ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਪ੍ਰਭ ਮਿਲਣੈ ਕੀ ਏਹ ਨੀਸਾਣੀ

ਇਸ ਵੀਚਾਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗੁਰ ਫਤਹ ਨਾਲ ਸਾਂਝ ਕਰੀਏ ਤੇ ਆਖੀਐ ਵਾਹ ਗੁਰੂ ਜੀ ਕਾ ਖਾਲਸਾ-ਵਾਹ ਗੁਰੂ ਜੀ ਕੀ ਫਤਹ। ਇਹ ਵਿਸ਼ਾ ਬਹੁਤ ਹੀ ਗਹਿਰਾ ਅਤੇ ਵੀਚਾਰਨ ਯੋਗ ਹੈ। ਜਦ ਤੋਂ ਮਨੁੱਖ ਹੋਂਦ ਵਿੱਚ ਆਇਆ ਹੈ, ਮਨੁੱਖ ਦੀ ਸੋਚ ਨੇ ਤਰੱਕੀ ਕਰਨੀ ਸ਼ੁਰੂ ਕੀਤੀ ਹੈ ਉਦੋਂ ਤੋਂ ਹੀ ਮਨੁੱਖ ਦੀ ਚਾਹਨਾ ਰੱਬ ਜੀ ਨੂੰ ਮਿਲਣ ਦੀ ਬਣੀ ਹੋਈ ਹੈ। ਪੁਰਾਤਨ ਤੋਂ ਪੁਰਾਤਨ ਲਿਖਤਾਂ ਦੀ ਪੜਚੋਲ ਕੀਤਿਆਂ ਵੀ ਇਹੋ ਤੱਤ ਉਭਰਕੇ ਸਾਹਮਣੇ ਆਉਂਦਾ ਹੈ ਕਿ ਮਨੁੱਖ ਦੀ ਜਦੋ ਜਹਿਦ ਏਹੋ ਹੀ ਰਹੀ ਹੈ ਕਿ ਕਿਸੇ ਨ ਕਿਸੇ ਤਰੀਕੇ ਨਾਲ ਉਸ ਰੱਬ ਜੀ ਨਾਲ ਮਿਲਾਪ ਹਾਸਲ ਕੀਤਾ ਜਾਵੇ। ਹਰ ਇਨਸਾਨ ਦੀ ਇਸ ਪਾਸੇ ਵੱਲ ਨੂੰ ਇੱਕ ਕਿਸਮ ਦੀ ਦੋੜ੍ਹ ਲੱਗੀ ਹੋਈ ਹੈ ਅਤੇ ਦੁਨੀਆਂ ਵਿੱਚ ਜਿਨ੍ਹੇ ਵੀ ਮਾਨੀਅਤ ਧਰਮ ਹਨ ਉਨ੍ਹਾਂ ਸਾਰਿਆਂ ਦੇ ਪੈਰੋਕਾਰ ਆਪੋ ਆਪਣੇ ਤਰੀਕਿਆਂ ਨਾਲ ਰੱਬ ਜੀ ਨਾਲ ਮਿਲੇ ਹੋਣ ਦਾ ਦਾਹਵਾ ਵੀ ਕਰਦੇ ਆ ਰਹੇ ਹਨ। ਗੁਰੂ ਨਾਨਕ ਜੀ ਦੀ ਆਮਦ ਤੋਂ ਪਹਿਲਾਂ ਰੱਬ ਜੀ ਦੀ ਖੋਜ਼ ਅਤੇ ਮਿਲਾਪ ਪਾਉਣ ਬਾਰੇ ਲੋਕਾਂ ਦੀ ਜੋ ਮਾਨਤਾ ਸੀ ਉਸ ਬਾਰੇ ਗੁਰਬਾਣੀ ਵਿੱਚੋਂ ਸਾਨੂੰ ਸਹਿਜੇ ਹੀ ਪਤਾ ਲੱਗ ਜਾਂਦਾ ਹੈ। ਲੋਕ ਰੱਬ ਨੂੰ ਮਿਲਣ ਵਾਸਤੇ ਘਰ ਬਾਰ ਤਿਆਗ ਜੰਗਲਾਂ ਵਿੱਚ ਚਲੇ ਜਾਂਦੇ ਸਨ, ਆਪਣੇ ਆਪ ਨੂੰ ਧੂਣੀਆਂ ਤਪਾ ਕੇ ਸਾੜ ਲੈਂਦੇ ਸਨ, ਬਰਫ਼ ਵਰਗੇ ਠੰਢੇ ਪਾਣੀ ਵਿੱਚ ਖੜੋ ਕੇ ਰੱਬ ਜੀ ਨਾਲ ਮਿਲਾਪ ਦਾ ਦਾਹਵਾ ਕਰਦੇ ਸਨ, ਕੋਈ ਮੋਨਧਾਰੀ ਬਣਿਆਂ ਹੋਇਆ ਸੀ, ਕੋਈ ਮਾਲਾ ਫੜ੍ਹੀ ਫਿਰਦਾ ਸੀ, ਕੋਈ ਪਹਾੜਾਂ ਦੀਆਂ ਖੁੱਡਾਂ ਵਿੱਚ ਬੈਠ ਰੱਬ ਨਾਲ ਮਿਲਿਆ ਹੋਇਆ ਆਖ ਰਿਹਾ ਸੀ, ਕੋਈ ਤੀਰਥਾਂ ਉਪਰ ਸਾਰੀ ਉਮਰ ਹੀ ਗੁਜ਼ਾਰ ਰਿਹਾ ਸੀ, ਕੋਈ ਅੰਦਰ ਹਨ੍ਹੇਰੇ ਵਿੱਚ ਭੋਰੇ ਪੁੱਟਕੇ ਸਮਾਧੀਆਂ ਲਾਈ ਬੈਠਾ ਸੀ, ਕੋਈ ਬਾਹਰੀ ਧਰਮ ਦੀ ਸ਼ਰਾ ਨੂੰ ਧਾਰਨ ਕਰਨ ਨਾਲ ਹੀ ਉਸ ਦੀ ਪ੍ਰਾਪਤੀ ਸਮਝੀ ਬੈਠਾ ਸੀ, ਕੋਈ ਦਾਨ ਪੁੰਨ ਕਰਦਾ ਆਪਣੇ ਆਪ ਨੂੰ ਰੱਬ ਨਾਲ ਮਿਲਿਆ ਆਖ ਰਿਹਾ ਸੀ, ਕੋਈ ਸਰੀਰ ਤੇ ਸੁਆਹ ਮਲੀ ਬੈਠਾ ਹੀ ਰੱਬ ਜੀ ਨਾਲ ਮਿਲਿਆ ਆਖ ਰਿਹਾ ਸੀ ਮੁੱਕਦੀ ਗੱਲ ਕਿ ਅਸੀਂ ਉਸ ਸਮੇਂ ਦੇ ਸਾਰੇ ਤਰੀਕੇ ਬਿਆਨ ਹੀ ਨਹੀਂ ਕਰ ਸਕਦੇ, ਹਰ ਹੀਲੇ ਵਸੀਲੇ ਕਰਨ ਵਾਲਾ ਆਪੋ ਆਪਣਾ ਤਰੀਕਾ ਹੀ ਠੀਕ ਦਰਸਾ ਰਿਹਾ ਸੀ ਅਤੇ ਆਪਣੇ ਮੰਨ ਦੀ ਕਲਪਨਾ ਵਾਲੇ ਰੱਬ ਨਾਲ ਮਿਲਣ ਦਾ ਦਾਹਵਾ ਕਰ ਰਿਹਾ ਸੀ ਅਤੇ ਅੱਜ ਵੀ ਕਰ ਰਿਹਾ ਹੈ। ਕਿਉਂ ਕਿ ਦੁਨੀਆਂ ਦਾ ਹਰ ਬੱਚਾ ਜਿਸ ਘਰ ਵਿੱਚ ਜਨਮ ਲੈਂਦਾ ਹੈ ਉਸ ਘਰ ਦੇ ਵੱਡੇ ਵਡੇਰੇ ਜਿਸ ਧਰਮ ਨੂੰ ਮੰਨਦੇ ਹਨ ਉਹ ਬੱਚਾ ਉਸ ਧਰਮ ਨੂੰ ਹੀ ਮੰਨਣ ਲੱਗ ਪੈਂਦਾ ਹੈ ਅਤੇ ਜਿਸ ਤਰ੍ਹਾਂ ਦੀ ਸ਼ਕਲ ਉਸ ਦੇ ਵਡੇਰਿਆਂ ਨੇ ਰੱਬ ਦੀ ਬਣਾਈ ਹੁੰਦੀ ਹੈ ਹੋਲੀ ਹੋਲੀ ਉਹ ਬੱਚਾ ਵੀ ਉਸ ਰੱਬ ਜੀ ਨੂੰ ਮੰਨਣਾ ਸ਼ੁਰੂ ਕਰ ਲੈਂਦਾ ਹੈ ਅਤੇ ਵੱਡੇ ਹੁਦਿਆਂ ਤੱਕ ਉਸ ਦਾ ਵਿਸ਼ਵਾਸ਼, ਉਸ ਦਾ ਭਰੋਸਾ ਉਸਦੇ ਵਡੇਰਿਆਂ ਦੇ ਦਰਸਾਏ ਹੋਏ ਰੱਬ ਜੀ ਤੇ ਹੀ ਬਣ ਜਾਂਦਾ ਹੈ ਅਤੇ ਫਿਰ ਸਾਰੀ ਉਮਰ ਉਹ ਉਸ ਰੱਬ ਜੀ ਨੂੰ ਹੀ ਮੰਨਦਾ ਅਤੇ ਮਿਲਣ ਦੇ ਤਰੀਕੇ ਵਰਤਦਾ ਰਹਿੰਦਾ ਹੈ। ਤਕਰੀਬਨ ਅਸੀਂ ਸਭਨਾਂ ਨੇ ਮਾਤਾ ਪਿਤਾ, ਭੈਣ ਭਰਾ, ਸਮਾਜ਼ ਵਿੱਚ ਵਿਚਰਦਿਆਂ ਰੱਬ ਜੀ ਦਾ ਸਰੂਪ ਬਣਾਇਆਂ ਹੋਇਆ ਹੈ। ਹਰ ਮਨੁੱਖ ਦੀ ਸਦੀਆਂ ਤੋਂ ਇਹ ਤੀਬਰ ਤਾਂਘ ਵੀ ਬਣੀ ਰਹੀ ਹੈ ਕਿ ਕਿਸ ਤਰੀਕੇ ਨਾਲ ਉਸ ਰੱਬ ਜੀ ਨੂੰ ਮਿਲਿਆ ਜਾਵੇ, ਇਸ ਤਰ੍ਹਾਂ ਦੀ ਤਾਂਘ ਦਾ ਫਾਇਦਾ ਕੁੱਝ ਕੁ ਸੈਤਾਨ ਬੁੱਧੀ ਵਾਲੇ ਮਨੁੱਖਾਂ ਨੇ ਜਰੂਰ ਲਿਆ ਹੈ। ਜਿਸ ਸਦਕਾ ਅਸੀਂ ਸਾਰੀ ਉਮਰ ਪੁਜ਼ਾਰੀ ਦੇ ਦਰਸਾਏ ਅਨੁਸਾਰ ਰੱਬ ਜੀ ਨੂੰ ਖੁਸ਼ ਕਰਨ ਵਾਸਤੇ ਧਰਮ ਕਰਮ ਕਰਦੇ ਆ ਰਹੇ ਹਾਂ, ਦਾਨ ਪੁੰਨ ਕਰੀ ਜਾ ਰਹੇ ਹਾਂ ਅਤੇ ਲੱਗਭਗ ਸਾਰੇ ਧਰਮਾਂ ਦੇ ਪੁਜ਼ਾਰੀ ਸਾਨੂੰ ਮਰਨ ਤੋਂ ਬਾਅਦ ਰੱਬ ਜੀ ਨਾਲ ਮਿਲਾਪ ਹੋ ਜਾਣ ਬਾਰੇ ਤਸੱਲੀ ਵੀ ਦੇ ਦਿੰਦੇ ਹਨ। ਸਾਡੀਆਂ ਅਰਦਾਸਾਂ ਵੀ ਕਰ ਦਿੰਦੇ ਹਨ ਕਿ ਤੁਹਾਡਾ ਵਾਸਾ ਰੱਬ ਜੀ ਵਿੱਚ ਹੋ ਗਿਆ ਹੈ, ਤੁਹਾਨੂੰ ਰੱਬ ਜੀ ਮਿਲ ਜਾਣਗੇ। ਗੁਰੂ ਨਾਨਕ ਜੀ ਦੀ ਵੀਚਾਰਧਾਰਾ (ਗੁਰਬਾਣੀ) ਜਿਥੇ ਮਨੁੱਖ ਦੇ ਜ਼ਜ਼ਬਾਤਾਂ ਦੇ ਹਾਵਾਂ ਭਾਵਾਂ ਦਾ ਖਲਾਸਾ ਕਰਦੀ ਹੈ ਉਥੇ ਮਨੁੱਖ ਦੇ ਜੀਵਨ ਵਿੱਚ ਆ ਚੁੱਕੀਆਂ ਕੰਮਜੋਰੀਆਂ ਦਾ ਨਕਸ਼ਾ ਵੀ ਉਸ ਦੇ ਸਾਹਮਣੇ ਪੇਸ਼ ਕਰਦੀ ਹੈ ਅਤੇ ਉਨ੍ਹਾਂ ਕੰਮਜੋਰੀਆਂ ਨੂੰ ਦੂਰ ਕਰਨ ਦਾ ਹੱਲ (ਤਰੀਕਾ) ਵੀ ਲਾ-ਜ਼ਵਾਬ ਨੁਕਤਿਆਂ ਨਾਲ ਸਮਝਾਉਂਦੀ ਹੈ। ਉਥੇ ਮਨੁੱਖ ਨੂੰ ਉਸ ਰੱਬ ਜੀ ਨਾਲ ਮਿਲਣ ਦਾ ਰਾਹ ਵੀ ਦਰਸਾਉਂਦੀ ਹੈ। ਜਿਸ ਰੱਬ ਜੀ ਨਾਲ ਗੁਰੂ ਜੀ ਮਨੁੱਖ ਦਾ ਮਿਲਾਪ ਕਰਵਾਉਣਾ ਚਾਹੁੰਦੇ ਹਨ ਉਹ ਰੱਬ ਗੁਰਬਾਣੀ ਅਨੁਸਾਰ ਕਿਸ ਤਰ੍ਹਾਂ ਦਾ ਹੈ ਆਉ ਉਸ ਬਾਰੇ ਗੁਰੂ ਜੀ ਦੀ ਰਚਨਾ ਵਿੱਚੋਂ ਭਾਲ ਕਰੀਏ ਅਤੇ ਨਾਲ ਹੀ ਨਾਲ ਕਿਸ ਤਰੀਕੇ ਨਾਲ ਉਸ ਰੱਬ ਜੀ ਨਾਲ ਮਿਲਾਪ ਹੋ ਸਕਦਾ ਹੈ ਉਸ ਬਾਰੇ ਵੀ ਜਾਣੀਏ ਅਤੇ ਉਹ ਰੱਬ ਜੀ ਕਿਥੇ ਰਹਿੰਦੇ ਹਨ, ਕਿਸ ਤਰ੍ਹਾਂ ਸਾਨੂੰ ਮਿਲ ਸਕਦੇ ਹਨ, ਉਸ ਨਾਲ ਮਿਲਣ ਦੀਆਂ ਕੀ-ਕੀ ਨੀਸਾਨੀਆਂ ਹਨ, ਸਾਡਾ ਮਿਲਾਪ ਕਿਉਂ ਨਹੀਂ ਹੋ ਰਿਹਾ, ਕੀ ਸਾਡੇ ਮਰਨ ਤੋਂ ਬਾਅਦ ਉਸ ਨਾਲ ਮਿਲਾਪ ਹੋਣਾ ਹੈ, ਉਸ ਦਾ ਟਿਕਾਣਾ ਕਿਥੇ ਹੈ ਅਤੇ ਉਸ ਨੂੰ ਮਿਲਣ ਵਾਸਤੇ ਮਨੁੱਖ ਨੂੰ ਕੀ ਕਰਨ ਦੀ ਜਰੂਰਤ ਹੈ? ਜਿਸ ਤਰ੍ਹਾਂ ਬਹੁ ਸਾਰੇ ਮਨੁੱਖਾਂ ਦੀ ਮਾਨਤਾ ਹੈ ਕਿ ਰੱਬ ਜੀ ਕਿਤੇ ਉਪਰ ਅਸਮਾਨ ਵਿੱਚ ਹਨ ਉਸ ਦਾ ਘਰ ਉਪਰ ਕਿਤੇ ਹੈ।
1; ਗੁਰਬਾਣੀ ਅਨੁਸਾਰ ਰੱਬ ਜੀ:-ੴ:-ਗੁਰੂ ਗ੍ਰੰਥ ਜੀ ਅੰਦਰ ਇਸ ਤਰ੍ਹਾਂ ਦੇ ਬਣਤਰ ਵਾਲੇ ਇੱਕ ਓ ਅੰਕਾਰ ਦੀ ਵਰਤੋਂ ‘568’ ਵਾਰੀ ਕੀਤੀ ਗਈ ਹੈ ਅਤੇ ਦਰਸਾਇਆ ਹੈ ਕਿ ਉਹ ਰੱਬ ਜੀ ਇਕੋ ਹੀ ਹੈ ਅਤੇ ਸਭਨਾਂ ਵਿੱਚ ਇੱਕ ਰਸ ਵਰਤ ਰਿਹਾ ਹੈ ਪਰ ਰੱਬ ਜੀ ਬਾਰੇ ਦੁਨੀਆਂ ਦੇ ਵੱਖੋ ਵੱਖਰੇ ਧਰਮਾਂ ਦੀ ਮਾਨਤਾ ਵੱਖੋ ਵੱਖਰੀ ਹੈ।
2: ਅਜੂਨੀ:-ਜਿਸ ਰੱਬ ਜੀ ਨਾਲ ਗੁਰੂ ਜੀ ਸਾਡਾ ਮਿਲਾਪ ਕਰਵਾਉਂਣਾ ਚਾਹੁੰਦੇ ਹਨ, ਗੁਰਬਾਣੀ ਉਸ ਰੱਬ ਜੀ ਦਾ ਸਰੂਪ ਜੂਨਾਂ ਤੋਂ ਰਹਿਤ ਬਿਆਨ ਕਰਦੀ ਹੈ ਪਰ ਅਸੀਂ ਉਸ ਨੂੰ ਗਲ ਲੱਗਕੇ ਮਿਲਣ ਦੀਆਂ ਵਿਉਂਤਾਂ ਬਣਾਈ ਫਿਰਦੇ ਹਾਂ। ਉਹ ਰੱਬ ਕਿਸੇ ਵੀ ਤਰ੍ਹਾਂ ਦੀ ਜੂਨ ਧਾਰ ਕਿ ਨਹੀਂ ਆਉਂਦਾ।
3: ਨਿਰਭਉ:-ਗੁਰੂ ਜੀ ਰੱਬ ਜੀ ਦੀ ਹਸਤੀ ਨੂੰ ਸਾਰੇ ਡਰਾਂ ਤੋਂ ਰਹਿਤ ਬਿਆਨ ਕਰਦੇ ਹਨ।
4: ਨਿਰਵੈਰੁ:-ਗੁਰੂ ਜੀ ਜਿਸ ਰੱਬ ਜੀ ਬਾਰੇ ਸਾਨੂੰ ਦਰਸਾ ਰਹੇ ਹਨ ਉਹ ਰੱਬ ਕਿਸੇ ਨਾਲ ਵੈਰ ਨਹੀਂ ਰੱਖਦਾ। ਪਰ ਅਸੀਂ ਕਿਸੇ ਤੇ ਕਰੋਪੀ ਅਤੇ ਕਿਸੇ ਤੇ ਦਇਆ ਕਰਨ ਵਾਲਾ ਮੰਨੀ ਬੈਠੇ ਹਾਂ।
5: ਅਕਾਲ:-ਜਿਸ ਰੱਬ ਜੀ ਦਾ ਸਰੂਪ ਗੁਰੂ ਜੀ ਸਾਡੇ ਸਾਹਮਣੇ ਪੇਸ਼ ਕਰਨਾ ਚਾਹੁੰਦੇ ਹਨ ਉਹ ਸਦੀਵੀਂ ਹੈ ਉਸ ਨੂੰ ਕਦੇ ਵੀ ਮੌਤ ਨਹੀਂ ਆਉਂਦੀ। ਮੌਤ ਤੋਂ ਰਹਿਤ ਹੈ।
6: ਸੈਭੰ:-ਉਹ ਪ੍ਰਭੂ ਜੀ ਕਿਸੇ ਦਾ ਬਣਾਇਆ ਹੋਇਆ ਨਹੀਂ ਹੈ ਉਹ ਸਦੀਵੀਂ ਹਸਤੀ ਖੁਦ ਆਪਣੇ ਆਪ ਤੋਂ ਪ੍ਰਗਟ ਹੈ ਭਾਵ ਹੈ ਸਾਨੂੰ ਉਸ ਬਾਰੇ ਪਤਾ ਹੀ ਨਹੀਂ ਹੈ ਜਿਸ ਕਰਕੇ ਅਸੀਂ ਉਸ ਨੂੰ ਖੁਦ ਆਪਣੇ ਆਪ ਤੋਂ ਪ੍ਰਗਟ ਹੋਇਆ ਆਖਦੇ ਹਾਂ।
7: ਨਿਰੰਕਾਰ:-ਉਸ ਰੱਬ ਜੀ ਦਾ ਕੋਈ ਵੀ ਅਕਾਰ ਨਹੀਂ ਹੈ ਤਾਂ ਫਿਰ ਅਕਾਰ ਤੋਂ ਰਹਿਤ ਕਿਸੇ ਵੀ ਵਸਤੂ ਨੂੰ ਜਾਂ ਹਸਤੀ ਨੂੰ ਅਸੀਂ ਸਰੀਰਕ ਤੌਰਤੇ ਕਿਸ ਤਰ੍ਹਾਂ ਮਿਲ ਸਕਦੇ ਹਾਂ?।
8: ਅਗੰਮ:-ਉਹ ਰੱਬ ਜੀ ਮਨੁੱਖ ਦੀ ਪਹੁੰਚ ਤੋਂ ਦੂਰ ਹਨ ਸਾਡੀ ਪਹੁੰਚ ਉਸ ਤੱਕ ਕਦੇ ਵੀ ਨਹੀਂ ਹੋ ਸਕਦੀ। ਤਕਰੀਬਨ ‘284’ ਵਾਰੀ ਇਸ ਅੱਖਰ ਨੂੰ ਗੁਰਬਾਣੀ ਵਿੱਚ ਵਰਤਕੇ ਸਾਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਹੈ ਕਿ ਉਹ ਰੱਬ ਜੀ ਸਾਡੀ ਪਹੁੰਚ ਵਿੱਚ ਨਹੀਂ ਹੈ।
9:-ਅਗੋਚਰ:-ਗੁਰਬਾਣੀ ਐਸੇ ਰੱਬ ਜੀ ਦੀ ਬਿਆਨਗੀ ਕਰ ਰਹੀ ਹੈ ਜਿਸ ਨੂੰ ਅਸੀਂ ਕਿਸੇ ਵੀ ਗਿਆਨ ਇੰਦ੍ਰੀਆਂ ਨਾਲ ਫੜ੍ਹ ਨਹੀਂ ਸਕਦੇ, ਦੇਖ ਨਹੀਂ ਸਕਦੇ, ਛੂਹ ਨਹੀਂ ਸਕਦੇ।
10: ਬੇਅੰਤ:-ਉਹ ਰੱਬ ਜਿਸ ਨਾਲ ਅਸੀਂ ਮਿਲਣ ਦਾ ਅਡੰਬਰ ਕਰਦੇ ਹਾਂ ਉਹ ਬੇਅੰਤ ਹੈ ਤਾਂ ਫਿਰ ਐਸੇ ਬੇਅੰਤ ਰੱਬ ਜੀ ਨੂੰ ਮਿਲਣ ਵਾਸਤੇ ਸਾਨੂੰ ਵੀ ਬੇਅੰਤ ਹੋਣਾ ਪਵੇਗਾ।
11: ਅਪਾਰ:-ਗੁਰਬਾਣੀ ਰੱਬ ਜੀ ਨੂੰ ਅਪਾਰ ਸ਼ਕਤੀ ਬਿਆਨ ਕਰਦੀ ਹੈ ਜਿਸ ਬਾਰੇ ਕਦੇ ਵੀ ਬਿਆਨਗੀ ਨਹੀਂ ਹੋ ਸਕਦੀ ਤਾਂ ਫਿਰ ਐਸੀ ਅਪਾਰ ਸ਼ਕਤੀ ਨਾਲ ਮਿਲਾਪ ਕਿਸ ਤਰ੍ਹਾਂ ਹੋ ਸਕਦਾ ਹੈ?।
12: ਅਲੱਖ:-ਜਿਸ ਰੱਬ ਜੀ ਦੇ ਸਰੂਪ ਨੂੰ ਕੋਈ ਵੀ ਲਖ ਨਹੀਂ ਸਕਦਾ (ਬਿਆਨ ਨਹੀਂ ਕਰ ਸਕਦਾ)। ਗੁਰਬਾਣੀ ਰੱਬ ਜੀ ਦਾ ਇਸ ਤਰ੍ਹਾਂ ਦਾ ਸਰੂਪ ਸਾਡੇ ਸਾਹਮਣੇ ਬਿਆਨ ਕਰਦੀ ਹੈ।
13: ਅਭੇਵ:-ਜਿਸ ਦਾ ਭੇਤ ਕੋਈ ਵੀ ਨਹੀਂ ਪਾ ਸਕਦਾ।
14: ਦਇਆਲੂ:-ਜਿਸ ਰੱਬ ਜੀ ਦੇ ਬਾਰੇ ਗੁਰੂ ਜੀ ਦਰਸਾਉਂਦੇ ਹਨ ਉਹ ਸਦਾ ਹੀ ਦਇਆ ਕਰਨ ਵਾਲਾ ਹੈ। ਸੋ ਇਹ ਤਾਂ ਹਨ ਸੰਖੇਪ ਰੂਪ ਵਿੱਚ ਉਸ ਰੱਬ ਜੀ ਦੇ ਸਰੂਪ ਜਿਨ੍ਹਾਂ ਬਾਰੇ ਗੁਰਬਾਣੀ ਨੇ ਸਾਨੂੰ ਬਿਆਨ ਕੀਤਾ ਹੈ, ਵੈਸੇ ਤਾਂ ਬਹੁ ਸਾਰੇ ਹੋਰ ਨਾ ਵੀ ਲਏ ਗਏ ਹਨ। ਆਉ ਹੁਣ ਜਾਣੀਐ ਕਿ ਐਸੇ ਰੱਬ ਜੀ ਦਾ ਵਾਸਾ ਕਿਥੇ ਹੈ? ਘਰ ਕਿਥੇ ਹੈ?। ਇਸ ਬਾਰੇ ਵਿੱਚ ਗੁਰਬਾਣੀ ਵਿੱਚੋਂ ਬਹੁ ਸਾਰੀਆਂ ਦਲੀਲਾਂ ਸਾਨੂੰ ਮਿਲ ਜਾਂਦੀਆਂ ਹਨ ਕੁੱਝ ਕੁ ਵੰਨਗੀਆਂ ਪੇਸ਼ ਹਨ:-
{੧/੮:- ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥ ਗੁਰੂ ਨਾਨਕ ਜੀ ਕਟਾਕਸ਼ ਭਰੇ ਲਹਿਜੇ ਨਾਲ ਆਖਦੇ ਹਨ ਕਿ ਉਹ ਰੱਬ ਜਿਸ ਨੂੰ ਅਸੀਂ ਸਾਰੇ ਮਨੁੱਖ ਮਿਲਣਾ ਚਾਹੁੰਦੇ ਹਾਂ ਉਸ ਦਾ ਦਰ ਕਿਥੇ ਹੈ? ਉਹ ਦਰ ਕੇਹੋ ਜਿਹਾ ਹੈ? ਉਸ ਦਾ ਘਰ ਕਿਸ ਤਰ੍ਹਾਂ ਦਾ ਹੈ? ਜਿਥੇ ਬੈਠਕੇ ਉਹ ਸਾਰੇ ਜੀਵਾਂ ਦੀ ਸਾਰ ਸੰਭਾਲ ਕਰਦਾ ਹੈ? ਅਤੇ ਫਿਰ ਆਪ ਹੀ ਗੁਰੂ ਜੀ ਉਸਦੇ ਘਰ ਦਾ, ਉਸਦੇ ਰਹਿਣ ਦੇ ਟਿਕਾਣੇ ਦਾ ਸਾਨੂੰ ਦਰਸਾਉਂਦੇ ਹਨ:-
{੨/੪੬੩:-ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ ॥ }
{੯/੧੪੨੭:-ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ ॥ }
{ਫਰੀਦ/੧੩੬੮:-ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ ॥ ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ ॥ ੧੯॥ }
{੫/੧੮੬:-ਅਗਮ ਰੂਪ ਕਾ ਮਨ ਮਹਿ ਥਾਨਾ ॥ ਗੁਰ ਪ੍ਰਸਾਦਿ ਕਿਨੈ ਵਿਰਲੈ ਜਾਨਾ ॥੧॥ }
{ਨਾਮ ਦੇਵ-੯੮੮:-ਸਭੈ ਘਟ ਰਾਮੁ ਬੋਲੈ ਰਾਮਾ ਬੋਲੈ ॥ ਰਾਮ ਬਿਨਾ ਕੋ ਬੋਲੈ ਰੇ ॥੧॥ ਰਹਾਉ ॥ ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈਂ ਬਹੁ ਨਾਨਾ ਰੇ ॥ ਅਸਥਾਵਰ ਜੰਗਮ ਕੀਟ ਪਤੰਗਮ ਘਟਿ ਘਟਿ ਰਾਮੁ ਸਮਾਨਾ ਰੇ ॥੧॥ } }
{੧/੫੯੬:-ਅੰਡਜ ਜੇਰਜ ਉਤਭੁਜ ਸੇਤਜ ਤੇਰੇ ਕੀਤੇ ਜੰਤਾ ॥ ਏਕੁ ਪੁਰਬੁ ਮੈ ਤੇਰਾ ਦੇਖਿਆ ਤੂ ਸਭਨਾ ਮਾਹਿ ਰਵੰਤਾ ॥ ੩॥ } }
{੧/੧੧੦੯:-ਅੰਡਜ ਜੇਰਜ ਸੇਤਜ ਉਤਭੁਜ ਘਟਿ ਘਟਿ ਜੋਤਿ ਸਮਾਣੀ ॥ }
{੧/੧੨੭੩:-ਸਭ ਮਹਿ ਜੀਉ ਜੀਉ ਹੈ ਸੋਈ ਘਟਿ ਘਟਿ ਰਹਿਆ ਸਮਾਈ ॥ ਗੁਰ ਪਰਸਾਦਿ ਘਰ ਹੀ ਪਰਗਾਸਿਆ ਸਹਜੇ ਸਹਜਿ ਸਮਾਈ ॥ ੭॥ }
{੧੩੮੧:-ਮਹਲਾ ੫ ॥ ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ ॥ ਮੰਦਾ ਕਿਸ ਨੋ ਆਖੀਐ ਜਾਂ ਤਿਸੁ ਬਿਨੁ ਕੋਈ ਨਾਹਿ ॥ ੭੫॥ }

ਜਿਸ ਰੱਬ ਜੀ ਨੂੰ ਮਨੁੱਖ ਸਦੀਆਂ ਤੋਂ ਮਿਲਣ ਦੀ ਤਾਂਘ ਵਿੱਚ ਬਾਹਰ ਦੋੜ੍ਹਿਆ ਫਿਰਦਾ ਹੈ ਗੁਰੂ ਗੰ੍ਰਥ ਜੀ ਵਿੱਚ ਮਹਾਨ ਕ੍ਰਾਂਤੀਕਾਰੀ ਮਹਾਂਪੁਰਖਾਂ ਨੇ ਉਸ ਰੱਬ ਜੀ ਦਾ ਵਾਸਾ ਹਰ ਥਾਂ ਹਰ ਜੀਵ ਦੇ ਅੰਦਰ ਹੀ ਦਰਸਾਇਆ ਹੈ ਤਾਂ ਫਿਰ ਇੱਕ ਗੱਲ ਸਾਡੇ ਵਾਸਤੇ ਸ਼ਪੱਸ਼ਟ ਹੋ ਗਈ ਹੈ ਕਿ ਜੇ ਅਸੀਂ ਗੁਰੂ ਜੀ ਦੇ ਦਰਸਾਏ ਹੋਏ ਰੱਬ ਜੀ ਨਾਲ ਆਪਣਾ ਮਿਲਾਪ ਪਾਉਣਾ ਚਾਹੁੰਦੇ ਹਾਂ ਤਾਂ ਉਹ ਅੰਦਰੋਂ ਹੀ ਹੋ ਸਕਦਾ ਹੈ ਕਿਤੇ ਬਾਹਰ ਜਾਣ ਦੀ ਜਾਂ ਕੋਈ ਮਿੱਥ ਲਏ ਗਏ ਕਰਮਕਾਂਡ ਕਰਨ ਦੀ ਜਰੂਰਤ ਨਹੀਂ ਹੈ। ਆਖਦੇ ਹਨ ਕਿ ਉਹ ਰੱਬ ਜੀ ਜਿਸ ਨੂੰ ਅਸੀਂ ਭਾਲ ਰਹੇ ਹਾਂ ਉਸ ਦਾ ਵਾਸਾ ਸਾਰੇ ਸੰਸਾਰ ਵਿੱਚ ਹੈ ਇਹ ਸਾਰਾ ਸੰਸਾਰ ਹੀ ਉਸ ਦੇ ਰਹਿਣ ਦੀ ਜਗ੍ਹਾ ਹੈ, ਹਰ ਜੀਵਤ ਜੀਵ ਅੰਦਰ ਉਸ ਦਾ ਵਾਸਾ ਹੈ ਉਸ ਦੇ ਵਾਸੇ ਤੋਂ ਬਿਨ੍ਹਾਂ ਕੋਈ ਵੀ ਜੀਵਤ ਨਹੀਂ ਰਹਿ ਸਕਦਾ। ਐਸੇ ਰੱਬ ਜੀ ਦੇ ਮਿਲਾਪ ਵਾਸਤੇ ਅੰਦਰ ਦਾ ਸਫਰ ਹੈ ਜੋ ਸਫਰ ਗਿਆਨ ਦੇ ਅਧਾਰ ਤੇ ਸ਼ੁਰੂ ਹੋ ਸਕਦਾ ਹੈ ਅਤੇ ਐਸਾ ਰੱਬ ਜੀ ਹਰ ਇੱਕ ਵਾਸਤੇ ਮੌਜ਼ੂਦ ਹੈ ਹਰ ਕੋਈ ਉਸ ਨਾਲ ਮਿਲਾਪ ਪਾ ਸਕਦਾ ਹੈ। ਪਰ ਅੱਜ ਤੱਕ ਸਾਨੂੰ ਜੋ ਧਰਮ ਦੇ ਬਣੇ ਭੇਖੀ ਮੋਹਰੀਆਂ ਨੇ, ਸਾਧਾਂ ਸੰਤਾਂ ਅਤੇ ਬ੍ਰਹਮਗਿਆਨੀਆਂ ਨੇ ਰੱਬ ਜੀ ਨਾਲ ਮਿਲਾਪ ਦੇ ਬਾਰੇ ਵਿੱਚ ਸਮਝਾਇਆ ਦਰਸਾਇਆ ਇਹ ਉਹ ਸਾਰਾ ਬਾਹਰ ਮੁਖੀ ਹੀ ਹੈ। ਐਸੇ ਬਾਹਰ ਦੇ ਮਿਲਾਪ ਵਾਸਤੇ ਕਈ ਤਰੀਕਿਆਂ ਨਾਲ, ਕਈ ਢੰਗਾਂ ਨਾਲ ਉਸ ਦੀ ਬੰਦਗੀ ਕਰਨ ਦਾ ਉਪਦੇਸ਼ ਹੀ ਦਿੱਤਾ ਹੈ। ਕੋਈ ਆਖਦਾ ਹੈ ਕਿ ਇਤਨੀ ਵਾਰੀ ਮਾਲਾ ਫੇਰਨੀ ਚਾਹੀਦੀ ਹੈ, ਕੋਈ ਕਿਸੇ ਸ਼ਬਦ ਦਾ ਗਿਣਤੀਆਂ ਮਿਣਤੀਆਂ ਨਾਲ ਰੱਟਨ ਕਰਨ ਵਾਸਤੇ ਆਖਦਾ ਹੈ, ਕੋਈ ਚਾਲੀ ਦਿਨਾਂ ਦਾ ਜਾਪ ਦੇ ਰਿਹਾ ਹੈ, ਕੋਈ ਪੰਜ ਮਸਿਆ ਨਹਾਉਣ ਨਾਲ ਪ੍ਰਾਪਤੀ ਦਰਸਾ ਰਿਹਾ ਹੈ, ਕੋਈ ਇੱਕ ਤੇ ਕੋਈ 101 ਪਾਠ ਕਰਨ ਬਾਰੇ ਆਖ ਰਿਹਾ ਹੈ ਸੋ ਇੱਕ ਨਹੀਂ ਹਜ਼ਾਰਾਂ ਹੀ ਆਪੋ ਆਪਣੇ ਬਣਾਏ ਤਰੀਕਿਆਂ ਨਾਲ ਆਮ ਲੋਕਾਂ ਨੂੰ ਰੱਬ ਜੀ ਦਾ ਮਿਲਾਪ ਕਰਵਾ ਰਹੇ ਹਨ ਅਤੇ ਆਪ ਬਿਨ੍ਹਾਂ ਕੋਈ ਕੰਮ ਕਾਜ਼ ਕੀਤਿਆਂ ਲੋਕਾਂ ਦੀ ਕਮਾਈ ਨਾਲ ਗੁਜਾਰਾ ਕਰ ਰਹੇ ਆਮ ਹੀ ਸਾਨੂੰ ਨਜ਼ਰ ਆ ਜਾਂਦੇ ਹਨ। ਆਉ ਗੁਰਬਾਣੀ ਵਿੱਚੋਂ ਉਸ ਰੱਬ ਜੀ ਨਾਲ ਮਿਲਣ ਦੀਆਂ ਨਿਸ਼ਾਨੀਆਂ ਨੂੰ ਲੱਭਣ ਦੀ ਕੋਸ਼ਿਸ਼ ਕਰੀਏ:-

ਪ੍ਰਭ ਮਿਲਣੈ ਕੀ ਏਹ ਨੀਸਾਣੀਜਦ ਗੁਰੂ ਗ੍ਰੰਥ ਜੀ ਦੀ ਬਾਣੀ ਨੂੰ ਧਿਆਨ ਨਾਲ ਪੜ੍ਹਦੇ ਤੇ ਵੀਚਾਰਦੇ ਹਾਂ ਤਾਂ ਰੱਬ ਜੀ ਨੂੰ ਮਿਲਣ ਵਾਲੇ ਰਾਹ ਦੀਆਂ ਸਾਨੂੰ ਨੀਸਾਨੀਆਂ ਖੂਬ ਸਮਝਾਈਆਂ ਹੋਈਆਂ ਹਨ ਜਿਸ ਤਰ੍ਹਾਂ ਕਿਸੇ ਮੰਜ਼ਲ ਉਪਰ ਜਾਣ ਵਾਸਤੇ ਸਾਈਨ ਬੋਰਡ ਹੁੰਦੇ ਹਨ ਦੁਨਿਆਵੀ ਮੰਜ਼ਲ ਤੇ ਪਹੁੰਚਕੇ ਬਿਆਨਗੀ ਕੀਤੀ ਜਾ ਸਕਦੀ ਹੈ ਪਰ ਰੱਬ ਵਾਲੇ ਰਸਤੇ ਤੇ ਤੁਰਦਿਆਂ ਮਿਲਾਪ ਦੀਆਂ ਨਿਸ਼ਾਨੀਆਂ ਤਾਂ ਹਨ ਪਰ ਬਿਆਨਗੀ ਗੁੰਗੇ ਦੀ ਮਠਿਆਈ ਵਾਲੀ ਹੀ ਹੈ ਕੋਈ ਸੰਪੂਰਨ ਬਿਆਨਗੀ ਨਹੀਂ ਹੈ। ਆਉ ਆਪਣੇ ਆਪ ਨੂੰ ਪਰਖੀਏ ਕਿ ਕੀ ਅਸੀਂ ਮਿਲਾਪ ਵਾਲੇ ਰਸਤੇ ਦੇ ਸਾਈਨ ਬੋਰਡਾਂ ਨੂੰ ਪੜ੍ਹਕੇ ਉਨ੍ਹਾਂ ਉਪਰ ਤੁਰ ਰਹੇ ਹਾਂ? ਜੇ ਤੁਰ ਰਹੇ ਹਾਂ ਤਾਂ ਪ੍ਰਭੂ ਜੀ ਨੂੰ ਮਿਲਣ ਦੀ ਨਿਸ਼ਾਨੀ ਪੱਕੀ ਹੈ ਜੇ ਨਹੀਂ ਤੁਰ ਰਹੇ ਤਾਂ ਫਿਰ ਦਿਖਾਵਾ ਹੀ ਹੈ ਜਿਸ ਦਿਖਾਵੇ ਨੂੰ ਕਰਦੇ ਕਰਦੇ ਸਾਡੇ ਹੋਰ ਕਈ ਭਰਾ ਅਤੇ ਵਡੇਰੇ ਚਲੇ ਗਏ ਹਨ ਅਸੀਂ ਵੀ ਇੱਕ ਦਿਨ ਇਹ ਦਿਖਾਵਾ ਕਰਦੇ ਕਰਦੇ ਇਥੋਂ ਤੁਰ ਜਾਵਾਂਗੇ, ਅਤੇ ਧਰਮ ਦਾ ਬਣਿਆਂ ਪੁਜ਼ਾਰੀ ਸਾਡੇ ਮਿਲਾਪ ਦੀ ਅਰਦਾਸ ਕਰਕੇ ਪਿਛੇ ਰਹਿ ਗਏ ਪ੍ਰੀਵਾਰ ਦੇ ਮੈਂਬਰਾਂ ਨੂੰ ਭਰੋਸਾ ਦਵਾ ਖੂਬ ਆਪਣੀਆਂ ਜੇਬਾਂ ਭਰ ਲਵੇਗਾ। ਅਸੀਂ ਸਦੀਆਂ ਤੋਂ ਇਹੋ ਕੁੱਝ ਹੀ ਕਰਦੇ ਕਰਵਾਉਂਦੇ ਦੇਖਦੇ ਆ ਰਹੇ ਹਾਂ । ਕਾਸ਼! ਕਿਤੇ ਸਾਨੂੰ ਗੁਰਬਾਣੀ ਨੂੰ ਵੀਚਾਰਨ ਦੀ ਆਦਤ ਪੈ ਜਾਵੇ ਜਿਸ ਨਾਲ ਸਾਨੂੰ ਰੱਬ ਜੀ ਨਾਲ ਅਸਲੀ ਮਿਲਾਪ ਬਾਰੇ ਪਤਾ ਲੱਗ ਸਕੇ।

ਪ੍ਰਭ ਮਿਲਣੈ ਕੀ ਏਹ ਨੀਸਾਣੀ ॥ ਮਨਿ ਇਕੋ ਸਚਾ ਹੁਕਮੁ ਪਛਾਣੀ ॥ ਇਹ ਹੈ ਉਸ ਰੱਬ ਜੀ ਨੂੰ ਮਿਲਣ ਦੀ ਪੱਕੀ ਨੀਸ਼ਾਨੀ ਜੇ ਮਨੁੱਖ ਸੋਚ ਕਰਕੇ, ਜੀਵਨ ਚਾਲ ਕਰਕੇ ਉਸ ਸਦਾ ਸੱਚੇ ਤੇ ਅਟੱਲ ਪ੍ਰਭੂ ਜੀ ਦੇ ਹੁਕਮਾਂ ਅਨੁਸਾਰ ਆਪਣਾ ਜੀਵਨ ਗੁਜਾਰਦਾ ਹੈ। ਮਨੁੱਖਾ ਜੀਵਨ ਦੇ ਫਰਜ਼ਾਂ ਨੂੰ ਸਮਝਦਾ ਹੋਇਆ ਇਮਾਨਦਾਰੀ ਨਾਲ ਸਭਨਾਂ ਨਾਲ ਵਰਤਾਰਾ ਕਰਦਾ ਹੈ। ਇਸ ਤਰ੍ਹਾਂ ਦੇ ਜੀਵਨ ਦੀ, ਆਪਣੇ ਸੁਭਾਅ ਦੀ ਹਰ ਮਨੁੱਖ ਖੁਦ ਹੀ ਪਰਖ ਕਰ ਸਕਦਾ ਹੈ ਨਹੀਂ ਤਾਂ ਅਸੀਂ ਹਰ ਜਣੇ-ਖਣੇ ਨੂੰ ਰੱਬ ਜੀ ਨਾਲ ਮਿਲੇ ਹੋਏ ਆਖੀ ਜਾ ਰਹੇ ਹਾਂ ਜਿਵੇ ਗੁਰੂ ਜੀ ਵੀ ਆਖਦੇ ਹਨ ਕਿ:- { ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ ॥ } ਪਰ ਜਦ ਕਦੇ ਨਿਰੋਲ ਸੱਚ ਦੇ ਵੱਟੇ ਨਾਲ ਤੁਲਨਾ ਕੀਤੀ ਜਾਵੇ ਤਾਂ ਹੀ ਪੂਰੇ ਤੇ ਅਧੂਰੇ ਦਾ ਪਤਾ ਲੱਗਦਾ ਹੈ ਜਿਵੇਂ:-{ ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ ॥ 2॥ } ਫਿਰ ਹੀ ਰੱਬ ਜੀ ਨਾਲ ਮਿਲੇ ਹੋਏ ਦਾ ਪਤਾ ਲੱਗਦਾ ਹੈ।

1: ੴ-ਗੁਰੂ ਨਾਨਕ ਜੀ ਨੇ ਸਭ ਤੋਂ ਪਹਿਲਾਂ ਇਸ ‘ਇੱਕ ਓ ਅੰਕਾਰ’ ਨੂੰ ਉਚਾਰ ਕਿ ਸਾਨੂੰ ਦਰਸਾਇਆ ਹੈ ਕਿ ਉਹ ਰੱਬ ਸਿਰਫ ਇਕੋ ਹੀ ਹੈ ਅਤੇ ਸਰਬ ਵਿਆਪਕ ਹੈ। ਤਾਂ ਫਿਰ ਉਸ ਇੱਕ ਰੱਬ ਜੀ ਨੂੰ ਜੋ ਸਰਬ ਵਿਆਪਕ ਹੈ ਮਿਲਣ ਵਾਸਤੇ ਸਾਨੂੰ ਵੀ ਉਸ ਦੇ ਇੱਕ ਰਸ ਵਰਤ ਰਹੇ ਅਟੱਲ ਨਿਯਮਾਂ ਦਾ ਗਿਆਨ ਹਾਸਲ ਕਰਕੇ ਸਭਨਾਂ ਨੂੰ ਇੱਕ ਸਮਾਨ ਸਮਝਣਾ ਚਾਹੀਦਾ ਹੈ, ਸਭਨਾਂ ਵਿੱਚ ਉਸ ਰੱਬ ਜੀ ਦੀ ਹੋਂਦ ਨੂੰ ਤੱਕਣਾ ਚਾਹੀਦਾ ਹੈ ਜੇ ਇਸ ਤਰ੍ਹਾਂ ਦੀ ਸਾਡੀ ਸੋਚ, ਸਾਡੀ ਤੱਕਣੀ ਹੈ ਤਾਂ ਇਹ ਪ੍ਰਭੂ ਜੀ ਨੂੰ ਮਿਲਣ ਵਾਲੇ ਰਸਤੇ ਦੀ ਸਭ ਤੋਂ ਮੁਢਲੀ ਅਤੇ ਪੱਕੀ ਨੀਸ਼ਾਨੀ ਹੈ।

2: ਸਤਿਨਾਮੁ:-ਜਿਸ ਰੱਬ ਜੀ ਨਾਲ ਅਸੀਂ ਆਪਣਾ ਮਿਲਾਪ ਕਰਨਾ ਚਾਹੁੰਦੇ ਹਾਂ ਉਹ ਰੱਬ ਜੀ ਹਮੇਸ਼ਾਂ ਸੱਚ ਹਨ ਅਤੇ ਸੱਚ ਦਾ ਗਿਆਨ ਵੀ ਹਮੇਸ਼ਾਂ ਹੋਂਦ ਵਾਲਾ ਹੈ। ਕੀ ਅਸੀਂ ਉਸ ਨਿਰੋਲ ਸੱਚ ਦੇ ਗਿਆਨ ਨੂੰ, ਅਟੱਲ ਨਿਯਮਾਵਲੀ ਨੂੰ ਆਪਣੇ ਜੀਵਨ ਦਾ ਹਿਸਾ ਬਣਾਇਆਂ ਹੈ? ਕੀ ਸਾਡਾ ਜੀਵਨ ਸੱਚ ਦੀ ਮ੍ਰਯਾਦਾ ਵਾਲਾ ਬਣਿਆਂ ਹੈ? ਜੇ ਨਿਰੋਲ ਸੱਚ ਵਾਲਾ ਸਾਡਾ ਜੀਵਨ ਹੈ ਤਾਂ ਅਸੀਂ ਆਖ ਸਕਦੇ ਹਾਂ ਕਿ ਇਹ ਉਸ ਸਭਨਾਂ ਵਿੱਚ ਵੱਸ ਰਹੇ ਰੱਬ ਜੀ ਨਾਲ ਮਿਲਾਪ ਦੇ ਰਸਤੇ ਤੇ ਤੁਰਨ ਦੀ
ਨੀਸ਼ਾਨੀ ਹੈ।

3: ਕਰਤਾ-ਉਹ ਰੱਬ ਜਿਸ ਬਾਰੇ ਸਾਨੂੰ ਗੁਰਬਾਣੀ ਵਾਰ ਵਾਰ ਦਰਸਾਉਂਦੀ ਹੈ ਉਸ ਦੇ ਅਟੱਲ ਨਿਯਮਾਂ ਅਧੀਨ ਹੀ ਸਾਰੀ ਕਾਇਨਾਤ ਦੀ ਉਤਪਤੀ ਹੈ ਸਭਨਾ ਦਾ ਕਰਨਹਾਰ ਹੈ। ਕੀ ਅਸੀਂ ਇਸ ਰੱਬ ਜੀ ਦੇ ਅਟੱਲ ਵਰਤ ਰਹੇ ਨਿਯਮਾਂ ਨੂੰ ਸਮਝਿਆ ਹੈ ? ਕੀ ਅਸੀਂ ਖੁਦ ਆਪਣੇ ਵਾਸਤੇ ਅਤੇ ਸਮਾਜ਼ ਦੀ ਭਲਾਈ ਵਾਸਤੇ ਕਿਸੇ ਨ ਕਿਸੇ ਕਾਰਜ਼ ਦੇ ਕਰਤਾ ਬਣੇ ਹਾਂ ? ਜਾਂ ਹੱਥ ਉਪਰ ਹੱਥ ਰੱਖ ਨਿਰ੍ਹੀਆਂ ਅਰਦਾਸਾਂ ਕਰਦੇ ਹੋਏ ਕੁੱਝ ਨ ਕੁੱਝ ਮੰਗ ਹੀ ਰਹੇ ਹਾਂ ? ਰੱਬ ਜੀ ਦਾ ਕਰਤੇ ਵਾਲਾ ਗੁਣ ਜੇ ਅਸੀਂ ਧਾਰਨ ਕਰਕੇ ਖੁਦ ਆਪਣੇ ਕਾਰਜ਼ਾਂ ਦੇ ਕਰਤੇ ਬਣ ਜਾਈਏ ਤਾਂ ਅਸੀਂ ਆਪ ਅਤੇ ਸਾਡਾ ਸਮਾਜ਼ ਖੁਸ਼ਹਾਲੀ ਭਰਿਆ ਬਣ ਸਕਦਾ ਹੈ ਇਹੋ ਹੈ ਪ੍ਰਭ ਮਿਲਣੇ ਕੀ ਨੀਸ਼ਾਨੀ।

4: ਪੁਰਖੁ-ਉਹ ਰੱਬ ਜੀ ਸਭਨਾ ਵਿੱਚ ਇਕ ਰਸ ਵਰਤ ਰਿਹਾ ਹੈ ਕੀ ਸਾਡੀ ਸੋਚ ਦੁਚਿੱਤੀ ਨੂੰ ਛੱਡ ਇਕ ਸਮਾਨ ਸਭਨਾਂ ਨੂੰ ਦੇਖ ਰਹੀ ਹੈ ? ਕੀ ਸਾਡਾ ਮੇਲ ਜੋਲ ਹਰ ਮਨੁੱਖਤਾ ਨਾਲ ਇਕੋ ਜਿਹਾ ਹੈ ? ਕੀ ਅਸੀਂ ਸਭਨਾਂ ਨੂੰ ‘ਆਈ ਪੰਥੀ ਸਗਲ ਜਮਾਤੀ’ ਦੇ ਮੈਂਬਰ ਸਮਝ ਰਹੇ ਹਾਂ ? ਕੀ ਇਸ ਤਰ੍ਹਾਂ ਦਾ ਸਾਡਾ ਵਰਤਾਰਾ ਹੈ, ਸਾਡਾ ਨਜ਼ਰਈਆ ਹੈ ? ਜੇ ਹੈ ! ਤਾਂ ਹੀ ਆਖਿਆ ਜਾ ਸਕਦਾ ਹੈ ਕਿ ਮਨੁੱਖ ਰੱਬ ਜੀ ਨੂੰ ਮਿਲਣ ਵਾਲੇ ਰਸਤੇ ਉਪਰ ਚੱਲ ਰਿਹਾ ਹੈ। ਇਹੋ ਹੀ ਹੈ ਪ੍ਰਭ ਮਿਲਣੇ ਦੀ ਨੀਸ਼ਾਨੀ।

5: ਨਿਰਭਉ-ਅਸੀਂ ਸਾਰੀ ਉਮਰ ਜਿਸ ਰੱਬ ਜੀ ਨੂੰ ਮਿਲਣ ਵਾਸਤੇ ਥਾਂ ਥਾਂ ਜਾ ਕੇ ਵਿਧੀਆਂ ਸਿੱਖ ਰਹੇ ਹਾਂ ਉਹ ਰੱਬ ਜੀ ਗੁਰਬਾਣੀ ਅਨੁਸਾਰ ਨਿਡੱਰ ਹਨ (ਸਾਰੇ ਡਰਾਂ ਤੋਂ ਰਹਿਤ ਹਨ) ਕੀ ਸਾਡੇ ਵਿੱਚ ਰੱਬ ਜੀ ਦਾ ਇਹੋ ਗੁਣ ਹੈ ? ਕੀ ਅਸੀਂ ਨਿਰਭਉ ਹਾਂ ?। ਮੁਆਫ ਕਰਨਾ ਅਸੀਂ ਤਾਂ ਬਿੱਲੀ ਦੇ ਰਾਹ ਕੱਟ ਜਾਣ ਤੇ ਵੀ ਡਰੀ ਬੈਠੇ ਹਾਂ, ਕੋਈ ਛਿੱਕ ਮਾਰ ਦੇਵੇ ਤਾਂ ਵੀ ਡਰ ਜਾਂਦੇ ਹਾਂ, ਅਸੀਂ ਹਰ ਕੰਮ ਦੀ ਸ਼ੁਰੂਆਤ ਤੋਂ ਪਹਿਲਾਂ ਪੁੱਛਾਂ ਲੈ ਰਹੇ ਹਾਂ, ਕਈ ਤਰ੍ਹਾਂ ਦੇ ਵਹਿਮਾਂ ਭਰਮਾਂ ਦੇ ਡਰਾਂ ਵਿੱਚ ਫਸੇ ਹੋਏ ਹੱਥੀਂ ਲਾਲ ਪੀਲੇ ਗਾਨੇ ਬੰਨ੍ਹੀ ਫਿਰਦੇ ਹਾਂ। ਜੇ ਅਸੀਂ ਨਿਡੱਰ ਹਾਂ ਤਾਂ ਸਾਨੂੰ ਕਿਸੇ ਕੋਲੋਂ ਪੁੱਛਣ ਜਾਣ ਦੀ ਲੋੜ ਨਹੀਂ ਹੈ ਇਹੋ ਹੀ ਹੈ ਨਿਰਭਉ ਪ੍ਰਭੂ ਨੂੰ ਮਿਲਣ ਦੀ ਨੀਸ਼ਾਨੀ।

6: ਨਿਰਵੈਰੁ-ਅਸੀਂ ਵਾਰ ਵਾਰ ਉਸ ਰੱਬ ਜੀ ਨੂੰ ਨਿਰਵੈਰ ਆਖਦੇ ਹਨ ਅਤੇ ਵਾਰ ਵਾਰ ਪੜ੍ਹਦੇ ਵੀ ਹਾਂ। ਇਸ ਤਰ੍ਹਾਂ ਦੇ ਰੱਬ ਨੂੰ ਮਿਲਣ ਵਾਸਤੇ ਸਾਨੂੰ ਵੀ ਨਿਰਵੈਰ ਹੋਣ ਦੀ ਜਰੂਰਤ ਹੈ। ਜੇ ਇਹ ਰੱਬ ਜੀ ਦਾ ਗੁਣ ਸਾਡੇ ਵਿੱਚ ਹੈ ਤਾਂ ਕਿਸੇ ਨੂੰ ਕਹਿਣ ਦੀ ਜਰੂਰਤ ਨਹੀਂ ਹੈ ਕਿ ਮੈਂ ਰੱਬ ਜੀ ਦੇ ਦਰਸ਼ਨ ਕਰ ਲਏ ਹਨ ਉਹ ਮਨੁੱਖ ਸਦਾ ਹੀ ਉਸ ਨਾਲ ਮਿਲ ਹੋਇਆ ਹੈ ਇਹ ਹੈ ਅਸਲ ਉਸ ਰੱਬ ਜੀ ਨੂੰ ਮਿਲਣ ਦੀ ਨੀਸ਼ਾਨੀ।

7: ਅਕਾਲ-ਇਸ ਗੱਲ ਨੂੰ ਸਾਰੇ ਹੀ ਧਰਮਾਂ ਵਾਲੇ ਸਵੀਕਾਰ ਕਰਦੇ ਹਨ ਅਤੇ ਗੁਰਬਾਣੀ ਵੀ ਵਾਰ ਵਾਰ ਆਖਦੀ ਹੈ ਕਿ ਉਹ ਰੱਬ ਜੀ ਸਦੀਵੀਂ ਹੈ ਅਤੇ ਕਦੇ ਵੀ ਮਰਦਾ ਨਹੀਂ ਹੈ, ਮੌਤ ਤੋਂ ਰਹਿਤ ਹੈ। ਤਾਂ ਫਿਰ ਮੌਤ ਤੋਂ ਰਹਿਤ ਵਾਲਾ ਰੱਬ ਬੰਦਾ ਨਹੀਂ ਹੋ ਸਕਦਾ, ਕਿਉਂ ਕਿ ਗੁਰੂ ਜੀ ਆਖਦੇ ਹਨ ਕਿ {ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ ॥ } ਜਿਸ ਨੇ ਜਨਮ ਲਿਆ ਹੈ ਉਸਦੀ ਮੌਤ ਵੀ ਇਕ ਦਿਨ ਜਰੂਰ ਆ ਜਾਂਦੀ ਹੈ ਤਾਂ ਫਿਰ ਮੌਤ ਤੋਂ ਰਹਿਤ ਵਾਲੇ ਰੱਬ ਜੀ ਨੂੰ ਕਿਸ ਤਰ੍ਹਾਂ ਮਿਲਿਆ ਜਾ ਸਕਦਾ ਹੈ ਅਸਲ ਵਿੱਚ ਮੌਤ ਤੋਂ ਰਹਿਤ ਹੈ ਨਿਯਮ, ਰਜ਼ਾ, ਹੁਕਮ, ਸ਼ਕਤੀ, ਮ੍ਰਯਾਦਾ, ਨਿਰੋਲ ਸੱਚ ਦਾ ਗਿਆਨ। ਸੋ ਮਨੁੱਖ ਜਨਮ ਤੋਂ ਲੈ ਕਿ ਅਖੀਰ ਸਰੀਰਕ ਮੌਤ ਦੇ ਦੌਰਾਨ ਅਨੇਕਾਂ ਵਾਰੀ ਹੀ ਆਤਮਿਕ ਮੌਤੇ ਮਰਦਾ ਹੈ ਕਈ ਵਾਰੀ ਇਸ ਨੂੰ ਕਾਮ ਮਾਰ ਜਾਂਦਾ ਹੈ, ਕਈ ਵਾਰੀ ਕ੍ਰੋਧ ਦੇ ਅਧੀਨ ਮਰ ਜਾਂਦਾ ਹੈ ਅਤੇ ਕਈ ਵਾਰੀ ਹੋਰ ਕਿਸੇ ਵਿਕਾਰ ਨਾਲ ਇਸ ਦੀ ਆਤਮਿਕ ਮੌਤ ਹੋ ਜਾਂਦੀ ਹੈ, ਕਈ ਵਾਰੀ ਲੋਭ ਲਾਲਚ ਇਸ ਦੀ ਮੌਤ ਕਰ ਜਾਂਦਾ ਹੈ। ਤਾਂ ਫਿਰ ਸਾਨੂੰ ਵੀ ਇਸ ਅਟੱਲ ਨਿਯਮਾਂ ਦਾ ਗਿਆਨ ਹਾਸਲ ਕਰਕੇ ਸੋਚ ਦੀ ਇਕਸਾਰਤਾ ਬਣਾ ਲੈਣੀ ਚਾਹੀਦੀ ਹੈ, ਇਹੋ ਹੀ ਮੌਤ ਤੋਂ ਰਹਿਤ ਹੋਣਾ ਹੈ। ਜੇ ਸਾਡਾ ਜੀਵਨ ਇਸ ਤਰ੍ਹਾਂ ਦਾ ਹੈ ਤਾਂ ਇਹੋ ਹੀ ਹੈ ਪ੍ਰਭੂ ਜੀ ਨੂੰ ਮਿਲਣ ਦੀ ਨੀਸ਼ਾਨੀ।

8: ਮੂਰਤਿ-ਹਸਤੀ, ਹੋਂਦ:-ਜਿਸ ਨੂੰ ਅਸੀਂ ਗੁਰਬਾਣੀ ਅਨੁਸਾਰ ਰੱਬ ਜੀ ਸਮਝਿਆ ਹੈ ਉਹ ਸਦੀਂਵ ਹਸਤੀ ਹੈ, ਸਦੀਵੀਂ ਹੋਂਦ ਵਾਲਾ ਹੈ। ਤਾਂ ਫਿਰ ਸਾਨੂੰ ਸੋਚਣ ਦੀ ਜਰੂਰਤ ਹੈ ਕਿ ਸਦੀਵੀਂ ਹਸਤੀ ਕੋਈ ਨਿਯਮ ਹੀ ਹੋ ਸਕਦੀ ਹੈ, ਹੁਕਮ, ਰਜ਼ਾ ਹੀ ਹੋ ਸਕਦੀ ਹੈ, ਸਭਨਾਂ ਅੰਦਰ ਵਰਤ ਰਹੀ ਜੀਵਨ ਰੌਂ ਹੀ ਹੋ ਸਕਦੀ ਹੈ ਇਹ ਰੱਬ ਜੀ ਦਾ ਗੁਣ ਜੇ ਮਨੁੱਖ ਆਪਣੇ ਜੀਵਨ ਦੌਰਾਨ ਹਾਸਲ ਕਰ ਜੀਵਨ ਗੁਜਾਰਨਾਂ ਸਿੱਖ ਲਵੇ ਤਾਂ ਅਸੀਂ ਆਖ ਸਕਦੇ ਹਾਂ ਕਿ ਇਹ ਮਨੁੱਖ ਰੱਬ ਜੀ ਨਾਲ ਮਿਲਿਆ ਹੋਇਆ ਹੈ। ਸਾਨੂੰ ਵੀ ਪਸ਼ੂਆਂ ਵਾਲੀਆਂ ਕਰਤੂਤਾਂ ਤਿਆਗ ਕੇ ਮਨੁੱਖਾ ਜੂਨ ਵਾਲੀ ਹਸਤੀ ਬਣਾਉਂਣੀ ਚਾਹੀਦੀ ਹੈ, ਆਪਣੇ ਕਾਰਜ਼ਾਂ ਨੂੰ ਖੁੱਦ ਆਪ ਕਰਨ ਦੀ ਹਸੀਅਤ ਕਾਇਮ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਦੇ ਗੁਣ ਮਨੁੱਖ ਵਿੱਚ ਬਣ ਜਾਣੇ ਹੀ ਪ੍ਰਭੂ ਨੂੰ ਮਿਲਣ ਦੀ ਨੀਸ਼ਾਨੀ ਹੈ।

9: ਅਜੂਨੀ-ਜਿਸ ਤਰ੍ਹਾਂ ਦਾ ਅਸੀਂ ਰੱਬ ਜੀ ਦਾ ਸਰੂਪ ਸਮਝੀ ਬੈਠੇ ਹਾਂ ਕਿ ਉਸ ਨੇ ਸਾਡੇ ਗਲ ਲੱਗ ਕੇ ਸਾਨੂੰ ਮਿਲਣਾ ਹੈ ਤਾਂ ਉਹ ਰੱਬ ਕੋਈ ਸਰੀਰਧਾਰੀ ਹੀ ਹੋ ਸਕਦਾ ਹੈ। ਪਰ ਗੁਰੂ ਜੀ ਬਾਣੀ ਰਾਹੀਂ ਸਾਨੂੰ ਵਾਰ ਵਾਰ ਇਹ ਪ੍ਰਪੱਕ ਕਰਵਾਉਂਦੇ ਹਨ ਕਿ ਰੱਬ ਜੀ ਜੂਨਾਂ ਤੋਂ ਰਹਿਤ ਹਨ। ਜੇ ਅਸੀਂ ਗਲ ਲੱਗ ਕਿ ਮਿਲਣ ਵਾਲੇ ਰੱਬ ਜੀ ਨੂੰ ਮਿਲਣ ਦਾ ਭਰਮ ਪਾਲੀ ਬੈਠੇ ਹਾਂ ਤਾਂ ਫਿਰ ਰੱਬ ਜੀ ਨੂੰ ਜਨਮ ਲੈਣਾ ਪਵੇਗਾ ਅਤੇ ਜੋ ਜਨਮ ਲੈਂਦਾ ਹੈ ਉਹ ਇਕ ਦਿਨ ਮਰਦਾ ਵੀ ਹੈ ਫਿਰ ਇਹ ਅਜੂਨੀ ਅਖਰ ਕਿਸ ਨੂੰ ਸਮਝਾਉਣ ਵਾਸਤੇ ਗੁਰੂ ਜੀ ਨੇ ਲਿਖਿਆ ਹੈ?। ਜੇ ਅਸੀਂ ਵੀ ਜੂਨਾਂ ਤੋਂ ਰਹਿਤ ਹੋਵਾਂਗੇ ਤਾਂ ਹੀ ਉਸ ਨੂੰ ਮਿਲਣ ਦੀ ਪੱਕੀ ਨੀਸ਼ਾਨੀ ਹੋਵੇਗੀ, ਅਸੀਂ ਸਰੀਰ ਕਰਕੇ ਮਨੁੱਖ ਦਿਸਦੇ ਹਾਂ ਪਰ ਸੋਚ ਕਰਕੇ ਕਈ ਤਰ੍ਹਾਂ ਦੀਆਂ ਜੂਨੀਆਂ ਵਿੱਚ ਵਿਚਰ ਰਹੇ ਹਾਂ ਜਿਵੇ { ਕਰਤੂਤਿ ਪਸੂ ਕੀ ਮਾਨਸ ਜਾਤਿ ॥ --ਅਤੇ---- ਬਾਹਰਿ ਗਿਆਨ ਧਿਆਨ ਇਸਨਾਨ ॥ ਅੰਤਰਿ ਬਿਆਪੈ ਲੋਭੁ ਸੁਆਨੁ ॥ } ਜੇ ਅਸੀਂ ਵੀ ਉਸ ਅਟੱਲ ਤੇ ਸਦੀਵੀਂ ਰੱਬ ਜੀ ਦੇ ਅਟੱਲ ਨਿਯਮਾਂ ਦਾ ਗਿਆਨ ਹਾਸਲ ਕਰ ਪਸ਼ੂਆਂ ਵਾਲੀ ਬਿਰਤੀ ਨੂੰ ਮਾਰ ਕੇ ਅਸਲ ਮਨੁੱਖਾ ਜੂਨ ਵਿੱਚ ਆ ਜਾਈਏ ਅਤੇ ਵਾਰ ਵਾਰ ਦੀਆਂ ਪਸ਼ੂਆਂ ਵਾਲੀਆਂ ਜੂਨਾਂ ਤੋਂ ਰਹਿਤ ਹੋ ਜਾਈਏ ਤਾਂ ਹੀ ਰੱਬ ਜੀ ਨੂੰ ਮਿਲਣ ਦੀ ਨੀਸ਼ਾਨੀ ਸਮਝਾਂਗੇ।

10: ਸੈਭੰ- ਰੱਬ ਜੀ ਖੁੱਦ ਆਪਣੇ ਆਪ ਤੋਂ ਪ੍ਰਗਟ ਹਨ ਸਾਨੂੰ ਨਹੀਂ ਪਤਾ ਕਿ ਇਹ ਨਿਯਮ, ਇਹ ਸ਼ਕਤੀ, ਇਹ ਜੀਵਨ ਰੌਂ ਕਿਸ ਤਰ੍ਹਾਂ, ਕਿਸ ਵੇਲੇ, ਕਿਹੜੇ ਦਿਨ, ਕਿਹੜੇ ਸਾਲ ਬਣੀ ਸੀ ਕੋਈ ਵੀ ਸੰਪੂਰਨ ਬਿਆਨਗੀ ਨਹੀਂ ਕਰ ਸਕਿਆ ਅਤੇ ਨਾ ਹੀ ਕਰ ਸਕਦਾ ਹੈ। ਪਰ ਜੇ ਇਹੋ ਗੁਣ ਅਸੀਂ ਆਪਣੇ ਆਪ ਵਿੱਚ ਹਾਸਲ ਕਰ ਲਈਏ ਕਿ ਅਸੀਂ ਵੀ ਆਪਣੇ ਕਾਰਜ਼ਾਂ ਦੇ ਖੁੱਦ ਕਰਨ ਵਾਲੇ ਬਣ ਜਾਈਏ ਤਾਂ ਅਸੀਂ ਇਸ ਨੂੰ ਆਖ ਸਕਦੇ ਹਾਂ ਕਿ ਰੱਬ ਜੀ ਨੂੰ ਮਿਲਣ ਦੀ ਇਹੋ ਹੀ ਨੀਸ਼ਾਨੀ ਹੈ। ਪਰ ਹੋਰਨਾਂ ਨੂੰ ਛੱਡ ਜੇ ਅਸੀਂ ਸਿੱਖ ਧਰਮ ਵਿੱਚ ਹੀ ਨਿਗ੍ਹਾ ਮਾਰੀਏ ਤਾਂ ਜਿਨ੍ਹਾਂ ਸਾਧਾਂ, ਸੰਤਾਂ ਅਤੇ ਆਖੇ ਜਾਂਦੇ ਬ੍ਰਹਮ ਗਿਆਨੀਆਂ, ਮਹਾਂ ਪੁਰਖਾਂ ਨੂੰ ਅਸੀਂ ਰੱਬ ਜੀ ਨਾਲ ਮਿਲੇ ਹੋਏ ਆਖ ਅਤੇ ਸਮਝ ਰਹੇ ਹਾਂ ਉਹ ਤਕਰੀਬਨ ਪੰਜਾਬ ਦੇ ‘12783’ ਪਿੰਡਾਂ ਅੰਦਰ ‘150’ ਫਿਰਦੇ ਹਨ ਕੀ ਕਦੇ ਅਸੀਂ ਉਨ੍ਹਾਂ ਦੇ ਜੀਵਨ ਵਿੱਚ ਰੱਬ ਜੀ ਦਾ ਸੈਭੰ ਵਾਲਾ ਗੁਣ ਦੇਖਿਆ ਹੈ? ਕੀ ਉਹ ਆਪਣੀ ਪੇਟ ਪੂਰਤੀ ਵਾਸਤੇ ਕੋਈ ਕੰਮ ਕਰ ਰਹੇ ਹਨ? ਜਾਂ ਆਮ ਕਿਰਤੀ ਲੋਕਾਂ ਦੀ ਕੀਤੀ ਹੋਈ ਕਮਾਈ ਤੇ ਹੀ ਪਲ ਰਹੇ ਹਨ। ਜੇ ਤਾਂ ਕਿਸੇ ਮਨੁੱਖ ਵਿੱਚ ਇਹ ਗੁਣ ਹੈ ਤਾਂ ਇਹੋ ਹੀ ਹੈ ਅਸਲ ਵਿੱਚ ਉਸ ਰੱਬ ਜੀ ਨੂੰ ਮਿਲਣ ਦੀ ਨੀਸ਼ਾਨੀ।

11: ਗੁਰ ਪ੍ਰਸਾਦਿ-ਸਿੱਖ ਧਰਮ ਦੇ ਮੁਢਲੇ ਅਸੂਲਾਂ ਨੂੰ ਬਿਆਨ ਕਰਨ ਵਾਲੇ ਮੂਲ ਮੰਤ੍ਰ ਦਾ ਇਹ ਅਖੀਰਲਾ ਅੱਖਰ ਹੈ ਉਪਰ ਦਰਸਾਏ ਰੱਬ ਜੀ ਵਾਲੇ ਗੁਣਾਂ ਨੂੰ ਜੀਵਨ ਦੌਰਾਨ ਹਾਸਲ ਕਰਨ ਵਾਸਤੇ ਅਤੇ ਉਸ ਰੱਬ ਜੀ ਨੂੰ ਮਿਲਣ ਲਈ ਗੁਰ ਪ੍ਰਸਾਦਿ ਦੀ ਲਾਜ਼ਮੀ ਜਰੂਰਤ ਹੈ। ਇਸ ਗੱਲ ਨੂੰ ਅਸੀਂ ਸਿੱਖ ਧਰਮ ਦੇ ਮੰਨਣ ਵਾਲੇ ਬਹੁਤ ਹੀ ਭਲੀ ਭਾਂਤ ਜਾਣਦੇ ਹਾਂ ਕਿ ਸਿੱਖਾਂ ਦਾ ਗੁਰੂ ਐਸ ਵੇਲੇ ‘ਗੁਰੂ ਗ੍ਰੰਥ’ ਜੀ ਹੈ ਜੋ ਕਿ ਗਿਆਨ ਗੁਰੂ, ਸ਼ਬਦ ਗੁਰੂ ਹੈ ਤਾਂ ਫਿਰ ਸਮਝਣ ਵਾਸਤੇ ਕਈਆਂ ਨੂੰ ਬੜ੍ਹੀ
ਹੀ ਮੁਸ਼ਕਲ ਹੈ ਕਿ ਇਹ ਗਿਆਨ ਗੁਰੂ, ਸ਼ਬਦ ਗੁਰੂ ਜੀ ਮਨੁੱਖ ਉਪਰ ਕਿਸ ਤਰ੍ਹਾਂ ਕਿਰਪਾ ਕਰਨ? ਜਿਸ ਨਾਲ ਸਾਡਾ ਮਿਲਾਪ ਉਸ ਰੱਬ ਜੀ ਨਾਲ ਹੋ ਜਾਵੇ। ਗੁਰ:-ਗੁਰੂ, ਗਿਆਨ। ਪ੍ਰਸਾਦਿ ਗ੍ਰਹਿਣ ਕਰਨਾ, ਹਾਸਲ ਕਰਨਾ। ਜਿਸ ਮਨੁੱਖ ਨੇ ਨਿਰੋਲ ਸੱਚ ਤੇ ਸਦੀਵੀਂ ਰੱਬ ਜੀ ਦੇ ਨਿਯਮਾਂ ਦਾ ਗਿਆਨ ਹਾਸਲ ਕਰ ਉਸ ਅਨੁਸਾਰ ਜੀਵਨ ਬਣਾ ਲਿਆ ਹੈ ਉਸ ਨੇ ਗੁਰੂ ਦੀ (ਗਿਆਨ ਦੀ) ਕਿਰਪਾ ਵੀ ਹਾਸਲ ਕਰ ਲਈ ਹੈ ਅਤੇ ਇਸ ਨਿਰੋਲ ਸੱਚ ਦੇ ਗਿਆਨ ਨੂੰ ਹਾਸਲ ਕਰਨਾ ਹਰ ਮਨੁੱਖ ਦਾ ਜਾਤੀ ਕਰਮ ਹੈ, ਖੁਦ ਆਪ ਗਿਆਨ ਨੂੰ ਗ੍ਰਹਿਣ ਕਰਨਾ ਪੈਂਦਾ ਹੈ। ਇਹ ਨਹੀਂ ਹੈ ਕਿ ਗਿਆਨ ਨੂੰ ਪੜ੍ਹੀ ਅਤੇ ਸਮਝੀ ਕੋਈ ਹੋਰ ਜਾਵੇ ਅਤੇ ਉਸ ਦਾ ਫਲ ਕਿਸੇ ਹੋਰ ਨੂੰ ਪ੍ਰਾਪਤ ਹੋ ਜਾਵੇਗਾ। ਜਿਹੜਾ ਵੀ ਇਸ ਗਿਆਨ ਨੂੰ ਹਾਸਲ ਕਰਦਾ ਹੈ ਤਾਂ ਉਹ ਮਨੁੱਖ ਇਥੇ ਹੀ ਜੀਵਨ ਦੌਰਾਨ ਉਸ ਰੱਬ ਜੀ ਨਾਲ ਮਿਲਿਆ ਹੋਇਆ ਹੈ ਇਹੋ ਹੈ
ਪ੍ਰਭ ਮਿਲਣੇ ਕੀ ਨੀਸ਼ਾਨੀ।

12: ਪ੍ਰਭ ਮਿਲਣੈ ਕੀ ਏਹ ਨੀਸਾਣੀ ॥ ਮਨਿ ਇਕੋ ਸਚਾ ਹੁਕਮੁ ਪਛਾਣੀ ॥ -ਗੁਰੂ ਜੀ ਰੱਬ ਜੀ ਨੂੰ ਮਿਲਣ ਦੀ ਪੱਕੀ ਅਤੇ ਅਟੱਲ ਸਦੀਵੀਂ ਨੀਸ਼ਾਨੀ ਦਰਸਾਉਂਦੇ ਹਨ ਕਿ ਹੇ ਮਨੁੱਖ ਜੇ ਤੂੰ ਉਸ ਸੱਚੇ ਤੇ ਅਟੱਲ ਰੱਬ ਜੀ ਦੇ ਹੁਕਮਾਂ ਨੂੰ ਪਛਾਣ ਕੇ ਉਨ੍ਹਾਂ ਅਨੁਸਾਰ ਆਪਣਾ ਜੀਵਨ ਬਣਾ ਲਵੇਂ ਤਾਂ ਇਹ ਰੱਬ ਜੀ ਨੂੰ ਮਿਲਣ ਦੀ ਪੱਕੀ ਨੀਸ਼ਾਨੀ ਹੈ। ਸਾਰੀ ਗੁਰਬਾਣੀ ਹੀ ਸਾਨੂੰ ਉਸ ਅਟੱਲ ਰੱਬ ਜੀ ਦੇ ਹੁਕਮਾਂ ਦੀ ਪਹਿਚਾਣ ਹੀ ਵਾਰ ਵਾਰ ਕਰਵਾਉਂਦੀ ਹੈ। ਵਾਰ ਵਾਰ ਆਪਣੇ ਆਪ ਦੀ ਖੋਜ਼ ਕਰਨ ਵਾਸਤੇ ਆਖਦੀ ਹੈ ਜਿਵੇ:-
{ ੭੨੭:-ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥ }
{੧੧੨੮:-ਇਸੁ ਮਨ ਕਉ ਕੋਈ ਖੋਜਹੁ ਭਾਈ ॥ ਮਨੁ ਖੋਜਤ ਨਾਮੁ ਨਉ ਨਿਧਿ ਪਾਈ ॥੧॥ ਰਹਾਉ ॥ }
{ 9/684:-ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ ॥ ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ ॥੧॥ }
{ ਕਬੀਰ/੧੩੪੯:-ਦਿਲ ਮਹਿ ਖੋਜਿ ਦਿਲੈ ਦਿਲਿ ਖੋਜਹੁ ਏਹੀ ਠਉਰ ਮੁਕਾਮਾ ॥ ੨॥ }

ਜਿਹੜਾ ਮਨੁੱਖ ਖੁਦ ਆਪ ਦੀ, ਆਪਣੀ ਸੋਚ ਦੀ ਖੋਜ਼ ਕਰਦਾ ਹੈ ਉਹ ਹੀ ਆਪਣੇ ਆਪ ਦੀ ਨਿਰੋਲ ਸੱਚ ਦੇ ਗਿਆਨ ਨਾਲ ਤੁਲਣਾ ਕਰਦਾ ਹੋਇਆ ਆਪਣੇ ਆਪ ਨੂੰ ਉਸ ਸੱਚ ਵਰਗਾ ਬਣਾ ਸਕਦਾ ਹੈ, ਉਸ ਸੱਚ ਵਰਗਾ ਹੋ ਸਕਦਾ ਹੈ, ਨਿਰੋਲ ਸੱਚ ਵਰਗਾ ਹੋ ਜਾਣਾ ਹੀ ਉਸ ਰੱਬ ਜੀ ਨਾਲ ਮਿਲਾਪ ਹੈ।

13: ਸੁਨਿ ਸਖੀਏ ਪ੍ਰਭ ਮਿਲਣ ਨੀਸਾਨੀ ॥ ਮਨੁ ਤਨੁ ਅਰਪਿ ਤਜਿ ਲਾਜ ਲੋਕਾਨੀ ॥੧॥ ਰਹਾਉ ॥-ਪੰਜਵੇਂ ਗੁਰੂ ਅਰਜਨ ਸਾਹਿਬ ਜੀ ਇਸ ਸਾਰੇ ਸ਼ਬਦ ਵਿੱਚ ਉਸ ਰੱਬ ਜੀ ਨੂੰ ਮਿਲਣ ਦੀਆਂ ਨੀਸ਼ਾਨੀਆਂ ਖੂਬ ਲਾ ਜ਼ਵਾਬ ਤਰੀਕੇ ਨਾਲ ਸਮਝਾਉਂਦੇ ਹਨ। ਆਖਦੇ ਹਨ ਕਿ ਹੇ ਮਨੁੱਖ ਜੇ ਤੂੰ ਉਸ ਰੱਬ ਜੀ ਨਾਲ ਮਿਲਾਪ ਪਾਉਣਾ ਚਾਹੁੰਦਾ ਹੈ ਤਾਂ ਤੈਨੂੰ ਆਪਣੀ ਅਗਿਆਨਤਾ ਵਾਲੀ ਮੱਤ, ਸੋਚ, ਬੁੱਧੀ, ਮੰਨ ਨੂੰ ਛੱਡਣਾ ਪਵੇਗਾ ਅਤੇ ਜਿਸ ਅਗਿਆਨੀ ਬੁੱਧੀ ਅਧੀਨ ਤੇਰੇ ਗਿਆਨ ਇੰਦ੍ਰੇ ਕੰਮ ਕਰ ਰਹੇ ਹਨ ਉਨ੍ਹਾਂ ਗਿਆਨ ਇਦ੍ਰਿਆਂ ਨੂੰ ਵੀ ਗੁਰੂ ਦੀ ਮੱਤ ਅਨੁਸਾਰ ਬਣਾਉਣਾ ਪਵੇਗਾ ਅਤੇ ਨਾਲ ਹੀ ਜੋ ਤੂੰ ਲੋਕ ਲਾਜ਼ ਦੇ ਅਧੀਨ ਦੁਨੀਆਂ ਵਿੱਚ ਰਹਿੰਦਾ ਹੋਇਆ ਕਾਰਜ਼ ਕਰ ਰਿਹਾ ਹੈ ਉਨ੍ਹਾਂ ਨੂੰ ਤਿਆਗਣਾ ਪਵੇਗਾ। ਜੇ ਤੂੰ ਇਸ ਤਰ੍ਹਾਂ ਦਾ ਜੀਵਨ ਬਤੀਤ ਕਰ ਰਿਹਾ ਹੈ ਤਾਂ ਸਮਝ ਲੈ ਕਿ ਇਹੋ ਹੀ ਹੈ ਉਸ ਰੱਬ ਜੀ ਨੂੰ ਮਿਲਣ ਵਾਸਤੇ ਨੀਸ਼ਾਨੀ। ਨਹੀਂ ਤਾਂ ਹੋਰ ਹੋਰ ਕਰਮ ਕਰਨੇ ਸਾਰੇ ਹੀ ਕਰਮਕਾਂਡ ਹਨ। ਅਸੀਂ ਅੱਜ ਤੱਕ ਬਹੁ ਸਾਰੇ ਕਥਾਕਾਰਾਂ, ਭਾਈਆਂ, ਸਾਧਾਂ, ਸੰਤਾਂ, ਪਾਠੀਆਂ ਅਤੇ ਹੋਰ ਸੰਗਤਾਂ ਪਾਸੋ ਇਹ ਸੁਣਦੇ ਹੀ ਆ ਰਹੇ ਹਾਂ ਕਿ ਫਲਾਨੇ ਨੇ ਰੱਬ ਜੀ ਦੇ ਦਰਸ਼ਨ ਕੀਤੇ ਹਨ। ਜਾਂ ਕਈ ਵਾਰੀ ਭਗਤਾਂ ਦੇ ਨਾਮ ਨਾਲ ਸਾਖੀਆਂ ਜੋੜਕੇ ਵੀ ਸੁਣਾਈਆਂ ਜਾਂਦੀਆਂ ਹਨ ਕਿ ਇਸ ਭਗਤ ਜੀ ਨੇ ਏਨੀ ਵਾਰੀ ਰੱਬ ਜੀ ਦੇ ਦਰਸ਼ਨ ਕੀਤੇ ਹਨ ਪਰ ਜਦ ਗੁਰੂ ਗ੍ਰੰਥ ਜੀ ਦੀ ਸਾਰੀ ਬਾਣੀ ਨੂੰ ਵਾਰ ਵਾਰ ਬਰੀਕੀ ਨਾਲ ਵੀਚਾਰ ਵੀਚਾਰ ਕੇ ਪੜ੍ਹਦੇ ਹਾਂ ਤਾਂ ਗੁਰਬਾਣੀ ਵਿਚਲਾ ਉਪਦੇਸ਼ ਉਸ ਰੱਬ ਜੀ ਦੀ ਕਿਸੇ ਤਰ੍ਹਾਂ ਨਾਲ ਸੰਪੂਰਨ ਬਿਆਨਗੀ ਕਰਨੀ ਨਹੀਂ ਦਰਸਾਉਂਦੀ ਤਾਂ ਫਿਰ ਸਵਾਲ ਉਠਦਾ ਹੈ ਕਿ ਜਿਸ ਰੱਬ ਜੀ ਬਾਰੇ ਕੁੱਝ ਵੀ ਬਿਆਨ ਨਹੀਂ ਕੀਤਾ ਜਾ ਸਕਦਾ ਉਸ ਦੇ ਦਰਸ਼ਨ ਕਿਸ ਤਰ੍ਹਾਂ ਹੋ ਸਕਦੇ ਹਨ। ਜਿਵੇਂ-
{ ੧/੬:-ਅੰਤ ਕਾਰਣਿ ਕੇਤੇ ਬਿਲਲਾਹਿ ॥ ਤਾ ਕੇ ਅੰਤ ਨ ਪਾਏ ਜਾਹਿ ॥ ਏਹੁ ਅੰਤੁ ਨ ਜਾਣੈ ਕੋਇ ॥ ਬਹੁਤਾ ਕਹੀਐ ਬਹੁਤਾ ਹੋਇ ॥ }
{ ੧/੩:-ਕੁਦਰਤਿ ਕਵਣ ਕਹਾ ਵੀਚਾਰੁ ॥ ਵਾਰਿਆ ਨ ਜਾਵਾ ਏਕ ਵਾਰ ॥ }
{ ੫/੫੭੭:-ਨਾਨਕ ਸੇ ਅਖੜੀਆਂ ਬਿਅਨਿ ਜਿਨੀ ਡਿਸੰਦੋ ਮਾ ਪਿਰੀ ॥ ੧॥ }
{ ੫/੭੪੦:-ਅਗਮ ਅਗੋਚਰੁ ਅਲਖ ਅਪਾਰੇ ॥ }

ਫਿਰ ਵੀ ਕਈ ਆਪਣੇ ਆਪ ਨੂੰ ਬਾਹਰ ਮੁਖੀ ਦਰਸ਼ਨ ਹੁੰਦੇ ਆਖਦੇ ਹਨ ਜਾਂ ਕਈ ਆਖਦੇ ਹਨ ਕਿ ਸਾਡੇ ਮਹਾਂਪੁਰਖਾਂ ਨੇ ਰੱਬ ਜੀ ਦੇ ਦਰਸ਼ਨ ਕੀਤੇ ਹੋਏ ਹਨ ਪਰ ਗੁਰਬਾਣੀ ਆਖਦੀ ਹੈ ਕਿ ਦੁਨੀਆਂ ਦੇ ਲੋਕ ਰੱਬ ਜੀ ਬਾਰੇ ਇਸ ਤਰ੍ਹਾਂ ਆਖਦੇ ਹਨ ਜਿਵੇਂ:-
{ ਨਾਮਦੇਵ/੭੧੮:-ਕੋਈ ਬੋਲੈ ਨਿਰਵਾ ਕੋਈ ਬੋਲੈ ਦੂਰਿ ॥ ਜਲ ਕੀ ਮਾਛੁਲੀ ਚਰੈ ਖਜੂਰਿ ॥੧॥
ਕਾਂਇ ਰੇ ਬਕਬਾਦੁ ਲਾਇਓ ॥ ਜਿਨਿ ਹਰਿ ਪਾਇਓ ਤਿਨਹਿ ਛਪਾਇਓ ॥੧॥ ਰਹਾਉ ॥ }
ਟੋਡੀ ਰਾਗ ਅੰਦਰ ਭਗਤ ਨਾਮਦੇਵ ਜੀ ਬਹੁਤ ਹੀ ਸਪੱਸ਼ਟ ਰੂਪ ਵਿੱਚ ਫੁਰਮਾਉਂਦੇ ਹਨ ਕਿ ਕਈ ਰੱਬ ਜੀ ਨੂੰ ਨੇੜੇ ਬੈਠਾ ਆਖਦੇ ਹਨ ਅਤੇ ਕਈ ਕਿਤੇ ਬਹੁਤ ਦੂਰ ਸਮਾਧੀ ਲਾਈ ਬੈਠਾ ਬਿਆਨ ਕਰਦੇ ਹਨ ਪਰ ਬਹੁਤ ਹੀ ਨਿਡੱਰਤਾ ਅਤੇ ਦਲੇਰੀ ਨਾਲ ਭਗਤ ਜੀ ਆਖਦੇ ਹਨ ਕਿ ਉਸ ਰੱਬ ਜੀ ਬਾਰੇ ਦਲੀਲਾਂ ਦੇਣੀਆਂ ਇਸ ਤਰ੍ਹਾਂ ਹਨ ਜਿਵੇ ਕੋਈ ਪਾਣੀ ਵਿੱਚ ਰਹਿਣ ਵਾਲੀ ਮੱਛੀ ਕਿਸੇ ਖਜ਼ੂਰ ਦੇ ਦਰਖਤ ਉਪਰ ਚੜ੍ਹ ਗਈ ਹੋਵੇ, ਜੋ ਵਾਸਤਿਕ ਵਿੱਚ ਕਦੇ ਵੀ ਨਹੀਂ ਹੋ ਸਕਦਾ। ਭਗਤ ਜੀ ਇਥੇ ਹੀ ਬੱਸ ਨਹੀਂ ਕਰਦੇ ਅਗੇ ਹੋਰ ਆਖਦੇ ਹਨ ਕਿ ਇਸ ਤਰ੍ਹਾਂ ਦੀਆਂ ਰੱਬ ਜੀ ਬਾਰੇ ਦਲੀਲਾਂ ਦੇਣ ਵਾਲੇ ਨਿਰਾ ਬਕਵਾਸ ਹੀ ਕਰ ਰਹੇ ਹਨ, ਭਾਵ ਉਸ ਰੱਬ ਜੀ ਬਾਰੇ ਕੋਈ ਵੀ ਬਿਆਨਗੀ ਨਹੀਂ ਹੋ ਸਕਦੀ। ਹਾਂ! ਜਿਸ ਨੇ ਉਸ ਸਦੀਵੀਂ ਅਟੱਲ ਰੱਬ ਜੀ ਦੇ ਗੁਣਾਂ ਦਾ, ਅਟੱਲ ਵਰਤ ਰਹੇ ਨਿਯਮਾਂ ਦਾ ਗਿਆਨ ਹਾਸਲ ਕੀਤਾ ਵੀ ਹੈ ਉਹ ਕਦੇ ਵੀ ਸੰਪੂਰਨ ਬਿਆਨ ਨਹੀਂ ਕਰ ਸਕਿਆ। ਭਾਵ ਉਸ ਮਨੁੱਖ ਦੀ ਸੋਚ ਉਸ ਅਟੱਲ ਪ੍ਰਭੂ ਜੀ ਦੇ ਨਿਯਮਾਂ ਦੇ ਗਿਆਨ ਅਧੀਨ ਉਸ ਨੂੰ ਹੋਰ ਹੋਰ ਵੱਡਾ ਵੱਡਾ ਪ੍ਰਤੀਤ ਕਰਦੀ ਹੈ ਪਰ ਬਿਆਨਗੀ ਕਦੇ ਵੀ ਨਹੀਂ ਹੈ। ਸੰਪੂਰਨ ਬਿਆਨਗੀ ਨਾ ਹੋਣੀ ਹੀ ਛਪਾਇਆ ਹੈ। ਜਿਹੜੇ ਆਖਦੇ ਹਨ ਕਿ ਉਸ ਨੇ ਉਸ ਰੱਬ ਜੀ ਨੂੰ ਪਾਇਆ ਹੈ ਉਹ ਸਾਡੇ ਨਾਲ ਝੂਠ ਬੋਲ ਰਹੇ ਹਨ। ਜਿਸ ਰੱਬ ਜੀ ਦੀ ਕੋਈ ਬਿਆਨਗੀ ਹੀ ਨਹੀਂ ਉਸ ਨੂੰ ਪਾਇਆ ਕਿਸ ਤਰ੍ਹਾਂ ਜਾ ਸਕਦਾ ਹੈ।

14: {ਪ੍ਰਭ ਕੀਜੈ ਕ੍ਰਿਪਾ ਨਿਧਾਨ ਹਮ ਹਰਿ ਗੁਨ ਗਾਵਹਗੇ ॥ ਹਉ ਤੁਮਰੀ ਕਰਉ ਨਿਤ ਆਸ ਪ੍ਰਭ ਮੋਹਿ ਕਬ ਗਲਿ ਲਾਵਹਿਗੇ ॥੧॥ ਰਹਾਉ ॥ }- ਗੁਰਬਾਣੀ ਮਨੁੱਖ ਦੇ ਅੰਦਰੂਨੀ ਜ਼ਜ਼ਬਾਤਾਂ ਦੀ ਅਵਾਜ਼ ਨੂੰ ਬਹੁਤ ਥਾਈਂ ਲਾ-ਜ਼ਵਾਬ ਤਰੀਕੇ ਨਾਲ ਪੇਸ਼ ਕਰਦੀ ਹੈ। ਜਦ ਅਸੀਂ ਇਹ ਗੁਰੂ ਰਾਮਦਾਸ ਜੀ ਦਾ ਸ਼ਬਦ ਗੁ: ਗ੍ਰੰ: ਜੀ ਦੇ ਪੰਨਾਂ ੧੩੨੧ ਤੇ ਪੜ੍ਹਦੇ ਹਾਂ ਤਾਂ ਸਾਨੂੰ ਬਹੁਤ ਹੀ ਗਹਿਰੀ ਸਿਖਿਆ ਦਾ ਸੰਦੇਸ਼ ਪ੍ਰਾਪਤ ਹੁੰਦਾ ਹੈ। ਜ਼ਜ਼ਬਾਤੀ ਲਹਿਜ਼ੇ ਨਾਲ ਆਖਦੇ ਹਨ ਕਿ ਹੇ ਰੱਬ ਜੀ ਮੈਂ ਨਿੱਤ ਤੈਨੂੰ ਮਿਲਣ ਦੀ ਆਸ ਕਰ ਰਿਹਾ ਹੈ ਤੁਸੀਂ ਮੈਨੂੰ ਕਦੋਂ ਆਪਣੇ ਗਲ ਲਾਵੋਂਗੇ। ਅਸੀਂ ਵੀ, ਜਾਂ ਲੰਮੇ ਸਮੇਂ ਤੋਂ ਸਾਨੂੰ ਸਾਡੇ ਧਰਮ ਦੇ ਭੇਖੀ ਮੋਹਰੀਆਂ ਨੇ ਇਸੇ ਤਰ੍ਹਾਂ ਹੀ ਦਰਸਾਇਆ ਅਤੇ ਸਮਝਾਇਆ ਹੈ ਅਤੇ ਅਸੀਂ ਅੱਜ ਤੱਕ ਹੱਥ ਉਪਰ ਹੱਥ ਰੱਖ ਰੱਬ ਜੀ ਅਗੇ ਅਰਦਾਸਾਂ ਕਰੀ ਜਾਂਦੇ ਹਾਂ ਅਤੇ ਆਖੀ ਜਾਂਦੇ ਹਾਂ ਕਿ ਹੇ ਰੱਬ ਜੀ ਸਾਨੂੰ ਕਦੋਂ ਗਲ ਨਾਲ ਲਾ ਕਿ ਮਿਲੋਂਗੇ। ਪਰ ਜਦ ਸਾਰੀ ਗੁਰਬਾਣੀ ਨੂੰ ਗੁਹ ਨਾਲ ਪੜ੍ਹਦੇ ਤੇ ਵੀਚਾਰਦੇ ਹਾਂ ਤਾਂ ਸਮਝ ਪੈਂਦੀ ਹੈ ਕਿ ਜਿਸ ਨੂੰ ਗੁਰਬਾਣੀ ਰੱਬ ਆਖਦੀ ਹੈ ਉਹ ਤਾਂ ‘ਅਜੂਨੀ’ ਹੈ ਤਾਂ ਫਿਰ ਗਲ ਲਾ ਕਿ ਕੌਣ ਮਿਲੇਗਾ?। ਇਸ ਤਰ੍ਹਾਂ ਦੇ ਜ਼ਜ਼ਬਾਤਾਂ ਨੂੰ ਸਮਝਣ ਵਾਸਤੇ ਸਾਨੂੰ ਡੂੰਘੀ ਤੇ ਗਹਿਰੀ ਸੋਚ ਦੇ ਨਾਲ ਨਾਲ ਵਗਿਆਨਿਕ ਅਤੇ ਯੂਨੀਵਰਸਲ ਤਰੀਕੇ ਨਾਲ ਸਮਝਣ ਦੀ ਜਰੂਰਤ ਹੋਇਆ ਕਰਦੀ ਹੈ। ਗੁਰੂ ਜੀ ਆਪ ਹੀ ਪਹਿਲੀ ਲਾਈਨ ਅੰਦਰ ਆਖਦੇ ਹਨ ਕਿ ਜਿਹੜਾ ਮਨੁੱਖ ਉਸ ਹਰੀ ਦੇ ਗੁਣ ਗਾਉਂਦਾ ਹੈ (ਭਾਵ ਉਸ ਅਟੱਲ ਰੱਬ ਜੀ ਦੇ ਅਟੱਲ ਨਿਯਮਾਂ ਦਾ ਗਿਆਨ ਹਾਸਲ ਕਰਦਾ ਹੈ) ਤਾਂ ਇਹ ਹਾਸਲ ਕੀਤਾ ਅਟੱਲ ਨਿਯਮਾਂ ਦਾ ਗਿਆਨ (ਜਿਸ ਨੂੰ ਗੁਰਬਾਣੀ ਰੱਬ ਜੀ ਆਖਦੀ ਹੈ) ਉਹ ਮਨੁੱਖ ਉਪਰ ਕਿਰਪਾ ਵੀ ਕਰ ਦਿੰਦਾ ਹੈ, ਗਿਆਨ ਉਸ ਮਨੁੱਖ ਨੂੰ ਨਿਰੋਲ ਸੱਚ ਵਰਗਾ ਬਣਾ ਦਿੰਦਾ ਹੈ ਅਸਲ ਵਿੱਚ ਨਿਰੋਲ ਸੱਚ ਦੇ ਗਿਆਨ ਨੂੰ ਹਾਸਲ ਕਰ ਉਸ ਵਰਗਾ ਜੀਵਨ ਬਣ ਜਾਣਾ ਹੀ ਉਸ ਰੱਬ ਜੀ ਦਾ ਮਨੁੱਖ ਨੂੰ ਗਲੇ ਲੱਗਕੇ ਮਿਲਣਾ ਹੈ ਨਹੀਂ ਤਾਂ ਵਾਸਤਕ ਵਿੱਚ ਰੱਬ ਜੀ ਦਾ ਕੋਈ ਸਰੀਰ ਨਹੀਂ ਹੈ ਜਿਹੜਾ ਸਾਨੂੰ ਆਪਣੇ ਗਲ ਨਾਲ ਲਾਵੇਗਾ। ਅਸਲ ਵਿੱਚ ਉਸ ਨਿਰੋਲ ਸੱਚ ਦੇ ਗਿਆਨ ਨੂੰ ਹਾਸਲ ਕਰ ਉਸ ਅਨੁਸਾਰ ਜੀਵਨ ਹੀ ਹੈ ਪ੍ਰਭ ਮਿਲਣ ਦੀ ਨੀਸ਼ਾਨੀ।

15: ਪ੍ਰਭ ਮਿਲਣੈ ਕੀ ਏਹ ਨੀਸਾਣੀ ॥

{੫/੧੦੯੮:- ਪਉੜੀ ॥ }
ਮਨੁ ਲੋਚੈ ਹਰਿ ਮਿਲਣ ਕਉ ਕਿਉ ਦਰਸਨੁ ਪਾਈਆ ॥ ਮੈ ਲਖ ਵਿੜਤੇ ਸਾਹਿਬਾ ਜੇ ਬਿੰਦ ਬੋੁਲਾਈਆ ॥
ਮੈ ਚਾਰੇ ਕੁੰਡਾ ਭਾਲੀਆ ਤੁਧੁ ਜੇਵਡੁ ਨ ਸਾਈਆ ॥ ਮੈ ਦਸਿਹੁ ਮਾਰਗੁ ਸੰਤਹੋ ਕਿਉ ਪ੍ਰਭੂ ਮਿਲਾਈਆ ॥
ਮਨੁ ਅਰਪਿਹੁ ਹਉਮੈ ਤਜਹੁ ਇਤੁ ਪਥਿ ਜੁਲਾਈਆ ॥ ਨਿਤ ਸੇਵਿਹੁ ਸਾਹਿਬੁ ਆਪਣਾ ਸਤਸਗਿ ਮਿਲਾਈਆ ॥
ਸਭੇ ਆਸਾ ਪੂਰੀਆ ਗੁਰ ਮਹਲਿ ਬੁਲਾਈਆ ॥ ਤੁਧੁ ਜੇਵਡੁ ਹੋਰੁ ਨ ਸੁਝਈ ਮੇਰੇ ਮਿਤ੍ਰ ਗੋੁਸਾਈਆ ॥ ੧੨॥

ਉਪਰ ਲਿਖੀ ਪਉੜੀ ਵਿੱਚ ਗੁਰੂ ਅਰਜਨ ਸਾਹਿਬ ਜੀ ਉਸ ਰੱਬ ਜੀ ਨੂੰ ਮਿਲਣ ਦੀ ਨੀਸ਼ਾਨੀ ਸਾਨੂੰ ਦਰਸਾਉਂਦੇ ਹਨ। ਸ਼ਬਦ ਦੀਆਂ ਪਹਿਲੀਆਂ ਚਾਰ ਲਾਈਨਾਂ ਵਿੱਚ ਉਸ ਰੱਬ ਜੀ ਨੂੰ ਮਿਲਣ ਵਾਸਤੇ ਮਨੁੱਖ ਦੇ ਅੰਦਰਲੇ ਜ਼ਜ਼ਬਾਤਾਂ ਦਾ ਅਜ਼ਹਾਰ ਕਰਦੇ ਹਨ ਅਤੇ ਫਿਰ ਅਗਲੀਆਂ ਚਾਰ ਲਾਈਨਾਂ ਵਿੱਚ ਉਸ ਰੱਬ ਜੀ ਨੂੰ ਮਿਲਣ ਦੀ ਵਿਧੀ ਦਰਸਾਉਂਦੇ ਹੋਏ ਉਸ ਰੱਬ ਜੀ ਦਾ ਮਿਲਾਪ ਦਸਦੇ ਹਨ। ਆਖਦੇ ਹਨ ਕਿ ਉਸ ਰੱਬ ਜੀ ਨੂੰ ਮਿਲਣ ਵਾਸਤੇ, ਉਸ ਦੇ ਦਰਸ਼ਨ ਕਰਨ ਵਾਸਤੇ ਮੰਨ ਬਹੁਤ ਉਤਾਵਲਾ ਹੈ, ਮੰਨ ਵਿੱਚ ਹਮੇਸ਼ਾਂ ਹੀ ਚਾਹਨਾ ਬਣੀ ਹੋਈ ਹੈ ਪਰ ਮੈਂ ਤੁਹਾਡੇ ਦਰਸ਼ਨ ਕਿਸ ਤਰ੍ਹਾਂ ਪਾਵਾਂ?। ਹੇ ਰੱਬ ਜੀ ਜੇ ਤੁਸੀਂ ਮੈਨੂੰ ਇਕ ਪੱਲ ਵਾਸਤੇ ਵੀ ਆਪਣੇ ਮਹਿਲ ਵਿੱਚ ਬੁਲਾ ਲਵੋਂ ਤਾਂ ਮੈਂ ਸਮਝਾਂਗਾ ਕਿ ਮੈਂ ਲੱਖਾਂ ਰੁਪਏ ਵੱਟ

ਲਏ ਹਨ। ਹੇ ਰੱਬ ਜੀ ਮੈਂ ਚਾਰੇ ਦਿਸ਼ਾਵਾਂ ਭਾਲ ਭਾਲ ਕੇ ਥੱਕ ਗਿਆ ਹਾਂ ਪਰ ਮੈਨੂੰ (ਜਿਸ ਤਰ੍ਹਾਂ ਦਾ ਆਪ ਜੀ ਬਾਰੇ ਸੁਣਿਆਂ ਹੈ) ਆਪ ਜੀ ਵਰਗਾ

ਜੋ ਸਭਨਾਂ ਦਾ ਮਾਲਕ ਹੈ ਕੋਈ ਨਹੀਂ ਲੱਭਿਆ। ਹੇ ਸੰਤ ਜਨੋਂ (ਹੇ ਬ੍ਰਹਮ ਦਾ ਗਿਆਨ ਰੱਖਣ ਵਾਲੇ ਗਿਆਨਵਾਨੋਂ) ਤੁਸੀਂ ਹੀ ਮੈਨੂੰ ਉਸ ਰੱਬ ਜੀ

ਬਾਰੇ ਕੁੱਝ ਦਸੋ, ਸਹੀ ਮਾਰਗ ਦਰਸਾਉ, ਮੈਂ ਉਸ ਰੱਬ ਜੀ ਨਾਲ ਕਿਸ ਤਰੀਕੇ ਨਾਲ ਮਿਲਾਪ ਪਾਵਾਂ ? ਤਾਂ ਗਿਆਨਵਾਨ ਆਖਦੇ ਹਨ ਕਿ ਹੇ ਰੱਬ

ਜੀ ਦੇ ਮਿਲਾਪ ਦੇ ਚਾਹਵਾਨ ਪਹਿਲਾਂ ਆਪਣੀ ਪੱਕ ਚੁੱਕੀ ਕਰਮਕਾਂਡਾਂ ਵਾਲੀ ਹੰਕਾਰੀ ਸੋਚ ਨੂੰ ਛੱਡਣਾ ਪਵੇਗਾ ਅਤੇ ਗੁਰੂ ਜੀ ਦੇ ਦਰਸਾਏ ਮਾਰਗ

ਉਪਰ ਆਪਣਾ ਜੀਵਨ ਚਲਾਉਣਾ ਪਵੇਗਾ। ਹਮੇਸ਼ਾਂ ਹੀ ਉਸ ਅਟੱਲ ਰੱਬ ਜੀ ਦੇ ਅਟੱਲ ਨਿਯਮਾਂ ਦਾ ਗਿਆਨ ਹਾਸਲ ਕਰਨਾ ਪਵੇਗਾ, ਹਮੇਸ਼ਾਂ ਹੀ ਉਸ ਰੱਬ ਜੀ ਦੇ ਨਿਯਮਾਂ ਦਾ ਗਿਆਨ ਰੱਖਣ ਵਾਲੇ ਸਤਸੰਗੀਆਂ ਦਾ ਸਾਥ ਕਰਨ ਦੀ ਜਰੂਰਤ ਹੈ ਜੇ ਤੂੰ ਇਸ ਤਰੀਕੇ ਨਾਲ ਉਸ ਰੱਬ ਜੀ ਦੇ ਅਟੱਲ ਨਿਯਮਾਂ ਨੂੰ, ਹੁਕਮਾਂ ਨੂੰ ਸਮਝਕੇ ਆਪਣਾ ਜੀਵਨ ਉਸ ਅਨੁਸਾਰ ਬਣਾ ਲਵੇਂਗਾ ਤਾਂ ਉਹ ਰੱਬ ਜੀ ਜੋ ਤੇਰੇ ਨਾਲ ਹੀ ਵਸਦਾ ਹੈ ਤੈਨੂੰ ਤੇਰੇ ਅੰਦਰ ਹੀ ਮਿਲ ਜਾਵੇਗਾ ਫਿਰ ਤੈਨੂੰ ਸਮਝ ਆ ਜਾਵੇਗੀ ਕਿ ਉਸ ਪ੍ਰਭੂ ਜੀ ਵਰਗਾ ਹੋਰ ਕੋਈ ਵੀ ਨਹੀਂ ਹੈ। ਭਾਵ ਸੱਚ ਵਰਗਾ ਕੇਵਲ ਸੱਚ ਹੀ ਹੋ ਸਕਦਾ ਹੈ ਅਤੇ ਸੱਚ ਨੂੰ ਜਾਣਨ ਵਾਸਤੇ ਸੱਚ ਹੋਣ ਦੀ ਜਰੂਰਤ ਹੈ, ਜਦ ਦੋ ਸੱਚ ਇੱਕਠੇ ਹੋ ਜਾਣ ਤਾਂ ਫਿਰ ਪਹਿਚਾਨ ਨਹੀਂ ਰਹਿ ਜਾਂਦੀ ਕਿ ਪਹਿਲਾ ਸੱਚ ਕਿਥੇ ਹੈ। ਜਿਵੇ: ਫੁਰਮਾਣ ਹੈ:-
{ ੫/੮੪੬:-ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ ॥ ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ ॥ }

16: ਪ੍ਰਭ ਮਿਲਣੈ ਕੀ ਏਹ ਨੀਸਾਣੀ ॥ - {ਭਟ ਨਲ/੧੩੯੯} ਕਾਠਹੁ ਸ੍ਰੀਖੰਡ ਸਤਿਗੁਰਿ ਕੀਅਉ ਦੁਖ ਦਰਿਦ੍ਰ ਤਿਨ ਕੇ ਗਇਅ ॥ ਸਤਿਗੁਰੂ ਚਰਨ ਜਿਨ ਪਰਸਿਆ ਸੇ ਪਸੁ ਪਰੇਤ ਸੁਰਿ ਨਰ ਭਇਅ ॥ ੨॥ ੬॥ }
ਗੁਰਬਾਣੀ ਅੰਦਰ ‘11’ ਭੱਟਾਂ ਨੇ ਗੁਰੂਆਂ ਦੀ ਉਸਤਤ ਅਤੇ ਉਸ ਪ੍ਰਭੂ ਜੀ ਦੇ ਵਰਤ ਰਹੇ ਅਟੱਲ ਨਿਯਮਾਂ ਬਾਰੇ ਖੂਬ ਸਿਖਿਆ ਦਿੱਤੀ ਹੈ। ਭੱਟ ਨਲ ਜੀ ਆਖਦੇ ਹਨ ਕਿ ਮਨੁੱਖ ਉਸ ਰੱਬ ਜੀ ਨੂੰ ਮਿਲਣ ਦੀ ਤਾਂਘ ਸਾਰੀ ਉਮਰ ਬਣਾਈ ਰੱਖਦਾ ਹੈ। ਪਰ ਸੋਚ ਦੇ ਅਧਾਰ ਤੇ ਕੰਮ ਪਸ਼ੂਆਂ ਵਾਲੇ ਕਰਦਾ ਰਹਿੰਦਾ ਹੈ, ਜੇ ਮਨੁੱਖ ਸੱਚੀਂ ਉਸ ਰੱਬ ਜੀ ਨੂੰ ਮਿਲਣਾ ਚਾਹੁੰਦਾ ਹੈ ਤਾਂ ਇਸ ਨੂੰ ਗੁਰੂ ਦੀ ਸਿਖਿਆ (ਭਾਵ ਨਿਰੋਲ ਸੱਚ ਦਾ ਗਿਆਨ ਹਾਸਲ ਕਰਨ ਦੀ ਜਰੂਰਤ ਹੈ)। ਜੇ ਮਨੁੱਖ ਪੂਰਨ ਗੁਰੂ ‘ਨਿਰੋਲ ਸੱਚ ਦੇ ਗਿਆਨ ਨੂੰ’ ਹਾਸਲ ਕਰ ਉਸ ਅਨੁਸਾਰ ਆਪਣਾ ਜੀਵਨ ਬਣਾ ਲਵੇ ਤਾਂ ਇਹ ਹਾਸਲ ਕੀਤਾ ਗਿਆਨ ਮਨੁੱਖ ਨੂੰ ਲੱਕੜ ਵਾਂਗੂੰ ਸੁੱਕੇ ਹੋਏ ਨੂੰ ਚੰਦਨ ਦੇ ਖਸ਼ਬੂ ਵਰਗੇ ਦਰੱਖਤ ਵਰਗਾ ਬਣਾ ਦੇਵੇਗਾ। ਭਾਵ ਹੈ ਕਿ ਇਹ ਗਿਆਨ ਮਨੁੱਖ ਦੇ ਜੀਵਨ ਨੂੰ ਸ਼ੁਭ ਗੁਣਾ ਵਾਲਾ ਬਣਾ ਦਿੰਦਾ ਹੈ ਜਿਸ ਗੁਣਾਂ ਰੂਪੀ ਖਸ਼ਬੂ ਨੂੰ ਹਰ ਕੋਈ ਪਸੰਦ ਕਰਦਾ ਹੈ। ਇਹ ਗਿਆਨ ਮਨੁੱਖ ਦੀ ਪਸ਼ੂਆਂ ਵਾਲੀ ਸੋਚ ਨੂੰ ਬਦਲ ਕੇ ਅਸਲ ਮਨੁੱਖਤਾ ਵਾਲੇ ਜੀਵਨ ਜੀਊਣ ਦੀ ਵਡਮੁਲੀ ਸਿਖਿਆ ਪ੍ਰਦਾਨ ਕਰਦਾ ਹੈ ਇਹੋ ਹੀ ਹੈ ਪ੍ਰਭੂ ਜੀ ਨੂੰ ਮਿਲਣ ਦੀ ਅਸਲ ਨੀਸ਼ਾਨੀ।

17: ਪ੍ਰਭ ਮਿਲਣੈ ਕੀ ਏਹ ਨੀਸਾਣੀ ॥ -
{ ਫਰੀਦ/੪੮੮:-ਆਜੁ ਮਿਲਾਵਾ ਸੇਖ ਫਰੀਦ ਟਾਕਿਮ ਕੂੰਜੜੀਆ ਮਨਹੁ ਮਚਿੰਦੜੀਆ ॥ ੧॥ ਰਹਾਉ ॥ }:-ਬਾਬਾ ਫਰੀਦ ਜੀ ਬਹੁਤ ਹੀ ਗਿਆਨ ਭਰਪੂਰ ਉਪਦੇਸ਼ ਸਾਨੂੰ ਦੇ ਰਹੇ ਹਨ, ਕਿਉਂ ਕਿ ਸਾਡੀ ਮਾਨਤਾ ਸਦੀਆਂ ਤੋਂ ਇਹੋ ਪੱਕੀ ਹੋਈ ਹੈ, ਜਾਂ ਰੋਟੀਆਂ ਕਾਰਣ ਪੂਰੈ ਤਾਲ ਵਲਿਆਂ ਸਾਧਾਂ, ਸੰਤਾਂ, ਭਾਈਆਂ ਨੇ ਸਦੀਆਂ ਤੋਂ ਰੱਬ ਜੀ ਨਾਲ ਸਾਡਾ ਮਿਲਾਪ ਮਰਨ ਤੋਂ ਬਾਅਦ ਹੀ ਕਰਵਾਇਆ ਹੈ। ਹਰ ਧਰਮ ਵਿੱਚ ਮਾਇਆ ਦੇ ਪੁਜ਼ਾਰੀ ਬਣੇ ਮੋਹਰੀ ਮਰਨ ਤੋਂ ਬਾਅਦ ਰੱਬ ਜੀ ਨਾਲ ਮਿਲਾਪ ਦੀਆਂ ਅਰਦਾਸਾਂ ਕਰਦੇ ਹਨ ਅਤੇ ਰੱਬ ਜੀ ਦੇ ਚਰਨਾਂ ਵਿੱਚ ਸਾਡਾ ਵਾਸਾ ਕਰਵਾਉਂਦੇ ਹਨ। ਖੈਰ ਹੋਰ ਧਰਮ ਨੂੰ ਮੰਨਣ ਵਾਲਿਆਂ ਦੀ ਸੋਚ ਤਾਂ ਵਖਰੀ ਹੋ ਸਕਦੀ ਹੈ ਪਰ ਜੋ ਸਿੱਖ ਧਰਮ ਨੂੰ ਮੰਨਦੇ ਅਤੇ ਗੁਰੂ ਗ੍ਰੰਥ ਜੀ ਨੂੰ ਆਪਣਾ ਗੁਰੂ ਸਵੀਕਾਰ ਕਰਦੇ ਹਨ ਉਨ੍ਹਾਂ ਨੂੰ ਬਾਬਾ ਫਰੀਦ ਜੀ ਖੂਬ ਸਮਝਾ ਰਹੇ ਹਨ ਕਿ ਜਿਸ ਨੂੰ ਗੁਰਬਾਣੀ ਰੱਬ ਜੀ ਆਖਦੀ ਹੈ ਉਸ ਨਾਲ ਮਿਲਾਪ ਮਰਨ ਤੋਂ ਬਾਅਦ ਨਹੀਂ ਹੈ। ਉਸ ਰੱਬ ਜੀ ਨੂੰ ਜੀਵਨ ਦੌਰਾਨ ਹੀ ਮਿਲਿਆ ਜਾ ਸਕਦਾ ਹੈ ਅਤੇ ਹਰ ਇਕ ਮਨੁੱਖ ਦਾ ਮਿਲਾਪ ਹੋ ਸਕਦਾ ਹੈ। ਬਾਬਾ ਜੀ ਆਖਦੇ ਹਨ ਕਿ ਹੇ ਮਨੁੱਖ ਜੇ ਤੂੰ ਰੱਬ ਜੀ ਨੂੰ ਮਿਲਣਾ ਚਾਹੁੰਦਾ ਹੈ ਤਾਂ ਆਪਣੇ ਮੰਨ ਦੀਆਂ ਕੂੰਜਾਂ ਵਾਂਗੂੰ ਬਣੀਆਂ ਚਾਹਤਾਂ ਦੀਆਂ ਡਾਰਾਂ ਨੂੰ ਨਿਰੋਲ ਸੱਚ ਦੇ ਗਿਆਨ ਨਾਲ ਰੋਕ ਲੈ, ਇਹ ਤੇਰੀਆਂ ਚਾਹਤਾਂ ਹੀ ਤੇਰੇ ਮਨ ਨੂੰ (ਤੇਰੇ ਜੀਵਨ ਨੂੰ) ਮਚਾਈ ਰੱਖਦੀਆਂ ਹਨ, ਬੱਸ ਗਿਆਨ ਨਾਲ ਤੂੰ ਇਨ੍ਹਾਂ ਨੂੰ ਰੋਕ ਲੈ ਅਤੇ ਜੀਵਨ ਨੂੰ ਉਸ ਅਟੱਲ ਰੱਬ ਜੀ ਦੇ ਅਟੱਲ ਵਰਤ ਰਹੇ ਨਿਯਮਾਂ ਅਨੁਸਾਰ ਬਣਾ ਲੈ, ਫਿਰ ਉਸੇ ਵਖਤ ਹੀ ਤੇਰਾ ਰੱਬ ਜੀ ਨਾਲ ਮੇਲ ਹੋ ਜਾਵੇਗਾ। ਹੋਰ ਕੋਈ ਵੀ ਅੰਡਬਰ ਕਰਨ ਦੀ ਜਰੂਰਤ ਨਹੀਂ ਹੈ। ਇਹੋ ਹੀ ਪ੍ਰਭੂ ਨੂੰ ਮਿਲਣ ਦੀ ਨੀਸ਼ਾਨੀ। ਭਗਤ ਨਾਮਦੇਵ ਜੀ ਵੀ ਆਪਣੀ ਬਾਣੀ ਰਾਹੀਂ ਇਹੋ ਹੀ ਸਾਨੂੰ ਸਮਝਾਉਂਦੇ ਹਨ:-
{ ਨਾਮਦੇਵ/੮੭੪:-ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ ॥ ਰਹਾਉ ॥ }
18: ਪ੍ਰਭ ਮਿਲਣੈ ਕੀ ਏਹ ਨੀਸਾਣੀ ॥ - { ੧/੪੬੭:-ਹਉਮੈ ਬੂਝੈ ਤਾ ਦਰੁ ਸੂਝੈ ॥ ਗਿਆਨ ਵਿਹੂਣਾ ਕਥਿ ਕਥਿ ਲੂਝੈ ॥ }-ਗੁਰੂ ਜੀ ਵਾਰ ਵਾਰ ਸਾਨੂੰ ਸਮਝਾਉਂਦੇ ਹਨ ਕਿ ਹੇ ਮਨੁੱਖ ਜਿਸ ਰੱਬ ਜੀ ਨੂੰ ਤੂੰ ਮਿਲਣਾ ਚਾਹੁੰਦਾ ਹੈ ਉਹ ਰੱਬ ਜੀ ਕਿਤੇ ਦੂਰ ਨਹੀਂ ਰਹਿੰਦਾ। ਉਹ ਸਦਾ ਹੀ ਤੇਰੇ ਨਾਲ ਬੱਲਕਿ ਤੇਰੇ ਵਿੱਚ ਹੀ ਵਸਦਾ ਹੈ ਪਰ ਉਸ ਨਾਲ ਤੇਰਾ ਮਿਲਾਪ ਕਿਉਂ ਨਹੀਂ ਹੁੰਦਾ? ਉਹ ਤੇਰੀ ਆਪਣੀ ਹੀ ਬਣਾਈ ਹੋਈ ਹਉਮੈ ਦੀ ਦਵਾਰ ਹੈ, ਉਸ ਨੂੰ ਮਿਲਣ ਦੇ ਤੇਰੇ ਆਪਣੇ ਹੀ ਬਣਾਏ ਹੋਏ ਕਰਮਕਾਂਡ ਹਨ, ਤੇਰੇ ਆਪਣੇ ਹੀ ਬਣਾਏ ਹੋਏ ਤਰੀਕੇ ਹਨ ਅਤੇ ਤੂੰ ਸਾਰੀ ਉਮਰ ਆਪਣੇ ਮਿੱਥੇ ਹੋਏ ਕਰਮਕਾਂਡਾਂ ਨੂੰ ਕਰਦਾ ਹੋਇਆ ਧਰਮੀ ਹੋਣ ਅਤੇ ਰੱਬ ਜੀ ਨਾਲ ਮਿਲਣ ਦਾ ਹੰਕਾਰ ਬਣਾਈ ਬੈਠਾ ਹੈ। ਪਰ ਜਗਤ ਬਾਬਾ ਨਾਨਕ ਜੀ ਆਖਦੇ ਹਨ ਕਿ ਅਸਲ ਰੱਬ ਜੀ ਨੂੰ ਮਿਲਣ ਦੇ ਗਿਆਨ ਤੋਂ ਸੱਖਣੀ ਲੋਕਾਈ ਥਾਂ-ਥਾਂ ਦੇ ਕਰਮਕਾਂਡ ਕਰਦੀ ਸਦਾ ਹੀ ਖੁਆਰ ਹੋ ਰਹੀ ਹੈ ਪਰ ਜੇ ਕੋਈ ਮਨੁੱਖ ਨਿਰੋਲ ਸੱਚ ਦਾ ਗਿਆਨ ਹਾਸਲ ਕਰ ਉਸ ਅਨੁਸਾਰ ਆਪਣਾ ਜੀ ਬਣਾ ਲਵੇ ਤਾਂ ਉਸ ਨੂੰ ਉਸ ਅਟੱਲ ਪ੍ਰਭੂ ਜੀ ਦੇ ਅਸਲੀ ਦਰ ਦੀ ਸਮਝ ਲੱਗ ਸਕਦੀ ਹੈ ਉਹ ਮਨੁੱਖ ਉਸ ਰੱਬ ਜੀ ਨਾਲ ਮਿਲਾਪ ਪਾ ਸਕਦਾ ਹੈ।

19: ਪ੍ਰਭ ਮਿਲਣੈ ਕੀ ਏਹ ਨੀਸਾਣੀ ॥ -
{ ਕਬੀਰ/੧੩੭੨:-ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ ॥ ੧੪੯॥ }:-ਭਗਤ ਕਬੀਰ ਜੀ ਸਾਨੂੰ ਉਸ ਰੱਬ ਜੀ ਨਾਲ ਮਿਲਣ ਦੀ ਨੀਸ਼ਾਨੀ ਦਰਸਾਉਂਦੇ ਹਨ ਕਿ ਰੱਬ ਜੀ ਵਿੱਚ ਰੱਬ ਜੀ ਵਰਗਾ ਹੋ ਕੇ ਹੀ ਸਮਾਇਆ ਜਾ ਸਕਦਾ ਹੈ ਜੇ ਮਨੁੱਖ ਦਾ ਜੀਵਨ ਉਸ ਸਦੀਵੀਂ ਤੇ ਨਿਰੋਲ ਸੱਚ ਦੇ ਗਿਆਨ ਵਰਗਾ ਹੈ ਤਾਂ ਅਸੀਂ ਆਖ ਸਕਦੇ ਹਾਂ ਕਿ ਇਸ ਮਨੁੱਖ ਦਾ ਮਿਲਾਪ ਉਸ ਰੱਬ ਜੀ ਨਾਲ ਹੋ ਗਿਆ ਹੈ। ਸੱਚ ਹੀ ਸੱਚ ਵਿੱਚ ਰਲ ਸਕਦਾ ਹੈ ਸੋ ਅਸਲ ਰੱਬ ਜੀ ਦਾ ਮਿਲਾਪ ਹੈ ਕਿ ਨਿਰੋਲ ਤੇ ਸਦੀਵੀਂ ਸੱਚ ਦੇ ਗਿਆਨ ਨੂੰ, ਗੁਣਾਂ ਨੂੰ ਹਾਸਲ ਕਰ ਆਪਣਾ ਜੀਵਨ ਉਸ ਅਨੁਸਾਰ ਬਣਾ ਲੈਣਾ। ਨਹੀਂ ਤਾਂ ਨਿਰ੍ਹਾ ਕਰਮਕਾਂਡ ਅਤੇ ਦਿਖਾਵਾ ਹੀ ਹੈ। ਪਰ ਅੱਜ ਸਾਡੇ ਆਹਲੇ ਦੁਆਲੇ ਨਿਗ੍ਹਾ ਮਾਰਿਆਂ ਸਾਨੂੰ ਸਹਿਜੇ ਹੀ ਪਤਾ ਲੱਗ ਜਾਂਦਾ ਹੈ ਕਿ ਅਸੀਂ ਸਾਰੇ ਜਿੰਦਗੀ ਦੇ ਕਾਰਜ਼ ਅਗਿਆਨਤਾ ਭਰੇ ਕਰਦੇ ਹੋਏ ਵੀ ਆਪਣੇ ਆਪ ਨੂੰ ਰੱਬ ਜੀ ਨਾਲ ਮਿਲੇ ਹੋਏ ਆਖੀ ਜਾ ਰਹੇ ਹਾਂ। ਕੋਈ ਇਕ ਲੱਤ ਦੇ ਭਾਰ ਖੜ੍ਹਾ ਹੀ ਆਖ ਰਿਹਾ ਹੈ ਕਿ ਮੈਂ ਉਸ ਰੱਬ ਜੀ ਨਾਲ ਮਿਲਿਆ ਹੋਇਆਂ ਹਾਂ, ਕੋਈ ਡੂੰਘਾ ਭੋਰਾ ਪੁੱਟ ਉਸ ਵਿੱਚ ਬੈਠਾ ਹੀ ਰੱਬ ਜੀ ਨਾਲ ਮਿਲਿਆ ਹੋਇਆ ਆਖ ਰਿਹਾ ਹੈ, ਕੋਈ ਮੋਨਧਾਰੀ ਬਣਿਆਂ ਹੋਇਆ ਹੀ ਆਖ ਰਿਹਾ ਹੈ ਕਿ ਮੈਨੂੰ ਰੱਬ ਜੀ ਦੇ ਦਰਸ਼ਨ ਹੋ ਰਹੇ ਹਨ, ਕੋਈ ਸ਼ਰਾਬੀ-ਕਬਾਬੀ ਵੀ ਆਖਦਾ ਹੈ ਕਿ ਮੈਨੂੰ ਰੱਬ ਜੀ ਦੇ ਦਰਸ਼ਨ ਹੁੰਦੇ ਹਨ। ਜਰਾ-ਕੁ ਗੁਹ ਨਾਲ ਵੀਚਾਰ ਕੀਤਿਆਂ ਸਾਨੂੰ ਬਹੁਤ ਸਾਰੇ ਐਸੇ ਦਾਹਵੇ ਕਰਨ ਵਾਲੇ ਨਜ਼ਰ ਆ ਜਾਂਦੇ ਹਨ। ਪਰ ਅਸਲ ਜਿਸ ਨੇ ਉਸ ਰੱਬ ਜੀ ਦੇ ਦਰਸ਼ਨ ਕੀਤੇ ਹਨ ਭਗਤ ਜੀ ਆਪ ਹੀ ਫੁਰਮਾਉਂਦੇ ਹਨ ਕਿ ਉਨ੍ਹਾਂ ਦਾ ਜੀਵਨ, ਉਨ੍ਹਾਂ ਦੀ ਸੋਚ, ਉਨ੍ਹਾਂ ਦੇ ਕਰਮ, ਉਨ੍ਹਾਂ ਦਾ ਹੋਰਨਾਂ ਨਾਲ ਵਿਵਹਾਰ, ਉਨ੍ਹਾਂ ਦੀ ਬੋਲੀ ਉਸ ਰੱਬ ਜੀ ਵਰਗੀ ਹੀ ਹੋ ਜਾਂਦੀ ਹੈ, ਉਸ ਰੱਬ ਜੀ ਵਰਗੇ ਹੀ ਹੋ ਜਾਂਦੇ ਹਨ ਜਿਵੇ:-
{ ਕਬੀਰ/੯੬੯:-ਅਬ ਤਉ ਜਾਇ ਚਢੇ ਸਿੰਘਾਸਨਿ ਮਿਲੇ ਹੈ ਸਾਰਿੰਗਪਾਨੀ ॥ ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ ॥ ੬॥ ੩॥ }
{ ਰਵੀਦਾਸ/੯੩:-ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ ॥ ਕਨਕ ਕਟਿਕ ਜਲ ਤਰੰਗ ਜੈਸਾ ॥੧॥ }
{ ੯/੧੩੨੮:-ਜੋ ਪ੍ਰਾਨੀ ਨਿਸਿ ਦਿਨੁ ਭਜੈ ਰੂਪ ਰਾਮ ਤਿਹ ਜਾਨੁ ॥ ਹਰਿ ਜਨ ਹਰਿ ਅੰਤਰੁ ਨਹੀ ਨਾਨਕ ਸਾਚੀ ਮਾਨੁ ॥ ੨੯॥ }
{ ੫/੮੪੬:-ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ ॥ ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ ॥ }

20: ਪ੍ਰਭ ਮਿਲਣੈ ਕੀ ਏਹ ਨੀਸਾਣੀ ॥ - >{ ੩/੩੮:-ਘਰਿ ਵਰੁ ਪਾਇਆ ਆਪਣਾ ਹਉਮੈ ਦੂਰਿ ਕਰੇਇ ॥ }-ਗੁਰੂ ਅਮਰਦਾਸ ਜੀ ਆਖਦੇ ਹਨ ਕਿ ਲੋਕੀ ਰੱਬ ਜੀ ਨੂੰ ਮਿਲਣ ਬਾਹਰ ਜੰਗਲਾਂ ਪਹਾੜਾਂ ਅਤੇ ਤੀਰਥਾਂ ਉਪਰ ਦੋੜ੍ਹੇ ਫਿਰਦੇ ਹਨ ਸਾਰੀ ਉਮਰ ਹੀ ਇਹ ਅਗਿਆਨਤਾ ਭਰੇ ਹਨ੍ਹੇਰੇ ਵਿੱਚ ਪੈਰ ਮਾਰਦੇ ਰਹਿੰਦੇ ਹਨ ਪਰ ਉਸ ਰੱਬ ਜੀ ਨਾਲ ਮਿਲਾਪ ਨਹੀਂ ਕਰ ਪਾਉਂਦੇ। ਪਰ ਜਿਹੜੇ ਮਨੁੱਖ ਗੁਰ ਗਿਆਨ (ਭਾਵ ਨਿਰੋਲ ਸੱਚ ਦੇ ਗਿਆਨ ਰਾਹੀਂ) ਘਰ ਬੈਠ ਕੇ ਉਸ ਅਟੱਲ ਸੱਚੇ ਰੱਬ ਜੀ ਦੇ ਵਰਤ ਰਹੇ ਅਟੱਲ ਨਿਯਮਾਂ ਦਾ ਗਿਆਨ ਹਾਸਲ ਕਰ ਆਪਣੇ ਹੰਕਾਰ ਨੂੰ (ਅਗਿਆਨਤਾ ਨੂੰ) ਦੂਰ ਉਸ ਹਾਸਲ ਕੀਤੇ ਗਿਆਨ ਅਨੁਸਾਰ ਆਪਣਾ ਜੀਵਨ ਬਣਾ ਲੈਂਦੇ ਹਨ ਉਹ ਆਪਣੇ ਅੰਦਰ ਹੀ ਉਸ ਰੱਬ ਜੀ ਦੇ ਦਰਸ਼ਨ ਕਰ ਲੈਂਦੇ ਹਨ ਇਹੋ ਹੀ ਰੱਬ ਜੀ ਨਾਲ ਲਿਮਣ ਦੀ ਨੀਸ਼ਾਨੀ।
21: { ੪/੫੨੭:-ਮੇਰੋ ਸੁੰਦਰੁ ਕਹਹੁ ਮਿਲੈ ਕਿਤੁ ਗਲੀ ॥ } -ਗੁਰੂ ਰਾਮਦਾਸ ਜੀ ਸਾਡੇ ਵਾਸਤੇ ਇਕ ਸਵਾਲ ਪੈਦਾ ਕਰਦੇ ਹਨ ਕਿ ਉਹ ਸੁੰਦਰ ਪ੍ਰਭੂ ਜੀ ਕਿਸ ਰਸਤੇ ਉਪਰ ਚੱਲਿਆਂ ਮਿਲ ਸਕਦਾ ਹੈ ਸਾਡੀ ਸਭਨਾਂ ਦੀ ਇਹੋ ਹੀ ਹਾਲਤ ਅੱਜ ਬਣੀ ਹੋਈ ਹੈ ਅਸੀਂ ਸਾਰੇ ਧਰਮਿਕ ਅਸਥਾਨਾ ਉਪਰ ਸੇਵਾ ਕਰਨ ਵਾਲੇ ਮੋਹਰੀਆਂ ਨੂੰ ਅਕਸਰ ਇਹੋ ਸਵਾਲ ਹੀ ਆਮ ਪੁੱਛਦੇ ਹਾਂ ਅਤੇ ਅਗਿਉ ਨਿਰ੍ਹਾ ਧਰਮ ਦਾ ਦਿਖਾਵਾ ਕਰਨ ਵਾਲੇ ਆਪੋ ਆਪਣੇ ਕਲਪਤ ਬਣਾਏ ਤਰੀਕੇ ਦਰਸਾਈ ਜਾਂਦੇ ਹਨ ਹਰ ਕੋਈ ਆਪਣਾ ਤਰੀਕਾ, ਆਪਣਾ ਬਣਾਇਆ ਰਸਤਾ ਹੀ ਸਹੀ ਮਾਰਗ ਦਰਸਾ ਰਿਹਾ ਹੈ। ਕੋਈ ਆਖਦਾ ਮਾਲਾ ਫੇਰਨ ਨਾਲ ਮਿਲਾਪ ਹੈ, ਕੋਈ ਇਕ ਦੋ ਸ਼ਬਦਾਂ ਦੇ ਮੰਤ੍ਰ ਜਾਪ ਕਰਨ ਨਾਲ ਹੀ ਮਿਲਾਪ ਹੋਣ ਦਾ ਦਾਹਵਾ ਕਰੀ ਜਾ ਰਿਹਾ ਹੈ, ਕੋਈ ਸੇਵਾ ਕਰਨ ਨੂੰ ਹੀ ਰੱਬ ਦਾ ਮਿਲਾਪ ਆਖਦਾ ਹੈ, ਕੋਈ ਆਪਣਾ ਹੀ ਰੱਖਿਆ ਰੱਬ ਜੀ ਦਾ ਨਾਮ ਹੈ ਉਸ ਨੂੰ ਹੀ ਵਾਰ ਵਾਰ ਦੋ-ਚਾਰ ਘੰਟੇ ਰੱਟਨ ਕਰਨ ਨਾਲ ਹੀ ਮਿਲਾਪ ਦੱਸ ਰਿਹਾ ਹੈ ਅਤੇ ਆਮ ਭੋਲੀਆਂ ਸੰਗਤਾਂ ਕੋਲੋ ਮਾਇਆਂ ਭਟੋਰ ਰਿਹਾ ਹੈ। ਸੋ ਜਿਸ ਰੱਬ ਜੀ ਬਾਰੇ ਗੁਰਬਾਣੀ ਨਿਰਣਾ ਕਰਦੀ ਹੈ ਉਹ ਰੱਬ ਸਭਨਾਂ ਦੇ ਅੰਦਰ ਵਸਦਾ ਹੈ ਤਾਂ ਫਿਰ ਅੰਦਰ ਵਸਦੇ ਰੱਬ ਜੀ ਦਾ ਮਿਲਾਪ ਵੀ ਅੰਦਰੋਂ ਹੀ ਕਰਨਾ ਪਵੇਗਾ, ਆਪਣੇ ਆਪ ਨੂੰ ਸਵਾਰਨਾ ਪਵੇਗਾ ਜਿਸ ਤਰ੍ਹਾਂ ਬਾਬਾ ਫਰੀਦ ਜੀ ਆਖਦੇ ਹਨ:- { ਫਰੀਦ/੧੩੮੨:-ਆਪੁ ਸਵਾਰਹਿ ਮੈ

ਮਿਲਹਿ ਮੈ ਮਿਲਿਆ ਸੁਖੁ ਹੋਇ ॥ }
ਬਾਬਾ ਜੀ ਇਕ ਜ਼ਜ਼ਬਾਤੀ ਢੰਗ ਨਾਲ ਬਿਆਨ ਕਰਦੇ ਹਨ ਜਿਸ ਤਰ੍ਹਾਂ ਰੱਬ ਜੀ ਨਾਲ ਗੱਲਬਾਤ ਕਰ ਰਹੇ ਹੋਣ ਅਤੇ ਰੱਬ ਜੀ ਅਗਿਉਂ ਆਖਦੇ ਹਨ ਕਿ ਹੇ ਮਨੁੱਖ ਜੇ ਤੂੰ ਆਪਣੇ ਆਪ ਨੂੰ ਗਿਆਨ ਰਾਹੀਂ ਸਵਾਰ ਲਵੇਂ ਤਾਂ ਮੈਂ ਤੈਨੂੰ ਉਸੇ ਵੇਲੇ ਹੀ ਮਿਲ ਸਕਦਾ ਹਾਂ, ਮੈਂ ਤੇਰੇ ਤੋਂ ਕੋਈ ਦੂਰ ਨਹੀਂ ਹਾਂ ਬੱਸ ਜਦੋਂ ਤੂੰ ਆਪਣੇ ਆਪ ਨੂੰ ਗਿਆਨ ਅਧੀਨ ਨਿਰਮਲ ਸੋਚ ਵਾਲਾ ਬਣਾ ਲਵੇਂਗਾ ਤਾਂ ਤੈਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਵੀ ਹੋ ਜਾਵੇਗੀ ਇਹੋ ਹੀ ਹੈ ਰੱਬ ਜੀ ਨੂੰ ਮਿਲਣਾ।

22: ਪ੍ਰਭ ਮਿਲਣੈ ਕੀ ਏਹ ਨੀਸਾਣੀ ॥ - { ੯/੬੮੪:-ਧਨਾਸਰੀ ਮਹਲਾ ੯ ॥ }
ਕਾਹੇ ਰੇ ਬਨ ਖੋਜਨ ਜਾਈ ॥ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸਗਿ ਸਮਾਈ ॥੧॥ ਰਹਾਉ ॥
ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ ॥ ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ ॥ ੧॥
ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ ॥ ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ ॥ ੨॥ ੧॥

ਸਿੱਖ ਧਰਮ ਦੀ ਜਾਣਕਾਰੀ ਰੱਖਣ ਵਾਲੇ ਭਲੀ ਭਾਂਤ ਜਾਣਦੇ ਹਨ ਕਿ ਗੁਰੂ ਨਾਨਕ ਜੀ ਤੋਂ ਬਾਅਦ ਜੇ ਕਿਸੇ ਨੇ ਪ੍ਰਚਾਰ ਖੇਤਰ ਵਿੱਚ ਲੰਮਾਂ ਸਮਾਂ ਕੰਮ ਕੀਤਾ ਹੈ ਤਾਂ ਉਸ ਸਨ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੇ ਗੁਰੂ ਨਾਨਕ ਜੀ ਵਾਂਗੂੰ ਥਾਂ-ਥਾਂ ਜਾ ਕਿ ਲੋਕਾਂ ਨੂੰ ਵਹਿਮਾਂ ਭਰਮਾਂ ਅਤੇ ਅਗਿਆਨਤਾ ਭਰੇ ਕੰਮਾਂ ਵਿੱਚੋਂ ਜਿਥੇ ਪਹਿਲੇ ਗੁਰੂਆਂ ਦੀ ਰਚੀ ਹੋਈ ਬਾਣੀ ਰਾਹੀ ਬਾਹਰ ਕਢਿਆ। ਉਥੇ ਨਾਲ ਹੀ ਇਸ ਗਿਆਨ ਰੂਪੀ ਖਜ਼ਾਨੇ ਵਿੱਚ ਹੋਰ ਵਾਧਾ ਵੀ ਕੀਤਾ, ਆਪ ਜੀ ਨੇ ’15 ਰਾਗਾਂ’ ਵਿੱਚ ਗਿਆਨ ਮਈ ਉਤਮ ਰਚਨਾ ਨੂੰ ਵੀ ਕਲਮ ਬੰਦ ਕੀਤਾ। ਜਦ ਪ੍ਰਚਾਰ ਦੌਰਿਆਂ ਦੌਰਾਨ ਆਪ ਜੀ ਨੇ ਧਰਮ ਦੇ ਬਣੇ ਮੋਹਰੀਆਂ ਦੁਆਰਾ ਆਮ ਲੋਕਾਈ ਨੂੰ ਰੱਬ ਜੀ ਨਾਲ ਮਿਲਣ ਦੇ ਵੱਖੋ ਵੱਖਰੇ ਢੰਗ ਤਰੀਕੇ ਦਰਸਾਏ ਜਾ ਰਹੇ ਦੇਖੇ ਤਾਂ ਉਨ੍ਹਾਂ ਨੂੰ ਗਿਆਨ ਦੇ ਕਰ ਰੱਬ ਜੀ ਨੂੰ ਮਿਲਣ ਦਾ ਸਹੀ ਮਾਰਗ ਦਰਸਾਇਆ ਅਤੇ ਆਖਿਆ ਕਿ ਬਾਹਰ ਜੰਗਲਾਂ ਵਿੱਚ ਜਿਸ ਨੂੰ ਤੁਸੀਂ ਭਾਲਣ ਜਾ ਰਹੇ ਹੋ ਉਹ ਰੱਬ ਜੀ ਤਾਂ ਸਦਾ ਹੀ ਤੁਹਾਡੇ ਨਾਲ ਵਸਦਾ ਹੈ ਉਹ ਤੁਹਾਡੇ ਤੋਂ ਕਿਤੇ ਵੀ ਦੂਰ ਨਹੀਂ ਹੈ। ਗੁਰੂ ਜੀ ਉਧਾਰਨ ਵਰਤਦੇ ਆਖਦੇ ਹਨ ਕਿ ਜਿਸ ਤਰ੍ਹਾਂ ਫੁਲ ਦੇ ਵਿੱਚ ਸੁਗੰਧੀ ਮੌਜ਼ੂਦ ਹੈ ਅਤੇ ਸ਼ੀਸ਼ੇ ਵਿੱਚ ਜਿਸ ਤਰ੍ਹਾਂ ਦੇਖਣ ਵਾਲੇ ਦੀ ਸ਼ਕਲ (ਪ੍ਰਛਾਵਾਂ) ਇਸੇ ਹੀ ਤਰ੍ਹਾਂ ਉਹ ਰੱਬ ਜੀ ਹਰ ਇਕ ਜੀਵ ਦੇ ਅੰਦਰ ਬਿਨ੍ਹਾਂ ਕਿਸੇ ਦੂਰੀ ਦੇ ਵੱਸਦਾ ਹੈ ਕੇਵਲ ਆਪਣੇ ਅੰਦਰ ਦੀ ਖੋਜ਼ ਕਰਨ ਦੀ ਜਰੂਰਤ ਹੈ। ਜਦ ਕੋਈ ਮਨੁੱਖ ਗੁਰ ਗਿਆਨ ਰਾਹੀ (ਨਿਰੋਲ ਸੱਚ ਦੇ ਗਿਆਨ ਦੁਆਰਾ) ਖੁੱਦ ਆਪਣੇ ਆਪ ਦੀ ਅੰਦਰੋਂ ਹੀ ਖੋਜ਼ ਕਰਦਾ ਹੈ ਤਾਂ ਇਹ ਗੁਰੂ ਦੀ ਸਿਖਿਆ ਉਸ ਨੂੰ ਆਪਣੇ ਅੰਦਰ ਅਤੇ ਬਾਹਰ ਸਭਨੀਂ ਥਾਈਂ ਉਸ ਇਕੋ ਰੱਬ ਜੀ ਦੇ ਦਰਸ਼ਨ ਕਰਵਾ ਦਿੰਦਾ ਹੈ ਅਤੇ ਅਖੀਰ ਵਿੱਚ ਗੁਰੂ ਜੀ ਨਾਨਕ ਨਾਮ ਦੀ ਮੋਹਰ ਲਾਉਂਦੇ ਹੋਏ ਫਿਰ ਆਖਦੇ ਹਨ ਕਿ ਜਿਨਾਂ ਚਿਰ ਮਨੁੱਖ ਗੁਰ ਗਿਆਨ ਰਾਹੀਂ ਆਪਣੇ ਆਪ ਦੀ ਪਹਿਚਾਨ ਨਹੀਂ ਕਰਦਾ, ਆਪਣੀ ਹੰਕਾਰ ਬਿਰਤੀ ਨੂੰ ਨਹੀਂ ਮਾਰਦਾ, ਜਿਨਾਂ ਚਿਰ ਹੰਕਾਰ (ਅਗਿਆਨਤਾ) ਨਹੀਂ ਖਤਮ ਕਰਦਾ ਉਨ੍ਹਾਂ ਚਿਰ ਬਾਹਰੋਂ ਰੱਬ ਜੀ ਨੂੰ ਪਾਉਣ ਦੀ ਭਟਕਣਾ ਕਦੇ ਵੀ ਖਤਮ ਨਹੀਂ ਹੋ ਸਕਦੀ ਅਤੇ ਉਸ ਰੱਬ ਜੀ ਨਾਲ ਮਿਲਾਪ ਨਹੀਂ ਹੋ ਸਕਦਾ।
{ ਫਰੀਦ/੧੩੭੮:-ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ ॥ ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ ॥ ੧੯॥ }
{ ਫਰੀਦ/੧੩੮੪:-ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾ ॥ ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀ ਦਾ ॥ ੧੩0॥ }
{ ੧/੫੯੬:-ਜਹ ਜਹ ਦੇਖਾ ਤਹ ਜੋਤਿ ਤੁਮਾਰੀ ਤੇਰਾ ਰੂਪੁ ਕਿਨੇਹਾ ॥ ਇਕਤੁ ਰੂਪਿ ਫਿਰਹਿ ਪਰਛੰਨਾ ਕੋਇ ਨ ਕਿਸ ਹੀ ਜੇਹਾ ॥ ੨॥ ਅੰਡਜ ਜੇਰਜ ਉਤਭੁਜ ਸੇਤਜ ਤੇਰੇ ਕੀਤੇ ਜੰਤਾ ॥ ਏਕੁ ਪੁਰਬੁ ਮੈ ਤੇਰਾ ਦੇਖਿਆ ਤੂ ਸਭਨਾ ਮਾਹਿ ਰਵੰਤਾ ॥੩॥ }
{ ੧/੭੨੨:-ਸਹੁ ਨੇੜੈ ਧਨ ਕੰਮਲੀਏ ਬਾਹਰੁ ਕਿਆ ਢੂਢੇਹਿ ॥ ਭੈ ਕੀਆ ਦੇਹਿ ਸਲਾਈਆ ਨੈਣੀ ਭਾਵ ਕਾ ਕਰਿ ਸੀਗਾਰੋ ॥ ਤਾ ਸੋਹਾਗਣਿ ਜਾਣੀਐ ਲਾਗੀ ਜਾ ਸਹੁ ਧਰੇ ਪਿਆਰੋ ॥ ੧॥ }

23: ਪ੍ਰਭ ਮਿਲਣੈ ਕੀ ਏਹ ਨੀਸਾਣੀ ॥ -
ਰਾਗੁ ਸੋਰਠਿ, ਮਹਲਾ ੫ ॥ (ਗੁ:ਗ੍ਰੰ:ਪੰਨਾ:-੬੨੫)
ਦਹ ਦਿਸ ਛਤ੍ਰ ਮੇਘ ਘਟਾ ਘਟ, ਦਾਮਨਿ ਚਮਕਿ ਡਰਾਇਓ ॥
ਸੇਜ ਇਕੇਲੀ ਨੀਦ ਨਹੁ ਨੈਨਹ, ਪਿਰੁ ਪਰਦੇਸਿ ਸਿਧਾਇਓ ॥ ੧॥
ਹੁਣਿ ਨਹੀ ਸੰਦੇਸਰੋ ਮਾਇਓ ॥ ਏਕ ਕੋਸਰੋ ਸਿਧਿ ਕਰਤ ਲਾਲੁ, ਤਬ ਚਤੁਰ ਪਾਤਰੋ ਆਇਓ ॥ ਰਹਾਉ ॥
ਕਿਉ ਬਿਸਰੈ ਇਹੁ ਲਾਲੁ ਪਿਆਰੋ, ਸਰਬ ਗੁਣਾ ਸੁਖਦਾਇਓ ॥ ਮੰਦਰਿ ਚਰਿ ਕੈ ਪੰਥੁ ਨਿਹਾਰਉ, ਨੈਨ ਨੀਰਿ ਭਰਿ ਆਇਓ ॥ ੨॥
ਹਉ ਹਉ ਭੀਤਿ ਭਇਓ ਹੈ ਬੀਚੋ, ਸੁਨਤ ਦੇਸਿ ਨਿਕਟਾਇਓ ॥ ਭਾਂਭੀਰੀ ਕੇ ਪਾਤ ਪਰਦੋ, ਬਿਨੁ ਪੇਖੇ ਦੂਰਾਇਓ ॥੩॥
ਭਇਓ ਕਿਰਪਾਲੁ ਸਰਬ ਕੋ ਠਾਕੁਰੁ, ਸਗਰੋ ਦੂਖੁ ਮਿਟਾਇਓ ॥ ਕਹੁ ਨਾਨਕ, ਹਉਮੈ ਭੀਤਿ ਗੁਰਿ ਖੋਈ, ਤਉ ਦਇਆਰੁ ਬੀਠਲੋ ਪਾਇਓ ॥ ੪॥
ਸਭੁ ਰਹਿਓ ਅੰਦੇਸਰੋ ਮਾਇਓ ॥ ਜੋ ਚਾਹਤ ਸੋ ਗੁਰੂ ਮਿਲਾਇਓ ॥ ਸਰਬ ਗੁਨਾ ਨਿਧਿ ਰਾਇਓ ॥ ਰਹਾਉ ਦੂਜਾ ॥੧੧॥ ੬੧॥
ਪੰਜਵੇਂ ਗੁਰੂ ਅਰਜਨ ਸਾਹਿਬ ਇਸ ਸੋਰਠ ਰਾਗ ਵਿੱਚ ਉਚਾਰੇ ਸ਼ਬਦ ਰਾਹੀਂ ਇਕ ਜਵਾਨ ਇਸਤ੍ਰੀ ਜਿਸ ਦਾ ਪਤੀ ਕਿਤੇ ਪਰਦੇਸ ਗਿਆ ਹੋਣ ਕਰਕੇ ਉਸ ਨਾਲੋਂ ਵਿਛੜੀ ਹੋਈ ਦਾ ਰੂਪਕ ਬਣਾ ਕੇ ਸਾਨੂੰ ਬਹੁਤ ਹੀ ਉਤਮ ਦਰਜ਼ੇ ਦਾ ਉਪਦੇਸ਼ ਬਖਸ਼ ਰਹੇ ਹਨ। ਅਸੀਂ ਵੀ (ਜਾਂ ਸਾਨੂੰ ਵੀ) ਉਹ ਪ੍ਰਭੂ ਪਤੀ ਕਿਤੇ ਦੂਰ ਵਸਦਾ ਦਰਸਾਇਆ ਗਿਆ ਹੈ ਅਤੇ ਅਸੀਂ ਵੀ ਉਸ ਨਾਲੋਂ ਵਿਛੜੇ ਹੋਏ ਮਹਿਸੂਸ ਕਰਦੇ ਹਾਂ। ਉਸ ਇਸਤ੍ਰੀ ਦੇ ਜੀਵਨ ਦਾ ਬ੍ਰਿਤਾਂਤ ਸਾਡੇ ਸਾਹਮਣੇ ਪੇਸ਼ ਕਰਦੇ ਹਨ ਕਿ ਉਹ ਜਵਾਨ ਇਸਤ੍ਰੀ ਆਪਣੇ ਜ਼ਜ਼ਬਾਤਾਂ ਰਾਹੀਂ (ਪ੍ਰਭੂ ਪਤੀ ਦੇ ਮਿਲਾਪ ਵਾਸਤੇ) ਕੀ ਆਖਦੀ ਹੈ।
ਰਾਗੁ ਸੋਰਠਿ, ਮਹਲਾ ੫ ॥ ਦਹ ਦਿਸ ਛਤ੍ਰ ਮੇਘ ਘਟਾ ਘਟ, ਦਾਮਨਿ ਚਮਕਿ ਡਰਾਇਓ ॥
ਪਦ ਅਰਥ:-ਦਹ ਦਿਸ-ਦਸੇ ਦਿਸ਼ਾਵਾਂ, ਚਾਰ ਚੁਫੇਰੇ। ਛਤ੍ਰ-ਛੱਤਰੀ ਵਾਂਗੂੰ। ਮੇਘ-ਮੀਂਹ ਦੇ ਬੱਦਲ। ਘਟਾ ਘਟ-ਘਟਾਂ ਹੀ ਘਟਾਂ। ਦਾਮਨਿ-ਬਿਜ਼ਲੀ। ਚਮਕਿ-ਬਿਜ਼ਲੀ ਦੀ ਚਮਕ। ਡਰਾਇਓ-ਡਰਾ ਰਹੀ ਹੈ।
ਅਰਥ:-ਗੁਰੂ ਜੀ ਸੰਸਾਰ ਵਿੱਚ ਵੱਸ ਰਹੇ ਮਨੁੱਖ ਦੇ ਜ਼ਜ਼ਬਾਤਾਂ ਰਾਹੀਂ ਬੜੀ ਹੀ ਗੂਝ ਸਿਖਿਆ ਸਾਨੂੰ ਦਰਸਾ ਰਹੇ ਹਨ ਆਖਦੇ ਹਨ ਕਿ ਜਿਸ ਤਰ੍ਹਾਂ ਇਕ ਜਵਾਨ ਇਸਤ੍ਰੀ ਆਪਣੀ ਮਾਂ ਨਾਲ ਆਪਣੇ ਪਤੀ ਦੇ ਵਿਛੋੜੇ ਬਾਰੇ ਗੱਲਬਾਤ ਕਰ ਰਹੀ ਹੈ ਪਰ ਉਸ ਨੂੰ ਇਹ ਸਮਝ ਨਹੀਂ ਹੈ ਕਿ ਪਤੀ ਤਾਂ ਉਸ ਦੇ ਨਾਲ ਹੀ ਹੈ ਪਰ ਉਹ ਕਿਸੇ ਆਪਣੇ ਹੀ ਕਾਰਣਾ ਕਰਕੇ ਉਸ ਨੂੰ ਦੇਖ ਨਹੀਂ ਸਕਦੀ, ਮਿਲ ਨਹੀਂ ਸਕਦੀ। ਇਸ ਤਰ੍ਹਾਂ ਦੇ ਰੂਪਕ ਨਾਲ ਸਾਨੂੰ ਸਮਝਾ ਰਹੇ ਹਨ ਕਿ ਉਹ ਰੱਬ ਜੀ ਜਿਸ ਨੂੰ ਮਨੁੱਖ ਨੇ ਕਿਤੇ ਦੂਰ ਦਰੇਡੇ ਸਮਝਿਆ ਹੋਇਆ ਹੈ ਪਰ ਅਸਲ ਵਿੱਚ ਉਹ ਪ੍ਰਭੂ ਪਤੀ ਸਾਡੇ ਨਾਲ ਹੀ ਹੈ, ਅਸੀਂ ਉਸ ਦਾ ਮਿਲਾਪ ਕਿਉਂ ਨਹੀਂ ਪਾ ਰਹੇ ਇਸ ਬਾਰੇ ਸਾਨੂੰ ਸਮਝਾਇਆ ਹੈ। ਆਖਦੇ ਹਨ ਕਿ ਜਦ ਬਾਹਰ ਚਾਰ ਚੁਫੇਰੇ ਬਹੁਤ ਗੂੜੇ ਬੱਦਲ ਛਾਏ ਹੋਣ ਤੇ ਬਿਜ਼ਲੀ ਦੀ ਚਮਕ ਵੀ ਡਰਾਉਂਦੀ ਹੋਵੇ ਤਾਂ ਅਣਜਾਣ ਜੀਵ ਇਸਤ੍ਰੀ ਬਹੁਤ ਡਰ ਜਾਂਦੀ ਹੈ। ਭਾਵ ਹੈ ਕਿ ਮਨੁੱਖ ਦੀ ਸੋਚ ਅਗਿਆਨਤਾ ਦੇ ਬੱਦਲਾਂ ਹੇਠ ਹੋਣ ਕਰਕੇ ਹਰ ਵਿਕਾਰ, ਹਰ ਬਾਹਰੀ ਡਰ ਦੇ ਅਧੀਨ ਸਹਿਮਿਆਂ ਰਹਿੰਦਾ ਹੈ (ਡਰਦਾ ਹੀ ਰਹਿੰਦਾ ਹੈ)। ਉਸ ਵਾਸਤੇ ਅਗਿਆਨਤਾ ਅਧੀਨ ਹਰ ਕਾਰਜ਼ ਮੁਸ਼ਕਲਾਂ ਭਰਿਆ ਬਣ ਜਾਂਦਾ ਹੈ।
ਸੇਜ ਇਕੇਲੀ ਨੀਦ ਨਹੁ ਨੈਨਹ, ਪਿਰੁ ਪਰਦੇਸਿ ਸਿਧਾਇਓ ॥੧॥
ਪਦ ਅਰਥ:-ਸੇਜ-ਬਿਸਤਰਾ। ਇਕੇਲੀ-ਇਕੱਲੀ ਹੀ। ਨੀਦ ਨਹੁ ਨੈਨਹ-ਅੱਖਾਂ ਵਿੱਚ ਨੀਦ ਵੀ ਨਹੀਂ ਆਉਂਦੀ। ਪਿਰੁ-ਪਤੀ। ਪਰਦੇਸਿ-ਬਗਾਨੇ ਦੇਸ ਵਿੱਚ। ਸਿਧਾਇਓ-ਗਿਆ ਹੋਇਆ ਹੈ।੧।
ਅਰਥ:-ਫਿਰ ਦੁਨੀਆਂ ਦਾਰੀ ਵਾਲੀ ਉਧਾਰਨ ਰਾਹੀਂ ਬਿਆਨ ਕਰਦੇ ਹਨ ਕਿ ਉਹ ਅਗਿਆਨਤਾ ਵਿੱਚ ਫੱਸੀ ਜੀਵ ਇਸਤ੍ਰੀ ਆਪਣੇ ਆਪ ਨੂੰ ਹਮੇਸ਼ਾਂ ਹੀ ਇਕੱਲੀ ਮਹਿਸੂਸ ਕਰਦੀ ਹੈ। ਪ੍ਰਭੂ ਪਤੀ ਤੋਂ ਵਿਛੜੀ ਹੋਣ ਕਰਕੇ ਨੀਂਦ ਵੀ ਨਹੀਂ ਆਉਂਦੀ, ਕਿਉਂ ਕਿ ਉਸਦਾ ਪਤੀ ਕਿਤੇ ਦੂਰ ਪਰਦੇਸ ਵਿੱਚ ਗਿਆ ਹੋਇਆ ਸੁਣੀਦਾ ਹੈ। ਭਾਵ ਹੈ ਕਿ ਅਸੀਂ ਅਗਿਆਨਤਾ ਅਧੀਨ ਉਸ ਰੱਬ ਜੀ ਨੂੰ ਕਿਤੇ ਦੂਰ ਪਰਾਏ ਦੇਸ ਵਿੱਚ ਗਇਆ ਹੋਇਆ ਸਮਝ ਰਹੇ ਹਾਂ ਜਿਸ ਕਰਕੇ ਇੱਕਲੇ ਮਹਿਸੂਸ ਕਰਦੇ ਹੋਏ ਸੁੱਖਾਂ ਦੀ ਨੀਂਦ ਨਹੀ ਮਾਣ ਸਕਦੇ।

ਹੁਣਿ ਨਹੀ ਸੰਦੇਸਰੋ ਮਾਇਓ ॥
ਪਦ ਅਰਥ:-ਹੁਣਿ-ਹੁਣ ਕਦੇ। ਸੰਦੇਸਰੋ-ਸਨੇਹਾਂ। ਮਾਇਓ-ਹੇ ਮੇਰੀ ਮਾਂ!।
ਅਰਥ:-ਜਿਸ ਤਰ੍ਹਾਂ ਉਹ ਜਵਾਨ ਇਸਤ੍ਰੀ ਆਪਣੀ ਮਾਂ ਨੂੰ ਆਖਦੀ ਹੈ ਕਿ ਹੇ ਮਾਂ ਮੇਰੇ ਪਤੀ ਦਾ ਪਰਦੇਸ ਵਿੱਚੋਂ ਕੋਈ ਵੀ ਸਨੇਹਾਂ ਨਹੀਂ ਆਇਆ। ਭਾਵ ਹੈ ਕਿ ਅਸੀਂ ਵੀ ਅਗਿਆਨਤਾ ਅਧੀਨ ਉਸ ਰੱਬ ਜੀ ਨੂੰ (ਪਤੀ ਨੂੰ) ਕਿਤੇ ਦੂਰ ਸਮਝੀ ਬੈਠੇ ਹਾਂ ਅਤੇ ਉਸ ਬਾਰੇ ਕੁੱਝ ਵੀ ਖਬਰ ਨਹੀਂ ਰੱਖਦੇ, ਉਸ ਬਾਰੇ ਕੁੱਝ ਵੀ ਨਹੀਂ ਜਾਣਦੇ। ਜਾਂ ਇਉਂ ਆਖੀਏ ਕਿ ਅਸੀਂ ਉਸ ਬਾਰੇ ਜਾਣਨਾ ਹੀ ਨਹੀਂ ਚਾਹੁੰਦੇ।
ਏਕ ਕੋਸਰੋ ਸਿਧਿ ਕਰਤ ਲਾਲੁ, ਤਬ ਚਤੁਰ ਪਾਤਰੋ ਆਇਓ ॥ ਰਹਾਉ ॥
ਪਦ ਅਰਥ:-ਏਕ ਕੋਸਰੋ-ਇਕ ਕੋਹ। ਸਿਧਿ ਕਰਤ-ਤੈ ਕਰਦਾ ਸੀ, ਜਾਂਦਾ ਸੀ। ਲਾਲੁ-ਪਿਆਰਾ। ਤਬ-ਤਾਂ। ਚਤੁਰ-ਚਾਰ ਚਾਰ। ਪਾਤਰੋ-ਪੱਤਰ, ਚਿੱਠੀਆਂ । ਆਇਓ-ਆ ਜਾਂਦੀਆਂ ਸਨ। ਰਹਾਉ-ਰੁਕੋ, ਵੀਚਾਰੋ।
ਅਰਥ:-ਜ਼ਜ਼ਬਾਤੀ ਅਲਫਾਜ਼ ਰਾਹੀਂ ਉਹ ਇਸਤ੍ਰੀ ਇਸ ਤਰ੍ਹਾਂ ਆਖਦੀ ਹੈ ਕਿ ਹੇ ਮੇਰੀ ਮਾਂ! ਉਹ ਮੇਰਾ ਪਿਆਰਾ ਪਤੀ ਜਦੋਂ ਕਦੇ ਪਹਿਲਾਂ ਥੋੜੀ ਦੂਰ ਵੀ ਜਾਂਦਾ ਸੀ ਤਾਂ ਮੈਨੂੰ ਚਾਰ ਚਾਰ ਪੱਤਰ ਪਾਉਂਦਾ ਸੀ। ਰਹਾਉ। ਭਾਵ ਹੈ ਉਹ ਪ੍ਰਭੂ ਦੀ ਨਜ਼ਰ ਵਿੱਚ ਤਾਂ ਕੋਈ ਵੀ ਭੁਲਿਆ ਨਹੀਂ ਹੈ (ਅਟੱਲ ਨਿਯਮ ਦੇ ਅਧੀਨ ਹੀ ਸਭਨਾਂ ਦਾ ਜੀਵਨ ਲਗਾਤਾਰ ਚੱਲ ਰਿਹਾ ਹੈ, ਉਹ ਸਦਾ ਹੀ ਨੇੜੇ ਹੈ)। ਪਰ ਜਦੋਂ ਅਸੀਂ ਸੱਚ ਨਾਲੋਂ ਟੁੱਟ ਜਾਂਦੇ ਹਾਂ ਤਾਂ ਉਸ ਰੱਬ ਜੀ ਨੂੰ ਭੁਲਾਈ ਹੀ ਬੈਠੇ ਹੁੰਦੇ ਹਾਂ ਅਤੇ ਕਿਤੇ ਦੂਰ ਸਮਝ ਲੈਂਦੇ ਹਾਂ। ਸੱਚ ਦਾ ਗਿਆਨ ਤਾਂ ਸਦਾ ਹੀ ਹੈ (ਨਾਨਕ ਲਿਖਿਆ ਨਾਲਿ ਹੀ ਹੈ) ਜਦੋਂ ਵੀ ਮਰਜ਼ੀ ਇਸ ਨੂੰ ਹਾਸਲ ਕਰ ਸਕਦੇ ਹਾਂ।
ਕਿਉ ਬਿਸਰੈ ਇਹੁ ਲਾਲੁ ਪਿਆਰੋ, ਸਰਬ ਗੁਣਾ ਸੁਖਦਾਇਓ ॥
ਪਦ ਅਰਥ:-ਕਿਉ-ਕਿਸ ਤਰ੍ਹਾਂ। ਬਿਸਰੈ-ਭੁਲਾਵਾਂ। ਇਹੁ ਲਾਲੁ ਪਿਆਰੋ-ਉਸ ਪਿਆਰੇ ਪਤੀ ਨੂੰ। ਸਰਬ-ਸਾਰੇ। ਗੁਣਾ-ਖੁਸ਼ੀਆਂ। ਸੁਖਦਾਇਓ-ਸੁੱਖਾਂ ਦੇ ਦੇਣ ਵਾਲਾ।
ਅਰਥ:-ਹੁਣ ਉਹ ਜੀਵ ਇਸਤ੍ਰੀ ਜਿਹੜੀ ਆਪਣੇ ਪਤੀ ਨਾਲੋਂ ਕਿਸੇ ਕਾਰਣਾ ਕਰਕੇ ਵਿਛੜੀ ਹੋਈ ਹੈ ਆਪਣੀ ਮਾਂ ਨਾਲ ਵਾਰਤਾਲਾਪ ਰਾਹੀਂ ਆਖਦੀ ਹੈ ਕਿ ਮੇਰਾ ਪਤੀ ਮੈਨੂੰ ਬਹੁਤ ਸੁੱਖ ਦਿੰਦਾ ਸੀ ਉਸ ਦੀ ਯਾਦ ਮੈਨੂੰ ਨਹੀਂ ਭੁਲਦੀ। ਭਾਵ ਨਿਰੋਲ ਸੱਚ ਦੇ ਗਿਆਨ ਨਾਲੋਂ ਟੁੱਟੀ ਹੋਣ ਕਰਕੇ ‘ਅਟੱਲ ਰੱਬ ਜੀ ਦੇ ਨਿਯਮਾਂ ਨੂੰ’ ਭੁਲਾ ਕਿ ਜੀਵਨ ਵਿੱਚ ਦੁੱਖ ਸਹਾਰ ਰਹੀ ਹੈ ਇਕ ਵਿਅੰਗ ਮਈ ਢੰਗ ਨਾਲ ਆਖਦੀ ਹੈ ਕਿ ਉਸ ਸਾਰੇ ਸੁੱਖਾਂ ਦਾ ਦਾਤਾ ਪਿਆਰਾ ਪ੍ਰਭੂ ਪਤੀ ਮੈਂਨੂੰ ਬਹੁਤ ਯਾਦ ਆਉਂਦਾ ਹੈ। ਜਿਸ ਅਟੱਲ ਰੱਬ ਜੀ ਦੇ ਗੁਣਾਂ ਨੂੰ ਜੀਵਨ ਦਾ ਅਧਾਰ ਬਣਾਉਣ ਨਾਲ ਹੀ ਜੀਵਨ ਦੇ ਸਾਰੇ ਸੁੱਖਾਂ ਦੀ ਪ੍ਰਾਪਤੀ ਹੈ।
ਮੰਦਰਿ ਚਰਿ ਕੈ ਪੰਥੁ ਨਿਹਾਰਉ, ਨੈਨ ਨੀਰਿ ਭਰਿ ਆਇਓ ॥੨॥
ਪਦ ਅਰਥ:-ਮੰਦਰ-ਕੋਠੇ ਉਪਰ। ਚਰਿ ਕੈ-ਚੜ੍ਹ ਕੇ। ਪੰਥੁ-ਰਸਤਾ। ਨਿਹਾਰਉਂ-ਤੱਕਦੀ ਹੈ। ਨੈਨ ਨੀਰਿ-ਅੱਖਾਂ ਵਿੱਚ ਪਾਣੀ, ਅੱਥਰੂ, ਵੈਰਾਗ।
ਭਰਿ-ਆਇਓ –ਭਰ ਆਉਂਦੀਆਂ ਹਨ।
ਅਰਥ:-ਅਗਿਆਨਤਾ ਕਾਰਣ ਨਿਰੋਲ ਸੱਚ ਨਾਲੋਂ ਟੁੱਟੀ ਜੀਵ ਇਸਤ੍ਰੀ ਦੀ ਹਾਲਤ ਨੂੰ ਜ਼ਜ਼ਬਾਤਾਂ ਰਾਹੀ ਸਮਝਾਉਣ ਵਾਸਤੇ ਬਾਹਰੀ ਦੁਨੀਆਂਦਾਰੀ ਦੀ ਉਧਾਰਨ ਰਾਹੀਂ ਆਖਦੇ ਹਨ ਕਿ ਆਪਣੇ ਪਤੀ ਤੋਂ ਵਿਛੜੀ ਇਸਤ੍ਰੀ ਕੋਠੇ ਉਪਰ ਚੜ੍ਹਕੇ ਆਪਣੇ ਪਤੀ ਦਾ ਰਾਹ ਹਰ ਰੋਜ਼ ਤੱਕਦੀ ਹੈ ਅਤੇ ਵਿਛੋੜੇ ਦੇ ਬੈਰਾਗ ਵਿੱਚ ਅੱਖਾਂ ਵਿੱਚੋਂ ਅਥਰੂ ਵਗਦੇ ਹਨ। ਭਾਵ ਹੈ ਕਿ ਨਿਰੋਲ ਸੱਚ ਦੇ ਗਿਆਨ ਨਾਲ ਹੀ ਮਨੁੱਖ ਦੇ ਅੰਦਰ ਸ਼ਾਂਤੀ, ਟਿਕਾਉ ਬਣ ਸਕਦਾ ਹੈ ਪਰ ਅਸੀਂ ਨਿਰੋਲ ਸੱਚ ਨਾਲੋਂ ਟੁੱਟੇ ਹੋਏ ਉਸ ਰੱਬ ਜੀ ਨੂੰ ਕਿਤੇ ਬਾਹਰੋਂ ਭਾਲਦੇ ਹੋਏ ਉਸ ਦੇ ਆਉਣ ਦੀਆਂ ਆਸਾਂ ਲਾਈ ਵੈਰਾਗ ਮਈ

ਤਾਂਘ ਕਰ ਰਹੇ ਹਾਂ।
ਹਉ ਹਉ ਭੀਤਿ ਭਇਓ ਹੈ ਬੀਚੋ, ਸੁਨਤ ਦੇਸਿ ਨਿਕਟਾਇਓ ॥
ਪਦ ਅਰਥ:-ਹਉ ਹਉ-ਹਉਮੈ ਹੀ ਹਉਮੈ। ਭੀਤਿ-ਹਉਮੈ ਦੀ ਦੀਵਾਰ। ਭਇਓ-ਭਣੀ ਹੋਈ ਹੈ। ਬੀਚੋ-ਵਿਚਕਾਰ। ਸੁਨਤ-ਸੁਣਿਆਂ ਹੈ। ਦੇਸਿ-ਜਿਸ ਦੇਸ ਵਿੱਚ ਪਤੀ ਵਸਦਾ ਹੈ। ਨਿਕਟਾਇਓ-ਨਿਕਟ ਹੀ ਹੈ, ਨੇੜੇ ਹੀ ਹੈ।
ਅਰਥ:-ਗੁਰੂ ਜੀ ਹੁਣ ਉਪਰ ਸਾਰੀ ਵਿਅੰਗ ਰੂਪੀ ਢੰਗ ਨਾਲ ਬਾਹਰੀ ਉਧਾਰਨ ਵਰਤਕੇ ਸਮਝਾਉਣ ਵਾਲੇ ਤਰੀਕੇ ਨੂੰ ਅਸਲੀਅਤ ਵਿੱਚ ਸਮਝਾਉਂਦੇ ਹਨ ਕਿ ਅਸਲ ਜੀਵ ਇਸਤ੍ਰੀ (ਮਨੁੱਖ) ਕਿਹੜੇ ਪਤੀ ਨਾਲੋਂ ਵਿਛੜਿਆ ਹੋਇਆ ਹੈ ਅਤੇ ਕਿਸ ਕਾਰਣਾ ਕਰਕੇ ਦੂਰੀ ਪਈ ਹੋਈ ਹੈ। ਆਖਦੇ ਹਨ ਕਿ ਉਸ ਪਤੀ ਪ੍ਰਭੂ ਜੀ ਤਾਂ ਨੇੜੇ ਹੀ ਵੱਸਦਾ ਹੈ, ਉਸ ਦਾ ਵਾਸਾ ਬਹੁਤੀ ਦੂਰ ਨਹੀਂ ਹੈ ਪਰ ਜੀਵ ਇਸਤ੍ਰੀ (ਮਨੁੱਖ) ਦੇ ਆਪਣੇ ਮੰਨ ਵਿੱਚ ਅਗਿਆਨਤਾ ਕਾਰਣ ਹੰਕਾਰ ਦੀ ਕੰਧ ਬਣਾਈ ਹੋਈ ਹੈ ਜਿਸ ਕਰਕੇ ਉਸ ਦਾ ਮਿਲਾਪ ਨਹੀਂ ਹੋ ਰਿਹਾ ਅਤੇ ਉਸ ਨੂੰ ਕਿਤੇ ਦੂਰ ਦੇ ਦੇਸ ਵਿੱਚ ਵੱਸਦਾ ਪ੍ਰਤੀਤ ਕਰੀ ਜਾ ਰਹੇ ਹਾਂ।
ਭਾਂਭੀਰੀ ਕੇ ਪਾਤ ਪਰਦੋ, ਬਿਨੁ ਪੇਖੇ ਦੂਰਾਇਓ ॥ ੩॥
ਪਦ ਅਰਥ:-ਭਾਂਭੀਰੇ ਕੇ-ਨਿੱਕੀ ਜਿਹੀ ਭੰਭੀਰੀ ਦੇ। ਪਾਤ-ਖੰਭ। ਪਰਦੋ-ਪੜਦਾ। ਬਿਨੁ-ਬਿਨ੍ਹਾਂ। ਪੇਖੇ-ਦੇਖੇ। ਦੂਰਾਇਓ-ਦੂਰ ਸਮਝ ਲਿਆ ਹੈ। ਅਰਥ:-ਜਿਸ ਪਤੀ ਪ੍ਰਭੂ ਜੀ ਨੂੰ ਮਿਲਣ ਵਾਸਤੇ ਅਸੀਂ ਬਾਹਰੀ ਅਡੰਬਰ ਤੇ ਮਿਥੇ ਗਏ ਧਰਮ ਕਰਮ ਕਰ ਰਹੇ ਹਾਂ ਅਤੇ ਕਿਤਿਉਂ ਬਾਹਰੋਂ ਆਣ ਕਿ ਮਿਲਣ ਦੀ ਆਸ ਲਾਈ ਬੈਠੇ ਹਾਂ ਉਹ ਰੱਬ ਪਤੀ ਜੀਵ ਦੇ ਨਾਲ ਹੀ ਹੈ ਬਿਲਕੁਲ ਥੋੜੀ ਜਿਹੀ ਵਿੱਥ ਹੀ ਹੈ (ਜਿਵੇਂ ਭੰਭੀਰੀ ਦੇ ਬਰੀਕ ਖੰਭ ਜਿਨ੍ਹੀ)। ਪਰ ਸਾਡੀ ਬਣਾਈ ਹੰਕਾਰ ਦੀ ਦੀਵਾਰ ਕਰਕੇ ਉਸ ਨੂੰ ਦੇਖਣ ਵਾਲੀ ਅੱਖ ਨਹੀਂ ਹੈ, ਅਸੀਂ ਉਸ ਨੂੰ ਦੇਖਣਾ ਹੀ ਨਹੀਂ ਚਾਹੁੰਦੇ। ਸਾਰੀ ਉਮਰ ਬਾਹਰੋਂ ਭਾਲਦੇ ਰਹਿੰਦੇ ਹਾਂ।
2:ਭਇਓ ਕਿਰਪਾਲੁ ਸਰਬ ਕੋ ਠਾਕੁਰੁ, 3:ਸਗਰੋ ਦੂਖੁ ਮਿਟਾਇਓ ॥ 1:ਕਹੁ ਨਾਨਕ, ਹਉਮੈ ਭੀਤਿ ਗੁਰਿ ਖੋਈ, 4:-ਤਉ ਦਇਆਰੁ

ਬੀਠਲੋ ਪਾਇਓ ॥ 4॥

ਪਦ ਅਰਥ:-ਭਇਓ-ਹੋ ਗਿਆ। ਕਿਰਪਾਲੁ-ਮੇਹਰਵਾਨ। ਸਰਬ ਕੋ-ਸਭਨਾਂ ਦਾ। ਠਾਕੁਰੁ-ਮਾਲਕ। ਸਗਰੋ-ਸਾਰਾ ਹੀ। ਦੂਖੁ-ਆਤਮਿਕ ਦੁੱਖ। ਮਿਟਾਇਓ-ਖਤਮ ਕਰ ਦਿੱਤਾ। ਕਹੁ-ਆਖਣਾ। ਨਾਨਕ-ਨਾਨਕ ਨਾਮ। ਹਉਮੈ-ਹੰਕਾਰ। ਭੀਤਿ-ਦੀਵਾਰ। ਗੁਰਿ-ਗੁਰੂ ਨੇ, ਗਿਆਨ ਨੇ। ਖੋਈ-ਤੋੜ੍ਹ ਦਿੱਤੀ। ਤਉ-ਤਾਂ। ਦਇਆਰੁ-ਦਇਆਲੂ ਪ੍ਰਭੂ ਪਤੀ। ਬੀਠਲੋ-ਰੱਬ ਜੀ। ਪਾਇਓ-ਪਾ ਲਿਆ, ਮਿਲਾਪ ਹੋ ਗਿਆ।4।
ਅਰਥ:-1:ਗੁਰੂ ਅਰਜਨ ਸਾਹਿਬ ਨਾਨਕ ਨਾਮ ਦੀ ਛਾਪ ਹੇਠਾਂ ਆਖਦੇ ਹਨ ਕਿ ਅਸੀਂ ਜੀਵ ਇਸਤ੍ਰੀਆਂ (ਭਾਵ ਸਾਰੇ ਮਨੁੱਖ) ਧਰਮ ਕਰਮ ਕਰਦੇ ਹੋਏ ਪ੍ਰਭੂ ਪਤੀ ਨੂੰ ਬਾਹਰੋਂ ਮਿਲਣ ਦਾ ਯਤਨ ਕਰ ਰਹੇ ਹਾਂ ਪਰ ਜੇ ਮਨੁੱਖ ਗੁਰੂ ਦੇ ਉਪਦੇਸ਼ ਨੂੰ (ਨਿਰੋਲ ਸੱਚ ਦੇ ਗਿਆਨ ਨੂੰ) ਹਾਸਲ ਕਰ ਲਵੇ ਤਾਂ ਗੁਰੂ (ਸੱਚ ਦਾ ਗਿਆਨ) ਮਨੁੱਖ ਦੀ ਅਗਿਆਨਤਾ ਵਾਲੀ ਹੰਕਾਰ ਦੀ ਕੰਧ (ਆਪਣੇ ਆਪ ਹੀ ਪਾਏ ਵਿਛੋੜੇ ਵਾਲੀ ਵਿੱਥ) ਨੂੰ ਤੋੜ ਦਿੰਦਾ ਹੈ।

2;ਇਹ ਹਾਸਲ ਕੀਤਾ ਅਟੱਲ ਰੱਬ ਜੀ ਦਾ ਗਿਆਨ ਉਸ ਮਨੁੱਖ ਉਪਰ ਐਸੀ ਗਿਆਨ ਦੀ ਕਿਰਪਾ ਕਰਦਾ ਹੈ, 3; ਕਿ ਉਸ ਜੀਵ ਇਸਤ੍ਰੀ ਦੇ ਸਾਰੇ ਦੁੱਖ ਖਤਮ ਕਰ ਦਿੰਦਾ ਹੈ, ਭਾਵ ਹੈ ਕਿ ਅਗਿਆਨਤਾ ਕਾਰਣ ਹੀ ਦੁੱਖ ਸਨ ਅਤੇ ਗਿਆਨ ਨੂੰ ਹਾਸਲ ਕਰ ਲੈਣਾ ਹੀ ਅਗਿਆਨਤਾ ਦਾ ਖਤਮ ਹੋਣਾ ਹੈ ਅਤੇ ਅਗਿਆਨਤਾ ਕਾਰਣ ਜੋ ਮੁਸ਼ਕਲਾਂ ਸਨ ਉਹ ਵੀ ਖਤਮ ਹੋ ਜਾਂਦੀਆਂ ਹਨ। 4; ਇਹ ਸਾਰੀ ਅਗਿਆਨਤਾ ਦਾ ਖਤਮ ਹੋ ਜਾਣਾ ਹੀ ਉਸ ਪਤੀ ਪ੍ਰਭੂ ਜੀ ਦਾ ਮਿਲਾਪ ਹੈ।
ਸਭੁ ਰਹਿਓ ਅੰਦੇਸਰੋ ਮਾਇਓ ॥
ਪਦ ਅਰਥ:-ਸਭੁ-ਸਾਰਾ। ਰਹਿਓ-ਖਤਮ ਹੋ ਗਿਆ। ਅੰਦੇਸਰੋ-ਅੰਦੇਸੇ, ਫਿਕਰ, ਝੋਰੇ। ਮਾਇਓ-ਹੇ ਮੇਰੀ ਮਾਂ।
ਅਰਥ:-ਗੁਰੂ ਨੂੰ ਮਿਲਣ ਨਾਲ (ਭਾਵ ਨਿਰੋਲ ਸੱਚ ਦੇ ਗਿਆਨ ਨੂੰ ਹਾਸਲ ਕਰਨ ਨਾਲ) ਹੇ ਮੇਰੀ ਮਾਂ ਮੇਰੇ ਸਾਰੇ ਫਿਕਰ, ਚਿੰਤਾਵਾਂ, ਝੋਰੇ ਜਿਹੜੇ ਪਤੀ ਨੂੰ ਦੂਰ ਸਮਝਣ ਕਰਕੇ ਬਣੇ ਹੋਏ ਸਨ ਉਹ ਸਾਰੇ ਮੁੱਕ ਗਏ, ਕਿਉਂ ਕਿ ਗੁਰੂ ਨੇ (ਗਿਆਨ ਨੇ) ਮੈਨੂੰ ਮੇਰੇ ਪਤੀ ਪ੍ਰਭੂ ਨਾਲ ਮਿਲਾ ਦਿੱਤਾ ਹੈ। ਭਾਵ ਗੁਰੂ ਨੇ ਨਿਰੋਲ ਸੱਚ ਰੱਬ ਜੀ ਦਾ ਗਿਆਨ ਮੈਨੂੰ ਸਮਝਾ ਦਿੱਤਾ ਹੈ ਜਿਸ ਨੂੰ ਮੈਂ ਕਿਤੇ ਦੂਰ ਸਮਝਦੀ ਸੀ ਉਹ ਰੱਬ ਜੀ (ਪਤੀ) ਤਾਂ ਮੇਰੇ ਨਾਲ ਹੀ ਸੀ।
ਜੋ ਚਾਹਤ ਸੋ ਗੁਰੂ ਮਿਲਾਇਓ ॥
ਪਦ ਅਰਥ:-ਜੋ ਚਾਹਤ-ਜਿਹੜੀ ਚਾਹਨਾ ਸੀ। ਸੋ-ਉਹ। ਗੁਰੂ-ਗੁਰੂ ਨੇ, ਗਿਆਨ ਨੇ। ਮਿਲਾਇਓ-ਮਿਲਾ ਦਿੱਤੀ, ਬਖਸ਼ ਦਿੱਤੀ।
ਅਰਥ:-ਗੁਰੂ ਨੂੰ ਹਾਸਲ ਕਰਨ ਨਾਲ ਜੋ ਮੇਰੇ ਦਿਲ ਦੀ ਚਾਹਨਾ ਸੀ ਉਹ ਸਾਰੀ ਪੂਰੀ ਹੋ ਗਈ ਹੈ। ਭਾਵ ਜਿਹੜੀ ਮੇਰੀ ਅਗਿਆਨਤਾ ਦੀ ਦੀਵਾਰ ਸੀ ਜਿਸ ਕਰਕੇ ਮੇਰਾ ਮੇਰੇ ਪਤੀ ਨਾਲ ਮਿਲਾਪ ਨਹੀਂ ਸੀ ਹੋ ਰਿਹਾ ਉਹ ਗੁਰੂ ਨੇ ਤੋੜ ਦਿੱਤੀ ਅਤੇ ਮੇਰਾ ਪਤੀ ਪ੍ਰਭੂ ਮੇਰੇ ਅੰਦਰ ਹੀ ਮੈਨੂੰ ਨਜ਼ਰ ਆ ਗਿਆ। ਆਪਣੀ ਅਗਿਆਨਤਾ ਦਾ ਪਤਾ ਲਗਣ ਤੇ ਉਸ ਨੂੰ ਛੱਡ ਦੇਣਾ ਹੀ ਪ੍ਰਭੂ ਪਤੀ ਦਾ ਮਿਲਾਪ ਹੈ। ਇਹੋ ਹੀ ਹੈ ਰੱਬ ਜੀ ਨੂੰ ਮਿਲਣ ਦੀ ਨੀਸ਼ਾਨੀ।

ਸਰਬ ਗੁਨਾ ਨਿਧਿ ਰਾਇਓ ॥ ਰਹਾਉ ਦੂਜਾ ॥੧੧॥ ੬੧॥
ਪਦ ਅਰਥ:-ਸਰਬ-ਸਾਰੇ। ਗੁਨਾ-ਗੁਣਾਂ ਵਾਲਾ। ਨਿਧਿ-ਖਜ਼ਾਨਾ। ਰਾਇਓ-ਰਾਜ਼ਾ, ਮਾਲਕ, ਰੱਬ ਜੀ। ਰਹਾਉ ਦੂਜਾ।
ਅਰਥ:-ਜਿਉਂ ਹੀ ਮੈਨੂੰ ਗੁਰੂ ਨੇ ਉਸ ਪਤੀ ਪ੍ਰਭੂ ਜੀ ਬਾਰੇ ਗਿਆਨ ਦਿੱਤਾ ਤਾਂ ਮੈਨੂੰ ਸਮਝ ਆ ਗਈ ਕਿ ਸਾਰੇ ਸੁਖਾਂ ਦਾ ਮਾਲਕ ਪ੍ਰਭੂ ਪਤੀ ਹੀ ਹੈ ਜਿਸ ਨਾਲੋਂ ਮੈਂ ਲੰਮੇ ਸਮੇਂ ਤੋਂ ਵਿਛੜੀ ਹੋਈ ਸੀ। ਭਾਵ ਹੈ ਸੱਚ ਨਾਲੋਂ ਟੁੱਟ ਜਾਣਾ ਹੀ ਪ੍ਰਭੂ ਜੀ ਨਾਲੋਂ ਵਿਛੜਣਾ ਹੈ। ਰਹਾਉ ਦੂਜਾ।੧੧।੬੧।

ਲੇਖਕ : ਕੁਲਵੰਤ ਸਿੰਘ ਭੰਡਾਲ ਹੋਰ ਲਿਖਤ (ਇਸ ਸਾਇਟ 'ਤੇ): 6
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1475

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ