ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸਰਸਾ ਤੋਂ ਸਰਹੰਦ ਤਕ

ਸਰਸਾ ਤੋਂ ਸਰਹੰਦ ਤਕ ਦੇ ਸਫਰ ਦਾ ਮੁੱਢ ਔਰੰਗਜ਼ੇਬ ਦੇ ਹੁਕਮ “ਜੇ (ਗੁਰੂ) ਫ਼ਕੀਰ ਬਣ ਕੇ ਆਪਣੇ ਵਡੇਰਿਆਂ ਵਾਂਗੂੰ ਰਹੇ ਤੇ ਸਿੱਖਾਂ ਪਾਸੋਂ ਸੱਚਾ ਪਾਤਸ਼ਾਹ ਨਾ ਅਖਵਾਏ, ਜਮੀਅਤ ਜਮ੍ਹਾਂ ਕਰਨ ਤੋਂ ਬਾਜ਼ ਆ ਜਾਏ, ਝਰੋਖੇ ਵਿਚ ਬੈਠ ਕੇ ਦਰਸ਼ਣ ਦੇਣ ਤੇ ਨਮਸਕਾਰਾਂ ਕਰਾਉਣ ਦੇ ਬਾਦਸ਼ਾਹੀ ਤੌਰ ਤਰੀਕੇ ਛੱਡ ਦੇਵੇ ਤਾਂ ਠੀਕ, ਨਹੀਂ ਤਾਂ ਉਸ ਦਾ ਘਰ ਘਾਟ ਬਰਬਾਦ ਕਰ ਕੇ ਉਸਨੂੰ ਵਤਨੋਂ(ਅਨੰਦਪੁਰ ਸਾਹਿਬ ਤੋਂ) ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇ।“ ( ਤਵਾਰੀਖੇ ਸਿਖਾਂ)
ਇਸ ਹੁਕਮ ਦੀ ਤਾਮੀਲ ਬਾਰੇ ਕਵੀ ਸੈਨਾਪਤੀ ਲਿਖਦਾ ਹੈ।
“ ਗੁੱਜਰ ਰੰਘੜ ਬਹੁਤ ਅਪਾਰ। ਬਡੇ ਬਡੇ ਜ਼ੋਧਾ ਅਸ਼ਵਾਰ। ਸੀਰੰਦ ਵਾਲੇ ਹੈ ਹਮਰਾਹੀ। ਗ੍ਹੜ ਲਾਹੌਰ ਤੇ ਫੌਜ ਮੰਗਾਈ। 21।425।
ਬਹੁਤ ਫੌਜ ਕਰ ਏਕੱਠੀ ਜੰਮੂ ਸੰਗ ਮਿਲਾਏ । ਸਬ ਰਾਜਾ ਦਲ ਜ਼ੋਰਿ ਕੇ ਫੇਰ ਪਹੂੰਚੇ ਆਏ।22।426॥ “
ਇਨੀ ਵਡੀ ਗਿਣਤੀ ਦੀ ਫੌਜ ਅਗੇ ਸਿੰਘ ਕੰਧ ਬਣ ਕੇ ਖੜੋ ਗਏ। ਸਾਹਮਣੀ ਟੱਕਰ ਵਿਚ ਨਾਕਾਮ ਸ਼ਾਹੀ ਫੌਜ ਨੇ ਸਾਹਮਣੀ ਟੱਕਰ ਦੀ ਬਜਾਏ ਅਨੰਦਪੁਰ ਨੂੰ ਪੱਕੀ ਤਰ੍ਹਾਂ ਘੇਰ ਲਿਆ। ਜ਼ਬਰਦਸਤ ਘੇਰੇ ਕਾਰਨ ਬਾਹਰੋਂ ਰਾਸ਼ਨ ਪਾਣੀ ਆਉਣੋਂ ਬੰਦ ਹੋ ਗਿਆ। ਇਕ ਮੁਠ ਛੋਲਿਆਂ ਦੀ ਤੇ ਗੁਜ਼ਾਰਾ ਕਰਦੇ ਸਿੰਘ ਸੂਰਮੇਂ ਜਦ ਜੰਗ ਵਿਚ ਕੁੱਦਦੇ ਤਾਂ ਦੁਸ਼ਮਣ ਦੀਆਂ ਫੌਜਾਂ ਵਿਚ ਤਰਥੱਲੀ ਮੱਚ ਜਾਂਦੀ।“ ਇਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਚੋਂ ਵੈਰੀਆਂ ਦੇ ਛੱਕੇ ਸੀ ਛੁੜਾਉਂਦਾ ਤੇਰਾ ਖਾਲਸਾ “ । ਅੱਜ ਦੀਆਂ ਢਾਡੀ ਵਾਰਾਂ ਉਸੇ ਸਮੇਂ ਦੀ ਕਹਾਣੀ ਦਸਦੀਆਂ ਹਨ।
ਅਠ ਮਹੀਨੇ ਦਾ ਘੇਰਾ ਵੀ ਜਦ ਸਿੰਘਾ ਨੂੰ ਡੁਲਾ ਨਾ ਸਕਿਆ ਤਾਂ ਦੁਸ਼ਮਣ ਫਰੇਬ ਤੇ ਉਤਰ ਆਇਆ। ਇਕ ਬ੍ਰਾਹਮਣ ਤੇ ਇਕ ਸੱਯਦ ਨੇ ਕਾਸਦ ਦੇ ਰੂਪ ਵਿਚ ਆਟੇ ਦੀ ਗਊ ਗੀਤਾ ਅਤੇ ਕੁਰਾਨ ਦੀਆਂ ਕਸਮਾਂ ਚੁੱਕ ਕੇ ਗੁਰੂ ਮਹਾਰਾਜ ਨੂੰ ਯਕੀਨ ਦਵਾਉਣ ਦਾ ਯਤਨ ਕੀਤਾ ਕਿ ਇਕ ਵੇਰ ਕਿਲ੍ਹਾ ਛੱਡ ਦਿਓ
ਤੁਹਾਨੂੰ ਕੁਝ ਨਹੀਂ ਕਿਹਾ ਜਾਏਗਾ ਫੌਜਾਂ ਵਾਪਸ ਪਰਤਣ ਤੇ ਤੁਸੀਂ ਫੇਰ ਕਿਲ੍ਹਾ ਸੰਭਾਲ ਲੈਣਾ।
ਸਿਆਣੇ ਕਹਿੰਦੇ ਹਨ ਕਿ ਮੌਤੋਂ ਭੁਖ ਬੁਰੀ। ਕੁਝ ਸਿਦਕੀ ਸਿੰਘਾਂ ਨੂੰ ਛੱਡ ਕੇ ਕੁਝ ਭੁਖ ਹਥੌਂ ਆਤਰ ਹੋਏ ਸਿੰਘ ਕਿਲ੍ਹਾ ਛੱਡਣ ਤੇ ਜ਼ੋਰ ਦੇਣ ਲੱਗੇ। ਭੁਖ ਦੀ ਤੰਗੀ ਕਾਰਨ ਕੁੱਝ ਸਿੰਘ ਛੱਡ ਕੇ ਚਲੇ ਵੀ ਗਏ। ਇਸੇ ਦੌਰਾਨ ਔਰੰਗਜ਼ੇਬ ਦੀ ਇਕ ਹੋਰ ਚਿਠੀ ਮਿਲਦੀ ਹੈ ਕਿ ਜੰਗ ਬੰਦੀ ਦਾ ਐਲਾਨ ਕਰਕੇ ਉਸਨੂੰ ਮਿਲਣ।ਇਸ ਨਾਲ ਹੋਰ ਵੀ ਸਿੰਘ ਕਿਲਹਾਂ ਭੱਡਣ ਤੇ ਜ਼ੋਰ ਦੇਣ ਲੱਗੇ।
ਗੁਰੂ ਗੌਬਿੰਦ ਸਿੰਘ ਜੀ ਦੇ ਜ਼ਫ਼ਰ ਨਾਮੇ ਵਿਚ ਇਸ ਦਾ ਜ਼ਿਕਰ ਹੈ । “ਮਰਾ ਐਤਬਾਰੇ ਬਰਈਂ ਕਸਮ ਨੇਸਤ। ਕਿ ਏਜ਼ਦ ਗਵਾਹ ਅਸਤੁ ਯਜ਼ਦਾਂ ਯਕੇਸਤ”
ਭਾਵ ਖ਼ੁਦਾ ਇਕ ਹੈ ਅਤੇ ਮੇਰਾ ਗਵਾਹ ਹੈ, ਕਿ ਤੇਰੇ ਵਾਹਦੇ ਤੇ ਮੈਨੂੰ ਕੋਈ ਇਤਬਾਰ ਨਹੀਂ।
ਆਖਰ ਗੁਰੂ ਜੀ ਨੇ ਨਾ ਚਾਹੁੰਦਿਆਂ ਹੋਇਆਂ ਵੀ ਸਿੱਖਾਂ ਦੀ ਅਤੇ ਮਾਤਾ ਗੁਜਰੀ ਜੀ ਦੇ ਕਹਿਣ ਤੇ 20 ਦਸੰਬਰ 1704 ਨੂੰ ਕਿਲ੍ਹਾ ਛੱਡਣ ਦਾ ਮੰਨ ਬਣਾ ਲਿਆ ਸਾਰਿਆਂ ਨੂੰ ਅਗਲਾ ਪਰੋਗਰਾਮ ਸੱਮਝਾ ਕੇ ਗੁ੍ਰੂ ਜੀ ਨੇ ਛੋਟੇ ਛੋਟੇ ਜਥਿਆਂ ਵਿਚ ਸਿੰਘਾਂ ਨੂੰ ਕਿਲ੍ਹੇ ਤੋਂ ਬਾਹਰ ਤੋਰਿਆ । ਇਹਨਾਂ ਜਥਿਆਂ ਵਿਚ ਹੀ ਗੁਰੂ ਜੀ ਨੇ ਕੁਝ ਬਹਾਦਰ ਸਿੰਘਾਂ ਦੀ ਦੇਖ ਰੇਖ ਵਿਚ ਮਾਤਾ ਸਾਹਿਬ ਦੇਵਾਂ ਮਾਤਾ ਸੁੰਦਰੀ ਮਾਤ ਗੁਜਰੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਵੀ ਬਾਹਰ ਭੇਜ ਦਿਤਾ। ਅਤੇ ਅੰਤ ਵਿਚ ਗੁਰੂ ਮਹਾਰਾਜ ,ਪੰਜ ਪਿਆਰੇ, ਪੰਜ ਮੁਕਤੇ, ਸਾਹਿਬਜ਼ਾਦਾ ਅਜੀਤ ਸਿੰਘ , ਸਾਹਿਬਜ਼ਾਦਾ ਜੁਝਾਰ ਸਿੰਘ ,ਊਦੇ ਸਿੰਘ ਅਤੇ ਕੁਝ ਹੋਰ ਗੁਰੂ ਜੀ ਤੇ ਜਾਨਨਿਸ਼ਾਵਰ ਕਰਨ ਵਾਲੇ ਸਿੰਘਾਂ ਨੇ ਕਿਲ੍ਹਾ ਛੱਡ ਦਿਤਾ ਕੁਝ ਹੀ ਦੂਰ ਗਏ ਸਨ ਕਿ ਬੇਈਮਾਨ ਦੁਸ਼ਮਣ ਨੇ ਕਸਮਾਂ ਤੋੜ ਪਿਛਿਉਂ ਹਮਲਾ ਕਰ ਦਿਤਾ।
ਪਿਛਿਉਂ ਟਿਡੀ ਦਲ ਦੁਸ਼ਮਣ ਹਮਲਾ ਕਰ ਰਿਹਾ ਸੀ ਸਾਹਮਣੇ ਸੂਕਦੀ ਸਰਸਾ ਰੁਕਾਵਟ ਬਣੀ ਖੜ੍ਹੀ ਸੀ। ਅਗੇ ਖੂਹ ਅਤੇ ਪਿਛੇ ਖਾਈ ਵਾਲੀ ਗੱਲ ਬਣੀ ਹੋਈ ਸੀ। ਪਰ ਅੱਣਖੀ ਜਦ ਮੌਤ ਨੂੰ ਪਾਉਂਦੇ ਵੰਗਾਰਾਂ ਕਜ਼ਾਵਾਂ ਵੀ ਰਸਤਾ ਬਦਲ ਲੈਂਦੀਆਂ ਨੇ। ਨਾ ਹੀ ਦੁਸ਼ਮਣ ਦਾ ਟਿਡੀ ਦਲ ਅਤੇ ਨਾ ਹੀ ਸਰਸਾ ਦਾ ਵੈਹਣ ਗੁਰੂ ਜੀ ਲਈ ਰੁਕਾਵਟ ਪੇਦਾ ਕਰ ਸਕਿਆ। ਗੁਰੂ ਜੀ ਦੇ ਅਣਖੀਲੇ ਸਿੰਘਾ ਨੇ ਉਨਾ ਚਿਰ ਦੁਸ਼ਮਣ ਦੀ ਫੌਜ ਨੂੰ ਰੋਕੀ ਰਖਿਆ ਜਦ ਤਕ ਗੁਰੂ ਜੀ ਪ੍ਰਿਵਾਰ ਸਮੇਤ ਸਰਸਾ ਦੇ ਦੂਸਰੇ ਕਿਨਾਰੇ ਨਹੀਂ ਪੁਜ ਗਏ। ਗੁਰੂ ਦੇ ਸਾਜੇ ਖਾਲਸੇ ਦੀ ਬਹਾਦਰੀ ਨੇ ਇਹ ਸਾਬਤ ਕਰ ਦਿਤਾ ਕਿ ਖਾਲਸਾ ਕਰਾਮਾਂਤਾਂ ਨਾਲ ਨਹੀਂ ਬਾਹੂਬਲ ਨਾਲ ਮੁਸ਼ਕਲਾਂ ਚੋਂ ਨਿਕਲਣਾ ਜਾਣਦਾ ਹੈ।
ਇਥੌਂ ਅਗੇ ਗੁਰੂ ਪ੍ਰਿਵਾਰ ਤਿਨ ਰਾਹਾਂ ਦਾ ਪਾਂਧੀ ਬਣ ਜਾਂਦਾ ਹੈ। ਮਾਤਾ ਸਾਹਿਬ ਦੇਵਾਂ ਅਤੇ ਮਾਤਾ ਸੁੰਦਰੀ ਜੀ ਭਾਈ ਮਨੀ ਸਿੰਘ ਹੋਰਾਂ ਦੇ ਸੰਗ ਹਰਦਵਾਰ ਹੁੰਦੇ ਹੋਏ ਦਿਲੀ ਪੁਜ ਜਾਂਦੇ ਹਨ। ਸਵਾਲ ਖੜਾ ਹੋ ਜਾਂਦਾ ਹੈ ਦਿਲੀ ਕਿਊਂ? ਕਿਊਂਕਿ ਇਹ ਗੱਲ ਕਿਸੇ ਦੇ ਕਿਆਸ ਵਿਚ ਵੀ ਨਹੀਂ ਆ ਸਕਦੀ ਕਿ ਕੋਈ ਵੀ ਅਨੰਦਪੁਰ ਦਾ ਵਾਸੀ ਦਿਲੀ ਵੀ ਪੁਜ ਸਕਦਾ ਹੈ। ਸ਼ੂਭਾਸ਼ਚੰਦਰ ਬੋਸ ਭਗਤ ਰਾਮ ਤਲਵਾੜ ਦੀ ਸਹਾਇਤਾ ਨਾਲ ਅਫਗਾਨਸਤਾਨ ਚਲਾ ਗਿਆ ਸੀ। ਬਰਤਾਨੀਆਂ ਸਰਕਾਰ ਨੂੰ ਪਤਾ ਲਗਣ ਤੇ ਭਗਤ ਰਾਮ ਤਲਵਾੜ ਜੀ ਦੇ ਵਾਰੰਟ ਜਾਰੀ ਹੋ ਗਏ। ਭਗਤ ਰਾਮ ਤਲਵਾੜ ਰੂਪੋਸ਼ ਹੋ ਗਏ ਅਤੇ ਦਸ ਸਾਲ ਦਾ ਲਮਾ ਸਮਾ ਦਿਲੀ ਵਿਚ ਹੀ ਰਹੇ। ਇਕ ਵੇਰ ਮੈਂ ਸਵਾਲ ਕੀਤਾ ਭਾਈ ਸਾਹਿਬ ਤੁਸਾਂ ਦਿਲੀ ਦੀ ਚੋਣ ਕਿਊਂ ਕਿਤੀ ।ਹਸ ਕੇ ਆਖਣ ਲਗੇ “ ਦੁਸ਼ਮਣ ਦੇ ਨੱਕ ਥਲੇ ਛੁਪਣਾ ਸਭ ਨਾਲੋਂ ਆਸਾਨ ਹੈ “ ਮੈਂ ਸਮਝਦਾਂ ਕਿ ਭਾਈ ਮਨੀ ਸਿਘਹੋਰਾ ਦੀ ਵੀ ਇਹੋ ਸੋਚ ਸੀ।
ਦੂਸਰੇ ਰਾਹ ਦੇ ਪਾਂਧੀ। ਗੁਰੂ ਮਹਾਰਾਜ ਵਡੇ ਸਾਹਿਬਜ਼ਾਦਿਆਂ ਅਤੇ ਕੋਈ ਚਾਲੀ ਸਿੰਘਾ ਨਾਲ ਰੋਪੜ ਹੁੰਦੇ ਪੁਜ ਗਏ।
ਤੀਜੇ ਰਾਹ ਦੇ ਪਾਂਧੀਆਂ ਲਈ ਉਲੀਕਿਆ ਠਿਕਾਣਾ ਕੀ ਸੀ ਕੁਝ ਨਹੀਂ ਪਤਾ ਪਰ ਪੁਜਦੇ ਹਨ ਸਰਸਾ ਤੋਂ ਸਰਹੰਦ। ਅਗੇ ਕਿਵੇਂ ਅਤੇ ਕਿਊਂ ਦੀ ਵਾਰਤਾ ਸ਼ੁਰੂ ਕਰਨ ਲਗਾ ਹਾਂ। ਗੁਜਰੀ ਜੀ ਅਤੇ ਦੋ ਛੋਟੇ ਸਾਹਿਬਜ਼ਾਦੇ ਵੀ ਰੋਪੜ ਵਲ ਨੂੰ ਹੀ ਜਾ ਰਹੇ ਸਨ। ਆਮ ਕਿਹਾ ਜਾਂਦਾ ਹੈ ਕਿ ਰਸੌਈਆ ਗੰਗੂ ਉਹਨਾਂ ਨੂੰ ਰਾਹ ਵਿਚ ਮਿਲਦਾ ਹੈ । ਪਰ ਮੇਰੇ ਵਿਚਾਰ ਮੁਤਾਬਕ ਗੰਗੂ ਅਨੰਦ ਪੁਰ ਤੋਂ ਹੀ ਨਾਲ ਹੈ । ਮੁਗਲ ਫੌਜਾਂ ਤੋਂ ਬਚਣ ਲਈ ਇਹ ਚਾਰ ਜੀਵ ਰਾਹੋਂ ਕੁਰਾਹੇ ਪੈ ਕੇ ਕੰਡਿਆਲੀਆਂ ਝਾੜੀਆਂ ਵਿਚ ਦੀ ਜਾ ਰਹੇ ਸਨ ਦੋਵੈਂ ਸਾਹਿਬਜ਼ਾਦੇ ਖੱਚਰ ਤੇ ਸਵਾਰ ਸਨ ਗੰਗੂ ਖੱਚਰ ਦੀ ਬਾਗ ਪਕੜ ਅਗੇ ਅਗੇ ਜਾ ਰਿਹਾ ਹੈ ਅਤੇ ਮਾਤਾ ਗੁਜਰੀ ਜੀ ਪਿਛੇ ਪਿਛੇ। ਗੁਰੂ ਜੀ ਨੇ ਕਿਲ੍ਹਾ ਛੱਡਣ ਵੇਲੇ ਹਰ ਇਕ ਦੀ ਮੰਜ਼ਲ ਨਿਰਧਾਰਤ ਕਰ ਦਿਤੀ ਸੀ ਹਰ ਇਕ ਦਾ ਜ਼ਰੂਰੀ ਸਾਮਾਨ ਵੀ ਖੱਚਰ ਤੇ ਲੱਦਵਾ ਕੇ ਨਾਲ ਭੇਜਿਆ ਸੀ। ਬਿਰਧ ਮਾਤਾ ਗੁਜਰੀ ਅਤੇ ਦੋ ਛੋਟੇ ਸਾਹਿਬਜ਼ਾਦਿਆਂ ਲਈ ਵੀ ਕੋਈ ਸਥਾਨ ਮਿਥਿਆ ਹੋਵੇਗਾ।ਇਹ ਮੇਰੇ ਵਿਚਾਰ ਹਨ ਕਿ ਗੰਗੂ ਬ੍ਰਾਹਮਣ ਸਰਸਾ ਪਾਰ ਹੁੰਦਿਆਂ ਹੀ ਮਾਤਾ ਗੁਜਰੀ ਅਤੇ ਛੋਟੇ ਸ਼ਾਹਿਬਜ਼ਾਦਿਆਂ ਨੂੰ ਲੈ ਕੇ ਰਾਤ ਦੇ ਅੰਧੇਰੇ ਵਿਚ ਰੋਪੜ ਵਲ ਨੂੰ ਚਲ ਪੈਂਦਾ ਹੈ। ਅਤੇ ਬਾਅਦ ਵਿਚ ਮਾਤਗੁਜ਼ਰੀ ਨੂੰ ਆਪਣੇ ਘਰ ਲਿਜਾਣ ਲਈ ਰਜ਼ਾਮੰਦ ਕਰ ਲੈਂਦਾ ਹੈ। ਦੇਰ ਤਕ ਗੁਰੂ ਘਰ ਦਾ ਰਸੋਈਆ ਰਹਿਣ ਕਾਰਨ ਮਾਤਾ ਜੀ ਵੀ ਰਜ਼ਾਮੰਦ ਹੋ ਜਾਂਦੇ ਹਨ। ਪ੍ਰਿਵਾਰ ਵਿਛੜ ਚੁਕਾ ਹੈ, ਕੌਣ ਕਿਥੇ ਹੈ ਕੁਝ ਨਹੀਂ ਪਤਾ, ਬਸਤ੍ਰ ਭਿਜ ਚੁਕੇ ਹਨ, ਪੋਹ ਦਾ ਠਕਾ ਆਪਣਾ ਤਾਣ ਲਾ ਰਿਹਾ ਹੈ, ਰਾਹੋਂ ਕੁਰਾਹੇ ਪੈ ਕੇ ਝਾੜੀਆਂ ਛਿਛੱਰਿਆਂ ਵਿਚੀਂ ਲੰਘ ਰਹੇ ਹਨ ਹਰ ਪਲ ਹਰ ਘੜੀ ਦੁਸ਼ਮਣ ਦਾ ਡਰ ਸਿਰ ਤੇ ਮੰਡਲਾ ਰਿਹਾ ਹੈ ਫੇਰ ਵੀ ਮਾਤਾ ਗੁਜਰੀ ਜੀ ਅਤੇ ਗੁਰੂ ਮਹਾਰਾਜ ਦੇ ਦੋਵੇਂ ਲਾਲ ਬਗੈਰ ਕਿਸੇ ਹਈ ਕਲੱਪ ਦੇ ਸ਼ਾਂਤ ਚਿਤ ਆਪਣੀ ਮੰਜ਼ਲ ਵਲ ਵਧਦੇ ਜਾ ਰਹੇ ਹਨ। ਇਹੋ ਤਾਂ ਨਿਸ਼ਾਨੀ ਹੈ ਰੂਹ ਦੇ ਨਰੋਏਪਣ ਦੀ ।
ਥੋੜਾ ਬਹੁਤਾ ਨਿਘ ਦੇਣ ਵਾਲਾ ਸੂਰਜ ਵੀ ਅਲੋਪ ਹੋ ਗਿਆ। ਜਿਊਂ ਜਿਊਂ ਨਦੀ ਲਾਗੇ ਆ ਰਹੀ ਸੀ ਗੰਗੂ ਦੀ ਘਬਰਾਹਟ ਵੀ ਵੱਧ ਰਹੀ ਸੀ ਕਿ ਜੇ ਕਿਸੇ ਮੁਸਲਮਾਨ ਮਲਾਹ ਨੇ ਮਾਤਾ ਜੀ ਅਤੇ ਗੁਰੂ ਬਾਲਾਂ ਨੂੰ ਪਛਾਣ ਲਿਆ ਤਾਂ ਖੈਰ ਨਹੀਂ ਰਹਿਣੀ ਇਸ ਲਈ ਉਹ ਮਾਤਾ ਜੀ ਅਤੇ ਗੁਰੂ ਬਾਲਾਂ ਨੂੰ ਕਿਸੇ ਉਹਲੇ ਵਿਚ ਬਿਠਾ ਕੇ ਨਦੀ ਤੇ ਜਾਂਦਾ ਹੈ ਉਥੇ ਉਸ ਨੂੰ ਕੀਮਾਂ ਮਲਾਹ ਮਿਲਦਾ ਹੈ। ਕੀਮਾਂ ਮਲਾਹ ਬਾਰੇ ਦੁੱਨਾ ਸਿੰਘ ਹਡੂਰੀਆ ਲਿਖਦਾ ਹੈ।
“ ਇਕ ਸੱਕਾ ਹਿੰਦੂ ਧਰ ਆਹੀ॥ ਤੁਰਕ ਜੋਰ ਤਿਹ ਜਨਮ ਵਟਾਹੀ॥ ਕੰਮੇ ਤੇ ਕੀਮਾ ਤਿਹ ਕੀਨਾ॥ ਤੁਸਹੀ ਕੇ ਗ੍ਰਿਹ ਵਾਸਾ ਲੀਨਾ॥“
ਕਰਮੂ ਤੌਂ ਜਬਰੀ ਬਣਾਇਆ ਮੁਸਲਮਾਨ ਹੁਣ ਕਰਮ ਦੀਨ ਸੀ ਪਰ ਕਮਜ਼ੋਰ ਗਰੀਬ ਨੂੰ ਕਦ ਕੋਈ ਪੂਰੇ ਨਾਮ ਨਾਲ ਬੁਲਾਉਂਦਾ ਹੈ ਇਸੇ ਕਾਰਨ ਕਰਮ ਦੀਨ ਤੋਂ ਉਸਦਾ ਨਾਮ ਸਿਰਫ ਕੀਮਾ ਹੀ ਪੱਕ ਗਿਆ ਸੀ। ਕੀਮਾਂ ਮਲਾਹ ਗੰਗੂ ਦੀ ਗੱਲ ਧਿਆਨ ਨਾਲ ਸੁਣਨ ਉਪਰੰਤ ਇਕ ਲ਼ਮਾ ਸਾਹ ਲੈ ਕੇ ਬੋਲਿਆ ਗੁਰੂ ਜੀ ਤਾਂ ਲੋਕਾਂ ਦਾ ਭਲਾ ਕਰਦੇ ਹਨ, ਰੱਬਾ! ਗੁਰੂ ਜੀ ਦਾ ਰਖਵਾਲਾ ਹੋਈਂ, ਫੇਰ ਕੁਝ ਸੋਚਣ ਉਪਰੰਤ ਆਖਣ ਲਗਾ, “ ਲੈ ਆ, ਇਥੇ ਬੇੜੀ ਵਿਚ ਲਕੋ ਲੈਨੇ ਆਂ ਗੁਰੂ ਮਹਾਰਾਜ ਦੇ ਥਹੁ-ਟਿਕਾਣੇ ਦਾ ਪਤਾ ਲਗਣ ਤੇ ਉਥੇ ਪਹੁੰਚਾ ਦਿਆਂ ਗੇ।“ ਮਾਤਾ ਜੀ ਅਤੇ ਗੁਰੂ ਬਾਲਾਂ ਦੇ ਦਰਸ਼ਣ ਕਰਕੇ ਕੀਮਾਂ ਨਿਹਾਲ ਨਿਹਾਲ ਹੋ ਗਿਆ। ਮਾਤਾ ਜੀ ਅਤੇ ਗੁਰੂ ਬਾਲਾਂ ਦੇ ਚਰਨ ਪਰਸ ਕੇ ਮਾਤਾ ਜੀ ਤੌਂ ਅਸੀਸਾਂ ਲਈਆਂ। ਹੁਣ ਕਰਮੂ ਨੂੰ ਉਹਨਾਂ ਦੇ ਖਾਂਣ ਪੀਣ ਦਾ ਪ੍ਰਬੰਧ ਕਰਨ ਦੀ ਫਿਕਰ ਲਗੀ ਸੋਚ ਸੋਚ ਕੇ ਉਸਨੇ ਸ਼ਹਿਰ ਵਿਚ ਇਕ ਨੇਕ ਦਿਲ ਬ੍ਰਾਹਮਣੀ ਲਛਮੀ ਦੇ ਘਰੋਂ ਖਾਂਣਾ ਲਿਆਉਣ ਦੀ ਸੋਚੀ । ਇਨੇ ਨੂੰ ਗੰਗੂ ਵੀ ਖੱਚਰ ਨੂੰ ਕਿਤੇ ਲੁਕਵੀਂ ਥ੍ਹਾਂ ਬੰਨ ਕੇ ਆ ਗਿਆ ਤਾਂ ਕਰਮੂ ਗੰਗੂ ਨੂੰ ਬੇੜੇ ਦਾ ਖਿਆਲ ਰਖਣ ਲਈ ਆਖ ਕੇ ਆਪ ਰੋਟੀ ਪਾਣੀ ਲੈਣ ਚਲਾ ਗਿਆ । ਲਛਮੀ ਬਾਰੇ ਦੂਨਾ ਸਿੰਘ ਹਡੂਰੀਆ ਦੀ ਲਿਖਤ ਪੜ੍ਹੋ।
“ ਤਹਾ ਏਕ ਬ੍ਰਾਹਮਨੀ ਰਹੇ ॥ ਲਛਮੀ ਨਾਮ ਤਾਸ ਜਗ ਕਹੇ॥ ਵਹੁ ਪ੍ਰਸਾਦ ਕਰ ਹਮੈ ਜਿਵਾਵੈ॥ ਤਿਸ ਕੈ ਗ੍ਰਿਹ ਮੈਂ ਆਪ ਲਿਆਵੈ। ( ਕਥਾ ਗੁਰ ਸੁਤਨ ਕੀ)
“ ਕਮੂੰ ਝੀਵਰ ਜਾਇ ਕਹਾ ਤਿਹ ਗੁਰ ਸੁਤ ਅੳਰ ਮਾਤ ਹਹਿ ਆਈ॥ ਸੁਰਤ ਹੈ ਪ੍ਰਭੂ ਕੀ ਵੈ ਤੀਨੋ, ਦਰਸ਼ਨ ਦੇਖਤ ਭੂਖ ਲਹਿ ਜਾਈ॥ ਤਿਨਹਿ ਪ੍ਰਸ਼ਾਦ ਜਿਵਾਵਨ ਖਾਤਰ, ਆਧੀ ਨਿਸ ਹੈ ਤੋਹੇ ਜਗਾਈ॥ ਭੋਜਨ ਤਿਆਰ ਕਰਹੁ ਅਰ ਦੇਵਹੁ , ਲੇਹੋ ਪਰਸੰਨਤਾ ਹਰਿ ਜੀ ਪਾਈ॥ (ਸ਼ਹੀਦੀ ਨਾਮਾ ਛੰਦ 96-97)
ਲਛਮੀ ਨੇ ਬੜੇ ਪਿਆਰ ਨਾਲ ਖਾਣਾ ਤਿਆਰ ਕਰ ਕੇ ਦਿਤਾ। ਕਰਮੂ ਨੇ ਗੁਰੂ ਮਾਤਾ ਅਤੇ ਗੁਰੂ ਬਾਲਾਂ ਨੂੰ ਬੜੈ ਪ੍ਰੇਮ ਨਾਲ ਪ੍ਰਸ਼ਾਦਾ ਛਕਾਇਆ। ਮਾਤਾ ਜੀ ਨੇ ਅਕਾਲ ਪੁਰਖ ਦਾ ਸ਼ੁਕਰਾਂਨਾਂ ਕੀਤਾ ਅਤੇ ਕਰਮੂ ਨੂੰ ਅਸੀਸ ਦਿੰਦਿਆਂ ਆਖਣ ਲਗੇ ਕਰਮੂ ਤੇਰੀ ਦਰਗਾਹ ਵਿਚ ਬਣ ਆਵੇ।
ਗੰਗੂ ਚਲਾ ਗਿਆ ਕਰਮੂ ਨੇ ਜੋ ਕੁਝ ਕੋਲ ਸੀ ਕੁਝ ਬੇੜੀ ਵਿਚ ਵਿਛਾ ਕੇ ਕੁਝ ਉਪਰ ਲੈਣ ਲਈ ਹਾਜ਼ਰ ਕਰ ਦਿੱਤਾ। ਆਪ ਬੇੜੀ ਦੇ ਬਾਹਰ ਪਹਿਰੇ ਤੇ ਖੜੋ ਗਿਆ। ਥਕਾਵਟ ਨਾਲ ਚੂਰ ਚੂਰ ਸਰੀਰਾਂ ਨੂੰ ਕੁਝ ਨਿੱਘ ਆਉਂਦਿਆਂ ਹੀ ਨੀਂਦ ਰਾਣੀ ਨੇ ਆਪਣੀ ਆਗੋਸ਼ ਵਿਚ ਲੈ ਲਿਆ ਅਤੇ ਢੇਰ ਦਿਨ ਚੜ੍ਹੈ ਤਕ ਸੁਤੇ ਰਹੇ । ਅਗਲੇ ਦਿਨ ਵੀ ਕਰਮੂ ਇਹਨਾਂ ਨੂੰ ਬੇੜੀ ਵਿਚ ਛੁਪਾਈ ਰਖਣ ਵਿਚ ਸਫਲ ਰਿਹਾ
ਦੂਸਰੇ ਦਿਨ ਗੰਗੂ ਨੇ ਆ ਕੇ ਮਾਤ ਗੁਜਰੀ ਜੀ ਨੂੰ ਦਸਿਆ ਮੁਗਲ ਫੌਜ ਤਾਂ ਅਗੇ ਲੰਘ ਗਈ ਹੈ ਪਰ ਗੁਰੂ ਜੀ ਦਾ ਹਾਲੇ ਕੋਈ ਪਤਾ ਨਹੀਂ ਲੱਗ ਸਕਿਆ
ਹੁਣ ਮੇਰਾ ਘਰ ਤੁਹਾਡੇ ਲਈ ਜ਼ਿਆਦਾ ਸੁੱਰਖਿਅਤ ਹੋਵੇਗਾ , ਰਾਤ ਦੇ ਅੰਧੇਰੇ ਵਿਚ ਮੈਂ ਤੁਹਾਨੂੰ ਆਪਣੇ ਘਰ ਲੈ ਚਲਾਂ ਗਾ। ਗੂਰੂ ਜੀ ਦਾ ਪਤਾ ਲਗਦਿਆਂ ਤੁਹਾਂਨੂੰ ਉਹਨਾ ਪਾਸ ਪਹੁੰਚਾ ਦਿਆਂਗਾ। ਮਾਤਾ ਜੀ ਵੀ ਰਾਜ਼ੀ ਹੋ ਗਏ।
ਸ਼ਾਮ ਨੂੰ ਬੀਬੀ ਲਛਮੀ ਪਰਸ਼ਾਦ ਪਾਣੀ ਲੈ ਕੇ ਆਪ ਹਾਜ਼ਰ ਹੋ ਗਈ। ਮਾਤਾ ਜੀ ਅਤੇ ਗੁਰੂ ਬਾਲਾਂ ਦਿ ਹਾਲਤ ਦੇਖ ਕੇ ਉਹ ਆਪਣੇ ਹੰਝੂ ਨਾ ਰੋਕ ਸਕੀ । ਮਾਤਾ ਜੀ ਨੇ ਬੀਬੀ ਲਛਮੀ ਨੂੰ ਆਪਣੀ ਬੁਕਲ ਵਿਚ ਲੈ ਕੇ ਧੀਰਜ ਦਿੱਤਾ। ਬੀਬੀ ਲਛਮੀ ਦੀ ਨਿਸਕਾਮ ਭਾਵਨਾਂ ਤੋਂ ਪ੍ਰਭਾਵਤ ਹੋ ਕੇ ਮਾਤਾ ਜੀ ਨੇ ਬੜੇ ਹੀ ਪ੍ਰੇਮ ਨਾਲ ਬੀਬੀ ਲਛਮੀ ਨੂੰ ਜੋ ਦਿਤਾ, ਭਾਈ ਦੂਨਾਂ ਸਿੰਘ ਦੀ ਲਿਖਤ ਵਿਚ ਉਸ ਦਾ ਜ਼ਿਕਰ ਕੁਝ ਇਸ ਤਰ੍ਹਾਂ ਹੈ।
ਦੋਇ ਮੁਹਰ ਕੀ ਆਰਸੀ ਪੰਚ ਚੂੜੀਆਂ ਸਾਥ॥ ਤਿਸੀ ਬ੍ਰ੍ਰਾਹਮਣੀ ਕੋ ਦਈ ਜੋ ਪ੍ਰਸਾਦ ਵਤਿ ਖਵਾਤ॥ ( ਕਥਾ ਗੁਰ ਸੁਤਨ ਕੀ )
ਬੀਬੀ ਲਛਮੀ ਜੀ ਨੇ ਗੰਗੂ ਨੂੰ ਰਾਏ ਦਿਤੀ ਕਿ ਹਾਲੇ ਖਤਰਾ ਬਹੁਤ ਹੈ ਇਸ ਲਈ ਗੁਰੂ ਮਾਤਾ ਅਤੇ ਗੁਰੂ ਬਾਲਾਂ ਨੂੰ ਉਹ ਕੁਝ ਦਿਨਾਂ ਲਈ ਆਪਣੇ ਘਰ ਲੈ ਜਾਣਾ ਚਾਹੁੰਦੀ ਹੈ ਤਾਂ ਕਿ ਕੋਈ ਹੋਰ ਮੁਸੀਬਤ ਨਾਂ ਆਵੇ। ਮਾਤਾ ਜੀ ਨੇ ਵੀ ਇਸ ਦੀ ਪਰਵਾਨਗੀ ਦੇ ਦਿਤੀ।
ਮਾਤਾ ਅਰ ਗੁਰ ਕੇ ਸੁਤ ਭਾਈ। ਲਛਮੀ ਕੇ ਗ੍ਰਿਹ ਇਹ ਤੀਨੇ ਆਈ॥ ਤਿਨਹਿ ਕੀਨੀ ਸੇਵ ਅਪਾਰਾ॥ ਮਨਹਿ ਉਪਜਿਯੋ ਫਰੇਮ ਬਹੁ ਭਾਰਾ॥ ਛਤੀ ਪ੍ਰਕਾਰ ਕੇ ਭੋਜਨ ਕੀਨੇ॥ ਅਮਰ ਵਿਛਨੇ ਮਖਮਲੀ ਕੀਨੇ॥ ਮੁਠੀ ਚਾਪੀ ਕੀਨੀ ਬਹੁ ਭਾਈ॥ ਵੱਡੇ ਭਾਗ ਲਛਮੀ ਹਰਖਾਈ॥ ( ਸ਼ਹੀਦੀ ਨਾਮਾ ਛੰਦ 100-101)
ਲਛਮੀ ਬਾਈ ਨੇ ਮਾਤਾ ਗੁਜਰੀ ਅਤੇ ਗੁਰੂ ਬਾਲਾਂ ਲਈ ਭਾਂਤ ਭਾਤ ਦੇ ਖਾਣੇ ਬਣਾਏ। ਭਾਗਾਂ ਨਾਲ ਹੀ ਸੇਵਾ ਮਿਲਦੀ ਸਮਝ ਕੇ ਪੁੱਜ ਕੇ ਸੇਵਾ ਕੀਤੀ ।
ਅਗਲੇ ਦਿਨ ਜਦ ਰਾਤ ਪਈ ਤਾਂ ਗੰਗੂ ਗੁਰੂ ਮਾਤਾ ਅਤੇ ਗੁਰੂ ਬਾਲਾਂ ਨੂੰ ਆਪਣੇ ਘਰ ਲੈ ਜਾਣ ਲਈ ਆ ਗਿਆ। ਮਾਤਾ ਜੀ ਨੇ ਬੀਬੀ ਲਛਮੀ ਦਾ ਸੇਵਾ ਭਾਵ ਦੇਖ ਕੇ ਜਦ ਕੁਝ ਮੋਹਰਾਂ ਦੇਣੀਆਂ ਚਾਹੀਆਂ ਤਾਂ ਬੀਬੀ ਲਛਮੀ ਨੇ ਭਰੀਆਂ ਅੱਖਾਂ ਨਾਲ ਮਾਤਾ ਜੀ ਦੇ ਚਰਨ ਫੜਦਿਆਂ ਬੇਨਤੀ ਕੀਤੀ ਮੈਂ ਤੁਹਾਡੇ ਦਰਸ਼ਣਾ ਨਾਲ ਨਿਹਾਲ ਹੋ ਗਈ ਹਾਂ। ਬੇਨਤੀ ਹੈ ਕਿ ਜਿਉਂਦੇ ਜੀ ਤੁਹਾਡੇ ਗੁਰ ਪੁੱਤਰ ਦੇ ਦਰਸ਼ਣ ਕਰਨ ਦੀ ਅਭਿਲਾਖਾ ਵੀ ਪੂਰੀ ਹੋ ਜਾਵੇ ਤਾਂ ਮੈ ਵਡਭਾਗੀ ਹੋਵਾਂਗੀ
ਗੰਗੂ ਮਾਤਾ ਜੀ ਅਤੇ ਗੁਰੂ ਬਾਲਾ ਨੂੰ ਨਾਲ ਲੈ ਕੇ ਕਰਮੂ ਪਾਸ ਆ ਗਿਆ । ਕਰਮੂ ਦੇ ਬੇੜੇ ਵਿਚ ਨਦੀ ਪਾਰ ਕਰਨ ਉਪਰੰਤ ਮਾਤਾ ਜੀ ਨੇ ਜਦ ਕਰਮੂ ਨੂੰ ਕੁਝ ਮੋਹਰਾਂ ਦੇਣੀਆਂ ਚਾਹੀਆਂ ਤਾਂ ਕਰਮੂ ਨੇ ਮਾਤਾ ਜੀ ਦੇ ਚਰਨ ਪ੍ਰਸਦਿਆਂ ਹੋਇਆਂ ਬੇਨਤੀ ਕੀਤੀ “ ਮਾਤਾ ਜੀ। ਮੈਂ ਤਾਂ ਇਕ ਛੋਟਾ ਜਿਹਾ ਮਲਾਹ ਹਾਂ ਮੇਰੀ ਸਮਰੱਥਾ ਸਿਰਫ ਇਕ ਛੋਟੇ ਜਿਹੇ ਦਰਿਆ ਪਾਰ ਕਰਾਉਣ ਤਕ ਹੈ । ਦੁਨੀਆਂ ਰੂਪੀ ਭਵਸਾਗਰ ਤੋਂ ਪਾਰ ਲੱਘਾਉਂਣ ਵਾਲਾ ਤੁਹਾਡਾ ਪੁੱਤਰ ਤਾਂ ਇਕ ਮਹਾਨ ਮਲਾਹ ਹੈ ।ਕੋਈ ਵੀ ਮਲਾਹ ਕਿਸੇ ਦੂਜੇ ਮਲਾਹ ਜਾਂ ਉਸਦੇ ਕਿਸੇ ਪ੍ਰਿਵਾਰਕ ਜੀਵ ਤੋਂ ਦਰਿਆ ਪਾਰ ਕਰਨ ਲਈ ਕੁਝ ਨਹੀਂ ਲੈਂਦਾ। ਮਲਾਹ ਧਰਮ ਦੀ ਉਲੰਘਣਾ, ਮਾਤਾ ਜੀ! ਮੈਂ ਨਹੀਂ ਕਰ ਸਕਦਾ। ਇਕੋ ਬੇਨਤੀ ਹੈ ਕਿ ਗੁਰੂ ਜੀ ਮੇਰੀ ਅੰਤਮ ਯਾਤਰਾ ਸਮੇਂ ਮੇਰੇ ਪਿਛਲੇ ਔਗਣ ਨਾ ਚਿਤਾਰਦੇ ਹੋਏ ਮੇਨੂੰ ਵੀ ਭਵਸਾਗਰ ਤੋਂ ਪਾਰ ਕਰ ਦੇਣ। ਮਾਤਾ ਜੀ ਨੇ ਕਰਮੂ ਦੇ ਸਿਰ ਤੇ ਹੱਥ ਰਖ ਕੇ ਅਸੀਸ ਦਿਤੀ ਕਰਮੂ ਸਤਗੁਰ ਤੇਰੀ ਰਖਿਆ ਕਰਨ ਤੈਨੂੰ ਨਾਮ ਚਿਤ ਆਵੇ।
ਕਰਮੂ ਦੇ ਇਸ ਵਰਤਾਰੇ ਤੋਂ ਇਕ ਗੱਲ ਸੂਰਜ ਦੀ ਧੁਪ ਵਾਂਗਰ ਨਿੱਖਰ ਕੇ ਸਾਹਮਣੇ ਆ ਜਾਂਦੀ ਹੈ ਕਿ ਧਰਮ ਕਮਾਉਣਾ ਅਤੇ ਦੇਸ਼ ਕੌਮ ਲਈ ਕੁਰਬਾਨ ਹੋਣਾਂ
ਸਿਰਫ ਗਰੀਬਾਂ ਅਤੇ ਮੱਧ ਵਰਗ ਲੋਕਾਂ ਦੇ ਹਿਸੇ ਆਇਆ ਹੈ, ਮਾਇਆਧਾਰੀ ਦਾ ਧਰਮ ਤਾਂ ਸਿਰਫ ਧਰਮ ਦੀ ਖਰੀਦੋ-ਫਰੋਖਤ ਤਕ ਸੀਮਤ ਹੈ। ਸੰਸਾਰ ਦੇ ਹਰ ਧਰਮ ਹਰ ਕੌਮ ਵਿਚ ਇਕ ਸਾਂਝ ਬਣ ਚੁੱਕੀ ਹੈ ਕਿ ਧਾਰਮਿਕ ਆਗੂ ਅਧੱਰਮੀ ਸਿਆਸਤਦਾਨਾਂ ਦਾ ਹਥ ਠੋਕਾ ਬਣ ਕੇ ਗਰੀਬ ਅਤੇ ਮੱਧ ਵਰਗ ਦੇ ਬਚਿਆਂ ਨੂੰ ਧਰਮ ਅਤੇ ਦੇਸ਼ ਭਗਤੀ ਦੇ ਨਾਂ ਤੇ ਕੁਰਬਾਨੀ ਦਾ ਬਕਰਾ ਬਣਾ ਦਿੰਦੇ ਹਨ, ਕੁਰਬਾਨੀਆਂ ਲਈ ਮੱਧ ਵਰਗ ਅਤੇ ਗਰੀਬਾਂ ਦੇ ਬੱਚੇ ਅਗਲੀ ਕਤਾਰ ਵਿਚ ਖੜ੍ਹੇ ਨਜ਼ਰ ਆਉਂਦੇ ਹਨ ਅਤੇ ਫਲ ਖਾਣ ਵੇਲੇ ਸਭ ਨੂੰ ਪਿੱਛੇ ਧੱਕ ਕੇ ਮਾਇਆਧਾਰੀ ਦਾਅ ਮਾਰ ਜਾਂਦੇ ਹਨ।
ਆਪਣੀ ਗੱਲ ਵਲ ਵਾਪਸ ਆਊਂਦੇ ਹਾਂ ਗੁਰੂ ਮਾਤਾ ਅਤੇ ਗੁਰੂ ਬਾਲਾਂ ਨੂੰ ਨਾਲ ਲੈ ਕੇ ਗੰਗੁ ਆਪਣੇ ਘਰ ਸਹੇੜੀ ਪੁਜ ਜਾਂਦਾ ਹੈ। ਚਮਕੌਰ ਤੌਂ ਆ ਰਹੀਆਂ ਖਬਰਾਂ ਨਾਲ ਗੰਗੂ ਨੂੰ ਯਕੀਨ ਹੋ ਚੁਕਾ ਸਿ ਕਿ ਗੁਰੂ ਪ੍ਰਿਵਾਰ ਦੀ ਕਹਾਣੀ ਖਤਮ ਹੋ ਚੁਕੀ ਹੇ । ਗੁਰੂ ਮਾਤਾ ਤੇ ਗੁਰੂ ਬਾਲ ਹੁਣ ਬੇਸਹਾਰਾ ਹੋ ਚੁਕੇ ਹਨ ਉਸ ਦੀ ਪਾਪ ਬਿਰਤੀ ਉਸ ਨੂੰ ਫਾਇਦਾ ਉਠਾਉਣ ਲਈ ਉਤੇਜਤ ਕਰਦੀ ਹੈ। ਵਕਤ ਹੈ ਮਾਲ ਵੀ ਲੁਟ ਲੈ ਅਤੇ ਸਰਕਾਰ ਤੋਂ ਵੀ ਅਨਾਮ ਕੁਨਾਮ ਹਾਸਲ ਕਰ ਲੈ।
ਭਾਈ ਸੁਖਾ ਸਿੰਘ ਗੁਰੂ ਬਿਲਾਸ ਪਾਤਸ਼ਾਹੀ ਦਸ ਵਿਚ ਲਿਖਦੇ ਹਨ।
“ ਹੁਤੋ ਮਸੰਦ ਨੀਚ ਇਕ ਪਾਪੀ॥ ਬਿਪਾ ਬੰਸ ਚੰਡਾਰ ਸੋ ਖਾਪੀ॥ ਰੋਪਰ ਤੇ ਵਹੁ ਰਾਹੁ ਭੁਲਾਈ॥ ਨਿਜ ਪੁਰ ਕੋ ਲੈ ਗਯੋ ਕਸਾਈ॥ ਸਾਹਿਬਜ਼ਾਦੇ ਦੋਊ ਕੁਮਾਰ॥ ਤੀਜੇ ਦਾਦੀ ਸਾਥ ਨਿਹਾਰ॥ ਏਕ ਆਧ ਅਨ ਖਿਜਮਤਦਾਰ॥ ਖੱਚਰ ਧਨ ਘੋਰ ਜੁਗ ਚਾਰ॥ ਪਲਕ ਹਜੂਰ ਸੁ ਰਹੇ ਪਛਾਰਿ॥ ਫਰਕ ਪਯੌ ਰਜਨੀ ਮਧਕਾਰੀ ॥ਬਿਪਤ ਕਹੀ ਮਿਲਤੀ ਹੈ ਅਭੀ॥ ਏ ਆਗੇ ਜਾਵਤ ਹੈ ਸਬੀ॥ ਯੋ ਕਹਿ ਕਰ ਦੋਖੀ ਲੈ ਧਾਣੌ॥ ਆਪਨ ਗ੍ਰਾਮ ਨੀਚ ਲੈ ਆਯੋ॥ ਖੱਚਰ ਮਾਇਆ ਨਿਰਖ ਗਵਾਰ॥ ਬੂਡੋ ਪਾਪੀ ਲੌਭ ਮਝਾਰ॥ ਐਸ ਬਿਚਾਰ ਘਾਵ ਲੈ ਆਯੋ ॥ ਮਾਤਾ ਜੀ ਯਹ ਭੇਦ ਨਾ ਪਾਯੋ॥
ਗੰਗੂ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਨੂੰ ਆਪਣੇ ਘਰ ਤਕ ਲਿਆਉਣ ਵਿਚ ਸਫਲ ਹੋ ਜਾਣ ਕਾਰਨ ਖੁਸ਼ ਸੀ। ਗੁਜਰੀ ਵਲੋਂ ਬੀਬੀ ਲਛਮੀ ਅਤੇ ਕਰਮੂ ਨੂੰ ਮੋਹਰਾ ਦੇਣ ਸਮੇਂ ਮਾਤਾ ਜੀ ਦੀ ਮੁਹਰਾਂ ਵਾਲੀ ਖੁਰਜੀ ਵੀ ਗੰਗੂ ਦੀ ਨਿਗ੍ਹਾ ਚੱੜ੍ਹ ਚੁਕੀ ਸੀ । ਹੁਣ ਉਸ ਦਾ ਬੇਈਮਾਨ ਮਨ ਉਸ ਖੁਰਜੀ ਨੂੰ ਵੀ ਹਰ ਹਾਲ ਵਿਚ ਹਥਿਆਉਣ ਲਈ ਬੇਹਬਲ ਹੋ ਰਿਹਾ ਸੀ। ਉਸਨੇ ਘਰ ਦੇ ਅੰਦਰ ਇਕ ਕੋਠੜੀ ਵਿਚ ਗੁਰੂ ਮਾਤਾ ਅਤੇ ਗੁਰੂ ਬਾਲਾਂ ਨੂੰ ਲੁਕਾ ਲਿਆ। ਉਹ ਚਾਹੰਦਾ ਸੀ ਕਿ ਤਿਨੇ ਛੇਤੀ ਤੋਂ ਛੇਤੀ ਸੌਂ ਜਾਣ ਤਾਂ ਕਿ ਉਹ ਮਾਲ ਚੁਰਾ ਸਕੇ।
ਰਾਤ ਨੂੰ ਤਾਂ ਗੰਗੂ ਦਾ ਦਾਅ ਨਾ ਲਗਾ ਸਵੇਰ ਸਾਰ ਜਦ ਮਾਤਾ ਜੀ ਅਸਨਾਨ ਕਰਨ ਚਲੇ ਗਏ ਤਾਂ ਗੰਗੂ ਨੇ ਉਹ ਖੁਰਜੀ ਚੁਰਾ ਲਈ । ਅਸ਼ਨਾਨ ਕਰਕੇ ਵਾਪਸ ਆਏ ਤਾਂ ਗੁਰੂ ਬਾਲ ਵੀ ਜਾਗ ਚੁਕੇ ਸਨ ਤਿਨਾਂ ਨੇ ਬੜੀ ਸ਼ਰਧਾ ਨਾਲ ਜਪੁ ਜੀ ਸਾਹਿਬ ਦਾ ਪਾਠ ਕੀਤਾ। ਪਾਠ ਕਰਨ ਉਪਰੰਤ ਜਦ ਮਾਤਾ ਜੀ ਬਿਸਤਰ ਠੀਕ ਕਰਨ ਲਗੇ ਤਾਂ ਮਾਇਆ ਵਾਲੀ ਖੁਰਜੀ ਗਾਇਬ ਦੇਖ ਕੇ ਮਾਤਾ ਜੀ ਨੇ ਗੰਗੂ ਨੂੰ ਸਦ ਕੇ ਬੜੀ ਹੀ ਧੀਮੀ ਆਵਾਜ਼ ਵਿਚ ਪੁਛਿਆ ਗੰਗੂ ਮੇਰੀ ਖੁਰਜੀ ਨਹੀਂ ਮਿਲ ਰਹੀ ਕਿਤੇ ਤੈਂ…..। ਗੰਗੂ ਨੇ ਵਿਚੋਂ ਟੋਕਦਿਆ ਗੁਸਾ ਜ਼ਾਹਰ ਕਰਦਿਆਂ ਆਖਿਆ “ ਮੈਂ ਤੁਹਾਨੂੰ ਰਾਤ ਹੀ ਦਸ ਦਿਤਾ ਸੀ ਕਿ ਆਪਣਾ ਮਾਲ ਸੰਭਾਲ ਕੇ ਰਖਿਉ ਇਥੇ ਚੋਰ ਬਹੁਤ ਹਨ। ਰਾਤੀ ਹੀ ਮੈਨੂੰ ਸੰਭਾਲ ਦਿੰਦੇ ਤਾਂ ਕੀ ਹਰਜ ਸੀ , ਪਰ ਤੁਸੀਂ ਹੋ ਕਿਸੇ ਤੇ ਵਿਸ਼ਵਾਸ ਕਰਨਾ ਜਾਣਦੇ ਹੀ ਨਹੀਂ।“ ਨਹੀਂ ਗੰਗੂ ਇਹ ਗੱਲ ਨਹੀਂ ਜੇ ਤੈਂ ਕਿਤੇ ਸੰਭਾਲ ਕੇ ਰਖ ਲਈ ਹੈ ਤਾਂ ਚੰਗੀ ਗੱਲ ਹੈ । ਅਛਾ ਮੈਂ ਹੁਣ ਚੋਰ ਹੋ ਗਿਆ, ਨੇਕੀ ਕਰਨ ਦਾ ਤਾਂ ਸਮਾਂ ਹੀ ਨਹੀਂ। ਇਕ ਤਾਂ ਸਰਕਾਰੀ ਮੁਜਰਮਾਂ ਨੂੰ ਆਪਣੇ ਘਰ ਵਿਚ ਪਨਾਹ ਦੇ ਕੇ ਖੁਦ ਮੁਜਰਮ ਬਣ ਗਿਆ ਹਾਂ ਦੂਜਾ ਤੁਸੀਂ ਚੋਰੀ ਦਾ ਇਲਜ਼ਾਮ ਲਾ ਰਹੇ ਹੋ।“ “ ਨਹੀਂ ਗੰਗੂ ਮੈਂ ਤੇਰੇ ਤੇ ਕੋਈ ਤੋਹਮਤ ਨਹੀਂ ਲਾ ਰਹੀ ਫੇਰ ਦੇਖ ਲੈਂਦੀ ਹਾ ਸ਼ਾਇਦ ਮੇਥੌਂ ਹੀ ਕਿਤੇ ਅਗੇ ਪਿਛੇ ਰੱਖ ਹੋ ਗਈ ਹੋਵੇ।“ ਮਾਤਾ ਜੀ ਵਲੋਂ ਗੱਲ ਨੂੰ ਨਿਪਟਾਉਣ ਦਾ ਯਤਨ ਵੀ ਕਾਰਗਰ ਨਾ ਹੋਇਆ। ਗੰਗੂ ਗੁਸੇ ਵਿਚ ਉਚੀ ਉਚੀ ਬੋਲਦਾ “ ਚੰਗਾ ਬਦਲਾ ਦਿਤਾ ਏ। ਹੁਣੇ ਜਾਂਦਾ ਹਾਂ ਪਿੰਡ ਦੇ ਚੌਧਰੀ ਕੋਲ, ਫੇਰ ਤੁਸੀ ਜਾਣੋ
ਤੇ ਉਹ ਜਾਣੇ ਮੈਂ ਤਾਂ ਸੁਰਖਰੂ ਹੋ ਜਾਵਾਂਗਾ “ ਆਖਦਾ ਹੋਇਆ ਬਾਹਰ ਨਿਕੱਲ ਗਿਆ।
ਮੁਸੀਬਤ ਤੇ ਮੁਸੀਬਤ ਮਾਤਾ ਜੀ ਨੂੰ ਸੋਚੀਂ ਪਿਆ ਦੇਖ ਜੁਝਾਰ ਸਿੰਘ ਨੇ ਗਲਵਕੜੀ ਪਾ ਕੇ ਮੁਸਕਰਾਂਉਦਿਆਂ ਹੋਇਆਂ ਆਖਿਆ ਬੜੀ ਮਾਂ ਜ਼ਦ ਸਚਾ ਸਤਗੁਰ ਸਾਡੇ ਨਾਲ ਹੈ ਘਬਾਰਾਉਣ ਦੀ ਕੀ ਲੋੜ ਹੇ।“ ਮਾਤਾ ਜੀ ਨੇ ਦੋਵਾਂ ਬਾਲਾਂ ਨੂੰ ਆਪਣੀ ਗੋਦੀ ਵਿਚ ਲੈ ਲਿਆ ਪਰ ਆਉਣ ਵਾਲੀ ਮੁਸੀਬਤ ਨੇ ਫੇਰ ਸੋਚਣ ਲਈ ਮਜਬੂਰ ਕਰ ਦਿਤਾ। “ ਜੋ ਕਿਛੁ ਲੇਖ ਲਿਖਿਉ ਬਿਧਨਾ ਸੋਈ ਪਾਇਉ……..” ਦਾ ਵਿਚਾਰ ਆਂਉਦਿਆਂ ਹੀ ਮਾਤਾ ਜੀ ਨੇ ਕਰਤਾਰ ਤੇ ਡੋਰੀ ਰਖਦਿਆਂ “ ਜਿਊਂ ਭਾਵੇ ਤਿਊਂ ਰਖ ਲਾ “ ਆਖ ਕੇ ਆਉਣ ਵਾਲੀ ਮੁਸੀਬਤ ਦਾ ਟਾਕਰਾ ਕਰਨ ਦੀ ਤਿਆਰੀ ਸ਼ੁਰੂ ਕਰ ਦਿਤੀ ਗੁਰੂ ਬਾਲਾਂ ਵਲ ਧਿਆਨ ਦਿਤਾ ਉਹਨਾਂ ਦੇ ਦਸਤਾਰਾਂ ਸਜਾਈਆਂ ।
ਹੋਰ ਸਾਮਾਨ ਟਿਕਾਣੇ ਲਗਾ ਕੇ ਇਨਾਮ ਕਨਾਮ ਹਾਸਲ ਕਰਨ ਲਈ ਗੰਗੂ ਪਿੰਡ ਦੇ ਚੌਧਰੀ ਨੂੰ ਨਾਲ ਲੈ ਕੇ ਮੋਰਿੰਡਾ ਪੁਜ ਗਿਆ। ਮੋਰਿੰਡਾ ਤੋਂ ਜਾਨੀ ਖਾਂ ਮਾਨੀ ਖਾਂ ਨੇ ਕੋਈ ਦੇਰ ਕੀਤੀ ਵਗੈਰ ਮਾਤਾ ਗੁਜਰੀ ਅਤੇ ਗੁਰੂ ਬਾਲਾਂ ਨੂੰ ਗੰਗੂ ਦੇ ਘਰੋਂ ਸਹੇੜੀ ਤੋਂ ਕੈਦ ਕਰ ਕੇ ਸਰਹੰਦ ਨੂੰ ਚਾਲੇ ਪਾ ਦਿਤੇ। ਗੰਗੂ ,ਪਿੰਡ ਦਾ ਚੌਧਰੀ ਅਤੇ ਰੰਘੜ ਜਾਨੀ ਖਾਂ ਮਾਨੀ ਖਾਂ ਚਾਰੋਂ ਇਨਾਮ ਕਨਾਮ ਦੀ ਉਡੀਕ ਵਿਚ ਛੇਤੀ ਤੌਂ ਛੇਤੀ ਸੂਬੇਦਾਰ ਵਜ਼ੀਰਖਾਨ ਨੂੰ ਇਹ ਖੁਸ਼ਖਬਰੀ ਦੇਣਾ ਚਾਹੂਦੇ ਸਨ। ਮਾਤਾ ਜੀ ਨੇ ਬਚਿਆਂ ਦੇ ਕਸੂਰ ਬਾਰੇ ਸਵਾਲ ਕੀਤਿਆਂ ਦਾ ਬੋਲੇ ਕੰਨਾ ਤੇ ਕੋਈ ਅਸਰ ਨਾ ਹੋਇਆ। ਮਾਤਾ ਜੀ ਨੇ ਗੰਗੂ ਨੂੰ ਫਿਟਕਾਰ ਪਾਈ ਗੰਗੂ ! ਲੂਣ ਹਰਾਮੀ! ਕਿਨਾ ਚਿਰ ਤੇਰੀ ਇਹ ਮਕਾਰੀ ਚਲੇਗੀ , ਸਾਡਾ ਸਾਰਾ ਮਾਲ ਚੋਰੀ ਕਰ ਕੇ ਤੈਨੂੰ ਸਬਰ ਨਾ ਆਇਆ ਜੋ ਹੁਣ ਇਨਾਮ ਕਨਾਮ ਲਈ ਸਾਨੂੰ ਜ਼ਾਲਮ ਦੀ ਕੈਦ ਵਿਚ ਪਾ ਰਿਹਾ ਹੈਂ , ਯਾਦ ਰਖੀਂ ਦੋਵਾਂ ਜਹਾਨਾਂ ਚੋਂ ਧਕਿਆ ਜਾਵੇਂਗਾ ਆਉਣ ਵਾਲੀਆਂ ਨਸਲਾਂ ਵੀ ਤੈਨੂੰ ਫਿਟਕਾਰ ਪਾਉਂਣਗੀਆ।ਤੇਰੇ ਇਸ ਕਾਰੇ ਨੇ ਤਾਂ ਸਾਰੀ ਬ੍ਰਾਹਮਣ ਕੌਮ ਦਾ ਇਤਬਾਰ ਗੁਆ ਦਿਤਾ। ਗੰਗੂ ਤੇ ਇਹਨਾਂ ਗੱਲਾਂ ਦਾ ਕੋਈ ਅਸਰ ਨਹੀਂ ਸੀ ਉਸਨੇ ਮਾਲ ਤਾਂ ਹੜੱਪ ਹੀ ਲਿਆ ਸੀ ਹੁਣ ਤਾਂ ਉਸ ਦੀ ਨਜ਼ਰ ਸਿਰਫ ਇਨਾਮ ਕਨਾਮ ਤੇ ਹੀ ਸੀ। ਜਾਨੀ ਖਾਂ ਨੇ ਰੋਭ੍ਹ ਜਮਾਂਦਿਆਂ ਆਖਿਆ” ਏ ਬੁੜ੍ਹੀਆ ਕਬ ਸੇ ਦੇਖ ਰਹਾਂ ਹੂੰ ਚੁਪ ਹੋਨੇ ਕਾ ਨਾਮ ਹੀ ਨਹੀਂ ਲੇਤੀ ਸਰਹੰਦ ਕੇ ਸੁਬੇਦਰ ਕੋ ਝੁਕ ਕੇ ਸਲਾਮ ਕਰਕੇ ਗਿੜਗਿੜਾਨਾ ਰਹਿਮ ਕੀ ਭੀਖ ਮਾਂਗਨਾਂ ਵੁਹ ਤੁਝੇ ਮਾਫ ਕਰ ਸਕਤੇ ਹੈਂ।“ ਅਸੀ ਗੁਰੁ ਗੋਬਿੰਦ ਸਿੰਘ ਦੇ ਪੁਤਰ ਹਾਂ ਸਾਨੂੰ ਸਿਰਫ ਅਕਾਲ ਪੁਰਖ ਦੇ ਅਗੇ ਸਿਰ ਝੁਕਾਂਉਣ ਦੀ ਸਿਖਿਆ ਦਿਤੀ ਗਈ ਹੈ।“ ਇਹ ਸੁਣ ਜਾਨੀ ਖਾਂ ਸੜ ਬਲ ਕੇ ਕੋਲੇ ਹੋ ਗਿਆ।
ਮਾਤਾ ਗੁਜਰੀ , ਸਾਹਿਬਜ਼ਾਦਾ ਜੁਝਾਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਸਰਹੰਦ ਵਜ਼ੀਰਖਾਨ ਦੀ ਕਚਹਿਰੀ ਵਿਚ ਪੁਜ ਗਏ। ਜਾਂਨੀ ਖਾ ਨੇ ਕਿਹਾ ਹਜ਼ੂਰ ਨੂੰ ਸਲਾਮ ਕਰੋ । ਤਿਨੇ ਚੁਪ ਕਰ ਕੇ ਖੜੇ ਰਹੇ ਭੈ ਰਹਿਤ ਚੇਹਰਿਆਂ ਦਾ ਜਲਾਲ ਝਲਿਆ ਨਹੀਂ ਸੀ ਜਾਂਦਾ। ਜਾਨੀ ਖਾਂ ਨੇ ਵਜੀਰਖਾਨ ਦੇ ਲਾਗੇ ਹੁੰਦਿਆਂ ਇਕ ਤਾਂ ਸਾਹਿਬਜ਼ਾਦਾ ਜੋਰਾਵਰ ਸਿੰਘ ਵਲੋਂ ਦਿਤਾ ਜਵਾਬ “ਇਹ ਸਿਰ ਕਿਸੇ ਅਗੇ ਨਹੀਂ ਝੁਕਦਾ “ ਦੂਸਰਾ ਗੰਗੂ ਵਲੋਂ ਇਹਨਾ ਦਾ ਮਾਲ ਚੁਰਾਉਣ ਦੀ ਜਾਣਕਾਰੀ ਦਿਤੀ।
ਵਜ਼ੀਰਖਾਨ ਨੇ ਗੁਰੂ ਮਾਤਾ ਅਤੇ ਗੁਰੂ ਬਾਲਾਂ ਨੂੰ ਠੰਡੇ ਬੁਰਜ ਭੇਝਣ ਦਾ ਹੁਕਮ ਸੁਣਾ ਦਿਤਾ ਅਤੇ ਦਰੋਗੇ ਨੂੰ ਹੁਕਮ ਦਿਤਾ ਕਿ ਸ਼ਾਹੀ ਮੁਜਰਮਾਂ ਦਾ ਸਾਰਾ ਸਮਾਨ ਸ਼ਾਹੀ ਖਜ਼ਾਨੇ ਜਮਾਂ ਕਰਾਇਆ ਜਾਏ। ਉਸ ਸਮਾਨ ਆਉਣ ਤੇ ਗੰਗੂ ਨੂੰ ਵੀ ਕੁਝ ਹਿਸਾ ਇਨਾਮ ਵਜੋਂ ਦਿਤਾ ਜਾਵੇ। ਗੰਗੂ ਨੂੰ ਚੋਰਾਂ ਤੇ ਮੋਰ ਪੈ ਗਏ ਦਬਿਆ ਹੋਇਆ ਸਾਮਾਨ ਕੋਈ ਹੋਰ ਲੈ ਗਿਆ। ਸਾਮਾਨ ਨਾ ਮਿਲਣ ਤੇ ਗੰਗੂ ਨੂੰ ਧੋਖੇਬਾਜ਼ ਸਮਝਦਿਆਂ ਹੋਇਆਂ ਪਹਿਲਾਂ ਤਾਂ ਦਰੋਗੇ ਨੇ ਉਸਦੀ ਖੂਬ ਛਿਤਰ ਪਰੇਟ ਕੀਤੀ ਮਗਰੌਂ ਵਜ਼ੀਰਖਾਨ ਨੇ ਕੁਝ ਹੋਰ ਸਖਤ ਸਜਾ ਦਿਤੀ ਜੈਸੀ ਕਰਨੀ ਵੈਸੀ ਭਰਨੀ ਦਾ ਕਥਨ ਸੱਚਾ ਹੋਣ ਨੂੰ ਦੇਰ ਨਾ ਲਗੀ । ਆਖਰ ਫਿਟਕਾਰਾਂ ਦੀ ਵੱਡੀ ਪੰਡ ਚੁੱਕੀ ਗੰਗੂ ਨਰਕਾਂ ਦੇ ਰਾਹੇ ਪੈ ਗਿਆ । ਉਸਦੇ ਪ੍ਰਿਰਵਾਰ ਦੇ ਬਾਕੀ ਜੀ ਕਸ਼ਮੀਰ ਨੂੰ ਭੱਜ ਗਏ ਦਸੇ ਜਾਂਦੇ ਹਨ। ਇਹ ਕਿਥੌਂ ਤਕ ਸੱਚ ਹੈ ਦਾ ਤਾਂ ਪਤਾ ਨਹੀਂ ਪਰ ਕਈ ਲੇਖਕ ਗੰਗੂ ਪ੍ਰਿਵਾਰ ਨੂੰ ਪੰਡਤ ਨੈਹਰੂ ਦੇ ਵੱਡੇ ਵਡੇਰੇ ਮੰਨਦੇ ਹਨ।
ਹੁਣ ਛੋਟੀਆਂ ਜਿੰਦਾਂ ਵੱਡਾ ਸਾਕਾ ਸ਼ੁਰੂ ਹੁੰਦਾ ਹੈ । ਇਹ ਪਰਖ ਦੀ ਘੜੀ ਹੈ । ਆਉਣ ਵਾਲੇ ਕੁਝ ਦਿਨਾਂ ਵਿਚ ਸਿਦਕ ਦੀ ਪਰਖ ਹੋਣੀ ਹੈ, ਸੇਵਾ ਭਾਵ ਦੀ ਜੋਤ ਜੱਗਣੀ ਹੈ, ਜਨੂੰਨ ਦਾ ਦਿਖਾਵਾ ਹੋਵੇਗਾ, ਆਹ ਦਾ ਨਾਹਰਾ ਮਾਰਨ ਵਾਲਾ ਵੀ ਨਜ਼ਰੀ ਆਵੇਗਾ।
ਮਾਤਾ ਗੁਜਰੀ ਸਾਹਿਬਜ਼ਾਦਾ ਜੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਠੰਡੇ ਬੁਰਜ ਵਿਚ ਕੈਦ ਕਰ ਦਿਤੇ ਗਏ। ਸੂਬੇਦਾਰ ਵਜ਼ੀਰਖਾਨ ਅਤੇ ਉਸ ਦੇ ਸਲਾਹਕਾਰਾਂ ਦਾ ਖਿਆਲ ਸੀ ਕਿ ਰਾਤ ਦੀ ਠੰਢ ਅਤੇ ਭੁਖ ਨੂੰ ਬਰਦਾਸ਼ਤ ਨਾ ਕਰਦੇ ਹੋਏ ਅਗਲੀ ਪੇਸ਼ੀ ਇਹਨਾਂ ਵਿਚ ਇਨੀ ਕਮਜ਼ੋਰੀ ਆ ਜਾਵੇਗੀ ਕਿ ਅਸਾਨੀ ਨਾਲ ਜੋ ਮਰਜ਼ੀ ਮਨਾਇਆ ਜਾ ਸਕਦਾ ਹੈ।
ਸ਼ਾਮ ਤਕ ਇਸ ਦਰਦ ਭਰੇ ਸਾਕੇ ਵਿਚ ਸੂਬੇਦਾਰ ਵਜ਼ੀਰਖਾਨ ਦਾ ਰਸੋਈਆ ਭਾਈ ਮੋਤੀ ਰਾਮ ਅਨਜਾਮ ਨੂੰ ਭਲੀਭਾਂਤ ਜਾਣਦਿਆਂ ਹੋਇਆਂ ਇਸ ਸਾਕੇ ਨਾਲ ਜੁੜ ਜਾਂਦਾ ਹੈ। “ ਮੋਤੀ ਰਾਮ ਸੰਗਤਪੁਰਿ ਵਾਸੀ॥ ਰਾਮ ਨਾਮ ਜਪ ਪੁਨ ਕਮਾਸੀ॥ ਹਿੰਮਤ ਸਿੰਘ ਤਿਤ ਚਾਚੂ ਜਾਨਹੁ॥ਪਾਂਚ ਪਯਾਰਨ ਮਾਹਿ ਪ੍ਰਧਾਨਹੁ।“ ( ਸ਼ਹੀਦੀ ਨਾਮਾ ਭਾਈ ਕਿਸ਼ਨ ਸਿੰਘ ਜੀ ) । ਭਾਈ ਹਿੱਮਤ ਸਿੰਘ ਭਾਈ ਮੋਤੀ ਰਾਮ ਦਾ ਚਾਚਾ ਸੀ। ਭਾਈ ਮੋਤੀ ਰਾਮ ਨਜ਼ਰ ਬੰਦ ਕੈਦੀਆਂ ਦੇ ਲੰਗਰ ਦਾ ਇੰਚਾਰਜ ਸੀ । ਉਸ ਨੂੰ ਜਦ ਪਾਤਾ ਲਗਾ ਕਿ ਹਾਕਮ ਜਮਾਤ ਗੁਰੂ ਮਾਤਾ ਅਤੇ ਗੁਰੂ ਬਾਲਾਂ ਨੂੰ ਭੁਖੇ ਰੱਖ ਕੇ ਉਹਨਾਂ ਦੀ ਆਤਮਾਂ ਨੂੰ ਨਿਰਬਲ ਕਰ ਕੇ ਈਨ ਮਨਾਉਂਣਾ ਚਾਹੰਦੇ ਹਨ ਤਾਂ ਉਸ ਦੀ ਆਤਮਾਂ ਤੜਪ ਉਠੀ ਧ੍ਰਿਕਾਰ ਹੈ ਮੋਤੀ ਰਾਮ ਤੇਰ ਤੇ ਜੇ ਇਸ ਬਿਖੜੇ ਸਮੇਂ ਗੁਰੂ ਪ੍ਰਿਵਾਰ ਦੀ ਸੇਵਾ ਨਾ ਕਰ ਸਕਿਆ। ਘਰ ਆ ਕੇ ਆਪਣੇ ਪ੍ਰਿਵਾਰ ਨਾਲ ਮਸ਼ਵਰਾ ਕੀਤਾ ਹਾਂ ਪਖੀ ਹੁੰਘਾਰਾ ਮਿਲਣ ਨਾਲ ਉਸ ਦਾ ਅਕੀਦਾ ਹੋਰ ਪੱਕਾ ਹੋ ਗਿਆ। ਉਸ ਦੀ ਧਰਮ ਪਤਨੀ ਨੇ ਬੜੀ ਸ਼ਰਧਾ ਅਤੇ ਸੁਚਮ ਵਰਤਦਿਆਂ ਤਿਆਰ ਕੀਤਾ ਹੋਇਆ ਗਰਮ ਦੁੱਧ ਦਾ ਗੜਵਾ ਫੜਾਉਂਦਿਆਂ ਇਕ ਪੋਟਲੀ ਵੀ ਭਾਈ ਮੋਤੀ ਰਾਮ ਨੂੰ ਫੜਾਈ । “ ਭਾਗਵਾਨ ਇਹ ਕੀ “ ਭਾਈ ਮੋਤੀ ਰਾਮ ਨੇ ਜਾਨਣਾ ਚਾਹਿਆ।“ ਇਸ ਵਿਚ ਦਰਵਾਜ਼ੇ ਦੀ ਕੁੰਜੀ ਹੈ । ਪਹਰੇਦਾਰ ਦੇ ਹੱਥ ਤੇ ਧਰੇ ਚਾਂਦੀ ਦੇ ਇਹ ਗਹਿਣੇ ਤੁਹਾਡੇ ਅੰਦਰ ਜਾਣ ਲਈ ਸਹਾਈ ਹੋਣਗੇ।“ ਭਾਗਵਾਨ ਤੂੰ ਧੰਨ ਹੈਂ “ ਆਖ ਕੇ ਭਾਈ ਮੋਤੀ ਰਾਮ ਨੇ ਬੁਰਜ ਵਲ ਚਾਲੇ ਪਾ ਦਿਤੇ। ਭਾਈ ਪ੍ਰੇਮ ਸਿੰਘ ਸਤਰੌਣ ਲਿਖਦੇ ਹਨ।
ਅਸ ਵਿਚਾਰ ਗਾ ਨਿਸ ਗ੍ਰਿਹ ਮਾਹਿ॥ ਪੈ ਗੜਵਾ ਇਕ ਲੀਨ ਪਰਾਹਿ॥ ਅਮਰ ਅੰਭ ਘਟ ਕੋਰੋ ਭਰਿਯੋ ॥ਹਿਤ ਮਾਤ ਕੈ ਲਿਆਵਨ ਕਰਿਯੋ॥ ਪਹਿਰੇਦਾਰਨ ਰੋਕਿਯੋ ਜਬੈ॥ ਕਰ ਮਿੰਨਤ ਕੁਛ ਦੀਨੋ ਤਬੈ॥ ਛੋਡ ਦੀਨ ਮਾਤਾ ਢਿਗ ਆਯੋ॥ ਦੁਗਧ ਘਟਾ ਪੈ ਅਗ੍ਰ ਧਰਾਯੋ॥ ਗੁਰਪੁਰ ਪ੍ਰਕਾਸ਼ ( ਭਾਗ ਛੌਥਾ)
ਤਰਕੀਬ ਕੰਮ ਆਈ ਅੰਦਰ ਜਾ ਕੇ ਮਾਤਾ ਜੀ ਦੇ ਚਰਨ ਪਰਸਦਿਆਂ ਬੇਨਤੀ ਕੀਤੀ।“ ਪਰਮਪੂਜਯ ਮਾਤਾ ਜੀ! ਆਪ ਜੀ ਦਾ ਦੁਖ ਮੇਥੋਂ ਦੇਖਿਆ ਨਹੀਂ ਜਾਂਦਾ
ਮੈਂ ਆਪ ਜੀ ਨੂੰ ਇਥੌਂ ਮੁਕਤ ਤਾਂ ਨਹੀਂ ਕਰਾ ਸਕਦਾ । ਆਪਣੀ ਸਮਰੱਥਾ ਅਨਸਾਰ ਸੇਵਾ ਜ਼ਰੂਰ ਕਰਾਂ ਗਾ। ਇਹ ਦੁੱਧ ਦਾ ਗੜਵਾ ਮੇਰੀ ਦਸਾਂ ਨੋਹਾਂ ਦੀ ਕਿ੍ਤ ਦਾ ਹੈ।ਮਾਤਾਂ ਜੀ ਸਵੀਕਾਰ ਕਰੋ।ਭਾਈ ਮੋਤੀ ਰਾਮ ਦੀ ਸ਼ਰਧਾ ਅਤੇ ਪ੍ਰੇਮ ਦੇਖ ਕੇ ਮਾਤਾ ਜੀ ਨੇ ਸਾਹਿਬਜ਼ਾਦਿਆਂ ਨੂੰ ਵੀ ਦੁੱਧ ਛਕਾਇਆ ਅਤੇ ਆਪ ਵੀ ਛਕਿਆ।
ਪਿਖ ਕੈ ਪ੍ਰੇਮ ਸੁ ਮੋਤੀ ਕੇਰਾ॥ਮਾਤਾ ਕਹਯੋ ਭਲਾ ਹਵੈ ਤੇਰਾ॥
ਜੇ ਭਾਈ ਮੋਤੀ ਰਾਮ ਦਾ ਬਸ ਹੁੰਦਾ ਤਾਂ ਉਹ ਰਾਤ ਭਰ ਗੁਰੂ ਮਾਤਾ ਅਤੇ ਗੁਰੂ ਬਾਲਾਂ ਦੀ ਸੇਵਾ ਵਿਚ ਹਾਜ਼ਰੀ ਭਰਦਾ। ਮਜਬੂਰੀ ਬਸ ਉਸਨੇ ਮਾਤਾ ਜੀ ਦੇ ਚਰਨ ਪਰਸੇ ਅਤੇ ਸਾਹਿਬਜ਼ਾਦਿਆਂ ਨੂੰ ਫਤਿਹ ਬੁਲਾਈ ਅਤੇ ਫੇਰ ਆਉਣ ਦਾ ਵਾਅਦਾ ਕਰ ਕੇ ਚਲਾ ਗਿਆ। ਸਾਹਿਬਜ਼ਾਦੇ ਆਪਣੀ ਦਾਦੀ ਮਾਂ ਤੋਂ ਗੁਰ ਇਤਹਾਸ ਸੁਣਦੇ ਸੌਂ ਗਏ ਤਾਂ ਮਾਤਾ ਜੀ ਵੀ ਕੁਝ ਸਮਾਂ ਆਉਣ ਵਾਲੇ ਭਲਕ ਬਾਰੇ ਸੋਚਦੇ ਸੋਚਦੇ ਸੌਂ ਗਏ।
ਦੂਸਰਾ ਦਿਨ ਚੜ੍ਹ ਆਇਆ। ਨਵਾਬ ਸਰਹੰਦ ਨੇ ਜਾਨੀ ਖਾਂ ਨੂੰ ਗੁਰੂ ਬਾਲਾਂ ਨੂੰ ਦਰਬਾਰ ਵਿਚ ਹਾਜ਼ਰ ਕਰਨ ਦਾ ਹੁਕਮ ਦਿਤਾ। ਮਾਤਾ ਜੀ ਨੇ ਗੁਰੂ ਬਾਲਾਂ ਨੂੰ ਭੇਜਣ ਤੇ ਕੁਝ ਝਿੱਝਕ ਦਖਾਈ ਤਾਂ ਜਾਨੀ ਖਾਂ ਨੇ ਕਿਹਾ “ ਫਿਕਰ ਕਰਨ ਦੀ ਬਜਾਏ ਇਹਨਾਂ ਨੂੰ ਸਮਝਾ ਦਿਉ ਕਿ ਦਰਬਾਰ ਵਿਚ ਬਾਕੀਆਂ ਵਾਂਗ ਇਹ ਵੀ ਝੁਕ ਕੇ ਸਲਾਮ ਕਰਨ ਅਤੇ ਨਵਾਬ ਸਾਹਿਬ ਦਾ ਹੁਕਮ ਮੰਨ ਲੈਣ ਬਸ ਕੁਝ ਹੀ ਦੇਰ ਬਾਅਦ ਛੱਡ ਜਾਵਾਂਗਾ। ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਬੋਲੇ “ ਬੜੇ ਮਾਤਾ ਜੀ ਇਸ ਨੂੰ ਦਸ ਦਿਓ ਗੁਰੂ ਗੋਬਿੰਦ ਸਿੰਘ ਦੇ ਲਾਲ ਅਕਾਲ ਪੁਰਖ ਤੋਂ ਬਗੈਰ ਕਿਸੇ ਅਗੇ ਨਹੀਂ ਝੁਕਦੇ।“ ਦਰਬਾਰ ਵਿਚ ਦਾਖਲ ਹੁੰਦਿਆਂ ਹੀ ਗੁਰੂ ਬਾਲਾਂ ਨੇ ਹਰ ਦਰਬਾਰੀ ਵਲ ਕੁਝ ਇਸ ਤਰਾਂ ਤਕਿਆ ਜਿਵੇਂ ਉਹ ਖੁਦ ਹੀ ਦਰਬਾਰ ਦੇ ਮਾਲਕ ਹੋਣ । ਕਈ ਦਰਬਾਰੀਆਂ ਦੀ ਤਾਂ ਉਹਨਾਂ ਨਾਲ ਅਖਾਂ ਸੋਹੀਆਂ ਕਰਨ ਦੀ ਹਿੰਮਤ ਹੀ ਨਾ ਪਈ। ਜਾਂਨੀ ਖਾ ਨੇ ਆਖਿਆ “ ਸਾਹਿਬ ਕੇ ਦਰਬਾਰ ਮੇਂ ਆਏ ਹੋ ਝੁਕ ਕਰ ਸਲਾਮ ਕਰੋ “ ਪਰ ਗੁਰੂ ਬਾਲ ਤਾਂ ਨਵਾਬ ਵਲ ਨੂੰ ਪਿਠ ਦੇ ਖਲੋਤੇ।“ ਨਾਸਮਝ ਮਤ ਬਨੋ ਨਵਾਬ ਸਾਹਿਬ ਵਕਤ ਕੇ ਹਾਕਮ ਹੈਂ ਉਨ ਕੋ ਸਲਾਮ ਕਰੋ ਔਰ ਮੁਆਫੀ ਮਾਂਗੋ “ ਜਾਂਨੀ ਖਾਂ ਨੇ ਦੂਜੀ ਵੇਰ ਜ਼ਰਾ ਸਖਤੀ ਨਾਲ ਕਿਹਾ। ਤਾਂ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਨੇ ਕਿਹਾ “ ਕੋਣ ਹਾਕਮ ! ਅਸੀ ਨਹੀਂ ਕਿਸੇ ਵੀ ਹਾਕਮ ਨੂੰ ਮੰਨਦੇ ਸਾਡਾ ਮਾਲਕ ਤਾਂ ਸਿਰਫ ਅਕਾਲਪੁਰਖ ਹੈ । ਸਾਡਾ ਸਿਰ ਸਿਰਫ ਅਕਾਲ ਪੁਰਖ ਅਗੇ ਝੁਕਦਾ ਹੈ ।
ਨਵਾਬ ਗੁਸੇ ਵਿਚ ਆ ਕੇ ਆਖਣ ਲਗਾ “ ਇਸਲਾਮ ਕਬੂਲ ਕਰ ਲੈਣ ਤੇ ਮੈਂ ਤੁਹਾਡੇ ਸਾਰੇ ਗੁਨਾਹ ਮਾਫ ਕਰ ਦੇਵਾਂਗਾ ਤੁਹਾਨੂੰ ਛੱਡ ਦਿਤ ਜਵੇਗਾ ਫੇਰ ਜਿਥੇ ਮਰਜ਼ੀ ਜਾ ਸਕਦੇ ਹੋ ਜੇ ਨਹੀਂ ਮੰਨਣਾ ਤਾਂ ਮਾਰ ਦਿਤੇ ਜਾਉਗੇ। “ ਸਾਹਿਬਜ਼ਾਦਾ ਫ਼ਤਿਹ ਸਿੰਘ ਨੇ ਆਪਣੇ ਵਡੇ ਵੀਰ ਨੂੰ ਪੁਛਿਆ “ ਇਹ ਕੀ ਕਹਿੰਦੇ ਹਨ “ ਇਹ ਸਾਨੂੰ ਮਾਰਨ ਦੀ ਗੱਲ ਕਰਦੇ ਹਨ ਪਰ ਮੈਂ ਇਹਨਾਂ ਨੂੰ ਦਸ ਦਿਤਾ ਹੈ ਕਿ ਅਸੀ ਮਰਨ ਤੋਂ ਨਹੀਂ ਡਰਦੇ “ ਫ਼ਤਿਹ ਸਿੰਘ ਨੇ ਆਖਿਆ “ ਤੁਸੀ ਠੀਕ ਹੀ ਆਖਿਆ ਹੈ ਇਹ ਲੋਕ ਸਾਨੂੰ ਨਹੀਂ ਮਾਰ ਸਕਦੇ “
ਨਵਾਬ ਨੇ ਗੁਸੇ ਵਿਚ ਕਿਹਾ “ ਵਾਪਸ ਲੈ ਜਾਊ ਇਹਨਾ ਨੂੰ । ਉਸ ਬੁੱਢੜੀ ਨੂੰ ਚੰਗੀ ਤਰਾਂ ਸਮਝਾ ਦਿਉ ਕਿ ਸਿਰਫ਼ ਇਕ ਦਿਨ ਦੀ ਹੋਰ ਮੋਹਲਤ ਦੇ
ਰਿਹਾ ਹਾਂ ਜੇ ਇਸੇ ਤਰ੍ਹਾਂ ਜ਼ਿੱਦ ਤੇ ਅੜੇ ਰਹੇ ਤਾਂ ਕਲ ਨੂੰ ਕਤਲ ਕਰਾ ਦਿਆ ਗਾਂ”
ਇਸ ਮਨਹੂਸ ਖਬਰ ਨਾਲ ਮਾਤਾ ਗੁਜਰੀ ਜੀ ਤੇ ਸਕਤੇ ਦਾ ਆਲਮ ਛਾ ਗਿਆ ਹੋਵੇਗਾ। ਇਕ ਪਲੜੇ ਵਿਚ ਬਚਿਆਂ ਪੱਰਤੀ ਪਿਆਰ ਬਾਲਾਂ ਨੂੰ ਬਚਾਉਣ ਲਈ ਮਜਬੂਰ ਕਰ ਰਿਹਾ ਹੋਵੇਗਾ ਅਤੇ ਦੂਜੇ ਪਲੜੇ ਵਿਚ ਜ਼ਾਲਮ ਨਾਲ ਟਕਰ ਦੌਰਾਨ ਕੁਰਬਾਨੀਆਂ ਭਰਿਆ ਇਤਹਾਸ ਖੜੋਤਾ ਪੁਕਾਰ ਰਿਹਾ ਹੋਵੇਗਾ ਮਾਤਾ ਪਰਖ ਦੀ ਘੜੀ ਹੈ। ਮਾਤਾ ਬਿਰਧ ਹੈ ਕੋਈ ਸਲਾਹਕਾਰ ਨਹੀਂ । ਇਨੇ ਨੂੰ ਪਿਛਲੀ ਰਾਤ ਵਾਂਗ ਭਾਈ ਮੋਤੀ ਰਾਮ ਜੀ ਨੇ ਗਰਮ ਦੁੱਧ ਲੈ ਕੇ ਸੇਵਾ ਵਿਚ ਹਾਜ਼ਰ ਹੁੰਦਿਆਂ ਸਾਹਿਬਜ਼ਾਦਿਆਂ ਦੇ ਸਿਦਕ ਅਤੇ ਦਲੇਰੀ ਦੀ ਗੱਲ ਵੀ ਮਾਤਾ ਜੀ ਨਾਲ ਸਾਂਝੀ ਕੀਤੀ।“ ਅਛਾ! ਕੱਲ ਨੂੰ ਮੇਰੇ ਲਾਲ ਦੇ ਲਾਲ ਸ਼ਹੀਦ ਕਰ ਦਿਤੇ ਜਾਣਗੇ। ਇਹ ਤਾਂ ਮਹਾਂ ਪਾਪ ਹੋਵੇਗਾ, ਸੰਸਾਰ ਦੇ ਇਤਹਾਸ ਵਿਚ ਇਕ ਅਨੋਖੀ ਘਟਨਾ ਨਾਲ ਜ਼ਾਲਮ ਕਲੰਕਤ ਹੋ ਜਾਵੇਗਾ “ ਪਾਪੀ ਕੇ ਮਾਰਨੇ ਕੋ ਪਾਪ ਮਹਾਂ ਬਲੀ ਹੈ “ ਭਾਈ ਮੋਤੀ ਰਾਮ ਇਸ ਜ਼ਾਲਮ ਸਰਕਾਰ ਦੇ ਨਾਸ਼ ਦਾ ਕਾਰਨ ਮੇਰੇ ਇਹ ਛੋਟੇ ਲਾਲ ਬਣਨਗੇ। ਭਾਈ ਜੀ ਤੁਹਾਡੀ ਸੇਵਾ ਵੀ ਥਾਏ ਪਈ ਹੈ ਆਉਣ ਵਾਲੀਆਂ ਨਸਲਾਂ ਤੁਹਾਨੂੰ ਯਾਦ ਕਰਨਗੀਆਂ।
ਸਵੇਰ ਹੋਈ ਤਿਨਾਂ ਜੀਆਂ ਨੇ ਬੜੀ ਸ਼ਰਧਾ ਨਾਲ ਨਿਤ ਨੇਮ ਕੀਤਾ। ਮਾਤਾ ਜੀ ਨੇ ਆਪਣੇ ਪੋਤਿਆਂ ਨੂੰ ਗੋਦੀ ਵਿਚ ਲੈ ਕੇ ਜੀ ਭਰ ਕੇ ਪਿਆਰ ਕਰਨ ਦੇ ਨਾਲ ਨਾਲ ਸਿੱਖ ਕੌਮ ਵਲੋਂ ਕੀਤੀਆਂ ਗੋਰਵ ਮਈ ਕੁਰਬਾਨੀਆਂ ਦਾ ਇਤਹਾਸ ਦੁਹਰਾਇਆ। ਫੇਰ ਉਹਨਾਂ ਦੇ ਸਿਰਾਂ ਤੇ ਕੇਸਰੀ ਦਸਤਾਰਾਂ ਸਜਾਈਆਂ । ਇਨੇ ਨੂੰ ਜਾਨੀ ਖਾਂ ਗੁਰੂ ਬਾਲਾਂ ਨੂੰ ਦਰਬਾਰ ਵਿਚ ਪੇਸੀ ਲਈ ਲਿਜਾਣ ਲਈ ਆ ਹਾਜ਼ਰ ਹੋਇਆ। ਮਾਤਾ ਜੀ ਨੇ ਦੋਵਾਂ ਨੂੰ ਬੜੇ ਪਿਆਰ ਨਾਲ ਗਲਵਕੜੀ ਵਿਚ ਲੈਂਦਿਆਂ ਆਖਿਆ “ ਪੁਤਰੋ ਸਿਰ ਜਾਏ ਤਾਂ ਜਾਏ ਪਰ ਸਿਖੀ ਸਿਦਕ ਨਾ ਜਾਏ “ ਅਗੌਂ ਹਾਂ ਪਖੀ ਹੁੰਘਾਰਾਂ ਦੇ ਕੇ ਦੋਵੇਂ ਗੁਰੂ ਬਾਲ ਜਾਨੀ ਖਾਂ ਨਾਲ ਤੁਰ ਗਏ।
ਤਾਕਤਵਰ ,ਜ਼ਾਲਮ ਆਪਣੀ ਗੱਲ ਮਨਾਉਣ ਲਈ ਕਈ ਪਾਪੜ ਵੇਲਦਾ ਹੈ । ਡਰ, ਲਾਲਚ, ਫਰੇਬ ਨਾਲ ਵੀ ਜੇ ਗੱਲ ਨਾ ਬਣੇ ਤਾਂ ਕਤਲ ਕਰਾ ਦਿੰਦਾ ਹੈ।
ਡਰ ਵਾਲੀ ਗੱਲ ਮੁਕ ਚੁਕੀ ਸੀ ਅਜ ਫਰੇਬ ਦਾ ਸਹਾਰਾ ਲੈਣ ਲਈ ਹਵੇਲੀ ਦਾ ਵਡਾ ਦਰਵਾਜ਼ਾ ਬੰਦ ਕਰਕੇ ਅੰਦਰ ਜਾਣ ਲਈ ਇਕ ਛੋਟਾ ਜਿਹਾ ਦਰਵਾਜ਼ਾ
ਖੋਲਿਆ ਗਿਆ। ਨਵਾਬ ਸਰਹੰਦ ਦੀ ਸੋਚ ਗਲਤ ਸਾਬਤ ਹੋਈ ਸਾਹਿਬਜ਼ਾਦਿਆ ਵਲੋਂ ਸਿਰ ਝੁਕਾ ਕੇ ਲ਼ੰਘਣ ਦੀ ਬਜਾਏ ਪੈਹਲਾਂ ਕਦਮ ਅੰਦਰ ਰਖਣ ਨਾਲ ਉਹਨਾਂ ਨੂੰ ਝੁਕਣਾ ਹੀ ਨਹੀਂ ਪਿਆ। ਅੰਦਰ ਲੰਘਦਿਆਂ ਦੋਵਾਂ ਬਾਲਾਂ ਨੇ ਉਚੀ ਆਵਾਜ਼ ਵਿਚ ਆਖਿਆ “ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫ਼ਤਿਹ “ ਨਵਾਬ ਦੀ ਬਚਗਾਨੀ ਚਾਲ ਫੇਲ ਹੋ ਗਈ ਨਵਾਬ ਦਾ ਗੁਸਾ ਸਤ ਅਸਮਾਨੀ ਚੜ੍ਹ ਗਿਆ। ਗਰਜ ਕੇ ਬੋਲਿਆ
ਇਸਲਾਮ ਕਬੂਲ ਕਰੋ ਗੇ।
ਨਹੀਂ ਕਰਾਂਗੇ
ਉਚੇ ਉਚੇ ਮੈਹਲ ਬਣਾ ਕੇ ਦੇਵਾਂਗਾ ਧੰਨ ਦੋਲਤ ਨਾਲ ਮਾਲਾ ਮਾਲ ਕਰ ਦਿਆਂਗਾ।
ਲੋੜ ਨਹੀਂ।
ਸੁੰਦਰ ਲੜਕੀਆਂ ਨਾਲ ਤੁਹਾਡਾ ਨਿਕਾਹ ਕਰਵਾ ਦੇਵਾਂਗਾ।
ਹਾਲੇ ਉਮਰ ਨਹੀਂ
ਸੁਚਾ ਨੰਦ ਅਗੇ ਹੋ ਕੇ ਆਖਣ ਲਗਾ ਨਵਾਬ ਸਾਹਿਬ ਨੂੰ ਤੁਹਾਡੇ ਤੇ ਤਰਸ ਆ ਰਿਹਾ ਹੈ ਮਾਮੂਲੀ ਜਿਹੀ ਤਾਂ ਗੱਲ ਹੈ ਸਿਰਫ ਇਹੋ ਆਖਣਾ ਹੈ ਕਬੂਲ ਹੈ।
ਨਹੀਂ ਕਹਾਂ ਗੇ।
ਤੁਹਡਾ ਪਿਤਾ ਅਤੇ ਤਹਾਡੇ ਦੋਵੇਂ ਭਰਾ ਚਮਕੋਰ ਦੀ ਜੰਗ ਵਿਚ ਮਾਰੇ ਗਏ ਹਨ
ਹੋ ਹੀ ਨਹੀਂ ਸਕਦਾ
ਅਛਾ ਜੇ ਤੁਹਾਨੂੰ ਛੱਡ ਦਿਤਾ ਜਾਵੇ ਤਾਂ ਕੀ ਕਰੋਗੇ।
ਫੌਜ ਇਕਠੀ ਕਰਾਂਗੇ ਅਤੇ ਜ਼ਾਲਮਾਂ ਖਿਲਾਫ ਲੜਾਂਗੇ।
“ ਹਜ਼ੂਰ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਅਰਜ਼ ਕਰ ਚੁਕਾਂ ਹਾਂ ਕਿ ਸੱਪ ਦੇ ਪੁੱਤ ਕਦੇ ਮਿੱਤ ਨਹੀਂ ਹੁੰਦੇ ਸੱਪ ਵਡਾ ਹੋਵੇ ਚਾਹੇ ਛੋਟਾ ਜਾਂ ਤਾਂ ਵਕਤ ਨਾਲ ਮਾਰ ਦਿਓ ਨਹੀਂ ਤਾਂ ਵਕਤ ਮਿਲਦਿਆਂ ਸਾਰ ਉਹ ਡਸ ਦੇਵੇਗਾ।“
ਵਜੀਰ ਖਾਂਨ ਨੇ ਕਾਜ਼ੀ ਵਲ ਤਕਿਆ । ਕਾਜ਼ੀ ਨੇ ਫਤਵਾ ਦਿੰਦਿਆਂ ਕਿਹਾ “ ਇਸਲਾਮ ਮੁਤਾਬਕ ਕਾਫਰਾਂ ਨੂੰ ਮਾਰਨਾ ਸਵਾਬ ਹੈ । ਇਹਨਾਂ ਦੇ ਇਰਦ ਗਿਰਦ ਦੀਵਾਰ ਚਿਣ ਦਿਤੀ ਜਾਵੇ । ਖੂਨ ਡੁਲ੍ਹਣ ਤੋਂ ਬਗੈਰ ਸਾਹ ਹੁੱਟ ਕੇ ਮਰ ਜਾਣਗੇ। ਕੋਈ ਅਜਾਬ ਵੀ ਨਹੀ ਲਗੇਗਾ”
ਵਜ਼ੀਰ ਖਾਂ ਨੇ ਦੋਵੇਂ ਸਾਹਿਬਜ਼ਾਦੇ ਮਲੇਰ ਕੋਟਲੇ ਦੇ ਸ਼ੇਰ ਮੁਹੰਮਦ ਦੇ ਹਵਾਲੇ ਕਰਨ ਲਈ ਕਿਹਾ ਤਾਂ ਕਿ ਉਹ ਚਮਕੌਰ ਦੀ ਜੰਗ ਵਿਚ ਗੁਰੂ ਗੋਬੋੰਦ ਸਿੰਘ ਹਥੌਂ ਮਾਰੇ ਗਏ ਆਪਣੇ ਭਰਾ ਅਤੇ ਭਤੀਜੇ ਦਾ ਬਦਲਾ ਲੈ ਸਕੇ। ਸ਼ੇਰ ਮੁਹੰਮਦ ਦੀ ਇਨਸਾਨੀਅਤ ਨੇ ਉਸਲਵਟਾ ਲਿਆ। ਉਠ ਕੇ ਖੜਾ ਹੁੰਦਿਆਂ ਬੋਲਿਆ “ ਮੈਂ ਕਾਇਰ ਨਹੀਂ ਕਿ ਇਹਨਾਂ ਨਿਰਦੋਸ਼ ਬਾਲਾਂ ਦਾ ਕਾਤਲ ਬਣਾ। ਜਦ ਬਦਲੇ ਦਾ ਵਕਤ ਆਇਆ ਤਾਂ ਮੈਦਾਨੇ ਜੰਗ ਵਿਚ ਇਹਨਾ ਦੇ ਬਾਪ ਨਾਲ ਦੋ ਹੱਥ ਕਰਾਂਗਾ। ਇਸਲਾਮ ਦਾ ਸਹਾਰਾ ਲੈ ਕੇ ਆਪਣੀ ਹਾਰ ਦਾ ਬਦਲਾ ਇਨਾਂ ਛੋਟੇ ਛੋਟੇ ਮਾਸੂਮ ਬਚਿਆਂ ਤੋਂ ਲੈ ਰਹੇ ਹੋ ਅਲਾ ਤਾਲਾ ਦੀ ਦਰਟਗਾਹ ਵਿਚ ਬਖਸ਼ੇ ਨਹੀਂ ਜਾਉਗੇ। ਤੁਹਾਡੀ ਇਹ ਹਰਕਤ ਹਜ਼ਰਤ ਰਸੂਲ ਅਲਾ ਨੂੰ ਵੀ ਸ਼ਰਮਸਾਰ ਕਰ ਦੇਵੇ ਗੀ ।ਮੈਂ ਇਹ ਕਮੀਨੀ ਹਰਕਤ ਨਹੀਂ ਕਰ ਸਕਦਾ।“
ਸ਼ੇਰ ਮੁਹੰਮਦ ਵਲੋਂ ਮਾਰਿਆ ਆਹ ਦਾ ਨਾਹਰਾ ਤੁਅੱਸਬ ਵਿਚ ਅੰਨ੍ਹੇ ਹੋਇਆਂ ਨੂੰ ਨਾ ਪੋਹ ਸਕਿਆ। ਉਸ ਦਿਨ ਨੀਹਾਂ ਵਿਚ ਚਿਨਣ ਲਈ ਕੋਈ ਜਲਾਦ ਨਾ ਮਿਲਿਆ ਗੁ੍ਰੂ ਬਾਲਾਂ ਨੂੰ ਫੇਰ ਬੁਰਜ ਵਿਚ ਭੇਜ ਦਿਤਾ ਗਿਆ। ਜੇ ਸੋਚਿਆ ਜਾਵੇ ਤਾਂ ਕੁਦਰਤ ਨੇ ਵਜ਼ੀਰ ਖਾਂਨ ਨੂੰ ਪੂਰਾ ਇਕ ਦਿਨ ਸੋਚਣ ਲਈ ਦਿਤਾ ਪਰ ਉਸ ਦੀ ਸੋਚਣ ਸ਼ਕਤੀ ਤਾਂ ਤੁਅੱਸਬ ਦੀ ਭੇਂਟ ਚੜ੍ਹ ਸੁਕੀ ਸੀ, ਉਪਰੋਂ ਜੀ ਹਜ਼ੂਰੀ ਦਰਬਾਰੀ ਅਤੇ ਸੁਚਾ ਨੰਦ ਅਤੇ ਮੁਤੱਸਬੀ ਕਾਜ਼ੀ ਦੇ ਹੁੰਦਿਆਂ ਹੋਇਆਂ ਵਜ਼ੀਰ ਖਾਂਨ ਇਹ ਸੋਚ ਵੀ ਕਿਦਾਂ ਸਕਦਾ ਸੀ ਕਿ ਗੁਰੂ ਮਾਤਾ ਅਤੇ ਸਾਹਿਬਜ਼ਾਦਿਆਂ ਨੂੰ ਕਤਲ ਕਰਨ ਦੀ ਬਜਾਏ ਉਹਨਾਂ ਨੂੰ ਕੈਦ ਵਿਚ ਰੱਖ ਕੇ ਗੁਰੂ ਗੋਬਿੰਦ ਸਿੰਘ ਨਾਲ ਕੋਈ ਐਹਦਨਾਮਾ ਕੀਤਾ ਜਾ ਸਕਦਾ ਹੈ। ਇਹ ਜ਼ਰੂਰੀ ਨਹੀਂ ਕਿ ਗੁਰੂ ਜੀ ਕਿਸੇ ਕਿਸਮ ਦੀ ਈਨ ਮੰਨਦੇ ਪਰ ਗੱਲ ਬਾਤ ਲਈ ਰਾਹ ਤਾਂ ਖੁਲਦਾ ਸੀ।
ਦੂਸਰੇ ਦਿਨ ਸਮਾਣਾ ਦੇ ਰਹਿਣ ਵਾਲੇ ਸ਼ਿਸ਼ਾਲ ਬੇਗ ਅਤੇ ਬਿਸ਼ਾਲ ਬੇਗ ਦੀ ਵਜ਼ੀਰਖਾਨ ਦੀ ਕਚਹਿਰੀ ਵਿਚ ਪੇਸ਼ੀ ਸੀ ਇਹ ਦੋਵੈਂ ਦਿੱਲੀ ਦੇ ਸਰਕਾਰੀ ਜਲਾਦ ਸਨ। ਉਹ ਮੁਕੱਦਮਾਂ ਆਪਣੇ ਹਕ ਵਿਚ ਹੋ ਜਾਣ ਦੀ ਸੂਰਤ ਵਿਚ ਬੱਚਿਆਂ ਨੂੰ ਨੀਹਾਂ ਵਿਚ ਚਿਨਣ ਲਈ ਤਿਆਰ ਹੋ ਗਏ। ਵਜ਼ੀਰ ਖਾਂਨ ਨੇ ਫੈਸਲਾ ਸੁਣਾ ਕੇ ਗੁਰੂ ਬਾਲਾਂ ਨੂੰ ਜਲਾਦਾਂ ਦੇ ਹਵਾਲੇ ਕਰ ਦਿਤਾ । ਇਟਾਂ ਦੀ ਚਿਣਾਈ ਸ਼ੁਰੂ ਹੋਈ। ਤਾਂ ਜੋਰਾਵਰ ਸਿੰਘ ਨੇ ਆਪਣੇ ਛੋਟੇ ਵੀਰ ਫ਼ਤਿਹ ਸਿੰਘ ਨੂੰ ਕਿਹਾ ਫ਼ਤਿਹ ਸਿੰਘ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ । ਹੁਣ ਮੇਰੇ ਪਿਛੇ ਪਿਛੇ ਬੋਲੋ। ਦੋਵੈਂ ਅਗੇ ਪਿਛੇ ਜਪੁ ਜੀ ਸਾਹਿਬ ਦਾ ਪਾਠ ਕਰਨ ਲਗੇ। ਰਦਾ ਪੂਰਾ ਹੋਏ ਤੇ ਜਦ ਦੂਸਰਾ ਰਦਾ ਸ਼ੁਰੂ ਹੁੰਦਾ ਤਾਂ ਕਾਜ਼ੀ ਆਖਦਾ “ ਇਸਲਾਮ ਕਬੂਲ ਕਰੋ ਗੇ।“ ਸ਼ਾਹਿਬਜ਼ਾਦੇ ਕੋਈ ਉਤਰ ਨਾ ਦਿੰਦੇ ਉਹ ਤਾਂ ਅਕਾਲਪੁਰਖ ਨਾਲ ਇਕ ਮਿਕ ਹੋਏ ਜਪੁ ਜੀ ਸਾਹਿਬ ਦਾ ਪਾਠ ਕਰ ਰਹੇ ਸਨ ।
ਆਖਿਰ ਕੰਧ ਪੂਰੀ ਹੋ ਗਈ ਦੋਵੇਂ ਵੀਰ ਆਪਣਾ ਸਿਦਕ ਨਿਭਾਉਂਦੇ ਹੋਏ ਇਨੀ ਛੋਟੀ ਉਮਰ ਵਿਚ ਸ਼ਹੀਦੀ ਪਾ ਕੇ ਵਡੇ ਵਡੇ ਯੋਧਿਆਂ ਦੀ ਕਤਾਰ ਵਿਚ ਖੜੋ ਗਏ।
ਇਕ ਪਾਸੇ ਇਹ ਜ਼ੁਲਮੀ ਕਾਂਡ ਹੋ ਰਿਹਾ ਸੀ ਅਤੇ ਦੂਜੇ ਪਾਸੇ ਪੈਸੇ ਦੇ ਜ਼ੋਰ ਇਸ ਜ਼ੁਲਮੀ ਤਮਾਸੇ ਨੂੰ ਰੋਕਣ ਲਈ ਟੋਡਰ ਮਲ ਨਾਂ ਦਾ ਇਕ ਹਿੰਦੂ ਗੁਰੂ ਭਗਤ ਹਜ਼ਾਰਾਂ ਮੋਹਰਾਂ ਲੈ ਕੇ ਭਜਾ ਆ ਰਿਹਾ ਸੀ । ਜਦ ਤਕ ਉਹ ਪੁਜਾ ਭਾਵੀ ਬੀਤ ਚੁਕੀ ਸੀ। ਕੁਝ ਲੋਕਾਂ ਨੂੰ ਵੱਢੀ ਦੇ ਕੇ ਉਹ ਠੰਡੇ ਬੁਰਜ ਤੇ ਪੁਜਾ। ਬੜੀ ਮੁਸ਼ਕਲ ਨਾਲ ਟੋਡਰ ਮਲ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਗੱਲ ਮਾਤਾ ਜੀ ਨੂੰ ਸੁਣਾਈ। ਸੁਣਦਿਆਂ ਸਾਰ ਮਾਤਾ ਜੀ ਨੇ ਦੋਵੈਂ ਹੱਥ ਜੋੜ ਅਕਾਲਪੁਰਖ ਦਾ ਸ਼ੁਕਰਾਨਾ ਕੀਤਾ ਅਤੇ ਪ੍ਰਾਣ ਤਿਆਗ ਦਿਤੇ। ਕੁਝ ਇਤਹਾਸਕਾਰ ਲਿਖਦੇ ਹਨ ਕਿ ਮਾਤਾ ਜੀ ਨੇ ਬੁਰਜ ਤੋਂ ਛਾਲ ਮਾਰ ਕੇ ਅਤਮ ਹਤਿਆ ਕਰ ਲਈ ੳਤੇ ਕੂਜ ਇਕ ਦਾ ਖਿਆਲ ਹੈ ਕਿ ਮਾਤਾ ਜੀ ਨੂੰ ਬੁਰਜ ਤੋਂ ਥਲੇ ਸੁਟ ਦਿਤਾ ਗਿਆ। ਮਾਤਾ ਜੀ ਦੀ ਸ਼ਹਾਦਤ ਦੀ ਦੂਸਰੀ ਵਜ੍ਹਾ ਕੁਝ ਕੁਝ ਮੰਨ ਨੂੰ ਲੱਗਦੀ ਹੈ।
ਟੋਡਰ ਮਲ ਨੇ ਬਾਅਦ ਵਿਚ ਖੜੇ ਦਾ ਮੋਹਰਾਂ ਵਿਛਾ ਜਮੀਨ ਦਾ ਮੁਲ ਤਾਰ ਕੇ ਉਸ ਥ੍ਹਾਂ ਇਨਾਂ ਤਿਨਾਂ ਸ਼ਹੀਦਾ ਦਾ ਸਸਕਾਰ ਕੀਤਾ।
ਮੇਰੇ ਲੇਖਕ ਵੀਰ ਢਾਡੀ ਵਾਰਾਂ ਗਾਉਣ ਵਾਲੇ ਕਥਾ ਵਾਚਕ ਇਸ ਪਰਸੰਗ ਨੂੰ ਇਥੇ ਸਮਾਪਤ ਕਰ ਦਿੰਦੇ ਹਨ। ਪਰ ਇਸ ਦੁਖਦਾਈ ਘਟਨਾ ਤੋਂ ਬਾਅਦ ਕੁਝ ਹੋਰ ਵੀ ਹੋਇਆ ਜੋ ਅਜ ਤਕ ਅਣ-ਕਿਹਾ ਰਿਹਾ। ਇਤਹਾਸ ਸਿਰਜਣ ਵਿਚ ਇਹ ਅਣ-ਕਹੇ ਕਾਰਨ ਬਹੁਤ ਸਹਾਈ ਹੁੰਦੇ ਹਨ। ਭਾਈ ਮੋਤੀ ਰਾਮ ਜੀ ਰਾਹੀ ਬਹੁਤ ਸਾਰੇ ਅਣ-ਕਹੇ ਕਾਰਣ ਉਜਾਗਰ ਹੋ ਜਾਂਦੇ ਹਨ। ਅਜ ਦਾ ਧਰਮ ਸਿਰਫ ਵਿਖਾਵੇ ਦਾ ਧਰਮ ਰਹਿ ਗਿਆ ਹੈ ਪਰ ਜਦ ਭਾਈ ਮੋਤੀ ਰਾਮ ਅਤੇ ਭਾਈ ਟੋਡਰ ਮਲ ਦੀ ਘਾਲਣਾ ਵਲ ਨਜ਼ਰ ਜਾਂਦੀ ਹੈ ਤਾਂ ਵਿਖਾਵਾ ਘਟ ਅਤੇ ਮਨੱਕੀ ਮਾਨਸਿਕਤਾ ਦੀ ਸੁੰਦਰ ਤਸਵੀਰ ਸਾਹਮਣੇ ਆ ਖੜੌਂਦੀ ਹੈ। ੳਤੇ ਇਸ ਮਾਨਸਕਿਤਾ ਦਾ ਧੁਰਾ ਗੁਰਬਾਣੀ ਹੈ।
“ ਡਾ: ਬਲਕਾਰ ਸਿੰਘ ਜੀ ਦੇ ਵਿਚਾਰ ਵਿਚਾਰ ਯੋਗ ਹਨ “ “ ਜਿਹੜੀ ਭਾਵਨਾ ਦੇ ਪ੍ਰਤੀਨਿੱਧ ਭਾਈ ਮੌਤੀ ਰਾਮ ਜੀ ਹਨ,ਉਸ ਦੀ ਜੜ੍ਹ ਨਿਰਸੰਦੇਹ ਗੁਰਬਾਣੀ ਹੈ ਅਤੇ ਸਿੱਖ ਇਤਹਾਸ ਵਿਚ ਹੈ। ਸਿਖ ਇਤਹਾਸ ਪੰਜਾਬ ਦੀ ਮਾਨਸਕਤਾ ਵਿਚ ਆਪਣੇ ਆਪ ਪਲਦਾ ਆ ਰਿਹਾ ਹੈ। ਇਸ ਦੇ ਅਲਿਖਤ ਪਹਿਲੂ ਬੜੇ ਬਲਵਾਨ ਹਨ ਅਤੇ ਇਨ੍ਹਾਂ ਅਲਿਖਤ ਪਹਿਲੂਆਂ ਦੇ ਪ੍ਰਤੀਨਿੱਧ
ਭਾਈ ਮੋਤੀ ਰਾਮ ਜੀ ਮਹਿਰਾ ਹੋ ਗਏ ਹਨ। ਇਸ ਤਰਾਂ ਭਾਈ ਜੀ ਸਿੱਖੀ ਸ਼ਾਨ ਨੂੰ ਸਮਝਣ ਦਾ ਮਾਧਿਅਮ ਅਤੇ ਸਿਖ ਭਾਵਨਾ ਤਕ ਪਹੁੰਚਣ ਦਾ ਸ੍ਰੋਤ ਹੋ ਗਏ ਹਨ। ਇਸ ਨਾਲ ਇਹ ਸਥਾਪਤ ਹੁੰਦਾ ਹੋ ਜਾਂਦਾ ਹੈ ਕਿ ਇਮਤਿਹਾਨ ਸਾਹਿਬਜ਼ਾਦਿਆਂ ਰਾਹੀਂ ਸਿੱਖ ਧਰਮ ਦਾ ਲਿਆ ਜਾ ਰਿਹਾ ਸੀ, ਉਸ ਬਲਵਾਨ ਪੱਖ ਭਾਈ ਮੋਤੀ ਰਾਮ ਜੀ ਬਾਰੇ ਕਿਸੇ ਨੂੰ ਨਹੀਂ ਪਤਾ ਸੀ ਕਿ ਉਨ੍ਹਾ ਦੀ ਆਤਮਾ ਸਿੱਖੀ ਦੀ ਲਾਟ ‘ਤੇ ਮੱਚ ਜਾਣ ਲਈ ਤਿਆਰ ਹੋ ਚੁਕੀ ਸਿ। ਉਹ ਪਤੰਗੇ ਵਾਂਗ ਆਪਣੀ ਪਿਆਰ ਖਿੱਚ ਨੂੰ ਤ੍ਰਿਪਤਾਉਣ ਲਈ ਸਾਹਿਬਜ਼ਾਦਿਆਂ ਕੋਲ ਗਏ ਸਨ। ਅਤੇ ਉਸ ਲਾਟ ਦਾ ਹਿਸਾ ਹੋ ਗਏ ਸਨ। ਪਤੰਗੇ ਦਾ ਪਹਿਰਾ ਲਾਟ ਦਾ ਹਿੱਸਾ
ਹੋ ਜਾਣ ਵਿਚ ਹੀ ਹੈ, ਵਾਪਸ ਪਰਤ ਕੇ ਆਪਣੇ ਕੀਤੇ ਦਾ ਰੌਲਾ ਪਾਉਣ ਵਿਚ ਨਹੀਂ ਹੁੰਦਾ।
ਭਾਈ ਮੋਤੀ ਰਾਮ ਜੀ ਨੇ ਗੁਪਤ ਰਹਿੰਦਿਆਂ ਹੋਇਆਂ ਸਾਹਿਬਜ਼ਾਦਿਆ ਅਤੇ ਮਾਤਾ ਜੀ ਦੀ ਪੁਜ ਕੇ ਸੇਵਾ ਕੀਤੀ । ਕਿਸੇ ਤਰ੍ਹਾਂ ਇਸ ਦੀ ਖਬਰ ਗੰਗੂ ਦੈ ਭਰਾ ਜਿਸ ਦਾ ਨਾਂ ਪੰਮਾ ਸੀ ਉਸਨੂੰ ਹੋ ਗਈ । ਉਸਨੇ ਇਹ ਖਬਰ ਵਜ਼ੀਰ ਖਾਨ ਨੂੰ ਦੇ ਦਿਤੀ ਕਿ ਮੋਤੀ ਰਾਮ ਨੇ ਸਾਹਿਬਜ਼ਾਦਿਆਂ ਦੀ ਸੇਵਾ ਕਰਕੇ ਰਾਜ ਦਰਬਾਰ ਨਾਲ ਗਦਾਰੀ ਕੀਤੀ ਹੈ। ਕਵੀ ਕਿਸ਼ਨ ਸਿੰਘ ਜੀ ਦੇ ਸ਼ਬਦ ਹਨ: ਨੀਚ ਗੰਗੂ ਕੋ ਭ੍ਰਾਤ ਇਕ ਪੰਮਾ॥ ਤਿਨ ਲੀਨੋ ਮੋਤੀ ਸੰਗ ਪੰਗਾ॥ ਜਾਇ ਵਜੀਰਹਿ ਭੇਦ ਭਤਾਇਯੋ॥ ਇਕ ਝੀਵਰ ਹੈ ਪੇਯ ਪਿਆਇੳਯੋ॥ ਗੁਰ ਕੀ ਮਾਤ ਬਾਲ ਸੁਖਦਾਈ॥ ਇਸਹ ਦੀਨ ਬਹੁਤ ਵਡਿਆਈ॥
ਪੰਮੇ ਦੀ ਚੁਗਲੀ ਤੇ ਵਜੀਰਖਾਨ ਨੇ ਭਾਈ ਮੋਤੀ ਰਾਮ ਨੂੰ ਦਰਬਨਾਰ ਵਿਚ ਪੇਸ਼ ਹੋਣ ਦਾ ਹੁਕਮ ਦਿੱਤਾ।
“ਮੋਤੀ ਰਾਮ ਤੇਰੇ ਖਿਲਾਫ ਸ਼ਕਾਇਤ ਹੈ ਕਿ ਤੂੰ ਸਿੱਖ ਹੈਂ । ਕੀ ਠੀਕ ਹੈ?
” ਜੀ ਮੈਂ ਗੁ੍ਰ ਗੋਬਿੰਦ ਸਿੰਘ ਦਾ ਸ਼ਰਧਾਲੂ ਹਾਂ।“
“ ਸਾਡੇ ਸ਼ਾਹੀ ਕੈਦੀਆਂ ਨੂੰ ਸਾਡੇ ਮਨ੍ਹਾ ਕਰਨ ਦੇ ਬਾਵਜੂਦ ਕੀ ਤੈਂ ਰੋਟੀ ਪਾਣੀ ਘਰੋਂ ਲਿਆ ਕੇ ਖੁਆਇਆ ਹੈ?”
“ ਜੀ । ਗੁਰੂ ਜੀ ਦਾ ਪ੍ਰਿਵਾਰ ਭੁਖਾ ਰਹੇ ਮੈਂ ਬਰਦਾਸ਼ਤ ਨਹੀਂ ਸੀ ਕਰ ਸਕਦਾ”
“ ਤੈਨੂੰ ਪਤਾ ਬਾਗੀਆਂ ਦਾ ਸਾਥ ਦੇਣ ਦੀ ਸਜ਼ਾ ਕੀ ਹੋ ਸਕਦੀ ਹੈ।“
“ ਜੀ, ਮੈਂ ਸਦਾ ਭੁਗਤਣ ਲਈ ਤਿਆਰ ਹਾਂ ਚਾਹੇ ਮੌਤ ਹੀ ਕਿਊਂ ਨਾ ਹੋਵੇ।“
ਵਜ਼ੀਰ ਖਾਨ ਨੇ ਸਾਰੇ ਪ੍ਰਿਵਾਰ ਨੂੰ ਅਸਹਿ ਤਸੀਹੇ ਦੇ ਕੇ ਅਧਮੋਏ ਕਰ ਦਿੱਤਾ । ਜੱਲਾਦ ਨੂੰ ਹੁਕਮ ਦਿਤਾ ਕਿ ਸਾਰੇ ਪਰਿਵਾਰ ਨੂੰ ਕੋਹਲੂ ਵਿਚ ਪੀੜ ਦਿਤਾ ਜਾਵੇ। ਕਵੀ ਕਿਸ਼ਨ ਸਿੰਘ ਲਿਖਦਾ ਹੈ ।
ਇਹ ਸੁਨ ਰਿਸਯੋ ਬਹੁਤ ਵਜੀਰਾ॥ ਤਿਸਹਿ ਤਿਆਗੀ ਸਗਲੀ ਧੀਰਾ॥ ਪਕਵ ਮੰਗਾਯੋ ਸਭ ਪ੍ਰਿਵਾਰਾ॥ ਉਨ ਪਰ ਕਿਨੋ ਜੁਲਮ ਕਰਾਰਾ॥ ॥ 200॥
ਕੋਰੜ ਮਾਰ ਕੀਏ ਅਧਮੋਏ॥ ਹਿੰਦੂ ਦੇਖ ਤ੍ਰਾਹਿ ਤ੍ਰਾਹਿ ਬਿਗੋਏ॥ ਪੁਨਹਿ ਲਿਨੋ ਜਲਾਦ ਬੁਲਾਈ॥ਹੁਕਮ ਕੀਓ ਤਿਨ ਕੋਹਲੂ ਲਿਆਇ॥201॥
ਸਭ ਕੁਟੰਬ ਤਹਿ ਕੋਹਲੂ ਪਿੜਾਇਆ॥ ਪਾਨੀ ਦੁਨੀ ਤੇ ਨਾਮ ਕਮਾਇਆ॥202॥
ਆਖਰ ਪਾਪੀ ਕੇ ਮਾਰਨੇ ਕੋ ਪਾਪ ਮਹਾਂ ਬਲੀ ਹੈ ॥ ਬੰਦਾ ਬਹਾਦਰ ਨੇ ਸਰਹੰਦ ਉਜਾੜ ਦਿਤੀ । ਪੰਮੇ ਨੂੰ ਉਸ ਦੀ ਕੀਤੀ ਦਾ ਫਲ ਦਿਤਾ । ਕੀਮਾਂ ਨੂੰ ਅਮ੍ਰਿਤ ਛਕਾ ਕੇ ਕਰਮ ਸਿੰਘ ਬਣਾ ਲਿਆ ਕਾਫੀ ਮੋਹਰਾਂ ਦੇ ਕੇ ਉਸ ਦਾ ਸਨਮਾਨ ਕੀਤਾ । ਬਾਬਾ ਬੰਦਾ ਬਹਾਦਰ ਖੁਦ ਬੀਬੀ ਲਛਮੀ ਦਾ ਸਨਮਾਨ ਕਰਨ ਉਸਦੇ ਗਿ੍ਹ ਵਿਖੇ ਗਏ ਅਤੇ ਲੰਗਰ ਚਲਦਾ ਰਖਣ ਲਈ ਵਡੀ ਮਾਲੀ ਸਹਾਇਤਾ ਕੀਤੀ। ਖਾਲਸਾ ਮੇਰੋ ਰੂਪ ਹੈ ਖਾਸ ਮੁਤਾਬਕ ਬੀਬੀ ਲਛਮੀ ਨੂੰ ਗੁਰੂ ਮਹਾਰਾਜ ਨੇ ਬਾਬਾ ਬੰਦਾ ਬਹਾਦਰ ਦੇ ਰੂਪ ਵਿਚ ਦਰਸ਼ਣ ਦਿਤੇ। ਮੈਂ ਇਤਹਾਸਕਾਰ ਨਹੀਂ ਲੇਖ ਵਿਚ ਇਤਹਾਸ ਪਖੌਂ ਬਹੁਤ ਤਰੁਟੀਆ ਰਹਿ ਸਕਦੀਆਂ ਹਨ ਬਹੁਤ ਤਰੁਟੀਆਂ ਹੋ ਸਕਦੀਆ ਹਨ। ਪਾਠਕਾ ਦੇ ਸੁਝਾਵਾਂ ਦੀ ਉਡੀਕ ਰਹੇਗੀ।

ਲੇਖਕ : ਮੁਹਿੰਦਰ ਘੱਗ ਹੋਰ ਲਿਖਤ (ਇਸ ਸਾਇਟ 'ਤੇ): 34
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1468

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ