ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਨਿੱਜੀ ਹਿੱਤਾਂ ਨੂੰ ਪਹਿਲ ਦਿੱਤੀ ਤਾਂ .....!

ਗੱਲ ਅੱਗੇ ਤੋਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਕਹਾਣੀ ਮੈਂ ਪਾਠਕਾਂ ਨਾਲ ਸਾਂਝੀ ਕਰਨਾ ਚਾਹਾਂਗਾ, ਜੋ ਕਿ ਇਸ ਤਰ੍ਹਾਂ ਹੈ ਕਿ, ‘ਇੱਕ ਵਾਰ ਇੱਕ ਵਿਅਕਤੀ ਨੇ ਬਾਜ਼ਾਰ ਵਿੱਚੋਂ ਬੜਾ ਮਹਿੰਗਾ ਜਿਹਾ ਕੁੱਤਾ ਖ੍ਰੀਦਿਆ, ਉਸ ਕੁੱਤੇ ਦੀ ਖਾਸੀਅਤ ਇਹ ਸੀ ਕਿ ਉਹ ਪਾਣੀ ਉੱਪਰ ਤੁਰ ਸਕਦਾ ਸੀ । ਉਸਨੇ ਸੋਚਿਆ ਕਿ ਕਿੰਨੀ ਅਦੱਭੁੱਤ ਚੀਜ਼ ਹੈ, ਕਿਉਂ ਨਾ ਆਪਣੇ ਮਿੱਤਰ ਨਾਲ ਸਾਂਝੀ ਕਰਾਂ ਤੇ ਉਸਨੂੰ ਇਹ ਜਾਦੂ ਦਿਖਾਵਾਂ?
ਸੋ ਉਸਨੇ ਸਕੀਮ ਬਣਾਈ ਕਿ ਆਪਣੇ ਦੋਸਤ ਨੂੰ ਨਹਿਰ ਦੇ ਕੰਢੇ ਤੇ ਲੈ ਕੇ ਜਾਵਾਂਗਾ ਤੇ ਫਿਰ ਇਹ ਸੱਭ ਦੇਖ ਕੇ ਉਹ ਖੁੱਦ ਹੀ ਹੈਰਾਨ ਰਹਿ ਜਾਵੇਗਾ। ਅਗਲੇ ਦਿਨ ਉਹ ਆਪਣੇ ਮਿੱਤਰ ਨੂੰ ਕੁੱਤੇ ਸਮੇਤ ਨਹਿਰ ਦੇ ਕੰਢੇ ਤੇ ਲੈ ਗਿਆ ਤੇ ਹੱਥ ਵਿੱਚ ਫੜ੍ਹੀ ਹੋਈ ਬੋਲ (ਗੇਂਦ) ਨੂੰ ਉਸ ਨੇ ਨਹਿਰ ਵਿੱਚ ਸੁੱਟ ਦਿੱਤਾ ਤੇ ਕੁੱਤੇ ਨੂੰ ਇਸ਼ਾਰਾ ਕੀਤਾ ਕਿ ਭੱਜ ਕੇ ਉਹ ਗੇਂਦ ਨਹਿਰ ਵਿੱਚ ਕੱਢ ਕੇ ਲਿਆਵੇ, ਕੁੱਤਾ ਨਹਿਰੀ ਪਾਣੀ ਦੇ ਉੱਪਰ ਤੁਰਿਆ ਅਤੇ ਗੇਂਦ ਲੈ ਕੇ ਵਾਪਿਸ ਆ ਗਿਆ।
ਪਰ ਉਸ ਵਿਅਕਤੀ ਦੇ ਦੋਸਤ ਨੇ ਕੋਈ ਵੀ ਕਿਸੇ ਤਰ੍ਹਾਂ ਦਾ ਪ੍ਰਤੀਕਰਮ ਇਸ ਬਾਰੇ ਨਾ ਦਿੱਤਾ, ਉਕਤ ਵਿਅਕਤੀ ਬੜਾ ਹੈਰਾਨ ਹੋਇਆ ਅਤੇ ਆਪਣੇ ਮਿੱਤਰ ਨੂੰ ਕਹਿਣ ਲੱਗਾ, ‘ਯਾਰ ਤੈਨੂੰ ਮੇਰੇ ਕੁੱਤੇ ਬਾਰੇ ਕੁੱਝ ਖਾਸ ਮਹਿਸੂਸ ਨਹੀਂ ਹੋਇਆ?”
ਤਾਂ ਅੱਗੋਂ ਮਿੱਤਰ ਬੋਲਿਆ, ‘ਹਾਂ ਯਾਰ ਮੈਂ ਕੁੱਝ ਮਹਿਸੂਸ ਕੀਤਾ।’ ਉਕਤ ਵਿਅਕਤੀ ਬੋਲਿਆ: ਕੀ?
“ਯਾਰ ਤੇਰਾ ਕੁੱਤਾ ਪਾਣੀ ਵਿੱਚ ਤੈਰ ਨਹੀਂ ਸਕਦਾ ।” ਦੋਸਤ ਦਾ ਜੁਆਬ ਸੀ।
ਪਾਠਕ ਸਮਝ ਸਕਦੇ ਹਨ ਕਿ ਕੁੱਝ ਲੋਕਾਂ ਦੀ ਹਾਲਤ ਹੀ ਐਸੀ ਬਣ ਜਾਂਦੀ ਹੈ ਕਿ ਉਹਨਾਂ ਨੂੰ ਹਾਂਪੱਖੀ ਗੱਲ ਸਮਝ ਨਹੀਂ ਆਉਂਦੀ ਅਤੇ ਉਹਨਾਂ ਦੀ ਸੋਚ ਦਾ ਬਿੰਦੂ ਨਾਂਹ ਪੱਖੀ, ਨਕਾਰਾਤਮਕ ਸੋਚ ਉੱਤੇ ਹੀ ਟਿਕਿਆ ਰਹਿੰਦਾ ਹੈ। ਉਹਨਾਂ ਦਾ ਧਿਆਨ ਹਰ ਸਮੇਂ ਕਿਸੇ ਲਿਖਤ ਵਿੱਚ, ਕਿਸੇ ਘਟਨਾ ਵਿੱਚ, ਕਿਸੇ ਮੂਵਮੈਂਟ ਜਾਂ ਕਿਸੇ ਵੀ ਘਟਨਾ ਦੌਰਾਨ ਉਸ ਵਿੱਚੋਂ ਨੈਗੇਟਿਵ ਥਿੰਕ (ਨਾਕਾਰਾਤਮਕ ਸੋਚ) ਸਦਕਾ ਮਾਈਨਸ ਵਾਲੇ ਪੱਖਾਂ ਵੱਲ ਹੀ ਰਹਿੰਦਾ ਹੈ। ਉਹ ਕਦੇ ਵੀ ਕਿਸੇ ਪੱਖ ਵਿੱਚ ਹਾਂ-ਵਾਦੀ ਜਾਂ ਉਸਾਰੂ ਭੂਮਿਕਾ ਨਹੀਂ ਨਿਭਾਉਂਦੇ । ਇੱਥੇ ਇਹ ਗੱਲ ਕਰਨ ਤੋਂ ਭਾਵ ਮੇਰਾ ਇਸ਼ਾਰਾ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਵਿੱਚ ਲੱਗੀਆਂ ਉਹਨਾਂ ਸੰਸਥਾਵਾਂ/ਜਥੇਬੰਦੀਆਂ, ਟਰੱਸਟਾਂ/ਸੰਪਰਦਾਵਾਂ, ਕਾਲਜਾਂ/ਪ੍ਰਚਾਰ ਸੈਂਟਰਾਂ ਵੱਲ ਹੈ, ਜੋ ਦਾਅਵਾ ਤਾਂ ਇਹੀ ਕਰਦੇ ਹਨ ਕਿ ਅਸੀਂ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ’ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਸਮਰਪਤ ਹਾਂ ਅਤੇ ਕੌਮ ਦੀ ਚੜ੍ਹਦੀ ਕਲਾ ਲਈ ਹਰ ਦਮ ਯਤਨਸ਼ੀਲ਼ ਹਾਂ, ਪਰ ਅਮਲੀ ਰੂਪ ਵਿੱਚ ਉਹ ਗੁਰਮਤਿ ਦੇ ਪਾਵਨ ਸਿਧਾਂਤ ‘ਸਾਂਝ ਕਰੀਜੈ ਗੁਣਾ ਕੇਰੀ, ਛਾਡਿ ਅਵਗੁਣ ਚਲੀਐ’ ਤੋਂ ਕੋਹਾਂ ਦੂਰ ਆਪਸੀ ਰਜਿਸ਼ਬਾਜ਼ੀ, ਹਊਮੈ, ਚੌਧਰ/ਕੁਰਸੀ ਦੀ ਭੁੱਖ ਵਿੱਚ ਗ੍ਰਸੀਆਂ ਸਿੱਖ ਸੰਸਥਾਵਾਂ, ਹਰ ਪਲ ਆਪਣੀ ਕੌਮ ਦੇ ਵਿਦਵਾਨਾਂ/ਲੇਖਕਾਂ, ਪ੍ਰਚਾਰਕਾਂ/ਬੁੱਧੀਜੀਵੀਆਂ, ਸੰਸਥਾਵਾਂ/ਜਥੇਬੰਦੀਆਂ/ ਕਮੇਟੀਆਂ ਆਦਿ ਦੀਆਂ ਨੈਗਟਿਵ ਗੱਲਾਂ ਨੂੰ ਉਜਾਗਰ ਕਰਕੇ ਇੱਕ ਦੂਜੇ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਵਿੱਚ ਰਹਿੰਦੀਆਂ ਹਨ ।
ਇੱਕ ਦੂਜੇ ਵਿਰੁੱਧ ਹੀ ਛੋਟੀਆਂ-ਛੋਟੀਆਂ ਨਿਰਾਅਧਾਰ ਗੱਲਾਂ ਦੇ ਇਸ਼ੂ ਬਣਾ ਕੇ ਇੱਕ ਦੂਜੇ ਵਿਰੁੱਧ ਲੜਨ ਵਾਲੇ ਜੇ ਕਿਧਰੇ ਇਕੱਠੇ ਹੋ ਕੇ, ਸਿੱਖ ਪੰਥ ਨੂੰ ਤੋੜ ਕੇ ਵੰਡੀਆਂ ਪਾਉਣ ਵਾਲਿਆਂ, ਅਖੌਤੀ ਸਾਧਾਂ/ਡੇਰਿਆਂ ਦੇ ਸਿਧਾਂਤਕ ਹਮਲਿਆਂ, ਪੰਥ ਵਿਰੋਧੀ ਜਮਾਤਾਂ ਦੇ ਵਿਰੁੱਧ ਡੱਟ ਜਾਣ ਤਾਂ ਕੀ ਸਾਨੂੰ ਵੱਡੀ ਸਫਲਤਾ ਪ੍ਰਾਪਤ ਨਹੀਂ ਹੋਵੇਗੀ? ਬਿਲਕੁੱਲ ਹੋਵੇਗੀ । ਜੇਕਰ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਚੱਲਣ ਦਾ ਫੈਸਲਾ ਸਮੁੱਚੇ ਪੰਥ ਅਤੇ ਪੰਥਕ ਕਹਾਉਂਦੀਆਂ ਸੰਸਥਾਵਾਂ/ਜਥੇਬੰਦੀਆਂ ਵੱਲੋਂ ਕਰ ਲਿਆ ਜਾਵੇ । ਆਪਸ ਵਿੱਚ ਉਲਝ ਕੇ ਹੁਣ ਤੱਕ ਖੁਆਰੀ ਹੀ ਹੁੰਦੀ ਆਈ ਹੈ ਅਤੇ ਪ੍ਰਾਪਤੀ ਭਵਿੱਖ ਵਿੱਚ ਕੋਈ ਨਹੀਂ ਹੋਣੀ। ਇਸ ਲਈ ਸਾਡੇ ਵਿੱਚ ਸਾਂਝ ਹੋਣੀ ਜ਼ਰੂਰੀ ਹੈ ਅਤੇ ਸਾਨੂੰ ਨਿੱਜਵਾਦ ਤੋਂ ਉੱਪਰ ਉੱਠ ਕੇ ਪੰਥਕ ਇਕਸਾਰਤਾ ਲਈ ਕਾਰਜ ਕਰਨੇ ਪੈਣਗੇ।
ਪਰ ਕੇਵਲ ਨਿੱਜੀ ਹਿੱਤਾਂ ਜਾਂ ਹਊਮੈ ਨੂੰ ਮੁੱਖ ਰੱਖ ਕੇ ਕੀਤੇ ਗਏ ਕੰਮ ਕੌਮ ਨੂੰ ਨਾਮੋਸ਼ੀ ਹੀ ਦਿਵਾਉਣਗੇ । ਜਿਨ੍ਹਾਂ ਅਖੌਤੀ ਸਾਧਾਂ/ਸੰਤਾਂ ਆਦਿਕ ਨੂੰ ਅਸੀਂ ਪਾਣੀ ਪੀ-ਪੀ ਕੇ ਕੋਸਦੇ ਹਾਂ, ਪਰ ਗੱਲ ਵੱਲ ਧਿਆਨ ਦੇਣਾ ਜ਼ਰੂਰੀ ਹੈ ਕਿ ਜਦ ਵੀ ਉਹਨਾਂ ਦਾ ਕੋਈ ਸਮਾਗਮ ਹੋਵੇ ਤਾਂ ਸੈਂਕੜੇ ਦੀ ਗਿਤਣੀ ਵਿੱਚ ਉਹ ਇਕੱਠੇ ਹੋ ਕੇ ਬੈਠੇ ਹੁੰਦੇ ਹਨ, ਜਿਵੇਂ ਏਕਤਾ ਲਫਜ਼ ਇਹਨਾਂ ਵਾਸਤੇ ਹੀ ਬਣਿਆ ਹੋਵੇ ਜਦਕਿ ਸਾਡੇ ਵਿਦਵਾਨਾਂ ਅਤੇ ਬੁੱਧੀਜੀਵੀਆਂ ਵਿੱਚ ਏਕਤਾ ਵਾਲਾ ਮਾਦਾ ਬਹੁਤ ਘੱਟ ਮਾਤਰਾ ਵਿੱਚ ਦੇਖਣ ਨੂੰ ਮਿਲਦਾ ਹੈ ।
ਗਿ. ਜਸਵੀਰ ਸਿੰਘ ਜੀ ਲਿਖਦੇ ਨੇ ਕਿ, ‘ਇਤਿਹਾਸ ਦੇ ਪੰਨੇ ਇੱਕੋ ਗੱਲ ਪੁਕਾਰ-ਪੁਕਾਰ ਕੇ ਸੁਣਾਉਂਦੇ ਹਨ ਕਿ ਜਦੋਂ ਕਿਸੇ ਕੌਮ ਦੇ ਵਾਰਸਾਂ ਵੱਲੋਂ ਆਪਣੀਆਂ ਨਿੱਜੀ ਲੋੜਾਂ ਨੂੰ ਕੌਮੀ ਲੋੜਾਂ ਨਾਲੋਂ ਜਿਆਦਾ ਮਹੱਵਪੂਰਨ ਸਮਝਿਆ ਜਾਂਦਾ ਹੈ ਤਾਂ ਉਹ ਕੌਮ ਨਿਵਾਣ ਵੱਲ ਜਾਣਾ ਸ਼ੁਰੂ ਕਰ ਦਿੰਦੀ ਹੈ। ਉਸਦਾ ਬਲ ਘਟਦਾ ਤੇ ਢਹਿੰਦੀਆਂ ਕਲਾਂ ਵਿੱਚ ਜਾਂਦੀ ਜਾਂਦੀ ਇੱਕ ਦਿਨ ਉਹ ਤਬਾਹ ਹੋ ਜਾਂਦੀ ਹੈ। ਸਪੱਸ਼ਟ ਹੈ ਕਿ ਕੌਮੀ ਲੋੜਾਂ ਨੂੰ ਤਰਜੀਹ ਦੇਣ ਦੀ ਬਜਾਇ ਨਿੱਜੀ ਹਿੱਤਾਂ ਨੂੰ ਪਹਿਲ ਦਿੱਤੀ ਤਾਂ ਕੌਮ ਸਮਝੋ ਖ਼ਤਮ ਹੋਈ।’
ਅੱਜ ਇਤਿਹਾਸ ਤੋਂ ਸੇਧ ਲੈਣ ਦੀ ਲੋੜ ਹੈ । ਇਤਿਹਾਸ ਦੱਸਦਾ ਹੈ ਕਿ ਇੱਕ ਵਾਰ ਸਿੱਖ ਕੌਮ ਨੂੰ ਪਠਾਣਾਂ ਨਾਲ ਜੰਗ ਕਰਨਾ ਪਿਆ । ਪਠਾਣ ਵੱਡੀ ਗਿਣਤੀ ਵਿੱਚ ਸਨ ਤੇ ਉਹਨਾਂ ਦੇ ਮੁਕਾਬਲੇ ਸਿੱਖਾਂ ਦੀ ਗਿਣਤੀ ਕੋਈ ਦੋ ਕੁ ਸੌ ਦੇ ਕਰੀਬ ਸੀ । ਆਪਸੀ ਵਿਚਾਰ ਚਰਚਾ ਤੋਂ ਬਾਅਦ ਇਸ ਸਿੱਟੇ ਤੇ ਪੁੱਜੇ ਕੇ ਆਪਣੀ ਜਿੱਤ ਅਸੰਭਵ ਹੈ, ਪਰ ਇੱਕ ਆਸ ਦੀ ਕਿਰਨ ਹੈ ਕਿਉਂਕਿ ਸਾਡੇ ਕੋਲ ਇੱਕ ਤੋਪ ਹੈ, ਤੇ ਪਠਾਣਾਂ ਕੋਲ ਨਹੀਂ ਹੈ, ਪਰ ਮੁਸ਼ਕਲ ਇਹ ਬਣ ਆਈ ਹੈ ਕਿ ਤੋਪ ਦਾ ਇੱਕ ਪਹੀਆ ਟੁੱਟਿਆ ਹੋਇਆ ਹੈ, ਉਸ ਵਾਸਤੇ ਤੋਪ ਨੂੰ ਚਲਾਉਣ ਲਈ ਸਹਾਰੇ ਦੀ ਲੋੜ ਹੈ । ਐਸੀ ਘੜੀ ਜਦ ਸਿੱਖਾਂ ਦੇ ਸਾਹਮਣੇ ਆਈ ਤਾਂ ‘ਗੁਰਮੁਖ ਬੈਸਹੁ ਸਫਾ ਵਿਛਾਇ’ ਦੇ ਮਹਾਂਵਾਕ ਅਨੁਸਾਰ ਮਿਲ ਬੈਠ ਕੇ ਵਿਚਾਰ ਕੀਤੀ ਗਈ ਤਾਂ ਇਹ ਸਿੱਟਾ ਕੱਢਿਆ ਕਿ ਜੇਕਰ ਇੱਕ ਗੁਰ ਭਾਈ ਉਸ ਤੋਪ ਦਾ ਅਸਾਰਾ (ਓਟ) ਬਣ ਜਾਵੇ ਤਾਂ ਤੋਪ ਚੱਲ ਸਕਦੀ ਹੈ ਤਾਂ ਝੱਟ ਦਸਮੇਸ਼ ਪਿਤਾ ਦੇ ਇੱਕ ਦਲੇਰ ਗੁਰਸਿੱਖ ਭਾਈ ਨੇ ਜਿਹੜਾ ਨਿੱਜੀ ਲੋੜਾਂ ਤੋਂ ਵਧੀਕ ਕੌਮੀ ਲੋੜਾਂ ਨੂੰ ਮੰਨਦਾ ਸੀ ਨੇ ਆਪਣੇ ਆਪ ਨੂੰ ਤੋਪ ਦੀ ਓਟ ਬਣਨ ਲਈ ਪੇਸ਼ ਕਰ ਦਿੱਤਾ।
ਜਦ ਉਹ ਤੋਪ ਦਾ ਸਹਾਰਾ ਬਣਿਆ ਤਾਂ ਤੋਪ ਵਿੱਚੋਂ ਚੱਲੇ ਗੋਲੇ ਨੇ ਦੁਸ਼ਮਣਾਂ ਦੀਆਂ ਸਫਾਂ ਵਿਛਾ ਦਿੱੱਤੀਆਂ, ਅਤੇ ਤੋਪ ਹੇਠ ਬੈਠਾ ਗੁਰਸਿੱਖ ਗੁਰੂ ਜੀ ਦੀ ਗੋਦ ਵਿੱਚ ਸਦਾ ਲਈ ਜਾ ਬੈਠਾ । ਸਿੱਖਾਂ ਨੇ ਦੇਖਿਆ ਕਿ ਤੋਪ ਚੱਲਣ ਨਾਲ ਦੁਸ਼ਮਣ ਦਾ ਨੁਕਸਾਨ ਤਾਂ ਹੋਇਆ ਪਰ ਸਾਡਾ ਇੱਕ ਸਿੰਘ ਸ਼ਹੀਦ ਹੋ ਗਿਆ । ਜ਼ਿੰਦਾ ਦਿਲ ਕੌਮਾਂ ਅੰਦਰ ਆਪਣੇ ਜਿਊਣ ਤੋਂ ਵਧੇਰੇ ਕੌਮੀ ਪਿਆਰ ਹੋਇਆ ਕਰਦਾ ਹੈ । ਇੰਨੇ ਨੂੰ ਇੱਕ ਹੋਰ ਸਿੰਘ ਨਿੱਤਰਿਆ, ‘ਸਿਰ ਧਰ ਤਲੀ ਗਲੀ ਮੋਰੀ ਆਉ’ ਗੁਣਗੁਣਾਉਂਦਾ ਹੋਇਆ ਤੋਪ ਦਾ ਸਹਾਰਾ ਬਣਿਆ ਅਤੇ ਪਹਿਲੇ ਵੀਰ ਦੀ ਤਰ੍ਹਾਂ ਸ਼ਹੀਦ ਹੋ ਗਿਆ, ਇਸ ਤਰ੍ਹਾਂ ਅੱਠ ਵਾਰ ਤੋਪ ਚਲਾਈ ਗਈ ਤੇ ਅੱਠ ਸਿੰਘ ਕੌਮ ਦੀ ਚੜ੍ਹਦੀ ਕਲਾ ਲਈ ਸ਼ਹੀਦ ਹੋਏ। ਨਤੀਜਾ ਇਹ ਨਿਕਲਿਆ ਕਿ ਦੁਸ਼ਮਣਾਂ ਨੇ ਹਾਰ ਖਾਧੀ ਤੇ ਸਿੰਘਾਂ ਨੇ ਮੈਦਾਨ ਫਤਿਹ ਕੀਤਾ, ਇਹੋ ਜਿਹੇ ਹੋਰ ਬਹੁਤ ਸਾਰੇ ਵਾਕਿਆਤ ਸਿੱਖ ਇਤਿਹਾਸ ਵਿੱਚੋਂ ਮਿਲਦੇ ਹਨ ।
ਅੱਜ ਭਾਰੀ ਲੋੜ ਹੈ ਕਿ ਨਿੱਜ ਪ੍ਰਸਤੀ ਤਿਆਗ ਕੇ, ਇੱਕ ਦੂਜੇ ਦੇ ਨਾਲ ਮੌਢੇ ਨਾਲ ਮੌਢਾ ਜੋੜ ਕੇ, ਇੱਕ ਦੂਜੇ ਦੇ ਔਗੁਣਾ ਨੂੰ ਅਣਦੇਖਿਆ ਕਰਕੇ, ਉਸਦੀ ਕੌਮ ਪ੍ਰਤੀ ਕੀਤੀ ਜਾ ਰਹੀ ਘਾਲਣਾ ਨੂੰ ਸਹਾਮਣੇ ਰੱਖ ਉਸਦੀ ਸਦਵਰਤੋਂ ਕਰਦਿਆਂ, ‘ਸਾਂਝ ਕਰੀਜੇ ਗੁਣਾ ਕੇਰੀ’ ਨੂੰ ਅਪਣਾ ਕੇ ਕੌਮ ਨੂੰ ਚੜ੍ਹਦੀ ਕਲਾ ਵਿੱਚ ਲਿਜਾਇਆ ਜਾਵੇ। ਆਪਸੀ ਮੱਤਭੇਦ ਅਤੇ ਕੌਮੀ ਮਸਲਿਆਂ ਨੂੰ ਆਮ ਸਿੱਖ ਸੰਗਤ ਤੱਕ ਲਿਜਾਉਣ ਦੀ ਥਾਂ ਆਪਸ ਵਿੱਚ ਵਿਚਾਰ ਵਟਾਂਦਰਾ ਕਰੇ ਹੱਲ ਕੱਢਣ ਦੇ ਯਤਨ ਕੀਤੇ ਜਾਣ ਤਾਂ ਕੇ ਸੱਚਮੁੱਚ ਕੌਮੀ ਨਿਸ਼ਾਨੇ ਫਤਿਹ ਕਰਨ ਵਿੱਚ ਕਾਮਯਾਬੀ ਹਾਸਲ ਹੋ ਸਕੇ ।

ਲੇਖਕ : ਸ. ਇਕਵਾਕ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 15
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1458
ਲੇਖਕ ਬਾਰੇ
ਸ. ਇਕਵਾਕ ਸਿੰਘ ਪੱਟੀ ਬਤੌਰ ਇੱਕ ਲੇਖਕ, ਪ੍ਰਚਾਰਕ, ਤਬਲਾਵਾਦਕ ਅਤੇ ਬੁਲਾਰੇ ਵੱਜੋਂ ਜਾਣੇ ਜਾਂਦੇ ਹਨ । ਆਪ ਦੀਆਂ ਕਈ ਲਿਖਤਾਂ ਜਿਵੇਂ ਸਾਮਜਿਕ, ਧਾਰਮਿਕ ਚਿੰਤਨ ਦੇ ਵਿਸ਼ਿਆਂ ਤੇ ਲੇਖ, ਕਹਾਣੀਆਂ ਜਾਂ ਕਵਿਤਾਵਾਂ ਅਕਸਰ ਹੀ ਦੇਸ਼-ਵਿਦੇਸ਼ ਦੀਆਂ ਅਖਬਾਰਾਂ, ਰਸਾਲਿਆਂ ਅਤੇ ਵੈੱਬ-ਸਾਈਟ ਤੇ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ