਸੇ ਵੀ ਤਰ੍ਹਾਂ ਦੇ ਦੋ-ਚਾਰ ਅੱਖਰਾਂ ਦਾ ਰੱਟਨ ਕਰਕੇ ਪ੍ਰਾਪਤ ਨਹੀਂ ਹੁੰਦਾ ਅਤੇ ਨਾਂ ਹੀ ਅਗੇ ਨੂੰ ਇਸ ਤਰ੍ਹਾਂ ਹਾਸਲ ਹੋਣ ਦੀ ਕੋਈ ਸੰਭਾਵਨਾ ਹੀ ਹੈ। ਪਰ ਜਦ ਅਸੀਂ ਅੱਜ ਆਪਣੇ ਬਣਾਏ ਹੋਏ ਧਰਮ ਦੇ ਅਸਥਾਨਾਂ ਤੇ ਨਿਗ੍ਹਾ ਮਾਰਕੇ ਦੇਖਦੇ ਹਾਂ ਤਾਂ ਗਿਆਨ ਵਾਲਾ ਪਾਸਾ ਤਾਂ ਲੱਗਭਗ ਬੰਦ ਹੀ ਕਰ ਦਿੱਤਾ ਗਿਆ ਹੈ ਸਭਨੀਂ ਥਾਈ ਜੱਪ ਤੱਪ ਸਮਾਗਮ, ਦੋ-ਚਾਰ ਅੱਖਰਾਂ ਦਾ ਅੱਖਾਂ ਮੀਟ ਸਿਮਰਨ ਹੀ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਹੀ ਗੁਰ ਸਿੱਖੀ ਦਾ ਲੇਬਲ ਲਾਇਆ ਜਾ ਰਿਹਾ ਹੈ ਜੋ ਕਿਸੇ ਵੀ ਤਰੀਕੇ ਨਾਲ ਸਹੀ ਨਹੀਂ ਹੈ। ਇਸੇ ਹੀ ਤਰ੍ਹਾਂ ਜਦੋਂ ਅਸੀਂ ਬਾਬਾ ਅਮਰਦਾਸ ਜੀ ਦੇ ਜੀਵਨ ਵੱਲ ਝਾਤ ਮਾਰਦੇ ਹਾਂ ਤਾਂ ਆਮ ਲੋਕਾਂ ਵਿੱਚ ਮੰਨੇ-ਪ੍ਰਮੰਨੇ ਧਰਮੀ ਤਾਂ ਗੁਰੂ ਅੰਗਦ ਜੀ ਦੀ ਸ਼ਰਣ ਵਿੱਚ ਆਉਣ ਤੋਂ ਪਹਿਲਾਂ ਵੀ ਸਨ ਪਰ ਜਦ ਗੁਰੂ ਜੀ ਪਾਸ ਆਏ ਤਾਂ ਜਰੂਰ ਗੁਰੂ ਜੀ ਨਾਲ ਗੱਲਬਾਤ ਹੋਈ ਹੋਵੇਗੀ ਕਿ ਬਾਬਾ ਅਮਰਦਾਸ ਜੀ ਧਰਮ ਦੇ ਖੇਤਰ ਵਿੱਚ ਕਿਨ੍ਹੀ-ਕੁ ਵਿਦਿਆ ਜਾਣਦੇ ਹੋ, ਧਰਮ ਦਾ ਗਿਆਨ ਕਿਨ੍ਹਾਂ-ਕੁ ਹੈ, ਜਾਂ ਧਰਮ ਕਿਸ ਨੂੰ ਸਮਝਦੇ ਹੋ ਤਾਂ ਜੋ ਬਾਬਾ ਅਮਰਦਾਸ ਜੀ ਨੇ ਗੁਰੂ ਅੰਗਦ ਜੀ ਨੂੰ ਜਰੂਰ ਦੱਸਿਆ ਹੋਵੇਗਾ ਕਿ ਮੈਂ ਤਾਂ ਦੇਵੀ ਦੇ ਵੀ ਜਥੇ ਲੈ ਕੇ ਜਾਂਦਾ ਹਾਂ, ਮੂਰਤੀਆਂ ਦੀ ਪੂਜਾ ਵੀ ਕਰਦਾ ਹਾਂ, ਸ਼ਰਾਧਾਂ ਨੂੰ ਵੀ ਮੰਨਦਾ ਹਾਂ, ਅੱਖਾਂ ਬੰਦ ਕਰਕੇ ਰੱਬ ਜੀ ਨਾਲ ਲਿਵ ਵੀ ਲਾਉਂਦਾ ਹਾਂ। ਇਹ ਸਾਰਾ ਕੁੱਝ ਸੁਣਕੇ ਗੁਰੂ ਅੰਗਦ ਜੀ ਨੇ ਜਰੂਰ ਬਾਬਾ ਜੀ ਨੂੰ ਆਪਣੇ ਕੋਲ ਬਿਠਾਕੇ ਅਸਲ ਧਰਮ ਬਾਰੇ ਸਮਝਾਇਆ ਹੋਵੇਗਾ ਅਤੇ ਆਖਿਆ ਹੋਵੇਗਾ ਕਿ ਬਾਬਾ ਜੀ ਇਹ ਅਸਲ ਧਰਮ ਨਹੀਂ ਹੈ ਆ ਤੂੰ ਕੁੱਝ ਸਮਾਂ ਮੇਰੇ ਨਾਲ ਰਿਹ ਮੈਂ ਤੈਨੂੰ ਅਸਲੀ ਧਰਮ ਬਾਰੇ ਦੱਸਦਾ ਹਾਂ ਜਿਹੜਾ ਮੈਂ ਜਗਤ ਬਾਬਾ ਨਾਨਕ ਜੀ ਪਾਸੋਂ ਹੁਣੇ-ਹੁਣੇ ਸਾਰਾ ਸਿੱਖਕੇ ਹਟਿਆਂ ਹਾਂ ਸੋ ਫਿਰ ਬਾਬਾ ਅਮਰਦਾਸ ਜੀ ਨੇ ਲਗਣ ਨਾਲ ਸਾਰੇ ਕੁੱਝ ਦਾ ਗਿਆਨ ਹਾਸਲ ਕੀਤਾ ਹੋਵੇਗਾ। ਜਿਸ ਦਾ ਸਾਨੂੰ ਬਾਬਾ ਅਮਰਦਾਸ ਜੀ ਦੀ ਸਤਾਰਾਂ ਰਾਗਾਂ ਵਿੱਚ ਉਚਾਰੀ ਹੋਈ ਬਾਣੀ ਤੋਂ ਸਹਿਜੇ ਹੀ ਲੱਗ ਜਾਂਦਾ ਹੈ। ਜਿਸ ਸਾਰੀ ਸਿਖਲਾਈ ਤੋਂ ਬਾਅਦ ਹੀ ਗੁਰੂ ਅੰਗਦ ਜੀ ਨੇ ਨਾਨਕ ਦੇ ਘਰ ਦੀ ਜ਼ੁਮੇਵਾਰੀ ਦੀ ਡੋਰ ਬਾਬਾ ਜੀ ਨੂੰ ਫੜਾਈ ਹੋਵੇਗੀ ਨਾਂ ਕਿ ਵਡੇਰੀ ਉਮਰ ਕਰਕੇ। ਪਰ ਅਸੀਂ ਬਾਬਾ ਅਮਰਦਾਸ ਜੀ ਨੂੰ ਵੀ ਬਾਰ੍ਹਾਂ ਸਾਲ ਪਾਣੀ ਦੀ ਗਾਗਰ ਢੋਣ ਦੇ ਬਦਲੇ ਹੀ ਗੁਰੂ ਬਣਦਾ ਦਿਖਾਲਿਆ ਹੈ, ਇਹ ਕਾਵਿਕ ਰਚਨਾਂ ਦੀ ਸਿਖਲਾਈ, ਉਚ ਕੋਟੀ ਦਾ ਗਿਆਨ, ਵਰਤ ਰਹੇ ਰਾਜ਼ਨੀਤਕ ਵਰਤਾਰੇ ਦੀ ਸੋਝੀ, ਕਰਮਕਾਂਡਾਂ ਥੱਲੇ ਫਸੇ ਹੋਏ ਆਮ ਮਨੁੱਖਾਂ ਦੀ ਜੀਵਨ ਦਸ਼ਾ ਦਾ ਗਿਆਨ, ਕੀ ਇਹ ਸਾਰਾ ਕੁੱਝ ਅੱਖਾਂ ਬੰਦ ਕਰਕੇ ਜਾਂ ਨਿਰ੍ਹਾ ਪਾਣੀ ਢੋਣ ਨਾਲ ਸਮਝ ਪੈ ਸਕਦੀ ਹੈ? ਨਹੀਂ ਜੀ ! ਕਦੇ ਵੀ ਇਸ ਤਰ੍ਹਾਂ ਨਹੀਂ ਹੋਇਆ ਕਰਦਾ ਅਤੇ ਨਾਂ ਹੀ ਅਗਾਂਹ ਨੂੰ ਹੋਣ ਵਾਲਾ ਹੀ ਹੈ। ਅਸੀਂ ਸਾਰੇ ਹੀ ਭਲੀ-ਭਾਂਤ ਜਾਣੂ ਹਾਂ ਕਿ ਗੁਰੂ ਅਮਰਦਾਸ ਜੀ ਦੀ ਸ਼ਾਹਾਕਾਰ ਬਾਣੀ ਜਿਸ ਨੂੰ ਅਸੀ ‘ਅਨੰਦ ਦੀ ਬਾਣੀ ਵੀ ਆਖ ਦਿੰਦੇ ਹਾਂ’ ਵਾਰ-ਵਾਰ ਉਸ ਵਿੱਚ ਅਨੰਦ ਦੀ ਗੱਲ ਕੀਤੀ ਹੈ ਇਹ ਸਾਰਾ ਅਨੰਦ ਦਾ ਵਖਿਆਨ ਗੁਰੂ ਅੰਗਦ ਜੀ ਨਾਲ ਰਹਿ ਰਹਿ ਕੇ ਹੀ ਪ੍ਰਾਪਤ ਹੋਇਆ ਸੀ ਨਾਂ ਕਿ ਪਹਿਲਾਂ ਹੋਇਆ ਸੀ। ਗੁਰੂ ਜੀ ਨੇ ਸਾਨੂੰ ਕਈ ਥਾਂਈ ਸਮਝਾਇਆ ਕਿ ਬਾਹਰੀ ਤੌਰਤੇ ਕਰਨ ਵਾਲੇ ਕਰਮਕਾਂਡਾਂ ਨਾਲ ਜਾਂ ਅੱਖਾਂ ਬੰਦ ਕਰਕੇ ਦੋ-ਚਾਰ ਅੱਖਰਾਂ ਦਾ ਰੱਟਣ ਕਰਨ ਨਾਲ ਸਹਿਜ਼ ਦੀ ਪ੍ਰਾਪਤੀ ਕਦੇ ਵੀ ਹਾਸਲ ਨਹੀਂ ਹੁੰਦੀ ਆਪ ਜੀ ਫੁਰਮਾਉਂਦੇ ਹਨ {3/919:-ਕਰਮੀ ਸਹਜੁ ਨ ਊਪਜੈ ਵਿਣੁ ਸਹਜੈ ਸਹਸਾ ਨ ਜਾਇ ॥ ਨਹ ਜਾਇ ਸਹਸਾ ਕਿਤੈ ਸੰਜਮਿ ਰਹੇ ਕਰਮ ਕਮਾਏ ॥ ਸਹਸੈ ਜੀਉ ਮਲੀਣੁ ਹੈ ਕਿਤੁ ਸੰਜਮਿ ਧੋਤਾ ਜਾਏ ॥ ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ ॥ ਕਹੈ ਨਾਨਕੁ ਗੁਰ ਪਰਸਾਦੀ ਸਹਜੁ ਉਪਜੈ ਇਹੁ ਸਹਸਾ ਇਵ ਜਾਇ ॥ 18॥ ਗੁਰੂ ਜੀ ਵਾਰ ਵਾਰ ਸਾਨੂੰ ਸਚੇਤ ਕਰਦੇ ਹਨ ਕਿ ਤੂੰ ਇਹ ਬਾਹਰਲੀਆਂ ਏਹੜ ਤੇਹੜ ਦੀਆਂ ਕਹਾਣੀਆਂ ਨੂੰ ਛੱਡਕੇ ਗੁਰੂ ਦੀ ਬਾਣੀ ਨਾਲ ਆਪਣਾ ਜੋੜ ਪਾ ਲੈ ਤਾਂ ਹੀ ਤੇਰੀ ਮਾਨਸਿਕ ਅਵੱਸਥਾ ਉਚੀ ਹੋ ਸਕਦੀ ਹੈ ਆਖਦੇ ਹਨ:-{3/920:-ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ ॥ ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ ॥ } ਜੇ ਇਸ ਤਰੀਕੇ ਨਾਲ ਤੂੰ ਗੁਰੂ ਦੇ ਦਰਸਾਏ ਰਾਹ ਉਪਰ ਚੱਲਦਾ ਰਹੇਂਗਾ ਤਾਂ ਹੀ ਤੇਰਾ ਜੀਵਨ ਉਚ ਦਰਜ਼ੇ ਦਾ ਗਿਆਨਵਾਨਾਂ ਵਾਲਾ ਬਣ ਸਕਦਾ ਹੈ। ਕਿਤੇ ਵੀ ਗੁਰੂ ਜੀ ਨੇ ਸਮਾਧੀਆਂ ਲਾ ਮਾਲਾ ਫੇਰਨ ਦਾ ਜ਼ਿਕਰ ਨਹੀਂ ਕੀਤਾ। ਓਹ ਭਲਿਓ ਜੇ ਕਰ ਸਾਡੇ ਬੱਚੇ ਸਕੂਲ ਵਿੱਚ ਆਪਣੀ ਕਿਤਾਬ ਦਾ ਸਿਰਲੇਖ ਹੀ ਸਾਰਾ ਸਾਲ ਪੜ੍ਹੀ ਜਾਣਗੇ ਤਾਂ ਅਸੀਂ ਉਨ੍ਹਾਂ ਦੇ ਪਾਸ ਹੋ ਕਿ ਅਗਲੀ ਕਲਾਸ ਵਿੱਚ ਜਾਣ ਦੀ ਆਸ ਨਹੀਂ ਲਾ ਸਕਦੇ, ਇਸੇ ਹੀ ਤਰ੍ਹਾਂ ਅੱਜ ਅਸੀਂ ਧਰਮ ਦੀ ਵਿਦਿਆ ਦੇ ਖੇਤਰ ਵਿੱਚ ਕਰ ਕਰਵਾ ਰਹੇ ਹਾਂ। ਸਾਡਾ ਭਲਾ ਹੋਵੇਗਾ ਜੇ ਅਸੀਂ ਇਨ੍ਹਾਂ ਗੱਲਾਂ ਵੱਲ ਅੱਜ ਹੀ ਧਿਆਨ ਦੇਵਾਂਗੇ ਨਹੀਂ ਤਾਂ ਸਮਾਂ ਬਹੁਤ ਬੀਤ ਜਾਵੇਗਾ ਫਿਰ ਕੇਵਲ ਪਛੁਤਾਵਾ ਹੀ ਹੱਥ ਪੱਲੇ ਰਿਹ ਜਾਵੇਗਾ। ਸੰਸਾਰ ਵਿੱਚ ਜੀਵਨ ਨੂੰ ਉਚ ਦਰਜ਼ੇ ਦੀਆਂ ਬਲੰਦੀਆਂ ਤੱਕ ਲੈ ਜਾਣ ਵਾਸਤੇ ਅੱਖਾਂ ਖੋਲਕੇ ਕਈ ਕਈ ਘੰਟੇ ਲਗਾਤਾਰ ਪੜ੍ਹਾਈ ਕਰਨੀ ਪੈਂਦੀ ਹੈ, ਮਹਿਨਤ ਕਰਨ ਦੀ ਜਰੂਰਤ ਹੈ ਫਿਰ ਕਿਤੇ ਜਾ ਕੇ ਕੋਈ ਸਫਲਤਾ ਹਾਸਲ ਹੁੰਦੀ ਹੈ ਪਰ ਅਸੀਂ ਧਰਮ ਦੇ ਖੇਤਰ ਦੀ ਵਿਦਿਆ ‘ਗਿਆਨ’ ਨੂੰ ਹਰ ਗੁਰਦੁਆਰੇ ਅੰਦਰ ਅੱਖਾਂ ਬੰਦ ਕਰਕੇ ਹਾਸਲ ਕਰਨ ਦੀ ਕੋਸ਼ਿਸ਼ ਵਿੱਚ ਹੀ ਲੱਗੇ ਹੋਏ ਹਾਂ। ਜੇ ਕਰ ਅਸੀਂ ਆਪਣੇ ਬਣਾਏ ਧਰਮ ਦੇ ਅਦਾਰਿਆਂ ਦਾ ਪ੍ਰਬੰਧਕ ਢਾਂਚਾ ਨਾਂ ਬਦਲਿਆ ਤਾਂ ਉਹ ਦਿਨ ਦੂਰ ਨਹੀਂ ਕਿ ਅਸੀਂ ਵੀ ਦੁਨੀਆਂ ਦੇ ਤੱਖਤੇ ਤੋਂ ਖਤਮ ਹੋ ਜਾਵਾਂਗੇ। ਸਾਡੇ ਗੁਰਦੁਆਰੇ ਗਿਆਨ ਹਾਸਲ ਕਰਨ ਦੇ ਕੇਂਦਰ ਸਨ, ਇਥੋਂ ਸਾਨੂੰ ਜੀਵਨ ਦਾ ਸਰਬ ਪੱਖੀ ਗਿਆਨ ਪ੍ਰਾਪਤ ਹੋਣਾ ਚਾਹੀਦਾ ਹੈ ਪਰ ਅਸੀਂ ਇਸ ਤੋਂ ਕੋਹਾਂ ਦੂਰ ਚਲੇ ਗਏ ਹਾਂ ਸਾਡੇ ਗੁਰਦੁਆਰਿਆਂ ਵਿੱਚ ਵੀ ਅੱਜ ਫੋਕੀ ਅੱਨ੍ਹੀ ਸ਼ਰਧਾਂ ਦਾ ਹੀ ਅਲਾਪ ਅਲਾਪਿਆ ਜਾ ਰਿਹਾ ਹੈ, ਮਨੋਕਲਪਤ ਕਹਾਣੀਆਂ ਹੀ ਸੁਣਾਈਆਂ ਜਾ ਰਹੀਆਂ ਹਨ ਜਾਂ ਵਾਰ ਵਾਰ ਇਹੋ ਹੀ ਆਖਿਆ ਜਾ ਰਿਹਾ ਹੈ ਕਿ ਸ਼ਰਧਾ ਚਾਹੀਦੀ ਚਾਹੀਦੀ ਹੈ ਗੁਰੂ ਨੇ ਕਿਰਪਾ ਆਪੇ ਹੀ ਕਰ ਦੇਣੀ ਹੈ। ਜਿਨ੍ਹੀ ਜ਼ਿਆਦਾ ਧਰਮ ਦੇ ਰਾਹ ਉਪਰ ਤੁਰਦਿਆਂ ਅੱਨ੍ਹੀ ਸ਼ਰਧਾ ਹੋਵੇਗੀ ਉਤਨੀ ਵੱਡੀ ਲੁੱਟ ਹੋ ਸਕਦੀ ਹੈ। ਸਦੀਆਂ ਬੀਤ ਗਈਆਂ ਹਨ ਇਸ ਤਰ੍ਹਾਂ ਅੱਖਾਂ ਬੰਦ ਕਰਕੇ ਦੋ-ਚਾਰ ਅੱਖਰਾਂ ਦਾ ਰੇਨ ਕਰਕੇ, ਧੰਨ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਿਰੇ ਰੁਮਾਲੇ ਚੜ੍ਹਾਕੇ ਗਿਆਨ ਅੱਜ ਤੱਕ ਸਾਨੂੰ ਨਹੀਂ ਮਿਲਿਆ ਅਤੇ ਨਾਂ ਹੀ ਅਗੇ ਨੂੰ ਇਸ ਤਰੀਕੇ ਨਾਲ ਗਿਆਨ ਦੀ ਪ੍ਰਾਪਤੀ ਦੀ ਆਸ ਹੀ ਲਾਈ ਜਾ ਸਕਦੀ ਹੈ। ਹਾਂ! ਗੁਰੂ ਜੀ ਦਾ ਸਤਿਕਾਰ ਸਾਨੂੰ ਕਰਨਾਂ ਚਾਹੀਦਾ ਹੈ ਪਰ ਗਿਆਨ ਇਸ ਤਰੀਕੇ ਨਾਲ ਹਾਸਲ ਨਹੀਂ ਹੋ ਸਕਦਾ, ਗਿਆਨ ਪ੍ਰਾਪਤ ਕਰਨ ਵਾਸਤੇ ਸਾਨੂੰ ਸਹੀ ਤਰੀਕਾ ਅਪਣਾਉਂਣ ਦੀ ਜਰੂਰਤ ਹੈ। ਗਿਆਨ ਦੇ ਨਾਲ-ਨਾਲ ਮਨੁੱਖ ਪਾਸ ਸ਼ਰਧਾ ਭਾਵਨਾ ਹੋਣੀ ਵੀ ਅਤੀ ਲਾਜ਼ਮੀ ਹੈ, ਸ਼ਰਧਾ ਤੋਂ ਬਿਨ੍ਹਾਂ ਨਿਰ੍ਹਾ ਗਿਆਨ ਵੀ ਹੰਕਾਰੀ ਬਣਾ ਦਿੰਦਾ ਹੈ ਅਤੇ ਜੀਵਨ ਤਬਾਹੀ ਦੀ ਵੱਡੀ ਨਿਸ਼ਾਨੀ ਬਣ ਨਿਬੜਦਾ ਹੈ ਜੇ ਮਨੁੱਖ ਪਾਸ ਗਿਆਨ ਨਾਲ ਸ਼ਰਧਾ ਹੈ ਤਾਂ ਉਹ ਸ਼ਰਧਾ ਪੂਰਨ ਵਿਸ਼ਵਾਸ਼ ਵਾਲੀ ਹੈ, ਖੁੱਲੀਆਂ ਅੱਖਾਂ ਵਾਲੀ ਹੈ, ਐਸੀ ਗਿਆਨ ਭਰਪੂਰ ਸ਼ਰਧਾ ਸੱਚ ਦੇ ਮਾਰਗ ਤੇ ਚੱਲਦਿਆਂ ਮਰ ਮਿਟਣ ਵਾਲੀ ਸ਼ਰਧਾ ਹੈ, ਐਸੀ ਗਿਆਨ ਵਾਲੀ ਸ਼ਰਧਾ ਅਧੀਨ ਲਿਆ ਫੈਸਲਾ ਕਦੇ ਵੀ ਮਨੁੱਖ ਦੇ ਕਦਮਾਂ ਨੂੰ ਸੱਚ ਤੋਂ ਪਿੱਛੇ ਨਹੀਂ ਹਟਣ ਦਿੰਦਾ, ਗਿਆਨ ਅਧੀਨ ਸ਼ਰਧਾ ਮਨੁੱਖ ਦੇ ਜੀਵਨ ਨੂੰ ਅਣਖੀ ਭਰਿਆ ਬਣਾਉਂਦੀ ਹੈ, ਕੁੱਝ ਕਰ ਗੁਜ਼ਰਨ ਦਾ ਜ਼ਜ਼ਬਾ ਪੈਦਾ ਕਰਦੀ ਹੈ, ਧਰਮ ਅੰਦਰ ਗਿਆਨ ਵਾਲੀ ਸ਼ਰਧਾ ਨੂੰ ਕੋਈ ਐਰਾ-ਗੈਰਾ ਲੁੱਟ ਨਹੀਂ ਸਕਦਾ, ਮਾਰ ਨਹੀਂ ਸਕਦਾ, ਗੈਰਤਹੀਣ ਨਹੀਂ ਕਰ ਸਕਦਾ, ਖਰੀਦ ਨਹੀਂ ਸਕਦਾ, ਕੁਰਾਹੇ ਨਹੀਂ ਪਾ ਸਕਦਾ। ਹਾਂ! ਗਿਆਨਵਾਨ ਮਨੁੱਖ ਹੋਰ ਅਨੇਕਾਂ ਨੂੰ ਕੁਰਾਹੇ ਪੈਣ ਤੋਂ ਬਚਾ ਸਕਦਾ ਹੈ, ਗਿਆਨ ਦੀ ਅਜ਼ਮਤ ਨਾਲ ਅਗਿਆਨੀਆਂ ਨੂੰ ਸਹੀ ਜੀਵਨ ਜਾਂਚ ਦੇ ਸਕਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਵਾਰ-ਵਾਰ ਪੜ੍ਹਿਆਂ ਵੀ ਇਹੋ ਤੱਤ ਪ੍ਰਤੱਖ ਸਾਹਮਣੇ ਆਉਂਦਾ ਹੈ ਕਿ ਗਿਆਨ ਮਨੁੱਖ ਦਾ ਸਦੀਵੀਂ ਸਾਥੀ ਹੈ ਜਿਥੇ ਵੀ ਮਨੁੱਖ ਜਾਵੇ ਇਹ ਹਾਸਲ ਕੀਤਾ ਗਿਆਨ ਉਸ ਦੇ ਨਾਲ ਹਮੇਸ਼ਾਂ ਰਹਿੰਦਾ ਹੈ ਅਤੇ ਗੁਰੂ ਜੀ ਹਰ ਮਨੁੱਖ ਨੂੰ ਗਿਆਨਵਾਨ ਬਣਾਉਂਣਾ ਚਾਹੁੰਦੇ ਸਨ ਪਰ ਸਾਡੀ ਬਦ-ਕਿਸਮਤੀ ਕਿ ਅਸੀਂ ਇਸ ਗਿਆਨ ਨੂੰ ਪੜ੍ਹਿਆ ਹੀ ਨਹੀਂ, ਪਰਖਿਆ ਹੀ ਨਹੀਂ ਕੇਵਕ ਕਰਾਏਦਾਰਾਂ ਪਾਸੋਂ ਪੜ੍ਹਾਇਆ ਹੀ ਹੈ, ਪਾਠ ਹੀ ਕਰਵਾਏ ਹਨ। ਅੱਜ ਜਿਨੀ ਵੱਡੀ ਲੁੱਟ ਸਿੱਖ ਧਰਮ ਅੰਦਰ ਪਾਠ ਕਰਨ ਵਾਲਿਆਂ ਨੇ ਮਚਾਈ ਹੈ ਉਤਨੀ ਹੋਰ ਕਿਸੇ ਵੀ ਧਰਮ ਅੰਦਰ ਨਹੀਂ ਹੈ ਮੁਆਫ ਕਰਨਾਂ ਇਹ ਮੇਰੇ ਲਫ਼ਜ਼ ਕੌੜੇ ਹਨ ਪਰ ਸਚਾਈ ਏਹੋ ਹੀ ਹੈ। ਸੋ ਪਾਠਕ ਸਜ਼ਨੋ ਆਉ ਆਪਾ ਗੁਰੂ ਨੂੰ ਹਾਜ਼ਰ ਨਾਜ਼ਰ ਸਮਝਦੇ ਹੋਏ ਆਪਣੇ ਆਪ ਹੀ ਇਕ ਵਾਇਦਾ ਕਰੀਏ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਅਰਥਾਂ ਨਾਲ ਕਰੀਏ ਤਾਂ ਹੀ ਅਸੀਂ ਸ਼ਰਧਾ ਦੇ ਨਾਲ ਨਾਲ ਗਿਆਨਵਾਨ ਬਣ ਸਕਦੇ ਹਾਂ ਨਹੀਂ ਤਾਂ ਅੱਖਾਂ ਮੀਟ ਜਿਨਾਂ ਮਰਜ਼ੀ ਜੋਰ ਲਾ ਲਈਏ ਅਖੀਰ ਪੱਲੇ ਕੁੱਝ ਵੀ ਨਹੀਂ ਪੈਣਾ। ਗੁਰ ਫਤਹਿ ਪ੍ਰਵਾਨ ਕਰਨੀ

ਲੇਖਕ : ਕੁਲਵੰਤ ਸਿੰਘ ਭੰਡਾਲ ਹੋਰ ਲਿਖਤ (ਇਸ ਸਾਇਟ 'ਤੇ): 6
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1357

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ